ਕਰਤਾਰਪੁਰ ਲਾਂਘਾ ਅਤੇ ਹਿੰਦ-ਪਾਕਿ ਵਪਾਰਕ ਮਿਲਣੀ

ਸੰਜੀਵ ਪਾਂਡੇ
ਕਰਤਾਰਪੁਰ ਸਾਹਿਬ ਲਾਂਘੇ ਖੁੱਲ੍ਹ ਗਿਆ ਹੈ ਅਤੇ ਉਮੀਦ ਹੈ ਕਿ ਇਹ ਦੋਵਾਂ ਮੁਲਕਾਂ ਦਰਮਿਆਨ 7 ਦਹਾਕਿਆਂ ਤੋਂ ਚੱਲ ਰਹੇ ਮਾੜੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਸਹਾਈ ਹੋਵੇਗਾ, ਕਿਉਂਕਿ ਇਹ ਦੁਨੀਆ ਭਰ ਨੂੰ ਅਮਨ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਹ ਭਵਿਖ ਵਿਚ ਸਰਹੱਦ ‘ਤੇ ਅਜਿਹੇ ਹੋਰ ਲਾਂਘੇ ਖੋਲ੍ਹਣ ਦਾ ਰਾਹ ਵੀ ਪੱਧਰਾ ਕਰੇਗਾ। ਇਸ ਲਾਂਘੇ ਦੇ ਬਹਾਨੇ ਭਾਰਤ-ਪਾਕਿਸਤਾਨ ਸਰਹੱਦ ਉਤੇ ਕਈ ਹੋਰ ਆਰਥਿਕ ਲਾਂਘੇ ਖੋਲ੍ਹਣ ਦੀ ਕਵਾਇਦ ਵੀ ਸ਼ੁਰੂ ਹੋਵੇਗੀ।

ਇਹੋ ਉਮੀਦ ਸਰਹੱਦ ਦੇ ਦੋਹੀਂ ਪਾਸੀਂ ਅਮਨ ਲਈ ਕੰਮ ਕਰਨ ਵਾਲੇ ਲੋਕ ਲਾਈ ਬੈਠੇ ਹਨ, ਕਿਉਂਕਿ ਕੁਝ ਘਟਨਾਕ੍ਰਮ ਦੱਸਦੇ ਹਨ ਕਿ ਦੋਵਾਂ ਮੁਲਕਾਂ ਦਰਮਿਆਨ ਭਾਰੀ ਤਣਾਅ ਦੇ ਬਾਵਜੂਦ ਸ਼ਾਂਤੀ ਦੀਆਂ ਉਮੀਦਾਂ ਖਤਮ ਨਹੀਂ ਹੋਈਆਂ। ਦੋਵਾਂ ਦੇਸ਼ਾਂ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਦੇ ਉਤੇ ਤਣਾਅ ਸਿਖਰਾਂ ‘ਤੇ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਕਾਰਜਾਂ ਵਿਚ ਕੋਈ ਕੋਤਾਹੀ ਨਹੀਂ ਕੀਤੀ। ਦੋਵਾਂ ਦਰਮਿਆਨ ਇਸ ਸਬੰਧੀ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਅਖੀਰ ਸਮਝੌਤਾ ਸਹੀਬੰਦ ਹੋ ਗਿਆ।
ਕਰਤਾਰਪੁਰ ਸਾਹਿਬ ਤੋਂ ਸ਼ੁਰੂ ਹੋਈ ਇਹ ਗੱਲ ਯਕੀਨਨ ਅਗਾਂਹ ਵਧੇਗੀ। ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਆਪਣੀ ਸਰਜ਼ਮੀਨ ‘ਤੇ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਸੈਰ-ਸਫਰ ਲਈ ਵਧੀਆ ਮਾਹੌਲ ਬਣਾਉਣਾ ਚਾਹੁੰਦਾ ਹੈ। ਇਹ ਪਾਕਿਸਤਾਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ। ਧਾਰਮਿਕ ਸਥਾਨਾਂ ਰਾਹੀਂ ਲੋਕਾਂ ਦਾ ਵਧਦਾ ਹੋਇਆ ਮੇਲਜੋਲ ਦੋਵਾਂ ਮੁਲਕਾਂ ਦਰਮਿਆਨ ਚਿਰਾਂ ਤੋਂ ਚੱਲ ਰਹੇ ਝਗੜਿਆਂ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਵੇਗਾ।
ਬਿਨਾ ਸ਼ੱਕ ਲੰਬੇ ਸਮੇਂ ਤੋਂ ਦਹਿਸ਼ਤਗਰਦੀ ਨਾਲ ਜੂਝ ਰਹੇ ਪਾਕਿਸਤਾਨ ਦੀ ਮਾਲੀ ਹਾਲਤ ਖਰਾਬ ਹੈ। ਦਹਿਸ਼ਤਗਰਦੀ ਦਾ ਮਾੜਾ ਅਸਰ ਪਾਕਿਸਤਾਨ ਦੇ ਖੇਤੀ ਤੇ ਸਨਅਤੀ ਖੇਤਰਾਂ ‘ਤੇ ਵੀ ਪੈ ਰਿਹਾ ਹੈ। ਬੀਤੇ ਵੀਹ ਸਾਲਾਂ ਦੌਰਾਨ ਪਾਕਿਸਤਾਨ ਦੇ ਅਰਥਚਾਰੇ ਨੂੰ ਦਹਿਸ਼ਤਗਰਦੀ ਕਾਰਨ 125 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਪਾਕਿਸਤਾਨ ਦੀ ਜਮਹੂਰੀ ਹਕੂਮਤ ਅਤੇ ਫੌਜ ਦੋਵਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਪਾਕਿਸਤਾਨੀ ਨਿਜ਼ਾਮ ਨੂੰ ਉਮੀਦ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਧਾਰਮਿਕ ਸੈਰ-ਸਫਰ ਵਧਣ ਸਦਕਾ ਆਰਥਿਕ ਭਾਈਚਾਰਾ ਵੀ ਵਧੇਗਾ, ਕਿਉਂਕਿ ਹਾਲੇ ਤੱਕ ਦੀਆਂ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਤੇ ਚਰਚਾਵਾਂ ਦਾ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ।
ਸਿੱਖ ਧਰਮ ਨਾਲ ਸਬੰਧਤ ਅਹਿਮ ਸਥਾਨ ਪਾਕਿਸਤਾਨ ਵਿਚ ਹਨ ਜੋ ਮੁੱਖ ਤੌਰ ‘ਤੇ ਲਾਹੌਰ, ਨਨਕਾਣਾ ਸਾਹਿਬ, ਹਸਨ ਅਬਦਾਲ ਅਤੇ ਕਰਤਾਰਪੁਰ ਸਾਹਿਬ ਵਿਚ ਹਨ ਅਤੇ ਪਹਿਲੇ ਗੁਰੂ ਨਾਨਕ ਦੇਵ ਤੇ ਪੰਜਵੇਂ ਗੁਰੂ ਅਰਜਨ ਦੇਵ ਨਾਲ ਸਬੰਧਤ ਹਨ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ ਕੁਝ ਹਜ਼ਾਰਾਂ ਵਿਚ ਹੀ ਰਹਿ ਗਈ, ਕਿਉਂਕਿ ਬਹੁਤੇ ਸਿੱਖ ਭਾਰਤ ਆ ਗਏ ਸਨ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਮਾਮਲੇ ‘ਤੇ ਪਾਕਿਸਤਾਨ ਦੀ ਹਾਲਤ ਵੀ ਦਿਲਚਸਪ ਹੈ ਜੋ ਇਸਲਾਮੀ ਮੁਲਕ ਹੈ ਤੇ ਇਸਲਾਮ ਨਾਲ ਸਬੰਧਤ ਬਹੁਤੇ ਪਵਿਤਰ ਸਥਾਨ ਸਾਊਦੀ ਅਰਬ, ਇਰਾਕ ਅਤੇ ਇਰਾਨ ਵਿਚ ਹਨ। ਇਸ ਕਾਰਨ ਪਾਕਿਸਤਾਨ ਸਰਕਾਰ ਜੇ ਆਪਣੇ ਮੁਲਕ ਵਿਚ ਧਾਰਮਿਕ ਸਥਾਨਾਂ ਦੇ ਸੈਰ-ਸਫਰ ਨੂੰ ਵਿਕਸਤ ਕਰਨਾ ਚਾਹੁੰਦੀ ਹੈ ਤਾਂ ਉਸ ਦੀ ਤਰਜੀਹ ਸਿੱਖ ਧਰਮ ਨਾਲ ਸਬੰਧਤ ਸਥਾਨਾਂ ਦੇ ਵਿਕਾਸ ਦੀ ਹੋਵੇਗੀ।
ਗੌਰਤਲਬ ਹੈ ਕਿ ਭਾਰਤ ਨੇ ਵੀ ਵਿਦੇਸ਼ੀ ਸੈਲਾਨੀਆਂ ਨੂੰ ਇਹੋ ਜਿਹੇ ਸੈਰ-ਸਫਰ ਲਈ ਖਿੱਚਣ ਵਾਸਤੇ ਉਤਰ ਪ੍ਰਦੇਸ਼ ਤੇ ਬਿਹਾਰ ਵਿਚ ਬੁੱਧ ਧਰਮ ਦੇ ਅਹਿਮ ਸਥਾਨਾਂ ਨੂੰ ਵਿਕਸਤ ਕਰ ਕੇ ਬੁੱਧ ਧਰਮ ਨਾਲ ਸਬੰਧਤ ਸਰਕਟ ਕਾਇਮ ਕੀਤਾ ਹੈ ਤੇ ਇਸੇ ਤਰਜ਼ ‘ਤੇ ਪਾਕਿਸਤਾਨ ਕੋਲ ਵੀ ਸਿੱਖ ਧਰਮ ਨਾਲ ਸਬੰਧਤ ਸਥਾਨਾਂ ਨੂੰ ਆਪਸ ਵਿਚ ਜੋੜ ਕੇ ਸਿੱਖ ਸਰਕਟ ਵਿਕਸਤ ਕਰਨ ਦਾ ਵਧੀਆ ਮੌਕਾ ਹੈ।
ਭਾਰਤ ਨੇ ਬੁੱਧ ਧਰਮ ਨਾਲ ਸਬੰਧਤ ਸਰਕਟ ਨਾਲ ਨੇਪਾਲ ਨੂੰ ਵੀ ਜੋੜਿਆ ਹੈ। ਗੌਤਮ ਬੁੱਧ ਦਾ ਜਨਮ ਸਥਾਨ ਲੁੰਬਿਨੀ, ਨੇਪਾਲ ਵਿਚ ਹੈ ਪਰ ਬੁੱਧ ਧਰਮ ਦੇ ਦੂਜੇ ਕਰੀਬ ਸਾਰੇ ਅਹਿਮ ਕੇਂਦਰ, ਜਿਵੇਂ ਬੁੱਧ ਦੀ ਗਿਆਨ ਪ੍ਰਾਪਤੀ ਦਾ ਸਥਾਨ ਬੋਧ ਗਯਾ, ਪਹਿਲਾ ਧਰਮ ਉਪਦੇਸ਼ ਦੇਣ ਦਾ ਸਥਾਨ ਸਾਰਨਾਥ ਅਤੇ ਬੁੱਧ ਦੇ ਚਲਾਣੇ (ਨਿਰਵਾਣ ਪ੍ਰਾਪਤੀ) ਦਾ ਸਥਾਨ ਕੁਸ਼ੀਨਗਰ ਆਦਿ ਭਾਰਤ ਵਿਚ ਹਨ। ਬੋਧ ਗਯਾ, ਬਿਹਾਰ ਵਿਚ ਅਤੇ ਸਾਰਨਾਥ ਤੇ ਕੁਸ਼ੀਨਗਰ ਯੂ.ਪੀ. ਵਿਚ ਪੈਂਦੇ ਹਨ। ਭਾਰਤ ਤੇ ਨੇਪਾਲ ਮਿਲ ਕੇ ਬੁੱਧ ਧਰਮ ਨਾਲ ਸਬੰਧਤ ਸਰਕਟ ਵਿਕਸਤ ਕਰ ਰਹੇ ਹਨ ਤੇ ਤਕਰੀਬਨ ਇਹੋ ਸਥਿਤੀ ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂ ਸਾਹਿਬਾਨ ਸਬੰਧੀ ਹੈ।
ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਹੈ ਅਤੇ ਜਿਥੇ ਉਨ੍ਹਾਂ ਆਪਣਾ ਆਖਰੀ ਸਮਾਂ ਬਿਤਾਇਆ, ਭਾਵ ਕਰਤਾਰਪੁਰ ਸਾਹਿਬ ਵੀ ਪਾਕਿਸਤਾਨ ਵਿਚ ਹੈ। ਉਨ੍ਹਾਂ ਨਾਲ ਸਬੰਧਤ ਕੁਝ ਸਥਾਨ ਭਾਰਤ ਵਿਚ ਵੀ ਹਨ। ਗੁਰੂ ਸਾਹਿਬਾਨ ਨਾਲ ਸਬੰਧਤ ਕਈ ਸਥਾਨ ਚੜ੍ਹਦੇ ਪੰਜਾਬ ਤੋਂ ਇਲਾਵਾ ਭਾਰਤ ਵਿਚ ਬਿਹਾਰ ਤੇ ਮਹਾਰਾਸ਼ਟਰ ਆਦਿ ਸੂਬਿਆਂ ਵਿਚ ਵੀ ਹਨ। ਭਾਰਤ ਤੇ ਨੇਪਾਲ ਦੇ ਬੁੱਧ ਧਰਮ ਨਾਲ ਸਬੰਧਤ ਸਰਕਟ ਦੀ ਤਰਜ਼ ‘ਤੇ ਜੇ ਭਾਰਤ ਤੇ ਪਾਕਿਸਤਾਨ ਮਿਲ ਕੇ ਸਿੱਖ ਧਰਮ ਨਾਲ ਸਬੰਧਤ ਸਰਕਟ ਵਿਕਸਤ ਕਰਦੇ ਹਨ ਤਾਂ ਭਵਿੱਖ ‘ਚ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਵੀ ਕਾਫੀ ਸੁਧਾਰ ਆਵੇਗਾ।
ਭਾਰਤ-ਪਾਕਿਸਤਾਨ ਦੇ ਮਾਲੀ ਰਿਸ਼ਤੇ ਬੀਤੇ ਦੋ ਸਾਲਾਂ ਤੋਂ ਕਾਫੀ ਖਰਾਬ ਹਨ, ਜਦੋਂਕਿ ਦੋਵਾਂ ਮੁਲਕਾਂ ਦੇ ਵਪਾਰੀ ਚੰਗੇ ਸਬੰਧਾਂ ਦੇ ਚਾਹਵਾਨ ਹਨ। ਅੰਮ੍ਰਿਤਸਰ ਤੇ ਲਾਹੌਰ ਦੇ ਵਪਾਰੀਆਂ ਨੂੰ ਇਸ ਲਾਂਘੇ ਤੋਂ ਕਾਫੀ ਉਮੀਦਾਂ ਹਨ, ਹਾਲਾਂਕਿ ਦਿੱਲੀ ਤੱਕ ਦੇ ਵਪਾਰੀ ਇਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਪੰਜਾਬ ਰਾਹੀਂ ਪਾਕਿਸਤਾਨ ਨਾਲ ਵਪਾਰ ਵਧਣ ਦਾ ਪੂਰੇ ਉਤਰ ਭਾਰਤ ਨੂੰ ਸਿੱਧਾ ਫਾਇਦਾ ਹੋਵੇਗਾ। ਇਸੇ ਤਰ੍ਹਾਂ ਲਹਿੰਦੇ ਪੰਜਾਬ ‘ਚ ਖਾਸਕਰ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਵੀ ਪੰਜਾਬ ਸਰਹੱਦ ਰਾਹੀਂ ਭਾਰਤ ਨਾਲ ਵਪਾਰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਚੜ੍ਹਦੇ ਪੰਜਾਬ ਦੇ ਆਗੂ ਵੀ ਲਗਾਤਾਰ ਪੰਜਾਬ ਰਾਹੀਂ ਪਾਕਿਸਤਾਨ ਨਾਲ ਆਰਥਿਕ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦੇ ਰਹੇ ਹਨ। ਹਾਲੇ ਸਿਰਫ ਅਟਾਰੀ ਸਰਹੱਦ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਲੈਣ-ਦੇਣ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014 ਵਿਚ ਕੇਂਦਰ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਹੁਸੈਨੀਵਾਲਾ ਅਤੇ ਜ਼ਿਲ੍ਹਾ ਫਾਜ਼ਿਲਕਾ ਸਥਿਤ ਸੁਲੇਮਾਨਕੀ ਸਰਹੱਦ ਰਾਹੀਂ ਵੀ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਦੀ ਸਮਰੱਥਾ 30 ਅਰਬ ਡਾਲਰ ਦੇ ਕਰੀਬ ਹੈ, ਜਦੋਂਕਿ ਹਾਲੇ ਦੁਵੱਲਾ ਵਪਾਰ ਸਿਰਫ 2.50 ਅਰਬ ਡਾਲਰ ਹੈ।
ਜੇ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਦਾ ਜ਼ਰੀਆ ਬਣਦਾ ਹੈ, ਤਾਂ ਇਸ ਦਾ ਪਾਕਿਸਤਾਨ ਦੇ ਕਈ ਸਨਅਤੀ ਖੇਤਰਾਂ ਨੂੰ ਸਿੱਧਾ ਲਾਭ ਹੋਵੇਗਾ। ਪਾਕਿਸਤਾਨ ਦੀ ਆਟੋਮੋਬਾਈਲ ਸਨਅਤ ਭਾਰਤ ਦੇ ਗੁੜਗਾਉਂ ਤੇ ਮਾਨੇਸਰ ਤੋਂ ਲੋੜੀਂਦਾ ਸਾਮਾਨ ਦਰਾਮਦ ਕਰ ਸਕਦੀ ਹੈ। ਪਾਕਿਸਤਾਨ ਦੀ ਦਵਾ ਸਨਅਤ ਨੂੰ ਵੀ ਭਾਰੀ ਫਾਇਦਾ ਹੋਵੇਗਾ, ਕਿਉਂਕਿ ਪਾਕਿਸਤਾਨ ਵਿਚ ਹਾਲੇ ਵੀ ਕਈ ਜ਼ਰੂਰੀ ਦਵਾਈਆਂ ਕਾਫੀ ਮਹਿੰਗੀਆਂ ਹਨ। ਦੋਵਾਂ ਮੁਲਕਾਂ ‘ਚ ਖੇਤੀ ਸਹਿਯੋਗ ਵੀ ਵਧੇਗਾ। ਚੜ੍ਹਦੇ ਪੰਜਾਬ ਵਿਚ ਆਲੂ ਤੇ ਨਰਮਾ ਕਾਸ਼ਤਕਾਰਾਂ ਨੂੰ ਫਾਇਦਾ ਹੋਵੇਗਾ।
ਲਹਿੰਦੇ ਪੰਜਾਬ ਦੀ ਕੱਪੜਾ ਸਨਅਤ ਚੜ੍ਹਦੇ ਪੰਜਾਬ ਦੀ ਕਪਾਹ ਦੀ ਵੱਡੀ ਖਰੀਦਦਾਰ ਹੈ ਅਤੇ ਭਾਰਤ ਤੋਂ ਪਾਕਿਸਤਾਨ ਨੂੰ ਹੋਣ ਵਾਲੀ ਬਰਾਮਦ ਵਿਚ ਕਪਾਹ ਦਾ ਵੱਡਾ ਹਿੱਸਾ ਹੈ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਸੁਧਾਰ ਦਾ ਫਾਇਦਾ ਮੱਧ ਏਸ਼ੀਆ ਤੇ ਅਫਗਾਨਿਸਤਾਨ ਨੂੰ ਵੀ ਹੋਵੇਗਾ ਅਤੇ ਇਸੇ ਤਰ੍ਹਾਂ ਪੂਰਬੀ ਏਸ਼ੀਆ ਤੇ ਬੰਗਲਾਦੇਸ਼ ਨੂੰ ਵੀ। ਪਾਕਿਸਤਾਨ ਦੀ ਪੂਰਬੀ ਏਸ਼ੀਆ ਦੇ ਬਾਜ਼ਾਰਾਂ ਤੱਕ ਪਹੁੰਚ ਸੌਖੀ ਹੋਵੇਗੀ ਤੇ ਭਾਰਤ ਲਈ ਮੱਧ ਏਸ਼ੀਆ ਦੇ ਬਾਜ਼ਾਰਾਂ ਤੱਕ ਪੁੱਜਣਾ ਆਸਾਨ ਹੋ ਜਾਵੇਗਾ।