ਜੰਮੂ ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਤਬਦੀਲ; ਸਿੱਧਾ ਕੇਂਦਰੀ ਕੰਟਰੋਲ

ਸ੍ਰੀਨਗਰ: ਜੰਮੂ ਕਸ਼ਮੀਰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਵਿਚ ਤਬਦੀਲ ਹੋ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੂਬੇ ਵਿਚੋਂ ਰਾਸ਼ਟਰਪਤੀ ਰਾਜ ਹਟਾਉਂਦਿਆਂ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਦੋ ਨਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਬਦਲਦਿਆਂ ਇਸ ਦੇ ਪ੍ਰਸ਼ਾਸਨ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ। ਉਂਜ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਉਪ ਰਾਜਪਾਲ ਰਾਹੀਂ ਕੇਂਦਰ ਦਾ ਸ਼ਾਸਨ ਅਣਮਿਥੇ ਸਮੇਂ ਤੱਕ ਲਾਗੂ ਰਹੇਗਾ।

ਰਾਸ਼ਟਰਪਤੀ ਨੇ ਦੋ ਵੱਖ ਵੱਖ ਨੋਟੀਫਿਕੇਸ਼ਨ ਜਾਰੀ ਕੀਤੇ। ਪਹਿਲਾ ਨੋਟੀਫਿਕੇਸ਼ਨ ਜੰਮੂ ਕਸ਼ਮੀਰ ਵਿਚੋਂ ਰਾਸ਼ਟਰਪਤੀ ਰਾਜ ਹਟਾਉਣ ਅਤੇ ਦੂਜਾ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਦਾ ਕੰਟਰੋਲ ਲੈਣ ਸਬੰਧੀ ਸੀ। ਹੁਣ ਇਥੋਂ ਦੇ ਪ੍ਰਸ਼ਾਸਨ ਦਾ ਕੰਟਰੋਲ ਉਪ ਰਾਜਪਾਲ ਰਾਹੀਂ ਰਾਸ਼ਟਰਪਤੀ ਦੇ ਹੱਥਾਂ ਵਿਚ ਰਹੇਗਾ। ਇਸ ਦੌਰਾਨ ਕੇਂਦਰ ਦੇ ਫੈਸਲੇ ਦੇ ਵਿਰੋਧ ਵਿਚ ਕਸ਼ਮੀਰ ਵਾਦੀ ਵਿਚ ਮੁਕੰਮਲ ਤੌਰ ਉਤੇ ਬੰਦ ਰਿਹਾ। ਅਧਿਕਾਰੀਆਂ ਮੁਤਾਬਕ ਕੋਈ ਵੀ ਸਰਕਾਰੀ ਵਾਹਨ ਨਹੀਂ ਚਲਿਆ ਅਤੇ ਸਾਰੀਆਂ ਦੁਕਾਨਾਂ ਬੰਦ ਰਹੀਆਂ। ਸ਼ਹਿਰ ਦੇ ਕੁਝ ਇਲਾਕਿਆਂ ਵਿਚ ਇੱਕਾ-ਦੁੱਕਾ ਵਾਹਨ ਜ਼ਰੂਰ ਚੱਲਦੇ ਦੇਖੇ ਗਏ।
ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਦਰਜਾ ਘਟਾ ਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਕੀਤਾ ਗਿਆ ਹੈ। ਮੁਲਕ ਵਿਚ ਹੁਣ ਯੂ.ਟੀਜ਼ ਦੀ ਗਿਣਤੀ ਵਧ ਕੇ 9 ਜਦਕਿ ਸੂਬਿਆਂ ਦੀ ਗਿਣਤੀ ਘਟ ਕੇ 28 ਰਹਿ ਗਈ ਹੈ। ਕੇਂਦਰ ਨੇ 5 ਅਗਸਤ ਨੂੰ ਸੂਬੇ ਦੇ ਵਿਸ਼ੇਸ਼ ਦਰਜੇ ਵਾਲੀ ਧਾਰਾ 370 ਖ਼ਤਮ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦਾ ਫ਼ੈਸਲਾ ਲਿਆ ਸੀ। ਇਸ ਦੇ ਨਾਲ ਹੀ ਗਿਰੀਸ਼ ਚੰਦਰ ਮੁਰਮੂ ਨੇ ਜੰਮੂ ਕਸ਼ਮੀਰ ਅਤੇ ਰਾਧਾ ਕ੍ਰਿਸ਼ਨ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ (ਲੈਫ਼ਟੀਨੈਂਟ ਗਵਰਨਰ) ਵਜੋਂ ਹਲਫ਼ ਲੈ ਕੇ ਆਪਣਾ ਨਾਮ ਇਤਿਹਾਸ ਵਿਚ ਦਰਜ ਕਰਵਾ ਲਿਆ ਹੈ। ਜੰਮੂ ਕਸ਼ਮੀਰ ਹਾਈ ਕੋਰਟ ਦੀ ਚੀਫ਼ ਜਸਟਿਸ ਗੀਤਾ ਮਿੱਤਲ ਨੇ ਸ੍ਰੀ ਮਾਥੁਰ ਨੂੰ ਲੇਹ ਅਤੇ ਫਿਰ ਸ੍ਰੀ ਮੁਰਮੂ ਨੂੰ ਸ੍ਰੀਨਗਰ ਵਿਚ ਸਹੁੰ ਚੁਕਾਈ।
_________________________________
ਪਾਕਿਸਤਾਨ ਵੱਲੋਂ ਭਾਰਤੀ ਫੈਸਲਾ ਗੈਰਕਾਨੂੰਨੀ ਕਰਾਰ
ਇਸਲਾਮਾਬਾਦ: ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡੇ ਜਾਣ ਦੇ ਫੈਸਲੇ ਨੂੰ ‘ਗੈਰਕਾਨੂੰਨੀ’ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਇਸ ਦਾ ਮਕਸਦ ਸਿਰਫ ਭੂਗੋਲਿਕ ਢਾਂਚੇ ਵਿਚ ਇਕਪਾਸੜ ਬਦਲਾਅ ਕਰਨਾ ਹੈ ਤਾਂ ਜੋ ਮੁਸਲਿਮ ਬਹੁ ਗਿਣਤੀ ਉਤੇ ਹਿੰਦੂਤਵ ਵਿਚਾਰਧਾਰਾ ਨੂੰ ਲਾਗੂ ਕੀਤਾ ਜਾ ਸਕੇ। ਵਿਦੇਸ਼ ਦਫਤਰ ਨੇ ਕਿਹਾ ਕਿ ਕਸ਼ਮੀਰ ਦੀ ਸਥਿਤੀ ਵਿਚ ਬਦਲਾਅ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਦੇ ਮਤਿਆਂ ਅਤੇ ਦੁਵੱਲੇ ਸਮਝੌਤਿਆਂ ਖਾਸ ਕਰਕੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਕੌਮਾਂਤਰੀ ਤੌਰ ਉਤੇ ਮਾਨਤਾ ਪ੍ਰਾਪਤ ਵਿਵਾਦਤ ਇਲਾਕਾ ਹੈ ਅਤੇ ਭਾਰਤ ਸਰਕਾਰ ਦਾ ਕੋਈ ਵੀ ਕਦਮ ਇਸ ਵਿਚ ਬਦਲਾਅ ਨਹੀਂ ਕਰ ਸਕਦਾ ਹੈ।
________________________________
ਜੰਮੂ ਕਸ਼ਮੀਰ ਤੇ ਲੱਦਾਖ ਨੂੰ ਯੂ.ਟੀ. ਬਣਾਉਣਾ ਗਲਤ: ਚੀਨ
ਪੇਈਚਿੰਗ: ਚੀਨ ਨੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂ.ਟੀ.) ਵਿਚ ਵੰਡੇ ਜਾਣ ਉਤੇ ਇਤਰਾਜ਼ ਪ੍ਰਗਟਾਉਂਦਿਆਂ ਭਾਰਤ ਦੇ ਇਸ ਫੈਸਲੇ ਨੂੰ ‘ਗੈਰਕਾਨੂੰਨੀ ਤੇ ਅਸਵੀਕਾਰਨਯੋਗ’ ਕਰਾਰ ਦਿੱਤਾ ਹੈ। ਚੀਨ ਨੇ ਕਿਹਾ ਕਿ ਆਪਣੇ ਪ੍ਰਸ਼ਾਸਨਿਕ ਅਧਿਕਾਰ ਖੇਤਰ ਵਿਚ ਚੀਨ ਦੇ ਕੁਝ ਇਲਾਕੇ ਨੂੰ ‘ਸ਼ਾਮਲ’ ਕਰਨ ਸਬੰਧੀ ਭਾਰਤ ਦੇ ਫੈਸਲੇ ਨੇ ਪੇਈਚਿੰਗ ਦੀ ਖੁਦਮੁਖਤਿਆਰੀ ਨੂੰ ਚੁਣੌਤੀ ਦਿੱਤੀ ਹੈ। ਚੀਨ ਨੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਹਟਾਏ ਜਾਣ ਅਤੇ ਲੱਦਾਖ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਦੇ ਐਲਾਨ ਉਤੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਇਸ ਵਿਚ ਕੁਝ ਚੀਨੀ ਇਲਾਕਾ ਵੀ ਸ਼ਾਮਲ ਹੈ।