ਪਹਿਲੇ ਤਵੇ ਵਾਲੀ ਗੌਹਰ ਜਾਨ

ਗੌਹਰ ਜਾਨ (26 ਜੂਨ 1873-17 ਜਨਵਰੀ 1930) ਨੇ ਆਪਣੀ ਗਾਇਕੀ ਤੇ ਨ੍ਰਿਤ ਦਾ ਜਲਵਾ ਪਹਿਲੀ ਵਾਰ 1887 ਵਿਚ ਦਰਭੰਗਾ ਰਿਆਸਤ ਦੇ ਦਰਬਾਰ ਵਿਚ ਦਿਖਾਇਆ ਅਤੇ ਉਹ ਦਰਬਾਰੀ ਗਾਇਕਾ ਥਾਪ ਦਿੱਤੀ ਗਈ। ਉਹਨੇ ਬਨਾਰਸ ਦੇ ਇਕ ਮਸ਼ਹੂਰ ਉਸਤਾਦ ਤੋਂ ਗਾਇਕੀ ਅਤੇ ਨ੍ਰਿਤ ਦੀ ਸਿਖਲਾਈ ਜਾਰੀ ਰੱਖੀ। 1896 ਵਿਚ ਉਹਨੇ ਫੇਰ ਕਲਕੱਤੇ ਨੂੰ ਹੀ ਟਿਕਾਣਾ ਬਣਾ ਲਿਆ।…ਜਦੋਂ ਉਹ ਆਪਣੇ ਟਿਕਾਣੇ ਤੋਂ ਬਾਹਰ ਕਿਤੇ ਜਾ ਕੇ ਮੁਜਰਾ ਕਰਨਾ ਕਬੂਲ ਕਰਦੀ ਸੀ, 101 ਮੋਹਰਾਂ ਪੇਸ਼ਗੀ ਰਖਵਾ ਲੈਂਦੀ ਸੀ।…ਇਸ ਮਿਸਾਲੀ ਗਾਇਕਾ ਬਾਰੇ ਚਰਚਾ ਉਘੇ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 011-42502364

ਗੌਹਰ ਜਾਨ ਹਿੰਦੁਸਤਾਨ ਦੀ ਪਹਿਲੀ ਗਾਇਕਾ ਸੀ, ਜਿਸ ਦਾ ਭਰਿਆ ਤਵਾ ਵਿਕਰੀ ਲਈ ਬਾਜ਼ਾਰ ਵਿਚ ਆਇਆ। ਲੰਡਨ ਤੋਂ ਆਏ Ḕਦਿ ਗਰਾਮੋਫੋਨ ਐਂਡ ਟਾਈਪਰਾਈਟਰ ਕੰਪਨੀḔ ਦੇ ਰਿਕਾਰਡਿੰਗ ਇੰਜੀਨੀਅਰ ਫਰੈਡਰਿਕ ਵਿਲੀਅਮ ਗਾਇਸਬਰਗ ਨੇ ਨਵੀਂਆਂ ਕੁੜੀਆਂ ਸਸ਼ੀ ਮੁਖੀ ਤੇ ਫਨੀ ਬਾਲਾ ਦੀਆਂ ਆਵਾਜ਼ਾਂ ਪਸੰਦ ਨਾ ਆਈਆਂ ਹੋਣ ਕਾਰਨ, ਅਨੁਭਵੀ ਗਾਇਕਾਂ ਵੱਲ ਰੁਖ ਕੀਤਾ। ਉਹਨੇ ਚਰਚਿਤ ਤਵਾਇਫਾਂ ਨੂੰ ਮਿਲਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਦੀ ਗਾਇਕੀ ਦੀਆਂ ਗੱਲਾਂ ਦੂਰ ਦੂਰ ਤੱਕ ਹੁੰਦੀਆਂ ਸਨ। ਉਹਨੂੰ ਪਰ ਇਕ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਕਲਪਨਾ ਵੀ ਨਹੀਂ ਸੀ ਹੋ ਸਕਦੀ। ਤਵਾਇਫਾਂ ਲਈ ਲੋਹੇ ਦੀ ਮਸ਼ੀਨ ਵਾਸਤੇ ਗਾਉਣਾ ਬੇਸੁਰਾ ਵਿਚਾਰ ਅਤੇ ਕੁਫਰ ਸੀ। ਆਖਰ ਉਹਨੇ ਗੌਹਰ ਜਾਨ ਦਾ ਬੂਹਾ ਜਾ ਖੜਕਾਇਆ, ਜਿਸ ਬਾਰੇ ਉਹਨੂੰ ਦੱਸਿਆ ਗਿਆ ਕਿ ਉਹ ਅਜਿਹੇ ਫਜ਼ੂਲ ਵਹਿਮਾਂ-ਭਰਮਾਂ ਵਿਚ ਤਾਂ ਨਹੀਂ ਪੈਂਦੀ, ਪਰ ਉਹਦੇ ਨਾਲ ਗਾਉਣ ਦੀ ਗੱਲ ਤੈਅ ਕਰਨਾ ਵੀ ਏਨਾ ਸੌਖਾ ਤੇ ਸਸਤਾ ਨਹੀਂ!
ਗੌਹਰ ਜਾਨ ਦੇ ਨਾਂ ਤੋਂ ਇਉਂ ਲਗਦਾ ਹੈ, ਜਿਵੇਂ ਉਹ ਜੱਦੀ-ਪੁਸ਼ਤੀ ਮੁਸਲਮਾਨ ਹੋਣ ਦੇ ਬਾਵਜੂਦ ਪੁਰਾਣੀਆਂ ਹੱਦਾਂ ਉਲੰਘਣ ਵਾਲੀ ਹੋਵੇ ਤੇ ਆਪਣੇ ਸਮੇਂ ਤੋਂ ਬਹੁਤ ਅੱਗੇ ਜਿਉਂਦੀ ਹੋਵੇ। ਅਸਲ ਵਿਚ ਉਹ ਕਈ ਧਰਮਾਂ ਤੇ ਸਭਿਆਚਾਰਾਂ ਦੀ ਮਿੱਸੀ ਪੈਦਾਵਾਰ ਸੀ, ਜਿਸ ਦੀ ਮਾਂ ਨੇ ਹਾਲਾਤ ਕਾਰਨ ਇਸਲਾਮ ਅਪਨਾਇਆ। ਰੁਕਮਣੀ ਨਾਂ ਦੀ ਉਹਦੀ ਨਾਨੀ ਹਿੰਦੂ ਸੀ, ਜਿਸ ਨੇ ਇਕ ਅੰਗਰੇਜ਼ ਹਾਰਡੀ ਹੈਮਿੰਗਜ਼ ਨਾਲ ਵਿਆਹ ਕਰਵਾਇਆ। ਉਨ੍ਹਾਂ ਨੇ ਧੀ ਦਾ ਨਾਂ ਵਿਕਟੋਰੀਆ ਹੈਮਿੰਗਜ਼ ਰੱਖਿਆ ਅਤੇ ਉਹਨੂੰ ਸੰਗੀਤ ਤੇ ਨ੍ਰਿਤ ਦੀ ਬਾਕਾਇਦਾ ਸਿੱਖਿਆ ਦੁਆਈ। ਵਿਕਟੋਰੀਆ, ਜੋ ਭਵਿਖ ਵਿਚ Ḕਬੜੀ ਮਲਕਾ ਜਾਨḔ ਬਣੀ, ਦਾ ਵਿਆਹ 1872 ਵਿਚ ਰਾਬਰਟ ਵਿਲੀਅਮ ਯਿਉਵਾਰਡ ਨਾਂ ਦੇ ਆਰਮੇਨੀਅਨ ਈਸਾਈ ਨਾਲ ਹੋਇਆ, ਜੋ ਆਜ਼ਮਗੜ੍ਹ ਦੀ ਇਕ ਫੈਕਟਰੀ ਵਿਚ ਇੰਜੀਨੀਅਰ ਲੱਗਾ ਹੋਇਆ ਸੀ। ਉਨ੍ਹਾਂ ਨੇ 26 ਜੂਨ 1873 ਨੂੰ ਜਨਮੀ ਪਲੇਠੀ ਧੀ ਦਾ ਨਾਂ ਇਲੀਨ ਏਂਜਲੀਨਾ ਯਿਉਵਾਰਡ ਰੱਖਿਆ, ਜੋ ਭਵਿਖੀ ਗੌਹਰ ਜਾਨ ਸੀ।
ਬਦਕਿਸਮਤੀ ਨੂੰ ਛੇ-ਸੱਤ ਸਾਲ ਪਿਛੋਂ, 1879 ਵਿਚ ਰਾਬਰਟ ਵਿਲੀਅਮ ਵਿਆਹ ਤੋੜ ਕੇ ਅਤੇ ਪਤਨੀ ਤੇ ਬੱਚੀ ਨੂੰ ਬੇਸਹਾਰਾ ਛੱਡ ਕੇ ਚਲਦਾ ਬਣਿਆ। ਵਿਕਟੋਰੀਆ ਲਈ ਇਹ ਬਹੁਤ ਤੰਗੀ ਦੇ ਦਿਨ ਸਨ। ਉਹ ਆਪਣੀ ਕਲਾ ਦੇ ਦਿਲੀ ਪ੍ਰਸ਼ੰਸਕ ਖੁਰਸ਼ੀਦ ਨਾਂ ਦੇ ਇਕ ਮੁਸਲਮਾਨ ਰਈਸ ਦੇ ਨੇੜੇ ਹੋ ਗਈ। ਉਸ ਨਾਲ ਉਹ ਬਨਾਰਸ ਪਹੁੰਚ ਗਈ, ਜੋ ਉਸ ਸਮੇਂ ਤਵਾਇਫਾਂ ਦਾ ਤੇ ਕੋਠੇਵਾਲੀਆਂ ਦਾ ਵੱਡਾ ਕੇਂਦਰ ਸੀ। ਛੇਤੀ ਹੀ ਉਹਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣੀ ਕਲਾ ਦੇ ਸਹਾਰੇ Ḕਬੜੀ ਮਲਕਾ ਜਾਨḔ ਦੇ ਨਾਂ ਨਾਲ ਪ੍ਰਮੁੱਖ ਤਵਾਇਫ ਵਜੋਂ ਜਾਣੀ ਜਾਣ ਲੱਗੀ। ḔਬੜੀḔ ਇਸ ਲਈ ਕਿਉਂਕਿ ਉਸ ਸਮੇਂ ਤਿੰਨ ਹੋਰ ਮਲਕਾ ਜਾਨ ਵੀ ਚੰਗੀ ਖਾਸੀ ਪ੍ਰਸਿੱਧੀ ਕਮਾ ਚੁਕੀਆਂ ਸਨ, ਪਰ ਉਹ ਉਮਰੋਂ ਇਹਤੋਂ ਛੋਟੀਆਂ ਸਨ। ਮਾਂ ਵਿਕਟੋਰੀਆ ਜਦੋਂ ਮਲਕਾ ਬਣੀ, ਕੁਦਰਤੀ ਹੀ ਇਲੀਨ ਵੀ ਗੌਹਰ ਹੋ ਗਈ।
1883 ਵਿਚ ਮਲਕਾ ਜਾਨ ਕਲਕੱਤੇ ਪਹੁੰਚ ਗਈ। ਉਥੇ ਉਹ ਨਵਾਬ ਵਾਜਿਦ ਅਲੀ ਸ਼ਾਹ (30 ਜੁਲਾਈ 1822-1 ਸਤੰਬਰ 1887) ਦੀ ਨਜ਼ਰ ਚੜ੍ਹ ਗਈ, ਜਿਸ ਨੂੰ 11 ਫਰਵਰੀ 1856 ਨੂੰ ਅੰਗਰੇਜ਼ਾਂ ਨੇ ਅਵਧ ਦੀ ਗੱਦੀ ਤੋਂ ਲਾਹ ਕੇ ਤੇ ਖੁੱਲ੍ਹੀ ਪੈਨਸ਼ਨ ਦੇ ਕੇ ਕਲਕੱਤੇ ਦੇ ਇਕ ਉਪਨਗਰ ਵਿਚ ਜਲਾਵਤਨ ਕਰ ਦਿੱਤਾ ਸੀ। ਮਲਕਾ ਜਾਨ ਗੀਤ-ਸੰਗੀਤ ਦੇ ਨਾਲ ਨਾਲ ਨ੍ਰਿਤ ਦੀ, ਖਾਸ ਕਰਕੇ ਕੱਥਕ ਦੀ ਪ੍ਰਬੀਨ ਕਲਾਕਾਰ ਸੀ। ਨਵਾਬ ਵਾਜਿਦ ਅਲੀ ਸ਼ਾਹ ਮੰਨਿਆ ਹੋਇਆ ਕਵੀ, ਨਾਟਕਕਾਰ, ਨ੍ਰਿਤਕਾਰ ਤੇ ਕਲਾ-ਸਰਪ੍ਰਸਤ ਸੀ। ਕਿਹਾ ਜਾਂਦਾ ਹੈ ਕਿ ਕਾਫੀ ਸਮੇਂ ਤੋਂ ਆਪਣੀ ਥਾਂ ਗੁਆ ਚੁਕੇ ਕੱਥਕ ਨੂੰ ਤਾਂ ਸੁਰਜੀਤ ਹੀ ਵਾਜਿਦ ਅਲੀ ਸ਼ਾਹ ਨੇ ਕੀਤਾ ਸੀ। ਉਹ ਮਲਕਾ ਜਾਨ ਉਤੇ ਏਨਾ ਮਿਹਰਬਾਨ ਸੀ ਕਿ ਮਲਕਾ ਨੇ ਤਿੰਨ ਸਾਲਾਂ ਵਿਚ ਹੀ ਕਲਕੱਤੇ ਦੇ ਚਿਤਪੁਰ ਮਾਰਗ ਉਤੇ 40,000 ਹਜ਼ਾਰ ਰੁਪਏ ਵਿਚ ਘਰ ਖਰੀਦ ਲਿਆ। ਚਿਤਪੁਰ ਮਾਰਗ ਨੂੰ ਹੁਣ ਰਾਬਿੰਦਰ ਸਾਰਨੀ ਕਿਹਾ ਜਾਂਦਾ ਹੈ। ਇਸ ਘਰ ਵਿਚ ਹੀ ਗੌਹਰ ਦੀ ਸਿਖਲਾਈ ਸ਼ੁਰੂ ਹੋਈ।
ਗੌਹਰ ਨੇ ਕਲਾਸੀਕਲ ਸੰਗੀਤ ਤੇ ਸੁਗਮ ਸੰਗੀਤ ਦੀ ਸਿਖਲਾਈ ਪਟਿਆਲਾ ਘਰਾਣੇ ਦੇ ਉਸਤਾਦਾਂ ਤੋਂ ਅਤੇ ਕੱਥਕ ਦੀ ਸਿਖਲਾਈ ਬਿਰਜੂ ਮਹਾਰਾਜ ਦੇ ਦਾਦੇ ਦੇ ਭਰਾ, ਚੋਟੀ ਦੇ ਨ੍ਰਿਤ-ਗੁਰੂ ਬ੍ਰਿੰਦਾਦੀਨ ਮਹਾਰਾਜ ਤੋਂ ਲੈਣ ਤੋਂ ਇਲਾਵਾ ਵੱਖ ਵੱਖ ਉਸਤਾਦਾਂ ਤੋਂ ਧਰੁਪਦ ਧਮਰ, ਬੰਗਾਲੀ ਕੀਰਤਨ ਤੇ ਰਾਬਿੰਦਰ ਸੰਗੀਤ ਵੀ ਸਿੱਖੇ। ਇਸ ਸਭ ਦੇ ਨਾਲ ਨਾਲ ਉਹਨੇ ਅਨੇਕ ਬੋਲੀਆਂ ਵੀ ਸਿੱਖੀਆਂ। ਉਹਨੇ ḔਹਮਦਮḔ ਦੇ ਕਲਮੀ ਨਾਂ ਨਾਲ ਗਜ਼ਲਾਂ, ਗੀਤ ਤੇ ਭਜਨ ਵੀ ਲਿਖੇ। ਇਹ ਸਾਹਿਤਕ ਪ੍ਰਤਿਭਾ ਤਾਂ ਉਹਨੂੰ ਮਾਂ ਦੇ ਦੁੱਧ ਵਿਚੋਂ ਹੀ ਮਿਲ ਗਈ ਸੀ। ਮਾਂ-ਧੀ, ਦੋਵੇਂ ਵਧੀਆ ਕਵਿੱਤਰੀਆਂ ਸਨ। ਉਹ ਅਕਸਰ ਆਪਣੀਆਂ ਰਚਨਾਵਾਂ ਹੀ ਗਾਉਂਦੀਆਂ। ਗੀਤ-ਸੰਗੀਤ ਤੇ ਨਾਚ ਸਿੱਖਣ ਪੱਖੋਂ ਗੌਹਰ ਬੜੀ ਹੋਣਹਾਰ ਸੀ। ਛੇਤੀ ਹੀ ਉਹ ਮੁਜਰਿਆਂ ਵਿਚ ਮਾਂ ਨੂੰ ਸੰਗਤ ਦੇਣ ਲੱਗ ਪਈ। ਸਮੇਂ ਨਾਲ ਉਹ ਠੁਮਰੀ, ਦਾਦਰਾ, ਕਜਰੀ, ਚੈਤੀ, ਤਰਾਨਾ, ਭਜਨ, ਗਜ਼ਲ ਆਦਿ ਗਾਉਣ ਵਿਚ ਨਿਪੁੰਨ ਹੋ ਗਈ। ਉਹਦੀ ਇਕ ਸਿਫਤ ਹਿੰਦੁਸਤਾਨੀ ਕਲਾਸੀਕਲ ਸ਼ੈਲੀ ਦੀ ਸੰਗੀਤ ਰਚਨਾ ਨੂੰ ਰਿਕਾਰਡ ਦੀ ਲੋੜ ਅਨੁਸਾਰ ਸਾਢੇ ਤਿੰਨ ਮਿੰਟ ਵਿਚ ਸਮੇਟ ਦੇਣ ਦੀ ਉਹਦੀ ਤਕਨੀਕ ਸੀ।
ਗੌਹਰ ਜਾਨ ਨੇ ਗਾਇਕੀ ਤੇ ਨ੍ਰਿਤ ਦਾ ਜਲਵਾ ਪਹਿਲੀ ਵਾਰ 1887 ਵਿਚ ਦਰਭੰਗਾ ਰਿਆਸਤ ਦੇ ਦਰਬਾਰ ਵਿਚ ਦਿਖਾਇਆ ਅਤੇ ਉਹ ਦਰਬਾਰੀ ਗਾਇਕਾ ਥਾਪ ਦਿੱਤੀ ਗਈ। ਉਹਨੇ ਬਨਾਰਸ ਦੇ ਇਕ ਮਸ਼ਹੂਰ ਉਸਤਾਦ ਤੋਂ ਗਾਇਕੀ ਅਤੇ ਨ੍ਰਿਤ ਦੀ ਸਿਖਲਾਈ ਜਾਰੀ ਰੱਖੀ। 1896 ਵਿਚ ਉਹਨੇ ਕਲਕੱਤੇ ਨੂੰ ਹੀ ਟਿਕਾਣਾ ਬਣਾ ਲਿਆ। ਉਹ ਗੁਣਵੰਤੀ ਗਾਇਕਾ ਤਾਂ ਸੀ ਹੀ, ਉਹਨੂੰ ਆਪਣੇ ਗੁਣਵੰਤੀ ਗਾਇਕਾ ਹੋਣ ਦਾ ਅਹਿਸਾਸ ਤੇ ਮਾਣ ਵੀ ਸੀ। ਨਤੀਜੇ ਵਜੋਂ ਉਹ ਸਵੈਮਾਨੀ, ਦਬੰਗ ਤੇ ਪੁਰਾਣੀਆਂ ਸੀਮਾਵਾਂ ਤੋੜ ਕੇ ਆਪਣੀਆਂ ਸੀਮਾਵਾਂ ਆਪ ਮਿਥਣ ਵਾਲੀ ਮੜਕਦਾਰ ਔਰਤ ਵਜੋਂ ਜਾਣੀ ਜਾਣ ਲੱਗੀ।
ਹੋਰ ਗਾਇਕਾਂ ਦੇ ਵਹਿਮਾਂ-ਭਰਮਾਂ ਦੇ ਉਲਟ ਗਾਇਸਬਰਗ ਦੀ ਸਾਰੀ ਗੱਲ ਸੁਣ-ਸਮਝ ਕੇ ਉਹਨੇ ਮਸ਼ੀਨ ਦੀ ਵੰਗਾਰ ਪ੍ਰਵਾਨ ਕੀਤੀ, ਪਰ ਇਕ ਬੈਠਕ ਦੇ ਤਿੰਨ ਹਜ਼ਾਰ ਰੁਪਏ ਮੰਗੇ। ਗਾਇਸਬਰਗ ਨੇ ਕਿਸੇ ਜੇ-ਜੱਕ ਤੋਂ ਬਿਨਾ ਬਟੂਆ ਕੱਢਿਆ ਤੇ ਉਹਦੀ ਦੱਸੀ ਰਕਮ ਪੇਸ਼ ਕਰ ਦਿੱਤੀ। ਇਹ ਅੰਕੜਾ ਮੁਕੰਮਲ ਸੱਚ ਹੋਣ ਦੇ ਬਾਵਜੂਦ ਹੈਰਾਨ ਕਰ ਦਿੰਦਾ ਹੈ। 1902 ਦੇ ਤਿੰਨ ਹਜ਼ਾਰ ਰੁਪਏ ਸਰਕਾਰੀ ਲੇਖੇ ਅਨੁਸਾਰ 1500 ਗੁਣਾ ਹੋ ਕੇ ਅੱਜ ਦੇ ਪੰਤਾਲੀ ਲੱਖ ਰੁਪਏ ਬਣਦੇ ਹਨ! ਜੇ ਇਕ ਬੈਠਕ ਵਿਚ ਕਈ ਗੀਤ ਰਿਕਾਰਡ ਹੋਏ ਮੰਨ ਲਈਏ, ਤਾਂ ਵੀ ਗੌਹਰ ਜਾਨ ਦੇ ਗਾਏ ਇਕ ਗੀਤ ਦੀ ਰਕਮ ਕਈ ਲੱਖ ਰੁਪਏ ਹੋ ਗਈ! ਦਸਦੇ ਹਨ, ਪਹਿਲੀ ਰਿਕਾਰਡਿੰਗ ਪਿਛੋਂ ਉਹਨੇ ਆਪਣੇ ਨੇੜਲਿਆਂ ਨੂੰ ਇਹ ਦੂਰਦਰਸ਼ੀ ਪ੍ਰਭਾਵ ਦਿੱਤਾ ਕਿ ਦੁਨੀਆਂ ਦੀ ਗਾਇਕੀ ਦੇ ਭਵਿੱਖ ਵਿਚ ਰਿਕਾਰਡਾਂ ਦੀ ਪ੍ਰਮੁੱਖ ਭੂਮਿਕਾ ਹੋਵੇਗੀ।
ਇਸ ਰਕਮ ਦਾ ਹੈਰਾਨ ਕਰਨ ਵਾਲੀ ਹੋਣਾ ਇਕ ਮਿਸਾਲ ਸਮਝਿਆ ਜਾ ਸਕਦਾ ਹੈ। 1977 ਵਿਚ, ਭਾਵ ਗੌਹਰ ਜਾਨ ਦੇ ਤਿੰਨ ਹਜ਼ਾਰ, ਅਰਥਾਤ 45 ਲੱਖ ਰੁਪਈਆਂ ਤੋਂ 75 ਸਾਲ ਪਿਛੋਂ, ਐਕਟਰ ਜਤਿੰਦਰ ਦੀ ਬਣਾਈ ਫਿਲਮ Ḕਦੀਦਾਰ-ਏ-ਯਾਰḔ ਵਾਸਤੇ ਇਕ ਇਕ ਗੀਤ ਗਾਉਣ ਲਈ ਸਮਕਾਲ ਦੇ ਚੋਟੀ ਦੇ ਗਾਇਕਾਂ, ਮੁਹੰਮਦ ਰਫੀ ਤੇ ਕਿਸ਼ੋਰ ਕੁਮਾਰ ਨੇ ਚਾਰ-ਚਾਰ ਹਜ਼ਾਰ ਰੁਪਏ ਲਏ। ਕੁਝ ਕਾਰਨਾਂ ਕਰ ਕੇ ਫਿਲਮ ਵਿਚੇ ਅਟਕ ਗਈ ਤੇ ਮੁੜ 1980 ਵਿਚ ਹੀ ਸ਼ਰੂ ਹੋ ਸਕੀ। ਉਹਨੇ ਫੇਰ ਉਨ੍ਹਾਂ ਹੀ ਦੋਹਾਂ ਗਾਇਕਾਂ ਨੂੰ ਇਕ ਇਕ ਗੀਤ ਗਾਉਣ ਲਈ ਕਿਹਾ। ਕਿਸ਼ੋਰ ਕੁਮਾਰ ਨੇ ਆਪਣੀ ਹੁਣ ਦੀ ਫੀਸ ਵੀਹ ਹਜ਼ਾਰ ਦੱਸੀ, ਜੋ ਜਤਿੰਦਰ ਨੇ ਦੇ ਦਿੱਤੀ। ਉਹਨੇ ਇਸੇ ਹਿਸਾਬ ਨੋਟਾਂ ਦੀ ਦੱਥੀ ਰਫੀ ਸਾਹਿਬ ਦੇ ਘਰ ਭੇਜ ਦਿੱਤੀ। ਉਨ੍ਹਾਂ ਨੇ ਫੋਨ ਕੀਤਾ, “ਇਹ ਐਨੇ ਪੈਸੇ ਕਿਉਂ ਭੇਜ ਦਿੱਤੇ?” ਜਤਿੰਦਰ ਨੇ ਸਾਰਾ ਮਾਜਰਾ ਕਹਿ ਸੁਣਾਇਆ, ਪਰ ਰਫੀ ਸਾਹਿਬ ਬੋਲੇ, “ਪਹਿਲਾਂ ਚਾਰ ਹਜ਼ਾਰ ਲੈ ਕੇ ਹੁਣ ਉਸੇ ਫਿਲਮ ਦੇ ਦੂਜੇ ਗੀਤ ਲਈ ਵੱਧ ਪੈਸਿਆਂ ਦੀ ਕੀ ਤੁਕ ਹੈ?” ਤੇ ਉਨ੍ਹਾਂ ਨੇ ਸੋਲਾਂ ਹਜ਼ਾਰ ਵਾਪਸ ਭੇਜ ਦਿੱਤੇ। ਇਸ ਸੂਰਤ ਵਿਚ ਗੌਹਰ ਜਾਨ ਦੀ ਮੰਗ ਤੇ ਗਾਇਸਬਰਗ ਦੀ ਮੰਗ-ਪੂਰਤੀ ਨੇ ਹੈਰਾਨ ਤਾਂ ਕਰਨਾ ਹੀ ਹੋਇਆ। 1977 ਵਿਚ ਰਫੀ ਜਿਹੇ ਅਲੋਕਾਰ ਗਾਇਕ ਨੂੰ ਇਕ ਗੀਤ ਦੇ ਚਾਰ ਹਜ਼ਾਰ ਤੇ 1902 ਵਿਚ ਗੌਹਰ ਜਾਨ ਨੂੰ ਇਕ ਗੀਤ ਦੇ ਕਈ ਲੱਖ!
ਇਸ ਬੈਠਕ ਵਿਚ ਗੌਹਰ ਜਾਨ ਨੇ ਪਹਿਲੀ ਰਿਕਾਰਡਿੰਗ ਰਾਗ ਜੋਗੀਆ ਵਿਚ ਇਕ ਖਿਆਲ ਦੀ ਕਰਵਾਈ। ਲੋਹੇ ਦੀ ਮਸ਼ੀਨ ਵਿਚ ਗਾਉਣ ਨੂੰ ਕੁਫਰ ਸਮਝੇ ਜਾਣ ਦੀ ਵਰਜਨਾ ਨੂੰ ਉਹਦਾ ਤੋੜਨਾ ਸੀ ਕਿ ਹੋਰ ਗਾਇਕਾਂ ਵੀ ਤਿਆਰ ਹੋ ਗਈਆਂ। 8 ਨਵੰਬਰ 1902 ਨੂੰ ਸ਼ੁਰੂ ਹੋਈਆਂ ਰਿਕਾਰਡਿੰਗ ਦੀਆਂ ਬੈਠਕਾਂ ਛੇ ਹਫਤੇ ਚੱਲੀਆਂ। ਇਨ੍ਹਾਂ ਵਿਚ ਸਥਾਨਕ ਕਲਾਕਾਰਾਂ ਦੇ 500 ਤੋਂ ਵੱਧ ਗੀਤ ਭਰੇ ਗਏ, ਜੋ ਅਪਰੈਲ 1903 ਵਿਚ ਜਰਮਨੀ ਤੋਂ ਤਵੇ ਬਣ ਕੇ ਆਏ। ਉਨ੍ਹਾਂ ਨੂੰ ਬਾਜ਼ਾਰ ਵਿਚ ਭਾਰੀ ਸਫਲਤਾ ਮਿਲੀ। ਗੌਹਰ ਜਾਨ ਦੇ ਰਿਕਾਰਡ ਤਾਂ ਖਾਸ ਕਰ ਕੇ ਹੱਥੋ-ਹੱਥ ਵਿਕ ਗਏ। ਨਤੀਜੇ ਵਜੋਂ ਗਰਾਮੋਫੋਨ ਕੰਪਨੀ ਨੇ 1908 ਤੱਕ ਦੋ ਵਾਰ ਹੋਰ ਕਲਕੱਤੇ ਆ ਕੇ ਰਿਕਾਰਡਿੰਗ ਕੀਤੀ। ਇਨ੍ਹਾਂ ਤਿੰਨਾਂ ਵਾਰੀਆਂ ਵਿਚ ਕੋਈ ਪੰਜ ਹਜ਼ਾਰ ਗੀਤ ਤਵਿਆਂ ਵਿਚ ਸਾਂਭ ਲਏ ਗਏ।
ਗੌਹਰ ਜਾਨ ਨੇ 1902 ਤੋਂ ਸ਼ੁਰੂ ਕਰ ਕੇ 1920 ਤੱਕ ਬੰਗਾਲੀ, ਹਿੰਦੁਸਤਾਨੀ, ਗੁਜਰਾਤੀ, ਤਾਮਿਲ, ਮਰਾਠੀ, ਅਰਬੀ, ਫਾਰਸੀ, ਪਸ਼ਤੋ, ਫਰਾਂਸੀਸੀ ਤੇ ਅੰਗਰੇਜ਼ੀ ਸਮੇਤ ਦਰਜਨ ਤੋਂ ਵੱਧ ਬੋਲੀਆਂ ਵਿਚ ਕੋਈ 600 ਤੋਂ ਵੱਧ ਗੀਤ ਰਿਕਾਰਡ ਕਰਵਾਏ। ਯਾਦ ਰਹੇ, 1930-31 ਵਿਚ ਇਸੇ ਕਾਢ ਨੇ ਹਿੰਦੁਸਤਾਨੀ ਚੁੱਪ ਫਿਲਮਾਂ ਨੂੰ ਆਵਾਜ਼ ਦੇ ਕੇ ਇਕ ਨਵੇਂ ਸੁਨਹਿਰੀ ਯੁੱਗ ਦਾ ਅਰੰਭ ਕੀਤਾ। ਦਸਦੇ ਹਨ, ਬੇਗਮ ਅਖਤਰ ਪਹਿਲਾਂ-ਪਹਿਲ ਹਿੰਦੁਸਤਾਨੀ ਫਿਲਮਾਂ ਵਿਚ ਨਾਂ ਕਮਾਉਣ ਲਈ ਉਤਾਵਲੀ ਸੀ, ਪਰ ਬੜੀ ਮਲਕਾ ਜਾਨ ਤੇ ਗੌਹਰ ਜਾਨ ਦੀ ਗਾਇਕੀ ਸੁਣ ਕੇ ਉਹਨੇ ਫਿਲਮਾਂ ਵਿਚ ਜਾਣ ਦਾ ਇਰਾਦਾ ਇਕ-ਵਾਢਿਉਂ ਹੀ ਰੱਦ ਕਰ ਦਿੱਤਾ ਅਤੇ ਆਪਣਾ ਜੀਵਨ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਲੇਖੇ ਲਾ ਦਿੱਤਾ। ਇਹ ਤੱਥ ਦਿਲਚਸਪ ਹੈ ਕਿ ਉਹਨੇ ਉਨ੍ਹਾਂ ਮਾਂ-ਧੀ ਦੇ ਸਾਰੰਗੀਵਾਦਕ ਉਸਤਾਦ ਇਮਦਾਦ ਖਾਂ ਨੂੰ ਗੁਰੂ ਧਾਰਿਆ।
ਗੌਹਰ ਜਾਨ ਪਹਿਲਾਂ ਬਨਾਰਸ ਦੇ ਕੋਠਿਆਂ ਵਿਚ ਤੇ ਫੇਰ ਕਲਕੱਤੇ ਦੀਆਂ ਬਾੜੀਆਂ ਵਿਚ ਸਭ ਤੋਂ ਮਹਿੰਗੀ ਤਵਾਇਫ ਮੰਨੀ ਜਾਂਦੀ ਸੀ। ਉਹਦੇ ਮੁਜਰੇ ਦਾ ਵੀ ਇਕ ਕਿੱਸਾ ਸੁਣ ਲਵੋ। ਇਹ ਮਸ਼ਹੂਰ ਲੇਖਿਕਾ ਤੇ ਪੱਤਰਕਾਰ ਮ੍ਰਿਣਾਲ ਪਾਂਡੇ ਨੇ 27 ਜਨਵਰੀ 2018 ਨੂੰ ਸਾਬਰਮਤੀ ਆਸ਼ਰਮ ਵਿਚ ਔਰਤਾਂ ਦੇ ਮਸਲਿਆਂ ਬਾਰੇ ਬੋਲਦਿਆਂ ਸੁਣਾਇਆ ਸੀ। ਇਕ ਵਾਰ ਮਹਾਤਮਾ ਗਾਂਧੀ ਨੇ ਗੌਹਰ ਜਾਨ ਤੱਕ ਪਹੁੰਚ ਕੀਤੀ ਕਿ ਉਹ ਸਵਰਾਜ ਲਹਿਰ ਲਈ ਮਾਇਆ ਜੁਟਾਉਣ ਵਿਚ ਮਦਦ ਕਰੇ। ਗੌਹਰ ਨੇ ਕਿਹਾ, “ਠੀਕ ਹੈ, ਮੈਂ ਇਕ ਮੁਜਰਾ ਕਰਾਂਗੀ ਤੇ ਇਕੱਠੀ ਹੋਣ ਵਾਲੀ ਸਾਰੀ ਦੀ ਸਾਰੀ ਰਕਮ ਸਵਰਾਜ ਲਹਿਰ ਨੂੰ ਦੇ ਦਿਆਂਗੀ, ਪਰ ਮੇਰੀ ਇਕ ਸ਼ਰਤ ਹੈ, ਬਾਪੂ ਮੁਜਰਾ ਦੇਖਣ-ਸੁਣਨ ਆਉਣ!” ਗਾਂਧੀ ਮੁਜਰੇ ਵਿਚ ਨਾ ਪਹੁੰਚੇ। ਗੌਹਰ ਜਾਨ ਗਾਂਧੀ ਕੋਲ ਗਈ ਤੇ ਬੋਲੀ, “ਬਾਪੂ, ਵੀਹ ਹਜ਼ਾਰ ਇਕੱਠੇ ਹੋਏ ਸਨ, ਐਹ ਲਵੋ ਦਸ ਹਜ਼ਾਰ। ਮੈਂ ਪੂਰੇ ਦੀ ਥਾਂ ਵਾਅਦਾ ਅੱਧਾ ਇਸ ਲਈ ਨਿਭਾ ਰਹੀ ਹਾਂ ਕਿਉਂਕਿ ਤੁਸੀਂ ਮੇਰੇ ਮੁਜਰੇ ਵਿਚ ਨਹੀਂ ਆਏ।”
ਗੌਹਰ ਦੀ ਗਾਇਕੀ ਦਾ ਵੱਡਾ ਗੁਣ ਸੰਗੀਤਕ ਪਰਖ ਵਿਚ ਪੂਰੀ ਉਤਰਨ ਦੇ ਨਾਲ ਨਾਲ ਸ਼ਬਦਾਂ ਨੂੰ ਅਨੁਸਾਰੀ ਅਦਾ ਨਾਲ ਪੇਸ਼ ਕਰਨਾ ਸੀ। ਜਦੋਂ ਉਹ “ਰਸੀਲੀ ਤੋਰੀ ਅੱਖੀਆਂ ਸਾਂਵਰੀਆ” ਜਾਂ “ਜਬ ਸੇ ਤੁਝ ਸੇ ਆਂਖ ਸਿਤਮਗਰ ਲਗੀ ਹੈ” ਜਾਂ “ਰਸ ਕੇ ਭਰੇ ਤੋਰੇ ਨੈਨ” ਗਾਉਂਦੀ ਤਾਂ ਵਾਸਨਾਈ ਅਦਾ ਨਾਲ ਮਿਲ ਕੇ ਉਹਦਾ ਨਖਰਾ ਕਹਿਰ ਕਮਾਉਂਦਾ ਤੇ ਜਦੋਂ ਉਹ ਸ਼ਾਂਤ-ਸਹਿਜ ਚਿਹਰੇ ਨਾਲ “ਰਾਧੇ ਕ੍ਰਿਸ਼ਣ ਬੋਲ ਮੁੱਖ ਸੇ” ਜਾਂ “ਕ੍ਰਿਸ਼ਨ ਮੁਰਾਰੀ ਬਿਨਤ ਕਰਤ” ਗਾਉਂਦੀ ਤਾਂ ਇਉਂ ਲਗਦਾ ਜਿਵੇਂ ਕੋਈ ਪੁਜਾਰਨ ਮੰਦਿਰ ਵਿਚ ਪੂਜਾ ਕਰ ਰਹੀ ਹੋਵੇ!
ਤਵਿਆਂ ਦੀ ਸ਼ੁਰੂਆਤ ਦੇ ਸਮੇਂ ਦੀਆਂ ਗਾਇਕਾਵਾਂ ਦਾ ਸੰਗੀਤ ਦੇ ਇਤਿਹਾਸ ਵਿਚ ਉਨ੍ਹਾਂ ਦੀ ਵੱਡੀ ਭੂਮਿਕਾ ਦੇ ਬਾਵਜੂਦ ਆਪਣਾ ਕੋਈ ਇਤਿਹਾਸ ਨਹੀਂ ਮਿਲਦਾ। ਇਸ ਅਣਦੇਖੀ ਦਾ ਇਕ ਕਾਰਨ ਇਨ੍ਹਾਂ ਗਾਇਕਾਵਾਂ ਦਾ ਕਥਿਤ ਕੋਠਿਆਂ ਵਾਲੀਆਂ, ਭਾਵ ਤਵਾਇਫਾਂ ਹੋਣਾ ਸੀ। ਕਲਾ ਦੀਆਂ ਗੁਣਵੰਤੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੀਂਵੇਂ ਥਾਂ ਹੀ ਰੱਖਿਆ ਜਾਂਦਾ ਸੀ, ਪਰ ਗੌਹਰ ਜਾਨ ਜਿਉਂਦੇ-ਜੀਅ ਹੀ ਮਿੱਥ ਬਣ ਚੁਕੀ ਸੀ। ਉਹਦੇ ਨਾਂ ਨਾਲ ਅਜੀਬ ਘਟਨਾਵਾਂ ਤੇ ਦਿਲਚਸਪ ਟੋਟਕੇ ਜੋੜੇ ਜਾਂਦੇ ਸਨ। ਮਿਸਾਲ ਵਜੋਂ ਇਕ ਬਹੁਤ ਪ੍ਰਚਲਿਤ ਕਹਾਣੀ ਅਨੁਸਾਰ ਉਹਨੇ ਆਪਣੀ ਬਿੱਲੀ ਦੇ ਬਲੂੰਗੜੇ ਜੰਮਣ ਦੀ ਖੁਸ਼ੀ ਮਨਾਉਣ ਲਈ ਵੀਹ ਹਜ਼ਾਰ ਰੁਪਏ ਖਰਚ ਦਿੱਤੇ। ਉਦੋਂ ਦੇ ਵੀਹ ਹਜ਼ਾਰ ਅੱਜ ਦੇ ਕਰੋੜਾਂ ਬਣ ਜਾਂਦੇ ਹਨ। ਏਨੇ ਹੀ ਮਸ਼ਹੂਰ ਰਾਜਿਆਂ-ਰਈਸਾਂ ਨਾਲ ਉਹਦੇ ਇਸ਼ਕਾਂ ਦੇ ਕਿੱਸੇ ਸਨ। ਜੇ ਇਹ ਕਿੱਸੇ-ਕਹਾਣੀਆਂ ਇਕ ਪਾਸੇ ਵੀ ਛੱਡ ਦੇਈਏ, ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਉਹ ਮੂੰਹ-ਮੰਗਿਆ ਕਮਾਉਣ ਵਾਲੀ ਤੇ ਜੀਅ ਭਰ ਕੇ ਉਡਾਉਣ ਵਾਲੀ ਸ਼ਾਹ-ਖਰਚ ਵਜੋਂ ਜਾਣੀ ਜਾਂਦੀ ਸੀ।
ਜਦੋਂ ਉਹ ਆਪਣੇ ਟਿਕਾਣੇ ਤੋਂ ਬਾਹਰ ਕਿਤੇ ਜਾ ਕੇ ਮੁਜਰਾ ਕਰਨਾ ਕਬੂਲ ਕਰਦੀ, 101 ਮੋਹਰਾਂ ਪੇਸ਼ਗੀ ਰਖਵਾ ਲੈਂਦੀ। ਉਦੋਂ ਸੋਨੇ ਦਾ ਭਾਅ, ਹੁਣ ਦੇ ਉਲਟ, ਕਈ ਕਈ ਸਾਲ ਦੋ-ਚਾਰ ਪੈਸਿਆਂ ਦੇ ਫਰਕ ਨਾਲ ਟਿਕਿਆ ਰਹਿੰਦਾ ਸੀ। ਵੀਹਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿਚ ਇਹ 19 ਰੁਪਏ ਤੋਲੇ ਦੇ ਕਰੀਬ ਰਿਹਾ। ਜੇ ਮੋਹਰ ਇਕ ਤੋਲੇ ਦੀ ਮੰਨ ਲਈਏ, ਉਹਦੀ ਪੇਸ਼ਗੀ 1919 ਰੁਪਏ ਬਣ ਗਈ। ਹੁਣ ਦੇ ਭਾਅ ਤੋਲੇ ਦੀ ਥਾਂ ਉਸ ਤੋਂ ਛੋਟੀ, ਦਸ ਗਰਾਮ ਦੀ ਮੋਹਰ ਮੰਨਿਆਂ 101 ਮੋਹਰਾਂ 40 ਲੱਖ ਰੁਪਏ ਦੀਆਂ ਬਣਨਗੀਆਂ। ਅਜਿਹੀ ਸੀ ਸ਼ਾਨ ਗੌਹਰ ਜਾਨ ਦੀ!
ਉਹਦੀ ਪ੍ਰਸਿੱਧੀ ਪੂਰੇ ਮੁਲਕ ਵਿਚ ਫੈਲ ਗਈ। 1910 ਵਿਚ ਉਹਨੇ ਮਦਰਾਸ ਦੇ ਪਬਲਿਕ ਵਿਕਟੋਰੀਆ ਹਾਲ ਵਿਚ ਪ੍ਰੋਗਰਾਮ ਦਿੱਤਾ। ਅਗਲੇ ਸਾਲ 1911 ਦੇ ਦਸੰਬਰ ਵਿਚ ਉਹਨੂੰ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਸਮੇਂ ਹੋਏ ਦਿੱਲੀ ਦਰਬਾਰ ਵਿਚ ਗਾਉਣ ਲਈ ਸੱਦਿਆ ਗਿਆ, ਜੋ ਉਨ੍ਹੀਂ ਦਿਨੀਂ ਸੱਚਮੁੱਚ ਹੀ ਬਹੁਤ ਵੱਡੇ ਮਾਣ ਵਾਲੀ ਗੱਲ ਸੀ। ਉਥੇ ਉਹਨੇ ਅਲਾਹਾਬਾਦ ਦੀ ਜਾਨਕੀਬਾਈ ਨਾਲ ਮਿਲ ਕੇ ਦੁਗਾਣਾ “ਯਿਹ ਹੈ ਤਾਜਪੋਸ਼ੀ ਕਾ ਜਲਸਾ, ਮੁਬਾਰਕ ਹੋ, ਮੁਬਾਰਕ ਹੋ” ਪੇਸ਼ ਕੀਤਾ। 1926 ਵਿਚ ਰਾਮਪੁਰ ਦੇ ਰਾਜ-ਮਹਿਲ ਵਿਚ ਉਹਨੇ ਲਾਰਡ ਇਰਵਿਨ ਲਈ ਗਾਇਆ। ਉਹਦੀ ਮਸ਼ਹੂਰੀ ਤਾਂ ਦੇਸੋਂ ਬਾਹਰ ਵੀ ਪਹੁੰਚ ਗਈ ਜਦੋਂਕਿ ਉਦੋਂ ਨਾ ਅੱਜ ਵਾਲਾ ਮੀਡੀਆ ਸੀ ਤੇ ਨਾ ਅੱਜ ਵਾਲੇ ਪ੍ਰਚਾਰ-ਸਾਧਨ ਸਨ। ਇਹਦਾ ਇਕ ਸਬੂਤ ਆਸਟਰੀਆ ਦੀ ਇਕ ਮਾਚਿਸ ਕੰਪਨੀ ਵਲੋਂ ਤੇ ਫੇਰ ਚੈਕੋਸਲੋਵਾਕੀਆ ਦੀ ਇਕ ਮਾਚਿਸ ਕੰਪਨੀ ਵਲੋਂ ਡੱਬੀ ਉਤੇ ਉਹਦੀ ਤਸਵੀਰ ਛਾਪੇ ਜਾਣਾ ਹੈ।
ਉਦੋਂ ਵੀ ਪ੍ਰਸਿੱਧ ਹਸਤੀਆਂ ਦੀਆਂ ਉਸੇ ਆਕਾਰ ਦੀਆਂ ਤਸਵੀਰਾਂ ਪੁੱਠੇ ਪਾਸਿਉਂ ਪੋਸਟਕਾਰਡ ਵਾਂਗ ਛਾਪੀਆਂ ਜਾਂਦੀਆਂ ਸਨ ਜਿਥੇ ਅੱਧੀ ਥਾਂ ਟਿਕਟ ਤੇ ਸਿਰਨਾਵੇਂ ਵਾਸਤੇ ਅਤੇ ਅੱਧੀ ਥਾਂ ਚਿੱਠੀ ਲਿਖਣ ਵਾਸਤੇ ਹੁੰਦੀ ਸੀ। ਇਨ੍ਹਾਂ ਕਾਰਡਾਂ ਨੂੰ ਲੋਕ ਡਾਕ-ਟਿਕਟਾਂ ਚੇਪ ਕੇ ਨਿਸ਼ਾਨੀ ਵਜੋਂ ਇਕ ਦੂਜੇ ਨੂੰ ਭੇਜਦੇ ਸਨ। ਗੌਹਰ ਜਾਨ ਦੀ ਤਸਵੀਰ ਦੇ ਇਕ ਕਾਰਡ ਨੇ ਤਾਂ ਪਰਦੇਸ ਪਹੁੰਚ ਕੇ ਬਖੇੜਾ ਹੀ ਖੜ੍ਹਾ ਕਰ ਦਿੱਤਾ। ਉਸ ਉਤੇ ਮੋਹਿਤ ਹੋਏ ਇਕ ਅੰਗਰੇਜ਼ ਗੱਭਰੂ ਨੇ ਇੰਗਲੈਂਡ ਬੈਠੀ ਮਾਂ ਨੂੰ ਇਹ ਕਾਰਡ ਤਾਂ ਭੇਜਿਆ ਹੀ, ਨਾਲ ਇਹ ਵੀ ਲਿਖ ਦਿੱਤਾ, “ਮਾਂ, ਮੈਂ ਇਸ ਹਿੰਦੁਸਤਾਨੀ ਸੁੰਦਰੀ ਨੂੰ ਦਿਲ ਦੇ ਬੈਠਾ ਹਾਂ!” ਇਹ ਪੜ੍ਹ ਕੇ ਮਾਂ ਅੱਗ-ਭਬੂਕਾ ਹੋ ਗਈ ਤੇ ਉਹਨੇ ਉਹ ਕਾਰਡ ਆਪਣੇ ਕੋਲ ਰੱਖਣ ਦੀ ਥਾਂ ਕਿਸੇ ਚਾਹਵਾਨ ਨੂੰ ਵੇਚ ਦਿੱਤਾ। ਕਾਰਡ ਅੱਗੇ ਦੀ ਅੱਗੇ ਵਿਕਦਾ ਸਵਿਟਜ਼ਰਲੈਂਡ ਜਾ ਪਹੁੰਚਿਆ, ਜਿਥੋਂ ਕੋਈ ਉਹਨੂੰ ਫੇਰ ਉਹਦੇ ਮੂਲ ਦੇਸ਼ ਲੈ ਆਇਆ। ਇਥੇ ਅਖੀਰ ਨੂੰ ਉਹ ਅੱਗੇ ਚੱਲ ਕੇ ਉਹਦੀ ਜੀਵਨੀ ਲਿਖਣ ਵਾਲੇ ਲੇਖਕ ਵਿਕਰਮ ਸੰਪਤ ਦੀ ਨਜ਼ਰ ਪੈ ਗਿਆ। ਉਹਨੇ ਇਸ ਕਾਰਡ ਦੀ ਇਤਿਹਾਸਕਤਾ ਪਛਾਣਦਿਆਂ ਇਹਨੂੰ ਆਪਣੀ ਪੁਸਤਕ ਦੇ ਕਵਰ ਉਤੇ ਸਜਾ ਲਿਆ।
2010 ਵਿਚ ਵਿਕਰਮ ਸੰਪਤ ਨੇ ਅੰਗਰੇਜ਼ੀ ਵਿਚ ਉਹਦੀ ਜੀਵਨੀ Ḕਮਾਈ ਨੇਮ ਇਜ਼ ਗੌਹਰ ਜਾਨ: ਦਿ ਲਾਈਫ ਐਂਡ ਟਾਈਮਜ਼ ਆਫ ਏ ਮਿਊਜ਼ੀਸ਼ਨḔ (ਮੇਰਾ ਨਾਂ ਹੈ ਗੌਹਰ ਜਾਨ: ਇਕ ਸੰਗੀਤਕਾਰਾ ਦਾ ਜੀਵਨ ਤੇ ਸਮਾਂ) ਲਿਖੀ। ਇਹ 8 ਅਪਰੈਲ 2010 ਨੂੰ ਨਵੀਂ ਦਿੱਲੀ ਵਿਖੇ ਤਤਕਾਲੀ ਉਪ-ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਰਿਲੀਜ਼ ਕੀਤੀ। ਵਿਕਰਮ ਦੀ ਪੁਸਤਕ ਦਾ ਇਹ ਨਾਂ ਇਸ ਤੱਥ ਵਿਚੋਂ ਉਪਜਿਆ ਹੈ ਕਿ ਉਹ ਹਰ ਤਵੇ ਦੇ ਅੰਤ ਵਿਚ ਬੋਲਦੀ ਸੀ, “ਮਾਈ ਨੇਮ ਇਜ਼ ਗੌਹਰ ਜਾਨ”। ਬਹੁਤੇ ਲੋਕ ਇਹਨੂੰ ਉਹਦੀ ਹਉਂ ਆਖਦੇ ਹਨ, ਪਰ ਸੱਚ ਇਹ ਹੈ ਕਿ ਉਦੋਂ ਸਭ ਗਾਇਕਾਂ ਨੂੰ ਗੀਤ ਦੇ ਅੰਤ ਉਤੇ ਇਉਂ ਹੀ ਆਪਣਾ ਨਾਂ ਲੈਣਾ ਪੈਂਦਾ ਸੀ। ਕਲਕੱਤੇ ਦਾ ਭਰਿਆ ਮੂਲ ਕੱਚਾ ਰਿਕਾਰਡ ਜਰਮਨੀ ਦੇ ਸ਼ਹਿਰ ਹੈਨੋਵਰ ਭੇਜਿਆ ਜਾਂਦਾ ਸੀ, ਜਿਥੋਂ ਉਹਦੇ ਪੱਕੇ ਤਵੇ ਬਣ ਕੇ ਆਉਂਦੇ ਸਨ। ਗਾਇਕ ਵਲੋਂ ਆਪਣਾ ਨਾਂ ਤਵਿਆਂ ਉਤੇ ਲੇਬਲ ਲਾਉਣ ਵਾਲਿਆਂ ਦੀ ਸਹੂਲਤ ਲਈ ਬੋਲਿਆ ਜਾਂਦਾ ਸੀ ਤਾਂ ਜੋ ਉਹ ਕਿਸੇ ਹੋਰ ਦੇ ਤਵੇ ਉਤੇ ਕਿਸੇ ਹੋਰ ਦਾ ਲੇਬਲ ਹੀ ਨਾ ਲਾ ਦੇਣ।
ਇਥੇ ਇਕ ਭਰਮ-ਭੁਲੇਖਾ ਸਾਫ ਕਰਨਾ ਵੀ ਜ਼ਰੂਰੀ ਹੈ। ਆਮ ਲੋਕ ਤਵਾਇਫਾਂ ਭਾਵ ਬਾਈਆਂ ਤੇ ਜਾਨਾਂ ਨੂੰ ਵੀ ਦੇਹ-ਵਪਾਰੀ ਔਰਤਾਂ ਸਮਝਦੇ ਹਨ ਤੇ ਉਨ੍ਹਾਂ ਨੂੰ ਵੇਸਵਾ ਵਾਲੇ ਖਾਨੇ ਵਿਚ ਹੀ ਰਖਦੇ ਹਨ, ਪਰ ਇਹ ਗੱਲ ਸੱਚ ਤੋਂ ਬਹੁਤ ਦੂਰ ਹੈ। ਵੇਸਵਾਵਾਂ ਦੇ ਉਲਟ ਤਵਾਇਫਾਂ ਮਹਿਫਿਲ ਸਜਾ ਕੇ ਗਾਹਕਾਂ ਨੂੰ ਗਾਇਕੀ ਤੇ ਨ੍ਰਿਤ ਹੀ ਪਰੋਸਦੀਆਂ ਸਨ, ਦੇਹ ਨਹੀਂ। ਧਨਾਢ, ਰਈਸ, ਜਿਮੀਂਦਾਰ, ਇਥੋਂ ਤੱਕ ਕਿ ਰਾਜੇ-ਨਵਾਬ ਉਨ੍ਹਾਂ ਦੀ ਕਲਾ ਦੇ, ਤੇ ਕਈ ਵਾਰ ਉਨ੍ਹਾਂ ਦੇ ਵੀ ਕਦਰਦਾਨ ਹੁੰਦੇ ਸਨ। ਉਹ ਰਿਸ਼ਤਾ ਜੋੜਦੀਆਂ ਸਨ ਤਾਂ ਇਸ਼ਕ ਦਾ ਨਾਂ ਦੇ ਕੇ ਆਪਣੀ ਕਲਾ ਦੇ ਦੀਵਾਨੇ ਕਿਸੇ ਕਹਿੰਦੇ-ਕਹਾਉਂਦੇ ਮਾਲਦਾਰ ਨਾਲ ਤੇ ਉਹ ਵੀ ਇਕ ਸਮੇਂ ਕਿਸੇ ਇਕੋ ਨਾਲ! ਦੇਹ-ਵਪਾਰੀ ਔਰਤਾਂ ਭਾਵ ਵੇਸਵਾਵਾਂ ਦਾ ਸੰਗੀਤ ਤੇ ਨ੍ਰਿਤ ਨਾਲ ਕੋਈ ਨਾਤਾ ਨਹੀਂ ਸੀ ਹੁੰਦਾ, ਕਿਉਂਕਿ ਇਨ੍ਹਾਂ ਤੱਕ ਉਨ੍ਹਾਂ ਦੀ ਪਹੁੰਚ ਹੀ ਸੰਭਵ ਨਹੀਂ ਸੀ ਤੇ ਨਾ ਹੀ ਉਹ ਕੋਈ ਮਹਿਫਿਲ ਸਜਾਉਂਦੀਆਂ ਸਨ, ਜਿਸ ਵਿਚ ਗਾਇਕੀ ਤੇ ਨ੍ਰਿਤ ਦੀ ਲੋੜ ਪਵੇ। ਉਨ੍ਹਾਂ ਕੋਲ ਆਉਂਦੇ ਮਰਦ ਵੀ ਗੀਤ-ਸੰਗੀਤ ਸੁਣਨ ਤੇ ਨਾਚ ਦੇਖਣ ਦੀ ਇੱਛਾ ਨਾਲ ਨਹੀਂ ਸਨ ਆਉਂਦੇ।
ਇਹਦੇ ਉਲਟ ਤਵਾਇਫਾਂ ਸ਼ਾਇਰੀ, ਜ਼ਬਾਨ, ਸੰਗੀਤ ਤੇ ਨ੍ਰਿਤ ਦੀਆਂ ਚੰਗੀਆਂ ਜਾਣਕਾਰ ਤਾਂ ਹੁੰਦੀਆਂ ਹੀ ਸਨ, ਉਨ੍ਹਾਂ ਦੇ ਸੁਚੱਜ, ਸਲੀਕੇ ਤੇ ਅਦਬ-ਆਦਾਬ ਦਾ ਵੀ ਕੋਈ ਜਵਾਬ ਨਹੀਂ ਸੀ। ਇਥੋਂ ਤੱਕ ਕਿ ਆਪਣੇ ਆਪ ਨੂੰ ਵਡੇਰਾਸ਼ਾਹੀ ਦਾ ਅੰਗ ਸਮਝਣ ਵਾਲੇ ਲੋਕ ਆਪਣੇ ਬੇਟਿਆਂ ਨੂੰ ਅਦਬ-ਆਦਾਬ, ਭਾਵ ਸਾਊ-ਸ਼ਰੀਫ ਤੇ ਸਭਿਅਕ ਆਦਤਾਂ ਸਿੱਖਣ ਵਾਸਤੇ ਤਵਾਇਫਾਂ ਕੋਲ ਭੇਜਦੇ ਸਨ। ਤਵਾਇਫ ਨੂੰ ਆਮ ਕਰ ਕੇ ਬਾਈ ਕਿਹਾ ਜਾਂਦਾ ਸੀ। ਜਦੋਂ ਕੋਈ ਬਾਈ ਆਪਣੇ ਇਨ੍ਹਾਂ ਗੁਣਾਂ ਵਿਚ ਨਿਪੁੰਨਤਾ ਨੂੰ ਜਾ ਪਹੁੰਚਦੀ ਸੀ ਤੇ ਬਹੁਤ ਪ੍ਰਸਿੱਧੀ ਪਾ ਲੈਂਦੀ ਸੀ, ਫਿਰ ਹੀ ਉਹ ਜਾਨ ਕਹਾਉਣ ਦੀ ਹੱਕਦਾਰ ਹੁੰਦੀ ਸੀ। ਗੌਹਰ ਜਾਨ ਤੇ ਉਹਦੀ ਮਾਂ ਮਲਕਾ ਜਾਨ ਤਾਂ ਕਲਕੱਤੇ ਦੀਆਂ ਨਾਮੀ ਸਮਾਜਕ ਹਸਤੀਆਂ ਵਿਚ ਗਿਣੀਆਂ ਜਾਣ ਲੱਗੀਆਂ ਸਨ। ਹੁਣ ਤਾਂ ਤਵਾਇਫਾਂ ਇਤਿਹਾਸ ਦਾ ਪੰਨਾ ਬਣ ਚੁਕੀਆਂ ਹਨ, ਪਰ ਜੇ ਕਿਸੇ ਨੇ ਤਵਾਇਫ ਦੇ ਦਰਸ਼ਨ ਕਰਨੇ ਹੋਣ ਤਾਂ ਫਿਲਮ Ḕਉਮਰਾਓ ਜਾਨḔ ਵਿਚ ਰੇਖਾ ਨੇ ਉਸ ਨਾਮੀ ਤਵਾਇਫ ਨੂੰ ਪਰਦੇ ਉਤੇ ਸਾਕਾਰ ਕਰਦਿਆਂ ਕਮਾਲ ਕਰ ਦਿਖਾਇਆ ਹੈ।
ਗੌਹਰ ਜਾਨ ਬਾਰੇ ਪੁਸਤਕ ਲਿਖਣ ਦਾ ਤਾਂ ਵਿਕਰਮ ਸੰਪਤ ਨੇ ਕਦੀ ਸੁਫਨੇ ਵਿਚ ਵੀ ਨਹੀਂ ਸੀ ਸੋਚਿਆ। ਉਹ ਤਾਂ ਮੈਸੂਰ ਰਿਆਸਤ ਦੇ ਰਾਜ-ਘਰਾਣੇ ਬਾਰੇ 2008 ਵਿਚ ਪ੍ਰਕਾਸ਼ਿਤ ਹੋਈ ਆਪਣੀ ਪੁਸਤਕ Ḕਸਪਲੈਂਡਰਜ਼ ਆਫ ਰਾਇਲ ਮੈਸੂਰ: ਦਿ ਅਨਟੋਲਡ ਸਟੋਰੀ ਆਫ ਦਿ ਵਾਡਿਆਰਜ਼Ḕ (ਸ਼ਾਹੀ ਮੈਸੂਰ ਦਾ ਜਲੌਅ: ਵਾਡਿਆਰ ਰਾਜ-ਘਰਾਣੇ ਦੀ ਅਣਕਹੀ ਕਹਾਣੀ) ਲਈ ਮਹਿਲ ਦਾ ਲਿਖਤ-ਭੰਡਾਰ ਹੰਘਾਲਣ ਲੱਗਾ ਹੋਇਆ ਸੀ ਕਿ ਸਬੱਬੀਂ ਉਹਦੀ ਨਜ਼ਰ ਗੌਹਰ ਜਾਨ ਨਾਲ ਸਬੰਧਿਤ ਕੁਝ ਲਿਖਤਾਂ ਉਤੇ ਪੈ ਗਈ। ਗੌਹਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਡੇਢ-ਦੋ ਸਾਲ ਕਲਕੱਤੇ ਤੋਂ ਆ ਕੇ ਦਰਬਾਰੀ ਗਾਇਕਾ ਵਜੋਂ ਮੈਸੂਰ ਵਿਚ ਹੀ ਬਿਤਾਏ ਸਨ। ਕ੍ਰਿਸ਼ਣ ਰਾਜਾ ਵਾਡਿਆਰ ਚੌਥੇ ਦੇ ਸੱਦੇ ਉਤੇ ਉਹ 1928 ਵਿਚ ਮੈਸੂਰ ਪਹੁੰਚੀ ਅਤੇ Ḕਦਰਬਾਰੀ ਸੰਗੀਤਕਾਰḔ ਥਾਪ ਦਿੱਤੀ ਗਈ। ਡੇਢ ਕੁ ਸਾਲ ਪਿਛੋਂ ਹੀ ਉਹ ਪੂਰੀ ਹੋ ਗਈ।
ਵਿਕਰਮ ਨੇ ਉਚੀ ਪੜ੍ਹਾਈ ਤਾਂ ਇੰਜੀਨੀਅਰੀ, ਗਣਿਤ ਤੇ ਫਾਈਨੈਂਸ ਦੀ ਕੀਤੀ ਹੋਈ ਹੈ, ਪਰ ਉਹ ਲੇਖਕ ਵੀ ਹੈ ਤੇ ਕਰਨਾਟਕ ਸੰਗੀਤ ਦਾ ਸਿਖਲਾਈ ਪ੍ਰਾਪਤ ਗਾਇਕ ਵੀ। ਇਸੇ ਕਰਕੇ ਗੌਹਰ ਜਾਨ ਜਿਹੀ ਬੀਤੇ ਕੱਲ੍ਹ ਦੀ ਪ੍ਰਮੁੱਖ ਗਾਇਕਾ ਦੇ ਜ਼ਿਕਰ ਨਾਲ ਉਹਦੀ ਦਿਲਚਸਪੀ ਜਾਗਣੀ ਕੁਦਰਤੀ ਸੀ, ਖਾਸ ਕਰਕੇ ਇਸ ਲਈ ਕਿ ਉਹਨੂੰ ਰਿਕਾਰਡਾਂ ਦੀ ਪਹਿਲੀ ਗਾਇਕਾ ਵਜੋਂ ਜਾਣਿਆ ਜਾਂਦਾ ਸੀ। ਇਹ ਗੱਲ ਧਿਆਨ ਵਿਚ ਰਖਦਿਆਂ ਵਿਕਰਮ ਦੀ ਮਿਹਨਤ ਹੋਰ ਵੀ ਕਦਰਯੋਗ ਹੈ ਕਿ ਕਰਨਾਟਕ ਸੰਗੀਤ ਦਾ, ਜਿਸ ਦੀ ਉਹਨੇ ਸਿੱਖਿਆ ਲਈ, ਉਤਰੀ ਭਾਰਤੀ ਕਲਾਸੀਕਲ ਸੰਗੀਤ ਦੀਆਂ ਪਰੰਪਰਾਵਾਂ ਨਾਲ ਕੁਝ ਵੀ ਸਾਂਝਾ ਨਹੀਂ।
ਉਹਨੇ ਮੈਸੂਰ ਰਾਜ-ਘਰਾਣੇ ਵਾਲੀ ਪੁਸਤਕ ਪਿਛੋਂ ਕਰਨਾਟਕ ਸੰਗੀਤ ਦੇ ਉਦੈ ਤੇ ਵਿਕਾਸ ਦੇ ਇਤਿਹਾਸਕ ਪੱਖ ਬਾਰੇ ਪੁਸਤਕ ਲਿਖਣ ਦੀ ਵਿਉਂਤ ਬਣਾਈ ਹੋਈ ਸੀ। ਉਹ ਕਹਿੰਦਾ ਹੈ, ਵਿਚ-ਵਿਚਾਲੇ ਗੌਹਰ ਜਾਨ ਨੇ ਆ ਕੇ ਮੇਰਾ ਧਿਆਨ ḔਹਾਈਜੈਕḔ ਕਰ ਲਿਆ। ਉਹ ਪੁਸਤਕ ਵਿਚ ਲਿਖਦਾ ਹੈ, ਗੌਹਰ ਜਾਨ ਬਾਰੇ ਪੁਸਤਕ ਲਿਖਣ ਦੀ “ਇਸ ਲੰਮੀ ਤੇ ਦਿਲਚਸਪ ਯਾਤਰਾ ਦੌਰਾਨ ਮਾਤਾ-ਪਿਤਾ ਮੇਰੇ ਇਸ ਜਨੂਨ ਦੇ ਖਾਮੋਸ਼ ਦਰਸ਼ਕ ਬਣੇ ਰਹੇ।… ਸ਼ਾਇਦ ਕੋਈ ਵੀ ਮਾਂ ਨਹੀਂ ਹੋਵੇਗੀ, ਜੋ ਆਪਣੇ ਨੌਜਵਾਨ ਤੇ ਕੰਵਾਰੇ ਪੁੱਤਰ ਦਾ ਇਕ ਤਵਾਇਫ ਲਈ ਅਜਿਹਾ ਖਬਤ ਦੇਖ ਕੇ ਸਹਿਜ ਮਹਿਸੂਸ ਕਰੇ!” ਗੌਹਰ ਜਾਨ ਨਾਲ ਸਬੰਧਿਤ ਇਕ ਇਕ ਜਾਣਕਾਰੀ, ਇਕ ਇਕ ਚੀਜ਼ ਹਾਸਲ ਕਰਨ ਦੇ ਵਿਕਰਮ ਦੇ ਸਿਰੜ ਨੇ ਉਸ ਦੇ ਗਾਏ 25 ਖਿਆਲ, ਠੁਮਰੀਆਂ ਤੇ ਦਾਦਰੇ ਉਹਦਾ ਹਾਸਲ ਬਣਾ ਦਿੱਤੇ। ਉਨ੍ਹਾਂ ਨੂੰ ਆਪਣੇ ਤੱਕ ਰੱਖਣ ਦੀ ਥਾਂ ਉਹਨੇ ਸੀ. ਡੀ. ਬਣਾ ਕੇ ਪੁਸਤਕ ਵਿਚ ਟਾਂਕਣ ਦਾ ਸੁਚੱਜਾ ਕੰਮ ਕਰ ਦਿੱਤਾ। ਹੁਣ ਤਾਂ ਪ੍ਰਸ਼ੰਸਕਾਂ ਦੇ ਸਾਂਭੇ ਹੋਏ ਉਹਦੇ ਕੋਈ ਡੇਢ ਸੌ ਤਵੇ ਸਾਹਮਣੇ ਆ ਚੁਕੇ ਦੱਸੇ ਜਾਂਦੇ ਹਨ।
ਆਪਣੇ ਮੈਨੇਜਰ ਨਾਲ ਰਹਿਣ ਲੱਗਣਾ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੰਨਿਆ ਜਾਂਦਾ ਹੈ। ਉਹਨੇ ਲੁੱਟ-ਪੱਟ ਕੇ ਗੌਹਰ ਜਾਨ ਨੂੰ ਬਰਬਾਦ ਕਰ ਦਿੱਤਾ। ਇਸੇ ਕਰਕੇ ਉਹਦੇ ਜੀਵਨੀ-ਲੇਖਕ ਵਿਕਰਮ ਸੰਪਤ ਨੂੰ ਮੈਸੂਰ ਦੇ ਰਾਜ-ਮਹਿਲ ਦੇ ਕਾਗਜ਼ ਫਰੋਲਦਿਆਂ ਰਾਜੇ ਦੇ ਨਾਂ ਲਿਖੀਆਂ ਹੋਈਆਂ ਉਹਦੀਆਂ ਮਾਸਕ ਰਕਮ ਵਧਾਉਣ ਦੀਆਂ ਕਈ ਅਰਜ਼ੀਆਂ ਮਿਲੀਆਂ। ਆਖਰ ਉਹ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ। ਉਹਦੀ ਸਿਹਤ ਤੇਜ਼ੀ ਨਾਲ ਡਿੱਗਣ ਲੱਗੀ। ਮੈਸੂਰ ਦੇ ਹਸਪਤਾਲ ਵਿਚ 17 ਜਨਵਰੀ 1930 ਨੂੰ 57 ਸਾਲ ਦੀ ਉਮਰ ਵਿਚ ਜਦੋਂ ਉਹਦਾ ਅੰਤ ਹੋਇਆ, ਉਥੇ ਸਿਰਫ ਉਹਦੀ ਸੇਵਿਕਾ ਤੇ ਇਕ ਹੋਰ ਨੌਕਰ ਹੀ ਹਾਜ਼ਰ ਸਨ। ਵਿਕਰਮ ਸੰਪਤ ਦਾ ਕਹਿਣਾ ਹੈ ਕਿ ਉਹਦੀ ਕਬਰ ਦਾ ਕੋਈ ਥਹੁ-ਪਤਾ ਨਹੀਂ ਲਗਦਾ। ਇਹ ਜਾਣਕਾਰੀ ਵੀ ਨਹੀਂ ਮਿਲਦੀ ਕਿ ਉਹਨੂੰ ਮੈਸੂਰ ਵਿਚ ਦਫਨਾਇਆ ਗਿਆ ਜਾਂ ਉਹਦੇ ਘਰ ਵਾਲੇ ਸ਼ਹਿਰ ਕਲਕੱਤੇ ਲਿਜਾਇਆ ਗਿਆ! ਉਹਦੀ ਔਲਾਦ ਬਾਰੇ ਵੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ, ਭਾਵੇਂ ਲੋਇਲਾ ਜਾਨ ਨਾਂ ਦੀ ਉਹਦੀ ਇਕ ਧੀ ਦਾ ਜ਼ਿਕਰ ਉਹਦੇ ਕੁਝ ਨੇੜਲਿਆਂ ਨੇ ਆਪਣੀਆਂ ਲਿਖਤਾਂ ਵਿਚ ਕੀਤਾ ਹੋਇਆ ਹੈ।
2011 ਵਿਚ ਭੱਦਰ ਬਾਸੂ ਨੇ ਗੌਹਰ ਜਾਨ ਦੀ ਜੀਵਨ-ਕਹਾਣੀ ਲੈ ਕੇ ਨਾਟਕ Ḕਜਾਨ-ਏ-ਕਲਕੱਤਾḔ ਪੇਸ਼ ਕੀਤਾ। 2016 ਵਿਚ ਪ੍ਰਸਿੱਧ ਰੰਗਕਰਮੀ ਲਿਲਿਟ ਦੂਬੇ ਨੇ ਮਹੇਸ਼ ਦੱਤਾਨੀ ਦਾ ਲਿਖਿਆ ਨਾਟਕ ḔਗੌਹਰḔ ਨਿਰਦੇਸ਼ਿਤ ਕੀਤਾ। ਉਹਦੀ 145ਵੀਂ ਵਰ੍ਹੇਗੰਢ, 26 ਜੂਨ 2018 ਨੂੰ ਗੂਗਲ ਨੇ ਡੂਡਲ ਰਾਹੀਂ ਉਹਨੂੰ ਸਤਿਕਾਰ ਭੇਟ ਕੀਤਾ ਅਤੇ ਲਿਖਿਆ, “ਗੌਹਰ ਜਾਨ, ਜੋ 20ਵੀਂ ਸਦੀ ਦੀ ਸ਼ੁਰੂਆਤ ਸਮੇਂ ਸਾਹਮਣੇ ਆਈ ਅਤੇ ਆਪਣੀ ਗਾਇਕੀ ਤੇ ਨ੍ਰਿਤ ਸਦਕਾ ਹਰਮਨਪਿਆਰੀ ਬਣੀ। ਉਹ ਇਸ ਭਾਰਤੀ ਕਲਾ ਦਾ ਭਵਿਖ ਮਿਥਦੀ ਰਹੇਗੀ।” ਹੁਣ ਪ੍ਰਸਿੱਧ ਫਿਲਮ ਨਿਰਮਾਤਾ, ਨਿਰਦੇਸ਼ਕ, ਲੇਖਕ ਤੇ ਐਕਟਰ ਆਸ਼ੂਤੋਸ਼ ਗੋਵਰੀਕਰ ਉਸ ਦੀ ਜੀਵਨ-ਕਹਾਣੀ ਨੂੰ ਫਿਲਮ ਵਿਚ ਢਾਲਣ ਦੀ ਵਿਉਂਤ ਬਣਾ ਰਿਹਾ ਹੈ।