ਚੱਲ ਭਾਈ ਲਾਲੋ! ਬਾਬਾ ਨਾਨਕ ਲੱਭੀਏ…

ਡਾ. ਗੁਰਬਖਸ਼ ਸਿੰਘ ਭੰਡਾਲ
ਭਾਈ ਲਾਲੋ ਬਹੁਤ ਨਿਰਾਸ਼ ਤੇ ਹਤਾਸ਼ ਹੈ। ਬਹੁਤ ਹੀ ਬੇਆਸ ਤੇ ਉਦਾਸ ਹੈ। ਆਪਣੇ ਆਪ ‘ਚ ਸਿਮਟਿਆ, ਗੁੰਮ-ਸੁੰਮ, ਇਕ-ਖਣੇ ਘਰ ‘ਚ ਬੰਦ। ਆਪੇ ਨਾਲ ਕਰ ਰਿਹਾ ਯੁੱਧ।
ਭਾਈ ਲਾਲੋ ਨੂੰ ਆਪਣੀ ਹੋਂਦ ‘ਤੇ ਨਮੋਸ਼ੀ, ਕੀਰਤੀ ‘ਤੇ ਹਾਸੀ ਅਤੇ ਖੁਦ ‘ਤੇ ਬੇ-ਵਿਸ਼ਵਾਸੀ। ਉਹ ਸੱਤਹੀਣ ਹੋਇਆ ਖੁਦ ਨੂੰ ਖੁਦ ‘ਚੋਂ ਮਨਫੀ ਕਰ ਚੁਕਾ ਏ।

ਭਾਈ ਲਾਲੋ, ਬਾਬੇ ਨਾਨਕ ਦਾ ਸੱਚਾ ਭਗਤ। ਉਸ ਦੀ ਸ਼ਬਦ-ਸੋਚ ਨੂੰ ਕੀਰਤੀ ਬਣਾਉਣ ਵਾਲਾ। ਜੀਵਨ-ਸੀਰਤ ਨੂੰ ਨਵੇਂ ਅਰਥ ਅਤੇ ਨਵੀਂਆਂ ਤਰਜ਼ੀਹਾਂ ਦੇਣ ਵਾਲਾ। ਅੱਜ ਕੱਲ ਫਿਕਰਾਂ ਵਿਚ ਡੁੱਬਿਆ ਚਿੰਤਾਵਾਂ ਦੀ ਚਿਖਾ ਸੇਕ ਰਿਹਾ।
ਭਾਈ ਲਾਲੋ ਤਾਂ ਬੀਤੇ ਦੀ ਯਾਦ ਵਿਚ ਹੀ ਸਰਸ਼ਾਰ ਕਿ ਅੱਜ ਤੋਂ ਕੋਈ 500 ਕੁ ਸਾਲ ਪਹਿਲਾਂ ਨਾਨਕ ਸ਼ਾਹ ਫਕੀਰ ਨੇ ਉਸ ਦੇ ਦਰ ‘ਤੇ ਦਸਤਕ ਦਿਤੀ ਸੀ। ਅਪਣੱਤ ਨਾਲ ਸੀਨੇ ਨਾਲ ਲਾਇਆ ਸੀ। ਅਲਾਣੇ ਮੰਜੇ ‘ਤੇ ਬਹਿ ਕੇ ਦੁੱਖ-ਸੁੱਖ ਸਾਂਝਾ ਕੀਤਾ ਸੀ। ਭਾਈ ਮਰਦਾਨੇ ਨਾਲ ਸਤਸੰਗ ਰਚਾ ਕੇ ਉਸ ਦੇ ਘਰ ਨੂੰ ਭਾਗ ਲਾਏ। ਬਾਬੇ ਨਾਨਕ ਦੇ ਆਮਦੀ-ਪ੍ਰਕਾਸ਼ ਨੇ ਕੱਚੇ ਘਰ ਨੂੰ ਰੋਸ਼ਨੀ ਨਾਲ ਭਰ ਦਿੱਤਾ ਸੀ। ਸਬਰ, ਸੰਤੋਖ ਅਤੇ ਸੁੱਚਮ ਦਾ ਵਰ ਦਿੱਤਾ ਸੀ। ਮਲਕ ਭਾਗੋਆਂ ਦੀ ਪ੍ਰਵਾਹ ਨਾ ਕਰਦਿਆਂ ਭਾਈ ਲਾਲੋ ਦੀ ਰੋਟੀ ਵਿਚੋਂ ਭੁੱਖ-ਤ੍ਰਿਪਤੀ ਨੂੰ ਨਵੇਂ ਅਰਥ ਦਿੱਤੇ ਸਨ। ਕੇਹੀ ਸੀ, ਬਾਬੇ ਨਾਨਕ ਦੀ ਪੈਰ-ਛੋਹ ਕਿ ਘਰ ਪਵਿੱਤਰ ਹੋ ਗਿਆ। ਭਾਈ ਲਾਲੋ ਨੂੰ ਬਾਬੇ ਨੇ ਗੁਰਬਾਣੀ ਵਿਚ ਸਦਾ ਲਈ ਅਮਰ ਕਰ ਦਿੱਤਾ, ਜਦ ਉਸ ਨੂੰ ਮੁਖਾਤਬ ਹੋ ਕੇ ਬਾਬਰ-ਬਾਣੀ ਉਚਰੀ ਸੀ। ਕੇਹਾ ਸਾਥ ਤੇ ਨਿੱਘ ਸੀ ਬਾਬੇ ਨਾਨਕ ਦੀ ਸੰਗਤ ਦਾ, ਜਿਸ ਨੇ ਯੱਖ ਪਲਾਂ ਨੂੰ ਨਿੱਘ ਅਤੇ ਜੀਵਨ-ਸੋਚ ਨੂੰ ਨਵੀਂ ਪਰਵਾਜ਼ ਦਿੱਤੀ। ਬਾਬਾ ਨਾਨਕ ਅਜਿਹਾ ਫਕੀਰ ਸੀ, ਜੋ ਭਾਈ ਲਾਲੋਆਂ ਦਾ ਸਕਾ-ਸੋਧਰਾ ਅਤੇ ਉਨ੍ਹਾਂ ‘ਚੋਂ ਹੀ ਖੁਦਾਈ ਦੇ ਦਰਸ਼ਨ ਕਰਦਾ ਸੀ।
ਪਰ ਹੁਣ ਭਾਈ ਲਾਲੋ ਟੁੱਟ ਚੁਕਾ ਏ; ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ, ਨਾ ਹੀ ਕੋਈ ਉਸ ਦੀ ਤਿੜਕਦੀ ਜੀਵਨ ਡੋਰ ਨੂੰ ਢਾਰਸ ਦੇਣ ਵਾਲਾ।
ਭਾਈ ਲਾਲੋ! ਤੂੰ ਭੀੜੀ ਜਿਹੀ ਗਲੀ ਵਿਚ ਰਹਿੰਨਾ ਏਂ। ਚਾਨਣ ਤ੍ਰਹਿਕਦਾ ਏ ਤੇਰੇ ਵਿਹੜੇ ਆਉਣ ਤੋਂ। ਹੁਣ ਨਹੀਂ ਨਾਨਕ ਦਰਵੇਸ਼ ਨੇ ਤੇਰੇ ਘਰ ਫੇਰਾ ਪਾਉਣਾ। ਅਜੋਕੇ ਬਾਬਿਆਂ ਨੂੰ ਮੁਸ਼ਕ ਆਉਂਦਾ ਏ ਤੇਰੇ ਘਰ ਤੇ ਰਹਿਣੀ-ਬਹਿਣੀ ‘ਚੋਂ। ਕਿਰਤ-ਕਾਮਨਾ ‘ਚੋਂ ਕਿਰਤ ਨੂੰ ਕੀਰਤੀ ਬਣਾਉਣ ਵਾਲਿਆ! ਤੇਰੀ ਕਿਰਤ ਹੀ ਤੇਰਾ ਸਭ ਕੁਝ ਏ। ਕਿਸੇ ਦਸਤਕ ਦੀ ਆਸ ਨਾ ਰੱਖ ਅਤੇ ਆਪਣੇ ਬੂਹੇ ਦੇ ਕਵਾੜ ਖੋਲ੍ਹ। ਤੇਰੇ ਮੁੜ੍ਹਕੇ ਦੀ ਬਾਹਰ ਨਿਕਲਦੀ ਮਹਿਕ, ਸ਼ਾਇਦ ਮਲਕ ਭਾਗੋਆਂ ਨੂੰ ਬੇ-ਆਰਾਮ ਕਰੇ। ਨੰਗੇ ਪੈਰ ਅਤੇ ਪਾਟੀਆਂ ਬੇਆਈਆਂ ਵਾਲਾ ਬਾਬਾ ਨਾਨਕ ਮਖਮਲੀ ਬਾਬਿਆਂ ਤੋਂ ਬਹੁਤ ਉਚਾ ਏ। ਦੁੱਖੀ ਹੁੰਦਾ ਹੋਵੇਗਾ ਕਿ ਮੇਰੀ ਸ਼ਬਦ-ਸਾਧਨਾ ਦਾ ਕਿਵੇਂ ਵਪਾਰ ਕੀਤਾ ਜਾ ਰਿਹਾ?
ਭਾਈ ਲਾਲੋ! ਤੇਰਾ ਕਰਮ ਤੇ ਕਿਰਤ ਹੀ ਪਾਠ ਅਤੇ ਪੂਜਾ। ਚੰਗਾ ਹੈ ਤੂੰ ਇਕੋਤਰੀਆਂ, ਸਿਮਰਨਾਂ, ਕੀਰਤਨ ਦਰਬਾਰਾਂ ਜਾਂ ਨਗਰ ਕੀਰਤਨਾਂ ਦਾ ਹਿੱਸਾ ਨਹੀਂ ਬਣਿਆ। ਇਹ ਤਾਂ ਲੋਕ-ਮਨਾਂ ਨੂੰ ਉਲਝਾਉਣ ਅਤੇ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਦੂਰ ਕਰਨ ਲਈ ਇਕ ਚਾਲ ਤੇ ਵਪਾਰ ਏ। ਹਜਾਰਾਂ ਕਰੋੜ ਰੁਪਏ, ਲੱਖਾਂ ਗੁਰਦੁਆਰਿਆਂ ਵਿਚ ਕਰਵਾਏ ਜਾ ਰਹੇ ਕੀਰਤਨ ਦਰਬਾਰਾਂ ਤੇ ਸਜਾਏ ਜਾਂਦੇ ਨਗਰ ਕੀਰਤਨਾਂ ਵਿਚ ਉਜਾੜ ਦਿਤੇ ਜਾਣਗੇ। ਇਸ ਨਾਲ ਮਲਕ ਭਾਗੋਆਂ ਦੇ ਖਜਾਨੇ ਹੋਰ ਭਰ ਜਾਣਗੇ। ਵੱਡੇ ਸਮਾਗਮ ਕਰਵਾਉਣ ਵਾਲਿਆਂ ਨੂੰ ਬਾਬਾ ਨਾਨਕ ਨਹੀਂ ਦਿਸਦਾ। ਮਲਕ ਭਾਗੋਆਂ ਦਾ ਰਾਜ ਏ ਅਤੇ ਉਨ੍ਹਾਂ ਨੇ ਨਾਨਕ-ਸੋਚ ਦੀ ਗੱਲ ਨਹੀਂ ਕਰਨੀ ਤੇ ਨਾ ਹੀ ਕਰਨ ਦੇਣੀ ਏ। ਉਹ ਤਾਂ ਬਾਬੇ ਨਾਨਕ ਦੇ ਨਾਮ ‘ਤੇ ਅਡੰਬਰ ਰਚਣ ਲਈ ਕਾਹਲੇ ਨੇ। ਭਲਾ ਭਾਈ ਲਾਲੋ! ਤੂੰ ਕਿਵੇਂ ਨਜ਼ਰ ਆਵੇਂਗਾ! ਤੂੰ ਤਾਂ ਤੰਗੀਆਂ ਤੁਰਸ਼ੀਆਂ ਨਾਲ ਹੀ ਯੁੱਧ ਕਰਨਾ ਏ, ਪਰ ਮੈਨੂੰ ਤੇਰੇ ‘ਤੇ ਨਾਜ਼ ਏ।
ਭਾਈ ਲਾਲੋ! ਤੂੰ ਤੇਸਾ ਤੇ ਆਰੀ ਸੰਭਾਲ ਕੇ ਰੱਖੀਂ। ਮਲਕ ਭਾਗੋਆਂ ਦੇ ਆਰਿਆਂ ਸਾਹਵੇਂ ਇਨ੍ਹਾਂ ਦੀ ਕੋਈ ਵੁੱਕਤ ਤਾਂ ਨਹੀਂ, ਪਰ ਆਪਣੇ ਸੰਦ ਦਾ ਲਾਹਾ ਹੁੰਦਾ। ਖਦਸ਼ਾ ਹੈ ਕਿ ਮਲਕ ਭਾਗੋਆਂ ਨੇ ਤੈਨੂੰ ਤੇ ਤੇਰੇ ਘਰ ਨੂੰ ਵੀ ਅਗਵਾ ਕਰ ਲੈਣਾ। ਤੇਰੇ ਕੱਚੇ ਘਰ ਨੂੰ ਸੰਗਮਰਮਰੀ ਬਣਾ ਕੇ, ਇਸ ਦੀ ਦਿੱਖ, ਮਹਾਨਤਾ ਅਤੇ ਇਸ ‘ਚ ਸਮੋਈ ਬਾਬੇ ਨਾਨਕ ਦੀ ਛੂਹ ਨੂੰ ਸਦਾ ਲਈ ਖਤਮ ਕਰ ਦੇਣਾ ਏ ਤਾਂ ਕਿ ਨਾਨਕ ਦੇ ਵਾਰਸਾਂ ਨੂੰ ਕਦੇ ਖਿਆਲ ਵੀ ਨਾ ਆਵੇ ਕਿ ਭਾਈ ਲਾਲੋ ਕੱਚੇ ਘਰ ਵਿਚ ਵੱਸਦਾ ਸੀ, ਜਿਸ ਦੇ ਕੱਚੇ ਵਿਹੜੇ ਵਿਚ ਬਾਬੇ ਨਾਨਕ ਨੇ ਪੈਰ ਪਾ ਕੇ ਇਸ ਨੂੰ ਅਕੀਦਤ ਯੋਗ ਬਣਾਇਆ ਸੀ। ਅਮੀਰ ਵਿਰਾਸਤ ਤੋਂ ਦੂਰ ਕਰਨ ਦੀ ਕੋਝੀ ਚਾਲ ਦਾ ਸ਼ਿਕਾਰ ਹੋ ਚੁਕਾ ਏ ਹਰ ਧਾਰਮਿਕ ਅਸਥਾਨ। ਤੂੰ ਕਿਵੇਂ ਬਚ ਸਕਦੈਂ? ਤੇਰੀ ਕੁੱਲੀ ਦੇ ਨਾਂ ‘ਤੇ ਵੱਡੇ ਵੱਡੇ ਮਹਿਲ ਮੁਨਾਰੇ ਉਸਾਰ ਦੇਣੇ ਨੇ ਮਲਕ ਭਾਗੋਆਂ ਨੇ।
ਭਾਈ ਲਾਲੋ! ਤੇਰੇ ਦਲਾਨ ਵਿਚ ਤੇਲ ਤੋਂ ਸੱਖਣਾ ਪਿਆ ਦੀਵਾ ਕਿੰਜ ਜਗੇ? ਵੈਸੇ ਵੀ ਲੱਖਾਂ ਦੀਵਿਆਂ ਅਤੇ ਕੀਤੀ ਜਾ ਰਹੀ ਦੀਪਮਾਲਾ ਸਾਹਵੇਂ ਤੇਰੇ ਦੀਵੇ ਦੀ ਔਕਾਤ ਈ ਕੀ ਐ? ਲੱਖਾਂ ਦੀਵੇ ਜਗਾਉਣ ਵਾਲਿਆਂ ਦੇ ਅੰਦਰਲਾ ਹਨੇਰ ਹੀ ਇਨ੍ਹਾਂ ਨੂੰ ਅਡੰਬਰ ਵੰਨੀਂ ਤੋਰਦਾ ਏ। ਭਾਈ ਲਾਲੋ! ਤੇਰੇ ਜਿਹੇ ਤਾਂ ਅਣ-ਜਗੇ ਦੀਵਿਆਂ ਦੇ ਬਚੇ-ਖੁਚੇ ਤੇਲ ਨਾਲ ਹੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ। ਤੇਰੀ ਹੱਥੀਂ ਬਣਾਈ ਦੀਵਾਖੀ ‘ਤੇ ਆਟੇ ਦੇ ਨਿੱਕੇ ਜਿਹੇ ਦੀਵੇ ਦੀ ਕੀ ਹਸਤੀ ਏ? ਪਰ ਸਭ ਤੋਂ ਅਹਿਮ ਹੈ ਤੇਰੇ ਅੰਦਰਲਾ ਚਿਰਾਗ, ਜੋ ਤੇਰੀ ਆਤਮਾ ਨੂੰ ਰੌਸ਼ਨ ਕਰ, ਆਲੇ-ਦੁਆਲੇ ਵਿਚ ਚਾਨਣ ਦਾ ਵਣਜ ਕਰਦਾ, ਨਿੱਘ ਤੇ ਕੋਸੇ ਕੋਸੇ ਪਲਾਂ ਦਾ ਅਹਿਸਾਸ ਫਿਜ਼ਾ ਵਿਚ ਭਰਦਾ ਏ। ਇਹੀ ਅਹਿਸਾਸ ਸੀ, ਜਿਸ ਨੇ ਬਾਬੇ ਨਾਨਕ ਨੂੰ ਤੇਰੇ ਘਰ ਦੀ ਫੇਰੀ ਪਾਉਣ ਲਈ ਉਤਾਵਲਾ ਕੀਤਾ ਸੀ।
ਭਾਈ ਲਾਲੋ! ਤੇਰੇ ਲਾਹੇ ਹੋਏ ਸੱਕਾਂ ਨਾਲ ਪਕਾਈ ਹੋਈ ਰੋਟੀ ਵਿਚਲਾ ਸਵਾਦ ਤੇ ਵਿਸਮਾਦ, ਕਿਥੋਂ ਥਿਆਵੇਗਾ ਇਨ੍ਹਾਂ ਮਲਕ ਭਾਗੋਆਂ ਦੇ ਸ਼ਾਹੀ ਪਕਵਾਨਾਂ ਵਿਚੋਂ, ਜਿਨ੍ਹਾਂ ਨੇ ਲੰਗਰ ਦੀ ਪਾਕ-ਪ੍ਰਥਾ ਨੂੰ ਵੀ ਪਲੀਤ ਕਰ ਦਿਤਾ ਏ। ਲੰਗਰ ਦੇ ਨਾਂ ‘ਤੇ ਪਰੋਸੇ ਜਾਣਗੇ ਸੈਂਕੜੇ ਪਕਵਾਨ। ਖਾਣੇ ਦੀ ਹੋਵੇਗੀ ਖੂਬ ਬਰਬਾਦੀ। ਰੱਜਿਆਂ ਨੂੰ ਮਲੋਜ਼ੋਰੀ ਰਜਾਇਆ ਜਾਵੇਗਾ। ਪਲਾਸਟਿਕ ਦਾ ਪ੍ਰਦੂਸ਼ਣ ਫੈਲਾਇਆ ਜਾਵੇਗਾ। ਬਾਬੇ ਨਾਨਕ ਦੀ ਰੂਹ ਸ਼ਾਂਤ ਹੋਣ ਦੀ ਥਾਂ ਹੋਰ ਅਸ਼ਾਂਤ ਹੋਵੇਗੀ। ਬਾਬੇ ਨਾਨਕ ਨੇ ਤਾਂ ਭੁੱਖਿਆਂ ਤੇ ਲੋੜਵੰਦਾਂ ਲਈ ਇਸ ਪ੍ਰਥਾ ਦਾ ਆਗਾਜ਼ ਕੀਤਾ ਸੀ, ਜੋ ਮਨੁੱਖੀ ਭਲਾਈ ਦਾ ਸੰਦੇਸ਼ ਸੀ।
ਭਾਈ ਲਾਲੋ! ਤੇਰੇ ਵਿਹੜੇ ਵਿਚ ਧੁਰ-ਦਰਗਾਹੋਂ ਉਤਰੀ ਬਾਣੀ ਦੇ ਬੋਲ ਆਪਣੀ ਗੁੰਮ ਚੁਕੀ ਸਾਰਥਕਤਾ ‘ਤੇ ਝੂਰਦੇ ਹੋਣਗੇ। ਬਾਬਾ ਨਾਨਕ ਜਰੂਰ ਸੋਚਦਾ ਹੋਵੇਗਾ ਕਿ ਮੈਂ ਇੰਜ ਤਾਂ ਸੋਚਿਆ ਹੀ ਨਹੀਂ ਸੀ। ਭਾਈ ਲਾਲੋ! ਪਤਾ ਨਹੀਂ ਮਲਕ ਭਾਗੋ ਕਿਹੜੇ ਨਾਨਕ ਨੂੰ ਲੱਭਣ ਦਾ ਸਵਾਂਗ ਰਚਾ ਰਹੇ ਨੇ। ਬਾਬਾ ਨਾਨਕ ਤਾਂ ਅੰਦਰ ਵੱਸਦਾ ਏ। ਸ਼ਬਦ-ਜੋਤ ਏ ਅਤੇ ਇਸ ਨੂੰ ਮੁਖਾਤਿਬ ਹੋਣਾ, ਸਾਨੂੰ ਗਵਾਰਾ ਹੀ ਨਹੀਂ। ਸ਼ਬਦ-ਜੋਤ ਜਦ Ḕਗਲੀ ਅਸੀ ਚੰਗੀਆ ਅਚਾਰੀ ਬੁਰੀਆਹḔ ਦਾ ਉਚਾਰਣ ਕਰੇਗੀ ਤਾਂ ਸਭ ਬੇਪਰਦ ਹੋ ਜਾਣਗੇ।
ਭਾਈ ਲਾਲੋ! ਤੇਰੇ ਘਰ ਵਿਚ ਭਾਈ ਮਰਦਾਨੇ ਦੇ ਰਬਾਬੀ ਨਾਦ ਦੀ ਪਰਵਾਜ਼ ਵਿਚੋਂ ਰੂਹ-ਰਮਤਾ ਦੇ ਦੀਦਾਰੇ ਹੁੰਦੇ ਸਨ। ਸਮੁੱਚੀ ਫਿਜ਼ਾ ਤਰੰਗਤ ਅਤੇ ਸੁਗੰਧਤ ਹੋ ਜਾਂਦੀ ਸੀ। ਸਮੁੱਚੀ ਕਾਇਨਾਤ ਰੂਹਾਨੀ ਰੰਗ ਵਿਚ ਰੰਗੀ ਜਾਂਦੀ ਸੀ; ਪਰ ਅੱਜ ਕੀਰਤਨ ਵਿਕਾਊ ਹੈ, ਕਥਾ ਵਿਕਦੀ ਹੈ, ਪ੍ਰਵਚਨਾਂ ਦੀ ਬੋਲੀ ਲੱਗਦੀ ਹੈ ਅਤੇ ਕਰੋੜਾਂ ਰੁਪਏ ਇਸ ‘ਤੇ ਖਰਚੇ ਜਾਣਗੇ। ਹੁਣ ਕੀਰਤਨ ਮਲਕ ਭਾਗੋਆਂ ਦੀ ਮਰਜ਼ੀ ਅਤੇ ਮਾਨਤਾ ਅਨੁਸਾਰ ਹੁੰਦਾ, ਕਥਾ ਵਿਚ ਉਨ੍ਹਾਂ ਦੇ ਸੋਹਲੇ ਗਾਏ ਜਾਂਦੇ। ਪ੍ਰਵਚਨ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਅਹੁਦੇ ਤੇ ਰੁਤਬੇ ਦਾ ਵਿਖਿਆਨ।
ਭਾਈ ਲਾਲੋ! ਹੁਣ ਕੋਈ ਕਲਮ ਤੇਰੇ ਦੁੱਖਾਂ ਦੀ ਬਾਤ ਨਹੀਂ ਪਾਉਂਦੀ। ਤੇਰੀ ਮਹਾਨਤਾ ਅਤੇ ਉਚਮਤਾ ਦੇ ਸੋਹਲੇ ਨਹੀਂ ਗਾਉਂਦੀ ਕਿਉਂਕਿ ਬਹੁਤੀਆਂ ਕਲਮਾਂ ਵਿੱਕ ਚੁਕੀਆਂ ਨੇ ਤੇ ਕੁਝ ਵਿੱਕਣ ਲਈ ਬੋਲੀ ਦੀ ਕਤਾਰ ਵਿਚ ਨੇ। ਹੁਣ ਕਿਸੇ ਨੇ ਤੇਰੇ ਲਈ ਹੋਕਰਾ ਨਹੀਂ ਮਾਰਨਾ ਕਿਉਂਕਿ ਉਨ੍ਹਾਂ ਦੇ ਮੂੰਹ ਵਿਚ ਮਲਕ ਭਾਗੋ ਦਾ ਟੁੱਕਰ ਏ। ਬਿਗਾਨੇ ਟੁੱਕਰਾਂ ‘ਤੇ ਜਿਉਣਾ ਗਿੱਝ ਜਾਣ ਵਾਲਿਆਂ ਦੀ ਜ਼ਮੀਰ ਮਰ ਜਾਂਦੀ ਏ ਅਤੇ ਮਰੀਆਂ ਜ਼ਮੀਰਾਂ ਕਿਸੇ ਲਈ ਹਾਅ ਨਹੀਂ ਬਣਦੀਆਂ। ਖੁਦ ਹੀ ਆਹ ਤੇ ਹਾਅ ਬਣ ਕੇ, ਹਾਕ ਅਤੇ ਲਲਕਾਰਾ ਬਣਨਾ ਹੁੰਦਾ।
ਭਾਈ ਲਾਲੋ! ਬਾਬੇ ਨਾਨਕ ਦੇ ਇਹ ਕੇਹੇ ਵਾਰਸ ਨੇ, ਜਿਨ੍ਹਾਂ ਨੇ ਤੇਰੀ ਔਲਾਦ ਨੂੰ ਨਤਮਸਤਕ ਹੋਣ ਤੋਂ ਵਰਜ ਦਿਤਾ ਅਤੇ ਉਨ੍ਹਾਂ ਨੇ ਆਪਣਾ ਵੱਖਰਾ ਗੁਰਦੁਆਰਾ ਬਣਾ ਲਿਆ ਏ। ‘ਨੀਚਾ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚ’ ਦੇ ਨਾਨਕ-ਬੋਲ ਸਿਸਕ ਰਹੇ ਨੇ। ਇਨ੍ਹਾਂ ਨੂੰ ਚੁੱਪ ਜਰੂਰ ਕਰਾਈਂ।
ਭਾਈ ਲਾਲੋ! ਜਦ ਹੁਣ ‘ਤਖਤਿ ਬਹੈ ਤਖਤੈ ਕੀ ਲਾਇਕ’ ਦੀ ਕੋਈ ਸਾਰਥਕਤਾ ਹੀ ਨਹੀਂ ਰਹੀ ਤਾਂ ਕਿਹੜੇ ਇਨਸਾਫ ਦੀ ਉਡੀਕ ਕਰਦਾਂ? ਕਿਉਂ ਆਪਣੇ ਹੱਕਾਂ ਦੀ ਗੱਲ ਕਰਦਾਂ? ਤੂੰ ਤਾਂ ਉਨ੍ਹਾਂ ਲਈ ਕੁਰਸੀ ਦਾ ਪਾਵਾ ਏਂ। ਤੇਰੇ ਖੂਨ ਦੀ ਲਾਲੀ ਹੀ ਹਾਕਮਾਂ ਦੇ ਚਿਹਰਿਆਂ ‘ਤੇ ਹੈ। ਯਾਦ ਰੱਖ! ਇਸ ਤੋਂ ਵੱਧ ਤੂੰ ਕੁਝ ਨਹੀਂ।
ਭਾਈ ਲਾਲੋ! ਤੈਨੂੰ ਹੀ ਬਾਬੇ ਨਾਨਕ ਨੂੰ ਤਲਾਸ਼ਣਾ ਪਵੇਗਾ, ਖੁਦ ‘ਚੋਂ, ਖੇਤਾਂ ‘ਚੋਂ, ਖਿਆਲਾਂ ‘ਚੋਂ, ਖਾਬਾਂ ‘ਚੋਂ, ਖਬਤ ‘ਚੋਂ ਅਤੇ ਖੁਦਦਾਰੀ ‘ਚੋਂ।
ਭਾਈ ਲਾਲੋ! ਨਿਰਾਸ਼ ਨਾ ਹੋ ਕਿ ਤੇਰੀ ਕੋਈ ਪੁੱਛ-ਪਰਤੀਤ ਨਹੀਂ। ਇਥੇ ਸਿਰਫ ਮਲਕ ਭਾਗੋਆਂ ਦੀ ਸਰਦਾਰੀ ਆ। ਕੰਮੀਆਂ-ਕਮੀਣਾਂ ਨੂੰ ਕੌਣ ਪੁੱਛਦੈ?
ਭਾਈ ਲਾਲੋ! ਨਾਨਕ-ਜੋਤ ਮਲਕ ਭਾਗੋਆਂ ਦੇ ਗਲਿਆਰਿਆਂ ਵਿਚ ਅਲੋਪ ਏ। ਕੋਈ ਸ਼ਬਦ-ਜੋਤ, ਸ਼ਬਦ-ਸਾਧਨਾ, ਸ਼ਬਦ-ਸਾਰਥਕਤਾ ਅਤੇ ਸ਼ਬਦ-ਸਮਰਪਣ ਦੀ ਗੱਲ ਨਹੀਂ ਕਰਦਾ। ਮਲਕ ਭਾਗੋਆਂ ਲਈ ਤਾਂ ਇਸ ਦੀ ਅਣਹੋਂਦ ਹੀ ਰੁਜ਼ਗਾਰ ਅਤੇ ਵਪਾਰ। ਹੁਣ ਆਪਾਂ ਨੂੰ ਹੀ ਕੁਝ ਕਰਨਾ ਪੈਣਾ ਤਾਂ ਜੋ ਬਾਬੇ ਨਾਨਕ ਨੂੰ ਲੱਭ ਸਕੀਏ। ਬਾਬਾ ਨਾਨਕ, ਜੋ ਸਭ ਦਾ ਅਤੇ ਸਰਬੱਤ ਦੇ ਭਲੇ ਦਾ ਵਾਰਸ। ਜੋ ਬਾਣੀ-ਬੋਧ ਵਿਚ ਬਿਰਾਜਮਾਨ; ਜੋ ਸਮਾਜਕ, ਪਰਿਵਾਰਕ, ਧਾਰਮਿਕ ਜਾਂ ਰਾਜਨੀਤਕ ਜੀਵਨ ਵਿਚ ਸੇਧ ਅਤੇ ਸਿਆਣਪ; ਜੋ ਕਰਨੀਆਂ ਵਾਚਦਾ ਅਤੇ ਮਾਨਸਿਕ ਦੁਬਿਧਾ ਦੂਰ ਕਰਨ ਲਈ ਸਹਾਈ।
ਵੇ ਭਾਈ ਲਾਲੋ!
ਕਲਮ ਦੀ ਕੂਕ ਤਾਂ ਸੁਣ,
ਚੱਲ ਭਾਈ ਲਾਲੋ!
ਬਾਬਾ ਨਾਨਕ ਲੱਭੀਏ,
ਕਿਥੇ ਗੁੰਮ ਗਿਆ
ਲਗਦੈ ਮਲਕ ਭਾਗੋਆਂ
ਕਰ ਲਿਆ ਅਗਵਾ।

ਭਾਈ ਲਾਲੋ! ਹੁਣ ਮਿੱਸੀ ਰੋਟੀ
ਕੀਕਣ ਸੰਘੋਂ ਲੱਥੇ
ਵੰਨ-ਸੁਵੰਨੇ ਲੰਗਰਾਂ ਇਥੇ
ਮਾਰੇ ਆਣ ਪਲੱਥੇ।

ਭਾਈ ਲਾਲੋ! ਤੇਰੇ ਆਲ੍ਹੇ ਦਾ ਦੀਵਾ
ਭਰਦਾ ਏ ਹਟਕੋਰੇ
ਚਾਨਣ ਦੀ ਰੁੱਤ ਗੋਲੀ ਹੋਈ
ਭਰਦੀ ਹਿੰਝ ਕਸੋਰੇ।

ਭਾਈ ਲਾਲੋ। ਤੇਰਾ ਤੇਸਾ, ਆਰੀ
ਆਰਿਆਂ ਆਰੀ ਕੀਤੇ
ਥਿਆਵੇ ਨਾ ਕਿਧਰੇ ਨਾਨਕ-ਮੋਢਾ
ਰੋ ਲੈਣ ਭਰੇ ਭਰੀਤੇ।

ਭਾਈ ਲਾਲੋ! ਤੇਰੀ ਛੱਤ ਮਘੋਰੇ
ਚੁਬਾਰਿਆਂ ਹੱਥੋਂ ਹਾਰੇ
ਪਰ ਦਲਾਨ ‘ਚ ਕਾਤਰ ਧਰਦੇ
ਛੱਤ ‘ਚੋਂ ਦਿਸਦੇ ਤਾਰੇ।

ਭਾਈ ਲਾਲੋ! ਤੇਰੀ ਕਿਰਤ-ਕੀਰਤੀ
ਭਾਗੋਆਂ ਪੈਰੀਂ ਰੋਲੀ
ਤੇ ਕਿਰਤ ਦੀ ਕੇਸਰ-ਕਿਆਰੀਂ
ਖੇਹ ਕੁਫਰ ਦੀ ਡੋਲ੍ਹੀ।

ਭਾਈ ਲਾਲੋ! ਤੇਰੀ ਅਲਾਣੀ ਮੰਜੀ
ਕੋਈ ਫਕੀਰ ਨਾ ਬਹਿੰਦਾ
ਉਚੇ ਦਰ ਤੇ ਵੱਡੇ ਘਰਾਂ ‘ਚ
ਪਰ ਆਣਾ-ਜਾਣਾ ਰਹਿੰਦਾ।

ਭਾਈ ਲਾਲੋ! ਤੇਰਾ ਬੁਝਿਆ ਚੁੱਲ੍ਹਾ
ਭੁੱਖ ਦੇ ਗਲ ਲੱਗ ਰੋਵੇ
ਚੌਂਕੇ ਵਿਚਲੀ ਚਾਅ-ਚਿਤਾ ਦਾ
ਝੋਰਾ ਮਨ ਨੂੰ ਕੋਹਵੇ।

ਭਾਈ ਲਾਲੋ! ਤੇਰੀ ਸਵੇਰ ਉਧਾਲੀ
ਤੇ ਸ਼ਾਮ ‘ਚ ਧਰਿਆ ਨੇਰਾ
ਕਿਸੇ ਵੀ ਆਸ-ਚਿਰਾਗ ਤੋਂ ਵਿਰਵਾ
ਸੁੰਨਾ ਪਿਆ ਬਨੇਰਾ।

ਭਾਈ ਲਾਲੋ! ਤੇਰੇ ਬੋੜ੍ਹੇ ਦਰਾਂ ਦਾ
ਕਿਸ ਕੁੰਡਾ ਖੜਕਾਉਣਾ
ਨਾ ਕਿਸੇ ਬਹਿ ਕੇ ਕੱਚੇ ਵਿਹੜੇ
ਨਾਦੀ ਰਾਗ ਸੁਣਾਉਣਾ।

ਭਾਈ ਲਾਲੋ! ਤੇਰੀ ਬੰਦਗੀ ਬੂਹੇ
ਪਹਿਰਾ ਕਿਸ ਬਿਠਾਇਆ
ਸੋਚ ਕਿ ਤੇਰੀ ਸੋਚ ਦਾ ਦੀਵਾ
ਕਿਉਂ ਬੁਝਾਉਣਾ ਚਾਹਿਆ?

ਭਾਈ ਲਾਲੋ! ਤੇਰੇ ਰੱਟਨਾਂ ਦੀ ਭਾਸ਼ਾ
ਸਮਝ ਨਾ ਸਕਿਆ ਕੋਈ
ਤਾਂ ਹੀ ਤਕਦੀਰ-ਤਹਿਜ਼ੀਬ
ਹੁੱਬਕੀਂ ਹੁੱਬਕੀਂ ਰੋਈ।

ਭਾਈ ਲਾਲੋ! ਤੇਰਾ ਨਿੱਕੜਾ ਘਰ
ਤੇ ਤੰਗ ਗਲੀ ਵਿਚ ਵਾਸਾ
ਹੁਣ ਬਾਬਿਆਂ ਲਈ ਮੁਸ਼ਕ ਮਾਰਦਾ
ਵਿਹੜੇ ਵਾਲਾ ਪਾਸਾ।

ਭਾਈ ਲਾਲੋ! ਤੇਰੀ ਵਿਰਦ-ਵੇਦਨਾ
ਸੁਪਨਿਆਂ ਦੀ ਤ੍ਰਿਹਾਈ
ਸੋਚ-ਜਮੀਂ ਤੇ ਕਰਮ-ਧਰਮ ਹੀ
ਕਰ ਸਕਦੈ ਭਰਪਾਈ।

ਭਾਈ ਲਾਲੋ! ਤੇਰੀ ਸੀਰਤ ਵਿਚੋਂ
ਆਭਾ ਡੱਲਕਾਂ ਮਾਰੇ
ਕੂੜ, ਕੁਚੱਜ, ਕੁਸੱਤ, ਕਮੀਨਗੀ
ਇਸ ਨੂੰ ਕਿੰਜ ਸਹਾਰੇ?

ਭਾਈ ਲਾਲੋ! ਤੇਰੀ ਪੀੜਾ ਸੁਣ ਕੇ
ਸ਼ਬਦ ਸੰਜੋਇਆ ਸੋਗ
ਤੇ ਅਰਥਾਂ ਦੀ ਬੰਦ ਬੀਹੀ ‘ਚ
ਕਲਮ ਕਮਾਵੇ ਜੋਗ।

ਚੱਲ ਭਾਈ ਲਾਲੋ! ਸੂਰਜ ਤੋਂ ਪੁੱਛੀਏ
ਬਾਬੇ ਨਾਨਕ ਦਾ ਸਿਰਨਾਵਾਂ
ਫਿਰ ਪੈੜਾਂ ਨੇ ਬਣਨਾ ਆਖਰ
ਨਾਨਕ ਘਰ ਦੀਆਂ ਰਾਹਵਾਂ।

ਭਾਈ ਲਾਲੋ! ਮੈਂ ਵੀ ਤੇਰੇ ਵਰਗਾ
ਚੱਲ ਮਿਲ ਕੇ ਕੁਝ ਕਰੀਏ
ਤੇ ਚਾਨਣ ਦੀ ਖਾਲੀ ਤਸਬੀ ‘ਚ
ਮੁੱਠ ਤਾਰਿਆਂ ਦੀ ਧਰੀਏ।
ਭਾਈ ਲਾਲੋ! ਬਾਬਾ ਨਾਨਕ ਤਾਂ ਤੇਰਾ ਸੀ-ਕਿਰਤੀ, ਮਜਦੂਰ, ਹਾਲੀ ਅਤੇ ਕਿਸਾਨ ਦਾ; ਸੁੱਚੀ ਕਿਰਤ ਵਿਚ ਰੁੱਝੇ ਸ਼ਖਸ ਜਾਂ ਨੇਕ-ਕਮਾਈ ਕਰ ਰਹੇ ਵਿਅਕਤੀ ਦਾ। ਹੁਣ ਤਾਂ ਬਾਬਾ ਨਾਨਕ ਸਿੱਖਾਂ ਲਈ ਗੁਰੂ ਤੇ ਮੁਸਲਮਾਨਾਂ ਲਈ ਪੀਰ, ਪਰ ਕਿਧਰੇ ਵੀ ਨਜ਼ਰ ਨਾ ਪੈਂਦਾ, ਸਭ ਦਾ ਸਾਂਝਾ ਨਾਨਕ ਸ਼ਾਹ ਫਕੀਰ। ਹੁਣ ਆਪਾਂ ਨੂੰ ਹੀ ਨਾਨਕ ਸ਼ਾਹ ਫਕੀਰ ਨੂੰ ਲੱਭਣਾ ਪਵੇਗਾ, ਮੋਦੀਖਾਨੇ ਦੀ ਧੂੜ ਵਿਚੋਂ, ਵੇਈਂ ਕੰਢੇ ‘ਤੇ, ਪਾਟੇ ਚੋਲੜੇ ਦੇ ਨਕਸ਼ਾਂ ‘ਚੋਂ, ਫੱਟੀਆਂ ਬੇਆਈਆਂ ਵਾਲੇ ਪੈਰਾਂ ਦੇ ਨਿਸ਼ਾਨਾਂ ‘ਚੋਂ, ਕਰਤਾਰਪੁਰ ਦੇ ਖੇਤ ਨੂੰ ਜਾਂਦੇ ਪਹਿਆਂ ‘ਤੇ ਪਗਡੰਡੀਆਂ ‘ਚੋਂ, ਖੇਤ ਵਿਚ ਹੱਲ ਵਾਹੁੰਦੇ ਹਾਲੀ ‘ਚੋਂ ਅਤੇ ਸੰਗਤ ਵਿਚ ਸੰਗਤ ਬਣੇ ਕਰਮਯੋਗੀ ਵਿਚੋਂ।
ਭਾਈ ਲਾਲੋ! ਤੂੰ ਬਾਬੇ ਨਾਨਕ ਨੂੰ ਸੱਚੀ ਸ਼ਰਧਾ, ਭਾਵਨਾ, ਸਦਾਕਤ ਅਤੇ ਸਮਰਪਣ ਨਾਲ ਯਾਦ ਕੀਤਾ ਤੇ ਉਹ ਤੇਰੇ ਦਰ ਆਇਆ। ਤੇਰੇ ਮਨ-ਬਨੇਰਿਓਂ ਇਕ ਚੰਨ ਉਤਰਿਆ, ਜਿਸ ਨੇ ਵਿਹੜੇ ਨੂੰ ਰੁਸ਼ਨਾਇਆ। ਹੁਣ ਤਾਂ ਰੁਮਾਲਿਆਂ ਵਿਚ ਲਪੇਟੇ ਨਾਨਕ-ਬੋਧ ‘ਤੇ ਕੁਝ ਘਰਾਣਿਆਂ ਦਾ ਕਬਜ਼ਾ। ਨਾਨਕ-ਬਾਣੀ ਦੇ ਸੰਦੇਸ਼, ਸਰਬ-ਹਿੱਤਕਾਰੀ ਭਾਵਨਾ ਅਤੇ ਸਰਬ-ਭਲਾਈ ਦੀ ਲੋਚਾ ਦਾ ਘੁੱਟ ਰਿਹਾ ਹੈ ਸਾਹ।
ਭਾਈ ਲਾਲੋ! ਉਠ ਚੱਲੀਏ ਕਿਸੇ ਉਜਾੜ ਵੰਨੀਂ, ਸ਼ੋਰਗੁਲ ਤੋਂ ਦੂਰ ਅਤੇ ਜਗਦੇ ਦੀਵਿਆਂ, ਮੋਮਬੱਤੀਆਂ ਤੇ ਆਤਿਸ਼ਬਾਜੀ ਤੋਂ ਦੁਰੇਡੇ। ਬਾਬਾ ਨਾਨਕ ਬਨਾਵਟੀ ਸ਼ਰਧਾ ਤੇ ਪਖੰਡ ਤੋਂ ਬਹੁਤ ਉਪਰਾਮ ਹੋਇਆ, ਸੁੰਨ-ਸਮਾਧੀ ਲਈ ਸੁਖਨਵਰ ਸਥਾਨ ਤਲਾਸ਼ਦਾ ਹੋਣਾ, ਕਿਸੇ ਦਰਿਆ ਦੇ ਕੰਢੇ/ਪਰਬਤ ਦੇ ਪੈਰਾਂ ‘ਚ ਜਾਂ ਰਾਤ ਦੀ ਡੂੰਘੀ ਚੁੱਪ ਨਾਲ ਗੋਸ਼ਟਿ ਕਰਦਾ ਹੋਣਾ। ਉਸ ਨੂੰ ਲੱਭੀਏ ਅਤੇ ਪਰਤ ਆਉਣ ਤੇ ਸੱਚ-ਹੋਕਰਾ ਦੁਹਰਾਉਣ ਦੀ ਬੇਨਤੀ ਕਰੀਏ। ਹੁਣ ਚਾਰ ਦੀ ਥਾਂ ਚਾਲੀ ਉਦਾਸੀਆਂ ਦੀ ਲੋੜ ਆ। ਬਾਬਰਾਂ, ਮਲਕ ਭਾਗੋਆਂ ਅਤੇ ਸੱਜਣ ਠੱਗਾਂ ਦੀਆਂ ਸਾਜਿਸ਼ੀ ਚਾਲਾਂ ਨੇ ਮਨੁੱਖਤਾ ਨੂੰ ਮਰਨ-ਮਿੱਟੀ ਢੋਣ ਲਈ ਮਜਬੂਰ ਕਰ ਦਿੱਤਾ। ਅਜਿਹੇ ਮੌਕੇ ਬਾਬੇ ਨਾਨਕ ਦੇ ਬੋਲਾਂ ਵਿਚਲੀ ਬੇਖੌਫਤਾ, ਦਲੇਰੀ, ਸੱਚਾਈ ਅਤੇ ਸੁਹਿਰਦਤਾ ਨੇ ਹੀ ਚਾਨਣ-ਰਾਹਾਂ ਬਣਨਾ।
ਭਾਈ ਲਾਲੋ! ਬਾਬੇ ਨਾਨਕ ਨੂੰ ਲੱਭਣਾ ਹੀ ਪੈਣਾ ਅਤੇ ਇਸ ਦੀ ਭਾਲ ‘ਚ ਤੇਰੇ ਨਾਲ ਮੇਰੀ ਕਲਮ ਜਰੂਰ ਤੁਰੇਗੀ। ਯਾਦ ਰੱਖੀਂ! ਤੁਰਨ ਵਾਲਿਆਂ ਨੂੰ ਮੰਜ਼ਿਲ ਜਰੂਰ ਮਿਲਦੀ? ਆਸ ਰੱਖੀਂ, ਬਾਬਾ ਨਾਨਕ ਭਲੀ ਕਰੇਗਾ!
ਭਾਈ ਲਾਲੋ! ਮੈਂ ਇਹ ਵੀ ਜਾਣਦਾ ਹਾਂ ਕਿ ਮਲਕ ਭਾਗੋਆਂ ਦੇ ਸਤਾਏ ਤੇ ਅਕਾਏ ਬਾਬੇ ਨਾਨਕ ਨੇ ਸਿਰਫ ਤੇਰੀ ਜੋਦੜੀ ਦਾ ਹੁੰਗਾਰਾ ਹੀ ਭਰਨਾ। ਉਠ, ਹੌਂਸਲਾ ਕਰ। ਚੱਲ ਚਲੀਏ ਉਨ੍ਹਾਂ ਰਾਹਾਂ ਵੰਨੀਂ, ਜੋ ਨਾਨਕ-ਸੋਚ ਨੂੰ ਜਾਂਦੀਆਂ। ਵਰਨਾ! ਪਿੱਛਲਖੁਰੀ ਤੁਰਿਆਂ ਖੂਹ-ਖੱਡਿਆਂ ਵਿਚ ਡਿੱਗਣ ਦਾ ਡਰ ਬਣਿਆ ਰਹਿੰਦਾ।
ਭਾਈ ਲਾਲੋ! ਕਲਮ ਦਾ ਤਰਲਾ ਈ, ਨਾਲ ਤੁਰ ਪੈ। ਵਰਨਾ ਬਹੁਤ ਦੇਰ ਹੋ ਜਾਵੇਗੀ।