ਗੁਰੂ ਨਾਨਕ-ਕਿਰਤ ਦੇ ਪੋਟਿਆਂ ‘ਤੇ ਲਿਖਿਆ ਨੇਕੀ ਦਾ ਗੀਤ

ਡਾ. ਅਮਰਜੀਤ ਟਾਂਡਾ
ਗੁਰੂ ਨਾਨਕ ਕਿਰਤ ਦੇ ਪੋਟਿਆਂ ‘ਤੇ ਲਿਖੇ ਨੇਕੀ ਦੇ ਗੀਤ ਜਿਹਾ ਅਰਸ਼ ਹੈ। ਰੱਬ ਨਿਸ਼ਚਾ ਅਤੇ ਬੰਦਗੀ, ਇਨਸਾਨੀਅਤ ਦੇ ਇਤਫਾਕ ਜਿਹਾ। ਸਮਾਜਕ ਇਨਸਾਫ ਲਈ ਉਦਮ ਇਮਾਨਦਾਰ ਵਤੀਰਾ। ਉਹ ਘਰੇਲੂ ਜ਼ਿੰਦਗੀ ਦਾ ਰਿਸ਼ਤਾ ਤੇ ਰਸਤਾ ਵੀ ਹੈ। ਦਲੀਲ ਦਾ ਮਾਡਲ। ਸੂਰਜ ਦੀ ਸੋਚ, ਸਰਘੀ ‘ਚੋਂ ਜਨਮਦਾ ਪਹਿਲਾ ਸੁਪਨਾ, ਸਵੇਰ ਦਾ ਪਹਿਲਾ ਨਗਮਾ। ਨਾਨਕ ਅਰਸ਼ ਦੀ ਕਿੱਲੀ ‘ਤੇ ਟੰਗੀ ਨਵੀਂ ਤਰਜ਼ ਹੈ, ਰਬਾਬ ਦੀਆਂ ਤਾਰਾਂ ਦੀ ਪਹਿਲੀ ਕੰਬਣੀ। ਧਰਤੀ ‘ਤੇ ਵਿਚਰਦਿਆਂ ਸਾਨੂੰ ਅਨੰਦ ਮਿਲਿਆ ਅਦਭੁਤ ਲੱਗਾ। ਬੇਅੰਤ ਭੰਡਾਰੇ ਅਣਮੁੱਲ ਖਜਾਨੇ ਉਪਹਾਰ ਪ੍ਰਾਪਤ ਹੋਏ; ਅਸੀਂ ਜੀਣ ਜੋਗੇ ਹੋਏ। ਮਿੱਟੀਆਂ ਸਾਡੇ ਬੋਝ ਢੋਹਦੀਆਂ ਕੁਫਰ ਝੱਲਦੀਆਂ ਵੀ ਨਾ ਬੋਲਣ। ਨਾਨਕ ਉਚਾਰਦਾ ਗਿਆ, ਗਾਉਂਦਾ ਤੁਰਿਆ ਰਿਹਾ। ਜਗ ਨੂੰ ਸ਼ਬਦਾਂ ਦਾ ਚਾਨਣ ਵੰਡਦਾ ਰਿਹਾ।

ਨਾਨਕ ਸੂਰਜ ਹੈ, ਲੱਖਾਂ ਧਰਤੀਆਂ ਤੇ ਰੋਸ਼ਨੀ ਦੀ ਚਾਦਰ ਵਿਛਾਉਣ ਵਾਲਾ। ਰੋਸ਼ਨੀ ਠੰਢਕ ਹੈ, ਰੌਣਕ ਹੈ, ਖੇੜਾ ਹੈ। ਸ਼ਬਦ ਬਾਣੀ ਵਿਚ ਸੱਚੀ ਸੋਚ ਚੰਨ-ਸਿਤਾਰਿਆਂ ਦੀ ਲਿਸ਼ਕ ਹੈ। ਟੁਕੜੇ, ਕਾਤਰਾਂ ਨੇ ਸੂਰਜੀ ਰਿਸ਼ਮਾਂ ਗੁੰਨੀਆਂ ਹੋਈਆਂ। ਪੰਜ ਆਬ ਵਿਛਾ ਨਾਨਕ ਨੇ ਊੜਾ ਲਿਖ ਨਾਲ ਏਕਾ ਵੀ ਲਾਇਆ। ਪੰਜਾਬੀ ਸਾਰੀ ਦੁਨੀਆਂ ‘ਚ ਤਾਰਿਆਂ ਵਾਂਗ ਲਿਸ਼ਕ ਗਏ ਤਾਂ ਹੀ ਪੰਜਾਬ ਦੇ ਪਾਣੀ ਪਿਤਾ ਬਣ ਗਏ ਤੇ ਧਰਤੀ ਮਾਤਾ ਬਣ ਸਜ ਗਈ। ਇਹਦੇ ਪਾਣੀ ਵਹਿੰਦੇ ਵੀ ਜਾਪ ਕਰਨ ਗੁਰਬਾਣੀ ਦਾ। ਹਵਾਵਾਂ ਰਾਗਨੀਆਂ ਗਾਉਣ। ਓਹੀ ਨਾਨਕ ਸ਼ਬਦ ਹੁਣ ਤੱਕ ਨਦੀਆਂ ਦੀਆਂ ਲਹਿਰਾਂ ਗਾ ਰਹੀਆਂ ਹਨ ਤੇ ਵਿਚ ਪੰਛੀ ਨਹਾਉਣ, ਜਪੁਜੀ ਗਾਉਣ।
ਨਾਨਕੁ ਧਰਤੀਆਂ ਗਾਹੁੰਦਾ ਨਹੀਂ ਥੱਕਦਾ। ਕੀ ਨਹੀਂ ਹੋ ਸਕਦਾ। ‘ਕੱਲਾ ਸੀ ਨਾਨਕ, ਫਿਰ ਵੀ ਕੀ ਕੁਝ ਨਹੀਂ ਓਹਨੇ ਸਜਾਇਆ। ਕਿਰਤ ਕਰਨੀ ਦੱਸੀ, ਜੋ ਲੁਕਾਈ ਦੀਆਂ ਹਥੇਲੀਆਂ ‘ਤੇ ਲਿਖੀ ਗਈ ਹੈ। ਪਿੰਡ ਵਸਾਇਆ ਕਿਰਤ ਦਾ ਕਰਤਾਰਪੁਰ ਬਣ ਸਜ ਗਿਆ, ਜਿਥੇ ਸ਼ਬਦ ਰਿਮਝਿਮ ਵਰਸੇ। ਵੰਡ ਕੇ ਖਾਣਾ ਦੱਸਿਆ, ਜਿਸ ਨਾਲ ਦੁਨੀਆਂ ਦੀ ਭੁੱਖ ਮਿਟ ਜਾਵੇ। ਹੰਕਾਰ ਨੀਵਾਂ ਕੀਤਾ ਮਜ਼ਹਬਾਂ ਦਾ। ਕਿਹਾ ਓਧਰ ਕਰ ਦਿਓ ਪੈਰ, ਜਿੱਧਰ ਮਹਿਰਮ ਨਹੀਂ ਰਹਿੰਦਾ। ਫਲ ਹਰੇਕ ਮਿੱਠਾ ਹੋ ਸਕਦਾ ਹੈ, ਜੇ ਰੀਝਾਂ ਦੇ ਪਾਣੀ ਨਾਲ ਸਿੰਜੋਗੇ ਤਾਂ। ਵਿਛ ਸਕਦੀ ਹੈ ਦੁਨੀਆਂ ਤੁਹਾਡੇ ਪੈਰਾਂ ‘ਚ, ਠਰ ਸਕਦੀ ਹੈ ਬਲਦੀ ਧਰਤ, ਦਲੀਲ ਨਾਲ ਗੱਲ ਤਾਂ ਕਰਨੀ ਸਿੱਖੋ। ਸਮਝ ਸਕਦੀ ਹੈ ਲੁਕਾਈ, ਜੇ ਪਿਆਰ ਨਾਲ ਬੁੱਕਲ ‘ਚ ਲੈ ਕੇ ਦਰਦ ਪੁੱਛੇ ਜਾਣ ਜ਼ਖਮਾਂ ਦੇ।
ਗੁੰਬਦਾਂ, ਮੀਨਾਰਾਂ ਨਾਲ ਜੇ ਅਰਸ਼ ਛੂਹੇ ਜਾਂਦੇ ਤਾਂ ਮੱਥਿਆਂ ‘ਚ ਦੀਵੇ ਸਜਾਉਣ ਦੀ ਲੋੜ ਨਾ ਪੈਂਦੀ। ਨਾਨਕ ਬੋਲਦਾ। ਸੁੱਕੀਆਂ ਪੈਲੀਆਂ ਹਰੀਆਂ ਵੀ ਹੋ ਸਕਦੀਆਂ ਹਨ। ਸੁੱਚੀ ਸੋਚ ਨਾਲ ਸਿੰਜੋ ਤਾਂ ਸਹੀ ਖੇਤਾਂ-ਫਸਲਾਂ ਨੂੰ। ਬਲਦੀਆਂ ਹਿੱਕਾਂ ਦੀ ਤਪਸ਼ ਵੀ ਮਰ ਸਕਦੀ ਹੈ, ਜਰਾ ਰਲਮਿਲ ਬੈਠ ਕੇ ਵਿਚਾਰ ਕਰਨੀ ਜੇ ਕੋਈ ਸਿੱਖ ਜਾਵੇ ਤਾਂ।
ਉਹ ਵਾਰ ਵਾਰ ਕਹਿ ਰਿਹਾ ਹੈ, ਮੇਰੇ ਬਾਰੇ ਗਲਤ ਅਫਵਾਹਾਂ ਨਾ ਫੈਲਾਓ। ਅੱਜ ਤੱਕ ਵੀ ਤੁਸੀਂ ਮੈਨੂੰ ਨਹੀਂ ਜਾਣ ਸਕੇ, ਤੇ ਮੇਰਾ ਸੁਨੇਹਾ। ਮੱਕੇ ਦੇ ਲੋਕਾਂ, ਮੁੱਲਾਂ ਦੀ ਸਮਝ ਕੁਝ ਪਾਇਆ ਸੀ, ਇਹ ਸੇਧ ਸੋਚ ਨਾਲ ਕਿ ਭਾਈ ਜਿੱਧਰ ਉਹ ਨਹੀਂ ਹੈ, ਓਧਰ ਕਰ ਦਿਓ ਪੈਰ। ਉਨ੍ਹਾਂ ਨੂੰ ਹਰ ਪਾਸੇ ਹੀ ਅੱਲ੍ਹਾ ਦਿਸਣ ਲੱਗਾ। ਹੋਰ ਮੱਕਾ ਕੋਈ ਚੱਕ ਸੀ ਘੁਮਿਆਰ ਦਾ ਕਿ ਫੇਰਿਆ ਜਾਂਦਾ। ਹਾਂ, ਲੱਤਾਂ-ਪੈਰ ਜ਼ਰੂਰ ਘੁੰਮਾਏ ਜਾ ਸਕਦੇ ਨੇ। ਸੱਪ ਤੋਂ ਛਾਂ ਕੌਣ ਕਰਵਾ ਸਕਦਾ ਹੈ, ਜੋ ਪਹਿਲਾਂ ਡੰਗ ਮਾਰਦਾ ਹੈ। ਇਸੇ ਹੀ ਤਰ੍ਹਾਂ ਪਹਾੜ ਨੂੰ ਰੋਕਣਾ ਹੋਵੇ, ਹੈ ਕਦੇ ਸੰਭਵ! ਮੈਨੂੰ ਜਾਦੂਗਰ ਨਾ ਬਣਾਉ। ਵੱਟਾ ਤਾਂ ਕੋਈ ਮਾਰ-ਰੋਕ ਸਕਦਾ, ਪਹਾੜ ਨੂੰ ਮਾਰਨਾ-ਰੋਕਣਾ ਕਿੰਜ ਸੰਭਵ ਹੋਇਆ? ਹਸਨ ਅਬਦਾਲ ਕਿੰਨੇ ਨੇ ਖੂਹ। ਕੀ ਕੋਈ ਪਿਆਸਾ ਪਹਾੜ ਉਤੇ ਪਾਣੀ ਪੀਣ ਜਾਵੇਗਾ? ਉਪਰੋਂ ਹੇਠ ਨੂੰ ਕਈ ਥਾਂਵਾਂ ‘ਤੇ ਪਾਣੀ ਆ ਰਿਹਾ ਹੁੰਦਾ ਹੈ। ਮੰਨ ਲਓ, ਕਿਸੇ ਵਲੀ ਫਕੀਰ ਕੋਲ ਪਿਆਸਾ ਭੁੱਖਾ ਪਾਣੀ ਪੀਣ ਜਾਂਦਾ ਹੈ। ਕੀ ਉਹ ਫੱਕਰ ਦੁਰਕਾਰੇਗਾ?
ਕਿਰਤੀ ਦੇ ਹੱਥਾਂ ਵਿਚ ਸਦਾ ਹੀ ਦੁੱਧ ਵਰਗੀ ਸੋਚ ਚੰਨ-ਸੂਰਜ ਵਰਗੀ ਚਮਕ ਹੁੰਦੀ ਹੈ। ਮਲਕ ਭਾਗੋ ਵਰਗੇ ਸਦਾ ਗਰੀਬ ਦਾ ਲਹੂ ਹੀ ਨਿਚੋੜਦੇ ਨੇ। ਹੋਰ ਕਦੇ ਪੂਰੀਆਂ ਨਿਚੋੜ ਲਹੂ ਕਿਉਂ ਕੱਢਵਾ ਰਹੇ ਹੋ! ਹਾਂ ਵਾਧੂ ਤੇਲ ਜ਼ਰੂਰ ਨਿਕਲ ਸਕਦਾ ਹੈ। ਗਰੀਬ, ਜੋ ਮਿਹਨਤ ਕਰਦਾ ਹੈ ਉਹ ਤਾਂ ਕੋਧਰੇ ਦੀ ਰੋਟੀ ਜਾਂ ਬਾਜਰਾ, ਜੁਆਰ ਹੀ ਖਾ ਸਕਦਾ ਹੈ ਤੇ ਨਾਨਕ ਨੇ ਖਾਧੀ ਵੀ ਹੋ ਸਕਦੀ ਹੈ। ਉਸ ‘ਚ ਦੁੱਧ ਵਰਗਾ ਸੱਚ ਹੀ ਹੋਵੇਗਾ, ਹੋਰ ਕੀ ਹੋ ਸਕਦਾ ਹੈ, ਗਰੀਬ ਦੀ ਮਿਹਨਤ ਕੋਲ।
ਨਾਨਕ ਪੰਥ ਦਾ ਰੰਗ ‘ਨਿਜ ਅਤੇ ਧੁਰ’ ਦੀ ਰੱਖਿਆ ਪ੍ਰਤੀ ਜਾਗ੍ਰਿਤੀ ਕਹੋ। ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਪਾਤਸ਼ਾਹ ਹੈ। ਸੱਚ ਦੇ ਸਫਿਆਂ ਨੂੰ ਥੱਲਣ ਵਾਲਾ ਨਿਰਾਲਾ ਜਿਹਾ ਸੰਕਲਪ। ਸਵੇਰਿਆਂ ਦਾ ਨਵਾਂ ਸੂਰਜ। ਨਵੀਂ ਪੈੜ੍ਹ ਤੇ ਸਰ੍ਹੋਂ ਦੇ ਫੁੱਲਾਂ ਜਿਹੀ ਤਾਰੀਖ ਦਾ ਪੰਨਾ। ਇਨਸਾਨੀਅਤ ਦਾ ਗੌਰਵ ਸਵੈ-ਮਾਣ। ਅੰਬਰ ਦੇ ਬਨੇਰੇ ‘ਤੇ ਅਰਸ਼ ਜਿਹਾ ਸਤੰਬ ਮੀਨਾਰ। ਤਾਰੀਖ ਦੇ ਪੰਨੇ ‘ਤੇ ਚਿੰਤਨ ਅਤੇ ਚੇਤਨ ਦਾ ਨਵਾਂ ਅਧਿਆਇ ਹੈ ਨਾਨਕ। ਸੁੰਨੇ ਵਿਹੜਿਆਂ ਦੀ ਰੌਣਕ, ਗੀਤ ਤੇ ਸੋਚ। ਲਤਾੜੀਆਂ ਰੂਹਾਂ ਦੀ ਪੀੜਤ ਆਤਮਾ। ਸਵੈਮਾਣ ਦਾ ਦੀਵਾ, ਕੌਮ ਦੀ ਸੁਰਤਿ ਵਿਚ ਸ਼ਬਦ ਦੀ ਉਪਾਸਨਾ। ਸੰਗਮ ਰਾਗ ਸ਼ਬਦ ਦਾ ਖਾਲਸ ਹਾਰ। ਰੰਗ ਬਿਰੰਗੇ ਤੇ ਸੂਹੀਆਂ ਫੁੱਲ ਪੱਤੀਆਂ ਦਾ ਵਿਸ਼ਵ ਇਤਿਹਾਸ ਦਾ ਲਾਸਾਨੀ ਫਿਲਾਸਫਰ। ਅਧਿਆਤਮਕ ਆਗੂ, ਅਮਰ ਸਾਹਿਤਕਾਰ ਦਰਵੇਸ਼ ਰਚਨਾਤਮਕ ਪ੍ਰਤਿਭਾ ਇਲਾਹੀ ਸ਼ਖਸੀਅਤ ਹੈ ਕੋਈ, ਬਾਬਾ ਨਾਨਕ। ਰੂਹਾਨੀ ਸੂਰਜ ਧਰਮ ਨਿਰਪੱਖਤਾ ਦਾ ਅਨੂਠਾ ਸੁਮੇਲ। ਲਾਸਾਨੀ ਸ਼ੈਲੀ ਅਕਾਲ ਉਸਤਤਿ ਦਾ ਰਚੈਤਾ। ਬ੍ਰਹਿਮੰਡ ਪਸਾਰੇ ਦੀ ਮਹਿਮਾ, ਗਾਇਣ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਤਿੱਖਾ ਵਿਰੋਧ।
ਮਹਾਂਪੁਰਸ਼, ਧਰਮ ਕਰਮਵੀਰ, ਦਾਨਵੀਰ ਤੇ ਦਯਾਵੀਰ। ਕੂੜ ਦੀ ਧੁੰਦੁ ਮਿਟਾ ਕੇ ਜਗਿ ਚਾਨਣੁ ਕਰਨ ਵਾਲਾ ਸੂਰਜ। ਤਲਵੰਡੀ ਦੀ ਮਿੱਟੀ, ਵੇਈਂ ਦੀਆਂ ਲਹਿਰਾਂ ਦਾ ਸੰਗੀਤ। ਜਨ-ਮਾਣਸ ਨੂੰ ਕਰੁਣਾ ਦਾ ਅੰਮ੍ਰਿਤ ਜਿਹਾ ਬੋਲ। ਮਾਰਗ ਦਰਸ਼ਨ ਲੋਕਾਈ ਦਾ ਨਵੇਂ ਆਦਰਸ਼ਾਂ ਦਾ ਸੰਸਥਾਪਕ। ਸੰਸਾਰ ਨੂੰ ਗਿਆਨ ਰਿਸ਼ਮਾਂ ਵੰਡਣ ਵਾਲਾ ਜੁਗਪੁਰਸ਼। ਨਾਨਕ ਪ੍ਰਤੀਨਿਧ ਬਾਣੀ ਦਾ ਰਾਗ ਹੈ। ਸ਼ਬਦ ਦੀਪਕ, ਖੰਡਨ ਵਹਿਮਾਂ ਦਾ। ਵਿਚਾਰਧਾਰਕ ਪਰਿਪੇਖ ਦੀ ਪੇਸ਼ਕਸ਼। ਰਾਗ, ਲੈਅ ਅੰਤਰੀਵਤਾ ਕਾਵਿ ਕੌਸ਼ਲਤਾ, ਸਾਗਰਾਂ ਜਿਹੀ ਡੂੰਘਾਈ, ਨੀਝ, ਵਿਸਥਾਰ। ਸ਼ਬਦ ਸੋਚ ਵਿਸ਼ਾਲਤਾ, ਢੁਕਵੇਂ ਅਲੰਕਾਰ, ਵੱਖਰੀ ਧਾਰਾ, ਅਧਿਆਤਮਕ ਅਨੁਭਵ ਜਿਹੀ ਮੂਰਤ। ਗੁਰਮਤਿ ਵਿਚਾਰਧਾਰਾ ਦਾ ਨਿਰੰਤਰ ਅਤੇ ਸਹਿਜ ਵਿਕਾਸ, ਸਿਰਜਕ। ਮੂਲਭੂਤ ਮਾਨਵੀ ਅਧਿਕਾਰਾਂ ਲਈ ਡਟ ਕੇ ਖਲੋਣ ਵਾਲਾ। ਕੌਮ ਰਚਨਹਾਰਾ, ਰਹਿਬਰ। ਜਬਰ ਦੀ ਅਧੀਨਗੀ ਨੂੰ ਅਪ੍ਰਵਾਨਤ ਕਰਨ ਵਾਲਾ ਜਗਤ ਫੱਕਰ। ਮੰਦਿਰ-ਮਸਜਿਦ, ਪੂਜਾ ਅਤੇ ਨਮਾਜ਼ ਸੱਭ ਨੂੰ ਸਮਾਨ ਸਜਾਉਣ ਵਾਲਾ ਨਨਕਾਣਵੀ।
ਸੱਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦਾ ਪੁੰਜ। ਸਦੀਆਂ ਤੋਂ ਚਾਨਣ ਮੁਨਾਰਾ ਲੱਖਾਂ ਸਿਤਾਰਿਆਂ ਦਾ। ਸਰਬਕਾਲੀਨ ਮਹਾਨ ਸੰਦੇਸ਼ ਮਾਰਗ, ਗੁਰ ਪੀਰ ਜਗਤ ਗੁਰੂ। ਰਾਜਨੀਤਕ, ਸਮਾਜਕ, ਧਾਰਮਿਕ, ਆਰਥਕ ਅਤੇ ਸੱਭਿਆਚਾਰਕ ਗਿਰਾਵਟ ਵੇਲੇ ਦਾ ਜਗਿਆਸੂ, ਪੀਰ। ਮਕਸਦ ਨੂੰ ਸਨਮੁੱਖ ਰੱਖ ਅਮਲ ਕਰਨ ਵਾਲੀ ਭਾਰਤੀ ਜੀਵਨ ਦੀ ਡੂੰਘੀ ਨੀਝ। ਧਾਰਮਿਕ ਅੰਧਕਾਰ, ਸਮਾਜਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚਿਤਰਨ ਤੇ ਕਰੜੀ ਪੜਚੋਲ ਕਰਨ ਵਾਲੀ ਸੱਚੀ ਸੋਚ ਮੁਹੱਬਤ। ‘ਸਭੇ ਸਾਂਝੀਵਾਲ ਸਦਾਇਨਿ’ ਧਰਮ ਦੀ ਨੀਂਹ ਰੱਖਣ ਵਾਲਾ ਇਲਾਹੀ ਨਾਦ ਦੁਨੀਆਂ ਦਾ। ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਵਲਗਣਾਂ ਨੂੰ ਖਤਮ ਕਰ ਸੁਤੰਤਰਤਾ ਦਾ ਪ੍ਰਸੰਗ ਅੰਬਰ ਛੂੰਹਦਾ ਪਰਚਮ। ਬਹੁਮੁਖੀ ਪ੍ਰਤਿਭਾ ਦਾ ਸੁਆਮੀ ਆਦਰਸ਼ ਸ਼ਖਸੀਅਤ।
ਜੀਵਨ-ਜਾਚ ਸਿਖਾਉਣ ਵਾਲਾ ਰਾਹਗੀਰ ਜੀਵਨ ਸਮੱਸਿਆਵਾਂ ਦਾ ਗਹਿਰਾ ਅਧਿਐਨ। ਸੱਚੀ ਸਿੱਖਿਆ ਦੇਣ ਵਾਲਾ ਅਧਿਆਪਕ, ਦੇਸ਼-ਦੇਸਾਂਤਰਾਂ ਦੀਆਂ ਯਾਤਰਾਵਾਂ ਕਰਨ ਵਾਲਾ ਯਾਤਰੂ। ਜਿਹਦੀਆਂ ਯਾਤਰਾਵਾਂ ਚਲਦੀਆਂ-ਫਿਰਦੀਆਂ ਪਾਠਸ਼ਾਲਾਵਾਂ, ਗਿਆਨ ਦਾ ਮੀਂਹ, ਮਹਿਕਦੀ ਪਵਨ। ਸਮੇਂ ਦੇ ਸ਼ਾਸਕਾਂ ਨੂੰ ਸੁਤੰਤਰ ਵਿਚਾਰਾਂ ਨਾਲ ਕੈਦ ਕਰਨ ਵਾਲਾ।
ਦੋਸ਼ੀਆਂ ਕੋਲੋਂ ਦੋਸ਼ ਦਾ ਦਲੀਲ ਨਾਲ ਇਕਬਾਲ ਕਰਵਾਉਣ ਵਾਲਾ ਨਿਆਰਾ ਜੱਜ। ਰਾਜਨੀਤਕ ਹਲਚਲ ਤੇ ਅਰਾਜਕਤਾ ਸਮੇਂ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥” ਬਿਆਨਣ ਵਾਲਾ। ਖੂਨ ਦੀਆਂ ਨਦੀਆਂ ਵਹਿੰਦੀਆਂ ਦੇਖ ਬਾਬਰ ਨੂੰ ਜਾਬਰ ਕਹਿਣ ਵਾਲਾ ਸਮੇਂ ਦਾ ਬਾਗੀ “ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥”
ਧਾਰਮਿਕ ਪਰਪੰਚਾਂ ਅਤੇ ਫੋਕੇ ਰੀਤੀ-ਰਿਵਾਜਾਂ ਨੂੰ ਖੋਰਨ ਵਾਲਾ, ਦਰਿਆ ਰਾਜੇ, ਧਨਵਾਨ ਅਤੇ ਸ਼ਾਸਕਾਂ ਨੂੰ ਪੁਕਾਰਨ ਵਾਲੀ ਉਚੀ ਸੁੱਚੀ ਨਿਡਰ ਆਵਾਜ਼। ਰਾਜ ਸਭਾਵਾਂ ਨ੍ਰਿਤਕਾਵਾਂ ਤੇ ਜਾਦੂਗਰਾਂ ਦੇ ਕੇਂਦਰਾਂ ਨੂੰ ਢਾਹੁਣ ਵਾਲਾ ਸੂਰਬੀਰ ਬਲਵਾਨ। ਰਾਜਿਆਂ ਦੇ ਕਾਮਵਾਸ਼ਨਾ ਵਾਲੇ ਹਰਮਾਂ ਸਤੀ ਹੋਣ ਦੇ ਆਮ ਰਿਵਾਜਾਂ ਨੂੰ ਰੋਕ ਲਾਉਣ ਵਾਲਾ ਪਰਬਤ।
ਨਾਰੀ ਦੇ ਹੱਕ ਵਿਚ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥’ ਕਹਿਣ ਵਾਲੀ ਕੁਰੀਤੀਆਂ ਵਿਰੁਧ ਬੁਲੰਦ ਹਉਕਾ ਅੰਬਰੀ ਆਵਾਜ਼ ਹੈ, ਬਾਬਾ ਨਾਨਕ। ਲੋਕਾਂ ਦੀ ਸੇਵਾ ਚੰਗੇ ਸਮਾਜ ਦਾ ਨਿਰਮਾਣ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਇਲਾਹੀ ਪ੍ਰਤੀਕ ਮਧੁਰ ਨਗਮਾ। ਸਾਂਝੀਵਾਲਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ ਦਾ ਸਾਂਝਾ ਉਪਦੇਸ਼। ਹਰ ਦੇਸ਼ ਕੌਮ ਪ੍ਰਾਣੀ ਲਈ ਸੇਧ ਮਾਰਗ ਜੀਵਨ ਫਲਸਫਾ। ਸੱਚ ਦਾ ਪਾਂਧੀ, ਸ਼ਾਂਤੀ ਤੇ ਮਾਨਵ ਏਕਤਾ ਦਾ ਚਹੇਤਾ।
ਸ੍ਰਿਸ਼ਟੀ ਦਾ ਕਲਿਆਣ ਕਰਨਹਾਰਾ ਚਾਹਵਾਨ “ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥” ਰਾਗ ਸ਼ਬਦ ਰਚਣਹਾਰਾ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਆਪਣੀ ਬਣਾਈ ਖਲਕਤ ਵਿਚ ਹਾਦਰ ਅਤੇ ਦਾਇਮ ਸੱਚਾਈ ਦੀ ਹਕੀਕਤ ਹੈ, ਗੁਰੂ ਨਾਨਕ।
ਬਰਾਬਰੀ, ਭਾਈਚਾਰਕ ਪਿਆਰ, ਇਤਫਾਕ, ਚੰਗਿਆਈ ਅਤੇ ਗੁਣ ਅਨੋਖਾ ਰੂਹਾਨੀ, ਸਮਾਜਕ ਤੇ ਸਿਆਸੀ ਰਾਹ ਕਹੋ। ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟਿ ਦੀ ਸੱਚੀ ਕਲਮ। ਸਿੱਖ ਮਜ਼ਹਬੀ ਯਕੀਨ ਹੁਰਮਤ, ਦਿੱਵਤਾ ਅਤੇ ਧਾਰਮਿਕ ਅਖਤਿਆਰ ਵਾਲੀ ਇਲਾਹੀ ਜੋਤ ਦਸ ਗੁਰੂਆਂ ਵਿਚ ਬੈਠਾ ਲਿਸ਼ਕਦਾ ਸੂਰਜ ਸਿੱਖੀ ਦਾ ਆਗਾਜ਼ ਮੌਲਿਕ ਯਕੀਨ, ਮੁਕੱਦਸ ਗੁਰੂ ਗ੍ਰੰਥ ਸਾਹਿਬ ਦਾ ਰਚਣਹਾਰਾ।
ਕਣਕਾਂ ਨਾਲ ਭੜੋਲੇ ਕੋਠੀਆਂ ਭਰਨ ਵਾਲਾ, ਕਰਤਾਰਪੁਰ ਦੇ ਖੇਤਾਂ ਦਾ ਸ਼ਹਿਨਸ਼ਾਹ ਬਾਦਸ਼ਾਹ, ਅੰਨ ਦਾਤਾ ਲੋਕਾਈ ਦਾ। ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ। ਤੇਰਾ ਤੇਰਾ ਕਹਿ ਲੁਟਾਉਣ ਵਾਲਾ ਅਨੋਖਾ ਹੱਟਬਾਣੀਆ। ਸਾਰੇ ਪੈਸੇ ਭੁੱਖ ਮਿਟਾਉਣ ਲਈ ਲੇਖੇ ਲਾਉਣ ਵਾਲਾ ਕਾਲੂ ਦਾ ਨਵਾਂ ਬਿਜਨਸਮੈਨ। ‘ਧੁਰ ਕੀ ਬਾਣੀ’ ਵਿਚ ਤਰੰਗਿਤ ਹੋ ਜਾਣ ਵਾਲਾ ਸਰਘੀ ਦਾ ਗੁਲਾਬੀ, ਸੁਗੰਧ ਵਾਲਾ ਸੰਗੀਤ ਨਗਮਾ।