ਸਿੱਖਾਂ ਦੀ ਅਰਦਾਸ ਅਤੇ ਇਮਰਾਨ ਦੀ ਖੁੱਲ੍ਹਦਿਲੀ ਨਾਲ ਨਵੇਂ ਰਾਹ ਖੁੱਲ੍ਹੇ
ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਪੂਰੀ ਹੋਈ ਹੈ। ਭਾਰਤ ਵਾਲੇ ਪਾਸੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਤੱਕ ਸਾਰਾ ਰਸਤਾ ਖਾਲਸਈ ਰੰਗ ਵਿਚ ਰੰਗਿਆ ਹੋਇਆ ਹੈ। ਸਿੱਖ ਸੰਗਤਾਂ ਨੇ ਕਰਤਾਰਪੁਰ ਸਾਹਿਬ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ।
ਭਾਰਤ ਤੇ ਪਾਕਿਸਤਾਨ ਵਿਚ ਵੱਡੇ ਪੱਧਰ ਉਤੇ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਇਤਿਹਾਸਕ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ।
ਸਿੱਖਾਂ ਦੀ ਇਹ ਮੰਗ ਉਸ ਸਮੇਂ ਪੂਰੀ ਹੋਈ ਹੈ ਜਦੋਂ ਇਕ ਪਾਸੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰਾਂ ਉਤੇ ਹੈ ਤੇ ਦੂਜੇ ਪਾਸੇ ਭਾਜਪਾ ਸਿੱਖਾਂ ਨੂੰ ‘ਸੱਚੇ ਰਾਸ਼ਟਰਵਾਦੀ’ ਹੋਣ ਦਾ ਵਾਸਤਾ ਪਾ ਕੇ ਲਾਂਘੇ ਦਾ ਕੰਮ ਰੋਕਣ ਦੀ ਸਲਾਹ ਦੇ ਰਹੀ ਸੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਂਘੇ ਨੂੰ ਪਾਕਿਸਤਾਨ ਵਾਲੇ ਪਾਸਿਉਂ ਅਤਿਵਾਦ ਖਤਰੇ ਨਾਲ ਜੋੜ ਰਹੇ ਸਨ ਪਰ ਸਿੱਖਾਂ ਦੀ ਅਰਦਾਸ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦਿਖਾਈ ਖੁੱਲ੍ਹਦਿਲੀ ਕਾਰਨ ਭਾਰਤੀ ਸਿਆਸਤਦਾਨਾਂ ਦੇ ਪੈਂਤੜੇ ਪੁੱਠੇ ਪੈਂਦੇ ਗਏ।
ਸਿੱਖਾਂ ਦੀ ਇਹ ਮੰਗ ਪੂਰੀ ਹੋਣ ਪਿਛੋਂ ਹੁਣ ਭਾਰਤ ਦੇ ਸਿਆਸੀ ਆਗੂ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਇਕ ਦੂਜੇ ਤੋਂ ਅੱਗੇ ਹੋ ਰਹੇ ਹਨ, ਜਦ ਕਿ ਲਾਂਘੇ ਦਾ ਰਾਹ ਪੱਧਰ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਰਾਹੀਂ ਇਸ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸਰਹੱਦ ਉਤੇ 2001 ਤੋਂ ਅਰਦਾਸਾਂ ਕਰਦੇ ਰਹੇ ਮਰਹੂਮ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਵਿਸਾਰਿਆ ਜਾ ਰਿਹਾ ਹੈ।
ਯਾਦ ਰਹੇ ਕਿ ਇਸ ਲਾਂਘੇ ਲਈ 2001 ਤੋਂ ਲਗਾਤਾਰ ਅਰਦਾਸ ਕੀਤੀ ਜਾ ਰਹੀ ਸੀ ਪਰ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਆਉਂਦਿਆਂ ਹੀ ਸਾਰੇ ਕੰਮ ਸਿੱਧੇ ਪੈਂਦੇ ਗਏ। ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਦੋਸਤ ਵਜੋਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਸੀ। ਬੱਸ, ਇਸੇ ਸੱਦੇ ਨੇ ਹੀ ਸਿੱਖਾਂ ਲਈ ਕਰਤਾਰਪੁਰ ਦਾ ਰਾਹ ਖੋਲ੍ਹ ਦਿੱਤਾ। ਸਿੱਧੂ ਪਾਕਿਸਤਾਨ ਗਏ ਤੇ ਉਥੋਂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਸੁਨੇਹਾ ਲੈ ਕੇ ਆਏ; ਹਾਲਾਂਕਿ ਭਾਰਤੀ ਹਾਕਮਾਂ ਨੂੰ ਇਹ ਗੱਲ ਜਚੀ ਨਾ ਤੇ ਸਿੱਧੂ ਦੇ ਦਾਅਵੇ ਦਾ ਖੂਬ ਮਜ਼ਾਕ ਉਡਾਇਆ ਪਰ ਜਦੋਂ ਪਾਕਿਸਤਾਨ ਵਾਲਿਉਂ ਪਾਸਿਉਂ ਲਾਂਘਾ ਖੋਲ੍ਹਣ ਦੇ ਸੱਦੇ ਆਉਣ ਲੱਗੇ ਤਾਂ ਭਾਰਤੀ ਸਿਆਸਤਦਾਨਾਂ ਨੂੰ ਵੀ ਆਪਣੇ ਪੈਂਤੜੇ ਬਦਲਣੇ ਪਏ।
ਮੋਦੀ ਸਰਕਾਰ ਨੇ ਝੱਟ 8 ਨਵੰਬਰ 2018 ਨੂੰ ਲਾਂਘੇ ਦੇ ਨੀਂਹ ਪੱਥਰ ਰੱਖਣ ਦੀ ਤਰੀਕ ਤੈਅ ਕਰ ਦਿੱਤੀ। ਉਸੇ ਦਿਨ ਪਾਕਿਸਤਾਨ ਨੇ ਵੀ 9 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕਰ ਦਿੱਤਾ। ਇਸ ਦਿਨ ਤੋਂ ਲੈ ਕੇ ਪਾਕਿਸਤਾਨ ਲਾਂਘੇ ਦੀ ਉਸਾਰੀ ਲਈ ਭਾਰਤ ਤੋਂ ਹਰ ਕਦਮ ਅੱਗੇ ਰਿਹਾ ਤੇ ਭਾਰਤ ਸਰਕਾਰ ਨੂੰ ਵੀ ਮਗਰ ਤੁਰਨ ਲਈ ਮਜਬੂਰ ਹੋਣਾ ਪਿਆ। ਇਸ ਇਕ ਸਾਲ ਦੇ ਸਮੇਂ ਦੌਰਾਨ ਭਾਰਤ ਵਾਲੇ ਪਾਸੇ ਵੱਡੀ ਨਮੋਸ਼ੀ ਵਾਲੀ ਖਿੱਚੋਤਾਣ ਚੱਲਦੀ ਰਹੀ। ਇਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਂਘੇ ਦੇ ਉਦਘਾਟਨ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਤੋਂ ਅਤਿਵਾਦ ਆਉਣ ਦਾ ਰਾਗ ਅਲਾਪਦੇ ਰਹੇ। ਹੁਣ ਜਦੋਂ ਲਾਂਘਾ ਤਿਆਰ ਸੀ ਤਾਂ ਕੈਪਟਨ ਨੇ ਪਾਕਿਸਤਾਨ ਨੂੰ ਇਹ ਸਵਾਲ ਕਰ ਦਿੱਤਾ ਕਿ ਉਸ ਨੂੰ 70 ਸਾਲ ਤੋਂ ਕਰਤਾਰਪੁਰ ਲਈ ਰਾਹ ਖੋਲ੍ਹਣ ਦੀ ਯਾਦ ਕਿਉਂ ਨਹੀਂ ਹੈ, ਹੁਣ ਜਦੋਂ ਖਾਲਿਸਤਾਨੀਆਂ ਵਲੋਂ 2020 ਰੈਫਰੈਂਡਮ ਮੁਹਿੰਮ ਛੇੜੀ ਹੋਈ ਹੈ ਤਾਂ ਸਿੱਖਾਂ ਦਾ ਹਮਦਰਦ ਬਣ ਗਿਆ ਹੈ।
ਦਰਅਸਲ, ਕੇਂਦਰ ਦੀ ਮੋਦੀ ਸਰਕਾਰ ਦਾ ਸਪਸ਼ਟ ਰੁਖ ਰਿਹਾ ਹੈ ਕਿ ਲਾਂਘਾ ਨਹੀਂ ਖੁੱਲ੍ਹਣਾ ਚਾਹੀਦਾ, ਕਿਉਂਕਿ ਇਸ ਨਾਲ ਉਸ ਦੇ ‘ਸੱਚੇ ਰਾਸ਼ਟਰਵਾਦੀ’ ਹੋਣ ਦੇ ਦਾਅਵੇ ਨੂੰ ਸੱਟ ਵੱਜਦੀ ਸੀ। ਇਸ ਤੋਂ ਇਲਾਵਾ ਇਮਰਾਨ ਖਾਨ ਦੀ ਸਿੱਖਾਂ ਨਾਲ ਵਧੀ ਨੇੜਤਾ ਵੀ ਇਸ ਭਗਵਾ ਧਿਰ ਨੂੰ ਰੜਕਦੀ ਰਹੀ ਹੈ। ਇਹੀ ਕਾਰਨ ਹੈ ਕਿ ਇਕ ਪਾਸੇ ਜਿਥੇ ਲਾਂਘੇ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ ਤੇ ਦੂਜੇ ਪਾਸੇ ਮੋਦੀ ਸਰਕਾਰ ਨੇ ਪਾਕਿਸਤਾਨ ਇਲਾਕਿਆਂ ਵਿਚ ਬੰਬ ਸੁੱਟ (ਸਰਜੀਕਲ ਸਟ੍ਰਾਈਕ) ਕੇ ਬਣਦੀ ਗੱਲ ਵਿਗਾੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਪਿੱਛੋਂ ਜਿਥੇ ਪਾਕਿਸਤਾਨ ਭਾਰਤ ਵਿਚਾਲੇ ਵਪਾਰਕ ਤੇ ਕੂਟਨੀਤਕ ਸਬੰਧ ਤਿੜਕ ਗਏ, ਉਥੇ ਪਾਕਿਸਤਾਨ ਦੀਆਂ ਵਿਰੋਧੀ ਧਿਰਾਂ ਨੇ ਇਮਰਾਨ ਖਾਨ ਸਰਕਾਰ ਨੂੰ ਭਾਰਤ ਨਾਲ ਨਰਮੀ ਦੇ ਮੁੱਦੇ ਉਤੇ ਘੇਰ ਲਿਆ ਪਰ ਇਸ ਦੇ ਬਾਵਜੂਦ ਖਾਨ ਆਪਣੇ ਵਾਅਦੇ ਤੋਂ ਪਿੱਛੇ ਨਾ ਹਟਿਆ। ਜਿਸ ਦੀ ਬਦੌਲਤ ਅੱਜ ਸਿੱਖਾਂ ਦਾ ਵਿਛੜੇ ਗੁਰਧਾਮਾਂ ਨਾਲ ਮੇਲ ਹੋਇਆ ਹੈ। ਗੁਰੂ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਇਸ ਨੂੰ ਭਵਿਖੀ ਰਾਹ ਵਜੋਂ ਦੇਖਦਿਆਂ ਦਾਅਵੇ ਨਾਲ ਕਹਿ ਰਹੀ ਹੈ ਕਿ ਕਰਤਾਰਪੁਰ ਸਾਹਿਬ ਦਾ ਦਰਬਾਰ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਹੋਵੇਗਾ ਅਤੇ ਇਹ ਸਿੱਖਾਂ ਨੂੰ ਪਾਕਿਸਤਾਨ ਦੀ ਸਰਕਾਰ ਵੱਲੋਂ ਤੋਹਫਾ ਹੈ।