ਦਾਲ ਦੇ ਕੋਕੜੂ

ਸੰਤੋਖ ਮਿਨਹਾਸ
ਫੋਨ: 559-283-6376
ਦਾਦੀ ਮਾਂ ਬੇਬੇ ਨੂੰ ਆਖਦੀ ਹੁੰਦੀ, “ਧੀਏ ਦਾਲ ਸੰਵਾਰ ਕੇ ਬਣਾਈਂ, ਇੱਕ ਵੀ ਕੋਕੜੂ ਨਾ ਰਹਿ ਜਾਵੇ; ਨਹੀਂ ਤਾਂ ਸਾਰੀ ਦਾਲ ਬੇਸੁਆਦੀ ਹੋ ਜਾਂਦੀ ਹੈ।”
ਬੇਬੇ ਆਖਦੀ, “ਮੈਂ ਤਾਂ ਬੜੀ ਸੰਵਾਰ ਕੇ ਚੁਣਦੀ ਹਾਂ, ਸਾਰੇ ਕੋਕੜੂ ਪਛਾਣ ਕੇ ਬਾਹਰ ਸੁੱਟਦੀ ਹਾਂ, ਪਰ ਕਰਾਂ ਕੀ! ਕਈ ਤਾਂ ਜਵਾਂ ਹੀ ਦਾਲ ਵਰਗੇ ਹੁੰਦੇ ਹਨ, ਉਨ੍ਹਾਂ ਦਾ ਪਤਾ ਹੀ ਨਹੀਂ ਲਗਦਾ।”
ਬੇਬੇ ਬੜੀ ਭੋਲੀ ਹੈ, ਉਸ ਦੇ ਸਹਿਜ ਸੁਭਾਅ ਬੋਲੇ ਸ਼ਬਦਾਂ ਵਿਚ ਲੋਹੜੇ ਦੇ ਅਰਥ ਉਜਾਗਰ ਹੁੰਦੇ ਹਨ। ਹੁਣ ਜਦੋਂ ਮੈਂ ਜ਼ਿੰਦਗੀ ਵਾਚਣ, ਜਾਚਣ, ਜਿਉਣ ਦਾ ਚੱਜ ਸਿੱਖਣ ਲੱਗਾ ਹਾਂ, ਦਾਦੀ ਮਾਂ ਦੇ ਕਹੇ ਸ਼ਬਦ ਤੇ ਬੇਬੇ ਦੇ ਦਾਲ ‘ਚੋਂ ਕੋਕੜੂ ਚੁਗਣ ਦੀ ਗੱਲ, ਮੈਨੂੰ ਹੁਣ ਥੋੜ੍ਹੀ ਥੋੜ੍ਹੀ ਸਮਝ ਪੈਣ ਲੱਗੀ ਹੈ।

ਜ਼ਿੰਦਗੀ ਬੜੀ ਸੋਹਣੀ ਹੈ, ਸਾਡੇ ਆਸੇ-ਪਾਸੇ ਸੋਹਣਾ ਸੰਸਾਰ ਵਸਿਆ ਹੋਇਐ। ਇਸ ਦੇ ਹਰ ਰੰਗ ਵਿਚ ਸੁਹੱਪਣ ਹੈ, ਰੂਹ ਦਾ ਵਿਸਮਾਦੀ ਅਨੰਦ ਹੈ। ਅਸੀਂ ਹਰ ਰੰਗ ਨੂੰ ਰੱਜ ਕੇ ਮਾਣਨਾ ਚਾਹੁੰਦੇ ਹਾਂ। ਚਾਹੁੰਦੇ ਹਾਂ ਕਿ ਸਾਡੇ ਪਰਿਵਾਰਾਂ ਵਿਚ ਖੁਸ਼ੀਆਂ ਖੇੜੇ ਬਣੇ ਰਹਿਣ। ਘਰ ਦੇ ਹਰ ਜੀਅ ਦੇ ਚਿਹਰੇ ‘ਤੇ ਮੁਸਕਰਾਹਟ ਖੇਡਦੀ ਰਹੇ। ਕਦੇ ਵੀ ਉਨ੍ਹਾਂ ਦਾ ਵਾਲ ਵਿੰਗਾ ਨਾ ਹੋਵੇ। ਚਾਵਾਂ ਦੀ ਉਮੀਦ ਦਾ ਹਾਣੀ ਬਣਨਾ ਉਨ੍ਹਾਂ ਦੇ ਹਿੱਸੇ ਆਵੇ। ਸਾਡੇ ਸੱਜਣਾਂ-ਪਿਆਰਿਆਂ ਦੇ ਰਿਸ਼ਤਿਆਂ ਦੇ ਮੋਹ ਦਾ ਨਿੱਘ, ਸਦਾ ਸਾਡੇ ਨਾਲ ਰਹੇ। ਜ਼ਿੰਦਗੀ ਦਾ ਪਲ ਪਲ ਚਾਵਾਂ ਮੱਤਾ ਬੀਤੇ। ਇਹ ਅਰਦਾਸ ਹਰ ਮਨੁੱਖ ਦੇ ਅੰਦਰ ਹਰ ਵੇਲੇ ਝਰਦੀ ਰਹਿੰਦੀ ਹੈ। ਇਹੀ ਸਾਡੇ ਜਿਉਣ ਦਾ ਸਬੱਬ ਹੈ। ਇਸ ਪਿਆਰ ਦੇ ਨਿਰੰਤਰ ਵਹਿੰਦੇ ਦਰਿਆ ਵਿਚ ਕਦੇ ਵੀ ਕੋਈ ਜ਼ਹਿਰ ਤੁਪਕਾ ਨਾ ਰਲੇ, ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਜਿੰ.ਦਗੀ ਦਾ ਨਿਰੰਤਰ ਚਲਦਾ ਦਰਿਆ, ਇੱਕ ਸੇਧੇ ਨਹੀਂ ਚੱਲਦਾ। ਇਸ ਵਿਚ ਰੋੜੇ ਰੁਕਾਵਟਾਂ ਦਾ ਆਉਣਾ ਸੁਭਾਵਿਕ ਹੈ।
ਸੰਸਾਰ ਦੇ ਸਰਬਵਿਆਪੀ ਵਰਤਾਰੇ ਵਿਚ ਕਦੇ ਵੀ ਇੱਕੋ ਜਿਹਾ ਕੁਝ ਨਹੀਂ ਵਾਪਰਦਾ। ਠੰਡੀਆਂ ਸੁਗੰਧ ਭਰੀਆਂ ਹਵਾਵਾਂ ਦੇ ਨਾਲ ਝੱਖੜ ਹਨੇਰੀਆਂ ਤੱਤੇ ਬੁੱਲਿਆਂ ਦਾ ਸੇਕ ਕਦੇ ਨਾ ਕਦੇ ਸਾਡੇ ਕੋਮਲ ਜਜ਼ਬਿਆਂ, ਉਮੀਦਾਂ, ਚਾਵਾਂ ਨੂੰ ਝੁਲਸ ਜਾਂਦਾ ਹੈ; ਪਰ ਫਿਰ ਵੀ ਕੁਦਰਤ ਦੀ ਨਿਆਮਤ ਨਾਲ ਭਰੀਆਂ ਝੋਲੀਆਂ ਅਸੀਂ ਸਾਂਭ ਕੇ ਰੱਖਦੇ ਹਾਂ। ਕੋਈ ਨਹੀਂ ਚਾਹੁੰਦਾ, ਇਨ੍ਹਾਂ ਭਰੀਆਂ ਝੋਲੀਆਂ ਵਿਚ ਕੋਈ ਕੰਜ ਦਾ ਬੀ ਪੈ ਜਾਵੇ। ਬ੍ਰਹਿਮੰਡ ਦੇ ਪਸਾਰੇ ਅਤੇ ਕੁਦਰਤ ਦੇ ਨਜ਼ਾਰਿਆਂ ਦੇ ਵਰਤਾਰਿਆਂ ਵਿਚ ਅਸੀਂ ਕੁਝ ਨਾ ਕੁਝ ਆਪਣੇ ਲਈ ਰਾਖਵਾਂ ਭਾਲਦੇ ਹਾਂ, ਜੋ ਸਾਡੀਆਂ ਅਧੂਰੀਆਂ ਉਮੀਦਾਂ, ਚਾਵਾਂ ਤੇ ਖੁਸ਼ੀਆਂ ਦੀ ਪੂਰਤੀ ਦਾ ਸਾਧਨ ਬਣੇ, ਪਰ ਕਈ ਵਾਰੀ ਕੁਦਰਤ ਵਲੋਂ ਇਹ ਵਰੋਸਾਈ ਦਾਤ ਵੀ ਸਾਡੇ ਨਸੀਬ ਦੇ ਅੰਗ-ਸੰਗ ਨਹੀਂ ਰਹਿੰਦੀ। ਇਸ ਦਾ ਕਾਰਨ ਇਹ ਨਹੀਂ ਕਿ ਤੁਸੀਂ ਇਹ ਦਾਤ ਸਾਂਭਣ ਦੇ ਸਮਰੱਥ ਨਹੀਂ ਸੀ, ਸਗੋਂ ਇਸ ਦਾ ਕਾਰਨ ਕੋਈ ਹੋਰ ਸੀ।
ਜਦੋਂ ਸੰਸਾਰ ਵਿਚ ਵਿਚਰਦੇ ਹਾਂ, ਸਾਡਾ ਵੱਖ ਵੱਖ ਸੁਭਾਅ ਵਾਲੇ ਬੜੇ ਲੋਕਾਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਵਿਚੋਂ ਕਈਆਂ ਦਾ ਸਾਥ ਸਾਨੂੰ ਚੰਗਾ ਲੱਗਦਾ ਹੈ। ਉਨ੍ਹਾਂ ਨਾਲ ਦੁੱਖ ਸੁੱਖ ਸਾਂਝਾ ਕਰਨਾ ਧਰਵਾਸੀ ਸਕੂਨ ਮਿਲਦਾ ਹੈ, ਇਸ ਲਈ ਕਈ ਸਾਡੀ ਨੇੜਤਾ ਦੀ ਕੜੀ ਦਾ ਅੰਗ ਬਣ ਜਾਂਦੇ ਹਨ। ਉਨ੍ਹਾਂ ਨਾਲ ਵਿਚਰਨਾ ਸਾਡੀ ਲੋੜ ਬਣ ਜਾਂਦਾ ਹੈ, ਸਾਡੀ ਇਹ ਕਮਜ਼ੋਰੀ ਉਨ੍ਹਾਂ ਦੇ ਹਿੱਤ ਲਈ ਵਰਦਾਨ ਬਣਦੀ ਹੈ ਅਤੇ ਕਈ ਵਾਰੀ ਦੂਜਿਆਂ ਵਲੋਂ ਵਿਛਾਏ ਮੋਹ ਜਾਲ ਦੀਆਂ ਤੰਦਾਂ ਸਾਨੂੰ ਆਪਣੇ ਕਲਾਵੇ ਵਿਚ ਲੈ ਲੈਂਦੀਆਂ ਹਨ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸ਼ਿਕਾਰੀ ਦਾ ਪਾਇਆ ਚੋਗਾ ਹੈ ਜਾਂ ਪਿਆਰ ਦੀ ਸੁੱਚੀ ਅਮਾਨਤ। ਕੀ ਇਹ ਪਿਆਰ, ਨੇੜਤਾ, ਹਮਦਰਦੀ ਅਪਣੱਤ ਦੀ ਕੁੜਿਕੀ ਕਸੀ ਬੈਠਾ ਕੋਈ ਕੋਕੜੂ ਤਾਂ ਨਹੀਂ, ਜਿਸ ਨੇ ਤੁਹਾਡੀ ਚੁੰਜ ਦੇ ਹਿੱਸੇ ਆਏ ਦਾਣੇ ਨੂੰ ਹੀ ਸੰਨ ਲਾ ਦੇਣੀ ਹੈ। ਸੱਚਮੁੱਚ ਇਹ ਦੋਸਤਾਂ ਵਰਗੇ ਹੁੰਦੇ ਹਨ, ਇਨ੍ਹਾਂ ਦੀ ਪਛਾਣ ਕਰਨੀ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ।
ਜਿਵੇਂ ਮੂੰਗੀ ਦੀ ਦਾਲ ਦੇ ਕੋਕੜੂ ਜੋ ਮੂੰਗੀ ਦੇ ਰੰਗ ਵਰਗੇ ਹਰੇ ਹੀ ਹੁੰਦੇ ਹਨ, ਉਨ੍ਹਾਂ ਨੂੰ ਪਛਾਣਨਾ ਬੜਾ ਔਖਾ ਹੁੰਦਾ ਹੈ, ਪਰ ਸਿਆਣੀਆਂ ਤ੍ਰੀਮਤਾਂ ਝੱਟ ਪਛਾਣ ਲੈਂਦੀਆਂ ਹਨ, ਉਹ ਚੁੱਗ ਕੇ ਝੱਟ ਬਾਹਰ ਸੁੱਟ ਮਾਰਦੀਆਂ ਹਨ। ਇਸੇ ਤਰ੍ਹਾਂ ਹੀ ਜਿਵੇਂ ਦਾਲ ਨੂੰ ਸੋਹਣਾ ਸੁਆਦੀ ਬਣਾਉਣ ਲਈ ਇਨ੍ਹਾਂ ਕੋਕੜੂਆਂ ਨੂੰ ਬਾਹਰ ਕੱਢਣਾ ਜਰੂਰੀ ਹੈ, ਉਸੇ ਤਰ੍ਹਾਂ ਆਪਣੀ ਜ਼ਿੰਦਗੀ ਦੀ ਤੋਰ ਨੂੰ ਨਿਰੰਤਰ ਚੱਲਦਾ ਤੇ ਸੋਹਣਾ ਬਣਾਉਣ ਲਈ ਮਨੁੱਖੀ ਜ਼ਿੰਦਗੀ ‘ਚ ਆਏ ਇਨ੍ਹਾਂ ਕੋਕੜੂਆਂ ਨੂੰ ਪਛਾਣਨ ਦੀ ਲੋੜ ਹੈ ਤੇ ਸਿਆਣੀ ਤ੍ਰੀਮਤ ਵਾਂਗ ਜ਼ਿੰਦਗੀ ਦੇ ਰਾਹ ‘ਚੋਂ ਬਾਹਰ ਵਗਾਹ ਮਾਰਨਾ ਜਰੂਰੀ ਹੁੰਦਾ ਹੈ, ਕਿਉਂਕਿ ਇਹ ਕੋਕੜੂ ਫਿਦਰਤ ਦੇ ਬੰਦੇ ਕਿਸੇ ਦਾ ਚੰਗਾ ਵੇਖ ਜਰ ਨਹੀਂ ਸਕਦੇ। ਦੂਜਿਆਂ ਦੀ ਖੁਸ਼ੀ ਇਨ੍ਹਾਂ ਨੂੰ ਜ਼ਹਿਰ ਵਾਂਗ ਲਗਦੀ ਹੈ, ਇਹ ਉਸ ਦਿਨ ਦੀ ਉਡੀਕ ਵਿਚ ਰਹਿੰਦੇ ਹਨ, ਕਦੋਂ ਤੁਹਾਡਾ ਕੋਈ ਨੁਕਸਾਨ ਹੋਵੇ। ਦੂਜੇ ਦਾ ਦੁੱਖ ਇਨ੍ਹਾਂ ਦੀ ਖੁਸ਼ੀ ਹੁੰਦਾ ਹੈ।
ਇਹ ਕੋਕੜੂ ਕਿਸਮ ਦੇ ਬੀਬੇ ਲੱਗਦੇ ਲੋਕ ਤੁਹਾਡੇ ਦੁੱਖ-ਸੁੱਖ ਦੇ ਸਾਥੀ ਬਣਨ ਦਾ ਢੋਂਗ ਰਚ ਕੇ ਤੁਹਾਡੀ ਜ਼ਿੰਦਗੀ ਵਿਚ ਸ਼ਾਮਿਲ ਹੋ ਜਾਂਦੇ ਹਨ। ਕਈ ਵਾਰੀ ਤੁਹਾਡੇ ਸਨੇਹੀ ਮਿੱਤਰਾਂ ਨਾਲੋਂ ਵੀ ਇਹ ਤੁਹਾਨੂੰ ਪਿਆਰੇ ਲੱਗਣ ਲੱਗਦੇ ਹਨ। ਇਹ ਅਕਸਰ ਹੀ ਆਪਣੇ ਘਰ ਨਿੱਕੇ ਨਿੱਕੇ ਨਿਉਂਦੇ ਵੀ ਦਿੰਦੇ ਰਹਿੰਦੇ ਹਨ। ਸੌਗਾਤਾਂ ਦਾ ਲੈਣ-ਦੇਣ ਵੀ ਕਰਦੇ ਹਨ। ਉਨ੍ਹਾਂ ਕੋਲ ਬੜੀ ਤਿੱਖੀ ਅੱਖ ਹੁੰਦੀ ਹੈ। ਉਹ ਤੁਹਾਨੂੰ ਸਾਰੇ ਦਾ ਸਾਰਾ ਪੜ੍ਹ ਜਾਂਦੇ ਹਨ। ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ। ਜਦੋਂ ਉਨ੍ਹਾਂ ਨੂੰ ਤੁਹਾਡੀ ਤੋਰ ਦਾ ਥਹੁ ਪੈ ਜਾਂਦਾ ਹੈ, ਫਿਰ ਉਹ ਹੌਲੀ ਹੌਲੀ ਦਾਲ ਦੇ ਕੋਕੜੂਆਂ ਵਾਲੀ ਪ੍ਰਵਿਰਤੀ ਦਾ ਰੰਗ ਧੂੜਨਾ ਸ਼ੁਰੂ ਕਰ ਦਿੰਦੇ ਹਨ। ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਕਦੋਂ ਤੁਸੀਂ ਉਨ੍ਹਾਂ ਦੇ ਸੁੱਟੇ ਰੰਗ ਵਿਚ ਰੰਗੇ ਗਏ। ਬਸ, ਪਤਾ ਉਦੋਂ ਲਗਦਾ ਹੈ, ਜਦੋਂ ਤੁਸੀਂ ਆਪਣਿਆਂ ਵਿਚ ਹੀ ਬਦਰੰਗ ਮਹਿਸੂਸ ਕਰਦੇ ਹੋ।
ਇਸ ਤਰ੍ਹਾਂ ਤੁਹਾਡੀ ਸੋਹਣੀ, ਆਪਣੀ ਰਫਤਾਰ ਵਿਚ ਚਲਦੀ ਜ਼ਿੰਦਗੀ ਨੂੰ ਏਡਾ ਵੱਡਾ ਝਟਕਾ ਦੇ ਜਾਂਦੇ ਹਨ ਕਿ ਸੰਭਲਣ ਵਾਸਤੇ ਉਮਰ ਬੀਤ ਜਾਂਦੀ ਹੈ। ਇਹ ਇਕੱਲੀ ਵਿਅਕਤੀਗਤ ਜ਼ਿੰਦਗੀ ਦੇ ਵੈਰੀ ਨਹੀਂ ਹੁੰਦੇ, ਸਗੋਂ ਜ਼ਿੰਦਗੀ ਦੇ ਹੋਰ ਵੱਖ ਵੱਖ ਖੇਤਰਾਂ ਵਿਚ ਵੀ ਇਨ੍ਹਾਂ ਦੀ ਘੁਸਪੈਠ ਵੇਖੀ ਜਾ ਸਕਦੀ ਹੈ। ਇਹ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਚੰਗੀਆਂ ਚੱਲ ਰਹੀਆਂ ਸੰਸਥਾਵਾਂ, ਜਥੇਬੰਦੀਆਂ ਨੂੰ ਆਪਣੀ ਨਿੱਜੀ ਹਿੱਤ ਦੀ ਲਾਲਸਾ ਕਰਕੇ ਦੋਫਾੜ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਮਿੱਤਰ ਨਹੀਂ ਹੁੰਦਾ ਤੇ ਨਾ ਹੀ ਉਹ ਕਿਸੇ ਦੇ ਮਿੱਤਰ ਬਣਦੇ ਹਨ। ਪਿੱਤਲ ‘ਤੇ ਚੜ੍ਹਿਆ ਮੁਲੰਮਾ ਤੁਹਾਨੂੰ ਕੁਝ ਚਿਰ ਲਈ ਸੋਨੇ ਦਾ ਭੁਲੇਖਾ ਤਾਂ ਦੇ ਸਕਦਾ ਹੈ, ਪਰ ਸਮਾਂ ਪੈਣ ‘ਤੇ ਉਹੀ ਸੋਨਾ ਦਿਸਣ ਵਾਲੀ ਚੀਜ ਕਾਲੀ ਪੈ ਜਾਂਦੀ ਹੈ। ਅਸਲੀਅਤ ਬਾਹਰ ਆ ਜਾਂਦੀ ਹੈ।
ਇਹੀ ਹਾਲ ਇਨ੍ਹਾਂ ਕੋਕੜੂਆਂ ਦਾ ਹੁੰਦਾ ਹੈ, ਜੋ ਪਹਿਲਾਂ ਪਹਿਲ ਖਰਾ ਸੋਨਾ ਲਗਦੇ ਹਨ, ਪਰ ਸਮਾਂ ਬੀਤਣ ‘ਤੇ ਲੋਹੇ ਤੋਂ ਵੀ ਭੈੜੇ ਪੈ ਜਾਂਦੇ ਹਨ। ਇਹ ਮਲੀਨ ਵਿਚਾਰਾਂ ਤੇ ਮੂੜ ਪ੍ਰਵਿਰਤੀ ਦੇ ਬੰਦੇ ਹਰ ਥਾਂ ਹਾਜ਼ਰ ਹੁੰਦੇ ਹਨ, ਪਰ ਇਨ੍ਹਾਂ ਨੂੰ ਪਛਾਣਨ ਵਾਲੀ ਅੱਖ ਸਾਡੇ ਕੋਲ ਹੋਣੀ ਚਾਹੀਦੀ ਹੈ, ਜਿਵੇਂ ਦਾਦੀ ਮਾਂ ਘਰ ਆਏ ਹਰ ਬੰਦੇ ਦੀ ਚਾਲ-ਢਾਲ, ਵੇਖਣੀ-ਪਾਖਣੀ ਤੱਕ ਕੇ ਆਖ ਦਿੰਦੀ ਸੀ, “ਭਾਈ ਫਲਾਣਾ ਬੰਦਾ ਚੰਗਾ ਨਹੀਂ ਦੀਹਦਾ, ਉਨੂੰ ਘਰੇ ਨਾ ਵਾੜਿਆ ਕਰੋ।” ਉਦੋਂ ਦਾਦੀ ਮਾਂ ਦੀ ਇਹ ਗੱਲ ਸਾਨੂੰ ਚੁੱਭਦੀ ਸੀ, ਕਿਉਂਕਿ ਉਸ ਵੇਲੇ ਰਿਸ਼ਤਿਆਂ ਨੂੰ ਜਾਚਣ-ਵਾਚਣ ਦਾ ਵੱਲ ਨਹੀਂ ਸੀ।
ਜ਼ਿੰਦਗੀ ਵਿਚ ਨੇੜਤਾ ਦੀ ਭੀੜ ਇਕੱਠੀ ਕਰਨ ਨਾਲੋਂ ਆਪਣੇ ਆਪ ਨਾਲ ਮੋਹ ਦੀ ਤੰਦ ਕੱਤਣਾ, ਕਿਤੇ ਬਿਹਤਰ ਹੁੰਦਾ ਹੈ। ਆਪਣੇ ਅੰਦਰ ਝਾਕਣ ਦਾ ਮੌਕਾ, ਭੀੜ ਨਾਲੋਂ ਇਕੱਲੇ ਤੁਰਨ ਵਿਚ ਨਸੀਬ ਹੁੰਦਾ ਹੈ। ਆਪਣੀ ਹੋਂਦ ਦਾ ਅਹਿਸਾਸ ਆਪੇ ਨੂੰ ਜਾਣਨ ਵਿਚ ਹੈ, ਨਾ ਕਿ ਦੂਜਿਆਂ ਦੇ ਬੋਲੇ ਸਿਫਤ ਸਲਾਹੀ ਸ਼ਬਦਾਂ ਵਿਚ। ਜਦੋਂ ਵਡਿਆਈ ਦੇ ਸ਼ਬਦਾਂ ਦੇ ਨਾਲ ਤੁਸੀਂ ਭਰੇ ਭਰੇ ਮਹਿਸੂਸ ਕਰੋ, ਸਮਝ ਲਵੋ ਉਦੋਂ ਤੁਸੀਂ ਅੰਦਰੋਂ ਖਾਲੀ ਹੋ। ਜਦੋਂ ਤੁਸੀਂ ਹਰ ਪਾਸੇ ਤੋਂ ਚੰਗੇ ਬੋਲਾਂ ਦੀ ਆਮਦ ਦੀ ਉਮੀਦ ਦਾ ਭਰਮ ਪਾਲਦੇ ਹੋ ਤਾਂ ਸਮਝ ਲਓ, ਤੁਹਾਡੇ ਆਸੇ-ਪਾਸੇ ਕੋਕੜੂਆਂ ਦੀ ਭਰਮਾਰ ਹੈ। ਚੰਗੇ ਦੋਸਤ, ਤੁਹਾਡੀ ਜ਼ਿੰਦਗੀ ਦੀ ਵਿਰਲ ਵਿਚ ਵੀ ਆਪਣਾ ਹਿੱਸਾ ਪਾ ਦਿੰਦੇ ਹਨ।
ਮਾੜੀ ਪ੍ਰਵਿਰਤੀ ਦੇ ਬੰਦਿਆਂ ਦਾ ਇਸ ਤਰ੍ਹਾਂ ਜ਼ਿਕਰ ਕਰਨ ਤੋਂ ਭਾਵ ਇਹ ਨਹੀਂ ਕਿ ਚੰਗੇ ਮਨੁੱਖਾਂ ਦੀ ਘਾਟ ਹੈ। ਇਹ ਸਾਰਾ ਸੰਸਾਰ ਚੰਗੇ ਬੰਦਿਆਂ ਕਰਕੇ ਹੀ ਸੋਹਣਾ ਹੈ। ਸਾਡੇ ਚਿਹਰਿਆਂ ਦੀ ਅਦੁੱਤੀ ਰੌਣਕ ਦਾ ਰਾਜ਼ ਰਿਸ਼ਤਿਆਂ ਦੀ ਸੁੱਚਮ ਹੈ। ਨਿੱਘੇ ਨਾਤਿਆਂ ਦਾ ਸਾਥ ਉਂਗਲੀ ਫੜ੍ਹ ਕੇ ਤੁਰਨ ਵਾਂਗ ਹੁੰਦਾ ਹੈ। ਉਹ ਮੰਜ਼ਿਲ ਦਾ ਸਿਰਨਾਵਾਂ ਵੀ ਬਣਦੇ ਹਨ ਅਤੇ ਰਾਹ ਦਸੇਰਾ ਵੀ। ਦਾਲ ਵਿਚ ਵੀ ਚੰਗੇ ਦਾਣਿਆਂ ਦੀ ਭਰਮਾਰ ਹੁੰਦੀ ਹੈ, ਕੋਈ ਕੋਈ ਕੋਕੜੂ ਹੁੰਦਾ ਹੈ, ਉਵੇਂ ਹੀ ਜ਼ਿੰਦਗੀ ਵਿਚ ਵੀ ਚੰਗੇ ਬੰਦਿਆਂ ਦੀ ਰੌਣਕ ਵੱਧ ਹੁੰਦੀ ਹੈ, ਮਾੜਾ ਕੋਈ ਕੋਈ ਹੁੰਦਾ ਹੈ।