ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇ ਸੁੱਚੇ ਸੁਨੇਹੇ ਨੇ ਸੁੱਚੀ ਸਿਆਸਤ ਦੇ ਕਿਵਾੜ ਖੋਲ੍ਹ ਦਿੱਤੇ ਹਨ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਹਾਂ ਪੰਜਾਬਾਂ ਨੇ ਧਾਹ ਗਲਵੱਕੜੀ ਪਾਈ ਹੈ। ਇਸ ਗਲਵੱਕੜੀ ਦੀ ਕੱਸ ਢਿੱਲ੍ਹੀ ਪਾਉਣ ਲਈ ਝੂਠ ਦੀ ਸਿਆਸਤ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸੱਚ ਦੀਆਂ ਗੂੰਜਾਰਾਂ ਇੰਨੀਆਂ ਉਚੀਆਂ ਹੋ ਗਈਆਂ ਕਿ ਝੂਠ ਦੀ ਸਿਆਸਤ ਪਿਛਾਂਹ ਛੁੱਟ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਪਾਕਿਸਤਾਨ ਬਾਰੇ ਤੌਖਲੇ ਜਾਹਰ ਕਰਦਿਆਂ ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਦਹਿਸ਼ਤਪਸੰਦੀ ਨਾਲ ਜੋੜਨ ਦਾ ਯਤਨ ਕੀਤਾ। ਸਭ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜਦੋਂ ਲਾਂਘਾ ਖੁੱਲ੍ਹਣ ਬਾਰੇ ਗੱਲ ਅਜੇ ਚੱਲੀ ਹੀ ਸੀ ਤਾਂ ਮੁੱਖ ਮੰਤਰੀ ਨੇ ਉਸ ਵਕਤ ਵੀ ਇਹੀ ਬਿਆਨ ਦਾਗਿਆ ਸੀ।
ਇਸ ਦੇ ਨਾਲ ਹੀ ਭਾਰਤੀ ਹਾਕਮਾਂ ਵਲੋਂ ਆਪਣੀ ਸੌੜੀ ਸਿਆਸਤ ਕਾਰਨ ਜਦੋਂ ਪੰਜਾਬ ਨੂੰ ਜੰਗ ਵਲ ਧੱਕਿਆ ਜਾ ਰਿਹਾ ਸੀ ਤਾਂ ਵੀ ਮੁੱਖ ਮੰਤਰੀ ਕੇਂਦਰ ਦੇ ਹਾਕਮਾਂ ਨਾਲ ਖੜ੍ਹਾ ਨਜ਼ਰ ਆਇਆ ਸੀ; ਹਾਲਾਂਕਿ ਉਸ ਵਕਤ ਵੀ ਪੰਜਾਬ ਵਿਚੋਂ ਜੰਗ ਦੇ ਖਿਲਾਫ ਆਵਾਜ਼ ਬੁਲੰਦ ਹੋਈ ਸੀ। ਉਦੋਂ ਮੁੱਖ ਮੰਤਰੀ ਨੇ ਖੁਦ ਨੂੰ ਫੌਜੀ ਦੱਸਦਿਆਂ ਦੇਸ਼ ਭਗਤੀ ਨਾਲ ਲਿਬੜੇ ਬਿਆਨ ਦਾਗ ਕੇ ਧਿਆਨ ਖਿੱਚਣ ਦਾ ਯਤਨ ਕੀਤਾ ਸੀ। ਹੁਣ ਦੇ ਬਿਆਨ ਬਾਰੇ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਮੁੱਖ ਮੰਤਰੀ ਸਾਬਕਾ ਫੌਜੀ ਰਹੇ ਹਨ, ਪਰ ਵਿਚੋਂ ਨੁਕਤਾ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਦੀ ਅਗਵਾਈ ਕਰਨ ਲਈ ਕਿਸੇ ਫੌਜੀ ਨੂੰ ਨਹੀਂ ਸੀ ਚੁਣਿਆ, ਸਗੋਂ ਅਮਰਿੰਦਰ ਸਿੰਘ ਨੂੰ ਵੋਟਾਂ ਪਾਈਆਂ ਸਨ ਤਾਂ ਜੋ ਅਕਾਲੀ-ਭਾਜਪਾ ਗਠਜੋੜ, ਜੋ ਦਸਾਂ ਸਾਲਾਂ ਤੋਂ ਸੱਤਾ ਵਿਚ ਬੈਠੇ ਮਨ-ਆਈਆਂ ਕਰ ਰਹੇ ਸਨ, ਨੂੰ ਖਦੇੜਿਆ ਜਾ ਸਕੇ। ਉਸ ਵਕਤ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਖਦੇੜ ਸੁੱਟਿਆ ਸੀ, ਜਿਸ ਨੂੰ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਦੀ ਆਸ ਹੀ ਨਹੀਂ, ਪੂਰਾ ਯਕੀਨ ਵੀ ਹੋ ਗਿਆ ਸੀ। ਜਾਹਰ ਹੈ ਕਿ ਉਸ ਵਕਤ ਲੋਕ-ਸ਼ਕਤੀ ਨੇ ਫੈਸਲਾ ਅਮਰਿੰਦਰ ਸਿੰਘ ਦੇ ਹੱਕ ਵਿਚ ਦਿੱਤਾ ਸੀ। ਹੁਣ ਵੀ ਸਭ ਸਿਆਸੀ ਪਾਰਟੀਆਂ ਦੇ ਸੂਝ ਤੋਂ ਸੱਖਣੇ ਬਿਆਨਾਂ ਦੇ ਬਾਵਜੂਦ ਲੋਕ-ਸ਼ਕਤੀ ਬਾਬੇ ਨਾਨਕ ਦਾ ਪੁਰਬ ਮਨਾਉਣ ਲਈ ਉਮੜ ਆਈ ਹੈ ਅਤੇ ਇਨ੍ਹਾਂ ਪਾਰਟੀਆਂ ਵਲੋਂ ਵਿਛਾਈ ਬਿਸਾਤ ਨੂੰ ਲੋਕਾਂ ਨੇ ਦੁਰਕਾਰ ਦਿੱਤਾ ਹੈ।
ਮੁੱਖ ਮੰਤਰੀ ਨੇ ਹੁਣ ਪਹਿਲਾ ਇਤਰਾਜ਼ ਇਹ ਕੀਤਾ ਹੈ ਕਿ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਨੂੰ 70 ਸਾਲ ਚੇਤਾ ਕਿਉਂ ਨਾ ਆਇਆ, ਹੁਣ ਹੀ ਕਿਉਂ ਇਸ ਪਾਸੇ ਉਚੇਚ ਕੀਤੀ ਜਾ ਰਹੀ ਹੈ? ਪਾਕਿਸਤਾਨ ਦੀ ਸਿਆਸਤ ਨੂੰ ਸਮਝਣ-ਬੁੱਝਣ ਵਾਲੇ ਜਾਣਦੇ ਹਨ ਕਿ ਉਥੇ ਬਹੁਤਾ ਸਮਾਂ ਫੌਜ ਦੀ ਸਰਦਾਰੀ ਰਹੀ ਹੈ। ਪਿਛਲੀਆਂ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ਦੀ ਜਿੱਤ ਨੂੰ ਸਰਦਾਰੀ ਦੇ ਇਸੇ ਪੱਲੜੇ ਵਿਚ ਹੀ ਤੋਲਿਆ ਗਿਆ ਸੀ। ਉਂਜ, ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਇਸ ਵੇਲੇ ਜੋ ਹਾਲਾਤ ਪਾਕਿਸਤਾਨ ਦੇ ਹਨ, ਇਹ ਖੁਦ ਔਖੇ ਹਾਲਾਤ ਵਿਚੋਂ ਲੰਘ ਰਿਹਾ ਹੈ। ਇਸੇ ਕਰਕੇ ਭਾਰਤ ਦੇ ਫਿਰਕੂ ਹਾਕਮਾਂ ਵਲੋਂ ਹਰ ਤਰ੍ਹਾਂ ਦੀਆਂ ਹੁੱਝਾਂ ਮਾਰਨ ਦੇ ਬਾਵਜੂਦ ਪਾਕਿਸਤਾਨ ਅਜੇ ਤਕ ਆਪਣੇ ਬਚਾਅ ਵਿਚ ਲੱਗਾ ਹੋਇਆ ਹੈ। ਬਿਨਾ ਸ਼ੱਕ, ਇਹ ਗੱਲ ਪੰਜਾਬ, ਸਗੋਂ ਦੋਹਾਂ ਪੰਜਾਬਾਂ ਦੇ ਹੱਕ ਵਿਚ ਜਾਂਦੀ ਹੈ। ਦੋਹਾਂ ਮੁਲਕਾਂ ਵਿਚਾਲੇ ਤਣਾਅ ਦਾ ਸਭ ਤੋਂ ਵੱਧ ਨੁਕਸਾਨ ਪੰਜਾਬਾਂ ਦਾ ਹੀ ਹੁੰਦਾ ਹੈ। ਇਸੇ ਕਰਕੇ ਸਭ ਸਿਆਸੀ ਵਿਸ਼ਲੇਸ਼ਣਕਾਰਾਂ ਨੇ ਕਰਤਾਰਪੁਰ ਲਾਂਘੇ ਨੂੰ ਦੋਹਾਂ ਪੰਜਾਬਾਂ ਦੀ ਸੁਖ-ਮਿਲਣੀ ਨਾਲ ਜੋੜਿਆ ਹੈ। ਉਂਜ ਵੀ ਤੱਥ ਇਹੀ ਬੋਲਦੇ ਹਨ ਕਿ ਜੇ ਦੋਹਾਂ ਪੰਜਾਬਾਂ ਵਿਚਾਲੇ ਵਪਾਰ ਖੁੱਲ੍ਹ ਜਾਵੇ ਤਾਂ ਦੋਹਾਂ ਪਾਸਿਆਂ ਨੂੰ ਬੇਹਦ ਫਾਇਦਾ ਹੋਵੇਗਾ, ਪਰ ਕੇਂਦਰ ਦੇ ਹਾਕਮ ਕਦੀ ਵੀ ਨਹੀਂ ਚਾਹੁਣਗੇ ਕਿ ਅਜਿਹਾ ਸੰਭਵ ਹੋ ਸਕੇ। ਇਸੇ ਕਰਕੇ ਇਹ ਦੋਸਤੀ ਦੇ ਹਰ ਪੈਗਾਮ ਉਤੇ ਫਲੂਹੇ ਸੁੱਟਣ ਦੇ ਯਤਨ ਕਰਦੀ ਹੈ। ਇਕ ਗੱਲ ਸਪਸ਼ਟ ਹੈ ਕਿ ਪ੍ਰਕਾਸ਼ ਪੁਰਬ ਮੌਕੇ ਦੋਹਾਂ ਪੰਜਾਬਾਂ ਦੀ ਇਹ ਗਲਵੱਕੜੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਕੇ ਹੀ ਸੰਭਵ ਹੋ ਸਕੀ ਹੈ। ਇਸ ਵਿਚੋਂ ਹੀ ਭਾਰਤੀ ਉਪ ਮਹਾਂਦੀਪ ਵਿਚ ਭਵਿਖ ਵਿਚ ਹੋਣ ਵਾਲੀ ਸਿਆਸਤ ਦੀ ਕਨਸੋਅ ਮਿਲਦੀ ਹੈ। ਪਿਛਲੇ ਕੁਝ ਸਮੇਂ ਤੋਂ ਕੌਮਾਂਤਰੀ ਖਿਡਾਰੀ ਚੀਨ ਦੀ ਪੈਂਠ ਇਸ ਖਿੱਤੇ ਵਿਚ ਲਗਾਤਾਰ ਵਧ ਰਹੀ ਹੈ। ਚੀਨ ਦਾ ਸ਼ਰੀਕ ਅਮਰੀਕਾ ਇਸ ਪੈਂਠ ਨੂੰ ਠੱਲ੍ਹ ਪਾਉਣ ਲਈ ਗਾਹੇ-ਬਗਾਹੇ ਭਾਰਤ ਦੀ ਪਿੱਠ ਧਾਪੜਦਾ ਰਿਹਾ ਹੈ। ਕੌਮਾਂਤਰੀ ਪੱਧਰ ਉਤੇ ਹੁਣ ਵੀ ਇਹੀ ਸਿਆਸਤ ਚੱਲ ਰਹੀ ਹੈ। ਇਹ ਉਹ ਹਾਲਾਤ ਹਨ, ਜਿਨ੍ਹਾਂ ਨੇ ਪਹਿਲਾਂ ਭਾਰਤ ਅਤੇ ਫਿਰ ਪੰਜਾਬ ਦੀ ਸਿਆਸਤ ਉਤੇ ਭਾਰੂ ਪੈਣਾ ਹੈ। ਇਨ੍ਹਾਂ ਹਾਲਾਤ ਨੂੰ ਸਮਝੇ ਬਿਨਾ ਪੰਜਾਬ ਦੀ ਅਗਲੀ ਸਿਆਸਤ ਉਲੀਕਣੀ ਮੁਸ਼ਕਿਲ ਹੈ। ਪੰਜਾਬ ਵਿਚ ਫਿਲਹਾਲ ਰਵਾਇਤੀ ਸਿਆਸੀ ਪਾਰਟੀਆਂ ਦਾ ਦਬਦਬਾ ਹੈ। ਆਸ ਕਰਨੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚੋਂ ਬਦਲਵੀਂ ਸਿਆਸਤ ਦੀ ਆਵਾਜ਼ ਉਚੀ ਉਠੇ ਅਤੇ ਇਹ ਸੂਬੇ ਦੇ ਹਰ ਤਬਕੇ ਨੂੰ ਸਾਂਝੀਵਾਲਤਾ ਦੀ ਸਿਆਸਤ ਨਾਲ ਜੋੜ ਕੇ ਅਗਲਾ ਕਦਮ ਉਠਾਏ। ਬਦਲਵੀਂ ਸਿਆਸਤ ਦੀ ਅਣਹੋਂਦ ਵਿਚ ਰਵਾਇਤੀ ਸਿਆਸਤ ਇਸੇ ਤਰ੍ਹਾਂ ਬਖੇੜੇ ਖੜ੍ਹੇ ਕਰਨ ਵਾਲੇ ਬਿਆਨ ਦਾਗਦੀ ਰਹੇਗੀ ਅਤੇ ਆਮ ਲੋਕਾਂ ਦਾ ਸ਼ੋਸ਼ਣ ਕਰਦੀ ਰਹੇਗੀ। ਇਸ ਦਾ ਇਕੋ-ਇਕ ਤੋੜ ਇਹੀ ਹੈ ਕਿ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਸਾਂਝੀਵਾਲਤਾ ਦੀ ਸਿਆਸਤ ਲਈ ਰਾਹ ਖੋਲ੍ਹੇ ਜਾਣ। ਇਸ ਤੋਂ ਪਹਿਲਾਂ ਬਰਗਾੜੀ ਮੋਰਚੇ ਦੌਰਾਨ ਉਠਿਆ ਲੋਕ-ਸੈਲਾਬ ਅਤੇ ਨਸ਼ਿਆਂ ਖਿਲਾਫ ਉਠੀ ਮੁਹਿੰਮ ਇਹ ਸਾਬਤ ਕਰ ਚੁਕੇ ਹਨ ਕਿ ਸੂਝਵਾਨ, ਸੁਘੜ ਆਗੂ ਹੋਣ ਤਾਂ ਪੰਜਾਬ ਦਾ ਬੇੜਾ ਪਾਰ ਲੱਗ ਸਕਦਾ ਹੈ। ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਵੱਡੀ ਪ੍ਰਾਪਤੀ ਇਹੀ ਹੋਵੇਗੀ ਕਿ ਕੂੜ ਦੀ ਸਿਆਸਤ ਨੂੰ ਸਮਝ ਕੇ ਸੱਚ ਦੀ ਸਿਆਸਤ ਲਈ ਚਾਰਾਜੋਈ ਕੀਤੀ ਜਾਵੇ। ਇਹ ਪੈਂਡਾ ਬਿਖੜਾ ਹੈ, ਪਰ ਨਾਨਕ ਨਾਮ ਲੇਵਾ ਇਨ੍ਹਾਂ ਔਖਿਆਈਆਂ ਨੂੰ ਪਾਰ ਕਰ ਸਕਦੇ ਹਨ। ਭਵਿਖ ਦੀ ਸਿਆਸਤ ਇਨ੍ਹਾਂ ਔਖਿਆਈਆਂ ਤੋਂ ਪਾਰ ਜਾ ਕੇ ਹੀ ਲੱਭਣੀ ਹੈ।