ਮੋਹਨ ਸਿੰਘ (ਮਾਹਿਰ) ਯਾਦਗਾਰੀ ਮੇਲਾ

ਗੁਲਜ਼ਾਰ ਸਿੰਘ ਸੰਧੂ
‘ਸਾਵੇ ਪੱਤਰ’ ਵਾਲੇ ਮੋਹਨ ਸਿੰਘ ਨੂੰ ਸਵਰਗ ਸਿਧਾਇਆਂ ਚਾਰ ਦਹਾਕੇ ਹੋ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਪਿੱਛੋਂ ਉਨ੍ਹਾਂ ਦੇ ਮੱਦਾਹ ਜਗਦੇਵ ਸਿੰਘ ਜੱਸੋਵਾਲ ਨੇ ਲੁਧਿਆਣਾ ਵਿਖੇ ਉਨ੍ਹਾਂ ਦੀ ਯਾਦ ਵਿਚ ਸਭਿਆਚਾਰਕ ਮੇਲਾ ਮਨਾਉਣ ਦੀ ਪਿਰਤ ਪਾਈ, ਜੋ ਹੁਣ ਲੁਧਿਆਣੇ ਦੀਆਂ ਹੱਦਾਂ ਪਾਰ ਕਰਕੇ ਨਾਲ ਲਗਦੇ ਕਸਬਿਆਂ ਤੇ ਸ਼ਹਿਰਾਂ ਵਿਚ ਪ੍ਰਵੇਸ਼ ਕਰ ਚੁਕੀ ਹੈ। ਇਹ ਮੇਲਾ ਪੰਜਾਬ ਦਿਵਸ ਦੇ ਨੇੜੇ-ਤੇੜੇ ਮਨਾਇਆ ਜਾਂਦਾ ਹੈ। ਇਸ ਵਾਰੀ ਇਸ ਦਾ ਪ੍ਰਬੰਧ ਗੁਰੂ ਹਰਿਕ੍ਰਿਸ਼ਨ ਗਰਲਜ਼ ਕਾਲਜ, ਫੱਲੇਵਾਲ ਖੁਰਦ (ਸੰਗਰੂਰ) ਨੇ ਕੀਤਾ, ਜਿੱਥੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਬੀ. ਐਸ਼ ਘੁੰਮਣ ਤੇ ਜੱਸੋਵਾਲ ਦਾ ਛੋਟਾ ਭਾਈ ਇੰਦਰਜੀਤ ਸਿੰਘ, ਪਰਗਟ ਸਿੰਘ ਗਰੇਵਾਲ ਤੇ ਕਈ ਹੋਰ ਬੜੇ ਉਚੇਚ ਨਾਲ ਪਹੁੰਚੇ।

ਦੋ ਦਿਨ ਚੱਲੇ ਇਸ ਮੇਲੇ ਵਿਚ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵਲੋਂ ‘ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਵਰਤਮਾਨ’ ਵਿਸ਼ੇ ‘ਤੇ ਸੈਮੀਨਾਰ ਰਚਾਇਆ ਗਿਆ ਤੇ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਥੱਲੇ ਵੱਡਾ ਕਵੀ ਦਰਬਾਰ, ਜਿਸ ਵਿਚ ਜਸਵੰਤ ਢਿੱਲੋਂ (ਯੂ. ਐਸ਼ ਏ.), ਲਖਵਿੰਦਰ ਜੌਹਲ, ਗੁਰਭਜਨ ਗਿੱਲ, ਜਸਵੰਤ ਜ਼ਫਰ, ਗੁਰਚਰਨ ਕੌਰ ਕੋਛੜ, ਜਗਵਿੰਦਰ ਜੋਧਾ, ਸੁਸ਼ੀਲ ਦੁਸਾਂਝ ਤੇ ਹੋਰਨਾਂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਦੂਜੇ ਦਿਨ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਲੋਕ ਨਾਚ, ਕਵੀਸ਼ਰੀ ਤੇ ਲੋਕ ਗੀਤਾਂ ਦੀ ਛਹਿਬਰ ਲਾਈ। ਇਸ ਮੌਕੇ ਹੰਸਾ ਸਿੰਘ ਦੀ ਢਾਡੀ ਟੋਲੀ ਹੀ ਨਹੀਂ, ਰੋਡਿਆਂ ਵਾਲੇ ਸੋਮ ਨਾਥ ਦੇ ਕਵੀਸ਼ਰੀ ਜਥੇ ਨੇ ਵੀ ਖੂਬ ਰੰਗ ਬੰਨ੍ਹਿਆ। ਇਥੇ ਹੀ ਬਸ ਨਹੀਂ, ਇਸ ਮੇਲੇ ‘ਤੇ ਕੁਝ ਚੋਣਵੇਂ ਵਿਅਕਤੀਆਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸਨਮਾਨ ਭਾਈ ਮਰਦਾਨਾ, ਐਮ. ਐਸ਼ ਰੰਧਾਵਾ, ਅੰਮ੍ਰਿਤਾ ਪ੍ਰੀਤਮ ਜਗਦੇਵ ਸਿੰਘ ਜੱਸੋਵਾਲ ਵਰਗੇ ਮਹਾਰਥੀਆਂ ਨੂੰ ਸਮਰਪਤ ਸਨ। ਪ੍ਰਾਪਤ ਕਰਨ ਵਾਲਿਆਂ ਵਿਚ ਮੁਹਮੰਦ ਸਦੀਕ, ਬਲਬੀਰ ਮਾਧੋਪੁਰੀ, ਸਾਂਵਲ ਧਾਮੀ ਤੇ ਨਵਦੀਪ ਗਿੱਲ ਤੋਂ ਇਲਾਵਾ ਮੈਂ ਵੀ ਸਾਂ। ਇਸ ਵਾਰ ਦਾ ਮੇਲਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਇਸ ਮੌਕੇ ਮੋਹਨ ਸਿੰਘ ਰਚਿੱਤ ‘ਨਾਨਕਾਇਣ’ ਦਾ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਨਵਾਂ ਐਡੀਸ਼ਨ ਵੀ ਜਾਰੀ ਕੀਤਾ ਗਿਆ। ਇਹ ਮੇਲਾ ਇਸ ਲੜੀ ਦਾ 41ਵਾਂ ਸੀ। ਕੁੱਲ ਮਿਲਾ ਕੇ ਬੜਾ ਸਫਲ ਰਿਹਾ, ਸਿਵਾਏ ਇਸ ਦੇ ਕਿ ਸੱਦਾ ਪੱਤਰ ਵਿਚ ਪਹੁੰਚਣ ਵਾਲੀ ਥਾਂ (ਫੱਲੇਵਾਲ ਖੁਰਦ) ਦਾ ਨਕਸ਼ਾ ਜਾਂ ਪਹੁੰਚ ਮਾਰਗ ਨਾ ਦਿੱਤਾ ਹੋਣ ਕਾਰਨ ਬਹੁਤ ਸਾਰੇ ਬੁਲਾਰੇ ਬੜੇ ਔਖੇ ਤੇ ਦੇਰੀ ਨਾਲ ਪਹੁੰਚੇ। ਪੰਜਾਬੀ ਸਭਿਆਚਾਰ ਦਾ ਦਿਲਦਾਰ ਹਰਵਿੰਦਰ ਸਿੰਘ ਹੰਸਪਾਲ ਤਾਂ ਸਮਾਪਤੀ ਸਮੇਂ ਹੀ ਪਹੁੰਚਿਆ।
550 ਦਾ ਚਾਨਣ-ਮੇਰਾ ਵੀ ਨਾਂ ਬੋਲੇ: ਮੇਰੇ ਦੋਖੀ ਮੈਨੂੰ ਸਾਰੀ ਉਮਰ ਇਹੀਓ ਚਿਤਾਰਦੇ ਰਹੇ ਹਨ ਕਿ ਮੇਰੀ ਵੁੱਕਤ ਨਾ ਤਿੰਨਾਂ ਵਿਚ ਹੈ, ਨਾ ਤੇਰਾਂ ਵਿਚ। ਇਹ ਕੋਈ ਝੂਠ ਨਹੀਂ ਸੀ। ਹੁਣ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਪ੍ਰਸੰਗ ਵਿਚ ਜਿਨ੍ਹਾਂ 550 ਬੰਦਿਆਂ ਨੂੰ ਚੇਤੇ ਕੀਤਾ, ਉਨ੍ਹਾਂ ਵਿਚ ਮੇਰਾ ਨਾਂ ਵੀ ਬੋਲਦਾ ਹੈ। ਬਾਬੇ ਨਾਨਕ ਨੇ ਏਨਾ ਤਾਰਿਆ ਹੈ ਕਿ ਮੈਨੂੰ ਤਿੰਨਾਂ ਜਾਂ ਤੇਰਾਂ ਵਿਚ ਨਾ ਹੋਣਾ ਉਕਾ ਹੀ ਭੁੱਲ ਗਿਆ ਹੈ। ਜੇ ਕਦੀ ਯਾਦ ਵੀ ਆ ਗਿਆ ਤਾਂ ਮੈਂ ਇਸ ਦਾ ਟਾਕਰਾ ਨਵੇਂ ਚਾਨਣ ਨਾਲ ਕਰ ਸਕਦਾ ਹਾਂ।
1984 ਦਾ ਸਿੱਖ ਕਤਲੇਆਮ ਤੇ ਮੇਰਾ ਹਮ ਉਮਰ ਮਾਮਾ: ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਸੌ ਤੋਂ ਵਧ ਸ਼ਹਿਰਾਂ ਵਿਚ ਪੰਜ-ਸੱਤ ਹਜਾਰ ਸਿੱਖਾਂ ਦੇ ਕਤਲ ਨੂੰ 35 ਵਰ੍ਹੇ ਹੋ ਗਏ ਹਨ। ਮੇਰੀ ਮਾਂ ਦਾ ਚਚੇਰਾ ਭਰਾ ਤੇ ਮੇਰਾ ਹਾਣੀ ਮਾਮਾ ਸ਼ਮਸ਼ੇਰ ਸਿੰਘ ਉਨ੍ਹਾਂ ਵਿਚੋਂ ਇੱਕ ਸੀ। ਉਨ੍ਹੀਂ ਦਿਨੀਂ ਮੈਂ ਭਾਰਤ ਸਰਕਾਰ ਦੀ ਨੌਕਰੀ ਛੱਡ ਕੇ ਟ੍ਰਿਬਿਊਨ ਟਰਸਟ ਦੀ ਨੌਕਰੀ ‘ਤੇ ਹਾਜ਼ਰ ਹੋਣ ਦੀ ਤਿਆਰੀ ਕਰ ਰਿਹਾ ਸਾਂ ਤੇ ਸ਼ਮਸ਼ੇਰ ਯਮੁਨਾ ਪਾਰ ਦੇ ਪਿੰਡ ਗਾਮੜੀ ਰਹਿ ਕੇ ਟੈਕਸੀ ਚਲਾਉਂਦਾ ਸੀ। ਕਤਲੋਗਾਰਤ ਸ਼ੁਰੂ ਹੋਈ ਤਾਂ ਉਹ ਪਿੰਡ ਦੇ ਗੁਰਦੁਆਰੇ ਵਿਚ ਪਾਠ ਸੁਣ ਰਹੇ ਸ਼ਰਧਾਲੂਆਂ ਨੂੰ ਚੌਕਸ ਕਰਨ ਗਿਆ ਤਾਂ ਕਾਤਲਾਂ ਨੇ ਸੋਚੀ ਸਮਝੀ ਕਾਰਵਾਈ ਅਰੰਭ ਦਿੱਤੀ। ਸ਼ਮਸ਼ੇਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੀ ਪਤਨੀ ਦੀ ਬੇਨਤੀ ‘ਤੇ ਕੋਈ ਟੈਕਸੀ ਵਾਲਾ ਸ਼ਮਸ਼ੇਰ ਤੇ ਉਸ ਦੀ ਪਤਨੀ ਨੂੰ ਹਸਪਤਾਲ ਦਾਖਲ ਕਰਾਉਣ ਤੁਰ ਗਿਆ। ਸ਼ਮਸ਼ੇਰ ਹਸਪਤਾਲ ਵਿਚ ਹੀ ਦਮ ਤੋੜ ਗਿਆ। ਪਤਨੀ ਲਾਸ਼ ਲੈ ਕੇ ਘਰ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਦੇ ਤਿੰਨ ਪੁੱਤਰਾਂ ਵਿਚੋਂ ਛੋਟੇ ਦੋ ਘਰ ਨੂੰ ਲਾਈ ਗਈ ਅੱਗ ਵਿਚ ਝੁਲਸੇ ਗਏ ਸਨ, ਪਰ ਵੱਡਾ ਬੇਟਾ ਸੱਤਾ (ਸਤਿਬੀਰ) ਘਰ ਦੀ ਛੱਤ ‘ਤੇ ਚੜ੍ਹ ਕੇ ਕੋਠਿਓਂ ਕੋਠੇ ਟਪਦਾ ਕਿਸੇ ਹਿੰਦੂ ਪਰਿਵਾਰ ਦੇ ਘਰ ਜਾ ਕੁੱਦਿਆ, ਜਿਨ੍ਹਾਂ ਨੇ ਉਸ ਦੇ ਵਾਲਾਂ ਦੀ ਗੁੱਤ ਕਰਕੇ ਉਸ ਨੂੰ ਬਚਾ ਲਿਆ। ਮੈਨੂੰ ਇਸ ਤ੍ਰਾਸਦੀ ਦੀ ਖਬਰ ਉਦੋਂ ਮਿਲੀ, ਜਦੋਂ ਮੈਂ ਚੰਡੀਗੜ੍ਹ ਪਹੁੰਚਣ ਲਈ ਤਿਆਰ ਹੋ ਰਿਹਾ ਸਾਂ।
ਮੇਰਾ ਜਨਮ ਆਪਣੇ ਨਾਨਕੇ ਪਿੰਡ ਦਾ ਹੈ, ਜਿੱਥੇ ਸ਼ਮਸ਼ੇਰ ਤੇ ਮੈਂ ਪਿੰਡ ਦੇ ਗ੍ਰੰਥੀ ਕੋਲ ਪੜ੍ਹਦੇ ਰਹੇ ਸਾਂ। ਸੱਤੇ ਨੂੰ ਉਸ ਦੀ ਜੀਵਤ ਮਾਂ ਨੇ ਕਿਵੇਂ ਪਾਲ ਕੇ ਵੱਡਾ ਕੀਤਾ ਤੇ ਉਸ ਸਮੇਂ ਵਿਧਵਾ ਹੋਈਆਂ ਹੋਰ ਔਰਤਾਂ ਨਾਲ ਮਿਲ ਕੇ ਆਪਣਾ ਕੇਸ ਲੜਿਆ ਤੇ ਥੋੜ੍ਹੀ ਬਹੁਤ ਮਾਲੀ ਮਦਦ ਪ੍ਰਾਪਤ ਕੀਤੀ, ਬੜੀ ਲੰਮੀ ਤੇ ਦੁੱਖ ਭਰੀ ਕਹਾਣੀ ਹੈ।
ਹੁਣ ਏਨੇ ਵਰ੍ਹੇ ਲੰਘਣ ਪਿੱਛੋਂ ਮੈਂ ਆਪਣੇ ਨਾਨਕੀਂ ਗਿਆ ਤਾਂ ਪਤਾ ਲੱਗਾ ਕਿ ਸੱਤਾ ਯਮਨਾ ਪਾਰ ਦੀ ਭਜਨਪੁਰਾ ਕਾਲੋਨੀ ਵਿਚ ਰਹਿੰਦਾ ਹੈ। ਉਹ ਵੀ ਟੈਕਸੀਆਂ ਦੇ ਕੰਮ ਵਿਚ ਪੈ ਚੁਕਾ ਹੈ। ਉਸ ਦੀ ਬੀਵੀ ਕੈਥਲ ਤੋਂ ਹੈ ਤੇ ਇਕ ਬੇਟੇ ਦਾ ਬਾਪ ਹੈ। ਬੇਟਾ ਪੜ੍ਹਦਾ ਹੈ ਤੇ ਸੱਤਾ ਹਰ ਪੱਖ ਤੋਂ ਆਪਣੇ ਪੈਰਾਂ ‘ਤੇ ਖੜੇ ਹੋਣ ਵਿਚ ਸਫਲ ਹੈ। ਚੰਗਾ ਲੱਗਾ!
ਅੰਤਿਕਾ: ਮੋਹਨ ਸਿੰਘ ਮਾਹਿਰ
ਲਕੜੀ ਟੁੱਟਿਆਂ ਕਿੜ ਕਿੜ ਹੋਵੇ
ਸ਼ੀਸ਼ਾ ਟੁੱਟਿਆਂ ਤੜ ਤੜ।
ਲੋਹਾ ਟੁੱਟਿਆਂ ਕੜ ਕੜ ਹੋਵੇ
ਪੱਥਰ ਟੁੱਟਿਆਂ ਖੜ ਖੜ।
ਮਾਹਿਰ ਲੱਖ ਸ਼ਾਬਾਸ ਇਸ ਦਿਲ ਨੂੰ
ਸ਼ਾਲਾ! ਰਹੇ ਸਲਾਮਤ,
ਇਸ ਦੇ ਟੁੱਟਿਆਂ ‘ਵਾਜ਼ ਨਾ ਨਿਕਲੇ
ਨਾ ਕਿੜ ਕਿੜ ਨਾ ਤੜ ਤੜ।