ਪ੍ਰਕਾਸ਼ ਪੁਰਬ: ਸਿਆਸੀ ਧਿਰਾਂ ਤੇ ਸ਼੍ਰੋਮਣੀ ਕਮੇਟੀ ਨੇ ਸਾਂਝੀਵਾਲਤਾ ਦੇ ਸੁਨੇਹੇ ਤੋਂ ਮੂੰਹ ਫੇਰਿਆ

ਚੰਡੀਗੜ੍ਹ: ਸਿਆਸੀ ਧਿਰਾਂ ਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇਵ ਦੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਮੂੰਹ ਫੇਰ ਲਿਆ ਹੈ। ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁਕਾਬਲੇਬਾਜ਼ੀ ਵਧ ਗਈ ਹੈ। ਦੋਵੇਂ ਧਿਰਾਂ ਇਕ-ਦੂਜੇ ਨੂੰ ਥੱਲੇ ਲਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ। ਅਕਾਲ ਤਖਤ ਵੱਲੋਂ ਸਾਂਝੇ ਸਮਾਗਮ ਦੇ ਹੁਕਮਾਂ ਦੇ ਬਾਵਜੂਦ ਕੋਈ ਵੀ ਧਿਰ ਝੁਕਣ ਲਈ ਤਿਆਰ ਨਹੀਂ ਹੋਈ।

ਪੰਜਾਬ ਸਰਕਾਰ ਨੇ ਗੁਰਦੁਆਰਾ ਬੇਰ ਸਾਹਿਬ ਤੇ ਆਲੇ-ਦੁਆਲੇ ਦੀਆਂ ਸੜਕਾਂ ਉਤੇ ਮੁੱਖ ਪੰਡਾਲ ਲਈ ਨੀਲੇ ਰੰਗ ਦੇ ਦਿਸ਼ਾ ਸੂਚਕ ਬੋਰਡ ਲਾਏ ਸਨ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਬੋਰਡਾਂ ਅੱਗੇ ਗੇਟ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਉਹ ਦਿਸ਼ਾ ਸੂਚਕ ਬੋਰਡ ਹੁਣ ਦਿਖ ਨਹੀਂ ਰਹੇ। ਦੋਵਾਂ ਧਿਰਾਂ ਵੱਲੋਂ ਸਮਾਨੰਤਰ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਕਾਰਨ ਲੋਕਾਂ ਵਿਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ ਕਿ ਉਹ ਕਿੱਧਰ ਜਾਣ। ਦਿਲਚਸਪ ਗੱਲ ਇਹ ਵੀ ਹੈ ਕਿ ਦੋਵਾਂ ਧਿਰਾਂ ਦੇ ‘ਮੁੱਖ ਪੰਡਾਲ’ ਗੁਰਦੁਆਰਾ ਬੇਰ ਸਾਹਿਬ ਨੇੜੇ ਹਨ। ਪੰਜਾਬ ਸਰਕਾਰ ਦਾ ਪੰਡਾਲ ਵੇਈਂ ਪਾਰ ਕਰਕੇ ਹੈ, ਜਦਕਿ ਸ਼੍ਰੋਮਣੀ ਕਮੇਟੀ ਦਾ ਪੰਡਾਲ ਵੇਈਂ ਦੇ ਦੂਜੇ ਪਾਸੇ ਗੁਰੂ ਨਾਨਕ ਸਟੇਡੀਅਮ ਵਿਚ ਹੈ। ਦੋਵੇਂ ਧਿਰਾਂ ਨੇ ਵੱਖਰੇ ਸਮਾਗਮ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ, ਫਿਰ ਵੀ ਇਨ੍ਹਾਂ ਦੇ ਆਗੂ ਸਾਂਝੇ ਪ੍ਰੋਗਰਾਮ ਮਨਾਉਣ ਲਈ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਬਾਦਲਾਂ ਦੇ ਪੱਖ ‘ਚ ਹੋ ਕੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਦਾ ਮਜ਼ਾਕ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਤੌਰ ਉਤੇ ਅਜਿਹੇ ਸਾਰੇ ਵੱਡੇ ਸਮਾਗਮ ਹਮੇਸ਼ਾ ਸੂਬਾ ਸਰਕਾਰ ਵੱਲੋਂ ਕਰਵਾਏ ਜਾਂਦੇ ਹਨ ਪਰ ਸ਼੍ਰੋਮਣੀ ਕਮੇਟੀ ਇਸ ਵਾਰ ਅਕਾਲੀਆਂ ਦੇ ਇਸ਼ਾਰੇ ਉਤੇ ਸਰਕਾਰ ਦੇ ਪ੍ਰੋਗਰਾਮਾਂ ਨੂੰ ਸਹਿਯੋਗ ਦੇਣ ਤੋਂ ਮੁਨਕਰ ਹੋ ਗਈ ਹੈ। ਕੈਪਟਨ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਪਿਛਲੇ ਕਾਰਜਕਾਲ ਦੌਰਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅਤੇ ਅਜਿਹੇ ਹੋਰ ਇਤਿਹਾਸਕ ਧਾਰਮਿਕ ਸਮਾਗਮਾਂ ਨੂੰ ਸੂਬਾ ਸਰਕਾਰ ਵੱਲੋਂ ਮਨਾਇਆ ਗਿਆ ਸੀ। ਕੈਪਟਨ ਨੇ ਕਿਹਾ ਕਿ ਸਮਾਗਮ ਸਾਂਝੇ ਤੌਰ ‘ਤੇ ਮਨਾਉਣ ਲਈ ਸਰਕਾਰ ਨੇ ਸ਼੍ਰੋਮਣੀ ਕਮੇਟੀ ਕੋਲ ਹਰ ਤਰ੍ਹਾਂ ਨਾਲ ਪਹੁੰਚ ਕੀਤੀ ਪਰ ਕਮੇਟੀ ਦੇ ਸਿੱਧੇ ਤੌਰ ‘ਤੇ ਅਕਾਲੀਆਂ ਦੇ ਏਜੰਡੇ ਨੂੰ ਸਿਰੇ ਲਾਉਣ ਦੀ ਮਨਸ਼ਾ ਕਾਰਨ ਸਰਕਾਰ ਦੇ ਯਤਨਾਂ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ।
___________________________
ਬਾਦਲ ਵਿਰੋਧੀ ਧੜਿਆਂ ਵੱਲੋਂ ਵੱਖਰੇ ਸਮਾਰੋਹ ਦਾ ਫੈਸਲਾ
ਚੰਡੀਗੜ੍ਹ: ਪੰਜਾਬ ਦੀਆਂ ਕੁਝ ਸਿਆਸੀ ਧਿਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਮਾਰੋਹਾਂ ਤੋਂ ਦੂਰੀ ਬਣਾ ਕੇ ਡੇਰਾ ਬਾਬਾ ਨਾਨਕ ‘ਚ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਮਾਗਮਾਂ ਦੀ ਅਗਵਾਈ ਬਾਬਾ ਨਾਨਕ ਦੇ ਖਾਨਦਾਨ ਨਾਲ ਸਬੰਧਤ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲਾ ਸੰਤ ਸਮਾਜ ਕਰ ਰਿਹਾ ਹੈ। ਡੇਰਾ ਬਾਬਾ ਨਾਨਕ ‘ਚ 12 ਨਵੰਬਰ ਨੂੰ ਹੋਣ ਵਾਲੇ ਵੱਖਰੇ ਸਮਾਗਮ ਦੌਰਾਨ ਇਨ੍ਹਾਂ ਸਿਆਸੀ ਧਿਰਾਂ ਵਿੱਚ ਪ੍ਰਮੁੱਖ ਤੌਰ ਉਤੇ ਬਾਦਲ ਪਰਿਵਾਰ ਵਿਰੋਧੀ ਅਕਾਲੀ ਧੜਿਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਸ਼ਮੂਲੀਅਤ ਕਰਨ ਸਬੰਧੀ ਚੰਡੀਗੜ੍ਹ ‘ਚ ਹੋਈ ਮੀਟਿੰਗ ਦੌਰਾਨ ਵਿਚਾਰ ਚਰਚਾ ਹੋਈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸ਼੍ਰੋਮਣੀ ਅਕਾਲੀ ਦਲ (1920) ਅਤੇ ਆਮ ਆਦਮੀ ਪਾਰਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਚੱਲੇ ਆ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਹੋਰਨਾਂ ਵੱਲੋਂ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੇ ਜਾਣ ਦੀ ਚਰਚਾ ਹੈ। ਮੀਟਿੰਗ ਦੌਰਾਨ ਗਰਮ ਖਿਆਲੀ ਸਿੱਖ ਧੜਿਆਂ ਤੋਂ ਦੂਰੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
___________________________
ਕਰਤਾਰਪੁਰ ਲਾਂਘੇ ਦਾ ਸਿਹਰਾ ਲੈਣ ਦੀ ਦੌੜ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋ ਦੇਸ਼ਾਂ ਵਿਚਕਾਰ ਖੁੱਲ੍ਹ ਰਹੇ ਲਾਂਘੇ ਦਾ ਸਿਹਰਾ ਲੈਣ ਲਈ ਕੇਂਦਰ ਸਰਕਾਰ, ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਦੌੜ ਲੱਗੀ ਹੋਈ ਹੈ। ਇਨ੍ਹਾਂ ਧਿਰਾਂ ਵੱਲੋਂ ਇਸ ਮਹਾਨ ਕਾਰਜ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਮਿੱਤਰ ਨਵਜੋਤ ਸਿੰਘ ਸਿੱਧੂ ਅਤੇ ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਰਾਹੀਂ ਇਸ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਸਰਹੱਦ ਉਤੇ 2001 ਤੋਂ ਅਰਦਾਸਾਂ ਕਰਦੇ ਰਹੇ ਮਰਹੂਮ ਅਕਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਵਿਸਾਰਿਆ ਜਾ ਰਿਹਾ ਹੈ। ਜਥੇਦਾਰ ਵਡਾਲਾ ਦੇ ਇਸ ਲਾਂਘੇ ਲਈ ਯੋਗਦਾਨ ਨੂੰ ਦੇਖਦਿਆਂ ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦ ਤੱਕ ਆਉਂਦੀ ਸੜਕ ਦਾ ਨਾਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਮ ਉਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ ਪਰ ਕਰਤਾਰਪੁਰ ਲਾਂਘੇ ਦੇ ਸ਼ੁਰੂਆਤੀ ਸਮਾਗਮਾਂ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਵੱਲੋਂ ਇਸ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਦਾ ਖਾਸ ਜ਼ਿਕਰ ਕੀਤਾ ਗਿਆ ਸੀ।