ਮਹਾਨਤਾ ਤੇ ਮਸ਼ਹੂਰੀ ਵਿਚਲਾ ਅੰਤਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ!

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਵਕਤ ਅਤੇ ਵਖਤ ਦੀ ਗੱਲ ਕੀਤੀ ਸੀ, “ਵਕਤ ਕਦੇ ਵੀ ਸਮੁੱਚੇ ਰੂਪ ਵਿਚ ਕਿਸੇ ਦੇ ਹੱਕ ਵਿਚ ਨਹੀਂ ਹੁੰਦਾ। ਇਸ ਨੂੰ ਆਪਣੇ ਹੱਕ ਵਿਚ ਕਰਨਾ ਹੁੰਦਾ।…ਵਕਤ ਦੀ ਵਹਿੰਗੀ ਢੋਂਦਿਆਂ ਮਨੁੱਖ ਸਰਵਣ ਪੁੱਤਰ ਵੀ ਬਣਦਾ, ਹਰਨਾਖਸ਼ ਬਾਪ ਵਰਗਾ ਨਿਰਦਈ ਵੀ ਹੁੰਦਾ। ਨਾਨਕ ਦਰਵੇਸ਼ ਵੀ ਅਤੇ ਉਚ ਦਾ ਪੀਰ।” ਹਥਲੇ ਲੇਖ ਵਿਚ ਡਾ. ਭੰਡਾਲ ਮਸ਼ਹੂਰ ਹੋਣ ਤੇ ਮਹਾਨ ਹੋਣ ਵਿਚ ਫਰਕ ਦੱਸਦਿਆਂ ਕਹਿੰਦੇ ਹਨ, “ਮਸ਼ਹੂਰ ਹੋਣਾ ਬਹੁਤ ਅਸਾਨ, ਜਦੋਂ ਕਿ ਮਹਾਨ ਹੋਣਾ ਬਹੁਤ ਔਖਾ। ਬੜਾ ਲੰਮਾ ਪੈਂਡਾ।…ਵਿਅਕਤੀ ਚੰਗੇ ਕਾਰਜਾਂ ਕਰਕੇ ਵੀ ਮਸ਼ਹੂਰ ਹੋ ਸਕਦਾ ਜਾਂ ਮਾੜੇ ਕੰਮਾਂ ਕਰਕੇ ਵੀ।” ਉਹ ਦੱਸਦੇ ਹਨ, “ਸ਼ੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਮਸ਼ਹੂਰੀ ਲਈ ਲੋਕ ਕੁਝ ਵੀ ਕਰਨ ਲਈ ਤਿਆਰ। ਭਾਵੇਂ ਉਹ ਆਮ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਣਾ ਹੋਵੇ, ਲਾਈਵ ਖੁਦਕੁਸ਼ੀ ਕਰਨੀ ਹੋਵੇ; ਸਿਆਸੀ, ਸਮਾਜਕ ਜਾਂ ਧਾਰਮਿਕ ਖਲਬਲੀ ਪੈਦਾ ਕਰਨੀ ਹੋਵੇ, ਜਾਂ ਕੁਝ ਵੀ ਅਜਿਹਾ, ਜੋ ਬਿਖੇੜਾ ਖੜਾ ਕਰਕੇ ਮਸ਼ਹੂਰੀ ਦਾ ਸਬੱਬ ਬਣੇ।…ਮਹਾਨ ਲੋਕ ਸਦਾ ਸੱਚੇ, ਸਪੱਸ਼ਟ, ਸਮਝਦਾਰ, ਸਮਰਪਿਤ ਅਤੇ ਸਿਦਕ ਵਾਲੇ। ਉਨ੍ਹਾਂ ਦੇ ਮਨਾਂ ਵਿਚ ਕੂੜ-ਕਪਟ, ਕੋਝਾਪਣ, ਕਮੀਨਗੀ ਅਤੇ ਕਾਲਖ ਨਹੀਂ ਹੁੰਦੀ। ਉਹ ਪਾਰਦਰਸ਼ੀ ਅਤੇ ਪਾਕ ਹੁੰਦੇ।” ਡਾ. ਭੰਡਾਲ ਚੇਤੇ ਕਰਵਾਉਂਦੇ ਹਨ, “ਯਾਦ ਰੱਖਣਾ! ਮਸ਼ਹੂਰੀ ਕਰਵਾਉਣ ਵਾਲਾ ਵਿਅਕਤੀ ਕਦੇ ਵੀ ਮਹਾਨ ਨਹੀਂ ਹੁੰਦਾ, ਜਦ ਕਿ ਮਹਾਨ ਵਿਅਕਤੀ ਕਦੇ ਵੀ ਮਸ਼ਹੂਰੀ ਨਹੀਂ ਚਾਹੁੰਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮਹਾਨ ਹੋਣਾ ਅਤੇ ਮਸ਼ਹੂਰ ਹੋਣਾ, ਦੋ ਵੱਖ-ਵੱਖ ਪਹਿਲੂ। ਵੱਖ-ਵੱਖ ਅਰਥ ਅਤੇ ਵੱਖੋ ਵੱਖਰੇ ਸਰੋਕਾਰ। ਇਨ੍ਹਾਂ ਵਿਚ ਕੋਈ ਨਹੀਂ ਸਮਾਨਤਾ। ਇਨ੍ਹਾਂ ਵਿਚਲਾ ਵੱਖਰਾਪਣ ਹੀ ਨਿਰਧਾਰਤ ਕਰਦਾ ਕਿ ਕੋਈ ਮਹਾਨ ਹੈ ਜਾਂ ਮਸ਼ਹੂਰ।
ਹਰ ਮਹਾਨ ਵਿਅਕਤੀ ਮਸ਼ਹੂਰ ਤਾਂ ਹੋ ਸਕਦਾ, ਪਰ ਹਰ ਮਸ਼ਹੂਰ ਵਿਅਕਤੀ ਕਦੇ ਵੀ ਮਹਾਨ ਨਹੀਂ ਹੁੰਦਾ, ਕਿਉਂਕਿ ਮਹਾਨਤਾ ਤੇ ਮਸ਼ਹੂਰੀ ਅਲੱਗ ਅਲੱਗ ਨੇ।
ਮਸ਼ਹੂਰ ਹੋਣਾ ਬਹੁਤ ਅਸਾਨ, ਜਦੋਂ ਕਿ ਮਹਾਨ ਹੋਣਾ ਬਹੁਤ ਔਖਾ। ਬੜਾ ਲੰਮਾ ਪੈਂਡਾ। ਬਹੁਤ ਸਾਰੀਆਂ ਘਾਲਨਾਵਾਂ, ਔਕੜਾਂ ਤੇ ਮੁਸ਼ਕਿਲਾਂ ਵਿਚੋਂ ਗੁਜਰਨਾ ਪੈਂਦਾ। ਸਮਾਜ ਦਾ ਵਿਰੋਧ ਜਾਂ ਕੁਝ ਰਾਜਸੀ, ਅਫਸਰਸ਼ਾਹੀ ਤੇ ਸੱਤਾਧਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨ ਵਿਚੋਂ ਹੀ ਮਹਾਨਤਾ ਪੁੰਗਰਦੀ। ਮਸ਼ਹੂਰ ਹੋਣ ਲਈ ਜਰੂਰੀ ਨਹੀਂ ਕਿ ਕੁਝ ਚੰਗਾ ਹੀ ਕੀਤਾ ਜਾਵੇ; ਕੁਝ ਵੀ ਮਾੜਾ ਕੀਤਾ, ਕਿਹਾ ਜਾਂ ਕਰਵਾਇਆ ਜਾ ਸਕਦਾ।
ਵਿਅਕਤੀ ਚੰਗੇ ਕਾਰਜਾਂ ਕਰਕੇ ਵੀ ਮਸ਼ਹੂਰ ਹੋ ਸਕਦਾ ਜਾਂ ਮਾੜੇ ਕੰਮਾਂ ਕਰਕੇ ਵੀ। ਸ਼ੋਸ਼ਲ ਮੀਡੀਆ ਦੇ ਜ਼ਮਾਨੇ ਵਿਚ ਮਸ਼ਹੂਰੀ ਲਈ ਲੋਕ ਕੁਝ ਵੀ ਕਰਨ ਲਈ ਤਿਆਰ। ਭਾਵੇਂ ਉਹ ਆਮ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਉਣਾ ਹੋਵੇ, ਲਾਈਵ ਖੁਦਕੁਸ਼ੀ ਕਰਨੀ ਹੋਵੇ; ਸਿਆਸੀ, ਸਮਾਜਕ ਜਾਂ ਧਾਰਮਿਕ ਖਲਬਲੀ ਪੈਦਾ ਕਰਨੀ ਹੋਵੇ, ਜਾਂ ਕੁਝ ਵੀ ਅਜਿਹਾ, ਜੋ ਬਿਖੇੜਾ ਖੜਾ ਕਰਕੇ ਮਸ਼ਹੂਰੀ ਦਾ ਸਬੱਬ ਬਣੇ।
ਕਈ ਲੋਕ ਜਾਣ ਬੁਝ ਕੇ ਫੋਕੀ ਸ਼ੁਹਰਤ ਲਈ ਲੱਚਰ ਗੱਲ ਕਰਨਗੇ, ਗੀਤ ਗਾਉਣਗੇ, ਵਿਵਾਦਮਈ ਚਰਚਾ ਛੇੜਨਗੇ, ਕਿਸੇ ਪ੍ਰੋਗਰਾਮ ਵਿਚ ਖਲਲ ਪਾਉਣਗੇ ਤੇ ਪ੍ਰੋਗਰਾਮ ਦਾ ਸਵਾਦ ਕਿਰਕਰਾ ਕਰ ਦੇਣਗੇ। ਅਕਸਰ ਹੀ ਕਈ ਵਾਰ ਕੁਝ ਗਾਣਿਆਂ ਜਾਂ ਫਿਲਮਾਂ ਨੂੰ ਵਿਵਾਦਮਈ ਦੱਸ ਕੇ ਉਨ੍ਹਾਂ ਦੀ ਚਰਚਾ ਕੁਝ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਬਹੁਤ ਸਾਰੇ ਲੋਕ ਵਿਵਾਦਮਈ ਹਿੱਸੇ ਨੂੰ ਦੇਖਣ ਦੀ ਉਤਸੁਕਤਾ ਵੱਸ ਹੀ ਪ੍ਰੋਮੋਸ਼ਨ ਦੇ ਜਾਂਦੇ ਨੇ, ਜਦੋਂ ਕਿ ਅਸਲੀਅਤ ਕੁਝ ਹੋਰ ਹੁੰਦੀ। ਮਸ਼ਹੂਰੀ ਹੀ ਕੁਝ ਇਸ ਤਰ੍ਹਾਂ ਕਰ ਦਿਤੀ ਜਾਂਦੀ।
ਕੁਝ ਲੋਕਾਂ ਨੂੰ ਜਲਦੀ ਜਲਦੀ ਮਸ਼ਹੂਰ ਹੋਣ ਦਾ ਵੱਧ ਚਾਅ ਹੁੰਦਾ। ਉਹ ਕੁਝ ਘਟੀਆ ਕਿਸਮ ਦੀ ਹਰਕਤ ਨਾਲ ਮਸ਼ਹੂਰ ਹੋਣਾ ਲੋਚਦੇ। ਅਜਿਹੇ ਲੋਕ ਮਾਨਸਿਕ ਤੌਰ ‘ਤੇ ਬਿਮਾਰ। ਉਨ੍ਹਾਂ ਦੀ ਕੋਝੀ ਮਾਨਸਿਕਤਾ ਹੀ ਉਨ੍ਹਾਂ ਦੇ ਘਟੀਆਪਣ ਦਾ ਪੈਮਾਨਾ।
ਮਸ਼ਹੂਰੀ ਕਰਵਾਉਣਾ, ਦਰਅਸਲ ਮਨ ਵਿਚ ਇਕ ਭਰਮ ਪੈਦਾ ਕਰਨਾ ਹੁੰਦਾ। ਇਸ ਵਿਚ ਹੀ ਛੁਪਿਆ ਹੁੰਦਾ ਮਨੁੱਖ ਦਾ ਵਿਨਾਸ਼। ਅੱਜ ਕਲ ਲੋਕ ਅਜਿਹੀ ਮਾਨਸਿਕਤਾ ਦਾ ਸ਼ਿਕਾਰ। ਮਸ਼ਹੂਰੀ ਲਈ ਮੰਤਰੀ ਜਾਂ ਵੱਡੇ ਵਿਅਕਤੀ ਨਾਲ ਖਿਚਵਾਈ ਫੋਟੋ, ਨਿੱਕੇ ਜਿਹੇ ਦਾਨ ਨੂੰ ਖਬਰਾਂ ਤੇ ਸ਼ੋਸ਼ਲ ਮੀਡੀਆ ‘ਤੇ ਪ੍ਰਚਾਰਨ ਦਾ ਢੋਂਗ ਅਤੇ ਕੁਝ ਨਾ ਕਰਕੇ ਵੀ ਬਹੁਤ ਕੁਝ ਕਰਨ ਦਾ ਪਰਪੰਚ, ਮਨ ਦਾ ਕੋਝਾ ਵਹਿਮ। ਬਹੁਤੇ ਲੋਕ ਅਜਿਹੇ ਪਰਪੰਚ ‘ਚ ਬਹੁਤ ਨਿਪੁੰਨ। ਅਜਿਹੀ ਮਸ਼ਹੂਰੀ ਸਿਰਫ ਛਿਣ-ਭੰਗਰੀ। ਕੋਈ ਨਹੀਂ ਇਸ ਨੂੰ ਚੇਤੇ ਰੱਖਦਾ।
ਕਈ ਵਾਰ ਮਸ਼ਹੂਰ ਵਿਅਕਤੀ ਕੋਝੇ, ਲਾਲਚੀ, ਨਿਜ-ਪ੍ਰਸਤ ਅਤੇ ਸਵੈ ਤੀਕ ਸੀਮਤ। ਉਹ ਸਵੈ ਲਈ ਕਿਸੇ ਵੀ ਕਮੀਨਗੀ ‘ਤੇ ਉਤਾਰੂ। ਉਹ ਤਾਂ ਆਪਣੇ ਪਿਆਰਿਆਂ, ਪਰਿਵਾਰ, ਸਮਾਜ, ਕੌਮ ਜਾਂ ਦੇਸ਼ ਨੂੰ ਧੋਖਾ ਦੇਣ, ਫਰੇਬ ਕਰਨ ਜਾਂ ਹਥਿਆਉਣ ਲਈ ਕੁਝ ਵੀ ਕਰ ਸਕਦੇ। ਅਜਿਹੇ ਲੋਕਾਂ ਤੋਂ ਬਚਣ ਵਿਚ ਹੀ ਭਲਾਈ।
ਮਹਾਨ ਵਿਅਕਤੀ ਸਿਰਫ ਆਪਣੇ ਵਿਚਾਰ, ਕਿਰਦਾਰ, ਅਚਾਰ, ਵਿਹਾਰ ਅਤੇ ਜੀਵਨ-ਸੰਘਰਸ਼ ਵਿਚੋਂ ਹੀ ਪੈਦਾ ਹੁੰਦੇ। ਉਨ੍ਹਾਂ ਦਾ ਇਕ ਸੁਪਨਾ ਹੁੰਦਾ ਅਤੇ ਉਹ ਇਸ ਦੀ ਪ੍ਰਾਪਤੀ ਲਈ ਸਿਰੜ, ਸਾਧਨਾ ਅਤੇ ਸਮਰਪਣ ਨੂੰ ਪ੍ਰਤੀਬੱਧ। ਇਹ ਸੁਪਨਾ ਨਿੱਜੀ ਨਹੀਂ, ਸਗੋਂ ਸਮੁੱਚ ਦਾ ਹੁੰਦਾ। ਸਰਬ-ਲੋਕਾਈ ਦੀ ਭਲਾਈ ਛੁਪੀ ਹੁੰਦੀ। ਇਹ ਅਨਾਥ ਬੱਚਿਆਂ ਦਾ ਸਹਾਰਾ, ਹਨੇਰੇ ਮਸਤਕ ਵਿਚ ਚਾਨਣ-ਚਿਰਾਗ ਧਰਨ ਦਾ ਉਪਰਾਲਾ, ਜਖਮਾਂ ਲਈ ਮਰਹਮ ਜਾਂ ਲੋੜਵੰਦ ਦੀ ਸਮੇਂ ਸਿਰ ਸਾਰਥਕ ਮਦਦ ਵੀ ਹੋ ਸਕਦਾ।
ਮਹਾਨ ਲੋਕਾਂ ਲਈ ਨਿੱਜੀ ਲਾਲਚ, ਧਨ ਜਾਂ ਰੁਤਬੇ ਦਾ ਕੋਈ ਅਰਥ ਨਹੀਂ। ਗੁੰਮ ਹੋਏ ਬੱਚਿਆਂ ਨੂੰ ਲੱਭਣ ਵਾਲਾ ਅਤੇ ਸ਼ਾਂਤੀ ਨੋਬਲ ਪੁਰਸਕਾਰ ਜਿੱਤਣ ਵਾਲਾ ਕੈਲਾਸ਼ ਸਤਿਆਰਥੀ ਇਕ ਅਜਿਹਾ ਕਰਮਯੋਗੀ ਹੈ, ਜਿਸ ਨੂੰ ਤਾਕਤਵਾਰ ਗਰੋਹਾਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਆਪਣੇ ਇਰਾਦੇ ‘ਤੇ ਅਡੋਲ ਰਿਹਾ। ਬੱਚਿਆਂ ਨੂੰ ਬਚਾਉਣਾ ਹੀ ਉਸ ਦਾ ਪਰਮ ਧਰਮ ਹੈ। ਸੁਪਰ-30 ਵਾਲਾ ਅਨੰਦ ਕੁਮਾਰ ਬਹੁਤ ਹੀ ਗਰੀਬ, ਪਰ ਹੁਸ਼ਿਆਰ ਬੱਚਿਆਂ ਨੂੰ ਮੁਫਤ ਵਿਚ ਕੋਚਿੰਗ, ਰਿਹਾਇਸ਼ ਅਤੇ ਖਾਣਾ ਦਿੰਦਾ, ਆਈ. ਆਈ. ਟੀ. ਦੇ ਦਾਖਲਾ ਇਮਤਿਹਾਨ ਲਈ ਤਿਆਰੀ ਕਰਵਾਉਂਦਾ ਹੈ। ਉਹ ਹੁਣ ਤੀਕ ਬਹੁਤ ਸਾਰੇ ਅਜਿਹੇ ਬੱਚਿਆਂ ਦੇ ਸੁਪਨਿਆਂ ਦੀ ਪੂਰਤੀ ਦਾ ਸਬੱਬ ਬਣਿਆ ਹੈ, ਜੋ ਕਿਸੇ ਆਈ. ਆਈ. ਟੀ. ਜਿਹੀ ਸੰਸਥਾ ਵਿਚ ਦਾਖਲੇ ਦਾ ਸੁਪਨਾ ਵੀ ਨਹੀਂ ਸੀ ਲੈ ਸਕਦੇ।
ਮਦਰ ਟਰੇਸਾ ਸਾਰੀ ਉਮਰ ਲੋਕ ਭਲਾਈ ਅਤੇ ਨਿਮਾਣਿਆਂ ਦੀ ਸੇਵਾ ਨੂੰ ਸਮਰਪਿਤ ਰਹੀ। ਭਗਤ ਪੂਰਨ ਸਿੰਘ ਨੇ ਅਨਾਥ ਬੱਚੇ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕਰਕੇ ਲੂਲ੍ਹੇ, ਲੰਗੜੇ, ਅਨਾਥ ਅਤੇ ਬੇਸਹਾਰਾ ਬੱਚਿਆਂ ਤੇ ਲੋਕਾਂ ਦੀ ਸੇਵਾ ਲਈ ਪਿੰਗਲਵਾੜਾ ਸ਼ੁਰੂ ਕਰਕੇ ਮਨੁੱਖਤਾ ਦੀ ਭਲਾਈ ਵਿਚ ਅਜਿਹਾ ਕੀਰਤੀਮਾਨ ਸਥਾਪਤ ਕੀਤਾ, ਜਿਸ ਦਾ ਕੋਈ ਸਾਨੀ ਨਹੀਂ। ਭਾਵੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਮੁੱਲ ਨਹੀਂ ਪਾਇਆ, ਪਰ ਉਹ ਲੋਕ-ਚੇਤਿਆਂ ਵਿਚ ਵੱਸਦਾ ਲੋਕ ਯਾਦ ਦਾ ਹਿੱਸਾ ਬਣਿਆ ਹੋਇਆ ਏ ਅਤੇ ਪਿੰਗਲਵਾੜਾ ਨਵੀਆਂ ਪੈੜਾਂ ਦਾ ਸਿਰਜਣਹਾਰਾ ਸਾਬਤ ਹੋ ਹਿਰਾ ਏ।
ਖਾਲਸਾ ਏਡ ਵਰਗੀ ਗੈਰ-ਸਰਕਾਰੀ ਸੰਸਥਾ ਨੇ ਸਰਬੱਤ ਦੇ ਭਲੇ ਦੇ ਪੈਗਾਮ ਨੂੰ ਸਾਰੀ ਦੁਨੀਆਂ ਵਿਚ ਫੈਲਾਇਆ ਏ। ਉਹ ਹਰ ਲੋੜਵੰਦ ਦੀ ਮਦਦ ਲਈ ਪਹੁੰਚਦੀ ਹੈ। ਭਾਵੇਂ ਇਹ ਭਰਾ ਮਾਰੂ ਜੰਗ ਦੀ ਮਾਰ ਹੇਠ ਆਇਆ ਸੀਰੀਆ ਹੋਵੇ, ਭੁਚਾਲ-ਗ੍ਰਸਤ ਹੇਤੀ ਹੋਵੇ, ਮੀਆਂਮਾਰ ਦੇ ਰੋਹਿੰਗੇ ਮੁਸਲਮਾਨ ਹੋਣ ਜਾਂ ਪੰਜਾਬ ਵਿਚ ਹੜ੍ਹਾਂ ਦੌਰਾਨ ਉਜੜੇ ਪੰਜਾਬੀਆਂ ਦੀ ਬਾਂਹ ਫੜਨ ਦਾ ਵੇਲਾ ਹੋਵੇ। ਅਜਿਹੇ ਕਾਰਜ ਮਹਾਨਤਾ ਵੰਨੀਂ ਜਾਂਦੇ ਮਾਰਗ ਦੀ ਨਿਸ਼ਾਨਦੇਹੀ ਹਨ। ਇਨ੍ਹਾਂ ਲਈ ਮਸ਼ਹੂਰੀ ਦੇ ਕੋਈ ਅਰਥ ਨਹੀਂ।
ਮਸ਼ਹੂਰ ਤਾਂ ਫਿਲਮੀ ਕਲਾਕਾਰ ਜਾਂ ਗਾਇਕ ਵੀ, ਪਰ ਸਾਰੇ ਮਹਾਨ ਨਹੀਂ ਹੁੰਦੇ। ਕਿਉਂਕਿ ਮਹਾਨਤਾ ਕਮਾਉਣੀ ਪੈਂਦੀ, ਸਮਾਜ ਨਾਲ ਜੁੜ ਕੇ, ਸਮਾਜਕ ਸੂਝ ਰਾਹੀਂ ਇਸ ਦੇ ਸਰੋਕਾਰਾਂ ਨੂੰ ਆਪਣੀ ਸੋਚ ਦਾ ਹਿੱਸਾ ਬਣਾ ਕੇ। ਸਮਾਜ ਨੂੰ ਕੁਝ ਅਜਿਹਾ ਦੇਣਾ ਕਿ ਜਿਸ ਨਾਲ ਸਮਾਜ ਦਾ ਮੁਹਾਂਦਰਾ ਨਿਖਰੇ, ਕੁਦਰਤ ਦਾ ਅਸਾਵਾਂਪਣ ਦੂਰ ਹੋਵੇ, ਪਲੀਤ ਪਾਣੀ ਪਵਿਤਰ ਹੋਵੇ, ਜ਼ਹਿਰੀਲੀ ਪੌਣ ਵਿਚੋਂ ਜ਼ਹਿਰ ਚੂਸੀ ਜਾਵੇ ਅਤੇ ਧਰਤੀ ਦੀ ਕੁੱਖ ਵਿਚ ਫਸਲਾਂ ਅਤੇ ਬਿਰਖ ਮੌਲਣ, ਨਾ ਕਿ ਇਸ ਦੀ ਕੁੱਖ ਵਿਚ ਖੁਦਕੁਸ਼ੀਆਂ ਪੈਦਾ ਹੋਣ। ਅਜਿਹੇ ਕਰਮਯੋਗੀ ਹੀ ਧਰਤ ਮਾਂ ਦੇ ਛਿੰਦੇ ਪੁੱਤ, ਅਤੇ ਲੋਕਾਈ ਉਨ੍ਹਾਂ ਦੇ ਸਦਕੇ ਜਾਂਦੀ। ਪਾਣੀ ਨੂੰ ਸੰਭਾਲਣ ਵਾਲੇ ਅਤੇ ਹਵਾ ਦੇ ਲੰਗਰ ਲਾਉਣ ਵਾਲੇ ਲੋਕ, ਕੁਦਰਤੀ ਸੰਤੁਲਨ ਦੇ ਹਾਮੀ। ਅਜਿਹੇ ਵਿਅਕਤੀ ਮਹਾਨ ਹੁੰਦੇ, ਪਰ ਉਹ ਸ਼ਖਸ ਸਿਰਫ ‘ਛੁਪੇ ਰਹਿਣ ਦੀ ਚਾਹ, ਛੁਪੇ ਤੁਰ ਜਾਣ ਦੀ’ ਮਨ ਵਿਚ ਪਾਲ ਕੇ ਮਨੁੱਖਤਾ ਦੀ ਝੋਲੀ ਵਿਚ ਕੁਝ ਅਜਿਹਾ ਧਰ ਜਾਂਦੇ ਕਿ ਕੁਦਰਤ ਸਦਾ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੀ।
ਮਹਾਨ ਵਿਅਕਤੀ ਉਹ ਹੁੰਦੇ, ਜੋ ਜੀਵਨ ਨੂੰ ਹੋਰ ਜਿਉਣ ਜੋਗਾ ਬਣਾਉਂਦੇ, ਸੁੰਦਰ ਧਰਤੀ ਨੂੰ ਅਤਿ-ਸੁੰਦਰ ਬਣਾ ਕੇ ਇਸ ਦੀ ਉਪਭੋਗਤਾ ਅਤੇ ਉਤਪਾਦਕਤਾ ਨੂੰ ਕਈ ਗੁਣਾ ਵਧਾਉਂਦੇ, ਰੁੱਸੀ ਹੋਈ ਜ਼ਿੰਦਗੀ ਨੂੰ ਮੋੜ ਕੇ ਲਿਆਉਂਦੇ ਅਤੇ ਉਸ ਦੀ ਝੋਲੀ ਵਿਚ ਨਿਆਮਤਾਂ ਦਾ ਸ਼ਗਨ ਪਾਉਂਦੇ। ਵੱਡੇ ਵਿਅਕਤੀ ਉਹ ਹੁੰਦੇ, ਜਿਨ੍ਹਾਂ ਦੇ ਬੋਲਾਂ ਵਿਚ ਸਿਆਣਪ, ਸੋਝੀ ਅਤੇ ਸੱਚ ਦਾ ਵਾਸਾ, ਜਿਨ੍ਹਾਂ ਦੇ ਹਰਫਾਂ ਵਿਚ ਜਬਰ ਵਿਰੁਧ ਡਟਣ, ਕੁਰਹਿਤਾਂ ਨੂੰ ਲਲਕਾਰਨ ਅਤੇ ਨਿਹੱਥਿਆਂ ਤੇ ਨਿਧਰਿਆਂ ਦੀ ਧਿਰ ਬਣਨ ਦਾ ਵਲਵਲਾ। ਇਸ ਵਿਚੋਂ ਹੀ ਉਨ੍ਹਾਂ ਦੀ ਮਹਾਨਤਾ ਦਾ ਮਾਰਗ ਸ਼ੁਰੂ ਹੁੰਦਾ।
ਮਹਾਨ ਬਾਬਾ ਨਾਨਕ ਸੀ, ਜਿਸ ਦੇ ਵਿਵੇਕ ਨੇ ਧਾਰਮਿਕ ਤੇ ਸਮਾਜਕ ਅਰਾਜਕਤਾ ਨੂੰ ਠੱਲ ਪਾਈ, ਲੁਟੀ ਜਾ ਰਹੀ ਲੋਕਾਈ ਨੂੰ ਜਗਾਇਆ, ਬਾਬਰਵਾਣੀ ਰਾਹੀਂ ਸਮੇਂ ਦੇ ਹਾਕਮ ਨੂੰ ਖਰੀਆਂ ਖਰੀਆਂ ਸੁਣਾਈਆਂ, ਧਰਮ ਦੇ ਅਲੰਬਰਦਾਰਾਂ ਨੂੰ ਉਨ੍ਹਾਂ ਦੀ ਅਸਲੀਅਤ ਤੋਂ ਜਾਣੂ ਕਰਵਾ ਕੇ ਫੋਕੇ ਭਰਮਾਂ, ਪਖੰਡਾਂ ਅਤੇ ਮਰਿਆਦਾਵਾਂ ਦਾ ਭਾਂਡਾ ਭੰਨਿਆ। ਬਾਬੇ ਦੀ ਮਹਾਨਤਾ ਨੂੰ ਨਤਮਸਤਕ ਹੋ ਅਤੇ ਉਸ ਦੀ ਸ਼ਬਦ-ਸੂਝ ਨੂੰ ਮਨ ਵਿਚ ਵਸਾ ਕੇ ਮਾਨਵਤਾ ਦਾ ਸਿਖਰ ਸਿਰਜਿਆ ਜਾ ਸਕਦਾ।
ਕਈ ਲੋਕ ਇਕ ਮੁਖੌਟਾ ਪਾ ਕੇ ਖੁਦ ਨੂੰ ਮਹਾਨ ਅਤੇ ਮਸ਼ਹੂਰ ਹੋਣ ਦਾ ਢੋਂਗ ਰਚਦੇ। ਇਹ ਪਰਦਾਦਾਰੀ ਇਕ ਹੀ ਗੱਲ, ਕਾਰਜ ਜਾਂ ਗਲਤ ਕਦਮ ਨਾਲ ਅਜਿਹੀ ਲੀਰੋ ਲੀਰ ਹੁੰਦੀ ਕਿ ਕਈ ਸਾਲਾਂ ਦਾ ਪਾਇਆ ਮੁਖੌਟਾ ਵੀ ਸਾਥ ਦੇਣ ਤੋਂ ਨਾਬਰ ਹੋ ਜਾਂਦਾ।
ਮਹਾਨ ਲੋਕ ਸਦਾ ਸੱਚੇ, ਸਪੱਸ਼ਟ, ਸਮਝਦਾਰ, ਸਮਰਪਿਤ ਅਤੇ ਸਿਦਕ ਵਾਲੇ। ਉਨ੍ਹਾਂ ਦੇ ਮਨਾਂ ਵਿਚ ਕੂੜ-ਕਪਟ, ਕੋਝਾਪਣ, ਕਮੀਨਗੀ ਅਤੇ ਕਾਲਖ ਨਹੀਂ ਹੁੰਦੀ। ਉਹ ਪਾਰਦਰਸ਼ੀ ਅਤੇ ਪਾਕ ਹੁੰਦੇ।
ਮਹਾਨ ਵਿਅਕਤੀ ਨਿਮਾਣੇ, ਨਿਮਰ ਅਤੇ ਧਰਤੀ ਨਾਲ ਜੁੜੇ ਹੁੰਦੇ। ਉਨ੍ਹਾਂ ਦੇ ਮਨਾਂ ਵਿਚ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ’ ਦੀ ਸੋਚ ਪ੍ਰਬਲ। ਉਹ ਕਹਿਣ ਨਾਲੋਂ ਕਰਨ ਦੇ ਵੱਧ ਵਿਸ਼ਵਾਸੀ। ਉਹ ਭਲਾਈ ਕਰ ਕੇ ਲਾਹਾ ਨਹੀਂ ਲੈਂਦੇ। ਉਹ ਗੁਪਤ ਦਾਨੀ ਹੁੰਦੇ, ਕਿਉਂਕਿ ਉਹ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਨਾਂ ਦਾ ਪੱਥਰ ਨਾ ਲਾਵੇ। ਉਹ ਇਤਿਹਾਸ ਪੜ੍ਹਦੇ ਨਹੀਂ, ਇਤਿਹਾਸ ਸਿਰਜਦੇ। ਉਹ ਪੈਰ ‘ਚ ਪੈਰ ਨਹੀਂ ਧਰਦੇ, ਪੈੜਾਂ ਖੁਦ ਸਿਰਜਦੇ। ਉਹ ਇਬਾਰਤ ਵਿਚੋਂ ਇਬਾਦਤ ਨਹੀਂ ਦੇਖਦੇ, ਸਗੋਂ ਉਨ੍ਹਾਂ ਦੀ ਕੀਰਤੀ ਹੀ ਉਨ੍ਹਾਂ ਲਈ ਇਬਾਦਤ ਹੁੰਦੀ। ਉਨ੍ਹਾਂ ਲਈ ਕਿਰਤ ਕਰਨੀ ਅਤੇ ਵੰਡ ਛਕਣਾ, ਜੀਵਨ ਦਾ ਮੂਲ-ਮੰਤਰ, ਜੋ ਉਨ੍ਹਾਂ ਨੂੰ ਕਰਮਯੋਗੀ ਬਣਾਉਂਦੀ।
ਮਹਾਨਤਾ ਸਦੀਵੀ, ਸਮਾਂ ਸੀਮਾ ਤੋਂ ਪਾਰ, ਪਰ ਮਸ਼ਹੂਰੀ ਕੁਝ ਪਲ, ਘੰਟੇ, ਦਿਨ, ਮਹੀਨੇ ਜਾਂ ਸਾਲਾਂ ਦੀ ਹੋ ਸਕਦੀ ਅਤੇ ਇਸ ਪਿਛੋਂ ਕੋਈ ਨਹੀਂ ਜਾਣਦਾ।
ਮਹਾਨ ਵਿਅਕਤੀ ਨੂੰ ਆਪਣੀ ਮਹਾਨਤਾ ਦਾ ਕਦੇ ਵੀ ਅੰਦਾਜ਼ਾ ਨਹੀਂ ਹੁੰਦਾ। ਉਹ ਆਪਣੀ ਕਰਮ-ਕਿਰਤ ਵਿਚ ਇੰਨਾ ਲੀਨ ਹੁੰਦੇ ਕਿ ਮਹਾਨਤਾ ਵੀ ਰਸਾਤਲ ਜਾਪਦੀ। ਉਨ੍ਹਾਂ ਲਈ ਮਹਾਨਤਾ ਦੇ ਅਰਥ ਸਮਾਜਕ ਤੇ ਅੰਤਰੀਵੀ ਹੁੰਦੇ, ਜਿਸ ਨਾਲ ਮਨੁੱਖ ਖੁਦ ਵਿਚੋਂ ਹੀ ਆਪਣੀ ਪੁਨਰ ਸਿਰਜਣਾ ਕਰਦਾ। ਮਨੁੱਖ ਤੋਂ ਇਨਸਾਨ ਤੇ ਇਨਸਾਨੀਅਤ ਦਾ ਅਭਿਲਾਸ਼ੀ। ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ ਅਤੇ ਮਨੁੱਖ ਇਸ ਤੋਂ ਹੀ ਪਾਸਾ ਵੱਟਣ ਲਈ ਕਾਹਲਾ। ਮਰ ਗਈ ਇਨਸਾਨੀਅਤ ਦਾ ਮਰਸੀਆ ਪੜ੍ਹਨ ਦੀ ਥਾਂ ਜੇ ਅਸੀਂ ਇਸ ਦੀ ਆਰਤੀ ਉਤਾਰਾਂਗੇ, ਇਸ ਦੇ ਸਮੁੱਚ ਨੂੰ ਜੀਵਨ-ਸ਼ੈਲੀ ਬਣਾਵਾਂਗੇ ਜਾਂ ਮਨ-ਕੋਠੇ ‘ਤੇ ਉਚੀ ਆਵਾਜ਼ ਵਿਚ ਹੋਕਾ ਦੇਵਾਂਗੇ ਤਾਂ ਬੋਲੇ ਕੰਨ ਵੀ ਇਸ ਨੂੰ ਸੁਣ ਸਕਣਗੇ; ਪਰ ਸਭ ਤੋਂ ਪਹਿਲਾਂ ਖੁਦ ਨੂੰ ਇਸ ਦਾ ਹਾਣੀ ਬਣਾਉਣਾ ਪਵੇਗਾ।
ਮਹਾਨ ਵਿਅਕਤੀ ਹਿੰਮਤੀ, ਮਦਦਗਾਰ, ਮਿਕਨਾਤੀਸ, ਮੇਲ-ਜੋਲ ਵਾਲੇ ਅਤੇ ਮੁਸਕਰਾਹਟ ਦੇ ਵਣਜਾਰੇ। ਇਸ ਮੁਸਕਰਾਹਟ ਵਿਚੋਂ ਹੀ ਉਨ੍ਹਾਂ ਦੀ ਬੰਦਿਆਈ ਤੇ ਭਲਾਈ ਮੁਸਕਰਾਉਂਦੀ। ਇਸ ਵਿਚ ਹੀ ਸਮੋਈ ਹੁੰਦੀ ਮਨੁੱਖ-ਭਾਵੀ ਮਹਾਨਤਾ।
ਮਹਾਨ ਵਿਅਕਤੀਆਂ ਦੀ ਮਹਾਨਤਾ ਇਸ ਕਰਕੇ ਵੀ ਹੁੰਦੀ ਕਿ ਉਹ ਕੁਰੱਖਤ ਸਮੇਂ ਵਿਚ ਮਜਬੂਤ ਰਹਿੰਦੇ ਅਤੇ ਹਰੇਕ ਕਿਸਮ ਦੇ ਵਿਰੋਧ ਦੇ ਬਾਵਜੂਦ ਉਹ ਕੁਝ ਪ੍ਰਾਪਤ ਕਰ ਲੈਂਦੇ, ਜਿਸ ਦਾ ਅੰਦਾਜ਼ਾ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਨਹੀਂ ਹੁੰਦਾ।
ਹਰ ਵਿਅਕਤੀ ਵਿਚ ਮਹਾਨ ਬਣਨ ਦੇ ਗੁਣ ਹੁੰਦੇ ਬਸ਼ਰਤੇ ਉਹ ਆਪਣੇ ਸੁਪਨਿਆਂ ਅਤੇ ਸਾਧਨਾਂ ਨੂੰ ਖਾਸ ਸੇਧ ਦੇ, ਇਸ ਨੂੰ ਪੂਰਨਤਾ ਵੰਨੀਂ ਲੈ ਜਾਣ ਦਾ ਪ੍ਰਣ ਨਿਭਾਉਣਾ ਜਾਣਦਾ ਹੋਵੇ। ਮਹਾਨਤਾ ਦਰਅਸਲ ਮਨੁੱਖ ਦੇ ਅੰਦਰ ਵੱਸਦੀ, ਜੋ ਸਮੁੱਚੀ ਪਛਾਣ ਵਿਚੋਂ ਪ੍ਰਗਟਦੀ।
ਮਹਾਨ ਹੋਣ ਲਈ ਵਿਅਕਤੀ ਦਾ ਜਿੰਮੇਵਾਰ ਹੋਣਾ ਅਤੇ ਖੁਦ ਲਈ ਜਵਾਬਦੇਹ ਹੋਣਾ ਬਹੁਤ ਜਰੂਰੀ। ਉਸ ਨੂੰ ਸੱਚ/ਝੂਠ, ਗਲਤ/ਸਹੀ ਜਾਂ ਅਰਥਮਈ/ਬੇਅਰਥੇ ਦਾ ਅਹਿਸਾਸ ਅਤੇ ਅਭਾਸ ਹੁੰਦਾ।
ਮਹਾਨਤਾ ਕਮਾਈ ਜਾਂਦੀ। ਕਦੇ ਵੀ ਕਿਸਮਤ ਨਹੀਂ ਹੁੰਦੀ। ਨਾ ਹੀ ਵਿਰਸੇ ਵਿਚ ਮਿਲਦੀ ਜਾਂ ਖਰੀਦੀ ਜਾ ਸਕਦੀ। ਇਹ ਤਾਂ ਖੁਦ ਤੋਂ ਖੁਦਾਈ ਤੀਕ ਦਾ ਸਫਰ।
ਨਿਮਾਣਾ ਅਤੇ ਹਲੀਮ ਬਣ ਕੇ ਮਨੁੱਖ ਮਹਾਨ ਹੋ ਸਕਦਾ। ਹੰਕਾਰੀ, ਹੈਂਕੜਬਾਜ ਕਦੇ ਵੀ ਮਹਾਨ ਨਹੀਂ ਹੋ ਸਕਦਾ। ਮਹਾਨ ਬਣਨ ਲਈ ਵਕਤ, ਵਖਤ, ਵਿਰੋਧ, ਵੱਖਰਤਾਵਾਂ ਦਾ ਸਾਹਮਣਾ ਕਰਨਾ ਪੈਂਦਾ।
ਯਾਦ ਰੱਖਣਾ! ਮਸ਼ਹੂਰੀ ਕਰਵਾਉਣ ਵਾਲਾ ਵਿਅਕਤੀ ਕਦੇ ਵੀ ਮਹਾਨ ਨਹੀਂ ਹੁੰਦਾ, ਜਦ ਕਿ ਮਹਾਨ ਵਿਅਕਤੀ ਕਦੇ ਵੀ ਮਸ਼ਹੂਰੀ ਨਹੀਂ ਚਾਹੁੰਦਾ।
ਮਹਾਨ ਵਿਅਕਤੀ ਉਹ ਹੀ ਹੋ ਸਕਦਾ, ਜਿਸ ਦੇ ਮਨ ਵਿਚ ਸੁਪਨਾ, ਸੰਭਾਵਨਾ ਅਤੇ ਸੰਭਵ ਦੇ ਸੰਦਰਭ ਨੂੰ ਸਮਝੇ। ਇਸ ਨੂੰ ਸਮਾਜਕ ਸਰੋਕਾਰਾਂ ਦੇ ਚੰਗੇ ਵਿਕਾਸ ਤੇ ਵਿਸਥਾਰ ਲਈ ਨਿਵੇਕਲੇ ਅਤੇ ਨਰੋਏ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰੇ।
ਮਹਾਨਤਾ ਦੁਨਿਆਵੀ ਵਸਤਾਂ, ਸੁੱਖ-ਸਹੂਲਤਾਂ ਤੋਂ ਉਤੇ। ਸਮਾਜ ਤੇ ਦੇਸ਼ ਲਈ ਨਵੇਂ ਸਿਰਨਾਵਿਆਂ ਦੀ ਸਿਰਜਣਾ। ਕੁਝ ਅਜਿਹਾ ਕਰ ਜਾਣਾ ਕਿ ਲੋਕ ਤੁਹਾਡੇ ਰਾਹਾਂ ‘ਤੇ ਤੁਰਨ ਦੀ ਚਾਹਨਾ ਮਨ ਵਿਚ ਪਾਲਣ। ਭਵਿੱਖ ਤੁਹਾਡੇ ‘ਤੇ ਮਾਣ ਕਰੇ ਅਤੇ ਲੋਕ-ਚੇਤਿਆਂ ਵਿਚ ਸਦੀਵੀ ਥਾਂ ਹੋਵੇ।
ਮਹਾਨਤਾ ਨੂੰ ਨਤਮਸਤਕ ਹੋਣ ਲਈ ਕੁਦਰਤ ਵੰਨੀਂ ਦੇਖਣਾ, ਇਸ ਦੇ ਨਿਆਮਤ-ਭੰਡਾਰਾਂ ਦਾ ਸ਼ੁਕਰੀਆ ਕਰਨਾ ਅਤੇ ਇਸ ਦੀਆਂ ਬਖਸ਼ਿਸ਼ਾਂ ਦੀ ਬੰਦਗੀ ਕਰਨਾ, ਜੋ ਮਨੁੱਖ ਨੂੰ ਸੁੰਦਰਤਾ, ਸਦੀਵਤਾ ਤੇ ਸਾਹ ਬਖਸ਼ਦੀ ਏ। ਇਸ ਤੋਂ ਮਹਾਨ ਤਾਂ ਕੋਈ ਹੋ ਹੀ ਨਹੀਂ ਸਕਦਾ।
ਮਹਾਨ ਲੋਕਾਂ ਦੇ ਸੁਪਨੇ ਵੀ ਵੱਡੇ ਹੁੰਦੇ। ਉਨ੍ਹਾਂ ਦੇ ਸੁਪਨਿਆਂ ਦਾ ਸੱਚ ਵੀ ਚਿਰੰਜੀਵੀ, ਸਥਿਰ ਅਤੇ ਦੂਰ-ਪ੍ਰਭਾਵੀ। ਵੱਡੇ ਸੁਪਨੇ ਹੀ ਵੱਡੇ ਅਰਥਾਂ ਦੀ ਅਰਦਾਸ ਹੁੰਦੇ।
ਹੌਸਲੇ, ਵਿਸ਼ਵਾਸ, ਸਖਤ ਮਿਹਨਤ ਤੇ ਨਿਸ਼ਠਾ ਵਿਚੋਂ ਹੀ ਮਹਾਨਤਾ ਪੁੰਗਰਦੀ। ਮਹਾਨਤਾ ਪਹਾੜ ਦੀ ਚੋਟੀ ਨੂੰ ਜਾਂਦਾ ਪਥਰੀਲਾ ਰਸਤਾ, ਪਰ ਸਿਖਰ ‘ਤੇ ਪਹੁੰਚ ਕੇ ਇਕ ਸਕੂਨ ਤੇ ਸਹਿਜ ਸੰਗ ਅੰਬਰ ਨਾਲ ਗੱਲਾਂ ਕਰਨਾ ਅਤੇ ਸਮੁੱਚੇ ਬ੍ਰਹਿਮੰਡ ਨੂੰ ਨਿਹਾਰਨਾ ਮਨ-ਤ੍ਰਿਪਤੀ ਦੀ ਸੰਪੂਰਨਤਾ।
ਲੋੜ ਹੈ, ਮਸ਼ਹੂਰ ਹੋਣ ਦੀ ਥਾਂ ਮਹਾਨਤਾ ਨੂੰ ਜ਼ਿੰਦਗੀ ਦਾ ਟੀਚਾ ਬਣਾਉਣ ਦੀ, ਅਰਥ ਭਰਪੂਰ ਸਬੰਧਾਂ ਸੰਗ ਪ੍ਰਣਾਉਣ ਦੀ। ਦੁੱਖ ਦੀ ਪੀੜ ਵਿਚ ਪੀੜ-ਪੀੜ ਹੋਣ ਦਾ ਹੁਨਰ ਹੋਵੇ, ਦਰਦ ਵਿਚ ਖੁਰ ਰਿਹਾ ਅੰਤਰੀਵ ਹੋਵੇ, ਰੂਹ ਵਿਚ ਸ਼ੁਭ-ਚਿੰਤਨ ਅਤੇ ਸ਼ੁਭ-ਕਰਮਨ ਦਾ ਪਾਠ ਨਿਰੰਤਰ ਚੱਲਦਾ ਰਹੇ। ਉਜਾੜ ਨੂੰ ਵਸਾਉਣ, ਕੁੱਲੀ ਦੀ ਛੱਤ ਬਣਨ ਜਾਂ ਨੰਗੇ ਬਦਨ ਲਈ ਲਿਬਾਸ ਬਣਨ ਦੀ ਤਮੰਨਾ ਮਨ ਵਿਚ ਪਾਲੋ। ਗਿਆਨ-ਹੀਣ ਲਈ ਹਰਫ-ਚਿਰਾਗ ਬਣੋ। ਝੋਲੇ ਦੀਆਂ ਪੁਸਤਕਾਂ ਵਿਚ ਹੁੰਗਾਰੇ ਭਰਦੀ ਗਿਆਨ-ਗੋਸ਼ਟਿ ਦਾ ਸਬੱਬ ਸਿਰਜੋ। ਰੋਂਦੇ ਦੇ ਹੰਝੂ ਪੂੰਝਣ ਲਈ ਦੁਆ ਬਣੋ। ਮੁਰਝਾਏ ਚਿਹਰਿਆਂ ‘ਤੇ ਫੈਲੀ ਮੁਸਕਰਾਹਟ ਤੁਹਾਨੂੰ ਜ਼ਿੰਦਗੀ ਅਤੇ ਸਮਾਜ ਨੂੰ ਜਿਉਣ ਜੋਗਾ ਕਰੇਗੀ, ਜਿਸ ਨਾਲ ਧਰਤੀ ‘ਤੇ ਪਸਰੀ ਸੁੰਦਰਤਾ ਹੋਰ ਸੁੰਦਰ ਤੇ ਸਦੀਵ ਹੋਵੇਗੀ।