ਲਾਂਘੇ ਨਾਲ ਭਾਰਤ-ਪਾਕਿ ਵਪਾਰ ਨੂੰ ਹੁਲਾਰਾ ਮਿਲੇਗਾ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਪਿੱਛੋਂ ਦੋਵਾਂ ਮੁਲਕਾਂ ਦੇ ਵਪਾਰੀਆਂ ਨੂੰ ਵੱਡੀਆਂ ਉਮੀਦਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਲਾਂਘਾ ਦੋਵਾਂ ਮੁਲਕਾਂ ਵਿਚ ਪਿਛਲੇ 70 ਸਾਲਾਂ ਤੋਂ ਚੱਲ ਰਹੇ ਮਾੜੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਸਹਾਈ ਹੋਵੇਗਾ। ਆਰਥਿਕ ਪੱਖੋਂ ਲਾਂਘੇ ਦਾ ਸਭ ਤੋਂ ਵੱਧ ਫਾਇਦਾ ਪਾਕਿਸਤਾਨ ਨੂੰ ਹੋਵੇਗਾ।

ਸਮਝੌਤੇ ਮੁਤਾਬਕ ਰੋਜ਼ਾਨਾ ਭਾਰਤ ਤੋਂ ਪੰਜ ਹਜ਼ਾਰ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਗੇ ਤੇ 20 ਡਾਲਰ ਦੇ ਹਿਸਾਬ ਨਾਲ ਪਾਕਿਸਤਾਨ ਨੂੰ ਰੋਜ਼ਾਨਾ ਇਕ ਲੱਖ ਡਾਲਰ ਦੀ ਆਮਦਨ ਹੋਵੇਗੀ, ਜੋ ਭਾਰਤੀ ਕਰੰਸੀ ਵਿਚ ਕਰੀਬ 70 ਲੱਖ ਰੁਪਏ ਤੇ ਪਾਕਿਸਤਾਨੀ ਕਰੰਸੀ ਵਿਚ ਕਰੀਬ ਡੇਢ ਕਰੋੜ ਰੁਪਏ ਬਣੇਗੀ। ਇਸ ਤਰ੍ਹਾਂ ਹਰ ਮਹੀਨੇ ਪਾਕਿਸਤਾਨ ਨੂੰ ਭਾਰਤੀ ਕਰੰਸੀ ਵਿਚ 21 ਕਰੋੜ ਰੁਪਏ ਤੇ ਪਾਕਿਸਤਾਨੀ ਕਰੰਸੀ ਵਿਚ ਕਰੀਬ 47 ਕਰੋੜ ਰੁਪਏ ਦੀ ਆਮਦਨ ਹੋਵੇਗੀ। ਭਾਰਤ ਅਤੇ ਹੋਰ ਮੁਲਕਾਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਚੜ੍ਹਾਵਾ ਇਸ ਤੋਂ ਵੱਖਰਾ ਹੋਵੇਗਾ। ਭਾਰਤ-ਪਾਕਿਸਤਾਨ ਦੇ ਮਾਲੀ ਰਿਸ਼ਤੇ ਬੀਤੇ ਦੋ ਸਾਲਾਂ ਤੋਂ ਕਾਫੀ ਖਰਾਬ ਹਨ, ਜਦੋਂਕਿ ਦੋਵਾਂ ਮੁਲਕਾਂ ਦੇ ਵਪਾਰੀ ਚੰਗੇ ਸਬੰਧਾਂ ਦੇ ਚਾਹਵਾਨ ਹਨ। ਅੰਮ੍ਰਿਤਸਰ ਤੇ ਲਾਹੌਰ ਦੇ ਵਪਾਰੀਆਂ ਨੂੰ ਇਸ ਲਾਂਘੇ ਤੋਂ ਕਾਫੀ ਉਮੀਦਾਂ ਹਨ, ਹਾਲਾਂਕਿ ਦਿੱਲੀ ਤੱਕ ਦੇ ਵਪਾਰੀ ਇਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਪੰਜਾਬ ਰਾਹੀਂ ਪਾਕਿਸਤਾਨ ਨਾਲ ਵਪਾਰ ਵਧਣ ਦਾ ਪੂਰੇ ਉਤਰ ਭਾਰਤ ਨੂੰ ਸਿੱਧਾ ਫਾਇਦਾ ਹੋਵੇਗਾ।
ਇਸੇ ਤਰ੍ਹਾਂ ਲਹਿੰਦੇ ਪੰਜਾਬ ‘ਚ ਖਾਸਕਰ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਵੀ ਪੰਜਾਬ ਸਰਹੱਦ ਰਾਹੀਂ ਭਾਰਤ ਨਾਲ ਵਪਾਰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਚੜ੍ਹਦੇ ਪੰਜਾਬ ਦੇ ਆਗੂ ਵੀ ਲਗਾਤਾਰ ਪੰਜਾਬ ਰਾਹੀਂ ਪਾਕਿਸਤਾਨ ਨਾਲ ਆਰਥਿਕ ਰਿਸ਼ਤੇ ਸੁਧਾਰਨ ਉਤੇ ਜ਼ੋਰ ਦੇ ਰਹੇ ਹਨ।
ਹਾਲੇ ਸਿਰਫ ਅਟਾਰੀ ਸਰਹੱਦ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਲੈਣ-ਦੇਣ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014 ਵਿਚ ਕੇਂਦਰ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਹੁਸੈਨੀਵਾਲਾ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਸਥਿਤ ਸੁਲੇਮਾਨਕੀ ਸਰਹੱਦ ਰਾਹੀਂ ਵੀ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਦੀ ਸਮਰੱਥਾ 30 ਅਰਬ ਡਾਲਰ ਦੇ ਕਰੀਬ ਹੈ, ਜਦੋਂਕਿ ਹਾਲੇ ਦੁਵੱਲਾ ਵਪਾਰ ਸਿਰਫ 2.50 ਅਰਬ ਡਾਲਰ ਹੈ।
ਜੇ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਦਾ ਜ਼ਰੀਆ ਬਣਦਾ ਹੈ, ਤਾਂ ਇਸ ਦਾ ਪਾਕਿਸਤਾਨ ਦੇ ਕਈ ਸਨਅਤੀ ਖੇਤਰਾਂ ਨੂੰ ਸਿੱਧਾ ਲਾਭ ਹੋਵੇਗਾ। ਪਾਕਿਸਤਾਨ ਦੀ ਆਟੋਮੋਬਾਈਲ ਸਨਅਤ ਭਾਰਤ ਦੇ ਗੁੜਗਾਉਂ ਤੇ ਮਾਨੇਸਰ ਤੋਂ ਲੋੜੀਂਦਾ ਸਾਮਾਨ ਦਰਾਮਦ ਕਰ ਸਕਦੀ ਹੈ। ਪਾਕਿਸਤਾਨ ਦੀ ਦਵਾ ਸਨਅਤ ਨੂੰ ਵੀ ਭਾਰੀ ਫਾਇਦਾ ਹੋਵੇਗਾ, ਕਿਉਂਕਿ ਪਾਕਿਸਤਾਨ ਵਿਚ ਹਾਲੇ ਵੀ ਕਈ ਜ਼ਰੂਰੀ ਦਵਾਈਆਂ ਕਾਫੀ ਮਹਿੰਗੀਆਂ ਹਨ। ਦੋਵਾਂ ਮੁਲਕਾਂ ‘ਚ ਖੇਤੀ ਸਹਿਯੋਗ ਵੀ ਵਧੇਗਾ। ਚੜ੍ਹਦੇ ਪੰਜਾਬ ਵਿਚ ਆਲੂ ਤੇ ਨਰਮਾ ਕਾਸ਼ਤਕਾਰਾਂ ਨੂੰ ਫਾਇਦਾ ਹੋਵੇਗਾ। ਲਹਿੰਦੇ ਪੰਜਾਬ ਦੀ ਕੱਪੜਾ ਸਨਅਤ ਚੜ੍ਹਦੇ ਪੰਜਾਬ ਦੀ ਕਪਾਹ ਦੀ ਵੱਡੀ ਖਰੀਦਦਾਰ ਹੈ ਅਤੇ ਭਾਰਤ ਤੋਂ ਪਾਕਿਸਤਾਨ ਨੂੰ ਹੋਣ ਵਾਲੀ ਬਰਾਮਦ ਵਿਚ ਕਪਾਹ ਦਾ ਵੱਡਾ ਹਿੱਸਾ ਹੈ।