ਕਿੱਥੇ ਹੈ ਨਵਾਬ ਦੌਲਤ ਖਾਨ ਲੋਧੀ ਦੀ ਖਵਾਬਗਾਹ?

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਸੁਲਤਾਨਪੁਰ ਲੋਧੀ ਦੇ ਪੁਨਰ ਜਨਮ ਅਤੇ ਪੁਨਰ ਸਿਰਜਣਾ ਵਿਚ ਨਵਾਬ ਦੌਲਤ ਖਾਨ ਲੋਧੀ ਦਾ ਬਹੁਤ ਵੱਡਾ ਯੋਗਦਾਨ ਹੈ। ਤਮਸਵਨ ਦੇ ਨਾਂ ਥੱਲੇ ਵੱਸਿਆ ਬੋਧੀ ਧਰਮ ਦਾ ਅਹਿਮ ਕੇਂਦਰ ਹੋਣ ਦੀ ਸਜ਼ਾ ਪਾਉਣ ਪਿਛੋਂ ਇਹ ਅਹਿਮ ਸ਼ਹਿਰ ਇੱਕ ਵਾਰੀ ਤਾਂ ਪੂਰੀ ਤਰ੍ਹਾਂ ਉਜੜ-ਪੁੱਜੜ ਗਿਆ ਸੀ, ਪਰ ਪੁਰਾਤਨ ਖੰਡਰਾਂ ‘ਤੇ ਭਾਵੇਂ ਮਹਿਮੂਦ ਗਜ਼ਨਵੀ ਦੇ ਇੱਕ ਫੌਜਦਾਰ ਸੁਲਤਾਨ ਖਾਨ ਨੇ ਇਸ ਨੂੰ ਮੁੜ ਵਸਾਇਆ ਹੋਵੇ ਜਾਂ ਕਿਸੇ ਸੁਲਤਾਨ ਲੋਧੀ ਨੇ, ਇਸ ਨੂੰ ਕਮਾਲ ਦੀ ਪ੍ਰਸਿੱਧੀ ਤੱਕ ਪਹੁੰਚਾਉਣ ਵਾਲਾ ਤਾਂ ਨਵਾਬ ਦੌਲਤ ਖਾਨ ਲੋਧੀ ਹੀ ਸੀ।

ਇਹ ਸਮਾਂ 1470-75 ਈਸਵੀ ਦੇ ਕਰੀਬ ਦਾ ਹੋ ਸਕਦਾ ਹੈ, ਜਦੋਂ ਦੌਲਤ ਖਾਨ ਲੋਧੀ ਨੇ ਸੁਲਤਾਨਪੁਰ ਲੋਧੀ ਨੂੰ ਆਪਣਾ ਦੌਲਤਖਾਨਾ ਬਣਾ ਲਿਆ। ਕਈ ਇਤਿਹਾਸਕਾਰ ਮੰਨਦੇ ਹਨ ਕਿ ਲੋਧੀ ਸਲਤਨਤ ਦੇ ਸਮੇਂ ਪੰਜਾਬ ਛੇ ਇਕਾਈਆਂ-ਮੁਲਤਾਨ, ਦਿਪਾਲਪੁਰ, ਲਾਹੌਰ, ਜਲੰਧਰ, ਸਰਹਿੰਦ ਅਤੇ ਸਮਾਣਾ ਵਿਚ ਵੰਡਿਆ ਹੋਇਆ ਸੀ। ਇਨ੍ਹਾਂ ਦਾ ਆਪਣਾ ਆਪਣਾ ਹਾਕਮ/ਗਵਰਨਰ ਸੀ। ਨਵਾਬ ਦੌਲਤ ਖਾਨ ਲੋਧੀ ਜਲੰਧਰ-ਦੁਆਬ ਦਾ ਗਵਰਨਰ ਸੀ ਤੇ ਉਸ ਨੇ ਸੁਲਤਾਨਪੁਰ ਲੋਧੀ ਨੂੰ ਸਦਰੇ-ਮੁਕਾਮ ਬਣਾਇਆ ਹੋਇਆ ਸੀ ਅਤੇ ਉਸ ਦਾ ਦੌਲਤਖਾਨਾ ਵੀ ਇਥੇ ਹੀ ਸੀ। ਪਿੱਛੋਂ ਦੌਲਤ ਖਾਨ ਲੋਧੀ ਪੇਸ਼ਾਵਰ ਦੇ ਪਰਬਤੀ ਇਲਾਕੇ ਦੇ ਇੱਕ ਸ਼ਕਤੀਸ਼ਾਲੀ ਕਬੀਲੇ ‘ਰੋਹ’ ਨਾਲ ਸਬੰਧਿਤ ਸੀ।
ਕੁਝ ਇਤਿਹਾਸਕਾਰਾਂ ਅਨੁਸਾਰ ਨਵਾਬ ਦੌਲਤ ਖਾਨ ਲੋਧੀ ਦਾ ਪਿਤਾ ਤਾਤਾਰ ਖਾਨ ਯੂਸਫ ਖਲੀਲ ਲਾਹੌਰ ਦਾ ਹਾਕਮ ਸੀ ਅਤੇ ਉਸ ਨੇ ਆਪਣੇ ਪੁੱਤਰ ਦੌਲਤ ਖਾਨ ਨੂੰ ਸੁਲਤਾਨਪੁਰ ਇੱਕ ਜਗੀਰ ਵਜੋਂ ਦਿੱਤੀ ਹੋਈ ਸੀ। ਕੁਝ ਵੀ ਹੋਵੇ, ਪਰ ਇਹ ਦੌਲਤ ਖਾਨ ਲੋਧੀ ਸੀ ਬੜਾ ਚੇਤੰਨ ਵਿਅਕਤੀ ਅਤੇ ਚੰਗੇ ਸੁਹਜ ਸੁਆਦ ਦਾ ਮਾਲਕ। ਉਸ ਨੇ ਆਪਣੇ ਆਲੇ-ਦੁਆਲੇ ਦੀਆਂ ਪ੍ਰਸ਼ਾਸਨਕ ਇਕਾਈਆਂ ਨਾਲ ਆਪਣੀ ਵਪਾਰਕ ਸਾਂਝ ਕਾਇਮ ਕੀਤੀ।
ਸ਼ਾਹ ਮਾਰਗ ‘ਤੇ ਹੋਣ ਕਰਕੇ ਸੁਲਤਾਨਪੁਰ ਲੋਧੀ ਛੇਤੀ ਹੀ ਮੁੜ ਤਰੱਕੀ ਦੇ ਰਾਹ ਪੈ ਗਿਆ। ਦੂਰੋਂ ਦੂਰੋਂ ਇੱਥੇ ਦਸਤਕਾਰੀ ਦੇ ਕਾਰੀਗਰ ਲੋਕ ਧਨ-ਦੌਲਤ ਕਮਾਉਣ ਆਉਂਦੇ ਤੇ ਬਹੁਤੀ ਵਾਰੀ ਇੱਥੇ ਹੀ ਟਿਕ ਜਾਂਦੇ। ਦੌਲਤ ਖਾਨ ਨੇ ਸ਼ਹਿਰ ਦੀ ਕਿਲਾ ਬੰਦੀ ਕਰਕੇ ਇਸ ਦਾ ਸੁਰੱਖਿਆ ਢਾਂਚਾ ਮਜ਼ਬੂਤ ਕਰ ਲਿਆ ਅਤੇ ਇਸ ਦੇ ਬਾਹਰਲੇ ਪਾਸੇ ਬਾਗ-ਬਗੀਚੇ ਵਿਕਸਿਤ ਕੀਤੇ। ਜਰਖੇਜ਼ ਇਲਾਕਾ ਸੀ ਅਤੇ ਵੇਈਂ ਦਾ ਕੰਢਾ ਤੇ ਦਰਿਆ ਦੇ ਨੇੜੇ ਹੋਣ ਕਰਕੇ ਇਹ ‘ਬਲਿਹਾਰੀ ਕੁਦਰਤ ਵਸਿਆ’ ਦਾ ਨਮੂਨਾ ਬਣਨ ਲੱਗਾ।
ਦੌਲਤ ਖਾਨ ਨੇ ਇਥੇ ਇਸਲਾਮਿਕ ਅਤੇ ਵਿਹਾਰਕ ਤਾਲੀਮ ਦੇ ਵਿਦਿਆਲੇ ਤੇ ਮਦਰੱਸੇ ਖੋਲ੍ਹਣ ਅਤੇ ਪ੍ਰਫੁਲਿਤ ਕਰਨ ਹਿੱਤ ਵੀ ਹੱਲਾਸ਼ੇਰੀ ਦਿੱਤੀ। ਨਵਾਬ ਦੌਲਤ ਖਾਨ ਜਿੱਥੇ ਇੱਕ ਕਾਬਲ ਪ੍ਰਸ਼ਾਸਕ ਸੀ, ਉਥੇ ਉਹ ਸ਼ਕਤੀਸ਼ਾਲੀ ਅਤੇ ਸਖਤ ਪ੍ਰਬੰਧਕ ਵੀ ਸੀ। ਉਹ ਸੀ ਭਾਵੇਂ ਦਿੱਲੀ ਸਲਤਨਤ ਦੇ ਅਧੀਨ, ਪਰ ਉਹ ਪੂਰਨ ਆਤਮ-ਨਿਰਭਰ ਹੋ ਕੇ ਚੱਲਦਾ ਸੀ। ਉਹ ਆਪਣੇ ਅਧੀਨ ਆਉਂਦੇ ਪਿੰਡਾਂ-ਕਸਬਿਆਂ ਵਿਚੋਂ ਮਾਲੀਆ ਇਕੱਠਾ ਕਰਨ ਵਿਚ ਰਤਾ ਲਾਪਰਵਾਹੀ ਨਹੀਂ ਸੀ ਹੋਣ ਦਿੰਦਾ। ਇਹੀ ਵਜ੍ਹਾ ਹੈ ਕਿ ਉਸ ਦਾ ਮੋਦੀਖਾਨਾ ਐਡਾ ਵੱਡਾ ਸੀ ਕਿ ਉਸ ਦਾ ਇੰਤਜ਼ਾਮ ਆਮ ਆਦਮੀ ਨਹੀਂ ਸੀ ਕਰ ਸਕਦਾ।
ਗੁਰੂ ਨਾਨਕ ਦੇਵ ਜੀ ਦਾ ਪਿੰਡ ਰਾਇ ਭੋਇੰ ਤਲਵੰਡੀ ਵੀ ਮਾਲੀਆ ਉਗਰਾਹੁਣ ਪੱਖੋਂ ਸੁਲਤਾਨਪੁਰ ਲੋਧੀ ਦੇ ਅਧੀਨ ਹੀ ਸੀ। ਜੈ ਰਾਮ ਉਪਲ ਨਵਾਬ ਦੌਲਤ ਖਾਨ ਦਾ ਖਾਸ ਅਹੁਦੇਦਾਰ ਸੀ, ਜੋ ਅਕਸਰ ਰਾਏ ਬੁਲਾਰ ਅਤੇ ਕਲਿਆਣ ਰਾਏ ਕੋਲ ਬਣਦਾ ਮਾਲੀਆ ਆਦਿ ਵਸੂਲਣ ਲਈ ਤਲਵੰਡੀ ਜਾਂਦਾ-ਆਉਂਦਾ ਰਹਿੰਦਾ ਸੀ। ਰਾਏ ਬੁਲਾਰ ਨੂੰ ਜੈ ਰਾਮ ਚੰਗੀ ਸੂਰਤ-ਸੀਰਤ ਵਾਲਾ ਸ਼ਖਸ ਲੱਗਾ ਤੇ ਉਸ ਨੇ ਮਹਿਤਾ ਕਾਲੂ ਨੂੰ ਇਸ ਰਿਸ਼ਤੇ ਦੀ ਸਲਾਹ ਦਿੱਤੀ।
ਸਮਾਂ ਪਾ ਕੇ ਹੋ ਸਕਦੈ ਉਸ ਨੇ ਹੀ ਗੁਰੂ ਨਾਨਕ ਦੇਵ ਜੀ ਵਰਗੀ ਰੱਬੀ ਰਮਜ਼ਾਂ ਵਿਚ ਖੁੱਭੀ ਰਹਿੰਦੀ ਸ਼ਖਸੀਅਤ ਨੂੰ ਲੋੜ ਤੋਂ ਵੱਧ ਦੁਨਿਆਵੀ ਪਿਤਾ ਦੇ ਸਾਏ ਤੋਂ ਦੂਰ ਕਰਨ ਲਈ ਜੈ ਰਾਮ ਉਪਲ ਨੂੰ ਗੁਰੂ ਜੀ ਨੂੰ ਸੁਲਤਾਨਪੁਰ ਲੋਧੀ ਲੈ ਜਾਣ ਦੀ ਸਲਾਹ ਦਿੱਤੀ ਹੋਵੇ।
ਜਦੋਂ ਜੈ ਰਾਮ ਨੇ ਉਨ੍ਹਾਂ ਨੂੰ ਨਵਾਬ ਨਾਲ ਮਿਲਾਇਆ ਤਾਂ ਨਵਾਬ ਨੂੰ ਗੁਰੂ ਜੀ ਦੀ ਸ਼ਖਸੀਅਤ ਨੇ ਵਾਹਵਾ ਪ੍ਰਭਾਵਤ ਕੀਤਾ ਅਤੇ ਉਸ ਨੇ ਗੁਰੂ ਨਾਨਕ ਨੂੰ ਉਨ੍ਹਾਂ ਦੀ ਵਿਦਵਤਾ ਅਤੇ ਸ਼ਖਸੀਅਤ ਮੁਤਾਬਕ ਮੋਦੀਖਾਨੇ ਦੀ ਜਿੰਮੇਵਾਰੀ ਦੇ ਦਿੱਤੀ। ਗੁਰੂ ਜੀ ਸੁਲਤਾਨਪੁਰ ਲੋਧੀ ਕਿਸ ਉਮਰ ਵਿਚ ਆਏ ਅਤੇ ਇਥੇ ਕਿੰਨੇ ਸਾਲ ਰਹੇ, ਪੱਕੇ ਤੌਰ ‘ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹਾਂ, ਇਹੀ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਇਥੇ ਲੰਬਾ ਸਮਾਂ ਰਹੇ। ਭਾਈ ਮਰਦਾਨਾ ਵੀ ਆਉਂਦਾ-ਜਾਂਦਾ ਰਹਿੰਦਾ ਤੇ ਆਪਣੀ ਬੇਟੀ ਦੀ ਸ਼ਾਦੀ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਵੀ ਨਵਾਬ ਕੋਲ ਨੌਕਰੀ ਦੁਆ ਦਿੱਤੀ।
ਹੁਣ ਸਾਰੇ ਖੁਸ਼ ਸਨ-ਰਾਏ ਬੁਲਾਰ ਵੀ, ਮਹਿਤਾ ਕਾਲੂ ਵੀ, ਸੁਲੱਖਣੀ ਤੇ ਬੱਚੇ ਵੀ ਅਤੇ ਭਾਈਆ ਜੈ ਰਾਮ ਤੇ ਭੈਣ ਨਾਨਕੀ ਵੀ; ਪਰ ਗੁਰੂ ਨਾਨਕ ਦੇਵ ਧੁਰ-ਅੰਦਰੋਂ ਕਿਸੇ ਹੋਰ ਪ੍ਰਯੋਜਨ ਬਾਰੇ ਗਹਿਰੀ ਸੋਚ ਵਿਚ ਪਏ ਰਹਿੰਦੇ। ਰੋਜ਼ ਸਵੇਰੇ ਸਾਜਰੇ ਉਠਦੇ, ਪਰਮਾਤਮਾ ਦਾ ਚਿੰਤਨ ਕਰਦੇ, ਵੇਈਂ ‘ਤੇ ਇਸ਼ਨਾਨ ਕਰਦੇ ਅਤੇ ਆਪਣੇ ਕੰਮ ਵਿਚ ਰੁੱਝ ਜਾਂਦੇ। ਰਾਤ ਨੂੰ ਦੇਰ ਗਈ ਤੱਕ ਕੀਰਤਨ ਅਤੇ ਅਧਿਆਤਮਕ ਵਿਚਾਰਾਂ ਹੁੰਦੀਆਂ ਰਹਿੰਦੀਆਂ। ਸੁਲਤਾਨਪੁਰ ਵਿਚ ਉਸ ਸਮੇਂ ਗੁੱਝੀਆਂ ਰਮਜ਼ਾਂ ਪਾਉਣ ਵਾਲੇ ਅਤੇ ਸਮਝਣ ਵਾਲੇ ਸਾਧ ਵੀ ਵੇਈਂ ਦੇ ਕੰਢੇ ਡੇਰੇ ਲਾਈ ਬੈਠੇ ਸਨ। ਇਸਲਾਮਿਕ ਸਿੱਖਿਆ ਦਾ ਕੇਂਦਰ ਹੋਣ ਕਰਕੇ ਇੱਥੇ ਪਰਮਾਰਥ ਦੀਆਂ ਬਾਤਾਂ ਪਾਉਣ ਵਾਲੇ ਉਲੇਮਾ ਅਤੇ ਪ੍ਰਬੁੱਧ ਵੀ ਆਉਂਦੇ ਰਹਿੰਦੇ।
ਗੁਰੂ ਜੀ ਨੂੰ ਆਪਣੇ ਭਵਿੱਖ ਦੇ ਰਸਤੇ ਬਾਰੇ ਕੁਝ ਕੁਝ ਚਾਨਣਾ ਹੋਣ ਲੱਗਾ ਸੀ। ਫਿਰ ਅਚਾਨਕ ਇੱਕ ਦਿਨ ਵੇਈਂ ਵਿਚ ਪ੍ਰਵੇਸ਼ ਕਰਨ ਉਪਰੰਤ ਉਨ੍ਹਾਂ ਨੂੰ ਐਸਾ ਅਨੁਭਵ ਹੋਇਆ ਕਿ ਤਿੰਨ ਦਿਨ ਅਗਿਆਤਵਾਸ ਹੋ ਕੇ ਆਤਮ ਚਿੰਤਨ ਕਰਦੇ ਰਹੇ। ਇਸ ਪ੍ਰਕ੍ਰਿਆ ਵਿਚੋਂ ਨਿਕਲਣ ਪਿਛੋਂ ਉਨ੍ਹਾਂ ਉਚਾਰਿਆ ‘ਏਕੋ ਸਿਮਰੋ ਨਾਨਕਾ, ਦੂਜਾ ਨਾਹੀਂ ਕੋਇ’ ਅਤੇ ‘ਨ ਕੋ ਹਿੰਦੂ, ਨ ਮੁਸਲਮਾਨ।’
ਅੱਜ ਆਜ਼ਾਦ ਭਾਰਤ ‘ਚ ਸ਼ਾਇਦ ਇਹ ਪ੍ਰਵਚਨ ਏਨੇ ਇਨਕਲਾਬੀ ਨਾ ਲੱਗਣ, ਪਰ ਅਫਗਾਨੀ-ਮੁਸਲਮਾਨੀ-ਮੁਗਲ ਰਾਜ ਵਿਚ ਇਹ ਬਹੁਤ ਵੱਡੀ ਗੱਲ ਸੀ, ਜਦੋਂਕਿ ਸਮਕਾਲ ਵਿਚ ਹੀ ਲਖਨਊ ਨੇੜੇ ਪੈਂਦੇ ਪਿੰਡ ਕਨੇਰ ਦੇ ਇੱਕ ਬ੍ਰਾਹਮਣ ਨੂੰ ਇਬਰਾਹੀਮ ਲੋਧੀ ਨੇ ਕਾਜ਼ੀ ਦੇ ਫਤਵਾ ਦੇਣ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਨੇ ਸਿਰਫ ਇਹੀ ਕਿਹਾ ਸੀ, “ਠੀਕ ਹੈ ਇਸਲਾਮ ਧਰਮ ਬਹੁਤ ਚੰਗਾ ਹੈ, ਪਰ ਹਿੰਦੂ ਧਰਮ ਵੀ ਮਾੜਾ ਨਹੀਂ।”
ਕਾਜ਼ੀ ਦੇ ਕਹੇ ‘ਤੇ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਦੇਵ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ। ਉਨ੍ਹਾਂ ਦੇ ਨਾਂਹ ਕਰਨ ‘ਤੇ ਗੁੱਸਾ ਕਰਨ ਦੀ ਥਾਂ ਇੱਕ ਵਾਰੀ ਫੇਰ ਸਖਤ ਹੁਕਮ ਭੇਜਿਆ। ਕਾਜ਼ੀ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਦਿੱਤਾ। ਗੁਰੂ ਨਾਨਕ ਦੇਵ ਨੂੰ ਨਮਾਜ਼ ਵਿਚ ਸ਼ਾਮਲ ਹੋਣ ਲਈ ਕਿਹਾ ਤਾਂ ਕਿ ਉਨ੍ਹਾਂ ਦੀ ਧਰਮ-ਨਿਰਪੱਖਤਾ ਪਰਖੀ ਜਾ ਸਕੇ। ਗੁਰੂ ਜੀ ਵੱਲੋਂ ਨਮਾਜ਼ ਰੂਹੋਂ ਅਤੇ ਧੁਰ ਅੰਦਰੋਂ ਕਰਨ ਦੀ ਗੱਲ ਨੇ ਉਥੇ ਹਾਜ਼ਰ ਸਯੀਅਦਾਂ, ਸ਼ੇਖਾਂ, ਮੁਫਤੀਆਂ, ਖਾਨਾਂ, ਮੇਹਰਾਂ, ਮੁਕੱਦਮਾਂ, ਕਾਜ਼ੀਆਂ ਅਤੇ ਨਵਾਬ ਸਮੇਤ ਸਭ ਨੂੰ ਇਸ ਤਰ੍ਹਾਂ ਕੀਲ ਲਿਆ, ਜਿਵੇਂ ਕੋਈ ਦੈਵੀ ਚਾਨਣ ਹੋ ਗਿਆ ਹੋਵੇ। ਸਾਖੀਕਾਰਾਂ ਮੁਤਾਬਕ ਨਵਾਬ ਦੌਲਤ ਖਾਨ ਕਹਿ ਉਠਿਆ, “ਉਸ ਵਿਚੋਂ ਤਾਂ ਅੱਲਾ ਬੋਲਦੈ।” ਮੈਕਾਲਫ ਅਨੁਸਾਰ ਇਹ ਦੌਲਤ ਖਾਨ ਦੀ ਉਦਾਰਤਾ ਸੀ ਕਿ ਉਸ ਨੇ ਸ਼ਾਹੀ ਕਾਜ਼ੀ ਨਾਲ ਗੁਰੂ ਜੀ ਨੂੰ ਖੁਲ੍ਹ ਕੇ ਵਿਚਾਰਾਂ ਕਰਨ ਦਾ ਮੌਕਾ ਦਿੱਤਾ ਅਤੇ ਇਸ ਨਾਜ਼ੁਕ ਮਸਲੇ ਨੂੰ ਦਿੱਲੀ ਤੱਕ ਨਾ ਪਹੁੰਚਣ ਦਿੱਤਾ।
ਛੇਤੀ ਹੀ ਗੁਰੂ ਜੀ ਉਦਾਸੀਆਂ ‘ਤੇ ਚੱਲ ਪਏ ਅਤੇ ਦੌਲਤ ਖਾਨ ਨੂੰ ਵੀ 1504 ਦੇ ਕਰੀਬ ਲਾਹੌਰ ਦਾ ਗਵਰਨਰ ਬਣਾ ਦਿੱਤਾ ਗਿਆ। ਦੌਲਤ ਖਾਨ ਕਰੀਬ 20 ਸਾਲ ਗਵਰਨਰ ਰਿਹਾ। ਇਸ ਸਮੇਂ ਵਿਚ ਉਸ ਦੀ ਲੋਧੀ ਸੁਲਤਾਨ ਨਾਲ ਵਿਗੜ ਗਈ ਤੇ ਉਸ ਨੇ ਬਾਬਰ ਨੂੰ ਹਮਾਇਤ ਦੇਣ ਦਾ ਯਕੀਨ ਦਿੰਦਿਆਂ ਹਿੰਦੁਸਤਾਨ ਦੇ ਇਸ ਹਿੱਸੇ ‘ਤੇ ਹਮਲਾ ਕਰਨ ਲਈ ਉਕਸਾਇਆ। ਬਾਬਰ ਪੰਜਾਬ ‘ਤੇ ਕਾਬਜ਼ ਹੋਣ ਪਿਛੋਂ ਦੌਲਤ ਖਾਨ ਲੋਧੀ ਨਾਲ ਉਹ ਕੌਲ ਨਾ ਨਿਭਾ ਸਕਿਆ, ਜਿਸ ਦੀ ਦੌਲਤ ਖਾਨ ਨੂੰ ਉਮੀਦ ਸੀ। ਉਹ ਤਾਂ ਸਾਰੇ ਪੰਜਾਬ ਦਾ ਹਾਕਮ ਬਣਨਾ ਚਾਹੁੰਦਾ ਸੀ, ਪਰ ਮਿਲਿਆ ਉਸ ਨੂੰ ਫਿਰ ਜਲੰਧਰ ਦੁਆਬ ਅਤੇ ਲਾਹੌਰ ਹੀ। ਉਸ ਦੇ ਦੋ ਲੜਕੇ ਵੀ ਉਸ ਨਾਲ ਦਗਾ ਕਮਾ ਗਏ। ਇਸ ਲਈ ਉਸ ਨੇ ਬਾਬਰ ਦੇ ਵਾਪਿਸ ਜਾਣ ‘ਤੇ ਉਸ ਖਿਲਾਫ ਕਾਰਵਾਈਆਂ ਅਰੰਭ ਦਿੱਤੀਆਂ। ਬਾਬਰ ਦੇ ਪੰਜਵੇਂ ਹੱਲੇ ‘ਤੇ ਦੌਲਤ ਖਾਨ ਆਪਣੇ ਮੁੰਡੇ ਗਾਜ਼ੀ ਖਾਨ ਸਮੇਤ ਹੁਸ਼ਿਆਰਪੁਰ ਨਜ਼ਦੀਕ ਕਿਲਾ ਮਲੌਟ ਵਿਚ ਜਾ ਲੁਕਿਆ, ਪਰ ਛੇਤੀ ਹੀ ਬਾਬਰ ਨੇ ਉਸ ਨੂੰ ਉਥੇ ਜਾ ਦਬੋਚਿਆ। ਉਸ ਦਾ ਲੜਕਾ ਗਾਜ਼ੀ ਖਾਨ ਤਾਂ ਬਚ ਨਿਕਲਿਆ, ਪਰ ਦੌਲਤ ਖਾਨ ਫੜਿਆ ਗਿਆ।
ਭਾਈ ਗੁਰਦਾਸ ਨਵਾਬ ਦੌਲਤ ਖਾਨ ਲੋਧੀ ਬਾਰੇ ਕਹਿੰਦੇ ਹਨ,
ਨਵਾਬ ਦੌਲਤ ਖਾਨ ਲੋਦੀ ਭਲਾ, ਜਿੰਦ ਪੀਰ ਅਬਿਨਾਸ਼ੀ।
ਭਾਈ ਕਿਰਪਾਲ ਸਿੰਘ (ਜਨਮ ਸਾਖੀ ਪਰੰਪਰਾ) ਅਨੁਸਾਰ ਹੋ ਸਕਦਾ ਹੈ ਕਿ ‘ਜਿੰਦ ਪੀਰ ਅਬਿਨਾਸ਼ੀ’ ਕੋਈ ਹੋਰ ਵਿਅਕਤੀ ਹੋਵੇ। ਭਾਈ ਰਣਧੀਰ ਸਿੰਘ ਦਾ ਵਿਚਾਰ ਹੈ ਕਿ ਸ਼ੇਖ ਸਦਰ-ਉਦ-ਦੀਨ ਜਿੰਦ ਪੀਰ ਉਸ ਵੇਲੇ ਸੁਲਤਾਨਪੁਰ ਦਾ ਕਾਜ਼ੀ ਸੀ, ਜਦੋਂ ਗੁਰੂ ਨਾਨਕ ਸਾਹਿਬ ਨਮਾਜ਼ ਪੜ੍ਹਨ ਲਈ ਮਸੀਤ ਵਿਚ ਬੁਲਾਏ ਗਏ।
ਉਂਜ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਨਵਾਬ ਦੌਲਤ ਖਾਨ ਲੋਧੀ ਕਈ ਪੱਖਾਂ ਤੋਂ ਭਲਾ ਬੰਦਾ ਸੀ। ਬਾਬਰਨਾਮੇ ਅਨੁਸਾਰ ਬਾਬਰ ਵੀ ਉਸ ਨੂੰ ‘ਅੱਬਾ’ ਕਹਿ ਕੇ ਬੁਲਾਉਂਦਾ ਸੀ। ਪਹਿਲੇ ਹਮਲੇ ਪਿਛੋਂ ਬਾਬਰ ਦੇ ਖਿਲਾਫ ਅਪਨਾਈ ਗਈ ਨੀਤੀ ਸਦਕਾ ਉਸ ਨੂੰ ਰਾਜਨੀਤਕ ਇਤਿਹਾਸ ਵਿਚ ਜ਼ਿੱਲਤ ਜ਼ਰੂਰ ਸਹਿਣੀ ਪਈ, ਪਰ ਅਖੀਰ ਵਿਚ ਜਦੋਂ ਉਹ ਕਿਲਾ ਮਲੋਟ ਤੋਂ ਫੜਿਆ ਗਿਆ, ਉਸ ਨੇ ਯੋਧਿਆਂ ਵਾਂਗ ਦੋ ਤਲਵਾਰਾਂ ਪਹਿਨ ਰੱਖੀਆਂ ਸਨ। ਬਾਬਰ ਆਖਰੀ ਸਮੇਂ ਉਸ ਦਾ ਸਿਰ ਕਲਮ ਕਰਨ ਦਾ ਹੁਕਮ ਵੀ ਦੇ ਸਕਦਾ ਸੀ, ਪਰ ਉਸ ਨੇ ਉਸ ਨੂੰ ਫਿਰ ਮੁਆਫ ਕਰ ਦਿੱਤਾ।
ਪ੍ਰੋ. ਹਰਬੰਸ ਸਿੰਘ ਅਨੁਸਾਰ ਉਹ ਪਿਛੋਂ ਗੁੰਮਨਾਮ ਮੌਤ ਮਰਿਆ। ਬਾਬਰਨਾਮੇ ਅਨੁਸਾਰ ਉਸ ਦਾ ਦਿਹਾਂਤ 1526 ਵਿਚ ਸੁਲਤਾਨਪੁਰ ਲੋਧੀ ਵਿਖੇ ਹੀ ਹੋਇਆ। ਬੀਵਰੇਜ ਦੇ ਕਹਿਣ ਅਨੁਸਾਰ ਉਸੇ ਹੀ ਸ਼ਹਿਰ ਵਿਚ, ਜੋ ਉਸ ਨੇ ਬੁਲੰਦਗੀ ‘ਤੇ ਲਿਆਂਦਾ ਸੀ। ਸੁਲਤਾਨਪੁਰ ਲੋਧੀ ਵਿਚ ਕਿੱਥੇ ਹੋਵੇਗੀ ਉਸ ਦੀ ਖਵਾਬਗਾਹ, ਕੋਈ ਨਹੀਂ ਜਾਣਦਾ।