ਧੁਆਂਖੀ ਧੁੰਦ ਨੇ ਪੰਜਾਬ ਨੂੰ ਵੀ ਲਪੇਟ ਵਿਚ ਲਿਆ

ਚੰਡੀਗੜ੍ਹ: ਝੋਨੇ ਦੀ ਕਟਾਈ ਤੋਂ ਬਾਅਦ ਹੁਣ ਤੱਕ ਦਿਨ ਪ੍ਰਤੀਦਿਨ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪੰਜਾਬ ਭੱਠੀ ਵਿਚ ਤਪਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਦਾ ਪੱਧਰ ਕਾਫੀ ਡਿੱਗ ਗਿਆ ਹੈ।

ਸੂਬੇ ਵਿਚ ਕਈ ਥਾਂਵਾਂ ‘ਤੇ ਇਹ ਸੂਚਕ ਅੰਕ 200 ਤੋਂ ਵਧ ਕੇ 300 ਦੇ ਨੇੜੇ-ਤੇੜੇ ਪੁੱਜਣ ਲੱਗਾ ਹੈ। ਪੰਜਾਬ ਰੀਮੋਟ ਸੈਂਸਿੰਗ ਕੇਂਦਰ, ਜਿਸ ਤੋਂ ਖੇਤਾਂ ਨੂੰ ਅੱਗਾਂ ਲਾਉਣ ਸਬੰਧੀ ਵਿਸਥਾਰਤ ਰਿਪੋਰਟ ਮਿਲ ਜਾਂਦੀ ਹੈ, ਅਨੁਸਾਰ ਹੁਣ ਤੱਕ ਅੱਗ ਲਾਉਣ ਦੀਆਂ ਘਟਨਾਵਾਂ 20 ਹਜ਼ਾਰ ਦੇ ਨੇੜੇ-ਤੇੜੇ ਪੁੱਜ ਚੁੱਕੀਆਂ ਹਨ। ਬਹੁਤੇ ਹਸਪਤਾਲਾਂ ਦੀਆਂ ਸੂਚਨਾਵਾਂ ਅਨੁਸਾਰ ਸਾਹ ਅਤੇ ਫੇਫੜੇ ਦੀਆਂ ਬਿਮਾਰੀਆਂ ਦੇ ਮਰੀਜ਼ ਵਧਦੇ ਜਾ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਮਰੀਜ਼ ਪੇਂਡੂ ਖੇਤਰਾਂ ਤੋਂ ਆਉਣੇ ਸ਼ੁਰੂ ਹੋ ਗਏ ਹਨ। ਇਸ ਦਾ ਵੱਡਾ ਕਾਰਨ ਪਰਾਲੀ ਦੇ ਸੜਦੇ ਹੋਏ ਖੇਤਾਂ ਦੇ ਖੇਤ ਹਨ।
ਧੁਆਂਖੀ ਧੁੰਦ ਕਾਰਨ ਜ਼ਿਆਦਾਤਰ ਇਲਾਕਿਆਂ ਵਿਚ ਵਿਜ਼ੀਬਿਲਟੀ (ਦੂਰ ਤੱਕ ਦੇਖਣ ਦੀ ਸਮਰੱਥਾ) ਬਹੁਤ ਘਟ ਗਈ ਹੈ। ਬਠਿੰਡਾ ‘ਚ ਹਵਾ ਗੁਣਵੱਤਾ ਵਿਚ ਪ੍ਰਦੂਸ਼ਣ ਦਾ ਪੱਧਰ 318 ਮਾਪਿਆ ਗਿਆ ਹੈ ਜਦੋਂ ਕਿ ਲੁਧਿਆਣਾ 302, ਜਲੰਧਰ 278, ਅੰਮ੍ਰਿਤਸਰ 274 ਤੇ ਪਟਿਆਲਾ ਵਿਚ 263 ਹਵਾ ਗੁਣਵੱਤਾ ਦਾ ਪੱਧਰ ਮਾਪਿਆ ਗਿਆ।
ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿਚ ਹਵਾ ਗੁਣਵੱਤਾ ਦਾ ਪੱਧਰ 280 ਰਿਹਾ ਜੋ ਕਿ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ। ਜ਼ਿਕਰਯੋਗ ਹੈ ਕਿ ਹਵਾ ਗੁਣਵੱਤਾ ਦਾ ਪੱਧਰ 0 ਤੋਂ 50 ਤੱਕ ਚੰਗਾ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ 51 ਤੋਂ 100 ਤੱਕ ਦਰਮਿਆਨਾ ਜਦੋਂ ਕਿ 201 ਤੋਂ 300 ਤੱਕ ਮਾੜਾ ਅਤੇ 301 ਤੋਂ 400 ਤੱਕ ਬਹੁਤ ਮਾੜਾ ਸਮਝਿਆ ਜਾਂਦਾ ਹੈ। 401 ਤੋਂ 500 ਤੱਕ ਇਸ ਨੂੰ ਗੰਭੀਰ ਸਮਝਿਆ ਜਾਂਦਾ ਹੈ ਜਦੋਂ ਕਿ 500 ਤੋਂ ਉੱਪਰ ਦੇ ਪੱਧਰ ਨੂੰ ਅਤਿ ਗੰਭੀਰ ਹਵਾ ਗੁਣਵੱਤਾ ਪੱਧਰ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਪੰਜਾਬ ‘ਚ ਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਦੇ 22000 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਹਰਿਆਣਾ ਵਿਚ 4200 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹਰਿਆਣਾ ਦੇ ਹਿਸਾਰ ਵਿਚ ਹਵਾ ਗੁਣਵੱਤਾ ਵਿਚ ਪ੍ਰਦੂਸ਼ਣ ਪੱਧਰ 487 ਰਿਹਾ ਜੋ ਕਿ ਸਭ ਤੋਂ ਮਾੜਾ ਹੈ। ਅੰਕੜਿਆਂ ਅਨੁਸਾਰ ਜੀਂਦ ਵਿਚ ਹਵਾ ਗੁਣਵੱਤਾ ਵਿਚ ਪ੍ਰਦੂਸ਼ਣ ਪੱਧਰ 456, ਫ਼ਰੀਦਾਬਾਦ ਵਿਚ 486 ਅਤੇ ਕੈਥਲ ਵਿਚ 408 ਰਿਹਾ ਜੋ ਕਿ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ। ਅੰਬਾਲਾ ਵਿਚ ਹਵਾ ਗੁਣਵੱਤਾ ਵਿਚ ਪ੍ਰਦੂਸ਼ਣ ਪੱਧਰ 374, ਗੁਰੂ ਗਰਾਮ ਵਿਚ 364, ਭਿਵਾਨੀ 372, ਕਰਨਾਲ 362, ਕੁਰੂਕਸ਼ੇਤਰ 376, ਪਲਵਲ 369, ਪਾਣੀਪਤ 390, ਰੋਹਤਕ 365 ਅਤੇ ਯਮੁਨਾਨਗਰ ਵਿਚ 346 ਰਿਹਾ।
______________________________________
ਉਤਰ ਭਾਰਤ ‘ਚ ਹਵਾ ਪ੍ਰਦੂਸ਼ਣ ਕਾਰਨ ਉਮਰ 7 ਸਾਲ ਘਟੀ
ਨਵੀਂ ਦਿੱਲੀ: ਉਤਰ ਭਾਰਤ ਵਿਚ ਹਵਾ ਪ੍ਰਦੂਸ਼ਣ ਇਸ ਕਦਰ ਖਤਰਨਾਕ ਪੱਧਰ ਉਤੇ ਪੁੱਜ ਚੁੱਕਾ ਹੈ ਕਿ ਇਸ ਦੇ ਚੱਲਦਿਆਂ ਲੋਕਾਂ ਦੀ ਉਮਰ ਤਕਰੀਬਨ 7 ਸਾਲ ਘਟ ਹੋ ਰਹੀ ਹੈ। ਇਸ ਦਾ ਖੁਲਾਸਾ ਯੂਨੀਵਰਸਿਟੀ ਆਫ ਸ਼ਿਕਾਗੋ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਉੱਤਰ ਭਾਰਤ ਦੀ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਐਲ਼ਆਈ) ਬਾਰੇ ਕੀਤੇ ਗਏ ਵਿਸ਼ਲੇਸ਼ਣ ਤੋਂ ਹੋਇਆ ਹੈ।
ਉਤਰ ਭਾਰਤ ਵਿਚ ਹਵਾ ਪ੍ਰਦੂਸ਼ਣ ਤਿੰਨ ਗੁਣਾ ਵਧੇਰੇ ਖਤਰਨਾਕ ਪੱਧਰ ਤੱਕ ਪੁੱਜ ਚੁੱਕਾ ਹੈ ਅਤੇ ਸਾਲ 1998 ਤੋਂ ਲੈ ਕੇ 2016 ਦਰਮਿਆਨ ਉੱਤਰ ਭਾਰਤ ਵਿਚ ਕਣ ਤੱਤ (ਪ੍ਰਟੀਕੁਲੇਟ ਮੈਟਰ) ਦਾ ਪ੍ਰਦੂਸ਼ਣ 69 ਫੀਸਦੀ ਵਧਿਆ ਹੈ, ਜਿਸ ਦੇ ਚੱਲਦਿਆਂ 1998 ਵਿਚ ਕਣ ਤੱਤ ਦੇ ਪ੍ਰਦੂਸ਼ਣ ਨਾਲ ਲੋਕਾਂ ਦੀ ਉਮਰ 2.2 ਸਾਲ ਘਟਣੀ ਸ਼ੁਰੂ ਹੋ ਗਈ ਸੀ ਜੋ 2016 ਤੋਂ 4.3 ਸਾਲ ਘਟ ਹੋ ਰਹੀ ਹੈ। 1998 ਵਿਚ ਦਿੱਲੀ, ਹਰਿਆਣਾ, ਉਤਰ ਪ੍ਰਦੇਸ਼, ਬਿਹਾਰ ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਮਾਪਦੰਡਾਂ ਦੇ ਮੁਕਾਬਲੇ ਕਣ ਤੱਤ ਪ੍ਰਦੂਸ਼ਣ 3-6 ਫੀਸਦੀ ਵੱਧ ਸੀ ਅਤੇ ਲੋਕਾਂ ਦੀ ਉਮਰ 2 ਤੋਂ 5 ਸਾਲ ਘਟ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਦੇ ਮੁਕਾਬਲੇ 2016 ਵਿਚ ਉਤਰ ਪ੍ਰਦੇਸ਼ ਵਿਚ ਸਥਿਤੀ ਬੇਹੱਦ ਗੰਭੀਰ ਹੈ ਜਿਥੇ ਕਣ ਤੱਤ ਪ੍ਰਦੂਸ਼ਣ 10 ਗੁਣਾ ਹੋਣ ਕਾਰਨ ਇਥੋਂ ਦੇ ਲੋਕਾਂ ਦੀ ਉਮਰ 8.6 ਸਾਲ ਘਟ ਚੁੱਕੀ ਹੈ।
ਦਿੱਲੀ ਵਿਚ 2016 ਵਿਚ ਕਣ ਤੱਤ ਇਕਾਗਰਤਾ ਔਸਤ 113 ਤੱਕ ਪੁੱਜ ਚੁੱਕਾ ਹੈ ਜੋ 1998 ਵਿਚ 70 ਕਿਲੋਗ੍ਰਾਮ ਪ੍ਰਤੀ ਕਿਊਬਕ ਮੀਟਰ ਸੀ ਅਤੇ ਇਸ ਨਾਲ ਦਿੱਲੀ ਵਿਚ ਲੋਕਾਂ ਦੀ ਉਮਰ 10 ਸਾਲ ਤੱਕ ਘਟ ਚੁੱਕੀ ਹੈ। ਇਸੇ ਤਰ੍ਹਾਂ ਭਾਰਤ ਦੇ ਗੰਗਟੀਕ ਖੇਤਰ ਵਿਚ ਕਣ ਤੱਤ ਇਕਗਾਰਤਾ ਔਸਤ ਭਾਰਤ ਦੇ ਹੋਰ ਇਲਾਕਿਆਂ ਦੀ ਤੁਲਨਾ ਵਿਚ ਦੁੱਗਣੇ ਤੋਂ ਵੀ ਵਧ ਰਿਹਾ ਹੈ, ਇਸ ਖੇਤਰ ‘ਚ 1998 ਦੇ ਮੁਕਾਬਲੇ 2016 ‘ਚ ਹਵਾ ਪ੍ਰਦੂਸ਼ਣ 72 ਫੀਸਦੀ ਤੱਕ ਵਧਿਆ ਤੇ ਇਸ ਦੇ ਚੱਲਦਿਆਂ 1998 ਵਿਚ ਸੰਭਾਵਿਤ ਉਮਰ ਜੋ 3.4 ਸਾਲ ਘਟ ਰਹੀ ਸੀ, ਉਹ ਹੁਣ 7.1 ਸਾਲ ਤੱਕ ਘੱਟ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਗੰਗਟੀਕ (ਗੰਗਾ ਦਾ ਮੈਦਾਨੀ) ਖੇਤਰ ਵਿਚ ਦੇਸ਼ ਦੇ ਕਰੀਬ 40 ਫੀਸਦੀ (48 ਕਰੋੜ ਦੇ ਕਰੀਬ) ਲੋਕ ਰਹਿੰਦੇ ਹਨ।