ਸੰਸਾਰ ਕਤਾਰਬੰਦੀ ਦੇ ਚੌਖਟੇ ‘ਚ ਭਾਰਤ ਦੀ ਸਥਿਤੀ

-ਜਤਿੰਦਰ ਪਨੂੰ
ਇੱਕ ਬੰਦੇ ਦੇ ਸਿਰ ਵਿਚ ਇਹ ਭੈੜਾ ਫਤੂਰ ਉਠਿਆ ਕਿ ਮੇਰੀ ਜਰਮਨ ਕੌਮ ਸੰਸਾਰ ਦੀਆਂ ਬਾਕੀ ਸਾਰੀਆਂ ਕੌਮਾਂ ਤੇ ਨਸਲਾਂ ਦੇ ਲੋਕਾਂ ਤੋਂ ਚੰਗੀ ਹੈ ਅਤੇ ਇਸ ਨੂੰ ਸਾਰੀ ਦੁਨੀਆਂ ‘ਤੇ ਰਾਜ ਕਰਨਾ ਚਾਹੀਦਾ ਹੈ। ਨਤੀਜਾ ਉਸ ਦੇ ਆਪਣੇ ਦੇਸ਼ ਵਿਚ ਲੋਕਤੰਤਰੀ ਤਰੀਕੇ ਦੀਆਂ ਖਾਮੀਆਂ ਵਰਤ ਕੇ ਹੌਲੀ-ਹੌਲੀ ਉਹ ਰਾਜ ਕਾਇਮ ਕਰਨ ਵਿਚ ਨਿਕਲਿਆ, ਜਿਸ ਨੂੰ ਇੱਕ-ਅਧਿਕਾਰਵਾਦ ਕਹਿੰਦੇ ਹਨ। ਫਿਰ ਉਹ ਆਗੂ ਉਸ ਦੇਸ਼ ਦੀ ਜਨਤਾ ਨੂੰ ਜਨੂੰਨ ਦੀ ਪੁੱਠ ਚਾੜ੍ਹ ਕੇ ਤੇ ਸਾਰੀ ਦੁਨੀਆਂ ‘ਤੇ ਰਾਜ ਕਰਨ ਦਾ ਸੁਫਨਾ ਵਿਖਾ ਕੇ ਤੁਰਿਆ ਤੇ ਇਹੋ ਜਿਹੀ ਜੰਗ ਵਿਚ ਉਲਝ ਗਿਆ, ਜਿਸ ਦੇ ਅੰਤ ਤੱਕ ਸੰਸਾਰ ਦੇ 7 ਕਰੋੜ ਲੋਕ ਅਣਆਈ ਮੌਤੇ ਮਾਰੇ ਗਏ, ਜਿਨ੍ਹਾਂ ਵਿਚ 57 ਲੱਖ ਲੋਕ ਜਰਮਨੀ ਦੇ ਆਪਣੇ ਵੀ ਸ਼ਾਮਲ ਸਨ। ਜਿਸ ਅਡੌਲਫ ਹਿਟਲਰ ਦੇ ਸਿਰ ਨੂੰ ਇਹ ਫਤੂਰ ਚੜ੍ਹਿਆ ਸੀ ਅਤੇ ਏਨੇ ਲੋਕ ਮਾਰੇ ਜਾਣ ਦਾ ਕਾਰਨ ਬਣਿਆ ਸੀ, ਉਸ ਦੇ ਸਬਕ ਸੰਸਾਰ ਨੂੰ ਯਾਦ ਰੱਖਣ ਦੀ ਲੋੜ ਸੀ, ਪਰ ਰੱਖੇ ਨਹੀਂ ਗਏ ਜਾਪਦੇ।

ਅੱਜ ਉਸ ਮਹਾਂ-ਜੰਗ ਦੀ ਸ਼ੁਰੂਆਤ ਦੇ ਅੱਸੀ ਸਾਲ ਬਾਅਦ, ਕਿਉਂਕਿ ਉਹ ਸੰਸਾਰ ਜੰਗ 1939 ਵਿਚ ਛਿੜੀ ਸੀ ਤੇ 1945 ਤੱਕ ਚੱਲਦੀ ਰਹੀ ਸੀ, ਇੱਕ ਵਾਰ ਫਿਰ ਇਸ ਸੰਸਾਰ ਦੇ ਹਾਲਾਤ ਇਤਿਹਾਸ ਨੂੰ ਦੁਹਰਾਉਣ ਵਾਲੇ ਪਾਸੇ ਨੂੰ ਜਾ ਰਹੇ ਹਨ ਤੇ ਇਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਵੱਧ ਤੋਂ ਵੱਧ ਧਿਆਨ ਜਾਂਦਾ ਹੈ ਤਾਂ ਉਸ ਆਈ. ਐਸ਼ ਵਾਲੀ ਧਾੜ ਤੱਕ ਜਾਂਦਾ ਹੈ, ਜਿਸ ਦਾ ਇੱਕ ਮੁਖੀ ਅਬੂ ਬਕਰ ਅਲ ਬਗਦਾਦੀ ਬੀਤੇ ਹਫਤੇ ਮਾਰਿਆ ਗਿਆ ਤੇ ਉਸ ਦੀ ਥਾਂ ਉਸ ਖੂੰਖਾਰ ਟੋਲੀ ਨੇ ਨਵਾਂ ਮੁਖੀ ਚੁਣ ਲਿਆ ਹੈ, ਬਾਕੀ ਦੇਸ਼ਾਂ ਅੰਦਰਲੇ ਹਾਲਾਤ ਕਿਸੇ ਨੂੰ ਚਿੰਤਿਤ ਨਹੀਂ ਕਰਦੇ।
ਸੰਸਾਰ ਜੰਗ ਦਾ ਮੁੱਢ ਬੱਝਣ ਵੇਲੇ ਜਿਸ ਸੋਚ ਨੇ ਜਰਮਨੀ ਦੇ ਲੋਕਾਂ ਨੂੰ ਮਰਨ ਅਤੇ ਮਾਰਨ ਦੇ ਰਾਹ ਪਾਇਆ ਸੀ, ਉਸ ਕਿਸਮ ਦੀ ਸੋਚ ਇਸ ਵੇਲੇ ਕਈ ਦੇਸ਼ਾਂ ਵਿਚ ਹਰ ਨਵੇਂ ਦਿਨ ਅੱਗੇ ਵਧੀ ਜਾਂਦੀ ਹੈ। ਆਮ ਚੋਣ ਲਾਭਾਂ ਲਈ ਇਸ ਤਰ੍ਹਾਂ ਦੇ ਜਨੂੰਨ ਨੂੰ ਆਪਣਾ ਪਲੇਟਫਾਰਮ ਬਣਾਉਣ ਵਾਲਿਆਂ ਨੂੰ ਉਸ ਤਜਰਬੇ ਦੀ ਚੌਖਟ ਵਿਚੋਂ ਝਾਤੀਆਂ ਮਾਰਦੇ ਭਵਿੱਖ ਬਾਰੇ ਸੋਚਣ ਦੀ ਲੋੜ ਹੀ ਨਹੀਂ ਜਾਪਦੀ। ਮੱਧ ਯੁੱਗ ਵਿਚ ਜਿਵੇਂ ਰਾਜਿਆਂ ਨੂੰ ਰਾਜ ਹਾਸਲ ਕਰਨ ਲਈ ਲੋਕਾਂ ਦਾ ਮਰਨਾ ਬਹੁਤ ਆਮ ਗੱਲ ਜਾਪਦਾ ਸੀ, ਅੱਜ ਉਹ ਸਥਿਤੀ ਇੱਕੋ ਵਕਤ ਕਈ ਦੇਸ਼ਾਂ ਵਿਚ ਫਿਰ ਪੈਦਾ ਹੋਣ ਲੱਗ ਪਈ ਹੈ।
ਜਦੋਂ ਜਨੂੰਨ ਸਿਰਾਂ ਨੂੰ ਚੜ੍ਹਦਾ ਹੈ, ਅਕਲ ਦੀ ਗੱਲ ਕੋਈ ਸੁਣਦਾ ਹੀ ਨਹੀਂ ਹੁੰਦਾ। ਜਰਮਨੀ ਦੇ ਲੋਕਾਂ ਨੇ ਨਾ ਸੁਣੀ ਤੇ ਮੜ੍ਹੀਆਂ ਦੇ ਰਾਹ ਪੈ ਗਏ ਸਨ। ਇਸ ਵੇਲੇ ਇਸੇ ਤਰ੍ਹਾਂ ਦੀ ਹਾਲਤ ਉਨ੍ਹਾਂ ਦੇਸ਼ਾਂ ਵਿਚ ਬਣੀ ਜਾਂਦੀ ਹੈ, ਜਿੱਥੇ ਚੋਣਾਂ ਦੇ ਵਕਤ ਸਿਰੇ ਦੀ ਸਨਕੀ ਸੋਚ ਦੇ ਪਿੱਛੇ ਵੋਟਾਂ ਪਾਈਆਂ ਜਾਣ ਲੱਗ ਪਈਆਂ ਹਨ। ਡੋਨਲਡ ਟਰੰਪ ਨੂੰ ਕੋਈ ਹਿਟਲਰ ਕਹਿਣ ਲਈ ਤਿਆਰ ਨਹੀਂ ਹੋਵੇਗਾ, ਅਸੀਂ ਵੀ ਨਹੀਂ ਕਹਿੰਦੇ, ਪਰ ਉਸ ਨੇ ਆਪਣੀ ਪਹਿਲੀ ਚੋਣ ਮੁਹਿੰਮ ਵਿਚ ਜਿਸ ਨਸਲਵਾਦ ਦੀ ਹਵਾ ਅਸਿੱਧੇ ਤੌਰ ‘ਤੇ ਵਗਾਈ ਸੀ, ਉਸ ਪਿਛੋਂ ਦੇ ਚਾਰ ਸਾਲਾਂ ਵਿਚ ਕਿਸੇ ਥਾਂ ਰੰਗ ਕਾਲਾ ਹੋਣ ਕਰ ਕੇ ਜਾਂ ਕਿਸੇ ਥਾਂ ਸਿਰਫ ਪਰਵਾਸੀ ਹੋਣ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ। ਇਹ ਸਿਲਸਿਲਾ ਹਾਲੇ ਤੱਕ ਚੱਲੀ ਜਾਂਦਾ ਹੈ ਤੇ ਅਗਲੇ ਸਾਲ ਦੀਆਂ ਚੋਣਾਂ ਲਈ ਜਦੋਂ ਪ੍ਰਚਾਰ ਵਿਚ ਤੇਜ਼ੀ ਆਵੇਗੀ, ਉਸ ਦੇ ਨਾਲੋ-ਨਾਲ ਇਸ ਪੱਖੋਂ ਵੀ ਤੇਜ਼ੀ ਆਉਣੀ ਸੁਭਾਵਕ ਜਾਪਦੀ ਹੈ।
ਇਸਰਾਈਲ ਵਿਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜਿਹਾ ਭ੍ਰਿਸ਼ਟਾਚਾਰ ਦਾ ਭੜੋਲਾ ਮੰਨਿਆ ਜਾਂਦਾ ਬੰਦਾ ਆਪਣੇ ਲੋਕਾਂ ਨੂੰ ਨਸਲੀ ਜਨੂੰਨ ਲਈ ਉਕਸਾ ਰਿਹਾ ਹੈ। ਬ੍ਰਿਟੇਨ ਵਿਚਲੇ ਜਿਨ੍ਹਾਂ ਲੀਡਰਾਂ ਨੇ ਯੂਰਪ ਤੋਂ ਆਪਣਾ ਦੇਸ਼ ਵੱਖ ਕਰਨ ਦੀ ਮੁਹਿੰਮ ਵਿੱਢੀ ਤੇ ਕਈ ਅੜਿੱਕਿਆਂ ਦੇ ਬਾਵਜੂਦ ਬ੍ਰੈਗਜ਼ਿਟ ਦੇ ਨਾਂ ਹੇਠ ਅੰਤਲੇ ਹਮਲੇ ਦੀ ਤਿਆਰੀ ਕਰਦੇ ਪਏ ਹਨ, ਉਨ੍ਹਾਂ ਵਿਚੋਂ ਕੁਝ ਲੋਕ ਵੀ ਆਪਣੇ ਦੇਸ਼ ਵਿਚ ਇਸ ਨਾਲ ਨਸਲਵਾਦ ਨੂੰ ਮਿਲਦੀ ਸ਼ਹਿ ਨੂੰ ਨਹੀਂ ਵੇਖਦੇ ਤੇ ਕੁਝ ਹੋਰ ਲੋਕ ਵੇਖ ਕੇ ਅਣਡਿੱਠ ਕਰਦੇ ਪਏ ਹਨ।
ਨਤੀਜਾ ਇਹ ਨਿਕਲਿਆ ਹੈ ਕਿ ਸੰਸਾਰ ਭਰ ਵਿਚ ਕਈ ਦੇਸ਼ਾਂ ਅੰਦਰ ਲੋਕਾਂ ਦੇ ਮਨਾਂ ਵਿਚ ਆਪਣੀ ਨਸਲ ਦੇ ਸਭ ਤੋਂ ਉਤਮ ਹੋਣ ਦਾ ਵਿਚਾਰ ਵਧਦਾ ਮਹਿਸੂਸ ਹੋ ਰਿਹਾ ਹੈ। ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ। ਜਦੋਂ ਇਸ ਕਿਸਮ ਦਾ ਖਤਰਨਾਕ ਵਿਚਾਰ ਕੁਝ ਲੋਕਾਂ ਦੇ ਮਨਾਂ ਵਿਚ ਭਰ ਰਿਹਾ ਅਤੇ ਉਬਾਲੇ ਮਾਰਨ ਲਈ ਰਿੱਝਦਾ ਪਿਆ ਮਹਿਸੂਸ ਹੁੰਦਾ ਹੈ, ਇਸ ਦੇ ਉਲਟੇ ਅਸਰ ਵਜੋਂ ਕਈ ਹੋਰ ਦੇਸ਼ਾਂ ਤੇ ਨਸਲਾਂ ਵਿਚ ਐਨ ਉਲਟਾ ਵਿਚਾਰ ਵੀ ਭਰਦਾ ਜਾਂਦਾ ਹੈ ਕਿ ਇੱਕ ਲੜਾਈ ਲੜਨੀ ਪੈਣੀ ਹੈ। ਕੋਈ ਕਿਸੇ ਵੀ ਕਿਸਮ ਦਾ ਭਾਈਚਾਰਾ ਹੋਵੇ, ਉਸ ਦੇ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਅਸੀਂ ਕਿਸੇ ਤੋਂ ਘੱਟ ਹਾਂ, ਸਗੋਂ ਇਹ ਸਾਬਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਸਕਦੇ ਹਨ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।
ਸਾਡੇ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਜਿਸ ਪਾਕਿਸਤਾਨ ਵਿਚ ਇਸਲਾਮੀ ਜਨੂੰਨ ਦੇ ਬਹੁਤ ਭੜਕਾਊ ਉਬਾਲੇ ਪਹਿਲਾਂ ਵੀ ਆ ਚੁਕੇ ਹਨ, ਇੱਕ ਵਾਰ ਫਿਰ ਇੱਕ ਹੋਰ ਉਬਾਲੇ ਲਈ ਤਿਆਰ ਹੋ ਰਿਹਾ ਹੈ। ਅਫਗਾਨਿਸਤਾਨ ਤੋਂ ਖਹਿੜਾ ਛੁਡਾਉਣ ਲਈ ਅਮਰੀਕੀ ਸਰਕਾਰ, ਤੇ ਸਰਕਾਰ ਸਿਰਫ ਰਾਸ਼ਟਰਪਤੀ ਨਹੀਂ ਹੁੰਦਾ, ਅਮਰੀਕਾ ਦੀ ਸਮੁੱਚੀ ਸਰਕਾਰੀ ਮਸ਼ੀਨਰੀ ਮਨ ਬਣਾਈ ਬੈਠੀ ਹੈ। ਉਸ ਦੇਸ਼ ਦੀ ਤਾਕਤ ਇੱਕ ਵਾਰ ਫਿਰ ਉਨ੍ਹਾਂ ਹੀ ਤਾਲਿਬਾਨ ਨੂੰ ਸੌਂਪਣ ਵਾਸਤੇ ਸਮਝੌਤਾ ਹੁੰਦਾ ਪਿਆ ਹੈ, ਜੋ ਸਾਰੀ ਦੁਨੀਆਂ ‘ਤੇ ਇਸਲਾਮ ਦਾ ਝੰਡਾ ਝੁਲਾਉਣ ਦਾ ਐਲਾਨ ਕਰਦੇ ਰਹੇ ਹਨ। ਇਸ ਮੌਕੇ ਅਮਰੀਕਾ ਦੇ ਨਾਟੋ ਗੱਠਜੋੜ ਦਾ ਸਹਿਯੋਗੀ ਦੇਸ਼ ਤੁਰਕੀ ਵੀ ਰਣਨੀਤਕ ਤੌਰ ‘ਤੇ ਹੌਲੀ-ਹੌਲੀ ਜਿਸ ਪਾਸੇ ਖਿਸਕ ਰਿਹਾ ਹੈ, ਉਸ ਨਾਲ ਮਲੇਸ਼ੀਆ ਦਾ ਹੱਥ ਮਿਲਾਉਣਾ ਕੋਈ ਅਰਥ ਰੱਖਦਾ ਹੈ।
ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਹੁਸੀਨਾ ਬੇਸ਼ੱਕ ਧਰਮ ਨਿਰਪੱਖਤਾ ਦਾ ਝੰਡਾ ਚੁੱਕੀ ਰੱਖਣਾ ਚਾਹੁੰਦੀ ਹੈ, ਪਰ ਵਿਚਲੇ ਸਮੇਂ ਵਿਚ ਜਦੋਂ ਉਸ ਦੇਸ਼ ਨੂੰ ਇਸਲਾਮਕ ਰਿਪਬਲਿਕ ਐਲਾਨਿਆ ਗਿਆ ਸੀ, ਧਰਮ ਨਿਰਪੱਖਤਾ ਦੀ ਥਾਂ ਅੰਦਰੋ-ਅੰਦਰ ਇੱਕ ਜਨੂੰਨੀ ਕਿਸਮ ਦੇ ਰਾਹ ਉਤੇ ਚੱਲਣ ਦਾ ਮੁੱਢ ਉਸ ਵਕਤ ਹੀ ਬੱਝ ਗਿਆ ਸੀ। ਇਸ ਵਕਤ ਉਥੇ ਦਹਿਸ਼ਤਗਰਦੀ ਮਜ਼ਬੂਤ ਹੋ ਰਹੀ ਹੈ। ਇੱਕ ਪਾਸੇ ਉਸ ਦੇਸ਼ ਵਿਚ ਪਾਕਿਸਤਾਨ ਤੋਂ ਵੱਖ ਹੋਣ ਤੇ ਵੱਖਰਾ ਬੰਗਲਾ ਦੇਸ਼ ਬਣਨ ਵੇਲੇ ਦੇ ਪਾਕਿਸਤਾਨੀ ਫੌਜ ਦੇ ਏਜੰਟਾਂ ਨੂੰ ਫਾਂਸੀ ਦੇ ਹੁਕਮ ਸੁਣਾਏ ਜਾ ਰਹੇ ਹਨ ਤੇ ਦੂਜੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀ ਦਾ ਤਾਣਾ ਅੰਦਰੋ-ਅੰਦਰ ਵਧ ਰਿਹਾ ਹੈ।
ਸਾਡੇ ਭਾਰਤੀਆਂ ਲਈ ਚਿੰਤਾ ਦੀ ਗੱਲ ਦੋ ਪੱਖਾਂ ਤੋਂ ਹੈ। ਇੱਕ ਇਹ ਕਿ ਇੱਕੋ ਲੀਡਰ ਦਾ ਉਭਾਰ ਹੋਣ ਨਾਲ ਦੇਸ਼ ਵਿਚ ਸਮੂਹਕਤਾ ਖਤਮ ਹੁੰਦੀ ਜਾਂਦੀ ਅਤੇ ਸਿਰਫ ਤੇ ਸਿਰਫ ਇੱਕੋ ਹੱਥ ਵਿਚ ਸਾਰੀ ਤਾਕਤ ਇਕੱਠੀ ਹੋਣ ਵਾਲਾ ਅਮਲ ਅੱਗੇ ਵਧੀ ਜਾ ਰਿਹਾ ਹੈ। ਨਾਲ ਦੀ ਨਾਲ ਭੜਕੀਆਂ ਭੀੜਾਂ ਵੱਲੋਂ ਰਾਹ ਜਾਂਦੇ ਕਿਸੇ ਵੀ ਵਿਅਕਤੀ ਦੇ ਵਿਰੁਧ ਕਿਸੇ ਤਰ੍ਹਾਂ ਦਾ ਹਮਲਾ ਕਰਨ ਅਤੇ ਕੁੱਟ ਕੇ ਮਾਰ ਦੇਣ ਵਾਲੀਆਂ ਘਟਨਾਵਾਂ ਵਿਚ ਵਾਧਾ ਹੋਈ ਜਾਂਦਾ ਹੈ। ਇਹ ਉਸੇ ਜਨੂੰਨ ਨਾਲ ਜੁੜੀ ਹੋਈ ਇੱਕ ਮਿਸਾਲ ਸਮਝਣਾ ਚਾਹੀਦਾ ਹੈ, ਜੋ ਜਨੂੰਨ ਸਮਾਂ ਪਾ ਕੇ ਉਥੇ ਲੈ ਜਾਇਆ ਕਰਦਾ ਹੈ ਕਿ ਫਿਰ ਪਿੱਛੇ ਹਟਣ ਦਾ ਰਾਹ ਹੀ ਨਹੀਂ ਰਹਿੰਦਾ। ਹੇਠਲੀ ਤਹਿ ਵਿਚ ਚੱਲਦਾ ਇਹ ਅਮਲ ਮਹਿਸੂਸ ਹੋ ਰਿਹਾ ਹੈ।
ਚਿੰਤਾ ਦਾ ਦੂਜਾ ਪੱਖ ਇਹ ਹੈ ਕਿ ਸੁਚੇਤ ਜਾਂ ਅਚੇਤ ਤੌਰ ‘ਤੇ ਭਾਰਤ ਇਸ ਵੇਲੇ ਸੰਸਾਰ ਭਰ ਵਿਚ ਹੋਣ ਵਾਲੀ ਇੱਕ ਨਵੀਂ ਕਤਾਰਬੰਦੀ ਵਿਚ ਨਿਰਲੇਪ ਨਹੀਂ ਰਿਹਾ, ਇੱਕ ਖਾਸ ਧਿਰ ਨਾਲ ਜੁੜਦਾ ਜਾ ਰਿਹਾ ਹੈ। ਇਸ ਧਿਰ ਦਾ ਅਸਲੀ ਆਗੂ ਕੌਣ ਹੈ, ਸਭ ਨੂੰ ਪਤਾ ਹੈ, ਪਰ ਅਮਲ ਵਿਚ ਇਜ਼ਰਾਈਲ ਦੇ ਨੇਤਨਯਾਹੂ ਨੂੰ ਇੱਕ ਮੋਰਚੇ ਦਾ ਲੀਡਰ ਬਣਾ ਕੇ ਉਭਾਰਿਆ ਜਾ ਰਿਹਾ ਹੈ, ਜਿਸ ਨਾਲ ਸੰਸਾਰ ਨਕਸ਼ੇ ਉਤੇ ਇਸਲਾਮੀ ਦੇਸ਼ਾਂ ਵਿਚਾਲੇ ਸਥਿਤ ਭਾਰਤ ਵੀ ਕੁਝ ਖਾਸ ਧਾਰਨਾਵਾਂ ਦੇ ਵਹਿਣ ਵਿਚ ਵਹਿੰਦਾ ਜਾਂਦਾ ਜਾਪਣ ਲੱਗਾ ਹੈ।
ਜਦੋਂ ਦੂਜੀ ਸੰਸਾਰ ਜੰਗ ਹੋਈ ਤਾਂ ਉਸ ਨਾਲ ਭਾਰਤ ਦਾ ਕੋਈ ਸਿੱਧਾ ਵਾਸਤਾ ਨਹੀਂ ਸੀ, ਇਸ ਦੇਸ਼ ਉਤੇ ਰਾਜ ਕਰਨ ਵਾਲੇ ਬ੍ਰਿਟਿਸ਼ ਸਾਮਰਾਜ ਦਾ ਸੰਸਾਰ ਜੰਗ ਵਿਚ ਕੁੱਦਣਾ ਭਾਰਤ ਨੂੰ ਭੁਗਤਣਾ ਪਿਆ ਸੀ। ਸੰਸਾਰ ਜੰਗ ਵਿਚ ਭਾਰਤ ਦੇ 87 ਹਜ਼ਾਰ ਲੋਕ ਜੰਗ ਲੜਦੇ ਮੌਤ ਦੀ ਝੋਲੀ ਜਾ ਪਏ ਸਨ ਅਤੇ ਇਸ ਦੌਰਾਨ ਜੰਗ ਦੇ ਨਾਲ ਸਿਰ ਪਈਆਂ ਹੋਰ ਮੁਸ਼ਕਿਲਾਂ ਕਾਰਨ ਕੁੱਲ ਮੌਤਾਂ ਦੀ ਗਿਣਤੀ 31 ਲੱਖ ਨੂੰ ਟੱਪ ਗਈ ਸੀ।
ਪੰਜਾਬੀ ਦਾ ਮੁਹਾਵਰਾ ਹੈ, ‘ਗਧੇ ਨੂੰ ਸੋਟਾ ਤੇ ਰਾਕੀ ਨੂੰ ਸੈਨਤ।’ ਜੋ ਕੌਮਾਂ ਗਧੇ ਵਾਂਗ ਸੋਟੇ ਖਾਣ ਹੀ ਗਿੱਝ ਜਾਂਦੀਆਂ ਹਨ ਤੇ ਰਾਕੀ (ਘੋੜੇ) ਵਾਂਗ ਸਮੇਂ ਦੀ ਸੈਨਤ ਨਹੀਂ ਸਮਝ ਸਕਦੀਆਂ, ਉਨ੍ਹਾਂ ਨੂੰ ਮੁੜ-ਮੁੜ ਸੰਤਾਪ ਹੰਢਾਉਣਾ ਪੈ ਜਾਂਦਾ ਹੈ। ਭਾਰਤ ਇਸ ਵਕਤ ਉਸੇ ਸੰਤਾਪ ਦੀ ਸੜਕੇ ਪੈਂਦਾ ਜਾਪਦਾ ਹੈ। ਬਦਕਿਸਮਤੀ ਇਹ ਵੀ ਹੈ ਕਿ ਨਵੀਂ ਹੋ ਰਹੀ ਸੰਸਾਰ ਕਤਾਰਬੰਦੀ ਦੌਰਾਨ ਜਿਸ ਭਾਰਤ ਦਾ ਨਾਂ ਇੱਕ ਧਿਰ ਨਾਲ ਜੋੜਿਆ ਜਾਂਦਾ ਹੈ, ਉਸ ਦਾ ਅਜੋਕਾ ਲੀਡਰ ਦੇਸ਼ ਬੇਸ਼ੱਕ ਇਜ਼ਰਾਈਲ ਹੈ ਅਤੇ ਕਤਾਰਬੰਦੀ ਦਾ ਆਗੂ ਉਥੋਂ ਦਾ ਪ੍ਰਧਾਨ ਮੰਤਰੀ ਯੇਤਨਯਾਹੂ ਜਾਪਦਾ ਹੈ, ਪਰ ਇਹ ਅਗਵਾਈ ਪੱਕੀ ਨਹੀਂ, ਅੱਗੋਂ ਇਸ ਅਗਵਾਈ ਦਾ ਛੱਜ ਖਿਸਕਦਾ ਭਾਰਤ ਦੇ ਵਿਹੜੇ ਵੱਲ ਆ ਰਿਹਾ ਹੈ।
ਸਿਆਣੇ ਕਹਿੰਦੇ ਹੁੰਦੇ ਸਨ ਕਿ ਸੁੱਤੇ ਨੂੰ ਹਲੂਣ ਕੇ ਜਗਾਇਆ ਜਾ ਸਕਦਾ ਹੈ, ਪਰ ਜੋ ਘੇਸਲ ਮਾਰ ਕੇ ਪਿਆ ਹੋਵੇ, ਉਸ ਬੰਦੇ ਨੂੰ ਉਠਾਉਣਾ ਔਖਾ ਹੁੰਦਾ ਹੈ। ਅੱਜ ਦੇ ਹਾਲਾਤ ਵਿਚ ਵੀ ਕਈ ਲੋਕਾਂ ਨੇ ਘੇਸਲ ਮਾਰੀ ਪਈ ਹੈ।