ਤਾਰੀਫ-ਤਰੰਗਾਂ ਦੀ ਤਾਸੀਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਸ਼ਹੂਰ ਹੋਣ ਤੇ ਮਹਾਨ ਹੋਣ ਵਿਚ ਫਰਕ ਦੱਸਿਆ ਸੀ, “ਮਸ਼ਹੂਰ ਹੋਣਾ ਬਹੁਤ ਅਸਾਨ, ਜਦੋਂ ਕਿ ਮਹਾਨ ਹੋਣਾ ਬਹੁਤ ਔਖਾ। ਵਿਅਕਤੀ ਚੰਗੇ ਕਾਰਜਾਂ ਕਰਕੇ ਵੀ ਮਸ਼ਹੂਰ ਹੋ ਸਕਦਾ ਜਾਂ ਮਾੜੇ ਕੰਮਾਂ ਕਰਕੇ ਵੀ।…ਮਹਾਨ ਲੋਕ ਸਦਾ ਸੱਚੇ, ਸਪੱਸ਼ਟ, ਸਮਝਦਾਰ, ਸਮਰਪਿਤ ਅਤੇ ਸਿਦਕ ਵਾਲੇ ਹੁੰਦੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਤਾਰੀਫ ਦੀ ਤਾਰੀਫ ਵਿਚ ਫੁਰਮਾਇਆ ਹੈ, “ਤਾਰੀਫ ਕਰਨ ‘ਤੇ ਮਨ ਚਹਿਕਦਾ।

ਮੁੱਖ ‘ਤੇ ਖੇੜਾ, ਬੋਲਾਂ ਵਿਚ ਉਤਸ਼ਾਹ, ਕਦਮਾਂ ਵਿਚ ਚਾਅ।… ਤਾਰੀਫ ਉਹ ਹੁੰਦੀ, ਜੋ ਲੋਕ, ਸਾਥੀ ਜਾਂ ਸਮਾਜ ਕਰਦਾ, ਕਿਉਂਕਿ ਤੁਹਾਡੀ ਅਸਲੀਅਤ ਤਾਂ ਦੂਜਿਆਂ ਦੀ ਤੱਕੜੀ ਵਿਚ ਹੀ ਤੁਲਦੀ। ਵਿਅਕਤੀ ਖੁਦ ਤਾਂ ਹਮੇਸ਼ਾ ਪਾਸਕੂੰ ਹੀ ਰੱਖਦਾ। ਸੱਚੀ ਤਾਰੀਫ ਕਮਾਈ ਜਾਂਦੀ, ਮੁੱਲ ਨਹੀਂ ਮਿਲਦੀ।” ਉਹ ਸਾਵਧਾਨ ਕਰਦੇ ਹਨ, “ਤਾਰੀਫ ਦਾ ਮਿਆਰ ਇੰਨਾ ਨੀਂਵਾਂ ਵੀ ਨਾ ਹੋਵੇ ਕਿ ਇਹ ਚਮਚਾ-ਗਿਰੀ ਜਾਪੇ।…ਪਰ ਕਈ ਵਾਰ ਕੁਝ ਲੋਕ ਕਿਸੇ ਚੰਗੇ ਪੱਖ ਦੀ ਤਾਰੀਫ ਕਰਨ ਦੀ ਥਾਂ ਚੰਗੇ ਨੂੰ ਮਾੜਾ ਕਹਿਣ ਦੇ ਆਦੀ। ਸ਼ਾਇਦ ਉਨ੍ਹਾਂ ਦੇ ਮਨ ਵਿਚ ਕਿਸੇ ਦੇ ਉਪਰ ਉਠਣ ਦਾ ਤੌਖਲਾ ਹੁੰਦਾ, ਜੋ ਉਨ੍ਹਾਂ ਦੀ ਮਾਨਸਿਕ ਕਮਜ਼ੋਰੀ ਨੂੰ ਜੱਗ-ਜਾਹਰ ਕਰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਤਾਰੀਫ, ਉਸਤਤ, ਸ਼ਾਬਾਸ਼, ਸਿਫਤ, ਹੱਲਾਸ਼ੇਰੀ, ਹੌਂਸਲਾ-ਅਫਜ਼ਾਈ ਆਦਿ ਦੀ ਤਾਸੀਰ ਤੇ ਤਸ਼ਬੀਹ। ਬਹੁਤ ਥੋੜ੍ਹਾ ਅੰਤਰ। ਇਹ ਅਲਫਾਜ਼ ਕਿਸੇ ਵੀ ਚੰਗੇਰੇ ਕਾਰਜ ਦੇ ਅਰੰਭ ਜਾਂ ਪੂਰਨਤਾ ਲਈ ਸ਼ੁਭ।
ਤਾਰੀਫ ਕਰਨਾ, ਉਸਾਰੂ ਸੋਚ ਦਾ ਪ੍ਰਗਟਾਅ। ਚੰਗੇ ਨੂੰ ਚੰਗਾ ਕਹਿਣ ਦਾ ਹੀਆ। ਸਿਫਤਿ-ਸਾਲਾਹ ਦਾ ਜੇਰਾ, ਕਿਸੇ ਦੀ ਪ੍ਰਾਪਤੀ ਨੂੰ ਨਤਮਸਤਕ। ਕਿਸੇ ਦੀਆਂ ਗੁਣਾਤਮਕ ਤੇ ਉਚਾਤਮਕ ਦੇਣਾਂ ਨੂੰ ਸਜਦਾ।
ਤਾਰੀਫ ਕਰਨਾ ਹਰੇਕ ਦੇ ਵੱਸ ਨਹੀਂ। ਚੰਗੀ ਭਾਵਨਾ ਵਾਲੇ ਹੀ ਤਾਰੀਫ ਕਰਦੇ। ਛੋਟੀ ਸੋਚ, ਹੀਣ-ਭਾਵਨਾ ਜਾਂ ਹੋਛੀ ਸਮਝ ਵਾਲੇ ਸਿਰਫ ਈਰਖਾ ਕਰਦੇ। ਬਦ-ਲੋਕ ਬਦਨਾਮੀ ਹੀ ਕਰ ਸਕਦੇ। ਉਹ ਮਨ ‘ਚ ਕੁੜ੍ਹਦੇ, ਸੜਦੇ, ਭੁੱਜਦੇ ਅਤੇ ਅੰਦਰ ਨੂੰ ਸਾੜ ਕੇ ਰਾਖ ਕਰਦੇ। ਕਿਸੇ ਨਾਲ ਸਾੜਾ ਕਰਨ, ਬਦਖੋਈ ਕਰਨ ਜਾਂ ਨੀਵਾਂ ਦਿਖਾਉਣ ਦੀ ਥਾਂ ਜੇ ਅਸੀਂ ਉਪਰ ਉਠਾਂਗੇ, ਸੋਚ-ਸਮਝ ਨੂੰ ਸਮਿਆਂ ਦਾ ਹਾਣੀ ਬਣਾਉਣ ਵੰਨੀਂ ਪ੍ਰੇਰਿਤ ਕਰਾਂਗੇ ਤਾਂ ਅਸੀਂ ਖੁਦ ਉਪਰ ਉਠ ਕੇ, ਚੰਗੀ ਸੋਚ ਦਾ ਪ੍ਰਮਾਣ ਬਣ ਸਕਦੇ ਹਾਂ।
ਤਾਰੀਫ, ਤਰਫਦਾਰੀ ਨਹੀਂ ਹੋਣੀ ਚਾਹੀਦੀ। ਬਿਨਾ ਭੇਦ-ਭਾਵ, ਜਾਤ-ਪਾਤ, ਰੰਗ-ਨਸਲ, ਦੇਸ਼, ਧਰਮ ਦੇ ਹੋਵੇ। ਤਾਰੀਫ, ਸਿਰਫ ਤਾਰੀਫ ਹੁੰਦੀ, ਹੋਰ ਕੁਝ ਨਹੀਂ।
ਤਾਰੀਫ, ਤੰਗ-ਦਿਲੀ ਸੌੜੀ ਸੋਚ, ਪਿਛਲੱਗ ਨਜ਼ਰੀਆ ਜਾਂ ਨਿੱਜ-ਵਲਗਣਾਂ ਤੋਂ ਪਾਰ। ਇਹ ਮਨੁੱਖਵਾਦੀ ਸੋਚ ‘ਚੋਂ ਪਨਪਦੀ, ਫੈਲਦੀ ਤੇ ਮਹਿਕਾਂ ਖਿਲਾਰਦੀ।
ਤਾਰੀਫ ਕਰਨ ਲਈ ਤਾਰੀਫ ਦੇ ਯੋਗ ਹੋਣਾ ਜਰੂਰੀ। ਕਿਸੇ ਦੀ ਪ੍ਰਾਪਤੀ ਨੂੰ ਪੂਰਨ ਰੂਪ ਵਿਚ ਸਮਝ ਕੇ ਕੀਤੀ ਤਾਰੀਫ, ਹੌਸਲਾ-ਅਫਜ਼ਾਈ। ਨਵੇਂ ਸੁਪਨਿਆਂ ਦੀ ਸਾਹ-ਸਰਦਲ, ਤਮੰਨਾ ਭਰੀ ਤਾਂਘ, ਹੋਰ ਚੰਗਾ ਸਿਰਜਣ ਦਾ ਚਾਅ ਅਤੇ ਅਵਚੇਤਨ ਵਿਚ ਵੱਖਰਾ ਕਰਨ ਦੀ ਲੋਚਾ।
ਤਾਰੀਫ, ਮਨ-ਭਾਵਾਂ ਨੂੰ ਸਰਸ਼ਾਰ ਕਰਦੀ। ਸੁਹਜ ਤੇ ਸੂਖਮ ਤਰੰਗਾਂ ਵਿਚ ਰਾਗ-ਰਾਗਣੀ। ਆਤਮਕ ਰਸ ‘ਚ ਵਲੀਨਤਾ। ਅੰਬਰ ਨੂੰ ਕਲਾਵੇ ‘ਚ ਲੈਣ ਦੀ ਤਾਂਘ। ਪਰਬਤੀ ਟੀਸੀ ‘ਤੇ ਚੜ੍ਹ ਕੇ ਸਮੁੱਚੀ ਕਾਇਨਾਤ ਨੂੰ ਨਿਹਾਰਨ ਦੀ ਲਾਲਸਾ। ਦਰਿਆ ਦੀਆਂ ਲਹਿਰਾਂ ਸੰਗ ਲਹਿਰ ਬਣਨ ਦਾ ਵਿਸਮਾਦ।
ਪੜ੍ਹਾਈ, ਖੇਡਾਂ ਜਾਂ ਕਲਾ ਖੇਤਰ ਵਿਚ ਪ੍ਰਾਪਤੀ ਸਮੇਂ ਬੱਚੇ ਦੀ ਤਾਰੀਫ ਜਰੂਰ ਕਰਨਾ। ਇਸ ਨਾਲ ਉਸ ਦੇ ਮਨ ਵਿਚ ਕੁਝ ਸੁਪਨੇ ਪੈਦਾ ਹੋਣਗੇ, ਜਿਨ੍ਹਾਂ ਦੀ ਪੂਰਤੀ, ਉਸ ਦਾ ਇਸ਼ਟ ਬਣ ਜਾਵੇਗਾ। ਉਹ ਕਰਮ-ਧਰਮ ਦਾ ਸਰੂਪ ਹੋਵੇਗਾ। ਅਜਿਹੇ ਸੁਪਨਿਆਂ ਵਿਚੋਂ ਹੀ ਵਿਸ਼ਵ ਪੱਧਰ ਦਾ ਭਵਿੱਖੀ ਖਿਡਾਰੀ, ਵਿਗਿਆਨੀ, ਕਲਾਕਾਰ, ਦੇਸ਼ ਭਗਤ ਜਾਂ ਰੋਲ-ਮਾਡਲ ਪੈਦਾ ਹੁੰਦਾ। ਉਹ ‘ਵੱਡੇ ਸੁਪਨੇ ਲਓ’ ਵਾਲੀ ਲਿਖਤ ਨੂੰ ਕਮਰੇ ਵਿਚ ਸਜਾਉਂਦਾ।
ਤਾਰੀਫ ਕਰਨ ‘ਤੇ ਮਨ ਚਹਿਕਦਾ। ਮੁੱਖ ‘ਤੇ ਖੇੜਾ, ਬੋਲਾਂ ਵਿਚ ਉਤਸ਼ਾਹ, ਕਦਮਾਂ ਵਿਚ ਚਾਅ। ਜਦ ਤਾਰੀਫ ਦੀ ਥਾਂ ਨਿੰਦਿਆ ਜਾਂ ਨੁਕਤਾਚੀਨੀ ਦਾ ਪੋਚਾ ਕੋਮਲ ਮਨ ‘ਤੇ ਫੇਰਿਆ ਜਾਂਦਾ ਤਾਂ ਮਨ ਮੁਰਝਾਅ ਜਾਂਦਾ। ਨੈਣਾਂ ਵਿਚਲੇ ਸੁਪਨੇ ਸਹਿਕਣ ਲੱਗਦੇ ਤੇ ਕੁਝ ਵੀ ਚੰਗਾ ਨਾ ਲੱਗਦਾ। ਉਹ ਖੁਦ ਆਪਣੀਆਂ ਨਜ਼ਰਾਂ ਵਿਚ ਹੀਣਾ ਤੇ ਘਟੀਆ ਮਹਿਸੂਸ ਕਰਦਾ। ਇਹ ਅਹਿਸਾਸ ਕਈ ਵਾਰ ਉਸ ਦਾ ਭਵਿੱਖ ਧੁਆਂਖਦਾ। ਬੱਚੇ ਨੂੰ ਸਿਫਤ ਵਿਚੋਂ ਸੇਧ ਮਿਲ ਜਾਵੇ, ਊਣਤਾਈਆਂ ਦਾ ਗਿਆਨ ਹੋ ਜਾਵੇ ਅਤੇ ਇਨ੍ਹਾਂ ਦੀ ਪੂਰਤੀ ਕਰਨ ਦਾ ਅਹਿਸਾਸ ਹੋ ਜਾਵੇ ਤਾਂ ਬੱਚਾ ਨਵੇਂ ਹੌਂਸਲੇ, ਉਤਸ਼ਾਹ ਅਤੇ ਦਲੇਰੀ ਨਾਲ ਨਰੋਏ ਮਾਰਗ ਦੀ ਨਿਸ਼ਾਨਦੇਹੀ ਕਰਦਾ।
ਤਾਰੀਫ ਦੀ ਤਾਂਘ ਨਹੀਂ ਹੋਣੀ ਚਾਹੀਦੀ। ਸਿਰਫ ਤਾਰੀਫ ਲਈ ਹੀ ਕੀਤੇ ਕਾਰਜ ਦੇ ਕੋਈ ਅਰਥ ਨਹੀਂ। ਕੁਝ ਵਿਲੱਖਣ ਅਤੇ ਨਿਵੇਕਲਾ ਹੋਵੇਗਾ ਤਾਂ ਤਾਰੀਫ ਤਾਂ ਹੋਵੇਗੀ ਹੀ। ਤਾਰੀਫ ਦੀ ਆਸ ਪਾਲਣ ਵਾਲੇ ਫਿਰ ਬਹੁਤ ਨਿਰਾਸ਼ ਹੁੰਦੇ, ਜਦ ਕਿਆਸੀ ਤਾਰੀਫ ਨਾ ਮਿਲਦੀ।
ਤਾਰੀਫ ਨੂੰ ਤਕੀਆ-ਕਲਾਮ ਨਾ ਬਣਾਓ। ਲੋੜ ਅਨੁਸਾਰ ਤਾਰੀਫ ਕਰੋ। ਤਕੀਆ-ਕਲਾਮ ਬਣਾਇਆਂ ਤਾਰੀਫ, ਤਾਰੀਫ ਹੀ ਨਹੀਂ ਰਹਿੰਦੀ।
ਤਾਰੀਫ ਦਾ ਮਿਆਰ ਇੰਨਾ ਨੀਂਵਾਂ ਵੀ ਨਾ ਹੋਵੇ ਕਿ ਇਹ ਚਮਚਾ-ਗਿਰੀ ਜਾਪੇ। ਬੌਸ, ਅਮੀਰ ਵਿਅਕਤੀ ਜਾਂ ਨੇਤਾ ਦੀ ਤਾਰੀਫ ਸਿਰਫ ਚਮਚਾਗਿਰੀ। ਨਿੱਜੀ ਮੁਫਾਦ ਦਾ ਲੋਭ ਜਾਂ ਕੁਰਸੀ ਨੂੰ ਸਲਾਮ। ਕਪਟੀ ਤਾਰੀਫ ਵਿਚੋਂ ਸੁੱਚੇ ਅਰਥ ਕਿੰਜ ਤਲਾਸ਼ੋਗੇ?
ਤਾਰੀਫ, ਤਰਜਮਾਨੀ ਵੀ ਨਹੀਂ ਹੁੰਦੀ। ਹਰੇਕ ਪੱਖ ਦੀਆਂ ਸਿਫਤਾਂ ਹੀ ਸਿਫਤਾਂ। ਘਟੀਆ ਅਤੇ ਵਧੀਆ ਪੱਖ ਦੀਆਂ ਇਕੋ ਜਿਹੀਆਂ ਸਿਫਤਾਂ। ਅਜਿਹੀ ਤਰਜਮਾਨੀ ਬਹੁਤ ਘਾਤਕ।
ਇਕ-ਪਾਸੜ ਤਾਰੀਫ, ਨਾਂਹ-ਪੱਖੀ ਵਰਤਾਰਾ। ਵਿਅਕਤੀਤਵ ਵਿਕਾਸ ਰੁਕ ਜਾਂਦਾ। ਜੇ ਕਮੀਆਂ ਤੇ ਊਣਤਾਈਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦੂਰ ਨਹੀਂ ਕਰਾਂਗੇ ਤਾਂ ਵਿਕਾਸ ਕਿੰਜ ਹੋਵੇਗਾ?
ਲਿਹਾਜ਼ਦਾਰੀ ਕਾਰਨ ਕੀਤੀ ਤਾਰੀਫ ਸਰਘੀ ਦੇ ਸੂਰਜ ਨੂੰ ਸ਼ਾਮ ਦੇ ਘੁਸਮੁੱਸੇ ਵਿਚ ਉਲਝਾਉਣਾ। ਕਿਸੇ ਸੰਸਥਾ, ਸਾਥੀ ਜਾਂ ਗਰੁਪ ਦੀ ਨੇੜਤਾ ਕਾਰਨ ਕੀਤੀ ਗਈ ਤਾਰੀਫ ਰਾਹ ਵਿਚ ਉਗੇ ਖੱਡੇ ਤੇ ਖਾਈਆਂ।
ਕਈ ਵਾਰ ਕੁਝ ਲੋਕ ਕਿਸੇ ਚੰਗੇਰੇ ਪੱਖ ਦੀ ਤਾਰੀਫ ਕਰਨ ਦੀ ਥਾਂ ਚੰਗੇ ਨੂੰ ਮਾੜਾ ਕਹਿਣ ਦੇ ਆਦੀ। ਸ਼ਾਇਦ ਉਨ੍ਹਾਂ ਦੇ ਮਨ ਵਿਚ ਕਿਸੇ ਦੇ ਉਪਰ ਉਠਣ ਦਾ ਤੌਖਲਾ ਹੁੰਦਾ, ਜੋ ਉਨ੍ਹਾਂ ਦੀ ਮਾਨਸਿਕ ਕਮਜ਼ੋਰੀ ਨੂੰ ਜੱਗ-ਜਾਹਰ ਕਰਦਾ।
ਤਾਰੀਫ ਇੰਨੀ ਕੁ ਹੀ ਕਰੋ, ਜਿਨ੍ਹਾਂ ਕਿਸੇ ਦਾ ਹੱਕ ਹੋਵੇ। ਰੂਸ ਦੇ ਵਿਦਵਾਨ ਦਾ ਕਹਿਣਾ ਹੈ ਕਿ ਦੀਵੇ ਨੂੰ ਇੰਨੀ ਕੁ ਹਵਾ ਦਿਓ ਕਿ ਉਹ ਜਗਦਾ ਰਹੇ। ਇੰਨੀ ਜੋਰ ਦੀ ਫੂਕ ਵੀ ਨਾ ਮਾਰੋ ਕਿ ਦੀਵਾ ਹੀ ਬੁੱਝ ਜਾਵੇ।
ਤਾਰੀਫ ਬਹੁ-ਰੂਪੀ। ਨਿੱਜੀ, ਸੰਸਥਾਈ ਅਤੇ ਸਮਾਜਕ ਵੀ। ਵਿਸ਼ਵ ਪੱਧਰੀ ਇਨਾਮ ਜਿਵੇਂ ਨੋਬਲ ਪੁਰਸਕਾਰ ਆਦਿ ਵੱਖ-ਵੱਖ ਪੱਧਰ ਦੀਆਂ ਤਾਰੀਫਾਂ ਦੇ ਰੂਪ ਜੋ ਕਈ ਵਾਰ ਨਿੱਜੀ ਪੱਧਰ ‘ਤੇ, ਕਈ ਵਾਰ ਸਾਂਝੇ ਰੂਪ ਵਿਚ ਅਤੇ ਕਈ ਵਾਰ ਸੰਸਥਾਵਾਂ ਨੂੰ ਦਿੱਤੇ ਜਾਂਦੇ।
ਸੱਚੀ ਤਾਰੀਫ ਕਮਾਈ ਜਾਂਦੀ, ਮੁੱਲ ਨਹੀਂ ਮਿਲਦੀ ਅਤੇ ਨਾ ਹੀ ਬਾਜ਼ਾਰ ਵਿਕੇਂਦੀ। ਕਿਰਤ-ਸਾਧਨਾ ਵਿਚੋਂ ਉਗੀ ਆਭਾ, ਸਮਾਜ ਨੂੰ ਰੁਸ਼ਨਾਉਂਦੀ, ਪਰ ਜਦ ਇਹ ਤਾਰੀਫ ਸੌੜੀ ਸਿਆਸਤ ‘ਚੋਂ ਸਿੰਮਦੀ, ਜਾਤਾਂ-ਪਾਤਾਂ ਦੀ ਗਿਣਤੀਆਂ/ਮਿਣਤੀਆਂ ਵਿਚ ਉਲਝਦੀ ਜਾਂ ਸਨਮਾਨ ਦੇਣ ਵਾਲਿਆਂ ਦੇ ਹਿੱਤ-ਪੂਰਤੀ ਦਾ ਖਿਆਲ ਬਣਦੀ ਤਾਂ ਤਾਰੀਫ ਤੜਫ ਕੇ ਰਹਿ ਜਾਂਦੀ। ਅਜਿਹੀ ਤਾਰੀਫ ਸਿਰਫ ਥੋੜ੍ਹ-ਚਿਰੀ ਅਤੇ ਸੰਕੀਰਨ ਦਾਇਰੇ ਤੀਕ ਹੀ ਸੀਮਤ।
ਤਾਰੀਫ ਹੋਣ ਜਾਂ ਮਾਣ-ਸਨਮਾਨ ਮਿਲਣ ‘ਤੇ ਹਾਸਲ-ਕਰਤਾ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ, ਕਿਉਂਕਿ ਤਾਰੀਫ ਨੂੰ ਸਹੀ ਸਾਬਤ ਕਰਨ ਅਤੇ ਸਨਮਾਨ ਦੇ ਹਾਣੀ ਬਣਨ ਪਿਛੋਂ ਉਪਰ ਉਠਣ ਅਤੇ ਹੋਰ ਅੱਗੇ ਵਧਣ ਦੀ ਤਵੱਕੋ ਵੀ ਹਰ ਕੋਈ ਕਰਦਾ। ਹਰੇਕ ਦੇ ਮਨ ਵਿਚ ਕੁਝ ਹੋਰ ਚੰਗਾ ਕਰਨ, ਦੇਣ ਜਾਂ ਅਰਪਿਤ ਕਰਨ ਦੀ ਧਾਰਨਾ ਪੈਦਾ ਹੁੰਦੀ।
ਕੁਝ ਲੋਕ ਸਿਰਫ ਮਾਣ-ਸਨਮਾਨ ਨੂੰ ਮਨ ਵਿਚ ਰੱਖ ਕੇ ਕੁਝ ਕਰਦੇ ਅਤੇ ਇਸ ਦੀ ਪ੍ਰਾਪਤੀ ਪਿਛੋਂ ਚੁੱਪ ਹੋ ਜਾਂਦੇ। ਅਜਿਹੇ ਲੋਕ ਦਰਅਸਲ ਇਸ ਦੇ ਯੋਗ ਹੀ ਨਹੀਂ ਹੁੰਦੇ। ਕਰਮ-ਯੋਗੀਆਂ ਦੀ ਕਰਮ-ਯੋਗਤਾ ਦਾ ਸਫਰ ਤਾਂ ਨਿਰੰਤਰ ਜਾਰੀ ਰਹਿੰਦਾ।
ਤਾਰੀਫ ਨੂੰ ਕਦੇ ਵੀ ਤਨ ਤੇ ਧਨ ਤੀਕ ਸੀਮਤ ਨਾ ਕਰੋ। ਅਜਿਹੀ ਤਾਰੀਫ ਬਹੁਤ ਹੀ ਹਲਕੀ, ਕੋਝੀ ਅਤੇ ਭਰਮ-ਭਾਵੀ। ਤਾਰੀਫ ਕਰਨੀ ਹੈ ਤਾਂ ਮਨ-ਜੋਤ ਦੀ ਕਰੋ, ਸੂਖਮ ਭਾਵਾਂ ਦੀ, ਅਹਿਸਾਸ ਭਰੀਤੇ ਚਾਵਾਂ ਦੀ, ਕਿਸੇ ਦੀ ਪੀੜ ‘ਚ ਸਲਾਬੇ ਨੈਣਾਂ ਦੀ, ਸਾਰਥਕ ਸੋਚ ਦੀ, ਚੇਤਨਾ-ਚਿਰਾਗ ਦੀ, ਕਿਰਤ ‘ਚ ਗੂੰਜਦੇ ਜੀਵਨ-ਨਾਦ ਦੀ, ਹਰਫਾਂ ਵਿਚਲੀ ਲੋਅ ਦੀ, ਅਰਥਾਂ ਦੀ ਮਿਲਦੀ ਸੋਅ ਦੀ, ਕਾਇਨਾਤ ਦੇ ਸੁੰਦਰ ਪਸਾਰੇ ਦੀ, ਨਦੀਆਂ ਦੀ ਮਟਕਦੀ ਤੋਰ ਦੀ, ਝਰਨਿਆਂ ਦੇ ਸੁਰੀਲੇ ਸ਼ੋਰ ਦੀ, ਪਰਬਤੀ-ਪਾਹੁਲ ਦੀ, ਪੌਣ-ਪਾਕੀਜ਼ਗੀ ਦੀ, ਧਰਤ-ਧਰਮ ਦੀ, ਕੀਰਤੀ-ਕਰਮ ਦੀ, ਜੀਵਨ-ਜਾਚ ਦੀ, ਸੁਖਨਵਰ ਸਾਥ ਦੀ, ਪਿਆਰ-ਪਰੁੱਚੇ ਪਲਾਂ ਦੀ, ਪਿਆਰਿਆਂ ਦੀ ਸੰਗਤ ਦੀ, ਆਪਣਿਆਂ ਦੀ ਅਪਣੱਤ ਦੀ, ਬਜੁਰਗੀ ਅਸੀਸ ਦੀ ਅਤੇ ਵਡੇਰਿਆਂ ਦੀ ਬਰਕਤ-ਬੰਦਗੀ ਦੀ। ਫਿਰ ਤਾਰੀਫ ਨੂੰ ਵੀ ਆਪਣੀ ਹੋਂਦ ‘ਤੇ ਮਾਣ ਹੋਵੇਗਾ। ਸੂਰਤ ਤੇ ਸੀਰਤ ਦੇ ਸੰਗਮ ਵਿਚੋਂ ਸਿੰਮਦੀ ਸਿਫਤਿ-ਸਲਾਹ, ਅੰਗੜਾਈ ਲੈਂਦਾ ਸੱਚ ਦਾ ਸੂਰਜ, ਜੋ ਮਨ-ਬਨੇਰੇ ਨੂੰ ਚਾਨਣ ਤੇ ਨਿੱਘ ਨਾਲ ਭਿਉਂਦਾ।
ਤਾਰੀਫ ਹੋਣ ਦਾ ਮਤਲਬ ਕਿ ਵਿਅਕਤੀ ਆਪਣੇ ਵਿਸ਼ਵਾਸ ਵਿਚ ਅਡੋਲ। ਦੁਸ਼ਮਣਾਂ ਦੀ ਚਾਲਾਂ ਤੋਂ ਅਭਿੱਜ ਤੇ ਅਡਿੱਗ। ਮੰਜ਼ਿਲ-ਮਕਸਦ ਪੂਰਤੀ ਲਈ ਹਰ ਔਕੜ ਦਾ ਸਾਹਮਣਾ ਕਰਨ ਦੇ ਸਮਰੱਥ ਅਤੇ ਸਫਲਤਾ ਨੂੰ ਹਾਸਲ ਬਣਾਉਣ ਦਾ ਹਾਮੀ।
ਤਾਰੀਫ ਜਦ ਬੇਵਜ਼ਾ ਤੇ ਬੇਹੂਦਾ ਹੋ ਜਾਵੇ ਤਾਂ ਤਾਰੀਫ ਬਦਨਾਮੀ ਹੁੰਦੀ। ਅਜਿਹੀ ਤਾਰੀਫ ਕਿਸੇ ਨੂੰ ਨੀਵਾਂ ਦਿਖਾਉਣ ਲਈ ਕੋਹਝੀਆਂ ਹਰਕਤਾਂ ਰਾਹੀਂ ਕਿਸੇ ਨੂੰ ਘਟੀਆ ਸਾਬਤ ਕਰਨ ਦੀ ਚਾਲ ਹੁੰਦੀ।
ਤਾਰੀਫ ਕਦੇ ਵੀ ਸੰਖੀਆ ਨਾ ਹੋਵੇ, ਜੋ ਮਨੁੱਖ ਨੂੰ ਹੌਲੀ ਹੌਲੀ ਗਾਲੇ। ਸਗੋਂ ਨਿੰਮ ਵਰਗੀ ਜਾਂ ਔਲ੍ਹੇ ਵਰਗੀ ਹੋਵੇ, ਜੋ ਮਨੁੱਖੀ ਸਦੀਵਤਾ ਦਾ ਧਰਮ ਪਾਲੇ, ਸੋਚ-ਸਰਵਰ ਨੂੰ ਹੰਗਾਲੇ ਅਤੇ ਮਨ-ਚਾਹਿਆ ਫਲ ਪਾ ਲਏ।
ਹਲੀਮੀ ਨੂੰ ਹਾਸਲ ਬਣਾਉਣ ਵਾਲਿਆਂ ਲਈ ਤਾਰੀਫ ਜਾਂ ਬਦਨਾਮੀ ਦਾ ਕੋਈ ਅਸਰ ਨਹੀਂ। ਉਨ੍ਹਾਂ ਲਈ ਜਗਿਆਸਾ, ਜਜ਼ਬਾਤ, ਜ਼ਿੰਦਾਦਿਲੀ, ਜਸ਼ਨ ਤੇ ਜਜ਼ਬਾ ਹੀ ਜ਼ਿੰਦਗੀ ਦਾ ਨਾਮਕਰਨ ਹੁੰਦੇ ਨੇ। ਉਹ ਜਾਣਦੇ ਕਿ ਉਹ ਕੀ ਹਨ ਅਤੇ ਕੀ ਕਰ ਰਹੇ ਨੇ?
ਤਾਰੀਫ ਕਰਨ ਵਾਲੇ ਲੋਕ ਜ਼ਿੰਦਗੀ ਦਾ ਜਸ਼ਨ। ਸੁਹੰਢਣੇ ਪਲਾਂ ਦੇ ਲਾਡਲੇ ਪੁੱਤ। ਹੁਸੀਨ ਪਲ ਉਨ੍ਹਾਂ ਦੀ ਹਰ ਦਮ ਉਡੀਕ ਕਰਦੇ। ਰਹਿਮਤ ਦੀ ਝੋਲੀ ਭਰ ਭਰ ਵੰਡਦੇ। ਉਹ ਖੁਦ ਵੀ ਜਿਉਂਦੇ ਅਤੇ ਜਿਉਣ ਦਾ ਸਬਕ ਵੀ ਹੁੰਦੇ।
ਇਲਹਾਮੀ ਤਾਰੀਫ ਕਰਨੀ ਹੀ ਹੈ ਤਾਂ ਕੁਦਰਤ ਦੀ ਕਰੋ। ਕਾਇਨਾਤ ਵਿਚ ਬਿਖਰੇ ਰੰਗਾਂ ਦਾ ਗੁਣਗਾਣ ਕਰੋ। ਚੰਨ-ਚਾਨਣੀ ਰਾਤ ਵਿਚ ਚੰਨ ਵਰਗਾ ਬਣਨ ਦੀ ਤਮੰਨਾ ਮਨ ਵਿਚ ਪਾਲੋ। ਰਾਤ ਦੇ ਮੱਥੇ ‘ਤੇ ਹੀਰੇ ਵਾਂਗ ਚਮਕਦੇ ਤਾਰੇ ਦੀ ਤਾਂਘ ਬਣੋ। ਕਦੇ ਉਸ ਜੁਗਨੂੰ ਨੂੰ ਅਕੀਦਤ ਭੇਟ ਕਰੋ, ਜੋ ਹਨੇਰਿਆਂ ਨਾਲ ਆਢਾ ਲਾਉਂਦਾ, ਚਾਨਣ ਦੀ ਲੀਕ ਸਿਰਜਣ ਵਿਚ ਲੀਨ। ਬਿਰਖਾਂ, ਪੱਤਿਆਂ ਤੇ ਫੁੱਲਾਂ ਦੇ ਰੰਗ-ਸੁਗੰਧ ਅਤੇ ‘ਵਾ-ਰੁਮਕਣੀ ਨੂੰ ਰੂਹ-ਰਮਤਾ ਦਾ ਰਾਗ ਬਣਾਓ। ਦੇਖਣਾ! ਜ਼ਿੰਦਗੀ ਕਿੰਨੀ ਸੁੰਦਰ ਹੋਵੇਗੀ, ਕਿਉਂਕਿ ਤਾਰੀਫ ਵਿਚੋਂ ਤਕਦੀਰ ਵੀ ਊਦੈ ਹੁੰਦੀ।
ਤਾਰੀਫ ਕ੍ਰਿਸ਼ਮਿਆਂ ਦੀ ਜਨਮਦਾਤੀ। ਜਦ ਕੋਈ ਆਮ ਵਿਅਕਤੀ ਕ੍ਰਿਸ਼ਮਈ ਕੀਰਤੀ ਕਰਦਾ ਤਾਂ ਇਸ ਪਿਛੇ ਕਈ ਵਾਰ ਅਧਿਆਪਕ ਜਾਂ ਗੁਰੂ ਦਾ ਅਹਿਮ ਰੋਲ ਹੁੰਦਾ, ਕਿਉਂਕਿ ਆਮ ਅਧਿਆਪਕ ਸਿਰਫ ਦੱਸਦਾ ਹੈ, ਵਧੀਆ ਅਧਿਆਪਕ ਵਿਸਥਾਰ ਨਾਲ ਸਮਝਾਉਂਦਾ ਹੈ, ਬਹੁਤ ਵਧੀਆ ਅਧਿਆਪਕ ਕਰਕੇ ਦਿਖਾਉਂਦਾ ਹੈ, ਉਤਮ ਅਧਿਆਪਕ ਪ੍ਰੇਰਿਤ ਕਰਦਾ ਹੈ, ਪਰ ਸਭ ਤੋਂ ਉਤਮ ਅਧਿਆਪਕ ਪ੍ਰੇਰਿਤ ਕਰਨ ਦੇ ਨਾਲ-ਨਾਲ ਉਸ ਦੀ ਤਾਰੀਫ ਵੀ ਕਰਦਾ ਹੈ। ਫਿਰ ਕੁਝ ਅਲੋਕਾਰੀ ਵਾਪਰਦਾ ਹੈ।
ਕਦੇ ਵੀ ਤਾਰੀਫ ਲਈ ਹੀ ਕਾਰਜ ਨਾ ਕਰੋ, ਸਗੋਂ ਕੋਈ ਵੀ ਕਾਰਜ ਕਰਦੇ ਸਮੇਂ ਰੂਹ ਦੀ ਤ੍ਰਿਪਤੀ, ਮਨ ਦੀ ਮੌਜ ਅਤੇ ਸਮਾਜ ਲਈ ਕੁਝ ਚੰਗਾ ਕਰਨ ਦਾ ਸਕੂਨ ਮਨ ਵਿਚ ਪਾਲੋ। ਤਾਰੀਫ ਜਾਂ ਹੱਲਾਸ਼ੇਰੀ ਖੁਦ-ਬਖੁਦ ਤੁਹਾਡਾ ਮਾਣ ਬਣੇਗੀ। ਨੇਕ ਕਾਰਜ ਵਾਲਿਆਂ ਲਈ ਤਾਰੀਫ ਵੀ ਬਹੁਤ ਛੋਟੀ ਹੁੰਦੀ। ਉਹ ਵੱਡੇ ਅਰਥਾਂ ਵਾਲੇ ਵੱਡੇ ਕਾਰਜਾਂ ਨੂੰ ਹੀ ਅਰਪਿਤ ਹੁੰਦੇ। ਅਜਿਹੇ ਲੋਕਾਂ ਲਈ ਵਾਦ-ਵਿਵਾਦ, ਚਰਚਾ, ਲਾਅਨਤ, ਦੂਸ਼ਣਬਾਜੀ, ਹੱਲਾਸ਼ੇਰੀ, ਸ਼ਾਬਾਸ਼ ਜਾਂ ਤਾਰੀਫ ਦੇ ਅਰਥ ਵੀ ਸਮਾਨੰਤਰ। ਉਹ ਤਾਂ ਆਪਣੇ ਕੰਮ ਵਿਚ ਹੀ ਲੀਨ। ਉਹ ਸਿਰਫ ਕੰਮ ਕਰਦੇ। ਇਸ ਦਾ ਇਵਜ਼ਾਨਾ, ਲਾਭ ਜਾਂ ਹਾਨੀ ਦੇ ਕੋਈ ਅਰਥ ਨਹੀਂ। ਅਜਿਹੇ ਲੋਕ ਸਰਬੋਤਮ ਹੁੰਦੇ।
ਕੁਝ ਲੋਕ ਝੂਠੀ ਤਾਰੀਫ ਸੁਣ ਕੇ ਖੁਦ ਨੂੰ ਭੁੱਲ ਜਾਂਦੇ ਅਤੇ ਆਪਣਾ ਆਪ ਬਰਬਾਦ ਕਰ ਲੈਂਦੇ। ਅਜਿਹੇ ਲੋਕ ਆਲੋਚਨਾ ਸੁਣਨ ਤੋਂ ਨਾਬਰ; ਤਾਂ ਹੀ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ। ਦਰਅਸਲ ਆਲੋਚਨਾ ਹੀ ਵਿਕਾਸ ਦਾ ਮੂਲ-ਮੰਤਰ। ਤਾਰੀਫ ਨੂੰ ਆਲੋਚਨਾਮਈ ਤਰੀਕੇ ਨਾਲ ਸਮਝੋਗੇ ਤਾਂ ਇਹ ਤੁਹਾਡੇ ਰਾਹਾਂ ਵਿਚ ਚਾਨਣ ਬਿਖੇਰੇਗੀ।
ਤਾਰੀਫ ਤੇ ਇੱਜਤ ਕਮਾਈ ਜਾਂਦੀ, ਜੋ ਵਿਅਕਤੀਗਤ ਜਾਂ ਸਮੂਹਕ ਕੰਮ ਨਾਲ ਮਿਲਦੀ। ਅੱਖਾਂ ਕੇਵਲ ਦ੍ਰਿਸ਼ਟੀ ਜਦ ਕਿ ਮਨ ਦਿੱਭ-ਦ੍ਰਿਸ਼ਟੀ।
ਤਾਰੀਫ ਕਦੇ ਖੁਦ ਨਹੀਂ ਕਰੀਦੀ। ਤਾਰੀਫ ਤਾਂ ਉਹ ਹੁੰਦੀ, ਜੋ ਲੋਕ, ਸਾਥੀ ਜਾਂ ਸਮਾਜ ਕਰਦਾ, ਕਿਉਂਕਿ ਤੁਹਾਡੀ ਅਸਲੀਅਤ ਤਾਂ ਦੂਜਿਆਂ ਦੀ ਤੱਕੜੀ ਵਿਚ ਹੀ ਤੁਲਦੀ। ਵਿਅਕਤੀ ਖੁਦ ਤਾਂ ਹਮੇਸ਼ਾ ਪਾਸਕੂੰ ਹੀ ਰੱਖਦਾ।
ਤਾਰੀਫ ਕਰਨ ਲੱਗਿਆਂ ਕਾਹਦੀ ਤੰਗਦਿਲੀ, ਭਰਪੂਰਤਾ ਨਾਲ ਕਰੋ। ਸ਼ੁਭ-ਚਿੰਤਨ ਦਾ ਸੁਨੇਹਾ, ਹੱਕਦਾਰ ਦੇ ਨਾਮ ਲਾਓ। ਖੁਦ ‘ਤੇ ਨਾਜ਼ ਮਹਿਸੂਸ ਹੋਵੇ।
ਮਹਾਨ ਵਿਅਕਤੀ ਕਦੇ ਵੀ ਤਾਰੀਫ ਨਹੀਂ ਚਾਹੁੰਦੇ। ਉਨ੍ਹਾਂ ਦਾ ਕੁਝ ਕਰਨ ਵਿਚ ਵਿਸ਼ਵਾਸ। ਮਾਣ-ਸਨਮਾਨ ਤੋਂ ਬੇਲਾਗ। ਪ੍ਰਾਪਤੀ ਪਿਛੋਂ ਵੀ ਆਪਣੀ ਧੁਨ ਵਿਚ ਮਗਨ, ਸੁਚਾਰੂ ਆਹਰ ‘ਚ ਲੀਨ, ਸਮਾਜ ਨੂੰ ਵਧੀਆ ਸਿਰਜਣ ਲਈ ਸਮਰਪਿਤ। ਜ਼ਿੰਦਗੀ ਨੂੰ ਹੋਰ ਸੁੰਦਰ ਤੇ ਹੁਸੀਨ ਬਣਾਉਣਾ, ਜੀਵਨੀ-ਮੰਤਵ। ਖੁਦ ਨੂੰ ਪਛਾਣਨ ਵਾਲੇ ਹੀ ਮਹਾਨ ਵਿਅਕਤੀ ਹੁੰਦੇ। ਉਨ੍ਹਾਂ ਦੀ ਤਾਰੀਫ ਕਰਨ ਲੱਗਿਆਂ ਕਈ ਵਾਰ ਵਿਅਕਤੀ ਖੁਦ ਨੂੰ ਹੀਣਾ ਸਮਝਦਾ।
ਤਾਰੀਫ ਕਰੋ ਤਾਂ ਹੋਰ ਜ਼ਿਆਦਾ ਲੋਕ ਤਾਰੀਫ ਦੇ ਹੱਕਦਾਰ ਬਣਨ ਲਈ ਹਿੰਮਤ ਨੂੰ ਯਾਰ ਬਣਾਉਣਗੇ। ਪ੍ਰਸ਼ੰਸਾ ਕਰੋ ਰੱਜ ਕੇ ਉਨ੍ਹਾਂ ਪ੍ਰਾਪਤੀਆਂ ਦੀ, ਜਿਨ੍ਹਾਂ ਨੇ ਮਨੁੱਖੀ ਸਦੀਵਤਾ ਅਤੇ ਸੰਦਰਤਾ ਨੂੰ ਆਪਣਾ ਮਕਸਦ ਬਣਾਇਆ ਕਿਉਂਕਿ ਮਾਨਵੀ ਸਰੋਕਾਰ ਤਾਂ ਮਨੁੱਖੀ ਸਲਾਮਤੀ ਨਾਲ ਹੀ ਜੁੜੇ ਹੋਏ ਨੇ।