ਪੰਜਾਬ ਟਾਈਮਜ਼ ਦੇ ਅੰਕ 45 ਵਿਚ ਅਮਰਜੀਤ ਗਰੇਵਾਲ ਦਾ ਲੇਖ Ḕਨਾਨਕ ਬਾਣੀ ਦਾ ਮੂਲ ਸਰੋਕਾਰḔ ਪੜ੍ਹਿਆ। ਉਨ੍ਹਾਂ ਨਾਨਕ ਬਾਣੀ ਦੇ ਹਵਾਲੇ ਨਾਲ ਤਰਕ, ਧਰਮ, ਨੈਤਿਕਤਾ ਅਤੇ ਮਨੁੱਖ ਦੇ ਆਪਸੀ ਸਬੰਧਾਂ ਦੀਆਂ ਧਾਰਨਾਵਾਂ ਪੇਸ਼ ਕੀਤੀਆਂ ਹਨ। ਕਈ ਵਾਰ ਪੜ੍ਹਨ ‘ਤੇ ਵੀ ਇਹ ਨਹੀਂ ਪਤਾ ਲੱਗਾ ਕਿ ਉਸ ਕਿਸ ਸੂਤਰ ਦੀ ਪੈਰਵਾਈ ਕਰ ਰਹੇ ਹਨ। ਉਨ੍ਹਾਂ ਲਿਖਿਆ ਹੈ, “ਗੂਰੂ ਸਾਹਿਬ ਦ੍ਰਿੜ ਕਰਵਾਉਂਦੇ ਹਨ ਕਿ ਪਰਮਾਤਮਾ ਹੀ ਇੱਕੋ ਇੱਕ ਅਸਲੀ ਮਾਲਕ, ਸਤਿਗੁਰੂ, ਪਰਮਪਿਤਾ, ਪਤੀ-ਪਰਮੇਸ਼ਵਰ ਅਤੇ ਸੱਚਾ ਪਾਤਸ਼ਾਹ ਹੈ। ਸਭ ਦਾ ਮਾਲਕ ਉਹੀ ਹੈ। ਉਸ ਤੋਂ ਬਿਨਾ ਕਿਸੇ ਹੋਰ ਦੀ ਅਥਾਰਿਟੀ ਨਹੀਂ ਮੰਨਣੀ।”
ਇਸ ਬਾਰੇ ਕੋਈ ਰੌਲਾ ਨਹੀਂ, ਕੋਈ ਵੀ ਬੰਦਾ ਇਸ ਧਾਰਨਾ ਦਾ ਕਾਇਲ ਹੋ ਸਕਦਾ ਹੈ।
ਆਪਣੇ ਲੇਖ ਦੇ ਸਿਰਲੇਖ ਵਿਚ ਉਹ ਬਾਬੇ ਨਾਨਕ ਨਾਲ ḔਗੁਰੂḔ ਦੀ ਉਪਾਧੀ ਜੋੜ ਕੇ ਆਪਣੀ ਇਸ ਧਾਰਨਾ ਦਾ ਆਪ ਹੀ ਖੰਡਨ ਕਰ ਦਿੰਦੇ ਹਨ। ਜੇ ḔਪਰਮਾਤਮਾḔ ਹੀ ਗੁਰੂ ਹੈ ਤਾਂ ਕੋਈ ਹੋਰ ਗੁਰੂ ਕਿਵੇਂ ਹੋ ਸਕਦੈ? ਜਾਂ ਇਸ ਦੀ ਥਾਂ ਮੁੱਖ ਗੁਰੂ ਜਾਂ ਉਪ-ਗੁਰੂ ਵਰਗੀਆਂ ਉਪਾਧੀਆਂ ਦੀ ਵਰਤੋਂ ਕਰਨੀ ਸੀ।
ਅਜਿਹੀ ਹੀ ਸੰਗਤੀ ਦੇ ਦਰਸ਼ਨ ਅਗਲੇ ਪਹਿਰਿਆਂ ਵਿਚ ਹੁੰਦੇ ਹਨ। ਉਕਤ ਧਾਰਨਾ ਵਿਚ ਪਰਮਾਤਮਾ ਦੀ ਸਰਬਸ਼ਕਤੀਮਾਨਤਾ ਅਤੇ ਅਥਾਰਿਟੀ ਪੇਸ਼ ਕੀਤੀ ਗਈ ਹੈ, ਪਰ ਛੇਕੜਲੇ ਪਹਿਰਿਆਂ ਵਿਚ ਲਿਖਦੇ ਹਨ, “ਸਪਸ਼ਟ ਹੈ ਕਿ ਆਪਣੇ ਸੰਸਾਰ, ਉਸ ਦੀ ਨੈਤਿਕਤਾ ਦਾ ਬੰਦਾ ਆਪ ਹੀ ਲਿਖਾਰੀ ਹੈ। ਨਿਸ਼ਚਿਤ ਤੌਰ ‘ਤੇ ਉਸ ਨੂੰ ਆਪਣੀ ਉਸ ਲਿਖਤ ਲਈ ਜ਼ਿੰਮੇਵਾਰ ਹੋਣਾ ਪਵੇਗਾ।”
ਨਿੱਜੀ ਤੌਰ ‘ਤੇ ਮੇਰੀ ਵੀ ਇਹੀ ਧਾਰਨਾ ਹੈ, ਪਰ ਮੇਰਾ ਉਜ਼ਰ ਇਹ ਹੈ ਕਿ ਸ਼ ਗਰੇਵਾਲ ਦੀ ਇਹ ਗੁਰਬੰਦੀ ਪਹਿਲੀ ਧਾਰਨਾ ਦਾ ਖੰਡਨ ਕਰਦੀ ਹੈ। ਪ੍ਰਭੂਸੱਤਾ ਰਾਜੇ, ਪਿਉ ਜਾਂ ਪਰਮਾਤਮਾ ਕਿਸੇ ਦੀ ਹੋਵੇ, ਉਹ ਆਪਣੇ ਅਧੀਨ ਕਿਸੇ ਦੇ ਵੀ ਸਵੈ-ਨਿਰਣੇ ਦੇ ਹੱਕ ਨੂੰ ਸਵੀਕਾਰ ਨਹੀਂ ਕਰੇਗੀ। ਇਹ ਤਾਂ ਸਿੱਧੀ ਉਸ ਦੀ Ḕਪ੍ਰਭੂਸੱਤਾḔ ਨੂੰ ਚੁਣੌਤੀ ਹੈ। ਅਮਲ ਵਿਚ ਇਹੀ ਦਿਸਦਾ ਹੈ ਕਿ ਜਿਸ ਕੋਲ ਸੱਤਾ ਹੈ, ਆਪਣੇ ਅਧੀਨ ਕਿਸੇ ਨੂੰ ਵੀ ਉਹ ਕੁਸਕਣ ਨਹੀਂ ਦਿੰਦਾ। ਰਾਜੇ, ਬ੍ਰਾਹਮਣ ਦੀ ਥਾਂ ਜਦੋਂ ਪਰਮਾਤਮਾ ਲੈ ਲੈਂਦਾ ਹੈ ਤਾਂ ਬੰਦੇ ਦੇ ਸਟੇਟਸ ਵਿਚ ਫਰਕ ਨਹੀਂ ਪੈਦਾ, ਉਹ ਅਧੀਨ ਹੀ ਰਹਿੰਦਾ ਹੈ। ਪਹਿਲਾਂ ਉਹ ਦੇਹਧਾਰੀ ਸੱਤਾ ਦਾ ਗੁਲਾਮ ਸੀ; ਫਿਰ ਦੇਹਹੀਣ ਸੱਤਾ ਦਾ ਗੁਲਾਮ ਹੋ ਜਾਂਦਾ ਹੈ। ਗੁਲਾਮ ਬੰਦਾ ਆਪਣੀ ਲਿਖਤ ਲਈ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਸ਼ ਗਰੇਵਾਲ ਲਿਖਦੇ ਹਨ, “ਜਪੁਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਪਸ਼ਟ ਕਰ ਦਿੰਦੀ ਹੈ ਕਿ ਕਿਸੇ ਵੀ ਧਰਮ, ਸਿਧਾਂਤ ਜਾਂ ਤਰਕ ਨੁੰੰ ਨੈਤਿਕਤਾ ਦਾ ਸੋਮਾ ਨਹੀਂ ਮੰਨਿਆ ਜਾ ਸਕਦਾ। ਕੋਈ ਵੀ ਨੈਤਿਕ ਕਦਰਾਂ-ਕੀਮਤਾਂ ਸਥਿਰ, ਸਥਾਈ ਸੁਨਿਸ਼ਚਿਤ ਅਤੇ ਤਬਦੀਲੀ ਰਹਿਤ ਨਹੀਂ ਹੋ ਸਕਦੀਆਂ।” ਇਸ ਧਾਰਨਾ ‘ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ। ਇਹ ਗੱਲ ਆਮ ਜ਼ਿੰਦਗੀ ਦਾ ਖਾਸ ਸੱਚ ਹੈ, ਪਰ ਹੋਰ ਧਰਮਾਂ ਵਾਂਗ ਸਿੱਖ ਧਰਮ ਦੇ ਬਾਕੀ ਵਿਦਵਾਨ ਅਤੇ ਪ੍ਰਚਾਰਕ ਇਸ ਧਾਰਨਾ ਨਾਲ ਬਰ ਨਹੀਂ ਮੇਲ ਰਹੇ। ਉਹ ਤਾਂ ਕਹਿ ਰਹੇ ਹਨ ਕਿ ਸਿੱਖ ਧਰਮ ਦੀਆਂ ਸਿਖਿਆਵਾਂ ਅਤੇ ਨੈਤਿਕਤਾ ਸਰਬਕਾਲੀ ਅਤੇ ਸਰਬਵਿਆਪੀ ਹਨ। ਉਹ ਸ਼ਾਇਦ ਸ਼ ਗਰੇਵਾਲ ਦੀ ਇਹ ਗੱਲ ਮੰਨਣ ਨੂੰ ਤਿਆਰ ਨਾ ਹੋਣ ਕਿ (ਸਿੱਖ) ਧਰਮ ਨੈਤਕਿਤਾ ਦਾ ਸੋਮਾ ਨਹੀਂ?
ਇਕ ਪੈਰੇ ਵਿਚ ਉਹ ਤਰਕ ਵਿਰੁਧ ਤਰਕ ਕਰਦੇ ਹਨ। ਪੱਛੜੇ ਮੁਲਕਾਂ ਦੇ ਸਾਰੇ ਵਿਦਵਾਨਾਂ ਦੀ ਇਹ ਸਮੱਸਿਆ ਹੈ, ਜੋ ਤਰਕ ਆਧਾਰਿਤ ਤਕਨੀਕ ਰਾਹੀਂ ਪੈਦਾ ਹੋਈਆਂ ਸਹੂਲਤਾਂ ਦਾ ਸਭ ਤੋਂ ਵਧ ਲਾਹਾ ਲੈਂਦੇ ਹਨ, ਨਾਲ ਦੀ ਨਾਲ ਇਸ ਨੂੰ ਛੱਜ ‘ਚ ਪਾ ਕੇ ਛੱਟਦੇ ਵੀ ਹਨ। ਸ਼ ਗਰੇਵਾਲ ਲਿਖਦੇ ਹਨ, “ਪੈਦਾਵਾਰ ਅਤੇ ਖਪਤ ਨਾਲ ਜੁੜਵੀਂ ਤਰਕ-ਆਧਾਰਿਤ ਆਧੁਨਿਕ ਨੈਤਿਕਤਾ ਸਾਡਾ ਉਸੇ ਤਰ੍ਹਾਂ ਸਰਬਨਾਸ਼ ਕਰ ਰਹੀ ਹੈ, ਜਿਵੇਂ ਵਰਣ ਆਸ਼ਰਮ ਦੇ ਮਹਾਂਭਾਰਤ ਵਿਚ ਕੁਰੁ ਪਰਿਵਾਰ ਨਾਲ ਕੀਤਾ ਸੀ।” ਵਰਣ-ਆਸ਼ਰਮ ਇੱਕ ਦਾਰਸ਼ਨਿਕ ਮੱਤ ਹੈ, ਜਦੋਂ ਕਿ ਤਰਕ ਵਿਧੀ ਹੈ। ਤਰਕ ਆਪਣੇ ਆਪ ਵਿਚ ਕੋਈ ਮੱਤ ਨਹੀਂ ਹੁੰਦਾ, ਇਹ ਤਾਂ ਕਿਸੇ ਮੱਤ ਦੀ ਪੁਣਛਾਣ ਕਰਨ ਲਈ ਵਰਤਿਆ ਜਾਂਦਾ ਹੈ। ਜਿਸ ਨੈਤਿਕਤਾ ਦਾ ਉਹ ਹਵਾਲਾ ਦੇ ਰਹੇ ਹਨ, ਉਹ ਅਸਲ ਵਿਚ ਤਰਕ ਆਧਾਰਿਤ ਨੈਤਿਕਤਾ ਨਹੀਂ, ਸਗੋਂ ਪੂੰਜੀਵਾਦੀ ਨੈਤਿਕਤਾ ਹੈ। ਪੂੰਜੀਵਾਦ ਅਤੇ ਖੁੱਲ੍ਹੀ ਮੰਡੀ ਖਿਲਾਫ ਬੋਲਣੋਂ ਡਰਦਿਆਂ ਵਿਚਾਰੇ ਤਰਕ ਦੇ ਮਗਰ ਪੈ ਗਏ। ਅਸਿੱਧੇ ਤੌਰ ‘ਤੇ ਉਹ ਅਤਰਕਹੀਣਤਾ, ਪਿਛਲੱਗਤਾ ਅਤੇ ਲਾਈਲੱਗਤਾ ਦੇ ਹੱਕ ਵਿਚ ਭੁਗਤ ਗਏ ਹਨ। ਕੀ ਸਾਨੂੰ ਜ਼ਿੰਦਗੀ ਵਿਚੋਂ ਤਰਕ, ਸੋਚ ਵਿਚਾਰ, ਵਿਵੇਕ ਕੱਢ ਦੇਣਾ ਚਾਹੀਦਾ ਹੈ?
-ਅਵਤਾਰ ਗੋਂਦਾਰਾ
ਫੋਨ: 559-375-2589