ਸੋਸ਼ਲ ਮੀਡੀਆ ‘ਤੇ ਕਰਤਾਰਪੁਰ ਲਾਂਘੇ ਦੇ ਨਾਇਕ ਬਣੇ ਨਵਜੋਤ ਸਿੱਧੂ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਪਿਛਲੇ ਪੰਜ ਮਹੀਨਿਆਂ ਤੋਂ ਸੂਬੇ ਦੀ ਸਿਆਸਤ ਵਿਚ ‘ਖਾਮੋਸ਼’ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਹੁਣ ਸੋਸ਼ਲ ਮੀਡੀਆ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਅਸਲੀ ‘ਨਾਇਕ’ ਬਣਾ ਦਿੱਤਾ ਹੈ। ਕਾਂਗਰਸੀ ਆਗੂ ਵੀ ਸਿੱਧੂ ਦੇ ਹੱਕ ‘ਚ ਨਿੱਤਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਨਿਊਜ਼ ਚੈਨਲਾਂ ਵੱਲੋਂ ਲਈ ਗਈ ਸਿੱਧੂ ਦੀ ਇੰਟਰਵਿਊ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪੁਰਾਣੇ ਤੇ ਨਵੇਂ ਬਿਆਨ ਚਲਾਏ ਜਾ ਰਹੇ ਹਨ।

ਦਰਅਸਲ, ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੋਲਣਾ ਨਵਜੋਤ ਸਿੰਘ ਸਿੱਧੂ ਨੂੰ ਮਹਿੰਗਾ ਪੈ ਗਿਆ ਸੀ। ਸਿੱਧੂ ਨੇ ਸੂਬੇ ਵਿਚ ਹੋਰ ਕਿਸੇ ਹਲਕੇ ਵਿਚ ਤਾਂ ਪ੍ਰਚਾਰ ਨਹੀਂ ਕੀਤਾ, ਪਰ ਉਹ ਗੁਰਦਾਸਪੁਰ ਵਿਚ ਸੁਨੀਲ ਜਾਖੜ ਤੇ ਬਠਿੰਡਾ ਵਿਚ ਰਾਜਾ ਵੜਿੰਗ ਲਈ ਪ੍ਰਚਾਰ ਕਰਨ ਗਏ ਸਨ। ਇਨ੍ਹਾਂ ਹਲਕਿਆਂ ਵਿਚ ਕਾਂਗਰਸ ਦੀ ਹੋਈ ਹਾਰ ਦਾ ਠੀਕਰਾ ਸਿੱਧੂ ਸਿਰ ਪੈ ਗਿਆ ਸੀ, ਜਿਸ ਕਾਰਨ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈ ਲਿਆ ਗਿਆ ਸੀ। ਇਸ ਮਾਮਲੇ ਤੋਂ ਬਾਅਦ ਪੰਜ ਮਹੀਨਿਆਂ ਤੋਂ ਸਿੱਧੂ ਖਾਮੋਸ਼ ਹਨ। ਉਹ ਮੀਡੀਆ ਨਾਲ ਵੀ ਗੱਲ ਨਹੀਂ ਕਰ ਰਹੇ ਤੇ ਸੂਬੇ ਦੀ ਸਿਆਸਤ ‘ਚੋਂ ਦੂਰੀ ਬਣਾਈ ਹੋਈ ਹੈ।
ਹੁਣ ਅਚਾਨਕ ਸਿੱਧੂ ਦਾ ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ਉਤੇ ਪ੍ਰਚਾਰ ਸ਼ੁਰੂ ਹੋ ਗਿਆ ਹੈ। ਲਗਾਤਾਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਲੋਕ ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਨੂੰ ‘ਹੀਰੋ’ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਲਾਂਘੇ ਦੇ ਖੁੱਲ੍ਹਣ ਦਾ ਅਸਲੀ ਸਿਹਰਾ ਸਿੱਧੂ ਨੂੰ ਹੀ ਜਾਂਦਾ ਹੈ।
ਦੱਸ ਦਈਏ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦਾ ਆਪਣੇ ਸਿਰ ਲੈਣ ਲਈ ਪਿਛਲੇ ਇਕ ਸਾਲ ਤੋਂ ਲੜਾਈ ਚੱਲ ਰਹੀ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿਚ ਇਸ ਲਾਂਘੇ ਦੇ ਖੁੱਲ੍ਹਣਾ ਰਸਤਾ ਸਾਫ ਹੋ ਗਿਆ ਸੀ, ਜਿਸ ਲਈ ਅਕਾਲੀ ਦਲ ਤੇ ਭਾਜਪਾ ਵਾਲੇ ਇਸ ਦਾ ਸਿਹਰਾ ਕੇਂਦਰ ਸਰਕਾਰ ਨੂੰ ਦੇ ਰਹੇ ਹਨ ਤੇ ਕਾਂਗਰਸੀ ਉਸ ਨੂੰ ਆਪਣੇ ਵੱਲੋਂ ਕੀਤਾ ਗਿਆ ਕਾਰਜ ਦੱਸ ਰਹੇ ਹਨ। ਕੁਝ ਕਾਂਗਰਸੀਆਂ ਨੇ ਪਿਛਲੇ ਸਾਲ ਇਸ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਸੀ।
____________________________________
ਇਮਰਾਨ-ਸਿੱਧੂ ਦੋਸਤੀ ਨੇ ਅਹਿਮ ਭੂਮਿਕਾ ਨਿਭਾਈ: ਮਾਨ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਲਾਂਘਾ ਖੁੱਲ੍ਹਣ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਗਏ ਨਵਜੋਤ ਸਿੱਧੂ, ਪਾਕਿਸਤਾਨ ਸਰਕਾਰ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਲੈ ਕੇ ਆਏ ਸਨ। ਉਦੋਂ ਅਕਾਲੀ ਦਲ ਸਮੇਤ ਕਾਂਗਰਸ ਦੇ ਇਕ ਵੱਡੇ ਹਿੱਸੇ ਨੇ ਸ੍ਰੀ ਸਿੱਧੂ ਦੀ ਫੇਰੀ ਨੂੰ ਖੂਬ ਭੰਡਿਆ ਸੀ ਪਰ ਹੁਣ ਲਾਂਘਾ ਖੋਲ੍ਹਣ ਸਮੇਂ ਸਿੱਧੂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸ੍ਰੀ ਮਾਨ ਨੇ ਅਕਾਲੀਆਂ ‘ਤੇ ਵਿਅੰਗ ਕਰਦਿਆਂ ਆਖਿਆ ਕਿ ਲਾਂਘਾ ਖੁੱਲ੍ਹਣ ਉਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਿੱਠ ਥਾਪੜ ਰਿਹਾ ਹੈ, ਪਰ ਉਹ ਕੇਂਦਰ ਸਰਕਾਰ ਤੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਇਕ ਪੈਸੇ ਦਾ ਬਜਟ ਵੀ ਨਹੀਂ ਰਖਵਾ ਸਕੇ।
__________________________________________
ਲਾਂਘਾ ਖੁਲ੍ਹਵਾਉਣ ਲਈ ਸਿੱਧੂ ਦਾ ਵੱਡਾ ਯੋਗਦਾਨ: ਢੀਂਡਸਾ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਿਆਸੀ ਲਾਹਾ ਲੈਣ ਲਈ ਹਰ ਪਾਰਟੀ ਤੇ ਹਰ ਆਗੂ ਵੱਲੋਂ ਯਤਨ ਕੀਤੇ ਜਾ ਰਹੇ ਹਨ, ਪਰ ਅਸਲ ਵਿਚ ਇਹ ਭਾਰਤ ਤੇ ਪਾਕਿਸਤਾਨ ਸਰਕਾਰ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ। ਢੀਂਡਸਾ ਨੇ ਕਿਹਾ ਕਿ ਜਿਸ ਸਮੇਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਤੋਂ ਬਾਅਦ ਪੰਜਾਬ ਪਰਤੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਗੱਲ ਕਰਕੇ ਆਏ ਹਨ। ਪਰ ਇਸ ਦੀ ਸਿਆਸਤਦਾਨਾਂ ਨੇ ਵਿਰੋਧਤਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਜੋਤ ਸਿੰਘ ਸਿੱਧੂ ਰਾਹੀਂ ਸਿੱਖ ਸੰਗਤਾਂ ਦੀ ਵਿੱਛੜੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਤੇ ਦਰਸ਼ਨ ਦੀਦਾਰ ਦੀ ਅਰਦਾਸ ਨੂੰ ਪੂਰਾ ਕਰਵਾਇਆ ਹੈ।