ਵਿੰਚੀ ਦੀ ਅੰਬਰੀ ਉਡਾਣ

ਇਤਾਲਵੀ ਚਿੱਤਰਕਾਰ ਲਿਓਨਾਰਡੋ ਦਾ ਵਿੰਚੀ (1452-1519) ਨੂੰ ਅਸੀਂ ਬਹੁਤਾ ਚਿੱਤਰਕਾਰ ਵਜੋਂ ਹੀ ਜਾਣਦੇ ਹਾਂ ਪਰ ਉਸ ਦੇ ਚਿੱਤਰਾਂ ਨੂੰ ਵਾਚਦਿਆਂ ਪਤਾ ਲੱਗਦਾ ਹੈ ਕਿ ਉਸ ਅੰਦਰ ਕਿੰਨੀਆਂ ਪ੍ਰਤਿਭਾਵਾਂ ਸਮੋਈਆਂ ਹੋਈਆਂ ਹਨ। ਮਨੁੱਖੀ ਸਰੀਰਕ ਰਚਨਾ ਬਾਰੇ ਉਸ ਦੇ ਚਿੱਤਰ ਦੰਗ ਕਰਨ ਵਾਲੇ ਹਨ। ਉਸ ਵੇਲੇ ਜਦੋਂ ਕਿਸੇ ਨੇ ਅਲਟਰਾਸਾਊਂਡ ਵਰਗੀ ਤਕਨੀਕ ਬਾਰੇ ਸੋਚਿਆ ਤਕ ਨਹੀਂ ਸੀ, ਵਿੰਚੀ ਨੇ ਆਪਣੇ ਚਿੱਤਰਾਂ ਅੰਦਰ ਅਲਟਰਾਸਾਊਂਡ ਵਰਗੀ ਪੇਸ਼ਕਾਰੀ ਕੀਤੀ। ਉਸ ਦੀ ਕਲਾ ਬਾਰੇ ਰਣਦੀਪ ਮੱਦੋਕੇ ਨੇ ਇਹ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਹੈ।

-ਸੰਪਾਦਕ
ਰਣਦੀਪ ਮੱਦੋਕੇ
ਫੋਨ: +91-98146-93368
ਇਤਾਲਵੀ ਚਿਤਰਕਾਰ ਲਿਓਨਾਰਡੋ ਦਾ ਵਿੰਚੀ (1452-1519) ਨੂੰ ਅਸੀਂ ਜ਼ਿਆਦਾਤਰ ਚਿੱਤਰਕਾਰ ਵਜੋਂ ਹੀ ਜਾਣਦੇ ਹਾਂ, ਉਹ ਵੀ ਉਸ ਦੀਆਂ ਬਣਾਈਆਂ ਸ਼ਾਹਕਾਰ ਅਤੇ ਰਹੱਸਮਈ ਕਿਰਤਾਂ ‘ਮੋਨਾ ਲਿਜ਼ਾ’ ਜਾਂ ਫਿਰ ਹਜ਼ਰਤ ਈਸਾ ਦੇ ਸੂਲੀ ਚੜ੍ਹਨ ਤੋਂ ਪਹਿਲੇ ‘ਰਾਤਰੀ ਭੋਜ’ (ਠਹe .ਅਸਟ ੁੰਪਪeਰ) ਕਰਕੇ; ਪਰ ਲਿਓਨਾਰਡੋ ਦਾ ਵਿੰਚੀ ਸਿਰਫ ਚਿੱਤਰਕਾਰ ਨਹੀਂ ਸਗੋਂ ਉਹ ਬਹੁਪੱਖੀ ਪ੍ਰਤਿਭਾ ਸੀ। ਜਿਥੇ ਉਸ ਦਾ ਨਾਂ ਚਿੱਤਰਕਲਾ ਦੇ ਮਹਾਨ ਉਸਤਾਦ ਵਜੋਂ ਲਿਆ ਜਾਂਦਾ ਹੈ, ਉਥੇ ਉਸ ਦੀ ਪਛਾਣ ਭਵਿਖੀ ਉਪਕਰਨਾਂ ਦੇ ਇਲਹਾਮ ਕਰਕੇ ਵੀ ਹੈ। ਉਹ ਇਤਾਲਵੀ ਮੁੜ-ਸੁਰਜੀਤੀ (੍ਰeਨਅਸਿਸਅਨਚe) ਦੇ ਸਮੇਂ ਪੈਦਾ ਹੋਏ, ਜਦੋਂ ਯੂਰਪ ਮੱਧਯੁਗ ਵਿਚੋਂ ਨਿਕਲ ਕੇ ਆਧੁਨਿਕਤਾ ਵੱਲ ਵਧਣ ਲਈ ਅੰਗੜਾਈ ਲੈ ਰਿਹਾ ਸੀ। ਮਧਯੁਗੀ ਜਾਗੀਰਦਾਰੀ ਤੋਂ ਆਧੁਨਿਕ ਸਨਅਤੀ ਯੁੱਗ ਵੱਲ ਮੁਢਲੀਆਂ ਪੁਲਾਂਘਾਂ ਪੁੱਟ ਰਿਹਾ ਸੀ। ਯੂਰਪ ਦੇ ਸਮਾਜਿਕ, ਸਿਆਸੀ, ਵਿਤੀ ਅਤੇ ਸਭਿਆਚਾਰਕ, ਸਭ ਖੇਤਰਾਂ ਵਿਚ ਮੁੜ-ਸੁਰਜੀਤੀ ਲਹਿਰ ਨੇ ਕਲਾਸਕੀ ਮਾਨਦੰਡਾਂ ਨੂੰ ਦੁਹਰਾਇਆ ਅਤੇ ਪੁਰਾਣੀਆਂ ਸਥਾਪਿਤ ਮੱਧਯੁਗੀ ਰਵਾਇਤਾਂ ਨੂੰ ਵੀ ਵੰਗਾਰ ਦਿੱਤੀ।
ਲਿਓਨਾਰਡੋ ਵਿੰਚੀ ਨੇ ਚਿਤਰਕਾਰੀ ਦੇ ਆਹਲਾ ਤਕਨੀਕੀ ਅਤੇ ਸੁਹਜ ਵਾਲੇ ਪੱਖਾਂ ਦੇ ਸਿਖਰ ਨੂੰ ਹੀ ਨਹੀਂ ਛੋਹਿਆ ਸਗੋਂ ਇਹ ਮੁਕਾਮ ਹਾਸਿਲ ਕਰਨ ਵਿਚ ਰੋੜਾ ਅਟਕਾਉਂਦੀਆਂ ਸਥਾਪਤ ਤੇ ਪੁਰਾਣੀਆਂ ਰਵਾਇਤਾਂ ਨੂੰ ਵੀ ਚੁਣੌਤੀ ਦਿੱਤੀ ਅਤੇ ਗੈਰ-ਰਵਾਇਤੀ ਖੋਜ ਵਿਧੀਆਂ ਉਪਰ ਤਜਰਬੇ ਵੀ ਕੀਤੇ। ਮਿਸਾਲ ਵਜੋਂ ਉਨ੍ਹਾਂ ਸਮਿਆਂ ਵਿਚ ਮਨੁੱਖੀ ਸਰੀਰਕ ਸੰਰਚਨਾ (Aਨਅਟੋਮੇ) ਬਾਰੇ ਖੋਜ ਕਰਨ ਦੀ ਸਖਤ ਮਨਾਹੀ ਸੀ। ਕੋਈ ਵਿਗਿਆਨੀ, ਡਾਕਟਰ ਜਾਂ ਕਲਾਕਾਰ ਜੇ ਇਹ ਕਰਦਾ ਤਾਂ ਸੱਤਾ ਅਤੇ ਧਰਮ ਦਾ ਗਠਜੋੜ ਇਸ ਲਈ ਸਖਤ ਸਜਾਵਾਂ ਦਿੰਦਾ ਸੀ ਪਰ ਮਨੁੱਖੀ ਸਰੀਰ ਨੂੰ ਸਮਝੇ ਬਗੈਰ ਕੋਈ ਡਾਕਟਰ ਜਾਂ ਵਿਗਿਆਨੀ ਮਨੁੱਖੀ ਰੋਗਾਂ ਜਾਂ ਉਸ ਦੀਆਂ ਤਕਲੀਫਾਂ ਦਾ ਇਲਾਜ ਕਿਵੇਂ ਲਭ ਸਕਦਾ ਹੈ?
ਬਿਹਤਰ ਇਲਾਜ ਪ੍ਰਣਾਲੀ ਬਾਰੇ ਖੋਜ ਕਿਵੇਂ ਸੰਭਵ ਹੈ, ਉਸੇ ਤਰ੍ਹਾਂ ਇਕ ਕਲਾਕਾਰ ਦਾ ਵੀ ਮਨੁੱਖੀ ਸਰੀਰਕ ਸੰਰਚਨਾ ਨੂੰ ਜਾਣਨਾ ਅਤੇ ਸਮਝਣਾ ਓਨਾ ਹੀ ਜ਼ਰੂਰੀ ਹੈ। ਇਸ ਲਈ ਲਿਓਨਾਰਡੋ ਵਿੰਚੀ ਅਤੇ ਹੋਰ ਸਮਕਾਲੀ ਕਲਾਕਾਰ ਰਾਤਾਂ ਨੂੰ ਕਬਰਾਂ ਵਿਚੋਂ ਮੁਰਦਾ ਮਨੁੱਖੀ ਦੇਹਾਂ ਕੱਢ ਕੇ ਪ੍ਰਯੋਗ ਕਰਦੇ ਜਿਸ ਬਦਲੇ ਉਨ੍ਹਾਂ ਨੂੰ ਗਿਰਜੇ ਵਲੋਂ ਸਜ਼ਾਵਾਂ ਦਾ ਸਾਹਮਣਾ ਕਰਨਾ ਪਿਆ। ਵਿੰਚੀ ਸਿਰਫ ਇਕ ਮੁਸੱਵਰ (ਚਿੱਤਰਕਾਰ) ਹੀ ਨਹੀਂ ਸੀ ਸਗੋਂ ਸੁਘੜ ਵਿਗਿਆਨੀ ਵੀ ਸੀ।
ਉਹ ਚਿੱਤਰਕਾਰ ਦੇ ਨਾਲ ਨਾਲ ਮੂਰਤੀਕਾਰ, ਇਮਾਰਤਸਾਜ਼, ਫੌਜੀ ਇੰਜਨੀਅਰ, ਨਕਸ਼ਾ-ਨਵੀਸ਼, ਹਿਸਾਬਦਾਨ ਅਤੇ ਖੋਜੀ ਵੀ ਸੀ। ਉਸ ਦੀ ਤੇਰਾਂ ਹਜ਼ਾਰ ਦੇ ਕਰੀਬ ਪੰਨਿਆਂ ਦੀ ਡਾਇਰੀ ਵਿਚ ਉਸ ਦੀਆਂ ਖੋਜਾਂ, ਸਿਰਜਣਾਵਾਂ, ਇਮਾਰਤਸਾਜ਼ੀ ਹੁਨਰ, ਸਰੀਰਕ ਵਿਗਿਆਨ, ਉਡਣ ਜੰਤਰ ਦੇ ਨਮੂਨੇ, ਜੀਵ ਵਿਗਿਆਨ ਬਾਰੇ ਨਮੂਨੇ, ਜੰਗੀ ਸਾਜ਼ੋ-ਸਮਾਨ ਅਤੇ ਕੈਮਰੇ ਦੇ ਮੁਢਲੇ ਨਮੂਨੇ ਦੇ ਰੇਖਾ ਚਿਤਰ ਦਰਜ ਹਨ, ਜੋ ਉਸ ਦੇ ਬਹੁਤ ਹੀ ਗਹਿਰ ਗੰਭੀਰ ਕਲਾਕਾਰ ਅਤੇ ਖੋਜੀ ਹੋਣ ਦੀ ਸ਼ਾਹਦੀ ਭਰਦੇ ਹਨ। ਇਸੇ ਲਈ ਉਸ ਨੂੰ ਮੁੜ-ਸੁਰਜੀਤੀ ਦੇ ਮਹਾਂਪੁਰਸ਼ (੍ਰeਨਅਸਿਸਅਨਚe ਮਅਨ) ਵਜੋਂ ਜਾਣਿਆ ਜਾਂਦਾ ਹੈ।
ਵਿੰਚੀ ਕਲਾ ਅਤੇ ਵਿਗਿਆਨ ਨੂੰ ਅਲੱਗ-ਅਲੱਗ ਨਹੀਂ ਸਮਝਦਾ ਸੀ ਸਗੋਂ ਉਹ ਇਨ੍ਹਾਂ ਨੂੰ ਦੋ ਗੁੰਝਲਦਾਰ ਅਨੁਸ਼ਾਸਨਾਂ ਦਾ ਸੁਮੇਲ ਮੰਨਦਾ ਸੀ। ਉਹਨੇ ਆਪਣਾ ਅਲੋਕਾਰੀ ਚਿੱਤਰ ‘ਮੋਨਾ ਲਿਜ਼ਾ’ 1505-1507 ਦਰਮਿਆਨ ਸਿਰਜਿਆ ਜਿਸ ਦੇ ਗੁੱਝੇ ਰਹੱਸਾਂ ਬਾਰੇ ਅੱਜ ਤੱਕ ਅੰਦਾਜ਼ੇ ਹੀ ਲਗਾਏ ਜਾਂਦੇ ਹਨ ਪਰ ਇਸ ਦੀ ਥਾਹ ਕੋਈ ਵਿਗਿਆਨੀ ਅਤੇ ਕਲਾ ਪਾਰਖੂ ਨਹੀਂ ਪਾ ਸਕਿਆ। ਮੋਨਾ ਲਿਜ਼ਾ ਅੱਜ ਦੁਨੀਆ ਦੇ ਮਸ਼ਹੂਰ ਕਲਾ ਅਜਾਇਬਘਰ ਲੋਵਰ (ਪੈਰਿਸ, ਫਰਾਂਸ) ਵਿਚ ਮੋਟੇ ਬੁਲਟ ਪਰੂਫ ਸ਼ੀਸ਼ੇ ਅੰਦਰ ਸੰਭਾਲੀ ਹੋਈ ਹੈ ਜਿਸ ਨੂੰ ਸਿਰਫ ਕੌਮੀ ਦੌਲਤ ਹੀ ਨਹੀਂ ਸਗੋਂ ਮਨੁੱਖੀ ਇਤਿਹਾਸ ਵਿਚ ਕਿਸੇ ਕਲਾਕਾਰ ਵਲੋਂ ਸਿਰਜੇ ਉਤਮ ਖਜ਼ਾਨੇ ਵਜੋਂ ਜਾਣਿਆ ਜਾਂਦਾ ਹੈ। ਵਿੰਚੀ ਵਰਗੇ ਸਰਬਗੁਣੀ ਉਸਤਾਦ ਅਤੇ ਉਸ ਦੇ ਕਾਰਜ ਕਿਸੇ ਖਾਸ ਖਿੱਤੇ ਦੀਆਂ ਵਲਗਣਾਂ ਤੋਂ ਪਾਰ ਪੂਰੀ ਮਨੁੱਖੀ ਸਭਿਅਤਾ ਦੀ ਸਾਂਝੀ ਵਿਰਾਸਤ ਹੁੰਦੇ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਮਨੁੱਖੀ ਸੁਹਜ ਸੁਆਦਾਂ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ।