ਕਰਤਾਰ(ਪੁਰ) ਦੀ ਬਾਣੀ-ਜਪੁਜੀ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਜਨਮ-ਸਾਖੀਆਂ ਅਨੁਸਾਰ ਉਦਾਸੀਆਂ ਉਪਰੰਤ ਗੁਰੂ ਨਾਨਕ ਇਕ ਦਿਨ ਰਾਵੀ ਦੇ ਪੱਛਮੀ ਪਾਸੇ ਚਲਦੇ ਕਿਤੇ ਜਾ ਰਹੇ ਸਨ। ਰਾਹ ਵਿਚ ਦਰਿਆ ਦੇ ਨਾਲ ਉਨ੍ਹਾਂ ਨੂੰ ਇਕ ਥਾਂ ਪਸੰਦ ਆਈ। ਉਹ ਉਥੇ ਬੈਠ ਗਏ ਤੇ ਉਨ੍ਹਾਂ ਉਥੇ ਪੱਕੇ ਤੌਰ ‘ਤੇ ਟਿਕਣ ਦਾ ਮਨ ਬਣਾ ਲਿਆ। ਚੁਫੇਰੇ ਖਬਰ ਫੈਲ ਗਈ ਕਿ ਕੋਈ ਨਾਨਕ ਬੇਦੀ ਜਾਂ ਨਾਨਕ ਤਪਾ ‘ਉਥੈ ਆਇ ਟਿਕਿਆ ਹੈ’, ਜੋ ਸੱਚੀ ਬਾਣੀ ਬੋਲਦਾ ਹੈ ਤੇ ਸੁੱਖ ਵੰਡਦਾ ਹੈ। ਇਹ ਸੁਣ ਕੇ ਲਾਗਲੇ ਪਿੰਡਾਂ ਦੇ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਲੱਗ ਪਏ ਤੇ ਉਨ੍ਹਾਂ ਲਈ ਭੋਜਨ ਪ੍ਰਸਾਦਾ ਪਹੁੰਚਾਉਣ ਲੱਗ ਪਏ। ਉਨ੍ਹਾਂ ਨੇ ਗੁਰੂ ਸਾਹਿਬ ਲਈ ਸਰਕੜਿਆਂ ਦੀ ਇਕ ਕੱਚੀ ਕੁਟੀਆ ਵੀ ਪਾ ਦਿੱਤੀ। ਉਨ੍ਹਾਂ ਦੇ ਉਥੇ ਠਹਿਰਣ ਦੀ ਚਰਚਾ ਲਾਹੌਰ ਸ਼ਹਿਰ ਤੀਕ ਪਹੁੰਚ ਗਈ, ਜਿਥੋਂ ਦੇ ਕ੍ਰੋੜੀਏ ਦੁਨੀ ਚੰਦ ਨੇ ਉਥੇ ਉਨ੍ਹਾਂ ਦੀ ਪੱਕੀ ਰਿਹਾਇਸ਼ ਬਣਵਾ ਦਿੱਤੀ ਤੇ ਨਾਲ ਇਕ ਗੋਸ਼ਟੀ ਹਾਲ ਵੀ ਉਸਰਵਾ ਦਿੱਤਾ। ਇਸ ਪਿਛੋਂ ਇਲਾਕੇ ਦਾ ਸਿੱਕਦਾਰ ਉਨ੍ਹਾਂ ਨੂੰ ਮਿਲਣ ਆਇਆ ਤੇ ਖੁਸ਼ ਹੋ ਕੇ ਉਸ ਜ਼ਮੀਨ ਦਾ ਪਟਾ ਉਨ੍ਹਾਂ ਦੇ ਨਾਂ ਲਿਖ ਗਿਆ। ਇਸ ਤਰ੍ਹਾਂ ਕਰਤਾਰਪੁਰ ਦਾ ਮੁੱਢ ਬੰਨਿਆ ਗਿਆ, ਜਿਥੇ ਗੁਰੂ ਸਾਹਿਬ ਨੇ ਆਪਣੀ ਉਮਰ ਦੇ ਆਖਰੀ 15-18 ਸਾਲ ਨਿਵਾਸ ਕੀਤਾ।

ਗੁਰੂ ਸਾਹਿਬ ਦੀ ਪ੍ਰਤਿਭਾ ਕਾਰਨ ਕਰਤਾਰਪੁਰ ਬੌਧਿਕ ਤੇ ਭਾਈਚਾਰਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਸ਼ਰਧਾਲੂ ਹੇੜਾਂ ਲਾ ਲਾ ਕੇ ਇੱਥੇ ਆਉਣ ਲੱਗੇ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸੁਣਨ ਲੱਗੇ। ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਆਗੂ ਗੱਲਬਾਤ ਕਰਨ ਲਈ ਉਨ੍ਹਾਂ ਕੋਲ ਆਇਆ ਰਹਿੰਦਾ। ਭਾਈ ਲਹਿਣਾ (ਗੁਰੂ ਅੰਗਦ) ਵੀ ਸਾਥੀਆਂ ਨਾਲ ਜਵਾਲਾ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਇੱਥੇ ਹੀ ਗੁਰੂ ਸਾਹਿਬ ਨੂੰ ਮਿਲੇ ਤੇ ਇੱਥੋਂ ਦੇ ਹੀ ਬਣ ਕੇ ਰਹਿ ਗਏ। ਗਿਆਨ ਗੋਸ਼ਟੀਆਂ ਤੇ ਗੁਰਬਾਣੀ ਦੀ ਸਿਖਿਆ ਦੇ ਨਾਲ ਗੁਰੂ ਸਾਹਿਬ ਆਪਣੇ ਖੇਤ ਵਿਚ ਹੱਥੀਂ ਹਲ ਵਾਹ ਕੇ ਖੇਤੀ ਕਰਦੇ। ਉਨ੍ਹਾਂ ਦੇ ਸਿੱਖ ਉਨ੍ਹਾਂ ਨਾਲ ਕੰਮ ਕਰਦੇ ਤੇ ਜੋ ਪੈਦਾ ਹੁੰਦਾ, ਉਸ ਨਾਲ ਮੁਫਤ ਲੰਗਰ ਪ੍ਰਸਾਦਾ ਚਲਾਉਂਦੇ। ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਉਨ੍ਹਾਂ ਨੇ ਇਥੇ ਹੀ ਦਿੱਤੀ ਸੀ।
ਸਾਰੀਆਂ ਜਨਮ ਸਾਖੀਆਂ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦੇ ਸਥਾਨਕ ਸਿੱਖ ਬਹੁਤ ਸਿੱਧੇ ਸਾਦੇ ਸਨ। ਜਿੱਥੇ ਗੁਰੂ ਸਾਹਿਬ ਨੂੰ ਆਲਮੀ ਪੱਧਰ ਦਾ ਗਿਆਨ ਤੇ ਅਨੁਭਵ ਸੀ, ਉਥੇ ਸਿੱਖ ਇਸ ਪੱਖੋਂ ਕੋਰੇ ਸਨ। ਉਹ ਤਾਂ ਬੱਸ ਗੁਰੂ ਸਾਹਿਬ ਨੂੰ ਇਕ ਅਜਿਹਾ ਚਮਤਕਾਰੀ ਪੁਰਸ਼ ਮੰਨਦੇ ਸਨ, ਜਿਸ ਦੇ ਦਰਸ਼ਨ ਕਰਕੇ ਤੇ ਬਾਣੀ ਸੁਣ ਕੇ ਉਨ੍ਹਾਂ ਦੇ ਸਭ ਕਸ਼ਟ ਦੂਰ ਹੋ ਜਾਣਗੇ। ਲਗਦਾ ਹੈ ਕਿ ਗੁਰੂ ਸਾਹਿਬ ਇਨ੍ਹਾਂ ਸ਼ਰਧਾਵਾਨ ਲੋਕਾਂ ਨੂੰ ਆਪਣੇ ਬਾਰੇ ਅਜਿਹੇ ਭਰਮ ਪਾਲਣ ਅਤੇ ਅਗਿਆਨ-ਵਸ ਕੂੜ-ਕਰਮ ਕਮਾਉਣ ਦੀ ਥਾਂ ਸੱਚ ਦੇ ਸਿੱਧੇ ਰਸਤੇ ਪਾਉਣਾ ਚਾਹੁੰਦੇ ਸਨ ਤਾਂ ਜੋ ਉਹ ਆਪਣਾ ਧਿਆਨ ਸੱਚੇ ਕਰਤਾਰ ਦੀ ਪ੍ਰਸ਼ੰਸਾ ਵਲ ਪਲਟਾਉਣ। ਉਹ ਉਨ੍ਹਾਂ ਨੂੰ ਸਿੱਖੀ ਦੇ ਰਾਹ ਪਾ ਭਾਵ ਵਿਗਿਆਨਕ ਲੀਹਾਂ ‘ਤੇ ਤੋਰ ਕੇ ਸ੍ਰਿਸ਼ਟੀ ਦੇ ਭੇਦ ਸਮਝਣ ਤੇ ਇਸ ਦੇ ਅਟੱਲ ਹੁਕਮਾਂ ਦਾ ਭਾਣਾ ਮੰਨਣ ਦੇ ਕਾਬਲ ਬਣਾਉਣਾ ਚਾਹੁੰਦੇ ਸਨ। ਸ਼ਾਇਦ ਇਨ੍ਹਾਂ ਉਦੇਸ਼ਾਂ ਨੂੰ ਮੁੱਖ ਰੱਖ ਕੇ ਹੀ ਉਨ੍ਹਾਂ ਨੇ ਸਿਰਫ ਕਰਤਾਰ ਦੀ ਖੋਜ ਨਾਲ ਸਬੰਧਤ ਇਕ ਸੰਖੇਪ ਤੇ ਸਰਲ ਜਿਹੀ ਸਿਧਾਂਤਕ ਬਾਣੀ ਬਣਾਉਣ ਦੀ ਠਾਣੀ, ਜੋ ਦਰਸ਼ਨ ਅਭਿਲਾਸ਼ੀਆਂ ਨੂੰ ਉਨ੍ਹਾਂ ਦੀ ਸਿੱਖਿਆ ਦਾ ਨਿਚੋੜ ਦੱਸੇ ਤੇ ਸ਼ਰਧਾਲੂ ਸਿੱਖਾਂ ਦੀ ਅਗਵਾਈ ਕਰੇ।
ਵੱਖ ਵੱਖ ਜਨਮ-ਸਾਖੀਆਂ ਵਿਚ ਇਸ ਗੱਲ ਦਾ ਬਿਰਤਾਂਤ ਵੱਖ ਵੱਖ ਹੈ, ਪਰ ਸਾਰ ਇਕ ਹੀ ਹੈ। ਸਭ ਅਨੁਸਾਰ ਇਕ ਦਿਨ ਅਚਾਨਕ ਗੁਰੂ ਸਾਹਿਬ ਨੇ ਲਹਿਣੇ ਸਿੱਖ ਨੂੰ ਸੰਬੋਧਨ ਕਰਦਿਆਂ ਕਿਹਾ, ‘ਪੁਰਖਾ ਕਰਤਾਰ ਦੀ ਪ੍ਰਸ਼ੰਸਾ ਕਰਨ ਦਾ ਹੁਕਮ ਹੋਇਆ ਹੈ, ਜਾਹ ਮੇਰੀਆਂ ਸਭ ਪੋਥੀਆਂ ਲੈ ਆ।’ ਲਹਿਣਾ ਗੁਰੂ ਸਾਹਿਬ ਦੀਆਂ ਲਿਖੀਆਂ ਸਭ ਕਾਪੀਆਂ ਲੈ ਆਇਆ। ਫਿਰ ਗੁਰੂ ਸਾਹਿਬ ਨੇ ਉਸ ਨੂੰ ਫੁਰਮਾਇਆ ਕਿ ਉਹ ਇਨ੍ਹਾਂ ਨੂੰ ਵਾਰੀ ਵਾਰੀ ਪੜ੍ਹ ਕੇ ਸੁਣਾਵੇ। ਹਰੇਕ ਬਾਣੀ ਸੁਣ ਕੇ ਗੁਰੂ ਸਾਹਿਬ ਕਹਿੰਦੇ, “ਸਾਬਾਸ, ਇਸ ਕੁ ਇਥਾਊਂ ਰਖ” ਤੇ ਕਿਸੇ ਦੂਜੀ ਬਾਰੇ ਕਹਿੰਦੇ, “ਇਸ ਕੁ ਉਥਾਉਂ ਰਖ।” ਉਨ੍ਹਾਂ ਨੂੰ ਯਕੀਨ ਹੋ ਰਿਹਾ ਸੀ ਕਿ ਭਾਈ ਲਹਿਣਾ ਬਹੁਤ ਨਿਪੁੰਨਤਾ ਨਾਲ ਕੰਮ ਕਰ ਰਿਹਾ ਸੀ। ਉਹ ਨਾਲ ਨਾਲ ਉਸ ਦੇ ਕੰਮ ਦੀ ਤਾਰੀਫ ਵੀ ਕਰ ਰਹੇ ਸਨ।
ਗੁਰੂ ਸਾਹਿਬ ਨੇ ਲਹਿਣੇ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਦੱਸੇ ਅਨੁਸਾਰ ਬਹੁਤ ਵਧੀਆ ਕੰਮ ਕਰ ਲੈਂਦਾ ਹੈ। ਫਿਰ ਉਨ੍ਹਾਂ ਨੇ ਇਕ ਕਾਗਜ਼ ਲਿਆ ਤੇ ਇਸ ‘ਤੇ ਆਪਣੇ ਹੱਥ ਨਾਲ ੴ ਲਿਖਿਆ। ਇਸ ਤੋਂ ਅੱਗੇ ਉਨ੍ਹਾਂ ਨੇ ‘ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’ ਲਿਖਿਆ। ਇਸ ਤੋਂ ਹੇਠਾਂ ‘ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਲਿਖ ਕੇ ਉਨ੍ਹਾਂ ਨੇ ਕਾਗਜ਼ ਲਹਿਣੇ ਸਿੱਖ ਨੂੰ ਦਿੰਦਿਆਂ ਕਿਹਾ ਕਿ ਇਹ ਕਰਤਾਰ ਦੀ ਬਾਣੀ ਦਾ ਮੁਖੜਾ ਹੈ। ਉਨ੍ਹਾਂ ਨੇ ਉਸ ਨੂੰ ਹੁਕਮ ਕੀਤਾ ਕਿ ਉਹ ਚੁਣੀ ਹੋਈ ਬਾਣੀ ਵਿਚੋਂ ਇਸ ਨਾਲ ਮੇਲ ਖਾਂਦੀਆਂ ਸਾਰੀਆਂ ਤੁਕਾਂ ਛਾਂਟੇ ਤੇ ਫਿਰ ਉਨ੍ਹਾਂ ਨੂੰ ਮਹੱਤਵ ਅਨੁਸਾਰ ਪਉੜੀ-ਬੱਧ ਕਰੇ। ਗੁਰੂ ਜੀ ਨੇ ਇਹ ਵੀ ਚਾਹਿਆ ਕਿ ਉਹ ਹਰ ਰੋਜ਼ ਇਕ ਪਉੜੀ ਤਿਆਰ ਕਰਕੇ ਉਨ੍ਹਾਂ ਨੂੰ ਪੜ੍ਹ ਕੇ ਸੁਣਾਵੇ ਤੇ ਆਪਣਾ ਕੰਮ ਉਨ੍ਹਾਂ ਤੋਂ ਪ੍ਰਵਾਨ ਕਰਵਾਵੇ। ਇਸ ਤਰ੍ਹਾਂ ਲਹਿਣੇ ਸਿੱਖ ਨੇ 38 ਪੌੜੀਆਂ ਤਿਆਰ ਕੀਤੀਆਂ ਤੇ ਗੁਰੂ ਸਾਹਿਬ ਨੂੰ ਪੜ੍ਹ ਕੇ ਸੁਣਾਈਆਂ।
ਡਾ. ਕਿਰਪਾਲ ਸਿੰਘ ਅਨੁਸਾਰ ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ। ਤਦ ਗੁਰੂ ਸਾਹਿਬ ਨੇ ਲਹਿਣੇ ਨੂੰ ਸਾਬਾਸ਼ ਦੇ ਕੇ ਉਸ ਦਾ ਕੰਮ ਸਹੀ ਠਹਿਰਾਇਆ। ਇਸ ਉਪਰੰਤ ਉਨ੍ਹਾਂ ਨੇ ਇਸ ਬਾਣੀ ਪਿੱਛੇ ‘ਪਵਣੁ ਗੁਰੂ ਪਾਣੀ ਪਿਤਾ…’ ਵਾਲਾ ਸ਼ਲੋਕ ਜੋੜ ਕੇ ਇਸ ਦਾ ਨਾਂ ‘ਜਪੁ’ ਰੱਖਿਆ ਤੇ ਸਭ ਸਿੱਖਾਂ ਨੂੰ ਇਸ ਨੂੰ ਧਿਆਨ ਨਾਲ ਵਿਚਾਰਨ ਦੀ ਤਾਕੀਦ ਕੀਤੀ।
ਪਰ ਕਿਸੇ ਜਨਮਸਾਖੀ ਨੇ ਇਹ ਨਹੀਂ ਦੱਸਿਆ ਹੈ ਕਿ ਗੁਰੂ ਸਾਹਿਬ ਨੇ ਇਹ ਮਹਾਨ ਕੰਮ ਆਪ ਕਰਨ ਦੀ ਥਾਂ ਲਹਿਣੇ ਸਿੱਖ ਤੋਂ ਕਿਉਂ ਕਰਵਾਇਆ? ਨਾ ਹੀ ਕਿਸੇ ਸਿੱਖ ਵਿਦਵਾਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਹੈ ਕਿ ਆਪਣੇ ਜੀਵਨ ਦੇ ਆਖਰੀ 15-18 ਸਾਲਾਂ ਵਿਚ ਉਨ੍ਹਾਂ ਨੇ ਨਵੀਂ ਬਾਣੀ ਕਿਉਂ ਨਹੀਂ ਰਚੀ; ਪਰ ਜਾਪਦਾ ਹੈ ਕਿ ਗੁਰੂ ਸਾਹਿਬ ਇਹ ਕੰਮ ਆਪਣੇ ਸ਼ਰਧਾਲੂ ਲਹਿਣੇ ਤੋਂ ਹੀ ਕਰਵਾਉਣਾ ਚਾਹੁੰਦੇ ਸਨ ਤੇ ਇਸ ਕਾਰਜ ਲਈ ਉਹ ਉਸ ਦੀ ਕਾਬਲੀਅਤ ਪਰਖ ਰਹੇ ਸਨ। ਸ਼ਾਇਦ ਉਹ ਉਸ ਨੂੰ ਗੁਰਬਾਣੀ ਵਿਸ਼ਲੇਸ਼ਣ ਦੀ ਸਿਖਲਾਈ ਦੇ ਰਹੇ ਸਨ। ਜੋ ਵੀ ਹੋਵੇ ਲਹਿਣੇ ਨੇ ਗੁਰੂ ਜੀ ਦੀ ਬਾਣੀ ਵਿਚੋਂ ਕੁਲ 41 ਬਾਣੀ-ਅੰਸ਼ ਘੜ-ਜੋੜ ਕੇ ਜਪੁਜੀ ਸਾਹਿਬ ਦਾ ਖਰੜਾ ਤਿਆਰ ਕੀਤਾ ਤੇ ਇਸ ਨੂੰ ਗੁਰੂ ਸਾਹਿਬ ਤੋਂ ਤਸਦੀਕ ਕਰਵਾਇਆ। ਇਸ ਰਚਨਾ ਵਿਚ 38 ਪੌੜੀਆਂ ਹਨ, ਜਿਨ੍ਹਾਂ ਦੇ ਅੱਗੇ-ਪਿੱਛੇ ਇਕ ਇਕ ਸਲੋਕ ਹੈ। ਇਸ ਦੇ ਅਰੰਭ ਵਿਚ ਗੁਰੂ ਸਾਹਿਬ ਦਾ ਲਿਖਿਆ ਮੂਲਮੰਤਰ ਹੈ, ਜੋ ੴ ਦੇ ਚਿੰਨ-ਸੰਗ੍ਰਿਹ ਨਾਲ ਸ਼ੁਰੂ ਹੁੰਦਾ ਹੈ। ਮੂਲਮੰਤਰ ਵਿਚ ੴ ਤੋਂ ਬਿਨਾ 12 ਹੋਰ ਸ਼ਬਦ ਹਨ, ਜੋ ਸਾਰੇ ਵਿਸ਼ੇਸ਼ਣ ਜਾਂ ਕ੍ਰਿਆ ਵਿਸ਼ੇਸ਼ਣ ਹਨ। ਮੂਲਮੰਤਰ ਅਤੇ ਪਹਿਲੇ ਸਲੋਕ ਦੇ ਵਿਚਕਾਰ ਇਕ ਇੱਕਲਾ ਸ਼ਬਦ ॥ਜਪੁ॥ ਲਿਖਿਆ ਹੋਇਆ ਹੈ, ਜੋ ਸ਼ਾਇਦ ਮੂਲਮੰਤਰ ਪਿਛੋਂ ਆਉਣ ਵਾਲੀ ਬਾਣੀ ਦਾ ਸਿਰਲੇਖ ਹੈ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਾਵੇਂ ਮੂਲਮੰਤਰ ਤਕਨੀਕੀ ਤੌਰ ‘ਤੇ ਜਪੁਜੀ ਸਾਹਿਬ ਦਾ ਹਿੱਸਾ ਹੈ, ਪਰ ਇਸ ਦੀ ਆਪਣੀ ਇਕ ਵੱਖਰੀ ਤੇ ਉਚੀ ਮਹੱਤਤਾ ਹੈ। ਸ਼ਾਇਦ ਇਸੇ ਕਰਕੇ ਮੂਲਮੰਤਰ ਦਾ ਕੋਈ ਕਰਮਆਂਕ ਨਹੀਂ ਹੈ, ਜਦੋਂ ਕਿ ਸਭ ਪੌੜੀਆਂ ਤੇ ਦੋਵੇਂ ਸਲੋਕਾਂ ਦੇ ਕਰਮ ਅਨੁਸਾਰ ਆਪਣੇ ਆਪਣੇ ਨੰਬਰ ਹਨ। ਜਪੁਜੀ ਦੀ ਇਹ ਸੰਖੇਪ ਬਾਣੀ ਆਦਿ ਗ੍ਰੰਥ ਦੇ ਪਹਿਲੇ ਸਾਢੇ ਸੱਤ ਪੰਨਿਆਂ ਵਿਚ ਦਰਜ ਹੈ।
ਜਪੁਜੀ ਦੀ ਬਾਣੀ ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਈਆਂ ਹਨ, ਜੋ ਗੁਰੂ ਸਾਹਿਬ ਦੀਆਂ ਦੂਜੀਆਂ ਬਾਣੀਆਂ ਤੋਂ ਭਿੰਨ ਹਨ। ਪਹਿਲੀ ਇਹ ਕਿ ਇਸ ਬਾਣੀ ਦੇ ਸਾਰੇ 41 ਅੰਸ਼, ਭਾਵ ਇਕ ਮੂਲਮੰਤਰ, ਦੋ ਸਲੋਕ ਤੇ 38 ਪੌੜੀਆਂ, ਇਕੋ ਜਿਹੀ ਲੰਬਾਈ ਦੇ ਨਹੀਂ ਹਨ। ਸਭ ਬਾਣੀ-ਅੰਸ਼ਾਂ ਦੀ ਲੰਬਾਈ ਭਿੰਨ ਭਿੰਨ ਹੈ। ਇਨ੍ਹਾਂ ਵਿਚੋਂ ਇਕ ਅੰਸ਼ ਤਾਂ 26 ਤੋਂ ਵਧ ਲਾਈਨਾਂ ਦਾ ਹੈ, ਜਦੋਂ ਕਿ 8 ਅੰਸ਼ 5 ਤੋਂ ਵੀ ਘਟ ਲਾਈਨਾਂ ਦੇ ਹਨ। ਇਸ ਤੋਂ ਇਲਾਵਾ 6 ਅੰਸ਼ 16 ਤੋਂ 25 ਲਾਈਨਾਂ ਦੇ ਅਤੇ 26 ਅੰਸ਼ 6 ਤੋਂ 15 ਲਾਈਨਾਂ ਦੇ ਹਨ। ਬਾਕੀ ਦੇ 4 ਅੰਸ਼ਾਂ ਵਿਚ 16 ਤੋਂ 20 ਲਾਈਨਾਂ ਹਨ। ਇਹ ਵੱਡੇ ਜਾਂ ਛੋਟੇ ਆਕਾਰ ਦੇ ਅੰਸ਼ ਜਪੁਜੀ ਦੇ ਕਿਸੇ ਇਕ ਵਿਸ਼ੇਸ਼ ਹਿੱਸੇ ਵਿਚ ਇੱਕਠੇ ਨਹੀਂ ਹਨ, ਸਗੋਂ ਸਾਰੀ ਰਚਨਾ ਵਿਚ ਬਿਖਰੇ ਮਿਲਦੇ ਹਨ।
ਇਸ ਦੀ ਦੂਜੀ ਵਿਸ਼ੇਸ਼ਤਾਈ ਇਹ ਹੈ ਕਿ ਇਸ ਦੇ ਅੰਸ਼ਾਂ ਦੀਆਂ ਪੰਕਤੀਆਂ ਦੀ ਗਿਣਤੀ ਪਰੰਪਰਾਗਤ ਢੰਗ ਅਨੁਸਾਰ ਨਹੀਂ ਹੈ। ਪਰੰਪਰਾਗਤ ਕਾਵਿ ਰਚਨਾ ਦੋਹਿਆਂ (2 ਲਾਈਨਾਂ), ਚੌਪਈਆਂ (4 ਲਾਈਨਾਂ), ਛੰਤਾਂ (6 ਲਾਈਨਾਂ) ਤੇ ਅਸਟਪਦੀਆਂ (8 ਲਾਈਨਾਂ) ਵਿਚ ਮਿਲਦੀ ਹੈ। ਇਨ੍ਹਾਂ ਦੀਆਂ ਕੁਲ ਪੰਕਤੀਆਂ ਦੀ ਗਿਣਤੀ ਜਿਸਤ (eਵeਨ) ਹੁੰਦੀ ਹੈ, ਜੋ 2 ਨਾਲ ਵੰਡੀ ਜਾ ਸਕਦੀ ਹੈ। ਸਾਰੀ ਬਾਣੀ ਇਨ੍ਹਾਂ ਪ੍ਰਬੰਧਾਂ ਵਿਚ ਹੀ ਰਚੀ ਹੋਈ ਹੈ, ਜੋ ਰਾਗਾਂ ਅਨੁਸਾਰ ਗਾਉਣ ਲਈ ਵੀ ਢੁਕਵੀਂ ਹੈ। ਪਰ ਜਪੁਜੀ ਸਾਹਿਬ ਦੇ 41 ਵਿਚੋਂ 12 ਕਾਵਿ ਅੰਸ਼ਾਂ ਦੀਆਂ ਪੰਕਤੀਆਂ ਟਾਂਕ (ੋਦਦ) ਨੰਬਰਾਂ ਦੀਆਂ ਹਨ। ਇਸ ਦੇ 5 ਅੰਸ਼ਾਂ ਵਿਚ 5-5 ਪੰਕਤੀਆਂ, 3 ਵਿਚ 7-7 ਤੇ 2 ਵਿਚ 11-11 ਪੰਕਤੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ 2 ਅੰਸ਼ ਕ੍ਰਮਵਾਰ 15 ਤੇ 17 ਪੰਕਤੀਆਂ ਦੇ ਹਨ। ਟਾਂਕ ਗਿਣਤੀ ਦੀਆਂ ਇਹ ਪਉੜੀਆਂ ਵੀ ਸਮੂਹਕ ਤੌਰ ‘ਤੇ ਕਿਸੇ ਇਕੋ ਭਾਗ ਵਿਚ ਇੱਕਠੀਆਂ ਦਰਜ ਨਹੀਂ, ਸਗੋਂ ਸਾਰੇ ਜਪੁਜੀ ਵਿਚ ਬਿਖਰੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਕਿ ਇਨ੍ਹਾਂ ਪਉੜੀਆਂ ਵਿਚ ਪੰਕਤੀ ਜੋੜ ਜਿਸਤ ਨਾ ਹੋਣ ‘ਤੇ ਵੀ ਇਨ੍ਹਾਂ ਦੇ ਪੜ੍ਹਨ ਜਾਂ ਉਚਾਰਨ ਵਿਚ ਕੋਈ ਔਕੜ ਨਹੀਂ ਆਉਂਦੀ। ਸਗੋਂ ਸਮੁੱਚੇ ਜਪੁਜੀ ਦੇ ਪਾਠ ਦੀ ਰਵਾਨਗੀ ਇੰਨੀ ਮੁਲਾਇਮ ਹੈ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਇਸ ਦੀਆਂ ਪਉੜੀਆਂ ਵਿਚ ਪੰਕਤੀਆਂ ਦੀ ਗਿਣਤੀ ਘੱਟ ਵੱਧ ਹੈ।
ਇਸ ਦੀ ਤੀਜੀ ਧਿਆਨ ਖਿੱਚਣ ਵਾਲੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਕੋਈ ਕਾਵਿ ਮੀਟਰ ਨਹੀਂ ਹੈ। ਇਸ ਦਾ ਭਾਵ ਇਹ ਹੈ ਕਿ ਇਸ ਦੇ ਸਭ ਅੰਸ਼ਾਂ ਜਾਂ ਪਉੜੀਆਂ ਦੀਆਂ ਪੰਕਤੀਆਂ ਦੀ ਲੰਬਾਈ ਇਕੋ ਜਿਹੀ ਨਹੀਂ ਹੈ। ਸਾਰੀਆਂ ਕਾਵਿ ਰਚਨਾਵਾਂ ਜਿਨ੍ਹਾਂ ਵਿਚ ਗੁਰੂ ਸਾਹਿਬ ਦੀ ਹੋਰ ਬਾਣੀ ਵੀ ਸ਼ਾਮਲ ਹੈ, ਵਿਚ ਲਾਈਨਾਂ ਦੀ ਲੰਬਾਈ ਇਕੋ ਜਿਹੀ ਤੇ ਤੁਕਾਂਤ ਮੇਲਵੀਆਂ ਧੁਨੀਆਂ ਦੇ ਹੁੰਦੇ ਹਨ। ਇਸ ਕਾਰਨ ਇਨ੍ਹਾਂ ਨੂੰ ਸੁਰ-ਤਾਲ ਵਿਚ ਪੜ੍ਹਿਆ ਜਾਂ ਗਾਇਆ ਜਾ ਸਕਦਾ ਹੈ; ਪਰ ਜਪੁਜੀ ਵਿਚ ਇਹ ਗੱਲ ਉਲਟ ਹੈ। ਇਸ ਦੇ 41 ਵਿਚੋਂ 20 ਕਾਵਿ-ਅੰਸ਼ਾਂ ਵਿਚ ਕੇਵਲ 3 ਤੋਂ 7 ਸ਼ਬਦਾਂ ਦੀਆਂ ਪੰਕਤੀਆਂ ਹਨ, ਜਦੋਂ ਕਿ 11 ਕਾਵਿ-ਅੰਸ਼ਾਂ ਦੀਆਂ ਪੰਕਤੀਆਂ ਵਿਚ ਸ਼ਬਦਾਂ ਦੀ ਗਿਣਤੀ 8 ਤੋਂ 13 ਹੈ। ਬਾਕੀ ਦੇ 10 ਕਾਵਿ-ਅੰਸ਼ 3 ਤੋਂ 11 ਸ਼ਬਦਾਂ ਦੀਆਂ ਰਲੀਆਂ ਮਿਲੀਆਂ ਪੰਕਤੀਆਂ ਤੋਂ ਬਣੇ ਹੋਏ ਹਨ। ਇਕ ਪਉੜੀ ਵਿਚ ਤਾਂ ਇਕ 3 ਸ਼ਬਦਾਂ ਦੀ ਪੰਕਤੀ ਨਾਲ 8 ਸ਼ਬਦਾਂ ਵਾਲੀ ਪੰਕਤੀ ਮੇਲੀ ਗਈ ਹੈ। ਇਹ ਗੱਲ ਕਿਸੇ ਕਾਵਿ ਰਚਨਾ, ਖਾਸ ਕਰਕੇ ਬਾਣੀ ਵਿਚ ਆਸਾਧਾਰਣ ਹੈ। ਪਰ ਜਿਵੇਂ ਉਪਰ ਕਿਹਾ ਗਿਆ ਹੈ, ਇਸ ਦਾ ਵੀ ਬਾਣੀ ਦੇ ਉਚਾਰਣੀ ਤਾਲਮੇਲ ਜਾਂ ਰਵਾਨਗੀ ‘ਤੇ ਕੋਈ ਅਸਰ ਨਹੀਂ ਪੈਂਦਾ। ਸ਼ਾਇਦ ਇਸੇ ਕਰਕੇ ਬਹੁਤੇ ਸਿੱਖ ਵਿਦਵਾਨਾਂ ਦਾ ਕਦੇ ਇਸ ਗੱਲ ਵਲ ਧਿਆਨ ਨਹੀਂ ਗਿਆ। ਉਂਜ ਸਭ ਜਾਣਦੇ ਹਨ ਕਿ ਜਪੁਜੀ ਨੂੰ ਰਾਗਾਂ ਮੁਤਾਬਕ ਨਹੀਂ ਗਾਇਆ ਜਾ ਸਕਦਾ।
ਜਪੁਜੀ ਸਾਹਿਬ ਦੀ ਚੌਥੀ ਅਚੰਭੇ ਵਾਲੀ ਗੱਲ ਇਹ ਹੈ ਕਿ ਜਿੱਥੇ ਗੁਰੂ ਸਾਹਿਬ ਆਪਣੀ ਹਰੇਕ ਬਾਣੀ ਦੇ ਅੰਤ ਵਿਚ ਆਪਣਾ ਨਾਮ ‘ਨਾਨਕ’ ਜਰੂਰ ਲਿਖਦੇ ਹਨ, ਉਥੇ ਇਸ ਬਾਣੀ ਦੇ ਬਹੁਤੇ ਕਾਵਿ-ਅੰਸ਼ਾਂ ਪਿੱਛੇ ‘ਨਾਨਕ’ ਨਾਮ ਦੀ ਮੋਹਰ ਨਹੀਂ ਲੱਗੀ ਹੋਈ। ਜੇ ਮੂਲਮੰਤਰ ਨੂੰ ਇਕ ਮੁਢਲੀ ਇਬਾਰਤ ਸਮਝ ਕੇ ਇਸ ਨਿਯਮ ਤੋਂ ਮੁਕਤ ਵੀ ਮੰਨ ਲਿਆ ਜਾਵੇ ਤਾਂ ਵੀ 38 ਵਿਚੋਂ ਸਿਰਫ 16 ਪੌੜੀਆਂ ਦੇ ਪਿੱਛੇ ਹੀ ‘ਨਾਨਕ’ ਸ਼ਬਦ ਲਿਖਿਆ ਮਿਲਦਾ ਹੈ। ਪਰੰਪਰਾਗਤ ਢੰਗ ਦੇ ਉਲਟ 11 ਪਉੜੀਆਂ ਵਿਚ ਨਾਨਕ ਸ਼ਬਦ ਉਕਾ ਹੀ ਨਹੀਂ ਹੈ। ਬਾਕੀ ਦੀਆਂ 12 ਪਉੜੀਆਂ ਵਿਚ ਇਹ ਸ਼ਨਾਖਤੀ ਸ਼ਬਦ ਆਇਆ ਜਰੂਰ ਹੈ, ਪਰ ਇਨ੍ਹਾਂ ਵਿਚੋਂ ਦਸਾਂ (10) ਦੇ ਮੱਧ ਵਿਚ ਅਤੇ 2 ਦੇ ਮੱਧ ਤੇ ਅੰਤ ਵਿਚ, ਭਾਵ ਦੋ-ਦੋ ਵਾਰੀ ਲਿਖਿਆ ਹੋਇਆ ਹੈ। ਇਹ ਗੱਲ ਭਾਵੇਂ ਤੱਥਾਂ ਅਨੁਸਾਰ ਸਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਪਉੜੀਆਂ ਵਿਚ ‘ਨਾਨਕ’ ਸ਼ਬਦ ਨਹੀਂ ਹੈ, ਉਹ ਗੁਰੂ ਨਾਨਕ ਦੀਆਂ ਲਿਖੀਆਂ ਹੋਈਆਂ ਨਹੀਂ ਹਨ। ਅਜਿਹਾ ਸ਼ੰਕਾ ਕਦੇ ਕਿਸੇ ਨੇ ਉਠਾਇਆ ਨਹੀਂ ਹੈ ਤੇ ਕੋਈ ਉਠਾਇਗਾ ਵੀ ਨਹੀਂ। ਇਸ ਦਾ ਇਕ ਕਾਰਨ ਤਾਂ ਇਹ ਵੀ ਹੈ ਕਿ ਇਹ ਤੱਥ ਕਦੇ ਕਿਸੇ ਵਿਦਵਾਨ ਨੇ ਨੋਟ ਹੀ ਨਹੀਂ ਕੀਤੇ। ਜੇ ਕੀਤੇ ਹੁੰਦੇ ਤਾਂ ਉਹ ਇਸ ਗੱਲ ਦਾ ਜ਼ਿਕਰ ਜਰੂਰ ਕਰਦੇ, ਪਰ ਜੇ ਕੋਈ ਅਜਿਹਾ ਭਰਮ ਪਾਲਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਪਾਲ ਨਹੀਂ ਸਕੇਗਾ, ਕਿਉਂਕਿ ਇਸ ਦੇ ਪ੍ਰਮਾਣ ਇਸ ਬਾਣੀ ‘ਚ ਹੀ ਮੌਜੂਦ ਹਨ।
ਗੁਰੂ ਸਾਹਿਬ ਨੇ ਕਰਤਾਰ ਦੀ ਸੇਧ ਵਾਲੀ ਤੇ ਸਿੱਖੀ ਸਿਧਾਂਤ ਨੂੰ ਪੇਸ਼ ਕਰਦੀ ਜਪੁ ਸਿਰਲੇਖ ਵਾਲੀ ਬਾਣੀ ਆਪਣੀ ਕਿਸੇ ਪੂਰਬਲੀ ਬਾਣੀ ਵਿਚੋਂ ਛਾਂਟ ਕੇ ਇੱਕਠੀ ਕਰਵਾਈ ਸੀ। ਮਿਹਰਬਾਨ ਵਾਲੀ ਜਨਮਸਾਖੀ ਅਨੁਸਾਰ ਉਨ੍ਹਾਂ ਨੇ ਇਹ ਕੰਮ ਆਪਣੀ ਦੇਖ-ਰੇਖ ਵਿਚ ਆਪਣੇ ਸਭ ਤੋਂ ਭਰੋਸੇਯੋਗ ਸ਼ਰਧਾਲੂ ਲਹਿਣੇ ਸਿੱਖ ਤੋਂ ਕਰਵਾਇਆ ਸੀ। ਇਹ ਬਿਲਕੁਲ ਸੰਭਵ ਹੈ ਕਿ ਤੁਕਾਂ ਨੂੰ ਅੱਗੇ-ਪਿੱਛੇ ਕਰਦੇ ਸਮੇਂ ਕਈ ਪਉੜੀਆਂ ਦਾ ‘ਨਾਨਕ’ ਵਾਲਾ ਅੰਤਲਾ ਹਿੱਸਾ ਕਟ ਗਿਆ ਹੋਵੇ, ਜਾਂ ਕੋਈ ‘ਨਾਨਕ’ ਰਹਿਤ ਤੁਕਾਂ ‘ਨਾਨਕ’ ਵਾਲੀਆਂ ਤੁਕਾਂ ਦੇ ਪਿੱਛੇ ਲੱਗ ਗਈਆਂ ਹੋਣ ਤੇ ਜਾਂ ਫਿਰ ਕੋਈ ‘ਨਾਨਕ’ ਅੰਤ ਵਾਲੀਆਂ ਤੁਕਾਂ ਦੂਜੀਆਂ ਨਾਨਕ ਅੰਤੀ ਤੁਕਾਂ ਪਿੱਛੇ ਲੱਗ ਕੇ ਦੋ-ਦੋ ਵਾਰ ਨਾਨਕ ਆਉਣ ਦਾ ਸਬੱਬ ਬਣੀਆਂ ਹੋਣ। ਇਸ ਵਰਤਾਰੇ ਦਾ ਕੋਈ ਹੋਰ ਜਚਦਾ ਕਾਰਨ ਨਾ ਹੋਣ ਕਰਕੇ ਇਹੀ ਸਪਸ਼ਟੀਕਰਣ ਸੱਚ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।
ਜਪੁਜੀ ਸਾਹਿਬ ਦੀ ਪੰਜਵੀਂ ਖਾਸ ਗੱਲ ਇਹ ਹੈ ਕਿ ਇਸ ਵਿਚ ਰੱਬ, ਪਰਮੇਸ਼ਰ, ਪ੍ਰਭ, ਵਾਹਿਗੁਰੂ ਜਾਂ ਪਰਮਾਤਮਾ ਜਿਹਾ ਦੈਵੀ ਭਾਵ ਦਾ ਕੋਈ ਸ਼ਬਦ ਦਰਜ ਨਹੀਂ ਹੈ। ਗੁਰੂ ਸਾਹਿਬ ਨੇ ਇਸ ਗੱਲ ਬਾਰੇ ਇੰਨੀ ਪਰਪੱਕਤਾ ਦਿਖਾਈ ਹੈ ਕਿ ਜਿਨ੍ਹਾਂ ਦੋ ਪਉੜੀਆਂ ਵਿਚ ਉਹ ਰੱਬ ਜਾਂ ਇਸ ਵਰਗੀ ਕੋਈ ਹੋਰ ਸੰਗਿਆ, ਜੇ ਚਾਹੁੰਦੇ ਤਾਂ ਆਸਾਨੀ ਨਾਲ ਵਰਤ ਸਕਦੇ ਸਨ, ਪਰ ਉਨ੍ਹਾਂ ਉਥੇ ਵੀ ਅਜਿਹਾ ਨਹੀਂ ਕੀਤਾ। ਹੋਰ ਤਾਂ ਹੋਰ ਇਸ ਬਾਣੀ ਵਿਚ ਪੂਜਾ ਪਾਠ, ਭਗਤੀ, ਸੇਵਾ, ਅਰਦਾਸ, ਅਰਾਧਨਾ, ਪੁੰਨ ਦਾਨ, ਤੀਰਥ, ਲੋਕ-ਪਰਲੋਕ, ਮਰਨ-ਜੰਮਣ ਜਾਂ ਆਤਮਾ-ਮੁਕਤੀ ਜਿਹੀ ਕੋਈ ਗੱਲ ਲਿਖੀ ਨਹੀਂ ਮਿਲਦੀ। ਸਾਰੀ ਬਾਣੀ ਕਰਤਾ ਪੁਰਖ ਦੇ ਗੁਣਾਂ, ਕੁਦਰਤ, ਹੁਕਮ, ਦਾਤ, ਆਕਾਰ, ਵਿਸਥਾਰ, ਗਿਆਨ ਤੇ ਉਸ ਤੀਕ ਪਹੁੰਚ ਦੀ ਵਿਧੀ ਨੂੰ ਸਮਰਪਿਤ ਹੈ। ਇਸ ਦਾ ਭਾਵ ਇਹ ਹੈ ਕਿ ਇਹ ਕੋਈ ਅਧਿਆਤਮਕ ਬਾਣੀ ਨਹੀਂ ਹੈ, ਜਿਸ ਦੇ ਪੜ੍ਹਨ ਨਾਲ ਕੋਈ ਦੈਵੀ ਸ਼ਕਤੀ ਪ੍ਰਸੰਨ ਹੋਵੇ ਤੇ ਉਸ ਤੋਂ ਧਨ ਦੌਲਤ ਦੇ ਗੱਫੇ ਪ੍ਰਾਪਤ ਕੀਤੇ ਜਾਣ। ਭਾਵ ਇਹ ਵੀ ਹੈ ਕਿ ਇਸ ਦੇ ਪੜ੍ਹਨ ਦਾ ਕੋਈ ਆਤਮਿਕ, ਆਰਥਕ, ਸਵਾਰਥਕ ਜਾਂ ਸਿਹਤ ਸਬੰਧੀ ਕੋਈ ਗੈਬੀ ਜਾਂ ਗੁੱਝਾ ਲਾਭ ਨਹੀਂ ਹੈ, ਜਿਵੇਂ ਕਿ ਬਹੁਤੇ ਸਿੱਖ ਸ਼ਰਧਾਲੂ ਤੇ ਵਿਦਵਾਨ ਮੰਨਦੇ ਹਨ। ਇਸ ਦੇ ਵਿਸ਼ੇ ਵਸਤੂ ਤੇ ਸਰੋਕਾਰਾਂ ਮੁਤਾਬਕ ਤਾਂ ਇਹ ਇਕ ਬਹੁਤ ਹੀ ਦਾਰਸ਼ਨਿਕ ਤੇ ਵਿਗਿਆਨਕ ਪ੍ਰਕ੍ਰਿਤੀ ਦੀ ਲਿਖਤ ਹੈ, ਜੋ ਮੱਨੁਖ ਨੂੰ ਅਗਿਆਨ ਦੇ ਹਨੇਰੇ ਵਿਚੋਂ ਕੱਢ ਕੇ ਸੱਚ ਦੀ ਸੇਧੇ ਪਾਉਂਦੀ ਹੈ। ਅਸਲ ਵਿਚ ਇਹ ਆਲਮੀ ਸਿਖਰ ਨੂੰ ਛੋਂਹਦੇ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਦਾ ਧੁਰਾ ਹੈ, ਭਾਵੇਂ ਬਹੁਤੇ ਲੋਕ ਅਨਜਾਣਪੁਣੇ ਵਿਚ ਉਨ੍ਹਾਂ ਦੇ ‘ਸਿੱਖੀ’ ਸੰਕਲਪ ਨੂੰ ‘ਸਿੱਖ ਧਰਮ’ ਹੀ ਕਹੀ ਜਾਂਦੇ ਹਨ!
ਜਪੁਜੀ ਸਾਹਿਬ ਦੀ ਸੱਤਵੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ੴ ਦੇ ਸੂਤਰ ਨਾਲ ਸ਼ੁਰੂ ਹੁੰਦਾ ਹੈ, ਜੋ ਮੂਲਮੰਤਰ ਦੇ ਸ਼ੁਰੂ ਵਿਚ ਅੰਕਿਤ ਹੈ। ਇਹ ਗੁਰੂ ਸਾਹਿਬ ਦੀ ਇਕ ਅਤਿ ਅਹਿਮ ਤੇ ਅਦੁੱਤੀ ਘਾੜਤ ਹੈ, ਜੋ ਜਪੁਜੀ ਤੋਂ ਬਾਹਰ ਵੀ ਗੁਰੂ ਗ੍ਰੰਥ ਸਾਹਿਬ ਵਿਚ 567 ਵਾਰ ਆਇਆ ਮਿਲਦਾ ਹੈ। ਇੰਨੀ ਵਾਰ ਲਿਖਿਆ ਹੋਣ ਦੇ ਬਾਵਜੂਦ ਵੀ ਕਿਸੇ ਗੁਰੂ ਸਾਹਿਬ, ਭਗਤ ਜਾਂ ਭੱਟ ਨੇ ਇਸ ਦੀ ਕਿਸੇ ਥਾਂ ਵਿਆਖਿਆ ਨਹੀਂ ਕੀਤੀ ਹੋਈ। ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ। ਇਕ ਇਹ ਕਿ ਇਹ ਸੂਤਰ ਉਸ ਵੇਲੇ ਇੰਨਾ ਪ੍ਰਚਲਿਤ ਹੋਵੇ ਕਿ ਇਸ ਦੇ ਅਰਥ ਸਭ ਲਈ ਆਮ ਸਮਝ ਦੀ ਗੱਲ ਹੋਵੇ। ਇਸ ਲਈ ਕਿਸੇ ਨੇ ਇਸ ਦੀ ਵਿਆਖਿਆ ਕਰਨ ਦੀ ਲੋੜ ਹੀ ਨਾ ਸਮਝੀ ਹੋਵੇ। ਦੂਜਾ ਇਹ ਕਿ ਗੁਰੂ ਨਾਨਕ ਨੇ ਇਸ ਨੂੰ ਜਪੁਜੀ ਸਾਹਿਬ ਲਈ ਉਚੇਚਾ ਘੜ੍ਹਿਆ ਹੋਵੇ ਤੇ ਆਪਣੇ ਸਿੱਖਾਂ ਤੇ ਜੁੜਦੀਆਂ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਇਸ ਦਾ ਬੋਧ ਕਰਾਇਆ ਹੋਵੇ; ਪਰ ਗੁਰੂ ਸਾਹਿਬ ਤੇ ਸਮਕਾਲੀ ਸਿੱਖਾਂ ਦੇ ਮਾਨਸਿਕ ਪੱਧਰ ਵਿਚ ਭਾਰੀ ਫਰਕ ਹੋਣ ਕਰਕੇ ਇਸ ਦਾ ਸਹੀ ਭਾਵ ਉਨ੍ਹਾਂ ਦੀ ਸਮਝ ਵਿਚ ਨਾ ਉਤਰਿਆ ਹੋਵੇ। ਹੌਲੀ ਹੌਲੀ ਸਿੱਖਾਂ ਨੇ ਇਸ ਨੂੰ ਵਿਧਿਆਤਮਕ ਦੀ ਥਾਂ ਇਕ ਅਧਿਆਤਮਕ ਸ਼ਬਦ ਸਮਝ ਲਿਆ ਹੋਵੇ ਤੇ ‘ਇਕਓਂਕਾਰ’ ਕਹਿ ਕੇ ਉਚਾਰਨਾ ਸ਼ੁਰੂ ਕਰ ਦਿੱਤਾ ਹੋਵੇ। ਸਮਾਂ ਪਾ ਕੇ ਵਿਗਿਆਨਕ ਮੂਲ ਦਾ ਇਹ ਸੂਤਰ ਦੈਵੀ ਰੰਗਤ ਅਖਤਿਆਰ ਕਰ ਗਿਆ ਹੋਵੇ ਤੇ ਹੌਲੀ ਹੌਲੀ ਰੱਬ ਦੀ ਸੰਗਿਆ ਲਈ ਵਰਤਿਆ ਜਾਣ ਵਾਲਾ ਇਕ ਆਮ ‘ਸ਼ਬਦ’ ਬਣ ਗਿਆ ਹੋਵੇ। ਭਾਵੇਂ ਗੁਰੂ ਅਰਜਨ ਦੇਵ ਨੇ ਇਸ ਦੀ ਮੌਲਿਕਤਾ ਨੂੰ ਧਿਆਨ ਵਿਚ ਰੱਖਦਿਆਂ ਇਸ ਨੂੰ ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਸਭ ਬਾਣੀਆਂ ਦੇ ਮੁੱਢ ਵਿਚ ਅੰਕਿਤ ਕਰ ਦਿੱਤਾ ਸੀ, ਪਰ ਇਸ ਵੇਲੇ ਤੀਕ ਇਸ ਸੂਤਰ ਦੇ ਦੈਵੀ ਅਰਥਾਂ ਬਾਰੇ ਸਿੱਖਾਂ ਦੀ ਸਮਝ ਪੱਕ ਜਾਣ ਕਰ ਕੇ ਕਿਸੇ ਨੇ ਵੀ ਇਸ ਦੀ ਵਿਸਥਾਰਪੂਰਵਕ ਵਿਆਖਿਆ ਕਰਨੀ ਯੋਗ ਨਾ ਸਮਝੀ ਹੋਵੇ। ਇਹ ਤਾਂ ਇਕ ਭਲਾ ਜਿਹਾ ਅਨੁਮਾਨ ਹੈ। ਹੋ ਸਕਦਾ ਹੈ, ੴ ਦੇ ਅਰਥਾਂ ਦੇ ਭੇਤ ਦਾ ਜਿੰਮੇਵਾਰ ਕੋਈ ਹੋਰ ਕਾਰਨ ਹੋਵੇ। ਇਸ ਦਾ ਪਤਾ ਸਿੱਖ ਵਿਦਵਾਨ ਖੋਜ ਕਰ ਕੇ ਹੀ ਲਾ ਸਕਦੇ ਹਨ।
ਅੱਜ ਕੱਲ ਸਾਰੇ ਸਿੱਖ ਵਿਦਵਾਨ, ਸਮੇਤ ਰਾਗੀ ਢਾਡੀ, ਪ੍ਰਚਾਰਕ ਤੇ ਪੁਜਾਰੀ ੴ ਨੂੰ ਇਕਓਂਕਾਰ ਪੜ੍ਹਦੇ ਹਨ ਤੇ ਇਸ ਦੀ ਵਿਆਖਿਆ ਕਰਕੇ ਦੱਸਦੇ ਹਨ ਕਿ ਇਸ ਦਾ ਮੋਢੀ ਚਿੰਨ (੧) ਇਸਲਾਮ ਦੇ ਮੌਖਿਕ ਅਲਾਪ ਤੋਂ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਦਾ ਏਕਾ ਗੁਰੂ ਸਾਹਿਬ ਨੇ ਇਸਲਾਮੀ ਤਰਜ਼ ‘ਤੇ ਇਕ ਰੱਬ ਜਾਂ ਦੈਵੀ ਸ਼ਕਤੀ ਲਈ ਵਰਤਿਆ ਹੈ। ਇਵੇਂ ਹੀ ਖੁਲ੍ਹੇ ਮੂੰਹ ਵਾਲੇ ਊੜੇ (ਓ) ਦਾ ਭਾਵ ‘ਓਂ’ ਜਾਂ ਓਮ ਹੈ, ਜੋ ਵੇਦਾਂ ਅਨੁਸਾਰ ਉਸ ਆਦਿ ਸ਼ਕਤੀ ਦਾ ਪ੍ਰਤੀਕ ਹੈ। ਉਹ ਹਿੰਦੂ ਗ੍ਰੰਥਾਂ ਵਾਂਗ ਇੱਥੇ ਵੀ ਇਸ ਦਾ ਅਰਥ ਰੱਬ ਹੀ ਮੰਨਦੇ ਹਨ। ਇਨ੍ਹਾਂ ਵਿਦਵਾਨਾਂ ਦੇ ਆਪਣੇ ਅਨੁਮਾਨ ਅਨੁਸਾਰ ‘ਓ’ ਅੱਖਰ ‘ਤੇ ਲੱਗੀ ਗੋਲਾਕਾਰ ਰੇਖਾ ਸਰਬਸ਼ਕਤੀਮਾਨ ਪਰਮਾਤਮਾ ਦੀ ਬ੍ਰਹਿਮੰਡੀ ਆਭਾ ਦਾ ਪ੍ਰਤੀਕ ਹੈ, ਜੋ ਆਪਣੇ ਅਸੀਮ ਘੇਰੇ ਕਾਰਨ ਪੂਰੀ ਸ੍ਰਿਸ਼ਟੀ ਨੂੰ ਕਲਾਵੇ ਵਿਚ ਲੈਂਦੀ ਹੈ।
ੴ ਦੀ ਅਜਿਹੀ ਵਿਆਖਿਆ ਕਈ ਪ੍ਰਸ਼ਨ ਖੜ੍ਹੇ ਕਰਦੀ ਹੈ। ਪਹਿਲਾ, ਗੁਰੂ ਸਾਹਿਬ ਉਚੀ ਤੇ ਅਦੁੱਤੀ ਪ੍ਰਤਿਭਾ ਦੇ ਮਾਲਕ ਸਨ, ਇਸ ਲਈ ਉਹ ਆਪਣੇ ਸਿਧਾਂਤ ਦੇ ਚਿੰਨ ਕਿਤੋਂ ਬਾਹਰੋਂ ਉਧਾਰ ਲੈਣ ਦੀ ਥਾਂ ਆਪ ਸਿਰਜ ਸਕਦੇ ਸਨ। ਦੂਜਾ, ਜਿਨ੍ਹਾਂ ਧਾਰਮਿਕ ਨਿਜ਼ਾਮਾਂ ਦਾ ਗੁਰੂ ਸਾਹਿਬ ਨੇ ਖੁਦ ਖੰਡਨ ਕੀਤਾ, ਉਨ੍ਹਾਂ ਦੇ ਪ੍ਰਤੀਕਾਂ ਨੂੰ ਭਲਾ ਉਹ ਆਪਣੇ ਸਿਧਾਂਤ ਦੀ ਬੁਨਿਆਦ ਕਿਵੇਂ ਬਣਾ ਸਕਦੇ ਸਨ? ਤੀਜਾ, ਗੁਰੂ ਨਾਨਕ ਦਾ ਉਦੇਸ਼ ਸੇਂਟ ਐਕੁਆਨੈਸ ਵਾਂਗ ਦੋ ਆਤਮ-ਵਿਰੋਧੀ ਧਰਮਾਂ (ਹਿੰਦੂਮੱਤ ਤੇ ਇਸਲਾਮ) ਵਿਚਾਲੇ ਸੁਲਾਹ ਕਰਵਾਉਣਾ ਨਹੀਂ ਸੀ, ਸਗੋਂ ਦੋਹਾਂ ਦੀ ਖਲਜਗਣ ਤੋਂ ਅਲੱਗ ਇਕ ਤਰਕ-ਸੰਗਤ ਤੇ ਵਿਗਿਆਨਕ ਰਾਹ ਦੱਸਣਾ ਸੀ। ਚੌਥਾ, ਜੇ ੴ ਰੱਬ ਦਾ ਪ੍ਰਤੀਕ ਹੁੰਦਾ ਤਾਂ ਗੁਰੂ ਸਾਹਿਬ ਇਸ ਨੂੰ ਬੁਝਾਰਤੀ ਤੇ ਆਸਾਨੀ ਨਾਲ ਸਮਝ ਨਾ ਆਉਣ ਵਾਲੇ ਢੰਗ ਨਾਲ ਨਾ ਲਿਖਦੇ। ਉਹ ਲੋਕਾਂ ਦੀ ਬੋਲੀ ‘ਚ ਸਰਲ ਸਿੱਖਿਆ ਦੇਣ ਦੇ ਹਾਮੀ ਸਨ ਤੇ ਸ਼ਬਦਾਂ ਦੇ ਧਨੀ ਸਨ। ਉਹ ਸੌਖਿਆਂ ਹੀ ਇਸ ਦੀ ਥਾਂ ਕੋਈ ਸਰਲ ਤੇ ਪ੍ਰਚਲਿਤ ਸ਼ਬਦ ਚੁਣ ਸਕਦੇ ਸਨ। ਪੰਜਵਾਂ, ਜੇ ਸਿੱਖ ਗਿਆਨੀ ਤੇ ਵਿਦਵਾਨ ‘ਓ’ ਨੂੰ ਹਿੰਦੂ ‘ਓਮ’ ਨਾਲ ਜੋੜਦੇ ਹਨ ਤਾਂ ਉਹ ਉਲਰ ਉਲਰ ਕੇ ‘ਹਮ ਹਿੰਦੂ ਨਹੀਂ’ ਦੀ ਦੁਹਾਈ ਕਿਉਂ ਪਾਉਂਦੇ ਹਨ? ਛੇਵਾਂ, ਗੁਰੂ ਸਾਹਿਬ ਨੇ ਤਾਂ ਸਾਰੇ ਜਪੁਜੀ ਵਿਚ ਰੱਬ ਭਾਵ ਦਾ ਕੋਈ ਸ਼ਬਦ ਨਹੀਂ ਲਿਖਿਆ, ਫਿਰ ਇਹ ਕਿਵੇਂ ਸੰਭਵ ਹੋਇਆ ਕਿ ਉਨ੍ਹਾਂ ਨੇ ਇਸ ਨੂੰ ਮੂਲਮੰਤਰ ਦੇ ਸ਼ੁਰੂ ਵਿਚ ਹੀ ਲਿਖ ਕੇ ਉਸ, ਭਾਵ ਰੱਬ ਦੀ ਗਿਣਤੀ ਵੀ ਦੱਸ ਦਿੱਤੀ!
ਜੇ ਗਹੁ ਨਾਲ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ੴ ਦੇ ਤਿੰਨਾਂ ਭਾਗਾਂ ੧, ਓ ਤੇ . ਵਿਚ ਕੋਈ ਸੁਮੇਲਤਾ ਨਹੀਂ ਹੈ। ਇਕ ਅੰਕ ਹੈ, ਦੂਜਾ ਅੱਖਰ ਤੇ ਤੀਜਾ ਗੋਲਾਕਾਰ ਲਕੀਰ। ਇਹ ਤਾਂ ਤਿੰਨੇ ਪੈਂਤੀ ਦੇ ਅੱਖਰ ਨਾ ਹੋ ਕੇ ਵਿਆਕਰਣ ਦੇ ਘੇਰੇ ਵਿਚ ਵੀ ਨਹੀਂ ਆਉਂਦੇ। ਇਸ ਲਈ ਨਾ ਇਹ ਕੋਈ ਸ਼ਬਦ ਸਿਰਜਦੇ ਹਨ, ਨਾ ਇਨ੍ਹਾਂ ਦਾ ਕੋਈ ਉਚਾਰਣ ਹੋ ਸਕਦਾ ਹੈ, ਤੇ ਨਾ ਹੀ ਅਰਥ। ਇਨ੍ਹਾਂ ਦੀ ਵਿਆਖਿਆ ਬਾਰੇ ਸਭ ਗੱਲਾਂ ਸਿੱਖ ਵਿਦਵਾਨਾਂ ਨੇ ਆਪਣੇ ਮੋਟੇ ਅੰਦਾਜ਼ੇ ਲਾ ਕੇ ਆਪ ਹੀ ਜੋੜੀਆਂ ਹਨ।
ਇਸ ਲਈ ਸਮੁੱਚੇ ਜਪੁਜੀ ਤੇ ਇਸ ਦੇ ਵਿਸਥਾਰ ਗੁਰੂ ਗ੍ਰੰਥ ਸਾਹਿਬ ਦੇ ਆਸੇ ਦਾ ਭੇਦ ੴ ਦੇ ਰਹੱਸਮਈ ਸੂਤਰ ਵਿਚ ਛੁਪਿਆ ਹੋਇਆ ਹੈ। ਇਹ ਭੇਦ ਤਾਂ ਹੀ ਖੁਲ੍ਹ ਸਕਦਾ ਹੈ, ਜੇ ਸਿੱਖ ਵਿਦਵਾਨ ਇਸ ਨੂੰ ਇਕ ਉਚ-ਪੱਧਰੀ ਮੌਲਿਕ ਸੂਤਰ ਸਮਝ ਕੇ ਇਸ ਦੀ ਰਹੱਸਮਈ ਘੁੰਡੀ ਨੂੰ ਸੰਜੀਦਗੀ ਨਾਲ ਖੋਲ੍ਹਣ ਦਾ ਉਪਰਾਲਾ ਕਰਨ। ਜੇ ਉਹ ਤਰਕ-ਸੰਗਤ ਢੰਗ ਨਾਲ ਜਾਣਨ ਦੀ ਕੋਸ਼ਿਸ਼ ਕਰਨ ਕਿ ਇਸ ਸੂਤਰ ਦੇ ਸਾਰੇ ਚਿੰਨ੍ਹਾਂ ਵਿਚ ਅਜਿਹੀ ਕਿਹੜੀ ਇਕਸਾਰਤਾ ਹੈ, ਜਿਸ ਕਾਰਨ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਇਕ ਥਾਂ ਕਲਮਬੱਧ ਕੀਤਾ ਹੈ ਤਾਂ ਇਹ ਸਿੱਖ ਸਿਧਾਂਤ ਲਈ ਬੜੀ ਵੱਡੀ ਪ੍ਰਾਪਤੀ ਹੋਵੇਗੀ। ਜਦੋਂ ਵੀ ਇਹ ਰਹੱਸ ਖੁਲ੍ਹ ਗਿਆ, ਉਦੋਂ ਹੀ ਗੁਰੂ ਨਾਨਕ ਦਾ ਕਰਤਾਰਪੁਰੀ ਬਾਣੀ ਵਿਚ ਦਿੱਤਾ ਅਨੋਖਾ ਸਿੱਖੀ ਸਿਧਾਂਤ ਫਿਰ ਉਨ੍ਹਾਂ ਹੀ ਦਾਰਸ਼ਨਿਕ ਬੁਲੰਦੀਆਂ ਨੂੰ ਛੋਹਣ ਲੱਗੇਗਾ, ਜਿਨ੍ਹਾਂ ਦੇ ਸੰਦਰਭ ਵਿਚ ਗੁਰੂ ਸਾਹਿਬ ਨੇ ਇਸ ਨੂੰ ਘੜ੍ਹਿਆ ਸੀ। ਉਦੋਂ ਹੀ ਅਜੋਕੇ ਸਿੱਖਾਂ ਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੇ ਆਗਮਨ ਨਾਲ ਕਿਹੜਾ ਚਾਨਣ ਹੋਇਆ ਸੀ ਤੇ ਸਿੱਖੀ ਸਿਧਾਂਤ ਕੀ ਹੈ!