ਭੋਂਸਲਾ ਮਿਲਟਰੀ ਸਕੂਲ ‘ਤੇ ਆਰ ਐਸ ਐਸ ਦਾ ਕਬਜ਼ਾ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-13
ਰਾਸ਼ਟਰੀ ਸਵੈਮਸੇਵਕ ਸੰਘ (ਆਰ ਐਸ ਐਸ) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ ਐਸ ਐਸ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਸੂਬਿਆਂ ਵਿਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਸ ਕਿਸ਼ਤ ਵਿਚ ਅਭਿਨਵ ਭਾਰਤ ਨਾਲ ਮਿਲ ਕੇ ਹਿੰਦੂਤਵ ਦਾ ਪ੍ਰਚਾਰ ਕਰਨ ਵਾਲੇ ‘ਭੋਂਸਲਾ ਮਿਲਟਰੀ ਸਕੂਲ’ ‘ਤੇ ਆਰ ਐਸ ਐਸ ਦਾ ਕਬਜ਼ਾ ਹੋ ਜਾਣ ਦਾ ਜ਼ਿਕਰ ਹੈ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਨਾਗਪੁਰ ਦਾ ਕਾਰੋਬਾਰੀ ਅਤੇ ਆਰ ਐਸ ਐਸ ਦਾ ਕਾਰਿੰਦਾ ਐਮ. ਐਨ. ਘਟਾਟੇ (ਜੋ ਗੋਲ ਮੇਜ ਕਾਨਫਰੰਸ ਸਮੇਂ ਲੰਡਨ ਵਿਚ ਸੀ ਅਤੇ ਹਿੰਦੂ ਮਹਾਂਸਭਾ ਦੇ ਆਗੂ ਡਾ. ਬੀ. ਐਸ਼ ਮੂੰਜੇ ਨਾਲ ਫਰਾਂਸ ਤੇ ਜਰਮਨੀ ਦੇ ਮਿਲਟਰੀ ਸਕੂਲਾਂ ਵਿਚ ਵੀ ਗਿਆ, ਤੇ ਮੂੰਜੇ ਦੇ ਇਟਲੀ ਰਵਾਨਾ ਹੋਣ ਸਮੇਂ ਉਸ ਤੋਂ ਅੱਡ ਹੋ ਗਿਆ ਸੀ), ਉਸ ਦੀ ਤਾਰੀਫ ਵਿਚ ਲਿਖਦਾ ਹੈ,
“ਗੋਲ ਮੇਜ ਕਾਨਫਰੰਸ ਤੋਂ ਵਾਪਸ ਆਉਣ ਪਿਛੋਂ ਡਾ. ਬੀ. ਐਸ਼ ਮੂੰਜੇ ਨੇ ਨਾਸਿਕ ਵਿਚ ਭੋਂਸਲਾ ਮਿਲਟਰੀ ਸਕੂਲ ਬਣਾਉਣ ਲਈ ਤੇਜ਼ੀ ਨਾਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਉਹ ਹਰ ਵਕਤ ਵੱਖ-ਵੱਖ ਰਿਆਸਤਾਂ ਵਿਚ ਜਾ ਕੇ ਰਿਆਸਤਾਂ ਦੇ ਮੁਖੀਆਂ, ਮਿੱਲ ਮਾਲਕਾਂ ਅਤੇ ਐਸੇ ਹੋਰ ਲੋਕਾਂ ਤੋਂ ਦਾਨ ਇਕੱਠਾ ਕਰਨ ਲਈ ਤੁਰੇ ਰਹਿੰਦੇ। ਇਉਂ ਉਨ੍ਹਾਂ ਲੱਖਾਂ ਰੁਪਏ ਦੀ ਉਗਰਾਹੀ ਕਰ ਲਈ। ਗਵਾਲੀਅਰ ਦੇ ਮਹਾਰਾਜਾ ਅਤੇ ਅਮਲਨੇਰ ਦੇ ਪ੍ਰਤਾਪ ਸੇਠ ਨੇ ਇਕ-ਇਕ ਲੱਖ ਰੁਪਿਆ ਦਾਨ ਵਜੋਂ ਦਿੱਤਾ, ਪਰ ਵੱਧ ਅਹਿਮ ਸੀ ਭਾਰਤ ਦੇ ਵਾਇਸਰਾਏ ਅਤੇ ਕਮਾਂਡਰ-ਇਨ-ਚੀਫ ਦਾ ਹਮਦਰਦੀ ਵਾਲਾ ਰਵੱਈਆ, ਜੋ ਉਨ੍ਹਾਂ ਨੇ ਆਪਣੇ ਇਮਾਨਦਾਰ ਤੇ ਨੇਕ ਨੀਅਤੀ ਵਾਲੇ ਰਿਸ਼ਤਿਆਂ ਅਤੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਜ਼ੋਰ ਹਾਸਲ ਕੀਤਾ ਸੀ।”
ਉਂਜ, ਇਹ ਸਿਰਫ ਮੂੰਜੇ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਇਮਾਨਦਾਰ ਤੇ ਨੇਕ ਨੀਅਤ ਵਾਲੇ ਸਬੰਧ ਹੀ ਨਹੀਂ ਸਨ, ਜਿਸ ਨੇ ਇਸ ਪ੍ਰਾਜੈਕਟ ਨੂੰ ਸਿਰੇ ਲਾਉਣ ਵਿਚ ਹੱਥ ਵਟਾਇਆ। ਇਸ ਪਿੱਛੇ ਸਕੂਲ ਲਈ ਅੰਗਰੇਜ਼ਾਂ ਅਤੇ ਭਾਰਤੀ ਰਿਆਸਤਾਂ ਦੇ ਮੁਖੀਆਂ ਤੇ ਵਪਾਰੀਆਂ ਦੀ ਮਦਦ ਹਾਸਲ ਕਰਨ ਵਿਚ ਉਸ ਦੇ ਕਾਮਯਾਬ ਹੋਣ ਦੀ ਵੀ ਵੱਡੀ ਭੂਮਿਕਾ ਸੀ, ਕਿਉਂਕਿ ਹਿੰਦੂ ਮਹਾਂਸਭਾ ਦੇ ਆਗੂ ਨੇ ਉਨ੍ਹਾਂ ਦੀਆਂ ਗੁਪਤ ਇੱਛਾਵਾਂ ਦੀ ਪੂਰਤੀ ਦਾ ਵਾਅਦਾ ਕੀਤਾ ਸੀ। ਮੂੰਜੇ ਨੇ ਅੰਗਰੇਜ਼ਾਂ ਨੂੰ ਐਸੇ ਵਫਾਦਾਰ ਸਿਪਾਹੀ ਤਿਆਰ ਕਰਕੇ ਦੇਣ ਦਾ ਭਰੋਸਾ ਦਿਵਾਇਆ, ਜੋ ਸਿਰਫ ‘ਰਾਜ’ ਲਈ ਹੀ ਸਮਰਪਿਤ ਹੋਣਗੇ, ਦੂਜੇ ਪਾਸੇ ਫਿਰਕਾਪ੍ਰਸਤ ਵਿਚਾਰਾਂ ਵਾਲੇ ਰਜਵਾੜਿਆਂ ਅਤੇ ਵਪਾਰੀਆਂ ਨੂੰ ਉਸ ਨੇ ਪੂਰੀ ਤਰ੍ਹਾਂ ਭਰੋਸੇ ਵਿਚ ਲੈਂਦਿਅਧ ਇਕਰਾਰ ਕੀਤਾ ਕਿ ਸਕੂਲ ਦੇ ਸਥਾਪਤ ਹੋਣ ਦੀ ਦੇਰ ਹੈ, ਇਹ ਹਿੰਦੂਆਂ ਦੇ ਫੌਜੀਕਰਨ ਦਾ ਸਾਧਨ ਬਣੇਗਾ।
ਇਸ ਦੇ ਸਬੂਤ ਉਨ੍ਹਾਂ ਸਮਿਆਂ ਵਿਚ ਖਾਸ ਲੋਕਾਂ ਨਾਲ ਇਸ ਸਕੂਲ ਬਾਰੇ ਕੀਤੀ ਗੱਲਬਾਤ ਦੇ ਵੇਰਵਿਆਂ ਅਤੇ ਲਈ ਮਦਦ ਤੋਂ ਸਪਸ਼ਟ ਰੂਪ ਵਿਚ ਮਿਲਦੇ ਹਨ। ਇਸ ਦੇ ਬਹੁਤ ਸਾਰੇ ਵੇਰਵੇ ਉਸ ਦੀਆਂ ਡਾਇਰੀਆਂ ਵਿਚ ਲਿਖੇ ਹੋਏ ਹਨ। ਮਿਸਾਲ ਵਜੋਂ, ਪਹਿਲੀ ਫਰਵਰੀ 1936 ਨੂੰ ਮੂੰਜੇ ਸਕੂਲ ਲਈ ਜ਼ਮੀਨ ਹਾਸਲ ਕਰਨ ਖਾਤਰ ਲਾਰਡ ਬਰਾਬਰਨ ਨੂੰ ਮਿਲਿਆ, ਜੋ ਉਦੋਂ ਬੰਬਈ ਦਾ ਗਵਰਨਰ ਸੀ। ਗਵਰਨਰ ਨੇ ਸ਼ੁਰੂ ਵਿਚ ਇਸ ਤਜਵੀਜ਼ ਲਈ ਹਾਂ ਨਾ ਕੀਤੀ, ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਇਥੇ ਸਿਖਲਾਈ ਲੈਣ ਵਾਲੇ ਰੰਗਰੂਟ ਭਵਿਖ ਵਿਚ ਇਨਕਲਾਬੀ ਕੌਮੀ ਅੰਦੋਲਨ ਵਿਚ ਸ਼ਾਮਲ ਨਾ ਹੋ ਜਾਣ। ਮੂੰਜੇ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਨ੍ਹਾਂ ਲੜਕਿਆਂ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇਗਾ ਅਤੇ ਇਹ ਸੰਸਥਾ ਇੰਡੀਅਨ ਮਿਲਟਰੀ ਅਕਾਦਮੀ, ਦੇਹਰਾਦੂਨ ਲਈ ਰੰਗਰੂਟ ਮੁਹੱਈਆ ਕਰਨ ਵਾਲੇ ਸਕੂਲ ਦੇ ਤੌਰ ‘ਤੇ ਕੰਮ ਕਰੇਗੀ। ਇਸ ਗੱਲਬਾਤ ਦੇ ਕੁਝ ਅੰਸ਼ ਇਥੇ ਦਿੱਤੇ ਜਾ ਰਹੇ ਹਨ,
“ਗਵਰਨਰ: ਤੁਸੀਂ ਸਵਾਲ ਨੂੰ ਐਨ ਸਹੀ ਤੌਰ ‘ਤੇ ਲਿਆ ਹੈ, ਪਰ ਇਸ ਦਾ ਸੱਚਮੁੱਚ ਕੋਈ ਮਤਲਬ ਹੈ? (ਮੁਸਕਰਾਉਂਦਿਆਂ) ਡਾ. ਮੂੰਜੇ ਤੁਸੀਂ ਇਸ ਨੁਕਤੇ ਤੋਂ ਭੱਜ ਨਹੀਂ ਸਕਦੇ ਕਿ ਇਹ ਫਿਰਕੂ ਸੰਸਥਾ ਹੈ, ਨਾਲ ਹੀ ਇਹ ਮਿਲਟਰੀ ਸਕੂਲ ਹੈ। ਸਰਕਾਰ ਦੇ ਮੁਖੀ ਦੇ ਤੌਰ ‘ਤੇ ਮੈਂ ਇਸ ਨਾਲ ਕਿਵੇਂ ਜੁੜ ਸਕਦਾ ਹਾਂ? ਕਮਾਂਡਰ-ਇਨ-ਚੀਫ ਚਾਹੇ ਤਾਂ ਇੰਜ ਕਰ ਸਕਦਾ ਹੈ, ਪਰ ਸਰਕਾਰ ਇਹ ਨਹੀਂ ਕਰ ਸਕਦੀ। ਇਹ ਕੇਂਦਰੀ ਵਿਸ਼ਾ ਹੈ। ਕੇਂਦਰ ਸਰਕਾਰ ਤੋਂ ਸਲਾਹ ਲੈਣੀ ਪਵੇਗੀ।
ਮੈਂ ਕਿਹਾ: ਇਹ ਇਕ ਤਰ੍ਹਾਂ ਨਾਲ ਇੰਡੀਅਨ ਮਿਲਟਰੀ ਅਕਾਦਮੀ ਦਾ ਫੀਡਰ ਸਕੂਲ ਹੈ। ਫੀਲਡ ਮਾਰਸ਼ਲ ਸਰ ਫਿਲਿਪ ਚੈਟਵੋਡ, ਜਿਸ ਨਾਲ ਮੈਂ ਇੰਡੀਅਨ ਮਿਲਟਰੀ ਕਾਲਜ ਕਮੇਟੀ ਵਿਚ ਕੰਮ ਕੀਤਾ ਹੈ, ਇਸ ਗੱਲੋਂ ਫਿਕਰਮੰਦ ਸੀ ਕਿ ਅਕਾਦਮੀ ਕਿਵੇਂ ਸਫਲ ਹੋਵੇਗੀ, ਜਿੰਨੀ ਦੇਰ ਤਿਆਰੀ ਲਈ ਮੁਢਲੀ ਸਿਖਲਾਈ ਨਹੀਂ ਦਿੱਤੀ ਜਾਂਦੀ। ਮੇਰੇ ਇਸ ਸਕੂਲ ਦੀ ਯੋਜਨਾ ਇਸੇ ਕਮੀ ਨੂੰ ਦੂਰ ਕਰਨ ਲਈ ਬਣਾਈ ਗਈ ਹੈ ਅਤੇ ਕਮਾਂਡਰ-ਇਨ-ਚੀਫ ਇਸ ਗੱਲੋਂ ਬਹੁਤ ਖੁਸ਼ ਸੀ, ਜਦੋਂ ਉਸ ਨੂੰ ਮੇਰੇ ਵਲੋਂ ਐਸਾ ਫੀਡਰ ਸਕੂਲ ਖੋਲ੍ਹੇ ਜਾਣ ਬਾਰੇ ਪਤਾ ਲੱਗਾ।
ਗਵਰਨਰ: ਬਿਲਕੁਲ ਸਹੀ ਹੈ। ਨਿੱਜੀ ਤੌਰ ‘ਤੇ ਮੇਰੀ ਹਮਦਰਦੀ ਤੁਹਾਡੇ ਨਾਲ ਹੈ। ਮੈਨੂੰ ਇਸ ਦੇ ਲਾਭਾਂ ਦਾ ਪਤਾ ਹੈ, ਤੁਸੀਂ ਸਭ ਕੁਝ ਦੱਸ ਦਿੱਤਾ ਹੈ, ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਇਹ ਮਿਲਟਰੀ ਸਕੂਲ ਹੈ। ਕੌਣ ਜਾਣਦਾ ਹੈ ਕਿ ਲੜਕੇ ਕਿਵੇਂ ਪੇਸ਼ ਆਉਣਗੇ?
ਮੈਂ ਕਿਹਾ: ਇਹ ਨੁਕਤਾ ਪਹਿਲਾਂ ਹੀ ਸਾਡੇ ਧਿਆਨ ਵਿਚ ਸੀ। ਅਸੀਂ ਤੈਅ ਕਰ ਲਿਆ ਹੈ ਕਿ ਸਕੂਲ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਨਿਰਲੇਪ ਰੱਖਣਾ ਹੈ। ਇਹ ਨਿਰੋਲ ਸਿੱਖਿਆ ਸੰਸਥਾ ਹੋਵੇਗੀ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਵੇਗੀ। ਜਨਾਬ ਇਸੇ ਕਰਕੇ ਮੈਂ ਕਮਾਂਡਰ-ਇਨ-ਚੀਫ ਸਾਹਿਬ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਬੰਬਈ ਅਤੇ ਦਿੱਲੀ ਦਰਮਿਆਨ ਸਫਰ ਕਰਦੇ ਵਕਤ ਕੁਝ ਆਹਲਾ ਅਫਸਰਾਂ ਵਲੋਂ ਸਾਲ ਵਿਚ ਇਕ ਦੋ ਵਾਰ ਇਸ ਸਕੂਲ ਦੇ ਮੁਆਇਨੇ ਲਈ ਭੇਜਣ ਦਾ ਬੰਦੋਬਸਤ ਜ਼ਰੂਰ ਕੀਤਾ ਜਾਵੇ।
ਗਵਰਨਰ: ਐਸੇ ਮੁਆਇਨੇ ਨਾਲ ਕੀ ਫਰਕ ਪਵੇਗਾ? ਤੁਹਾਡੇ ਅਤੇ ਮੇਰੇ ਇਰਾਦੇ ਨੇਕ ਹੋ ਸਕਦੇ ਹਨ, ਪਰ ਕਿਸ ਨੂੰ ਪਤਾ ਹੈ ਕਿ ਤੁਹਾਡੇ ਅਤੇ ਮੇਰੇ ਮਰ ਜਾਣ ਪਿਛੋਂ ਇਸ ਸਕੂਲ ਤੋਂ ਸਿਖਲਾਈ ਲੈਣ ਵਾਲੇ ਮੁੰਡਿਆਂ ਦਾ ਗੱਭਰੂ ਹੋ ਕੇ ਉਸ ਵਕਤ ਕੀ ਵਤੀਰਾ ਹੋਵੇਗਾ? ਕਾਂਗਰਸ ਜੇ ਸਰਕਾਰ ਖਿਲਾਫ ਇਕ ਹੋਰ ਇਨਕਲਾਬੀ ਅੰਦੋਲਨ ਵਿੱਢ ਦਿੰਦੀ ਹੈ ਤਾਂ ਇਨ੍ਹਾਂ ਮੁੰਡਿਆਂ ਦਾ ਕੀ ਵਤੀਰਾ ਹੋਵੇਗਾ? ਮੰਨ ਲਓ, ਜੇ ਤੁਹਾਡੇ ਸਕੂਲ ਵਿਚ ਹਥਿਆਰਬੰਦ ਸਿਖਲਾਈ ਲੈਣ ਵਾਲੇ ਦਸ ਹਜ਼ਾਰ ਮੁੰਡੇ ਇਸ ਅੰਦੋਲਨ ਵਿਚ ਕੁੱਦ ਪੈਣ, ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹਾਲਾਤ ਕਿੰਨੇ ਗੰਭੀਰ ਹੋ ਜਾਣਗੇ! ਇਥੇ ਸਰਕਾਰ ਦੀ ਜਿੰਮੇਵਾਰੀ ਆ ਜਾਂਦੀ ਹੈ। ਹੁਣ ਤੁਸੀਂ ਮੇਰੀ ਮੁਸ਼ਕਿਲ ਨੂੰ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ।”
ਓੜਕ ਮੂੰਜੇ ਆਪਣੇ ਸਰਕਾਰ ਪੱਖੀ ਟਰੈਕ ਰਿਕਾਰਡ ਸਦਕਾ ਬਸਤੀਵਾਦੀ ਸਰਕਾਰ ਨੂੰ ਕਾਇਲ ਕਰਨ ਵਿਚ ਕਾਮਯਾਬ ਹੋ ਗਿਆ ਕਿ ਸਕੂਲ ਵਿਚੋਂ ਸਿਰਫ ਐਸੇ ਨੌਜਵਾਨ ਹੀ ਤਿਆਰ ਕੀਤੇ ਜਾਣਗੇ, ਜੋ ਅੰਗਰੇਜ਼ ਰਾਜ ਦੇ ਵਫਾਦਾਰ ਹੋਣ। ਉਂਜ, ਇਹੀ ਕਾਫੀ ਨਹੀਂ ਸੀ, ਉਸ ਨੂੰ ਸਕੂਲ ਦੀ ਸਥਾਪਨਾ ਲਈ ਬਹੁਤ ਸਾਰਾ ਪੈਸਾ ਵੀ ਚਾਹੀਦਾ ਸੀ, ਇਹ ਉਸ ਨੇ ਹਿੰਦੂ ਆਗੂਆਂ ਅਤੇ ਕਾਰੋਬਾਰੀਆਂ ਦੀਆਂ ਦੱਬੀਆਂ ਹਿੰਦੂ ਭਾਵਨਾਵਾਂ ਵਰਤ ਕੇ ਹਾਸਲ ਕਰ ਲਿਆ। ਉਸ ਦੀਆਂ ਡਾਇਰੀਆਂ ਵਿਚ ਦਰਜ ਇਕ ਗੁਫਤਗੂ ਵਿਚ ਡਾ. ਮੂੰਜੇ ਧਾਰ ਦੇ ਦੀਵਾਨ ਨੂੰ ਦੱਸਦਾ ਹੈ ਕਿ ਸਕੂਲ ਵਿਚ ਸਿਰਫ ਹਿੰਦੂ ਵਿਦਿਆਰਥੀ ਹੀ ਕਿਉਂ ਭਰਤੀ ਕੀਤੇ ਜਾਣਗੇ,
“ਦੀਵਾਨ ਸਾਹਿਬ: ਇਹ ਤਾਂ ਜਿਵੇਂ ਤੁਸੀਂ ਫਰਮਾਇਆ, ਠੀਕ ਹੈ; ਪਰ ਤੁਸੀਂ ਜ਼ਰੂਰ ਹੀ ਕੌਮਵਾਦੀ ਬਣੋ। ਤੁਸੀਂ ਮੁਸਲਿਮ ਲੜਕਿਆਂ ਨੂੰ ਦਾਖਲਾ ਕਿਉਂ ਨਹੀਂ ਦੇਵੋਗੇ?
ਮੈਂ ਕਿਹਾ: ਸਾਨੂੰ ਮੁਸਲਿਮ ਲੜਕਿਆਂ ਨੂੰ ਲੈਣ ‘ਚ ਕੋਈ ਇਤਰਾਜ਼ ਨਹੀਂ ਹੈ, ਜੇ ਉਹ ਸਕੂਲ ਦੇ ਵਿਸ਼ੇਸ਼ ਜ਼ਾਬਤੇ ਨੂੰ ਮੰਨਦੇ ਹੋਣਗੇ; ਪਰ ਉਹ ਇਸ ਸਕੂਲ ਵਿਚ ਨਹੀਂ ਆਉਣਗੇ, ਤੇ ਜੇ ਕੁਝ ਆ ਵੀ ਜਾਂਦੇ ਹਨ, ਉਹ ਸਕੂਲ ਵਿਚ ਪੁਆੜਾ ਹੀ ਪਾਉਣਗੇ, ਜਿਵੇਂ ਉਹ ਆਮ ਹੀ ਕਰਦੇ ਹਨ। ਇਸ ਨਾਲ ਅਣਚਾਹਿਆ ਵਿਵਾਦ ਹੀ ਖੜ੍ਹਾ ਹੋਵੇਗਾ ਅਤੇ ਬਿਨਾ ਵਜ੍ਹਾ ਸਕੂਲ ਦੀ ਬਦਨਾਮੀ ਹੋਵੇਗੀ। ਇਹ ਮੁਸਲਮਾਨ ਹਮੇਸ਼ਾ ਪੁਆੜੇ ਹੀ ਪਾਉਂਦੇ ਹਨ ਅਤੇ ਅੰਗਰੇਜ਼ ਸਰਕਾਰ ਦੀ ਸ਼ਹਿ ਨਾਲ ਇਹ ਭਾਰੂ ਹੋਣਾ ਸ਼ੁਰੂ ਕਰ ਦਿੰਦੇ ਹਨ ਤੇ ਮੁਸੀਬਤ ਬਣ ਜਾਂਦੇ ਹਨ।
ਦੀਵਾਨ ਸਾਹਿਬ: ਹਾਂ, ਹਾਂ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ। ਉਹ ਧਾਰ ਖੇਤਰ ਵਿਚ ਵੀ ਬਿਨਾ ਵਜ੍ਹਾ ਬੇਲੋੜਾ ਝਮੇਲਾ ਖੜ੍ਹਾ ਕਰੀ ਰੱਖਦੇ ਹਨ, ਜਦਕਿ ਪਹਿਲਾਂ ਇਥੇ ਐਸੀ ਕੋਈ ਗੱਲ ਨਹੀਂ ਸੀ। ਹੁਣ ਤੱਕ ਅਸੀਂ ਭਰਾਵਾਂ ਵਾਂਗ ਰਹਿੰਦੇ ਆ ਰਹੇ ਸੀ, ਪਰ ਛੇ ਕੁ ਮਹੀਨੇ ਪਹਿਲਾਂ ਦਿੱਲੀ ਤੋਂ ਕੁਝ ਮੁਸਲਮਾਨ ਇਥੇ ਆਏ ਅਤੇ ਉਨ੍ਹਾਂ ਨੇ ਭੋਜਸ਼ਾਲਾ ਦੇ ਮਾਮਲੇ ਵਿਚ ਮੁਸੀਬਤ ਖੜ੍ਹੀ ਕਰ ਦਿੱਤੀ। ਉਹ ਕਹਿੰਦੇ ਹਨ ਕਿ ਇਹ ਮੁਸਲਮਾਨਾਂ ਦੀ ਮਸੀਤ ਹੈ, ਇਹ ਭੋਜਸ਼ਾਲਾ ਨਹੀਂ ਹੈ।
ਮੈਂ ਕਿਹਾ: ਫਿਰ ਤਾਂ ਤੁਹਾਡਾ ਮੁਸਲਮਾਨਾਂ ਦੇ ਪਾਏ ਪੁਆੜਿਆਂ ਬਾਰੇ ਨਿੱਜੀ ਤਜਰਬਾ ਹੈ। ਮਂੈ ਨਹੀਂ ਚਾਹੁੰਦਾ, ਮੇਰੇ ਸਕੂਲ ਵਿਚ ਕੋਈ ਐਸਾ ਕੋਈ ਪੁਆੜਾ ਖੜ੍ਹਾ ਹੋਵੇ।”
ਇਹ ਮਹਿਜ ਮੂੰਜੇ ਦੀ ਮੁਸਲਮਾਨਾਂ ਪ੍ਰਤੀ ਬੇਭਰੋਸਗੀ ਹੀ ਨਹੀਂ ਸੀ; ਉਸ ‘ਤੇ ਇਹ ਭੂਤ ਸਵਾਰ ਸੀ ਕਿ ਮੁਸਲਮਾਨ ‘ਅੰਦਰੂਨੀ ਦੁਸ਼ਮਣ’ ਹਨ। ਆਰ ਐਸ ਐਸ ਦਾ ਕਾਰਿੰਦਾ ਅਤੇ ਮੂੰਜੇ ਦਾ ਕਰੀਬੀ ਸਹਿਯੋਗੀ ਐਚ. ਕੇ. ਜੋਸ਼ੀ (ਜਿਸ ਨੂੰ ਅੱਪਾਰਾਓ ਵੀ ਕਿਹਾ ਜਾਂਦਾ ਹੈ) ਨੂੰ 1928 ਵਿਚ ਦਿੱਲੀ ਵਿਚ ਸਾਂਝੇ ਪ੍ਰਾਜੈਕਟ ਲਈ ਇਕੱਠੇ ਸਫਰ ਕਰਨ ਸਮੇਂ ਮੂੰਜੇ ਦੇ ਇਸ ਮੁਸਲਿਮ ਵਿਰੋਧੀ ਫਤੂਰ ਦਾ ਭਿਆਨਕ ਤਜਰਬਾ ਹੋਇਆ। ਜੋਸ਼ੀ ਲਿਖਦਾ ਹੈ, “ਮੈਂ ਮਹਾਂਰਾਸ਼ਟਰ ਲੌਜ ਵਿਚ ਠਹਿਰਿਆ ਹੋਇਆ ਸਾਂ ਅਤੇ ਡਾ. ਮੂੰਜੇ ਬਿਰਲਾ ਭਵਨ ਵਿਚ। ਨਵੰਬਰ 1928 ਨੂੰ ਸਵੇਰੇ 7:30 ਵਜੇ ਮੈਂ ਤੈਅ ਕੀਤੇ ਅਨੁਸਾਰ ਬਿਰਲਾ ਭਵਨ ਗਿਆ ਤਾਂ ਮੂੰਜੇ ਦੇ ਨੌਕਰ ਬਲੀਰਾਮ ਨੇ ਦੱਸਿਆ ਕਿ ਉਸ ਦਾ ਮਾਲਕ ਤਾਂ ਅਜੇ ਸੌਂ ਰਿਹਾ ਸੀ। ਮੈਂ ਉਸ ਨੂੰ ਦੱਸਿਆ ਕਿ ਮੇਰੇ ਨਾਲ ਇਸ ਵਕਤ ਮਿਲਣ ਦਾ ਤੈਅ ਕੀਤਾ ਗਿਆ ਸੀ, ਇਸ ਲਈ ਉਸ ਨੂੰ ਜਗਾ ਲਿਆ ਜਾਵੇ। ਉਸ ਨੇ ਐਸਾ ਕਰਨ ਤੋਂ ਨਾਂਹ ਕਰ ਦਿੱਤੀ। ਫਿਰ ਮੈਂ ਬੂਹਾ ਖੋਲ੍ਹਿਆ ਅਤੇ ਅੰਦਰ ਚਲਾ ਗਿਆ। ਮੇਰੇ ਤਾਂ ਹੋਸ਼ ਹੀ ਉਡ ਗਏ ਜਦੋਂ ਡਾਕਟਰ (ਮੂੰਜੇ) ਇਕਦਮ ਬਿਸਤਰੇ ‘ਚੋਂ ਛੜੱਪਾ ਮਾਰ ਕੇ ਉਠਿਆ ਅਤੇ ਮੇਰੇ ਉਪਰ ਰਿਵਾਲਵਰ ਤਾਣ ਲਿਆ। ਮੈਂ ਉਚੀ ਆਵਾਜ਼ ਵਿਚ ਆਪਣਾ ਤੁਆਰਫ ਕਰਾਇਆ, ਜਿਸ ਨਾਲ ਉਹ ਇਕਦਮ ਸ਼ਾਂਤ ਹੋ ਕੇ ਮੈਨੂੰ ਕਹਿਣ ਲੱਗਾ, ‘ਅੱਪਾ ਜੀ, ਚੰਗਾ ਕੀਤਾ ਤੁਸੀਂ ਦੱਸ ਦਿੱਤਾ; ਨਹੀਂ ਤਾਂ ਮਾੜੀ ਘਟਨਾ ਵਾਪਰ ਜਾਣੀ ਸੀ।’ ਉਸ ਨੇ ਮੈਥੋਂ ਮੁਆਫੀ ਮੰਗੀ ਤਾਂ ਮੈਂ ਪੁੱਛਿਆ ਕਿ ਤੈਨੂੰ ਹਥਿਆਰਬੰਦ ਹੋਣ ਦੀ ਕੀ ਲੋੜ ਪੈ ਗਈ? ਤੇ ਨੀਂਦ ਵਿਚ ਉਹ ਕਿਹੜਾ ਸ਼ਿਕਾਰ ਭਾਲ ਰਿਹਾ ਸੀ? ਪੂਰੀ ਤਰ੍ਹਾਂ ਹੋਸ਼ ਵਿਚ ਆਉਂਦਿਆਂ ਉਹ ਖੁੱਲ੍ਹ ਕੇ ਹੱਸਿਆ ਅਤੇ ਕਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਦਿੱਲੀ ਏ; ਮੈਨੂੰ ਹਰ ਵਕਤ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰਹਿਣਾ ਪੈਂਦਾ ਹੈ, ਜੋ ਲੋਕ ਮੈਨੂੰ ਆਪਣਾ ਦੁਸ਼ਮਣ ਸਮਝਦੇ ਹਨ। ਮੇਰੀ ਮੁਰਾਦ ਮੁਸਲਮਾਨਾਂ ਤੋਂ ਹੈ।”
ਇਸ ਦਾ ਕੋਈ ਸਬੂਤ ਨਹੀਂ ਕਿ ਮੂੰਜੇ ਨੂੰ ਕਦੇ ਕਿਸੇ ਮੁਸਲਮਾਨ ਤੋਂ ਧਮਕੀ ਮਿਲੀ ਹੋਵੇ, ਜਾਂ ਉਸ ‘ਤੇ ਕਿਸੇ ਮੁਸਲਮਾਨ ਨੇ ਹਮਲਾ ਕੀਤਾ ਹੋਵੇ। ਫਿਰ ਵੀ ਮੁਸਲਿਮ ਵਿਰੋਧੀ ਜੋ ਨਫਰਤ ਉਸ ਦੇ ਅੰਦਰ ਘਰ ਕਰ ਚੁਕੀ ਸੀ, ਉਸ ਦੇ ਹਰ ਕਾਰ-ਵਿਹਾਰ ਵਿਚ ਸਾਫ ਨਜ਼ਰ ਆਉਦੀ ਸੀ; ਇਥੋਂ ਤੱਕ ਕਿ ਉਸ ਦੇ ਨਾਸਿਕ ਵਾਲੇ ਸਕੂਲ ਦੀ ਸਥਾਪਨਾ ਵਿਚ ਵੀ।

ਸੈਂਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਦੀ ਛਤਰਛਾਇਆ ਹੇਠ ਭੋਂਸਲਾ ਮਿਲਟਰੀ ਸਕੂਲ ਨਾਸਿਕ ਵਿਖੇ 1937 ਵਿਚ ਸਥਾਪਤ ਕੀਤਾ ਗਿਆ, ਜਦਕਿ ਇਸ ਦਾ ਬਾਕਾਇਦਾ ਮਹੂਰਤ 1938 ਵਿਚ ਨਵੀਂ ਇਮਾਰਤ ਵਿਚ ਬਦਲੇ ਜਾਣ ‘ਤੇ ਹੀ ਕੀਤਾ ਗਿਆ। ਸਕੂਲ ਦਾ ਨਾਂ ਨਾਗਪੁਰ ਦੇ ਸ਼ਾਹੀ ਘਰਾਣੇ ਦੇ ਨਾਂ ‘ਤੇ ਰੱਖਣ ਦਾ ਮੂੰਜੇ ਦਾ ਫੈਸਲਾ ਉਸ ਦੀ ਭੋਂਸਲਿਆਂ ਪ੍ਰਤੀ ਵਫਾਦਾਰੀ ਅਤੇ ਉਸ ਦੀ ਮੱਧਯੁਗੀ ਮਰਾਠਾ ਸ਼ਾਨ ਬਹਾਲ ਕਰਨ ਦੀ ਖਾਹਸ਼ ਵਿਚੋਂ ਲਿਆ ਗਿਆ ਸੀ। 1938 ਵਿਚ ਉਸ ਨੇ ਗਵਾਲੀਅਰ ਰਿਆਸਤ ਦੇ ਮਹਾਰਾਜਾ ਅਲੀਜਾਹ ਬਹਾਦਰ ਸਿੰਧੀਆ ਨੂੰ ਲਿਖਿਆ, ‘ਸਾਡੇ ਪਰਿਵਾਰ ਦੀ ਨਾਗਪੁਰ ਦੇ ਸ਼ਾਹੀ ਭੋਂਸਲਾ ਘਰਾਣੇ ਪ੍ਰਤੀ ਵਫਾਦਾਰੀ ਦੀ ਰਵਾਇਤ ਰਹੀ ਹੈ, ਸਾਨੂੰ ਇਸ ਵਿਰਸੇ ‘ਤੇ ਮਾਣ ਹੈ। ਮਰਾਠਾ ਰਿਆਸਤਾਂ, ਭਾਰਤ ਦੀ ਮਰਾਠਾ ਬਾਦਸ਼ਾਹਤ ਦੀਆਂ ਸ਼ਾਨਦਾਰ ਨਿਸ਼ਾਨੀਆਂ ਹਨ, ਤੇ ਇਸ ਤਰ੍ਹਾਂ ਆਪਣੇ ਪੁਰਖਿਆਂ ਦੇ ਪੁਰਾਣੇ ਗੌਰਵਮਈ ਜ਼ਮਾਨੇ ਨੂੰ ਮੁੜ ਲਿਆਉਣ ਦੀ ਕਾਮਨਾ ਕਰਨਾ ਅਤੇ ਉਸ ਪ੍ਰਤੀ ਨਿਸ਼ਕਾਮ ਘਾਲਣਾ ਸਾਡਾ ਫਰਜ਼ ਹੈ।’
ਖੁਦ ਇਕ ਬ੍ਰਾਹਮਣ ਮੂੰਜੇ, ਨਾਗਪੁਰੀ ਭੋਂਸਲਿਆਂ ਦਾ ਇਸ ਲਈ ਵੀ ਸ਼ੁਕਰਗੁਜ਼ਾਰ ਹੋਵੇਗਾ, ਕਿਉਕਿ ਉਨ੍ਹਾਂ ਨੇ ਬ੍ਰਾਹਮਣਾਂ ਦੇ ਦਾਬੇ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਜ਼ਮੀਨ ਦਿੱਤੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ। ਜਦੋਂ ਅੰਗਰੇਜ਼ਾਂ ਨੇ ਭੋਂਸਲਾ ਸਲਤਨਤ ਨੂੰ ਆਪਣੇ ਨਾਲ ਮਿਲਾ ਲਿਆ, ਉਦੋਂ ਤਕ ਬ੍ਰਾਹਮਣਾਂ ਦਾ ਸੁਖ-ਸਹੂਲਤਾਂ ਵਾਲਾ ਜੋ ਰੁਤਬਾ ਬਣਿਆ ਹੋਇਆ ਸੀ, ਉਸ ਨੂੰ ਖਤਰਾ ਖੜ੍ਹਾ ਹੋ ਗਿਆ। ਇਹ ਵੀ ਮਰਾਠਾ ਬ੍ਰਾਹਮਣਾਂ ਦੇ ਇਕ ਹਿੱਸੇ ਦਾ ਪੁਰਾਣੇ ਦਿਨਾਂ ਦੀ ਵਾਪਸੀ ਲਈ ਜਨੂਨ ਰਿਹਾ ਹੋਵੇਗਾ। ਭੋਂਸਲਾ ਘਰਾਣੇ ਪ੍ਰਤੀ ਮੂੰਜੇ ਦੀ ਭਗਤੀ ਭਾਵਨਾ ਐਨੀ ਵੱਧ ਸੀ ਕਿ 1946 ਦੇ ਸ਼ੁਰੂ ਵਿਚ ਜਦੋਂ ਰਾਸ਼ਟਰ, ਸੰਵਿਧਾਨਸਾਜ਼ ਅਸੈਂਬਲੀ ਦੀਆਂ ਚੋਣਾਂ ਲਈ ਕਮਰਕੱਸੇ ਕਰੀ ਬੈਠਾ ਸੀ, ਮੂੰਜੇ ਨੇ ਸਰਦਾਰ ਵਲਭ ਭਾਈ ਪਟੇਲ ਨੂੰ ਚਿੱਠੀ ਲਿਖ ਕੇ ਕਿਹਾ, ‘ਰਾਜਾ ਪ੍ਰਤਾਪ ਸਿੰਘ ਰਾਓ ਨਾਗਪੁਰੀ ਭੋਂਸਲਾ ਸ਼ਾਹੀ ਘਰਾਣੇ ਦਾ ਨੁਮਾਇੰਦਾ ਹੈ ਅਤੇ ਹਿੰਦੂ ਮਹਾਂਸਭਾ ਉਸ ਖਿਲਾਫ ਆਪਣੀ ਇਸ ਭਾਵਨਾ ਤਹਿਤ ਉਮੀਦਵਾਰ ਖੜ੍ਹਾ ਨਹੀਂ ਕਰ ਰਹੀ, ਕਿਉਂਕਿ ਸਾਡੀ ਉਸ ਸ਼ਾਹੀ ਘਰਾਣੇ ਨਾਲ ਰਵਾਇਤੀ ਵਫਾਦਾਰੀ ਹੈ ਅਤੇ ਕਾਂਗਰਸ ਨੂੰ ਵੀ ਉਸ ਖਿਲਾਫ ਉਮੀਦਵਾਰ ਖੜ੍ਹਾ ਨਹੀਂ ਕਰਨਾ ਚਾਹੀਦਾ।’
ਭੋਂਸਲਾ ਮਿਲਟਰੀ ਸਕੂਲ ਦੇ ਮੋਢੀ ਨੇ ਇਸ ਨੂੰ ਸਿਰਫ ਮਿਲਟਰੀ ਸਿਖਲਾਈ ਕੇਂਦਰ ਦੇ ਤੌਰ ‘ਤੇ ਹੀ ਨਹੀਂ ਲਿਆ, ਸਗੋਂ ਉਸ ਦਾ ਉਦੇਸ਼ ਇਸ ਨੂੰ ਹਿੰਦੂ ਲੜਕਿਆਂ ਨੂੰ ਸਨਾਤਨ ਧਰਮ ਅਪਨਾਉਣ ਅਤੇ ਉਸ ਦੀ ਰਾਖੀ ਕਰਨ ਦੀ ਸਿਖਲਾਈ ਦੇਣ ਵਾਲੀ ਸੰਸਥਾ ਬਣਾਉਣਾ ਵੀ ਸੀ। ਉਸ ਨੇ ਨਾਸਿਕ ਸਕੂਲ ਦੇ ਮੈਦਾਨ ਦਾ ਨਾਂ ‘ਰਾਮ ਭੂਮੀ’ ਅਤੇ ਉਸ ਦੇ ਕੈਡਟਾਂ ਨੂੰ ‘ਰਾਮ ਡਾਂਡੀ’ (ਰਾਮ ਦੇ ਰਾਜ ਅਧਿਕਾਰ ਦੇ ਝੰਡਾਬਰਦਾਰ) ਨਾਂ ਦਿੱਤਾ।
ਮੂੰਜੇ ਦੇ ਇਕ ਹੋਰ ਕਰੀਬੀ ਸਾਥੀ ਜੀ. ਬੀ. ਸੂਬਾਰਾਓ ਅਨੁਸਾਰ ਸਕੂਲ ਦੇ ਮੋਢੀ ਨੇ ਇਮਾਰਤ ਦਾ ਨਾਂ ਰਾਮਾਇਣ ਦੇ ਸਲੋਕ ਦੇ ਆਧਾਰ ‘ਤੇ ਰੱਖਿਆ। ਉਸ ਨੇ 1972 ਵਿਚ ਲਿਖਿਆ, “ਕਿਸ਼ ਕਿੰਧਾ ਕਾਂਡ ਵਿਚ ਵਾਲੀ ਦੀ ਹਾਰ ਪਿਛੋਂ ਉਸ ਅਤੇ ਰਾਮਚੰਦਰ ਵਿਚਾਲੇ ਗੱਲਬਾਤ ਹੁੰਦੀ ਹੈ, ਜਿਸ ਵਿਚ ਵਾਲੀ ਰਾਮ ਚੰਦਰ ‘ਤੇ ਕਈ ਦੋਸ਼ ਲਾਉਂਦਾ ਹੈ, ਜਿਨ੍ਹਾਂ ਦਾ ਜਵਾਬ ਦਿੰਦਿਆਂ ਰਾਮ ਉਸ ਨੂੰ ਕਹਿੰਦੇ ਹਨ, ‘ਇਹ ਧਰਤੀ ਭਾਰਤ ਮੇਰੀ ਹੈ, ਇਹ ਰਾਮ ਭੂਮੀ ਹੈ। ਤੁਸੀਂ ਇਸ ਦੇ ਕੁਝ ਨਹੀਂ ਲੱਗਦੇ। ਇਸ ਲਈ ਤੈਨੂੰ ਇਥੋਂ ਨਿਕਲ ਜਾਣਾ ਚਾਹੀਦਾ ਹੈ।’ ਮੂੰਜੇ ਨੇ ਇਹ ਪੂਰੀ ਗੱਲਬਾਤ ਸੁਣਾ ਕੇ ਮੈਨੂੰ ਦੱਸਿਆ ਕਿ ਇਸੇ ਨੇ ਉਸ ਮੈਦਾਨ ਦਾ ਨਾਂ ਰਾਮ ਭੂਮੀ ਰੱਖਣ ਲਈ ਉਸ ਨੂੰ ਪ੍ਰੇਰਿਆ ਹੈ। ਇਹ ਸਿਰਫ ਰਾਮ ਡਾਂਡੀ ਸਿਖਾਂਦਰੂਆਂ ਲਈ ਹੀ ਅਹਿਮ ਨਹੀਂ, ਜਿਨ੍ਹਾਂ ਦਾ ਉਦੇਸ਼ ਜ਼ਰੂਰ ਹੀ ਆਖਿਰਕਾਰ ਰਾਮ-ਰਾਜ ਦੀ ਸਥਾਪਨਾ ਕਰਨਾ ਹੋਣਾ ਚਾਹੀਦਾ ਹੈ, ਸਗੋਂ ਉਨ੍ਹਾਂ ਪਰਾਏ ਲੋਕਾਂ ਲਈ ਵੀ ਇਹ ਅਹਿਮ ਹੈ, ਜਿਨ੍ਹਾਂ ਨੂੰ ਇਥੋਂ ਚਲੇ ਜਾਣਾ ਪਵੇਗਾ, ਜਿਵੇਂ 1947 ਵਿਚ ਅੰਗਰੇਜ਼ ਚਲੇ ਗਏ।”
ਨਾ ਮੂੰਜੇ ਅਤੇ ਨਾ ਹੀ ਸੂਬਾਰਾਓ ਨੇ ਇਨ੍ਹਾਂ ‘ਪਰਾਇਆਂ’ ਦੀ ਪਛਾਣ ਕੀਤੀ, ਜਿਵੇਂ ਹਿੰਦੂ ਫਿਰਕਾਪ੍ਰਸਤਾਂ ਵਲੋਂ ‘ਅੰਦਰੂਨੀ ਦੁਸ਼ਮਣਾਂ’ ਨੂੰ ਸਾਫ ਪਰਿਭਾਸ਼ਤ ਨਹੀਂ ਕੀਤਾ ਗਿਆ। ਇਸ ਲਈ ਮੂੰਜੇ ਦਾ ਸਕੂਲ ਹਿੰਦੂਆਂ ਨੂੰ ਸਮਰਪਿਤ ਸੀ ਅਤੇ ਗੁੱਝੇ ਤੌਰ ‘ਤੇ ਗੈਰ ਹਿੰਦੂਆਂ ਦੇ ਖਿਲਾਫ ਸੀ।
ਸਕੂਲ ਤੇਜ਼ੀ ਨਾਲ ਵਧਿਆ-ਫੁੱਲਿਆ, ਥੋੜ੍ਹੇ ਚਿਰ ਵਿਚ ਹੀ ਇਸ ਨੇ ਹਿੰਦੂਆਂ ‘ਚ ਵਾਹਵਾ ਨਾਂ ਬਣਾ ਲਿਆ, ਖਾਸ ਕਰਕੇ ਉਚ ਜਾਤੀ ਹਿੰਦੂਆਂ ਵਿਚ। ਮੂੰਜੇ ਨੇ ਸਕੂਲ ਕੈਂਪਸ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਕਸ਼ੱਤਰੀਆਂ ਦੀ ਤਰਜ਼ ‘ਤੇ ਘੋੜੇ ਉਤੇ ਸਵਾਰ ਹੋ ਕੇ ਕੈਂਪਸ ਦੇ ਵਿਚ ਗੇੜਾ ਮਾਰਦਾ। ਫੰਡ ਉਗਰਾਹੁਣ ਲਈ ਉਹ ਲਗਾਤਾਰ ਜੁਟਿਆ ਰਿਹਾ। 30 ਅਗਸਤ 1938 ਨੂੰ ਉਸ ਨੇ ਗਵਾਲੀਅਰ ਦੇ ਮਹਾਰਾਜਾ ਅਲੀਜਾਹ ਬਹਾਦਰ ਸਿੰਧੀਆ ਨੂੰ ਲਿਖਿਆ, “ਭੋਂਸਲਾ ਮਿਲਟਰੀ ਸਕੂਲ ਆਪਣੀਆਂ ਸਰਗਰਮੀਆਂ ਦਾ ਵਾਧਾ-ਪਸਾਰਾ ਕਰ ਰਿਹਾ ਹੈ, ਇਸ ਲਈ ਸਕੂਲ ਵਿਚ ਰਿਹਾਇਸ਼ ਦੀ ਮੰਗ ਵੀ ਵਧ ਰਹੀ ਹੈ। ਸਾਨੂੰ ਇਨ੍ਹਾਂ ਫੌਰੀ ਅਤੇ ਜ਼ਰੂਰੀ ਲੋੜਾਂ ਨੂੰ ਪੂਰਾ ਕਰਨਾ ਪਵੇਗਾ, ਨਹੀਂ ਤਾਂ ਸਕੂਲ ਨੇ ਥੋੜ੍ਹੇ ਚਿਰ ਵਿਚ ਹੀ ਜੋ ਨਾਂ ਕਮਾ ਲਿਆ ਹੈ, ਉਹ ਮਿੱਟੀ ਵਿਚ ਮਿਲ ਜਾਵੇਗਾ। ਇਹ ਸਾਰਾ ਪੈਸੇ ਦਾ ਮਸਲਾ ਹੈ। ਮੇਰੇ ਲਈ ਪੈਸੇ ਦਾ ਇਕੋ-ਇਕ ਸਰੋਤ ਦਾਨ ਮੰਗਣਾ ਹੈ ਅਤੇ ਉਹ ਮੈਂ ਪੂਰਾ ਤਾਣ ਤੇ ਤਾਕਤ ਲਾ ਕੇ ਕਰ ਰਿਹਾ ਹਾਂ, ਪਰ ਦਾਨ ਮੰਗਣਾ ਆਮਦਨ ਦਾ ਜ਼ੋਖਮ ਵਾਲਾ ਸਰੋਤ ਹੈ। ਇਸੇ ਕਰਕੇ ਹੁਣ ਮੈਂ ਆਮਦਨ ਲਈ ਲਾਟਰੀ ਸ਼ੁਰੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹਾਂ। ਜੇ ਇਸ ਨੂੰ ਸਹੀ ਤਰੀਕੇ ਅਤੇ ਮੁਹਾਰਤ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਸਾਲਾਨਾ ਲੱਖ ਰੁਪਏ ਆਮਦਨ ਦਾ ਸਾਧਨ ਬਣ ਸਕਦੀ ਹੈ। ਲਾਟਰੀ ਦਾ ਉਦੇਸ਼ ਆਰਥਕ ਮਦਦ ਨਾਲ ਭੋਂਸਲਾ ਮਿਲਟਰੀ ਸਕੂਲ ਦਾ ਵਿਸਤਾਰ ਪਹਿਲਾਂ ਕਾਲਜ ਦੇ ਰੂਪ ਵਿਚ ਕਰਨਾ ਅਤੇ ਪਿਛੋਂ ਇਸ ਨੂੰ ‘ਆਲ ਇੰਡੀਆ ਮਿਲਟਰੀ ਟਰੇਨਿੰਗ ਸੰਸਥਾ’ ਵਿਚ ਬਦਲਨਾ ਹੋਵੇਗਾ।”
ਇਕ ਦਹਾਕਾ ਇਹ ਸਕੂਲ ਸਹੀ ਤਰੀਕੇ ਨਾਲ ਚੱਲਦਾ ਰਿਹਾ। ਮੂੰਜੇ ਦੀ ਇਸ ਪ੍ਰਤੀ ਸਮਰਪਣ ਭਾਵਨਾ ਕਾਰਨ ਵਿਦਿਆਰਥੀਆਂ ਅਤੇ ਫੰਡਾਂ ਦੀ ਆਮਦ ਲਗਾਤਾਰ ਬਣੀ ਰਹੀ, ਪਰ 30 ਜਨਵਰੀ 1948 ਨੂੰ ਨੱਥੂ ਰਾਮ ਗੋਡਸੇ ਵਲੋਂ ਮਹਾਤਮਾ ਗਾਂਧੀ ਦੇ ਕਤਲ ਪਿਛੋਂ ਇਹ ਕਰੀਬ ਠੱਪ ਹੋ ਗਈ, ਕਿਉਂਕਿ ਲੋਕਾਂ ਵਿਚ ਹਿੰਦੂ ਮਹਾਂਸਭਾ ਵਿਰੁਧ ਗੁੱਸੇ ਦੀ ਲਹਿਰ ਸੀ। ਮਹਾਰਾਸ਼ਟਰ ਅਤੇ ਕੇਂਦਰੀ ਸੂਬਿਆਂ ‘ਚ ਗੁੱਸੇ ਨਾਲ ਭੜਕੇ ਹਜੂਮ ਵਲੋਂ ਹਿੰਦੂ ਮਹਾਂਸਭਾ ਦੇ ਮੁੱਖ ਆਗੂਆਂ ‘ਤੇ ਹਿੰਸਕ ਹਮਲੇ ਆਮ ਹੀ ਸ਼ੁਰੂ ਹੋ ਗਏ। ਇਨ੍ਹਾਂ ਹਮਲਿਆਂ ਦਾ ਬਹੁਤਾ ਸ਼ਿਕਾਰ ਬ੍ਰਾਹਮਣ ਹੋਏ, ਕਿਉਂ ਜੁ ਹਿੰਦੂ ਮਹਾਂਸਭਾ ਅਤੇ ਆਰ ਐਸ ਐਸ ਵਿਚ ਉਨ੍ਹਾਂ ਦੀ ਨੁਮਾਇੰਦਗੀ ਵੱਧ ਸੀ। ਇਸ ਸਕੂਲ ਨੂੰ ਉਨ੍ਹਾਂ ਹਮਲਿਆਂ ਤੋਂ ਬਚਾਉਣ ਲਈ ਮੂੰਜੇ ਬਹੁਤਾ ਕੁਝ ਨਾ ਕਰ ਸਕਿਆ। ਰੋਹ ਭਰੇ ਪ੍ਰਦਰਸ਼ਨਾਂ ਕਾਰਨ ਉਹ ਖੁਦ ਵੀ ਸਕੂਲ ਕੈਂਪਸ ਵਿਚੋਂ ਬਾਹਰ ਨਾ ਨਿਕਲਦਾ। ਘੋਰ ਨਿਰਾਸ਼ਾ ਦੇ ਆਲਮ ਵਿਚ ਗਾਂਧੀ ਦੇ ਕਤਲ ਤੋਂ ਥੋੜ੍ਹੇ ਹਫਤੇ ਬਾਅਦ ਹੀ 4 ਮਾਰਚ 1948 ਨੂੰ ਉਹ ਚਲਾਣਾ ਕਰ ਗਿਆ।

ਮੂੰਜੇ ਦੀ ਮੌਤ ਪਿਛੋਂ ਭੋਂਸਲਾ ਮਿਲਟਰੀ ਸਕੂਲ ਢਹਿੰਦੀਆਂ ਕਲਾਂ ਵਲ ਜਾਣਾ ਸ਼ੁਰੂ ਹੋ ਗਿਆ। ਅਸਲ ਵਿਚ ਆਰ ਐਸ ਐਸ ਨੇ 1940 ਵਿਚ ਐਮ. ਐਸ਼ ਗੋਲਵਾਲਕਰ ਦੇ ਸੰਘ ਮੁਖੀ ਬਣਨ ਤੋਂ ਬਾਅਦ ਮੂੰਜੇ ਦੇ ਸਕੂਲ ਅਤੇ ਹਿੰਦੂ ਮਹਾਂਸਭਾ ਤੋਂ ਦੂਰੀ ਬਣਾ ਲਈ ਸੀ। ਮੂੰਜੇ ਅਤੇ ਆਰ ਐਸ ਐਸ ਦੇ ਰਸਤੇ ਉਦੋਂ ਹੀ ਸਾਫ ਤੌਰ ‘ਤੇ ਵੱਖੋ-ਵੱਖਰੇ ਨਜ਼ਰ ਆਉਣੇ ਸ਼ੁਰੂ ਹੋ ਗਏ, ਜਦੋਂ ਹੇਡਗੇਵਾਰ ਦਾ ਜਾਨਸ਼ੀਨ ਬਣਨ ਤੋਂ ਕੁਝ ਮਹੀਨਿਆਂ ਪਿਛੋਂ ਹੀ ਗੋਲਵਾਲਕਰ ਨੇ ਮਹਾਂਸਭਾ ਆਗੂਆਂ ਦਾ ਉਹ ਸੱਦਾ ਠੁਕਰਾ ਦਿੱਤਾ, ਜਿਨ੍ਹਾਂ ਨੇ ਸੰਘ ਦੇ ਸੋਇਮਸੇਵਕਾਂ ਨੂੰ ਭੋਂਸਲਾ ਮਿਲਟਰੀ ਸਕੂਲ ਵਲੋਂ ਛਾਪਾਮਾਰ ਯੁੱਧਕਲਾ ਦੀ ਸਿਖਲਾਈ ਲਈ ਜਮਾਤਾਂ ਲਾਉਣ ਲਈ ਕਿਹਾ ਸੀ।
ਮੂੰਜੇ ਦੀ ਮੌਤ ਤੋਂ ਕੁਝ ਸਮੇਂ ਬਾਅਦ ਤੱਕ ਘਚੋਲੇ ਵਾਲੀ ਹਾਲਤ ਬਣੀ ਰਹੀ। ਸਕੂਲ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ। ਗਾਂਧੀ ਦੇ ਕਤਲ ਪਿਛੋਂ ਆਰ ਐਸ ਐਸ ‘ਤੇ ਪਾਬੰਦੀ ਲਾ ਦਿੱਤੀ ਗਈ ਅਤੇ ਹਿੰਦੂ ਮਹਾਂ ਸਭਾ ਅਪਾਹਜ ਹੋ ਗਈ, ਪਰ ਜਦੋਂ 1949 ਵਿਚ ਪਾਬੰਦੀ ਹਟਾਈ ਗਈ ਤਾਂ ਆਰ ਐਸ ਐਸ ਨੇ ਅੱਗੇ ਵਧਣ ਦੇ ਢੰਗ-ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਭੋਂਸਲਾ ਮਿਲਟਰੀ ਸਕੂਲ ਭਾਵੇਂ ਡੂੰਘੇ ਵਿਤੀ ਸੰਕਟ ਵਿਚ ਘਿਰਿਆ ਹੋਇਆ ਸੀ, ਪਰ ਹਿੰਦੂਤਵੀ ਫਿਕਾਪ੍ਰਸਤਾਂ ਦੇ ਨਜ਼ਰੀਏ ਤੋਂ ਇਹ ਬਹੁਤ ਸੰਭਾਵਨਾਵਾਂ ਵਾਲੀ ਹੋਣਹਾਰ ਸੰਸਥਾ ਸੀ। ਹੁਣ ਗੋਲਵਾਲਕਰ ਨੇ ਇਸ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਆਰ ਐਸ ਐਸ ਦਾ ਕਾਰਿੰਦਾ ਐਮ. ਐਨ. ਘਟਾਟੇ, ਜੋ ਹੁਣ ਗੋਲਵਾਲਕਰ ਦਾ ਪੱਕਾ ਵਿਸ਼ਵਾਸਪਾਤਰ ਬਣ ਗਿਆ ਸੀ, ਨੇ ਮੂੰਜੇ ਦੇ ਸਕੂਲ ‘ਤੇ ਆਰ ਐਸ ਐਸ ਦੇ ਕਾਬਜ਼ ਹੋਣ ਵਿਚ ਸਰਗਰਮ ਭੂਮਿਕਾ ਨਿਭਾਈ।
ਘਟਾਟੇ ਅਨੁਸਾਰ 1953 ਤੱਕ ਵਿਦਿਆਰਥੀਆਂ ਦੀ ਗਿਣਤੀ 50 ਰਹਿ ਗਈ ਸੀ ਅਤੇ ਮੀਡੀਆ ਵਿਚ ਇਹ ਰਿਪੋਰਟਾਂ ਆ ਰਹੀਆਂ ਸਨ ਕਿ ਇਹ ਸਕੂਲ ਫੰਡਾਂ ਅਤੇ ਦਾਖਲਾ ਲੈਣ ਵਾਲਿਆਂ ਦੀ ਘਾਟ ਕਾਰਨ ਛੇਤੀ ਹੀ ਬੰਦ ਹੋਣ ਵਾਲਾ ਹੈ। ਉਹ ਲਿਖਦਾ ਹੈ, “ਇਸ ਪੜਾਅ ‘ਤੇ ਮੈਂ ਅੱਗੇ ਆਇਆ। ਪ੍ਰਬੰਧਕੀ ਕਮੇਟੀ ਨੂੰ ਬੇਨਤੀ ਕੀਤੀ ਕਿ ਸਕੂਲ ਬੰਦ ਹੋਣ ਅਤੇ ਸਾਰੀ ਜਾਇਦਾਦ ਸਰਕਾਰ ਦੇ ਸਪੁਰਦ ਕਰਨ ਤੋਂ ਪਹਿਲਾਂ ਉਸ ਨੂੰ ਅਜਮਾਇਸ਼ ਦੇ ਤੌਰ ‘ਤੇ ਦੋ ਸਾਲ ਦੀ ਮੋਹਲਤ ਦਿੱਤੀ ਜਾਵੇ। ਪ੍ਰਬੰਧਕ ਰਜ਼ਾਮੰਦ ਹੋ ਗਏ। ਮੈਂ ਹਰ ਪਾਸੇ ਭੱਜ-ਨੱਠ ਕੀਤੀ, ਖਾਸ ਕਰਕੇ ਬਿਹਾਰ, ਉਤਰ ਪ੍ਰਦੇਸ਼, ਹੈਦਰਾਬਾਦ ਅਤੇ ਹੋਰ ਬਹੁਤ ਸਾਰੀਆਂ ਥਾਂਵਾਂ ਤੋਂ ਵਿਦਿਆਰਥੀ ਲੱਭ ਕੇ ਸਕੂਲ ਵਿਚ ਦਾਖਲ ਕਰਵਾਏ। 1955 ਤੱਕ ਵਿਦਿਆਰਥੀਆਂ ਦੀ ਗਿਣਤੀ 150 ਹੋ ਗਈ। ਸਿੱਖਿਆ ਮਹਿਕਮੇ ਵਲੋਂ ਪ੍ਰਬੰਧਕੀ ਗਰਾਂਟ ਜਾਰੀ ਕਰ ਦਿੱਤੀ ਗਈ। ਮੂੰਜੇ ਵਲੋਂ ਬੜੇ ਸ਼ੌਕ ਨਾਲ ਲਾਈ ਪਨੀਰੀ ਨੂੰ ਇਸ ਖਾਦ ਨਾਲ ਤਾਕਤ ਮਿਲਣੀ ਸ਼ੁਰੂ ਹੋ ਗਈ ਅਤੇ ਇਹ ਵਿਕਸਿਤ ਹੋ ਕੇ ਉਸ ਮੁਕਾਮ ‘ਤੇ ਪਹੁੰਚ ਗਿਆ, ਜੋ ਅੱਜ ਅਸੀਂ ਦੇਖਦੇ ਹਾਂ।”
ਇਉਂ ਭੋਂਸਲਾ ਮਿਲਟਰੀ ਸਕੂਲ ਮੁੜ ਜਿਉਂਦਾ ਹੋ ਗਿਆ, ਪਰ ਇਹ ਮੁੜ-ਸੁਰਜੀਤੀ ਮੁੱਲ ਤਾਰ ਕੇ ਹੀ ਸੰਭਵ ਹੋਈ। ਘਟਾਟੇ ਇਹ ਸਮੁੱਚੀ ਕਵਾਇਦ ਨਾਗਪੁਰ ਦੇ ਮੁੱਖ ਸਹਿਯੋਗੀ ਦੇ ਤੌਰ ‘ਤੇ ਕਰ ਰਿਹਾ ਸੀ। ਇਉਂ ਮੂੰਜੇ ਦੇ ਸਕੂਲ ਦੀ ਪ੍ਰਬੰਧਕੀ ਕਮੇਟੀ ‘ਤੇ ਆਰ ਐਸ ਐਸ ਦੇ ਆਦਮੀ ਚੁੱਪ-ਚੁਪੀਤੇ ਕਾਬਜ਼ ਹੋ ਗਏ। ਮੇਜਰ (ਰਿਟਾਇਰਡ) ਪ੍ਰਭਾਕਰ ਬਲਵੰਤ ਕੁਲਕਰਨੀ ਇਸ ਸਕੂਲ ਨਾਲ 1956 ਤੋਂ 2003 ਤੱਕ ਵੱਖ-ਵੱਖ ਹੈਸੀਅਤ ਵਿਚ ਜੁੜਿਆ ਰਿਹਾ, ਉਸ ਨੇ ਨਾਸਿਕ ਵਿਚ ਦਿੱਤੀ ਇੰਟਰਵਿਊ ਵਿਚ ਦੱਸਿਆ, ‘ਇਹ ਸਾਰੀ ਰੱਦੋਬਦਲ 1953 ਤੇ 1956 ਦਰਮਿਆਨ ਹੋਈ।’
ਕੁਲਕਰਨੀ 1930ਵਿਆਂ ਦੇ ਅਖੀਰ ਤੋਂ ਆਰ ਐਸ ਐਸ ਦੇ ਸਰਗਰਮ ਕਾਰਕੁਨ ਵਜੋਂ ਕੰਮ ਕਰ ਰਿਹਾ ਸੀ। 1961 ਵਿਚ ਉਸ ਨੇ ਸਾਰੇ ਜ਼ਰੂਰੀ ਟੈਸਟ ਪਾਸ ਕਰਕੇ ਟੈਰੀਟੋਰੀਅਲ ਆਰਮੀ ਵਿਚ ਕਮਿਸ਼ਨ ਹਾਸਲ ਕਰ ਲਿਆ। ਟੈਰੀਟੋਰੀਅਲ ਆਰਮੀ ਭਾਰਤੀ ਫੌਜ ਦੀ ਗੈਰ ਪੇਸ਼ੇਵਾਰਾਨਾ ਸ਼ਾਖਾ ਹੈ। ਇਸ ਦੇ ਵਾਲੰਟੀਅਰਾਂ ਨੂੰ ਥੋੜ੍ਹੇ-ਥੋੜ੍ਹੇ ਅਰਸੇ ਪਿਛੋਂ ਫੌਜੀ ਸਿਖਲਾਈ ਮਿਲਦੀ ਰਹਿੰਦੀ ਹੈ ਤਾਂ ਜੋ ਐਮਰਜੈਂਸੀ ਦੀ ਸੂਰਤ ਵਿਚ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਕੁਲਕਰਨੀ ਨੇ ਦੱਸਿਆ, ‘ਟੈਰੀਟੋਰੀਅਲ ਆਰਮੀ ਲੋਕ ਫੌਜ ਹੈ, ਇਸੇ ਕਾਰਨ ਮੈਂ ਇਸ ਵਿਚ ਸ਼ਾਮਲ ਹੋ ਗਿਆ ਅਤੇ ਸੰਘ ਦਾ ਮੈਂਬਰ ਵੀ ਰਿਹਾ।’
1962 ਦੀ ਭਾਰਤ-ਚੀਨ ਅਤੇ 1965 ਦੀ ਭਾਰਤ-ਪਾਕਿ ਜੰਗ ਸਮੇਂ ਦੋ ਵਾਰ ਉਸ ਨੂੰ ਜੰਗ ਵਿਚ ਭੇਜਿਆ ਗਿਆ ਤੇ ਉਹ ਮੇਜਰ ਬਣ ਕੇ ਸੇਵਾ ਮੁਕਤ ਹੋਇਆ। 2008 ਦੇ ਮਾਲੇਗਾਉਂ ਬੰਬ ਧਮਾਕਿਆਂ ਬਾਰੇ ਮਹਾਰਾਸ਼ਟਰ ਏ. ਟੀ. ਐਸ਼ ਵਲੋਂ ਪੁੱਛਗਿੱਛ ਲਈ ਬੁਲਾਏ ਜਾਣ ਕਾਰਨ ਉਹ ਕਾਫੀ ਸਮਾਂ ਸੁਰਖੀਆ ਵਿਚ ਰਿਹਾ, ਪਰ ਪੁੱਛਗਿੱਛ ਪਿਛੋਂ ਉਸ ਨੂੰ ਛੱਡ ਦਿੱਤਾ ਗਿਆ।
ਕੁਲਕਰਨੀ ਸਂੈਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਦਾ ਜੀਵਨ-ਮੈਂਬਰ ਹੈ। ਉਹ ਦੱਸਦਾ ਹੈ, “ਭੋਂਸਲਾ ਮਿਲਟਰੀ ਸਕੂਲ ਦੀ ਗਵਰਨਿੰਗ ਬਾਡੀ ਦੀ ਚੋਣ ਸਂੈਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਦੇ ਜੀਵਨ-ਮੈਂਬਰ ਕਰਦੇ ਸਨ। ਸਕੂਲ ਦੀ ਮੁੜ ਬਹਾਲੀ ਨਾਲ ਸੁਸਾਇਟੀ ਦੇ ਜੀਵਨ-ਮੈਂਬਰਾਂ ਦੀ ਬਣਤਰ ਵੀ ਬਦਲਦੀ ਗਈ। ਜੋ ਨਵੇਂ ਮੈਂਬਰ ਬਣੇ, ਉਹ ਸਾਰੇ ਆਰ ਐਸ ਐਸ ਦੇ ਆਦਮੀ ਸਨ।”
ਕੁਲਕਰਨੀ ਦੀਆਂ ਨਜ਼ਰਾਂ ਵਿਚ ਇਹ ਰੱਦੋਬਦਲ ਜਾਇਜ਼ ਸੀ, ਕਿਉਂਕਿ ਆਰ ਐਸ ਐਸ ਨੇ ਹੀ ਇਸ ਸਕੂਲ ਨੂੰ ਮੁੜ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਸ ਅਨੁਸਾਰ, ‘ਇਹ ਮੁੜ ਸੁਰਜੀਤੀ ਸੰਭਵ ਨਹੀਂ ਸੀ ਹੋ ਸਕਣੀ, ਜੇ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਸੰਘ ਦੇ ਕਾਰਿੰਦੇ ਆਪਣੇ ਲੜਕਿਆਂ ਨੂੰ ਸਕੂਲ ਵਿਚ ਨਾ ਘੱਲਦੇ।’
ਅਸਲ ਵਿਚ ਜਾਪਦਾ ਹੈ ਕਿ ਸਕੂਲ ਨਾਲ ਕੁਲਕਰਨੀ ਦਾ ਸਬੰਧ ਆਰ ਐਸ ਐਸ ਵਲੋਂ ਇਸ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਵੱਡੇ ਮਨਸੂਬੇ ਦਾ ਹਿੱਸਾ ਸੀ। ਉਸ ਅਨੁਸਾਰ ‘1956 ਦੇ ਸ਼ੁਰੂ ਵਿਚ ਇਕ ਦਿਨ ਗੁਰੂ ਜੀ (ਗੋਲਵਾਲਕਰ ਨੂੰ ਆਰ ਐਸ ਐਸ ਕਾਰਿੰਦੇ ਮੋਹ ਨਾਲ ਇਸ ਤਰ੍ਹਾਂ ਹੀ ਸੰਬੋਧਨ ਕਰਦੇ ਸਨ) ਅਤੇ ਬਾਬਾ ਸਾਹਿਬ ਘਟਾਟੇ ਨੇ ਮੀਟਿੰਗ ਲਈ ਬੁਲਾਇਆ ਤੇ ਫਿਰ ਮੈਨੂੰ ਭੋਂਸਲਾ ਮਿਲਟਰੀ ਸਕੂਲ ਵਿਚ ਹਾਜ਼ਰ ਹੋਣ ਲਈ ਕਿਹਾ। ਮੈਂ ਸਹਿਮਤ ਹੋ ਗਿਆ ਅਤੇ 12 ਜੂਨ 1956 ਨੂੰ ਸਕੂਲ ਵਿਚ ਬਤੌਰ ਇੰਸਟ੍ਰਕਟਰ ਹਾਜ਼ਰ ਹੋ ਗਿਆ। 12 ਜੂਨ 1956 ਤੋਂ 31 ਮਈ 1988 ਤੱਕ ਮੈਂ ਸਕੂਲ ਲਈ ਕੰਮ ਕੀਤਾ। ਇਸ ਸਮੇਂ ਦੌਰਾਨ ਮੈਂ ਕਈ ਅਹੁਦਿਆਂ ‘ਤੇ ਕੰਮ ਕੀਤਾ, ਜਿਵੇਂ ਇੰਸਟ੍ਰਕਟਰ, ਸੁਪਰਵਾਈਜ਼ਰ, ਪ੍ਰਿੰਸੀਪਲ ਅਤੇ ਕਮਾਂਡੈਟ ਵਜੋਂ। 1998 ਤੋਂ 2003 ਤੱਕ 5 ਸਾਲ ਮੈਂ ਸੈਂਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਦੇ ਸਕੱਤਰ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ।’
1950 ਦੇ ਅਖੀਰ ਤੱਕ ਗੋਲਵਾਲਕਰ, ਜਿਸ ਦੀ ਕਦੇ ਵੀ ਮੂੰਜੇ ਨਾਲ ਨਹੀਂ ਬਣੀ, ਉਸ ਦੇ ਸਥਾਪਤ ਕੀਤੇ ਸਕੂਲ ‘ਤੇ ਕਾਬਜ਼ ਹੋ ਗਿਆ। ਘਟਾਟੇ, ਜਿਸ ਨੇ ਅਜਿਹਾ ਕਰਨ ਵਿਚ ਹੱਥ ਵਟਾਇਆ, ਇਸ ਦੇ ਪਸਾਰ ਲਈ ਬਹੁਤ ਮਦਦਗਾਰ ਸਾਬਤ ਹੋਇਆ। ਜੂਨ 1996 ਵਿਚ ਉਸ ਨੇ ਇਸ ਸਕੂਲ ਦੀ ਸ਼ਾਖਾ ਨਾਗਪੁਰ ਵਿਖੇ ਖੋਲ੍ਹਣ ਵਿਚ ਅਹਿਮ ਯੋਗਦਾਨ ਪਾਇਆ। ਨਾਸਿਕ ਅਤੇ ਨਾਗਪੁਰ ਦੇ ਸਕੂਲਾਂ ਦਾ ਸੰਚਾਲਨ ਕਰਨ ਲਈ ਦੋ ਖੇਤਰੀ ਕਮੇਟੀਆਂ ਬਣਾਈਆਂ ਗਈਆਂ। ਨਾਸਿਕ ਦਾ ਸਕੂਲ 160 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਨਾਗਪੁਰ ਦੇ ਸਕੂਲ ਕੋਲ ਵੀ 30 ਏਕੜ ਜ਼ਮੀਨ ਹੈ।
ਆਰ ਐਸ ਐਸ ਦਾ ਮੈਂਬਰ ਅਤੇ ਕਾਲਜ ਦਾ ਪਹਿਲਾ ਰੰਗਰੂਟ ਡਾ. ਵਿਵੇਕ ਰਾਜੇ ਕਹਿੰਦਾ ਹੈ, ‘1985 ਵਿਚ ਬਾਬਾ ਸਾਹਿਬ ਘਟਾਟੇ ਨੇ ਫੈਸਲਾ ਕੀਤਾ ਕਿ ਸਕੂਲ ਨੂੰ ਹੁਣ ਕਾਲਜ ਵਿਚ ਬਦਲਣਾ ਹੈ। ਉਸੇ ਸਾਲ ਭਾਜਪਾ ਆਗੂ ਰਾਜਮਾਤਾ ਵਿਜੈ ਰਾਜੇ ਸਿੰਧੀਆ ਨੇ ਕਾਲਜ ਦਾ ਨੀਂਹ ਪੱਥਰ ਰੱਖਿਆ ਅਤੇ 1986 ਵਿਚ ਕਾਲਜ ਰਸਮੀ ਤੌਰ ‘ਤੇ ਸ਼ੁਰੂ ਹੋ ਗਿਆ। ਪਹਿਲੇ ਦੋ ਸਾਲ ਇਹ ਕੰਮ ਨਾ ਕਰ ਸਕਿਆ, ਕਿਉਂਕਿ ਪੁਣੇ ਯੂਨੀਵਰਸਿਟੀ ਨੂੰ ਇਸ ਕਾਲਜ ਵਿਚ ਮਿਲਟਰੀ ਸਿਖਲਾਈ ਦਿੱਤੇ ਜਾਣ ਬਾਰੇ ਕੁਝ ਇਤਰਾਜ਼ ਹੋਣ ਕਾਰਨ ਉਸ ਵਲੋਂ ਮਾਨਤਾ ਰੋਕ ਦਿੱਤੀ ਗਈ ਸੀ। ਆਖਿਰਕਾਰ 1988 ਵਿਚ ਕਾਲਜ ਨੂੰ ਮਾਨਤਾ ਮਿਲ ਗਈ ਅਤੇ ਇਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਸ ਕਾਲਜ ਵਿਚ 1989 ਵਿਚ ਦਾਖਲਾ ਲਿਆ।’
ਆਪਣੇ ਉਤਰਾਅ-ਚੜ੍ਹਾਅ ਵਾਲੇ ਵਿਕਾਸ ਦੇ ਬਾਵਜੂਦ ਭੋਂਸਲਾ ਮਿਲਟਰੀ ਸਕੂਲ ਨੇ ਆਪਣੀ ਵਿਚਾਰਧਾਰਾ ਬਰਕਰਾਰ ਰੱਖੀ। ਇਹ ਅੱਜ ਵੀ ਉਸੇ ਤਰ੍ਹਾਂ ਹਿੰਦੂਆਂ ਲਈ ਸਕੂਲ ਹੈ, ਜਿਵੇਂ ਨੀਂਹ ਰੱਖਣ ਸਮੇਂ ਸੀ। ਇਸ ਦਾ ਪਾਠਕ੍ਰਮ ਅੱਜ ਵੀ ਵਿਦਿਆਰਥੀਆਂ ਦੇ ਮਨਾਂ ਵਿਚ ਹਿੰਦੂ ਧਾਰਮਿਕ ਸਿੱਖਿਆਵਾਂ, ਖਾਸ ਕਰਕੇ ਭਗਵਾਨ ਰਾਮ ਦੇ ਰਾਜ ਦੀਆਂ ‘ਚੰਗਿਆਈਆਂ’ ਭਰਨ ਦਾ ਸਾਧਨ ਹੈ। ਕਾਗਜ਼ਾਂ ਵਿਚ ਮੁਸਲਮਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈਣ ‘ਤੇ ਪਾਬੰਦੀ ਨਹੀਂ, ਪਰ ਡਾ. ਵਿਵੇਕ ਰਾਜੇ ਸਾਫ ਕਹਿੰਦਾ ਹੈ, ‘ਸਕੂਲ ਵਿਚ ਮੁਸਲਿਮ ਫਿਰਕੇ ਦਾ ਇਕ ਵੀ ਅਧਿਆਪਕ ਨਹੀਂ ਹੈ। ਵਿਦਿਆਰਥੀਆਂ ਵਿਚ ਵੀ ਤੁਹਾਨੂੰ ਸ਼ਾਇਦ ਹੀ ਕੋਈ ਉਸ ਫਿਰਕੇ ‘ਚੋਂ ਮਿਲੇਗਾ।’
(ਚਲਦਾ)