ਸਿੱਖੀ ਦੀ ਆਨ ਤੇ ਸ਼ਾਨ

ਸੁਰਿੰਦਰ ਸਿੰਘ ਤੇਜ
ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ‘ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉਤੇ ਸਿਰਫ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜੋ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ਏ ਹਿਸਟਰੀ ਆਫ ਵੇਲਰ ਐਂਡ ਡਿਵੋਸ਼ਨ’ (ਸਿੱਖ ਵਿਰਾਸਤ: ਸੂਰਮਗਤੀ ਤੇ ਸ਼ਰਧਾ ਦਾ ਇਤਿਹਾਸ) ਮੁਹਾਂਦਰੇ ਪੱਖੋਂ ਤਾਂ ਕੌਫੀ ਟੇਬਲ ਪੁਸਤਕ ਹੈ, ਪਰ ਸੁਭਾਅ ਪੱਖੋਂ ਕੁਝ ਵੱਖਰੀ ਹੈ। ਇਹ ਤਸਵੀਰਾਂ ਦੇ ਨਾਲ ਨਾਲ ਆਪਣੇ ਵਿਸ਼ੇ ਬਾਰੇ ਨਿੱਗਰ ਜਾਣਕਾਰੀ ਨਾਲ ਲੈਸ ਹੈ।

ਇਸ ਪੁਸਤਕ ਦਾ ਲੇਖਕ ਰਿਸ਼ੀ ਸਿੰਘ ਕੌਮਾਂਤਰੀ ਪੱਧਰ ਦਾ ਸਿੱਖ ਵਿਦਵਾਨ ਤੇ ਅਕਾਦਮੀਸ਼ਨ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ ਫਾਰਸੀ, ਹਿੰਦੀ ਤੇ ਉਰਦੂ ਦਾ ਵੀ ਗਿਆਤਾ ਹੈ। ਇਹ ਬਹੁਭਾਸ਼ਾਈ ਮੁਹਾਰਤ ਉਸ ਦੀ ਲੇਖਣੀ ਦੀ ਜਿੰਦ-ਜਾਨ ਹੈ। ਸਿੱਖ ਵਿਰਸੇ ਦੀ ਸੁਹਜ-ਸੰਭਾਲ ਨਾਲ ਸਬੰਧਤ ਪ੍ਰਾਜੈਕਟਾਂ ਨਾਲ ਜੁੜਿਆ ਹੋਣਾ ਵੀ ਉਸ ਦੀ ਲੇਖਣੀ ਵਿਚੋਂ ਝਲਕਦਾ ਹੈ। ਅੰਗਰੇਜ਼ੀ ਸ਼ਬਦਾਂ ਦੀ ਸਹੀ ਚੋਣ ਅਤੇ ਸਿੱਖ ਬਿੰਬਾਵਲੀ ਦੀ ਸਹੀ ਵਿਆਖਿਆ ਇਸ ਪੁਸਤਕ ਨੂੰ ਅਕਾਦਮਿਕ ਪੁਖਤਗੀ ਬਖਸ਼ਦੀ ਹੈ।
ਤਸਵੀਰਾਂ ਉਘੇ ਫੋਟੋ ਕਲਾਕਾਰ ਸੰਦੀਪ ਸ਼ੰਕਰ ਦੀਆਂ ਹਨ। ਸੰਦੀਪ ਬੰਗਾਲੀ ਹੈ, ਪਰ ਪੰਜਾਬ ਦੇ ਸਿੱਖ ਭਾਈਚਾਰੇ ਨਾਲ ਉਸ ਦਾ ਮੋਹ ਚਾਰ ਦਹਾਕਿਆਂ ਤੋਂ ਵੀ ਪੁਰਾਣਾ ਹੈ। ਪੰਜਾਬ ਦੇ ਕਾਲੇ ਦਿਨਾਂ ਦੌਰਾਨ ਉਸ ਦੀਆਂ ਜੋ ਤਸਵੀਰਾਂ ਕੋਲਕਾਤਾ ਦੇ ਅੰਗਰੇਜ਼ੀ ਅਖਬਾਰ ‘ਦਿ ਟੈਲੀਗ੍ਰਾਫ’ ਵਿਚ ਛਪਦੀਆਂ ਰਹੀਆਂ ਸਨ, ਉਹ ਸੰਵੇਦਨਾਵਾਂ ਨੂੰ ਸਜੀਵ ਰੂਪ ਵਿਚ ਪੇਸ਼ ਕਰਨ ਦੀ ਕਲਾ ਦਾ ਪ੍ਰਮਾਣ ਸਨ। ਪੁਸਤਕ ਵਿਚਲੀਆਂ ਤਸਵੀਰਾਂ ਵਿਚ ਵੀ ਇਹੋ ਬਾਰੀਕਬੀਨੀ ਭਰਪੂਰ ਮਿਕਦਾਰ ਵਿਚ ਮੌਜੂਦ ਹੈ।
ਕਿਤਾਬ ਸਿੱਖ ਮਤ ਦੇ ਜਨਮ ਤੋਂ ਲੈ ਕੇ ਹੁਣ ਤਕ ਦੇ ਵਿਕਾਸ-ਵਿਗਾਸ ਦੀ ਗਾਥਾ ਤਸਵੀਰਾਂ ਦੀ ਮਦਦ ਨਾਲ ਪੇਸ਼ ਕਰਦੀ ਹੈ। ਮੁੱਖ ਬੰਦ ਤੇ ਭੂਮਿਕਾ ਤੋਂ ਇਲਾਵਾ ਇਸ ਦੇ ਚਾਰ ਅਧਿਆਇ ਹਨ। ਪਹਿਲਾ ਸਿੱਖ ਮਤ ਦੀ ਪੈਦਾਇਸ਼ ਤੇ ਉਭਾਰ ਬਾਰੇ ਹੈ; ਦੂਜਾ ਹਰਿਮੰਦਰ ਸਾਹਿਬ ਉਤੇ ਕੇਂਦ੍ਰਿਤ ਹੈ; ਤੀਜਾ ਤਖਤਾਂ ਦੇ ਇਤਿਹਾਸ ਤੇ ਮਹੱਤਵ ਨੂੰ ਬਿਆਨ ਕਰਦਾ ਹੈ ਅਤੇ ਚੌਥਾ ਕਿਲ੍ਹਿਆਂ ਤੇ ਗੜ੍ਹੀਆਂ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਾ ਹੈ। ਅਖੀਰ ਵਿਚ ਭਾਰਤ-ਪਾਕਿਸਤਾਨ ਅੰਦਰਲੇ ਅਹਿਮ ਗੁਰ-ਅਸਥਾਨਾਂ ਬਾਬਤ ਵੀ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ ਹੈ।
ਪੁਸਤਕ ਦੀ ਭੂਮਿਕਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਿਖੀ ਹੈ। ਇਹ ਸਿੱਖੀ ਦੇ ਉਦਗਮ, ਵਿਕਾਸ ਤੇ ਵਿਗਾਸ ਦਾ ਤੱਤ-ਸਾਰ ਪੇਸ਼ ਕਰਦੀ ਹੈ। ਭਾਰਤ ਵਿਚ ਇਸਲਾਮੀ ਹੁਕਮਰਾਨੀ ਦੀ ਆਮਦ ਤੇ ਇਸਲਾਮ ਦੇ ਪ੍ਰਸਾਰ ਤੋਂ ਹਿੰਦੂ ਮਤ ਨੂੰ ਉਪਜੀਆਂ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਇਹ ਭਗਤੀ ਲਹਿਰ ਦੇ ਉਭਾਰ ਦਾ ਜ਼ਿਕਰ ਕਰਦੀ ਹੈ। ਸ੍ਰੀ ਰਾਮਾਨੁਜ ਤੇ ਆਦਿ ਸ਼ੰਕਰਾਚਾਰੀਆ ਦੇ ਯਤਨਾਂ ਸਦਕਾ ਦੱਖਣ ਤੋਂ ਉਤਰ ਵੱਲ ਨੂੰ ਆਈ ਇਸ ਲਹਿਰ ਨੇ ਜਿਥੇ ਹਿੰਦੂ ਵਰਣ-ਵਿਵਸਥਾ ਨੂੰ ਖੋਰਾ ਲਾਇਆ, ਉਥੇ ਇਸਲਾਮ ਦੇ ਸਮਨੈਅਵਾਦੀ ਸਰੂਪ, ਖਾਸ ਕਰਕੇ ਸੂਫੀਵਾਦ ਦੇ ਹਿੰਦੋਸਤਾਨੀ ਧਰਤੀ ‘ਤੇ ਪਨਪਣ-ਵਿਗਸਣ ਦਾ ਮੈਦਾਨ ਵੀ ਤਿਆਰ ਕੀਤਾ।
ਇਹ ਲਿਖਤ ਇਹ ਵੀ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਦੇ ਆਗਮਨ ਸਮੇਂ ਤਕ ਭਗਤੀ ਲਹਿਰ ਆਪਣਾ ਜਲੌਅ ਗੁਆ ਚੁਕੀ ਸੀ। ਹਿੰਦੂ ਸਮਾਜ ਕਰਮ-ਕਾਂਡੀ ਰਾਹ ‘ਤੇ ਪਰਤ ਗਿਆ ਸੀ ਅਤੇ ਇਸਲਾਮ ਵੀ ਮੁਤੱਸਬ ਤੇ ਤੁਅੱਸਬ ਦੇ ਰਸਤੇ ਪੈ ਚੁਕਾ ਸੀ। ਅਜਿਹੇ ਆਲਮ ਵਿਚ ਗੁਰੂ ਨਾਨਕ ਦੇਵ ਨੇ ‘ਨਾ ਕੋ ਹਿੰਦੂ, ਨਾ ਮੁਸਲਮਾਨ’ ਦੇ ਨਾਅਰੇ ਰਾਹੀਂ ਧਰਮ ਦੀ ਥਾਂ ਇਨਸਾਨੀਅਤ ਨੂੰ ਤਰਜੀਹ ਦਾ ਪੈਗਾਮ ਦੁਨੀਆਂ ਨੂੰ ਦਿੱਤਾ। ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਮੂਲ-ਮੰਤਰ ਇਸੇ ਪੈਗਾਮ ਦਾ ਹਿੱਸਾ ਸੀ। ਇਸੇ ਮੂਲ-ਮੰਤਰ ਸਦਕਾ ਕਿਰਤ ਤੇ ਸੇਵਾ ਦੇ ਸੰਕਲਪ, ਨਾਨਕ ਨਾਮਲੇਵੀਆਂ ਦੇ ਵਜੂਦ ਦਾ ਹਿੱਸਾ ਬਣੇ। ਇਨ੍ਹਾਂ ਸੰਕਲਪਾਂ ਤੇ ਅਕੀਦਿਆਂ ਦੀ ਬਦੌਲਤ ਹੀ ਅੱਜ ਸਿੱਖ ਭਾਈਚਾਰਾ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਪ੍ਰਭਾਵਕਾਰੀ ਧਾਰਮਿਕ ਭਾਈਚਾਰਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਚੇਤਨਾ ਦਾ ਉਕਾਬ: ਡਾ. ਯੋਗਰਾਜ ਦੀ ਕਿਤਾਬ ‘ਚੇਤਨਾ ਦਾ ਉਕਾਬ: ਭਰਥਰੀ’ ਬੜੀ ਅਹਿਮ ਹੈ। ਭਰਥਰੀ ਰਾਜੇ ਦੇ ਤਿਆਗ ਦਾ ਜ਼ਿਕਰ ਗੁਰਬਾਣੀ ਵਿਚ ਵੀ ਆਉਂਦਾ ਹੈ ਅਤੇ ਲੋਕ ਕਥਾਵਾਂ ਵਿਚ ਵੀ। ਅਸਲ ਕਿੱਸਾ ਕੀ ਸੀ, ਡਾ. ਯੋਗਰਾਜ ਨੇ ਆਪਣੀ ਕਿਤਾਬ ਰਾਹੀਂ ਇਸ ਨੂੰ ਸਹੀ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਉਸ ਵਿਸ਼ੇ ਨੂੰ ਹੱਥ ਪਾਇਆ, ਜਿਸ ਬਾਰੇ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ ਤੇ ਧਨੀ ਰਾਮ ਚਾਤ੍ਰਿਕ ਪਹਿਲਾਂ ਹੀ ਲਿਖ ਚੁਕੇ ਹਨ।
‘ਚੇਤਨਾ ਦਾ ਉਕਾਬ’ ਭਾਵੇਂ ਬੁਨਿਆਦੀ ਤੌਰ ‘ਤੇ ਅਕਾਦਮਿਕ ਕਵਾਇਦ ਹੈ, ਫਿਰ ਵੀ ਇਹ ਅਕਾਦਮਿਕ ਮਸ਼ਕਾਂ ਜਿਹੀ ਖੁਸ਼ਕ ਰਚਨਾ ਨਹੀਂ। ਇਸ ਵਿਚ ਭਰਥਰੀ ਹਰੀ ਵਲੋਂ ਮਾਲਵੇ (ਮੱਧ ਭਾਰਤ) ਦਾ ਰਾਜ ਸਿੰਘਾਸਨ ਤਿਆਗਣ ਦਾ ਬਿਰਤਾਂਤ ਇਤਿਹਾਸਕ ਸਿਧਾਂਤਾਂ ਤੇ ਪੈਮਾਨਿਆਂ ਮੁਤਾਬਕ ਪੇਸ਼ ਕੀਤਾ ਗਿਆ ਹੈ। ਨਾਲ ਹੀ ਭਗਤੀ ਤੇ ਵੈਰਾਗ ਪਰੰਪਰਾ ਨੂੰ ਉਸ ਦੀ ਦੇਣ ਦਾ ਵਿਖਿਆਨ ਸਹਿਜ ਤੇ ਸਰਲ ਢੰਗ ਨਾਲ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਤਤਕਾਲੀ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਭੂਮਿਕਾ ਵਿਚ ਲਿਖਿਆ ਹੈ, “ਭਰਥਰੀ ਦੇ ਤ੍ਰੈ-ਸ਼ਤਕਾਂ ਦਾ ਪੰਜਾਬੀ ਅਨੁਵਾਦ ਇਸ ਕਿਤਾਬ ਰਾਹੀਂ ਪਹਿਲੀ ਵਾਰ ਅਖੰਡ ਰੂਪ ਵਿਚ ਪੇਸ਼ ਕੀਤਾ ਗਿਆ ਹੈ।” ਇਹ ਇਸ ਕਿਤਾਬ ਦੀ ਅਹਿਮ ਪ੍ਰਾਪਤੀ ਹੈ।
ਗਾਂਧੀ ਜੈਅੰਤੀ: ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਵੱਖ-ਵੱਖ ਪ੍ਰਕਾਸ਼ਨਾਵਾਂ ਵਿਚ ਪੜ੍ਹੀਆਂ ਰਚਨਾਵਾਂ ਤੋਂ ਇਹ ਪ੍ਰਭਾਵ ਪਕੇਰਾ ਹੋਇਆ ਕਿ ਜੱਗ ਚਾਨਣ ਕਰਨ ਵਾਲਿਆਂ ਵਿਚੋਂ ਬਹੁਤਿਆਂ ਦੇ ਆਪਣੇ ਘਰਾਂ ਦੇ ਚਿਰਾਗ ਰੌਸ਼ਨ ਨਹੀਂ ਹੁੰਦੇ। ਮਹਾਤਮਾ ਦੇ ਚਹੁੰ ਪੁੱਤਰਾਂ-ਹਰੀਲਾਲ, ਮਣੀਲਾਲ, ਰਾਮਦਾਸ ਤੇ ਦੇਵਦਾਸ ਵਿਚੋਂ ਕੋਈ ਵੀ ਆਪਣੇ ਪਿਤਾ ਦਾ ਖੁੱਲ੍ਹ ਕੇ ਪ੍ਰਸ਼ੰਸਕ ਨਹੀਂ ਰਿਹਾ। ਸਭ ਨੇ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ‘ਤੇ ਮਹਾਤਮਾ ਖਿਲਾਫ ਬਗਾਵਤ ਕੀਤੀ; ਉਸ ਉਤੇ ਪਿਤਾ ਵਾਲਾ ਧਰਮ ਨਾ ਨਿਭਾਉਣ ਅਤੇ ਤਾਨਾਸ਼ਾਹਾਂ ਵਾਂਗ ਪੇਸ਼ ਆਉਣ ਦੇ ਦੋਸ਼ ਲਾਏ। ਹਰੀਲਾਲ ਤੇ ਮਣੀਲਾਲ ਤਾਂ ਮਹਾਤਮਾ ਨੂੰ ‘ਬਾ’ (ਕਸਤੂਰਬਾ ਗਾਂਧੀ) ਨਾਲ ਜ਼ਿਆਦਤੀਆਂ ਦਾ ਦੋਸ਼ੀ ਵੀ ਦੱਸਦੇ ਰਹੇ। ਸਭ ਨੇ ਪਿਤਾ ਦਾ ਅਨੁਸਰਨ ਕਰਦਿਆਂ ਸਤਿਆਗ੍ਰਿਹਾਂ ਵਿਚ ਹਿੱਸਾ ਲਿਆ, ਜੇਲ੍ਹਾਂ ਕੱਟੀਆਂ, ਗੁਰਬਤ ਹੰਢਾਈ, ਪਰ ਅੰਤ ਪਿਤਾ ਦੀ ਅਸੂਲਪ੍ਰਸਤੀ ਖਿਲਾਫ ਵਿਦਰੋਹ ਕਰਦਿਆਂ ਪੱਛਮੀ ਤਰਜ਼ ਦੀ ਸਿੱਖਿਆ ਤੇ ਜੀਵਨ ਸ਼ੈਲੀ ਅਪਨਾਉਣੀ ਵਾਜਬ ਸਮਝੀ। ਹਰੀਲਾਲ ਨੇ ਪਹਿਲਾਂ 1906 ਅਤੇ ਫਿਰ 1911 ਵਿਚ ਪਿਤਾ ਨਾਲੋਂ ਨਾਤਾ ਤੋੜਿਆ, ਫਿਰ ਬਗਾਵਤ ਵਜੋਂ ਇਸਲਾਮ ਧਾਰਨ ਕਰਕੇ ਆਪਣਾ ਨਾਂ ਅਬਦੁੱਲਾ ਗਾਂਧੀ ਰੱਖ ਲਿਆ। ਚੰਦ ਮਹੀਨਿਆਂ ਬਾਅਦ ਮਾਂ ਦਾ ਆਖਾ ਮੰਨ ਕੇ ਭਾਵੇਂ ਉਸ ਨੇ ਆਰੀਆ ਸਮਾਜ ਰਾਹੀਂ ‘ਘਰ ਵਾਪਸੀ’ ਕਰਦਿਆਂ ਹੀਰਾਲਾਲ ਦੇ ਨਾਂ ਹੇਠ ਹਿੰਦੂ ਜਾਮਾ ਮੁੜ ਅਖਤਿਆਰ ਕਰ ਲਿਆ, ਪਰ ਪਿਤਾ ਦੇ ਘਰ ਕਦੇ ਨਹੀਂ ਪਰਤਿਆ।
ਉਸ ਵਲੋਂ 31 ਮਾਰਚ 1915 ਨੂੰ ਪਿਤਾ ਦੇ ਨਾਮ ਲਿਖਿਆ ਗਿਆ ਬਾਰਾਂ ਸਫਿਆਂ ਦਾ ਖਤ ‘ਗਾਂਧੀ: ਐਨ ਇਲਸਟ੍ਰੇਟਿਡ ਬਾਇਓਗ੍ਰੈਫੀ’ (ਰੋਲੀ ਬੁੱਕਸ) ਦਾ ਹਿੱਸਾ ਹੈ। ਇਹੋ ਖਤ ਜੋ ਅੰਗਰੇਜ਼ੀ ਹਫਤਾਵਾਰੀ ‘ਆਊਟਲੁੱਕ’ ਨੇ ਵੀ ਪ੍ਰਕਾਸ਼ਿਤ ਕੀਤਾ ਹੈ, ਦਰਸਾਉਂਦਾ ਹੈ ਕਿ ਹਰੀਲਾਲ ਦੇ ਮਨ ਵਿਚ ਪਿਤਾ ਪ੍ਰਤੀ ਕਿੰਨੇ ਗਿਲੇ-ਸ਼ਿਕਵੇ ਸਨ। ਉਸ ਨੂੰ ਪਿਤਾ ਦੀ ਅਸੂਲਪ੍ਰਸਤੀ ਪਿੱਛੇ ਦੰਭ ਨਜ਼ਰ ਆਉਂਦਾ ਸੀ। ਉਸ ਦਾ ਮੁੱਖ ਸ਼ਿਕਵਾ ਸੀ ਕਿ ਪਿਤਾ ਨੇ ਆਪਣੇ ਦੰਭ ਖਾਤਿਰ ਪੁੱਤਰਾਂ ਦਾ ਜੀਵਨ ਦਾਅ ‘ਤੇ ਲਾ ਦਿੱਤਾ।
ਹਰੀਲਾਲ, ਮਹਾਤਮਾ ਗਾਂਧੀ ਦੇ ਸਸਕਾਰ ਸਮੇਂ (ਹੁਣ ਵਾਲੇ) ਸ਼ਾਂਤੀ ਵਨ ਪਹੁੰਚਿਆ ਸੀ, ਪਰ ਉਸ ਸਮੇਂ ਉਹ ਨਸ਼ੇ ‘ਚ ਏਨਾ ਧੁੱਤ ਸੀ ਕਿ ਕਿਸੇ ਨੇ ਉਸ ਨੂੰ ਪਛਾਣਿਆ ਹੀ ਨਹੀਂ। ਪਿਤਾ ਦੀ ਚਿਤਾ ਨੂੰ ਅੱਗ ਸਭ ਤੋਂ ਛੋਟੇ ਬੇਟੇ ਦੇਵਦਾਸ ਨੇ ਦਿਖਾਈ। ਕੌਮੀ ਆਜ਼ਾਦੀ ਤੋਂ ਕੁਝ ਸਮਾਂ ਬਾਅਦ ਦੇਵਦਾਸ ਗਾਂਧੀ ‘ਹਿੰਦੁਸਤਾਨ ਟਾਈਮਜ਼’ ਦਾ ਸੰਪਾਦਕ ਰਿਹਾ। ਬਤੌਰ ਸੰਪਾਦਕ ਉਸ ਦਾ ਜੋ ਕਾਰ-ਵਿਹਾਰ ਰਿਹਾ, ਉਸ ਦਾ ਕਿੱਸਾ ਨਾਮਵਰ ਪੱਤਰਕਾਰ ਐਸ਼ ਮੁਲਗਾਓਂਕਰ ਦੀ ਆਤਮ-ਕਥਾ ਦਾ ਹਿੱਸਾ ਹੈ।
ਮਹਾਤਮਾ ਦੇ ਫਲਸਫੇ ਅਤੇ ਅਸੂਲਪ੍ਰਸਤੀ ਨੂੰ ਪੁੱਤਰਾਂ ਨਾਲੋਂ ਪਰਿਵਾਰ ਦੀ ਤੀਜੀ-ਚੌਥੀ ਪੀੜ੍ਹੀ (ਮਨੂ ਗਾਂਧੀ, ਰਾਜਮੋਹਨ ਗਾਂਧੀ, ਗੋਪਾਲ ਕ੍ਰਿਸ਼ਨ ਗਾਂਧੀ, ਤੁਸ਼ਾਰ ਅਰੁਨ ਗਾਂਧੀ ਤੇ ਤਾਰਾ ਭੱਟਾਚਾਰੀਆ-ਗਾਂਧੀ) ਪਾਸੋਂ ਵੱਧ ਮਾਨਤਾ ਮਿਲੀ। ਅਜਿਹਾ ਸ਼ਾਇਦ ਇਸ ਕਰਕੇ ਹੋਇਆ, ਕਿਉਂਕਿ ਇਨ੍ਹਾਂ ਪੀੜ੍ਹੀਆਂ ਨੂੰ ਉਨ੍ਹਾਂ ਕਸ਼ਟਾਂ ਤੇ ਥੁੜ੍ਹਾਂ ਨਾਲ ਨਹੀਂ ਜੂਝਣਾ ਪਿਆ, ਜੋ ਮਹਾਤਮਾ ਦੀ ਅਸੂਲਪ੍ਰਸਤੀ ਕਾਰਨ ਉਸ ਦੀ ਪਤਨੀ ਤੇ ਪੁੱਤਰਾਂ ਦੀ ਜ਼ਿੰਦਗੀ ਦਾ ਅੰਗ ਰਹੀਆਂ।