ਯੂਰਪੀਅਨ ਰੈਨੇਸਾਂਸ ਦੇ ਸੰਦਰਭ ਵਿਚ

ਮੱਧਕਾਲੀ ਪੰਜਾਬ ਦੀ ਜਾਗ੍ਰਿਤੀ ਲਹਿਰ ਵਿਚ ਤਰਕ, ਵਿਗਿਆਨ ਤੇ ਵਿਗਿਆਨਕ ਸੋਚ
ਡਾ. ਸੁਖਪਾਲ ਸੰਘੇੜਾ*
*ਪ੍ਰੋਫੈਸਰ ਫਿਜ਼ਿਕਸ ਅਤੇ ਕੰਪਿਊਟਰ ਸਾਇੰਸ
ਪਾਰਕ ਯੂਨੀਵਰਸਿਟੀ, ਯੂ. ਐਸ਼ ਏ.।
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਮੱਧਕਾਲੀ ਯੁੱਗ ਦੌਰਾਨ ਯੂਰਪ ਤੇ ਪੰਜਾਬ ਵਿਚ ਇੱਕੋ ਸਮੇਂ ਦੋ ਲਹਿਰਾਂ ਚੱਲੀਆਂ। ਯੂਰਪ ਵਿਚ ਚੱਲੀ ‘ਰੈਨੇਸਾਂਸ’ (14ਵੀਂ ਸਦੀ ਤੋਂ 17ਵੀਂ ਸਦੀ ਤੱਕ) ਨਾਂ ਦੀ ਜਾਗ੍ਰਿਤੀ ਲਹਿਰ ਅਤੇ ਪੰਜਾਬ ਵਿਚ ਜਾਗ੍ਰਿਤੀ ਲਹਿਰ, ਜਿਹਦੇ ਤਿੰਨ ਹਿੱਸੇ ਸਨ: ਗੁਰੂ ਨਾਨਕ ਦੇਵ (1469-1539) ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਸਿੱਖ ਗੁਰੂ ਸਾਹਿਬਾਨ ਦੀ ਲਹਿਰ, ਭਗਤੀ ਲਹਿਰ ਤੇ ਸੂਫੀ ਲਹਿਰ। ਇਨ੍ਹਾਂ ਤਿੰਨ ਲਹਿਰਾਂ ਵਿਚ ਬੜਾ ਕੁਝ ਸਾਂਝਾ ਸੀ। ਇਸ ਲੇਖ ਵਿਚ ਅਸੀਂ ਯੂਰਪੀਅਨ ਰੈਨੇਸਾਂਸ ਦੇ ਸੰਦਰਭ ਵਿਚ ਪੰਜਾਬ ਜਾਗ੍ਰਿਤੀ ਲਹਿਰ ਵਿਚ ਤਰਕ, ਵਿਗਿਆਨ ਤੇ ਵਿਗਿਆਨਕ ਸੋਚ ਨੂੰ ਵਿਚਾਰਾਂਗੇ।

ਰੈਨੇਸਾਂਸ ਤੇ ਪੰਜਾਬ ਜਾਗ੍ਰਿਤੀ ਵਿਚ ਤਰਕ: ਯੂਰਪੀਅਨ ਰੈਨੇਸਾਂਸ ਲਹਿਰ ਦਾ ਤਾਂ ਜਨਮ ਹੀ ਤਰਕ ਜਾਂ ਦਲੀਲ ਵਿਚੋਂ ਹੋਇਆ, ਕਿਉਂਕਿ ਇਹ ਸਭਿਆਚਾਰਕ ਪੁਨਰ-ਜਨਮ ਜਾਂ ਜਾਗ੍ਰਿਤੀ ਲਹਿਰ ਸੀ, ਜਿਸ ਦੌਰਾਨ ਯੂਰਪ ਦਾ ਅਤੀਤ ਤੇ ਉਦੋਂ ਦਾ ‘ਅੱਜ’ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਵੇਖਿਆ ਤੇ ਪਰਖਿਆ ਜਾਣ ਲੱਗਾ। ਇਸ ਮਾਨਵਵਾਦੀ ਲਹਿਰ ਨੇ ਐਸੇ ਨਾਗਰਿਕ ਤਿਆਰ ਕਰਨ ਦੀ ਯੋਜਨਾ ਉਲੀਕੀ, ਜੋ ਬੜੀ ਅੱਛੀ ਤਰ੍ਹਾਂ ਪੜ੍ਹ-ਲਿਖ ਸਕਣ ਤੇ ਬੜੀ ਸਪਸ਼ਟਤਾ ਨਾਲ ਆਪਣੇ ਵਿਚਾਰ ਪੇਸ਼ ਕਰ ਸਕਣ; ਐਸੇ ਨਾਗਰਿਕ, ਜੋ ਆਪੋ ਆਪਣੇ ਭਾਈਚਾਰਿਆਂ ਵਿਚ ਸਰਗਰਮ ਹੋ ਕੇ ਲੋਕਾਂ ਨੂੰ ਭਲੇ, ਤਰਕਸ਼ੀਲ ਤੇ ਅਕਲਮੰਦ ਕੰਮ ਕਰਨ ਲਈ ਪ੍ਰੇਰਣ। ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕ ਵਿੱਦਿਅਕ ਖੇਤਰ ਸ਼ੁਰੂ ਕੀਤਾ ਗਿਆ, ਜਿਹਨੂੰ ਅੱਜ ਕਲ ਹਿਊਮੈਨਿਟੀਜ਼ ਕਿਹਾ ਜਾਂਦਾ ਹੈ। ਭਾਵੇਂ ਬਾਹਲੇ ਮਾਨਵਵਾਦੀ ਬੁੱਧੀਜੀਵੀ ਧਾਰਮਿਕ ਸਨ, ਪਰ ਚਰਚ ਦੀਆਂ ਕੁਰੀਤੀਆਂ, ਦੁਰਵਰਤੋਂ ਤੇ ਦੁਰਵਿਹਾਰ ਵਿਰੁੱਧ ਤਰਕ ਦਾ ਹੱਲਾ ਬੋਲ ਰਹੇ ਸਨ।
ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕ ਵੀ, ਕਹਿਣੀ-ਕਰਨੀ ਦੇ ਪੂਰੇ ਹੋਣ ਸਦਕਾ, ਸਿਰਫ ਲੇਖਣੀ ਤੇ ਬੋਲਣੀ ਰਾਹੀਂ ਹੀ ਤਰਕਸ਼ੀਲ ਨਹੀਂ ਸਨ, ਸਗੋਂ ਜ਼ਿੰਦਗੀ ਵਿਚ ਵੀ ਤਰਕ ਲਾਗੂ ਕਰਦੇ ਸਨ। ਭਗਤ ਜਨਾਂ ਤੇ ਸੂਫੀਆਂ/ਸੰਤਾਂ ਦੀ ਬਾਣੀ ਸਣੇ ਗੁਰਬਾਣੀ ਵਿਚ ਤਰਕ ਸਿੱਧੇ ਜਾਂ ਅਸਿੱਧੇ ਰੂਪ ਵਿਚ ਥਾਂ ਥਾਂ ਇਹਦੀਆਂ ਜੜ੍ਹਾਂ ਵਿਚ ਪਿਆ ਹੈ। ਪੰਜਾਬ ਜਾਗ੍ਰਿਤੀ ਲਹਿਰ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਤਰਕ ਇੱਕ ਹਥਿਆਰ ਵਜੋਂ ਵਰਤਿਆ।
ਕਰੀਬ ਹਰੇਕ ਤਰਕ ਵਿਚ ਕੋਈ ਮੰਨਿਆ ਸੱਚ ਹੁੰਦਾ ਹੈ, ਜਿਸ ‘ਤੇ ਤਰਕ ਖੜ੍ਹਾ ਹੋਵੇ; ਅਜਿਹੇ ਧਾਰੇ ਹੋਏ ‘ਸੱਚ’ ਨੂੰ ਤਰਕ ਦਾ ਅਹਾਤਾ (ਫਰeਮਸਿeਸ) ਕਿਹਾ ਜਾਂਦਾ ਹੈ। ਮਿਸਾਲ ਵਜੋਂ ਕੋਈ ਧਾਰਮਿਕ ਤਰਕ ਇਹ ਮੰਨ ਕੇ ਤੁਰ ਸਕਦਾ ਹੈ ਕਿ ਸਭ ਕੁਝ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ। ਜੇ ਅਹਾਤੇ ਨੂੰ ਗਲਤ ਸਿੱਧ ਕਰ ਦਿਓ ਤਾਂ ਤਰਕ ਦਾ ਸਾਰਾ ਜੁਗਾੜ ਢਹਿ ਢੇਰੀ ਹੋ ਜਾਂਦਾ ਹੈ। ਇਸ ਹਿਸਾਬ ਨਾਲ ਅਧਿਆਮਤਵਾਦ ਤੇ ਵਿਗਿਆਨ ਦੇ ਪ੍ਰਸੰਗ ਵਿਚ ਤਰਕ ਨੂੰ ਤਿੰਨ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ: (1) ਤਰਕ, ਜਿਹਦਾ ਅਹਾਤਾ ਅਧਿਆਮਤਵਾਦੀ ਜਾਂ ਅਰਧ-ਅਧਿਆਮਤਵਾਦੀ ਹੋਵੇ, ਤੇ ਤਰਕ ਅਧਿਆਮਤਵਾਦ ਦੇ ਘੇਰੇ ਵਿਚ ਹੀ ਰਹੇ; (2) ਤਰਕ, ਜਿਹਦਾ ਅਹਾਤਾ ਅਧਿਆਮਤਵਾਦੀ ਜਾਂ ਅਰਧ-ਅਧਿਆਮਤਵਾਦੀ ਹੋਵੇ, ਪਰ ਤਰਕ ਖੁਦ ਵਿਗਿਆਨਕ ਪਹੁੰਚ ਨੂੰ ਹੱਥ ਲਾ ਆਵੇ; (3) ਤਰਕ, ਜੋ ਸਣੇ ਅਹਾਤਾ ਅਧਿਆਤਮਵਾਦ ਦੇ ਘੇਰੇ ਤੋਂ ਬਾਹਰ ਤੇ ਸਿਰਫ ਵਿਗਿਆਨਕ ਪਹੁੰਚ ‘ਤੇ ਆਧਾਰਿਤ ਹੋਵੇ। ਰੈਨੇਸਾਂਸ ਮਾਨਵਵਾਦੀਆਂ ਤੇ ਪੰਜਾਬ ਲਹਿਰ ਦੇ ਸੰਚਾਲਕਾਂ ਵਿਚ ਤਿੰਨਾਂ ਤਰ੍ਹਾਂ ਦਾ ਤਰਕ ਮਿਲਦਾ ਹੈ।
ਮਿਸਾਲ ਵਜੋਂ ਹਿੰਦੂ ਧਰਮ ਦਾ ਇੱਕ ਪ੍ਰਚਲਿਤ ਵਿਸ਼ਵਾਸ ਹੈ ਕਿ ਤੀਰਥ ਅਸਥਾਨਾਂ ਭਾਵ ਵੱਡੇ ਧਾਰਮਿਕ ਮੰਦਿਰਾਂ ਦੇ ਨਾਲ ਬਣੇ ਸਰੋਵਰਾਂ ਵਿਚ ਨਹਾਉਣ ਨਾਲ ਰੱਬ ਮਿਲ ਜਾਂਦਾ ਹੈ ਜਾਂ ਖੁਸ਼ ਹੋ ਜਾਂਦਾ ਹੈ, ਬੰਦੇ ਦੇ ਪਾਪ ਕੱਟੇ ਜਾਂਦੇ ਹਨ ਤੇ ਮਨੌਤਾਂ ਪੂਰੀਆਂ ਹੁੰਦੀਆਂ ਹਨ; ਖਾਸ ਕਰ ਉਚੇਚੇ ਮੌਕਿਆਂ ‘ਤੇ ਨਹਾਉਣ ਨਾਲ, ਜਿਵੇਂ ਮੱਸਿਆ, ਪੁੰਨਿਆ, ਸੰਗਰਾਂਦ, ਕੁੰਭ ਦੇ ਮੇਲੇ, ਚੰਦ ਤੇ ਸੂਰਜ ਗ੍ਰਹਿਣਾਂ ਆਦਿ ਦੇ ਸਮੇਂ। ਗੁਰੂ ਸਾਹਿਬਾਨ, ਭਗਤ ਜਨਾਂ ਤੇ ਸੂਫੀਆਂ/ਸੰਤਾਂ ਨੇ ਅਜਿਹੇ ਅੰਧਵਿਸ਼ਵਾਸ ਤੇ ਪਖੰਡ ਦਾ ਤਰਕਸ਼ੀਲ ਖੰਡਨ ਕੀਤਾ। ਮਿਸਾਲ ਵਜੋਂ ਸਰੋਵਰਾਂ ‘ਚ ਨਹਾਉਣ ਨਾਲ ਰੱਬ ਮਿਲਣ ਦੇ ਅੰਧਵਿਸ਼ਵਾਸ ਨੂੰ ਗੁਰਬਾਣੀ ਸਹਿਜ ਤਰਕ ਨਾਲ ਨਕਾਰਦੀ ਹੈ,
ਜਲ ਕੈ ਮਜਨਿ ਜੇ ਗਤਿ ਹੋਵੈ
ਨਿਤ ਨਿਤ ਮੇਂਡੁਕ ਨਾਵਹਿ॥
ਜੈਸੇ ਮੇਂਡੁਕ ਤੈਸੇ ਓਇ ਨਰ
ਫਿਰਿ ਫਿਰਿ ਜੋਨੀ ਆਵਹਿ॥ (ਭਗਤ ਕਬੀਰ, ਪੰਨਾ 484)
ਭਾਵ ਜੇ ਸਰੋਵਰਾਂ ਵਿਚ ਨਹਾਉਣ ਨਾਲ ਰੱਬ ਮਿਲਦਾ ਤਾਂ ਉਹ ਪਹਿਲਾਂ ਡੱਡੂਆਂ/ਮੱਛੀਆਂ ਨੂੰ ਮਿਲਦਾ, ਜੋ ਹਮੇਸ਼ਾ ਪਾਣੀ ਵਿਚ ਹੀ ਰਹਿੰਦੇ ਹਨ।
ਸੂਫੀ ਕਵੀ ਸੁਲਤਾਨ ਬਾਹੂ ਵਿਅੰਗਮਈ ਤਰਕ ਨਾਲ ਇਸ ਤਰ੍ਹਾਂ ਦੇ ਅੰਧਵਿਸ਼ਵਾਸਾਂ ਦੇ ਪਾੜਛੇ ਲਾਹੁੰਦਾ ਹੈ,
ਜੇ ਰੱਬ ਨ੍ਹਾਤਿਆਂ ਧੋਤਿਆਂ ਮਿਲਦਾ
ਮਿਲਦਾ ਡੱਡੂਆਂ ਮੱਛੀਆਂ ਹੂ।
ਜੇ ਰੱਬ ਮਿਲਦਾ ਮੋਨ ਮੁਨਾਇਆਂ
ਮਿਲਦਾ ਭੇਡਾਂ ਸੱਸੀਆਂ ਹੂ।
ਜੇ ਰੱਬ ਰਾਤੀਂ ਜਾਗਿਆਂ ਮਿਲਦਾ
ਮਿਲਦਾ ਕਾਲ-ਕੜੱਛੀਆਂ ਹੂ।
ਜੇ ਰੱਬ ਜਤੀਆਂ ਸਤੀਆਂ ਮਿਲਦਾ
ਮਿਲਦਾ ਡਾਂਡਾਂ ਖੱਸੀਆਂ ਹੂ।
ਰੱਬ ਉਨ੍ਹਾਂ ਨੂੰ ਮਿਲਦਾ ਬਾਹੂ
ਨੀਤਾਂ ਜਿਨ੍ਹਾਂ ਅੱਛੀਆਂ ਹੂ।
ਕਈ ਥਾਂ ਗੁਰਬਾਣੀ ਤੀਰਥ/ਸਰੋਵਰ ਇਸ਼ਨਾਨ ਦੇ ਅੰਧਵਿਸ਼ਵਾਸ/ਪਖੰਡ ਦਾ ਖੰਡਨ ਕਰਦੀ ਹੈ; ਫਿਰ ਵੀ ਲੋਕ/ਸਿੱਖ ਸ਼ਰਧਾਲੂ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਵਿਚ ਸੰਗਰਾਂਦ, ਮੱਸਿਆ ਜਿਹੇ ਖਾਸ ਮੌਕਿਆਂ ‘ਤੇ ਹਿੰਦੂ ਸ਼ਰਧਾਲੂਆਂ ਜਿਹੀ ਸ਼ਰਧਾ ਤੇ ਭਾਵਨਾ ਨਾਲ ਇਸ਼ਨਾਨ ਕਰਦੇ ਵੇਖੇ ਜਾਂਦੇ ਨੇ। ਮਨ ਵਿਚ ਵਿਚਾਰੋ, ਕਿਉਂ?
ਪੰਜਾਬ ਵਿਚ ਇੱਕ ਹੋਰ ਅੰਧਵਿਸ਼ਵਾਸ ਪ੍ਰਚਲਿਤ ਰਿਹਾ ਹੈ ਕਿ ਧਰਤੀ ਨੂੰ ਬਲਦ ਨੇ ਆਪਣੇ ਸਿੰਗਾਂ ‘ਤੇ ਚੁੱਕਿਆ ਹੋਇਆ ਹੈ। ਇਸ ਅੰਧਵਿਸ਼ਵਾਸ ਨੂੰ ਦਲੀਲ ਨਾਲ ਨਕਾਰਦਿਆਂ ਗੁਰੂ ਨਾਨਕ ਪੁੱਛਦੇ ਨੇ,
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (ਪੰਨਾ 3)
ਭਾਵ ਜੇ ਧਰਤੀ ਨੂੰ ਬਲਦ ਨੇ ਸਿੰਗਾਂ ‘ਤੇ ਚੁੱਕਿਆ ਹੋਇਆ ਹੈ ਤਾਂ ਫਿਰ ਬਲਦ ਕਿਸ ਧਰਤੀ ‘ਤੇ ਖੜ੍ਹਾ ਹੈ? ਜੇ ਉਸ ਬਲਦ ਹੇਠਾਂ ਕੋਈ ਹੋਰ ਧਰਤੀ ਹੈ, ਫਿਰ ਉਸ ਧਰਤੀ ਨੂੰ ਕਿਸ ਨੇ ਚੁੱਕਿਆ ਹੋਇਆ ਹੈ? ਇਹ ਬੇਅੰਤ ਧਰਤੀਆਂ ਕਿਸ ਆਸਰੇ ਖੜ੍ਹੀਆਂ ਹਨ? ਇੰਜ ਗੁਰੂ ਜੀ ਇਸ ਅੰਧਵਿਸ਼ਵਾਸ ਨੂੰ ਚਕਨਾਚੂਰ ਕਰਦੇ ਅਣਗਣਿਤ ਧਰਤੀਆਂ, ਭਾਵ ਪੁਲਾੜ ਪਿੰਡਾਂ ਦਾ ਸਿਧਾਂਤ ਵੀ ਪੇਸ਼ ਕਰ ਜਾਂਦੇ ਹਨ। ਰੈਨੇਸਾਂਸ ਦੌਰਾਨ ਹੀ ਕੈਪਲਿਰ, ਗੈਲੇਲਿਓ ਤੇ ਨਿਊਟਨ ਜਿਹੇ ਵਿਗਿਆਨੀਆਂ ਦੀਆਂ ਖੋਜਾਂ ਤੋਂ ਸਪਸ਼ਟ ਹੋ ਗਿਆ ਕਿ ਧਰਤੀ ਸਣੇ ਸਾਰੇ ਪੁਲਾੜੀ ਪਿੰਡ ਭਾਵ ਗ੍ਰਹਿ, ਚੰਨ, ਸੂਰਜ ਤੇ ਹੋਰ ਤਾਰੇ ਆਦਿ ਇੱਕ ਦੂਜੇ ਨਾਲ ਆਪਸੀ ਗੁਰੂਤਾ ਖਿੱਚ ਰਾਹੀਂ ਬੱਝੇ ਹੋਏ ਨੇ; ਸੋ ਕਿਸੇ ਬਲਦ ਜਾਂ ਝੋਟੇ ਦੇ ਸਿੰਗਾਂ ਦੀ ਕੋਈ ਲੋੜ ਨਹੀਂ।
ਅੱਜ ਅਜਿਹੇ ਸਿੱਖ ਸ਼ਰਧਾਲੂਆਂ ਦੀ ਕੋਈ ਥੋੜ੍ਹ ਨਹੀਂ, ਜੋ ਵਹਿਮਾਂ ਤੇ ਅੰਧਵਿਸ਼ਵਾਸ ਵਿਚ ਜਕੜੇ ਪਖੰਡੀ ਬਾਬਿਆਂ, ਤਾਂਤਰਿਕ ਪਖੰਡੀਆਂ, ਜੋਤਸ਼ੀਆਂ ਆਦਿ ਹੱਥੋਂ ਲੁੱਟ ਹੋ ਰਹੇ ਨੇ। ਜੇ ਕੋਈ ਗੁਰੂਆਂ ਦੇ ਦੱਸੇ ਮੁਤਾਬਕ ਪਖੰਡੀ ਬਾਬਿਆਂ ਆਦਿ ਦੇ ਵਿਰੁਧ ਦਲੀਲ ਕਰੇ ਤਾਂ ਉਹਨੂੰ ਸ਼ਰਧਾਲੂ ਧਰਮ ਵਿਰੋਧੀ ਕਰਾਰ ਦੇ ਦਿੰਦੇ ਹਨ। ਕਿਉਂ?
ਸੱਚ ਲੱਭਣ ਤੇ ਜਾਣਨ ਲਈ ਤਰਕ ਜ਼ਰੂਰੀ: ਕੁਦਰਤ ਦੇ ਭੇਦਾਂ ਬਾਰੇ ਸੱਚ ਜਾਣਨ ਲਈ ਪ੍ਰਸ਼ਨ ਪੁੱਛਣਾ ਜ਼ਰੂਰੀ ਹੁੰਦਾ ਹੈ; ਸੱਚ ਦੀ ਤਲਾਸ਼ ਪ੍ਰਸ਼ਨ ਤੋਂ ਹੀ ਸ਼ੁਰੂ ਹੁੰਦੀ ਹੈ। ਕੁਦਰਤ ਆਪਣੇ ਭੇਦ ਸਾਡੇ ਨਾਲ ਸਾਂਝੇ ਕਰਨ ਲਈ ਹਰ ਵੇਲੇ ਤਤਪਰ ਰਹਿੰਦੀ ਹੈ, ਜੇ ਅਸੀਂ ਠੀਕ ਪ੍ਰਸ਼ਨ ਪੁੱਛ ਸਕੀਏ। ਠੀਕ ਪ੍ਰਸ਼ਨ ਪੁੱਛਣ ਦੀ ਜਾਚ ਅਕਸਰ ਗਿਆਨ ਦੇ ਠੀਕ ਖੇਤਰ ਵਿਚ ਵਰ੍ਹਿਆਂਬੱਧੀ ਤਜਰਬੇ ਨਾਲ ਆਉਂਦੀ ਹੈ; ਪਰ ਕਿਸੇ ਪੱਧਰ ‘ਤੇ ਸੱਚ ਤਲਾਸ਼ ਆਮ ਲੋਕਾਂ ਨੂੰ ਵੀ ਕਰਨੀ ਪੈਂਦੀ ਹੈ ਜਾਂ ਕਰਨੀ ਚਾਹੀਦੀ ਹੈ, ਇਹ ਤੈਅ ਕਰਨ ਲਈ ਕਿ ਉਨ੍ਹਾਂ ਨੂੰ ਜੋ ਪੇਸ਼ ਕੀਤਾ ਜਾ ਰਿਹਾ ਹੈ, ਉਸ ਵਿਚੋਂ ਸੱਚ ਦਾ ਝੂਠ, ਦੰਭ, ਪਖੰਡ, ਤੇ ਅੰਧਵਿਸ਼ਵਾਸ ਤੋਂ ਨਿਤਾਰਾ ਕਰਨ ਲਈ। ਇਹ ਨਿਤਾਰਾ ਜੋ ਕਿਹਾ ਜਾ ਰਿਹਾ ਹੈ, ਉਹਨੂੰ ਤਰਕ ਦੀ ਕਸਵੱਟੀ ‘ਤੇ ਪਰਖ ਕੇ ਕੀਤਾ ਜਾ ਸਕਦਾ ਹੈ। ਜਿਵੇਂ ਭਗਤ ਨਾਮਦੇਵ ਜੀ ਫੁਰਮਾਉਂਦੇ ਨੇ,
ਤਰਕੁ ਨ ਚਾ॥ ਭ੍ਰਮੀਆ ਚਾ॥ (ਪੰਨਾ 693)
ਭਾਵ ਜਿੱਥੇ ਤਰਕ ਨਹੀਂ ਹੁੰਦਾ, ਉਥੇ ਭਰਮ/ਅਗਿਆਨ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਨੇ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਅਤੇ ਪੈਰੋਕਾਰਾਂ ਨਾਲ ਗੋਸ਼ਟੀਆਂ ਰਚਾਈਆਂ; ਕਿਸੇ ਧਰਮ ਦੇ ਪੱਖ ਵਿਚ ਨਹੀਂ, ਸਗੋਂ ਸਾਰੀ ਮਨੁੱਖਤਾ ਤੇ ਸੱਚਾਈ ਦੀ ਭਾਲ ਵਿਚ। ਉਹ ਧਰਮਾਂ, ਫਿਰਕਿਆਂ, ਖਿੱਤਿਆਂ ਤੋਂ ਉਪਰ ਦੀ ਹੋ ਕੇ ਮਨੁੱਖਤਾ ਦੇ ਪੱਧਰ ਤੋਂ ਵਿਚਾਰ-ਵਟਾਂਦਰੇ ਦੀ ਸਿਫਾਰਸ਼ ਕਰਦੇ ਹਨ,
ਜਬਿ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਪੰਨਾ 661)
ਅਤੇ ਮਨ ਦੀ ਗੱਲ ਸੱਚ ਦੀ ਕਸਵੱਟੀ ‘ਤੇ ਲਾ ਕੇ ਵੇਖੋ ਕਿ ਉਹ ਪੂਰੀ ਉਤਰਦੀ ਹੈ?
ਮਨੁ ਸਚ ਕਸਵਟੀ ਲਾਈਐ
ਤੁਲੀਐ ਪੂਰੈ ਤੋਲਿ॥ (ਪੰਨਾ 22)
ਗੁਰਬਾਣੀ ਵਿਚ ਵਿਗਿਆਨਕ ਕਾਵਿ: ਕੋਈ ਵੀ ਲਿਖਤ ਵਿਗਿਆਨ ਹੁੰਦੀ ਹੈ, ਜੋ ਵਿਗਿਆਨ ਦੇ ਵਿਸ਼ਾ ਵਸਤੂ ਜਾਂ ਤੱਤ ਬਾਰੇ ਹੋਵੇ, ਵਿਗਿਆਨ ਤੇ ਮਨੁੱਖੀ ਸਮਾਜ ਦੇ ਇੱਕ ਦੂਜੇ ‘ਤੇ ਵਿਰੋਧੀ ਪ੍ਰਭਾਵ ਬਾਰੇ ਹੋਵੇ ਜਾਂ ਵਿਗਿਆਨਕ ਪਹੁੰਚ ਤੇ ਸੋਚਣੀ ਨੂੰ ਲਾਗੂ ਕਰੇ ਜਾਂ ਉਤਸ਼ਾਹਿਤ/ਪ੍ਰੋਤਸਾਹਿਤ ਕਰਦੀ ਉਹਨੂੰ ਅੱਗੇ ਵਧਾਉਣ ਵਿਚ ਯੋਗਦਾਨ ਪਾਵੇ। ‘ਵਿਗਿਆਨਕ ਪਹੁੰਚ’ ਅਜਿਹੀ ਵਿਧੀ ਹੈ, ਜਿਸ ਤਹਿਤ ਭੌਤਿਕ ਪ੍ਰਮਾਣ ਜਾਂ ਪੁਸ਼ਟੀ ਤੇ ਸਬੂਤ ਦੇ ਆਧਾਰ ‘ਤੇ ਯੋਜਨਾਬੱਧ ਤਰੀਕੇ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਧੀ ਅਧੀਨ ਕਿਸੇ ਵਿਚਾਰ ਅਧੀਨ ਚੀਜ਼, ਵਰਤਾਰੇ ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਤੇ ਗਿਣਤੀਆਂ-ਮਿਣਤੀਆਂ ਨੂੰ ਅੰਕੜੇ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਨਤੀਜਿਆਂ ‘ਤੇ ਪਹੁੰਚਿਆ ਜਾਂਦਾ ਹੈ, ਸੱਚ ਲੱਭਣ ਲਈ। ਵਿਗਿਆਨਕ ਪਹੁੰਚ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਤੇ ਸਮੱਸਿਆਵਾਂ ਬਾਰੇ ਸੋਚਣ ਢੰਗ ਨੂੰ ਹੀ ਵਿਗਿਆਨਕ ਸੋਚ ਕਿਹਾ ਜਾਂਦਾ ਹੈ।
ਭਾਵੇਂ ਸਮੁੱਚੇ ਰੂਪ ਵਿਚ ਅਧਿਆਤਮਵਾਦ ਦੇ ਘੇਰੇ ਵਿਚ ਹੀ ਸਹੀ, ਗੁਰੂ ਨਾਨਕ ਸਾਹਿਬ ਦੀ ਵਿਗਿਆਨਕ ਸੋਚ ਗੁਰਬਾਣੀ ਵਿਚ ਥਾਂ ਥਾਂ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿਚ ਅਜਿਹੀਆਂ ਟੂਕਾਂ ਵੀ ਮਿਲਦੀਆਂ ਹਨ, ਜੋ ਬਿਨਾ ਕਿਸੇ ਅਧਿਆਤਮਵਾਦ ਦੇ ਘੇਰੇ ਤੋਂ, ਆਪਣੇ ਆਪ ਵਿਚ ਹੀ ਪੂਰੀਆਂ ਵਿਗਿਆਨਕ ਕਾਵਿ ਟੂਕਾਂ ਹਨ। ਭਗਤ ਕਬੀਰ ਸਰਾਧਾਂ ਦਾ ਵਿਗਿਆਨਕ ਤਰਕ ਨਾਲ ਖੰਡਨ ਕਰਦੇ ਹਨ,
ਜੀਵਤ ਪਿਤਰ ਨ ਮਾਨੈ ਕੋਊ
ਮੂਏਂ ਸਿਰਾਧ ਕਰਾਹੀ।
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ
ਕਊਆ ਕੂਕਰ ਖਾਹੀ॥ (ਪੰਨਾ 332)
ਭਾਵ ਜਿਉਂਦੇ ਮਾਤਾ-ਪਿਤਾ ਦੀ ਕੋਈ ਸੇਵਾ ਨਹੀਂ ਕਰਦਾ, ਪਰ ਮਰਨ ਉਪਰੰਤ ਉਨ੍ਹਾਂ ਦਾ ਸਰਾਧ ਕਰਵਾਉਂਦੇ ਨੇ, ਯਾਨਿ ਬ੍ਰਾਹਮਣਾਂ ਨੂੰ ਭੋਜਨ ਛਕਾਉਣਾ; ਤੇ (ਰਹਿੰਦਾ ਖੂੰਹਦਾ) ਕਾਂ ਕੁੱਤੇ ਖਾ ਜਾਂਦੇ ਨੇ। ਵਿਚਾਰੇ ਪਿਤਰਾਂ ਨੂੰ ਕੀ ਮਿਲਦਾ ਹੈ?
ਅੱਜ ਦਾ ਕੌੜਾ ਸੱਚ ਇਹ ਵੀ ਹੈ ਕਿ ਸਰਾਧ ਪ੍ਰਥਾ ਕਿਸੇ ਨਾ ਕਿਸੇ ਰੂਪ ਵਿਚ ਸਿੱਖ ਪਰਿਵਾਰਾਂ ਵਿਚ ਵੀ ਚੱਲੀ ਆ ਰਹੀ ਹੈ; ਭੋਜਨ ਚਾਹੇ ਬ੍ਰਾਹਮਣਾਂ ਨੂੰ ਜਾਂ ਬ੍ਰਾਹਮਣਾਂ ਦੀ ਥਾਂ ਭਾਈਆਂ/ਗ੍ਰੰਥੀਆਂ ਨੂੰ ਛਕਾ ਦਿੱਤਾ ਜਾਂਦਾ ਹੈ। ਕਿਉਂ?
ਬੰਦੇ ਨੂੰ ਕੀ ਖਾਣਾ ਚਾਹੀਦਾ, ਕੀ ਨਹੀਂ; ਇਸ ਬਾਰੇ ਵਿਗਿਆਨਕ ਪਹੁੰਚ ਅਪਨਾਉਂਦਿਆਂ ਗੁਰੂ ਨਾਨਕ ਫੁਰਮਾਉਂਦੇ ਹਨ,
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥ (ਪੰਨਾ 16)
ਭਾਵ ਉਹ ਪਦਾਰਥ ਖਾਣੇ ਤਾਂ ਖੁਸ਼ੀ ਨਸ਼ਟ ਕਰਨ ਦੇ ਸਮਾਨ ਹਨ, ਜਿਨ੍ਹਾਂ ਦੇ ਖਾਧਿਆਂ ਸਰੀਰ ਰੋਗੀ ਹੋ ਜਾਵੇ ਤੇ ਮਨ ਵਿਚ ਬੁਰੇ ਖਿਆਲ ਆਉਣ ਲੱਗ ਪੈਣ।
ਇਹ ਟੂਕ ਸ਼ੁੱਧ ਵਿਗਿਆਨਕ ਕਾਵਿ ਦਾ ਨਮੂਨਾ ਹੈ, ਕਿਉਂਕਿ ਇਹ ਟੂਕ ਅੰਕੜਿਆਂ ‘ਤੇ ਆਧਾਰਿਤ ਭੌਤਿਕ ਸੱਚਾਈ ‘ਤੇ ਖੜ੍ਹੀ ਹੈ ਕਿ ਗਲਤ ਭੋਜਨ ਤਨ ਤੇ ਮਨ-ਦੋਹਾਂ ਨੂੰ ਬੀਮਾਰ ਕਰਦਾ ਹੈ।
ਵਿਗਿਆਨੀਆਂ ਤੇ ਫਿਲਾਸਫਰਾਂ ਨੇ ਚਿਰ ਤੋਂ ਕਿਆਸਿਆ ਹੈ ਕਿ ਬ੍ਰਹਿਮੰਡ ਦੇ ਆਕਾਰ ਦਾ ਕੋਈ ਅੰਤ ਨਹੀਂ; ਹੁਣ ਵਿਗਿਆਨ ਦੇ ਜ਼ਰੀਏ ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ ਵਿਚ ਅਰਬਾਂ ਹੀ ਗੈਲੈਕਸੀਆਂ ਹਨ। ਐਸਾ ਹੀ ਵਿਗਿਆਨਕ ਵਿਚਾਰ ਪੇਸ਼ ਕਰਦਿਆਂ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ,
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ
ਵੇਦ ਕਹਨਿ ਇਕ ਵਾਤ॥ (ਪੰਨਾ 5)
ਭਾਵ ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉਤੇ ਹੋਰ ਲੱਖਾਂ ਆਕਾਸ਼ ਹਨ, ਬੇਅੰਤ ਰਿਸ਼ੀ ਮੁਨੀ ਇਨ੍ਹਾਂ ਦਾ ਅੰਤ ਭਾਲਦੇ ਥੱਕ ਗਏ, ਅਸਫਲ।
ਖੰਡ ਪਤਾਲ ਅਸੰਖ ਮੈ ਗਣਤ ਨਾ ਹੋਈ॥ (ਪੰਨਾ 1283)
ਗੁਰਬਾਣੀ ਦੇ ਵਿਗਿਆਨਕ ਕੋਡ ਤੇ ਕੋਡ-ਕੁੰਜੀ ਦੀ ਖੋਜ: ਗੁਰਬਾਣੀ ਵਿਗਿਆਨਕ ਖਿਆਲਾਂ ਦਾ ਗੁੱਝਾ ਖਜਾਨਾ ਹੈ। ਇਸ ਲੇਖ ਵਿਚ ਹੁਣ ਤੱਕ ਗੁਰਬਾਣੀ ਵਿਚੋਂ ਵਿਗਿਆਨਕ ਖਿਆਲਾਂ ਦੀਆਂ ਕੁਝ ਮਿਸਾਲਾਂ ਦਿੱਤੀਆਂ ਗਈਆਂ ਹਨ; ਹੋਰ ਵੀ ਦਿੱਤੀਆਂ ਜਾ ਸਕਦੀਆਂ ਨੇ, ਜੋ ਕੱਢ-ਪਾ ਕੇ ਵਿਗਿਆਨਕ ਤਾਂ ਹੋ ਨਿਬੜਦੀਆਂ ਹਨ, ਪਰ ਅਕਸਰ ਅਧਿਆਤਮਵਾਦ ਦੇ ਘੇਰੇ ਵਿਚ ਰਹਿੰਦੀਆਂ ਹੋਈਆਂ। ਗੁਰਬਾਣੀ ਵਿਚ ਇੱਕ ਕੋਡ ਯਾਨਿ ਸੰਕੇਤ ‘ਸ਼ਬਦ’ ਹੈ, ਜਿਹਦਾ ਜੇ ਸਹੀ ਵਿਗਿਆਨਕ ਅਰਥ ਲੱਭ ਲਿਆ ਜਾਵੇ, ਉਸ ਅਰਥ ਨੂੰ ਕੁੰਜੀ ਵਾਂਗ ਵਰਤ ਕੇ ਗੁਰਬਾਣੀ ਦਾ ਜੰਦਰਾ ਖੋਲ੍ਹਿਆ ਜਾ ਸਕਦਾ ਹੈ। ਇੰਜ ਜੰਦਰਾ ਖੋਲ੍ਹਿਆਂ ਗੁਰਬਾਣੀ ਵਿਚੋਂ ਸ਼ੁੱਧ ਵਿਗਿਆਨਕ ਖਿਆਲਾਂ ਦੀ ਇੱਕ ਧਾਰਾ ਵਹਿ ਤੁਰਦੀ ਹੈ, ਬਿਨਾ ਅਧਿਆਤਮਵਾਦ ਦੇ ਘੇਰੇ ਤੋਂ।
ਇਹ ਕੋਡ ਸ਼ਬਦ ਹੈ, ਸਿਰਜਣਹਾਰ; ਜਿਹਦੇ ਗੁਣ ਗੁਰਬਾਣੀ ਦੇ ਮੂਲਮੰਤਰ ਵਿਚ ਅੰਕਿਤ ਕੀਤੇ ਗਏ ਹਨ, ਜਿਵੇਂ ਉਹ ਬ੍ਰਹਿਮੰਡ ਦਾ ਸਿਰਜਣਹਾਰ, ਸਰਬ ਵਿਆਪਕ, ਨਿਰੰਕਾਰ ਤੇ ਅਕਾਲ ਹੈ, ਪਰ ਉਹਨੂੰ ਕੋਈ ਖਾਸ ਨਾਂ ਨਹੀਂ ਦਿੱਤਾ ਗਿਆ। ਜੇ ਵਿਗਿਆਨ ਦਾ ਜੰਦਰਾ ਖੋਲ੍ਹਣ ਲਈ ਕੁੰਜੀ ਵਜੋਂ ‘ਸਿਰਜਣਹਾਰ’ ਨੂੰ ‘ਮਾਦਾ’ (ਮੈਟਰ) ਜਾਂ ‘ਊਰਜਾ’ ਦਾ ਨਾਂ ਦੇ ਦੇਈਏ ਤਾਂ ਗੁਰਬਾਣੀ ਦੀਆਂ ਅਨੇਕਾਂ ਟੂਕਾਂ ਤੇ ਖਿਆਲ ਆਪਣੇ-ਆਪ ਹੀ, ਥੋਕ ਵਿਚ ਧੜਾਧੜ, ਸ਼ੁੱਧ ਵਿਗਿਆਨਕ ਟੂਕਾਂ ਤੇ ਵਿਗਿਆਨਕ ਖਿਆਲਾਂ ਵਿਚ ਵਟ ਜਾਣਗੇ, ਅੱਖ ਦੇ ਫੋਰ ‘ਚ। ਗੁਰੂ ਨਾਨਕ ਬ੍ਰਹਿਮੰਡ ਦੀ ਉਤਪਤੀ ‘ਤੇ ਵਿਚਾਰ ਪੇਸ਼ ਕਰਦੇ ਹਨ,
ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਪੰਨਾ 3)
ਭਾਵ ਬ੍ਰਹਿਮੰਡ ਦਾ ਪਸਾਰ ਇੰਜ ਹੋਇਆ ਜਿਵੇਂ ਇੱਕੋ ਹੀ ਖੂਹ ਵਿਚੋਂ ਲੱਖਾਂ ਦਰਿਆ ਫੁੱਟ ਤੁਰਨ। ਇਥੇ ਖੂਹ ਦਾ ਮਤਲਬ ਹੈ, ਸਿਰਜਣਹਾਰ। ਜੇ ਸਿਰਜਣਹਾਰ ਨੂੰ ‘ਊਰਜਾ’ ਕਹਿ ਲਈਏ ਤਾਂ ਉਕਤ ਟੂਕ ਵਿਗਿਆਨਕ ਕਾਵਿ ਬਣ ਜਾਂਦੀ ਹੈ, ਕਿਉਂਕਿ ਵਿਗਿਆਨ ਦੀ ਖੋਜ, ਜਿਸ ਵਿਚ ਮੈਂ ਖੁਦ ਹਿੱਸਾ ਲਿਆ ਹੈ, ਅਨੁਸਾਰ ਬ੍ਰਹਿਮੰਡ ਦੀ ਉਤਪਤੀ ਊਰਜਾ ਅਤੇ ਊਰਜਾ ਤੋਂ ਉਪਜੇ ਉਂਗਲਾਂ ‘ਤੇ ਗਿਣੇ ਜਾ ਸਕਣ ਜੋਗੇ ਅਣੂਆਂ (ਮਾਦਾ) ਤੋਂ ਸ਼ੁਰੂ ਹੋਈ, ਜੋ ਅਨੇਕਾਂ ਕਿਸਮ ਦੀ ਊਰਜਾ ਅਤੇ ਅਣਗਿਣਤ ਕਿਸਮਾਂ ਦੇ ਪਦਾਰਥਾਂ ਵਿਚ ਵਟ ਗਏ। ਬ੍ਰਹਿਮੰਡ ਦੀ ਸਿਰਜਣਾ ਬਾਰੇ ਹੀ ਗੁਰੂ ਅਰਜਨ ਦੇਵ ਫੁਰਮਾਉਂਦੇ ਹਨ,
ਕਈ ਬਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥
ਕਈ ਕੋਟਿ ਕੀਨੇ ਬਹੁ ਭਾਤਿ॥
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ (ਪੰਨਾ 276)
ਭਾਵ (ਸਿਰਜਣਹਾਰ ਤੋਂ) ਕਈ ਵਾਰੀ ਬ੍ਰਹਿਮੰਡ ਰਚਨਾ ਹੋਈ ਹੈ, (ਆਪਾ ਸਮੇਟ ਕੇ) ਹਰ ਵਾਰ ਆਪ ਹੀ ਹੋ ਜਾਂਦਾ ਹੈ; ਸਿਰਜਣਹਾਰ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਸਿਰਜਣਹਾਰ ਤੋਂ ਪੈਦਾ ਹੋ ਕੇ, ਫਿਰ ਸਿਰਜਣਹਾਰ ਵਿਚ ਲੀਨ ਹੋ ਜਾਂਦੇ ਹਨ।
ਉਕਤ ਟੂਕ ਤੇ ਵਿਆਖਿਆ ਵਿਚ ਸਿਰਜਣਹਾਰ (ਜਾਂ ਪ੍ਰਭੂ) ਦੀ ਥਾਂ ਊਰਜਾ (ਜਾਂ ਮਾਦਾ) ਲਿਖ ਦਿਓ, ਤਾਂ ਇਹ ਬ੍ਰਹਿਮੰਡ ਬਾਰੇ ਦਰੁਸਤ ਵਿਗਿਆਨਕ ਬਿਆਨ ਬਣ ਜਾਂਦੀ ਹੈ।
ਇੱਥੇ ਹੀ ਬੱਸ ਨਹੀਂ, ਇਹ ਕੁੰਜੀ (ਸਿਰਜਣਹਾਰ=ਊਰਜਾ ਜਾਂ ਮਾਦਾ) ਗੁਰਬਾਣੀ ਦੇ ਧੁਰੇ ‘ਮੂਲਮੰਤਰ’ ਨੂੰ ਵਿਗਿਆਨ ਦੇ ਇੱਕ ਕੇਂਦਰੀ ਸਿਧਾਂਤ ਵਿਚ ਬਦਲ ਦਿੰਦੀ ਹੈ। ਇਹ ਵਿਸਤਾਰ ਸਹਿਤ ਇੱਕ ਵੱਖਰੇ ਲੇਖ ਵਿਚ ਦਰਜ ਹੈ।
ਅਖੀਰ ਵਿਚ ਅਸੀਂ ‘ਆਰਤੀ’ ਦੀ ਮਿਸਾਲ ਵਿਚਾਰਦੇ ਹਾਂ। ਹਿੰਦੂ ਮਤ ਅਨੁਸਾਰ ਦੇਵਤੇ ਦੀ ਮੂਰਤੀ ਜਾਂ ਕਿਸੇ ਹੋਰ ਪੂਜਨੀਕ ਅੱਗੇ ਥਾਲ ਵਿਚ ਦੀਵੇ ਆਦਿ ਰੱਖ ਕੇ ਘੁਮਾਉਣ ਦੀ ਪੂਜਾ ਰੀਤ ਨੂੰ ਆਰਤੀ ਕਿਹਾ ਜਾਂਦਾ ਹੈ। ਗੁਰੂ ਨਾਨਕ ਵਿਗਿਆਨਕ ਸੋਚ ਸੰਗ ਇਸ ਪੂਜਾ ਰੀਤ ਨੂੰ ਨਕਾਰਦਿਆਂ ਕੁਦਰਤ ਵਿਚ ਆਪਣੇ-ਆਪ, ਦੇਵਤਿਆਂ ਦੀ ਥਾਂ ਜ਼ਿੰਦਗੀ ਦੀ, ਹੋ ਰਹੀ ਆਰਤੀ ਵੱਲ ਇਸ਼ਾਰਾ ਕਰਦੇ ਨੇ,
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭੇਰੀ॥ (ਪੰਨਾ 663)
ਭਾਵ ਸਾਰਾ ਅਸਮਾਨ ਥਾਲ ਹੈ, (ਜਿਸ ਵਿਚ) ਸੂਰਜ ਤੇ ਚੰਦ ਦੀਵੇ ਬਣੇ ਹੋਏ ਹਨ ਅਤੇ ਤਾਰਿਆਂ ਦੇ ਸਮੂਹ ਜਿਵੇਂ ਰੱਖੇ ਹੋਏ ਮੋਤੀ ਹੋਣ। ਮਲਯ (ਅਨਲੋ) ਪਰਬਤ ਵਲੋਂ ਆਉਂਦੀ ਹਵਾ (ਧੁਖ ਰਹੇ) ਧੂਫ ਤੇ ਚੌਰ ਦਾ ਕੰਮ ਕਰ ਰਹੀ ਹੈ। ਸਾਰੀ (ਕੁਦਰਤੀ) ਬਨਸਪਤੀ ਇਸ ਜੋਤ (ਆਰਤੀ) ਲਈ ਫੁੱਲ ਦੇ ਰਹੀ ਹੈ। ਸਿਰਜਣਹਾਰ ਦੀ (ਕੁਦਰਤ ਵਿਚ) ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਇੱਕ-ਰਸ ਜੀਵਨ-ਰੌ ਵਿਚ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।
ਭਾਵੇਂ ਸਿਰਜਣਹਾਰੇ ਦਾ ਜ਼ਿਕਰ ਹੈ, ਪਰ ਉਕਤ ਟੂਕਾਂ ਕੁਦਰਤੀ ਭੌਤਿਕ ਚੀਜ਼ਾਂ ਤੇ ਵਰਤਾਰਿਆਂ ‘ਤੇ ਪ੍ਰਮਾਣਿਕ ਸੱਚਾਈ ‘ਤੇ ਆਧਾਰਿਤ ਹਨ, ਕਿਸੇ ਪਾਖੰਡ ‘ਤੇ ਨਹੀਂ। ਇਸ ਲਈ ਇਨ੍ਹਾਂ ਟੂਕਾਂ ਨੂੰ ਅਸੀਂ ਅਧਿਆਤਮਵਾਦ ਦੇ ਘੇਰੇ ਵਿਚ ਰਚੇ ਵਿਗਿਆਨਕ ਕਾਵਿ ਦਾ ਨਾਂ ਦੇ ਸਕਦੇ ਹਾਂ। ਜੇ ਸ਼ਬਦ ‘ਸਿਰਜਣਹਾਰ’ ਦੀ ਥਾਂ ‘ਮਾਦਾ ਤੇ ਮਾਦੇ ਦੇ ਨਿਯਮ’ ਵਰਤ ਲਈਏ, ਤਾਂ ਇਹ ਕਾਵਿ ਸੁਧਾ ਵਿਗਿਆਨਕ ਕਾਵਿ ਬਣ ਜਾਂਦਾ ਹੈ, ਬਿਨਾ ਕਿਸੇ ਅਧਿਆਤਮਵਾਦ ਦੇ ਘੇਰੇ ਤੋਂ।
ਮਨ ਵਿਚ ਵਿਚਾਰਨ ਲਈ ਅੱਜ ਦਾ ਕੌੜਾ ਸੱਚ ਇਹ ਵੀ ਹੈ ਕਿ ਸਿੱਖ ਧਰਮ ਦੇ ਤਾਣੇ-ਬਾਣੇ ਅੰਦਰ ਵੀ ਆਰਤੀ ਦੇ ਪਖੰਡ ਨੂੰ ਨਕਾਰਨ ਵਾਲੇ ਇਸ ਸ਼ਬਦ ਨੂੰ ਪੜ੍ਹਦਿਆਂ ‘ਥਾਲ ਵਿਚ ਦੀਵੇ ਬਾਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਰਤੀਆਂ ਹੋ ਰਹੀਆਂ ਨੇ।’
ਇਹੀ ਮਜ਼ਾਕ ਭਗਤ ਰਵਿਦਾਸ ਜੀ ਦੇ ਨਾਂ ‘ਤੇ ਬਣੇ ਮੰਦਿਰਾਂ ਵਿਚ ਉਨ੍ਹਾਂ ਦੇ ਇਹ ਸ਼ਬਦ ਪੜ੍ਹਦਿਆਂ ਵੀ ਕੀਤਾ ਜਾ ਰਿਹਾ ਹੈ,
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (ਪੰਨਾ 694)
ਭਾਵ ਅਨਜਾਣ ਲੋਕ ਤੇਰੀ ਮੂਰਤੀ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ ਹੇ ਪ੍ਰਭੂ! ਤੇਰਾ ਨਾਮ ਹੀ ਆਰਤੀ ਹੈ; ਹੋਰ ਸਾਰੇ ਇਹ ਕੂੜ ਅਡੰਬਰ ਹਨ।
ਸਿੱਟੇ: ਮੁੱਕਦੀ ਗੱਲ, ਸਿੱਖ ਲਹਿਰ ਸਣੇ ਪੰਜਾਬ ਜਾਗ੍ਰਿਤੀ ਲਹਿਰ ਦੇ ਸੰਚਾਲਕਾਂ ਨੇ ਆਪਣੇ ਜੀਵਨ ਤੇ ਬਾਣੀ-ਦੋਹਾਂ ਵਿਚ ਤਰਕ ਨੂੰ ਲਹਿਰ ਦੇ ਉਦੇਸ਼ਾਂ ਲਈ ਜਾਣੇ/ਅਨਜਾਣੇ ਇੱਕ ਹਥਿਆਰ ਵਜੋਂ ਵਰਤਿਆ। ਤਰਕ ਅਤੇ ਵਿਗਿਆਨ ਵਿਚ ਬੜਾ ਗੂੜ੍ਹਾ ਰਿਸ਼ਤਾ ਹੈ; ਗੁਰਬਾਣੀ ਇਸ ਸੱਚਾਈ ਦੇ ਪ੍ਰਗਟਾਵੇ ਦਾ ਵਧੀਆ ਨਮੂਨਾ ਹੈ। ਗੁਰਬਾਣੀ ਵਿਚ ਅਜਿਹੀਆਂ ਟੂਕਾਂ ਵੀ ਮਿਲਦੀਆਂ ਨੇ, ਜੋ ਅਧਿਆਮਤਵਾਦ ਦੇ ਘੇਰੇ ਤੋਂ ਬਾਹਰ ਆਜ਼ਾਦਾਨਾ ਰੂਪ ਵਿਚ ਵਿਗਿਆਨਕ ਹਨ; ਪਰ ਗੁਰਬਾਣੀ ਵਿਚ ਅਧਿਆਤਮਵਾਦੀ ਅਹਾਤੇ ਵਾਲਾ ਤਰਕ ਵੀ ਥਾਂ ਥਾਂ ਸਿੱਧਾ ਵਿਗਿਆਨ ਨੂੰ ਹੱਥ ਲਾ ਆਉਂਦਾ ਹੈ। ਐਸੇ ਤਰਕ ਦੀ ਇੱਕ ਕਰਾਮਾਤੀ ਮਿਸਾਲ ਹੈ, ਗੁਰਬਾਣੀ ਦਾ ਮੂਲਮੰਤਰ, ਜੋ ਗੁਰਬਾਣੀ ਦਾ ਧੁਰਾ ਸਮਝਿਆ ਜਾਂਦਾ ਹੈ। ਇਸ ਤੱਥ ਦੀ ਵਜ੍ਹਾ ਇਹ ਹੈ ਕਿ ਗੁਰਬਾਣੀ ਦਾ ਮੂਲਮੰਤਰ ਤੇ ਵਿਗਿਆਨ ਦਾ ਇੱਕ ਕੇਂਦਰੀ ਸਿਧਾਂਤ ਕੁਦਰਤੀ ਫਲਸਫੇ ਵਿਚ ਕੁਦਰਤ ਬਾਰੇ ਮੂਲ ਪ੍ਰਸ਼ਨਾਂ ਦਾ ਮੂਲ ਰੂਪ ਇੱਕੋ ਜਿਹਾ ਹੀ ਉਤਰ ਹਨ। ਇਸ ਸਭ ਦੀ ਵਿਆਖਿਆ ਇੱਕ ਵੱਖਰੇ ਲੇਖ ਵਿਚ ਕੀਤੀ ਗਈ ਹੈ।
ਤਰਕ ਅਤੇ ਵਿਗਿਆਨ ਵਿਚ ਗੂੜ੍ਹਾ ਰਿਸ਼ਤਾ ਹੀ ਸੀ, ਜਿਸ ਨੇ ਮੂਲ ਰੂਪ ਵਿਚ ਰੈਨੇਸਾਂਸ ਨੂੰ ਇਸ ਯੋਗ ਬਣਾਇਆ ਕਿ ਉਹਨੇ ਯੂਰਪ ਨੂੰ ਮੱਧਕਾਲੀ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਅਸੀਂ ਅਕਸਰ ਆਪਣੇ ਗੁਰੂ ਸਾਹਿਬਾਨ ਦੇ ਸਿਰ ‘ਤੇ ਟਾਹਰਾਂ ਮਾਰਨੋਂ ਨਹੀਂ ਥੱਕਦੇ ਜਿਵੇਂ “ਸਾਡੇ ਗੁਰੂ ਆਧੁਨਿਕ ਸਮਿਆਂ ਦੇ ਜਾਮਨ ਹਨ ਤੇ ਮਹਾਂ ਵਿਗਿਆਨੀ ਸਨ, ਉਨ੍ਹਾਂ ਨੇ ਆਉਣ ਵਾਲੇ ਸਮਿਆਂ ਲਈ ਵੀ ਵੱਡਮੁੱਲੀ ਅਗਵਾਈ ਪ੍ਰਦਾਨ ਕੀਤੀ, ਉਨ੍ਹਾਂ ਦੀ ਪ੍ਰਵਿਰਤੀ ਵਾਲੇ ਮਨੁੱਖਾਂ ਨੇ ਯੂਰਪ (ਤੇ ਹੋਰ ਪੱਛਮੀ ਦੇਸ਼ਾਂ) ਨੂੰ ਮੱਧਕਾਲ ਦੇ ਹਨੇਰੇ ਵਿਚੋਂ ਕੱਢ ਕੇ ਆਧੁਨਿਕ ਸਮਿਆਂ ਦੇ ਦਰਵਾਜੇ ‘ਤੇ ਲਿਆ ਖੜ੍ਹਾ ਕੀਤਾ।” ਪਰ ਅਸੀਂ ਅਕਸਰ ਇਹ ਸਵਾਲ ਕਰਨੇ ਭੁੱਲ ਜਾਂਦੇ ਹਾਂ ਕਿ ਗੁਰੂਆਂ ਦੀ ਸ਼ੁਰੂ ਕੀਤੀ ਲਹਿਰ ਪੰਜਾਬ ਨੂੰ ਕਿਉਂ ਨਾ ਆਧੁਨਿਕ ਯੁੱਗ ਦੀਆਂ ਬਰੂਹਾਂ ਤੱਕ ਪਹੁੰਚਾ ਸਕੀ? ਆਧੁਨਿਕ ਯੁੱਗ ਲਈ ਕਿਉਂ ਸਾਨੂੰ ਇੰਗਲੈਂਡ ਦੀ ਗੁਲਾਮੀ ਤੱਕ ਉਡੀਕ ਕਰਨੀ ਪਈ? ਤੇ ਕਿਉਂ ਬਾਹਰਲੇ ਆਧੁਨਿਕ ਯੁੱਗ ਦੇ ਬਾਵਜੂਦ ਸਾਡੀ ਸੋਚ ਵਿਚ ਅਜੇ ਵੀ ਮੱਧਕਾਲੀ ਜਾਂ ਅਰਧ-ਮੱਧਕਾਲੀ ਯੁੱਗ ਦਾ ਹਨੇਰਾ ਹੈ? ਸ਼ਾਇਦ ਇਹ ਸਵਾਲ ਕਰਨਾ ਇਸ ਲਈ ਭੁੱਲ ਜਾਂਦੇ ਹਾਂ ਕਿ ਇਹਦਾ ਜਵਾਬ ਲੱਭਣ ਲਈ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਪਏਗਾ। ਇਸ ਤਰ੍ਹਾਂ ਦੇ ਸਵਾਲ ਅਸੀਂ ਅਗਲੇ ਲੇਖ ਵਿਚ ਪੁੱਛਾਂਗੇ ਤੇ ਵਿਚਾਰਾਂਗੇ।
(ਚਲਦਾ)