ਵੇਈਂ ਨਦੀ ਪ੍ਰਵੇਸ਼ ਅਤੇ ਕਰਤਾਰਪੁਰ ਦੇ ਖੇਤਾਂ ਨੂੰ ਪਾਣੀ

ਡਾ. ਗੁਰਨਾਮ ਕੌਰ, ਕੈਨੇਡਾ
ਰਾਇ ਭੋਇੰ ਦੀ ਤਲਵੰਡੀ ਵਿਚ ਜਨਮ ਲੈਣ ਅਤੇ ਬਚਪਨ ਗੁਜ਼ਾਰਦਿਆਂ ਗੁਰੂ ਨਾਨਕ ਦੇ ਰੱਬੀ ਜੋਤਿ ਹੋਣ ਦਾ ਅਹਿਸਾਸ ਜਿੱਥੇ ਸਭ ਤੋਂ ਪਹਿਲਾਂ ਬੀਬੀ ਨਾਨਕੀ ਨੂੰ ਹੋਇਆ, ਉਥੇ ਹੀ ਇਸ ਤੱਥ ਦਾ ਅਹਿਸਾਸ ਭੱਟੀ ਗੋਤ ਦੇ ਰਾਜਪੂਤ ਮੁਸਲਮਾਨ ਤਲਵੰਡੀ ਦੇ ਮੁਖੀ ਰਾਇ ਬੁਲਾਰ ਨੂੰ ਵੀ ਹੋਇਆ। ਬਚਪਨ ਤੋਂ ਹੀ ਬਾਲ ਨਾਨਕ (ਗੁਰੂ) ਦਾ ਉਮਰ ਭਰ ਲਈ ਸਾਥੀ ਭਾਈ ਮਰਦਾਨਾ ਬਣ ਗਿਆ, ਜੋ ਧਰਮ ਪੱਖੋਂ ਭਾਵੇਂ ਮੁਸਲਮਾਨ ਸੀ, ਪਰ ਆਪਣਾ ਸਾਰਾ ਜੀਵਨ ਦਿਲ ਦੇ ਪੂਰੇ ਸਮਰਪਣ ਨਾਲ ਗੁਰੂ ਨਾਨਕ ਦੇ ਲੇਖੇ ਲਾ ਦਿੱਤਾ| ਗੁਰੂ ਸਾਹਿਬ ਦੀ ਵੱਡੀ ਅਤੇ ਬਹੁਤ ਹੀ ਸਤਿਕਾਰਤ ਭੈਣ ਬੀਬੀ ਨਾਨਕੀ ਗੁਰੂ ਜੀ ਦੀ ਪਹਿਲੀ ਸਿੱਖ ਬਣੀ ਅਤੇ ਬਚਪਨ ਤੋਂ ਹੀ ਇੱਕ ਕੰਧ ਬਣ ਕੇ ਨਾਲ ਖੜ੍ਹੀ ਰਹੀ|

ਰਾਇ ਬੁਲਾਰ ਅਤੇ ਭਾਈ ਮਰਦਾਨਾ ਗੁਰੂ ਨਾਨਕ ਦੇ ਬਹੁਤ ਸ਼ਰਧਾਲੂ ਸਿੱਖ ਹਨ| ਜਿੱਥੇ ਰਾਇ ਬੁਲਾਰ ਨੇ ਆਪਣੀ ਜ਼ਮੀਨ ਜਿਸ ਤੋਂ ਵੱਖ ਹੋਣਾ ਆਮ ਮਨੁੱਖ ਲਈ ਔਖਾ ਹੁੰਦਾ ਹੈ ਅਤੇ ਅਮੀਰਾਂ ਨੂੰ ਤਾਂ ਹੋਰ ਇਕੱਠੀ ਕਰਨ ਦੀ ਬੇਚੈਨੀ ਸੌਣ ਵੀ ਨਹੀਂ ਦਿੰਦੀ, ਗੁਰੂ ਦੇ ਅਰਪਣ ਕਰ ਦਿੱਤੀ, ਉਥੇ ਭਾਈ ਮਰਦਾਨੇ ਨੇ ਤਾਂ ਬਾਣੀ ਦੇ ਉਤਰਨ ‘ਤੇ ਨਾ ਸਿਰਫ ਰਬਾਬ ‘ਤੇ ਸਾਥ ਦਿੱਤਾ, ਸਗੋਂ ਉਦਾਸੀਆਂ ਵਿਚ ਉਮਰ ਭਰ ਨਾਲ ਤੁਰਦਿਆਂ ਆਖਰੀ ਸਾਹ ਵੀ ਆਪਣੇ ਗੁਰੂ ਦੀ ਗੋਦ ਵਿਚ ਤਿਆਗੇ|
ਬੀਬੀ ਨਾਨਕੀ ਦੀ ਆਪਣੇ ਛੋਟੇ ਵੀਰ ਲਈ ਅਥਾਹ ਸ਼ਰਧਾ ਹੀ ਗੁਰੂ ਨਾਨਕ ਨੂੰ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਲੈ ਆਈ ਅਤੇ ਭਾਈ ਮਰਦਾਨਾ ਵੀ ਨਾਲ ਹੀ ਆਇਆ| ਬੀਬੀ ਨਾਨਕੀ ਦੇ ਪਹਿਲੀ ਸਿੱਖ ਹੋਣ ਨੇ ਇਹ ਸਾਬਤ ਕਰ ਦਿੱਤਾ ਕਿ ਔਰਤ ਵੀ ਰੱਬ ਦੀ ਉਹੋ ਜਿਹੀ ਪੈਦਾਇਸ਼ ਹੈ, ਜਿਹੋ ਜਿਹਾ ਪੁਰਸ਼, ਉਸ ਦੇ ਵੀ ਸਮਾਜਕ ਅਤੇ ਅਧਿਆਤਮਕ ਹੱਕ ਪੁਰਸ਼ ਦੇ ਬਰਾਬਰ ਹਨ| ਔਰਤ ਦੀ ਹੋਂਦ ਤੋਂ ਬਿਨਾ ਸਮਾਜ ਦੀ ਹੋਂਦ ਹੀ ਨਹੀਂ ਹੋ ਸਕਦੀ, ਜਿਸ ਤੋਂ ਬਿਨਾ ਸਮਾਜ ਅੱਗੇ ਚੱਲ ਹੀ ਨਹੀਂ ਸਕਦਾ, ਉਸ ਨੂੰ ਭਲਾ ‘ਮੰਦੀ’ ਕਿਵੇਂ ਕਿਹਾ ਜਾ ਸਕਦਾ ਹੈ? ਮੰਨੂਵਾਦੀ ਸੋਚ ਵਰਤਦਿਆਂ ਔਰਤ ਨੂੰ ‘ਬਾਘਣੀ, ਅਧਿਆਤਮਕਤਾ ਦੇ ਰਸਤੇ ਦਾ ਰੋੜਾ’ ਕਿਵੇਂ ਮੰਨਿਆ ਜਾ ਸਕਦਾ ਹੈ? ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ‘ਤੇਰਾ ਤੇਰਾ’ ਤੋਲਦਿਆਂ ਬਾਬੇ ਨਾਨਕ ਨੇ ਸਾਰੀ ਮਨੁੱਖਤਾ ਨੂੰ ਇੱਕੋ ਕਰਕੇ ਜਾਣਿਆ। ਹਿੰਦੂ, ਮੁਸਲਮਾਨ, ਜਾਤਿ-ਪਾਤ, ਊਚ-ਨੀਚ ਕੋਈ ਵਿਤਕਰਾ ਨਹੀਂ ਰਹਿਣ ਦਿੱਤਾ| ਛੋਟੀ ਸੋਚ ਅਤੇ ਛੋਟੇ ਦਿਲਾਂ ਦੇ ਮਾਲਕ ਲੋਕਾਂ ਨੇ ਮੋਦੀਖਾਨੇ ਦੇ ਮਾਲਕ ਦੌਲਤ ਖਾਨ ਕੋਲ ਆਪਣੇ ਵੱਲੋਂ ਸ਼ਿਕਾਇਤ ਤਾਂ ਮੋਦੀ ਖਾਨਾ ਲੁਟਾਏ ਜਾਣ ਦੀ ਕੀਤੀ, ਪਰ ਉਲਟਾ ਦੌਲਤ ਖਾਨ ਨੂੰ ਗੁਰੂ ਦਾ ਮੁਰੀਦ ਬਣਾ ਦਿੱਤਾ|
ਬੇਸ਼ੱਕ ਗੁਰੂ ਸਾਹਿਬ ਆਪਣੇ ਮਿਸ਼ਨ ‘ਤੇ ਆਪਣੇ ਬਚਪਨ ਤੋਂ ਹੀ ਕੇਂਦ੍ਰਿਤ ਸਨ, ਪਰ ਸਿੱਖ ਧਰਮ ਦੀ ਨੀਂਹ ਅਤੇ ਪ੍ਰਕਾਸ਼ਨ 1499 ਵਿਚ ‘ਵੇਈਂ ਨਦੀ’ ਪ੍ਰਵੇਸ਼ ਤੋਂ ਧਰੀ ਮੰਨੀ ਜਾਂਦੀ ਹੈ| ਤਿੰਨ ਦਿਨ ਦੀ ਸਮਾਧੀ ਪਿਛੋਂ ਜਦੋਂ ਗੁਰੂ ਨਾਨਕ ਵੇਈਂ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਪਹਿਲਾ ਐਲਾਨਨਾਮਾ ਕੀਤਾ, “ਨਾ ਕੋ ਹਿੰਦੂ ਨਾ ਮੁਸਲਮਾਨ॥” ਉਨ੍ਹਾਂ ਦੇ ਇਸ ਐਲਾਨਨਾਮੇ ਵਿਚਲੀ ਵਿਚਾਰਧਾਰਾ ਨੇ ਮਨੁੱਖ ਨੂੰ ਧਰਮ ਦੇ ਨਾਂ ‘ਤੇ ਵੰਡੇ ਜਾਣ ਦਾ ਰੇੜਕਾ ਹੀ ਖਤਮ ਕਰ ਦਿੱਤਾ| ਦੱਸ ਦਿੱਤਾ ਕਿ ਧਰਮ ਦੇ ਨਾਂ ‘ਤੇ ਮਨੁੱਖਤਾ ਨੂੰ ਵੰਡਿਆ ਨਹੀਂ ਜਾ ਸਕਦਾ| ਦੁਨੀਆਂ ਦੇ ਸਾਹਮਣੇ ਪਹਿਲੀ ਵਾਰ ਇਹ ਸਪੱਸ਼ਟ ਕਰ ਦਿੱਤਾ ਕਿ ਧਰਮ ਦਾ ਆਧਾਰ ਨੈਤਿਕਤਾ ਹੈ|
ਮਨੁੱਖ ਦੇ ਧਰਮੀ ਜਾਂ ਅਧਰਮੀ ਹੋਣ ਦਾ ਨਿਬੇੜਾ ਉਸ ਦੇ ਅਮਲਾਂ ‘ਤੇ, ਉਸ ਦੇ ਕੀਤੇ ਨੇਕ ਕਾਰਜਾਂ ਨਾਲ ਹੋਣਾ ਹੈ, ਉਸ ਦੇ ਨੈਤਿਕ ਗੁਣਾਂ ਤੋਂ ਹੋਣਾ ਹੈ| ਇਸ ਤੱਥ ਤੋਂ ਨਹੀਂ ਕਿ ਉਹ ਕਿਸ ਧਰਮ ਨਾਲ ਸਬੰਧਿਤ ਹੈ ਜਾਂ ਕਿੰਨੀਆਂ ਧਾਰਮਿਕ ਰਸਮਾਂ ਨਿਭਾਉਂਦਾ ਤੇ ਪੂਜਾ ਪਾਠ ਕਰਦਾ ਹੈ| ਇਸੇ ਦੀ ਪ੍ਰੋੜਤਾ ਭਾਈ ਗੁਰਦਾਸ ਦੀਆਂ ਵਾਰਾਂ ਤੋਂ ਹੁੰਦੀ ਹੈ| ਭਾਈ ਗੁਰਦਾਸ ਅਨੁਸਾਰ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕੇ ਵਿਚ ਰੱਬ ਦੀ ਹਰ ਥਾਂ ਮੌਜੂਦਗੀ ਦਾ ਤਰਕ ਸਿਰਜੇ ਜਾਣ ਪਿਛੋਂ ਮੁੱਲਾਂ ਅਤੇ ਕਾਜ਼ੀ ਗੁਰੂ ਨਾਨਕ ਦੁਆਲੇ ਇਕੱਠੇ ਹੋ ਗਏ ਅਤੇ ਪੁੱਛਣ ਲੱਗੇ ਕਿ ਕੌਣ ਵੱਡਾ ਹੈ, ਹਿੰਦੂ ਜਾਂ ਮੁਸਲਮਾਨ? ਬਾਬੇ ਦਾ ਉੱਤਰ ਸੀ ਕਿ ਨੇਕ ਅਮਲਾਂ ਤੋਂ ਬਿਨਾ ਕਿਸੇ ਨੂੰ ਰੱਬ ਦੀ ਦਰਗਾਹ ਵਿਚ ਢੋਈ ਨਹੀਂ ਮਿਲਣੀ|
ਗੁਰੂ ਨਾਨਕ ਨੇ ਹਿੰਦੂ ਨੂੰ ਸਮਝਾਇਆ ਕਿ ਜੇ ਮਨ ਵਿਚ ਖੋਟ ਹੋਵੇ ਤਾਂ ਪਾਣੀ ਦੀ ਚੂਲੀ ਕਰਨ ਨਾਲ ਮੂੰਹ ਸੁੱਚਾ ਨਹੀਂ ਹੋ ਜਾਂਦਾ, ਇੱਕ ਪਾਸੇ ਪਾਪ ਦੀ ਕਮਾਈ ਖਾਣੀ ਤੇ ਦੂਜੇ ਪਾਸੇ ਚੌਂਕਾ ਲਿੱਪ ਕੇ ਉਸ ਦੀ ਸੁੱਚਮ ਨੂੰ ਕਾਇਮ ਰੱਖਣ ਲਈ ਲਕੀਰ ਕੱਢ ਦੇਣ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੋ ਜਾਂਦੀ| ਸੱਚ ਦੀ ਪ੍ਰਾਪਤੀ ਤਾਂ ਹੁੰਦੀ ਹੈ, ਜੇ ਮਨ ਪਵਿੱਤਰ ਹੋਵੇ| ਜੇ ਮਨ ਵਿਚ ਦੂਜਿਆਂ ਪ੍ਰਤੀ ਨਫਰਤ ਦੀ ਮੈਲ ਭਰੀ ਹੋਵੇ, ਦੂਜਿਆਂ ਨੂੰ ਆਪਣੇ ਤੋਂ ਨੀਵੇਂ ਸਮਝ ਕੇ ਸੁੱਚਮ ਰੱਖਣ ਲਈ ਪਖੰਡ ਕੀਤੇ ਜਾਣ ਤਾਂ ਸੱਚ ਦੀ ਪ੍ਰਾਪਤੀ ਕਿਵੇਂ ਹੋਵੇਗੀ? ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਮਿਹਰ ਨੂੰ ਆਪਣੀ ਮਸੀਤ, ਸਿਦਕ ਨੂੰ ਮੁਸੱਲਾ ਅਤੇ ਹੱਕ-ਹਲਾਲ ਦੀ ਕਮਾਈ ਨੂੰ ਕੁਰਾਨ ਬਣਾਉਣ, ਵਿਕਾਰਾਂ ਤੋਂ ਦੂਰ ਰਹਿਣ ਨੂੰ ਸੁੰਨਤ ਬਣਾਉਣ, ਚੰਗੇ ਸੁਭਾਉ ਦਾ ਰੋਜ਼ਾ ਬਣਾਉਣ ਦਾ ਸੰਦੇਸ਼ ਦਿੱਤਾ| ਉੱਚੇ ਆਚਰਣ ਨੂੰ ਕਾਬਾ, ਸੱਚ ਨੂੰ ਪੀਰ ਬਣਾਉਣ ਅਤੇ ਨੇਕ ਅਮਲਾਂ ਦੀ ਨਮਾਜ਼ ਤੇ ਕਲਮਾ ਬਣਾਉਣ ਲਈ ਕਿਹਾ| ਉਸ ਰੱਬ ਦੀ ਰਜ਼ਾ ਵਿਚ ਰਹਿਣਾ ਤਸਬੀ ਹੋਵੇ| ਅਜਿਹੇ ਮੁਸਲਮਾਨ ਦੀ ਰੱਬ ਆਪ ਹੀ ਲਾਜ ਰੱਖਦਾ ਹੈ| ਗੁਰੂ ਨਾਨਕ ਨੇ ਦੂਸਰਿਆਂ ਦੇ ਹੱਕਾਂ ਨੂੰ ਖੋਹਣ ਦੀ ਮਨਾਹੀ ਕੀਤੀ, ਦੂਜਿਆਂ ਦਾ ਹੱਕ ਖੋਹਣ ਨੂੰ ਧਾਰਮਿਕ ਅਵੱਗਿਆ ਕਰਾਰ ਦਿੱਤਾ| ਹਰਾਮ ਦੀ ਕਮਾਈ ਵਿਚੋਂ ਦਾਨ-ਪੁੰਨ ਕਰਨ ਨਾਲ ਉਹ ਹਲਾਲ ਨਹੀਂ ਹੋ ਜਾਂਦੀ| ਜੇ ਕੱਪੜੇ ਨੂੰ ਲਹੂ ਲੱਗ ਜਾਵੇ ਤਾਂ ਉਸ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ, ਪਰ ਜੋ ਮਨੁੱਖਾਂ ਦਾ ਲਹੂ ਪੀਂਦੇ ਨੇ, ਦੂਜਿਆਂ ‘ਤੇ ਜ਼ੁਲਮ ਕਰਦੇ ਹਨ, ਉਨ੍ਹਾਂ ਦੇ ਮਨ ਫਿਰ ਕਿਸ ਤਰ੍ਹਾਂ ਪਵਿੱਤਰ ਹੋ ਸਕਦੇ ਹਨ? ਮੱਥੇ ‘ਤੇ ਤਿਲਕ ਲਾਉਣਾ ਅਤੇ ਤੇੜ ਧੋਤੀ ਪਾਉਣੀ ਪਰ ਹੱਥ ਵਿਚ ਛੁਰੀ ਲੈ ਕੇ ਲੋਕਾਂ ‘ਤੇ ਜ਼ੁਲਮ ਕਰਨਾ, ਇਹ ਧਾਰਮਿਕਤਾ ਨਹੀਂ ਹੋ ਸਕਦੀ|
ਗੁਰੂ ਨਾਨਕ ਗਰੀਬਾਂ, ਲਤਾੜਿਆਂ, ਨਿਮਾਣਿਆਂ ਦੇ ਨਾਲ ਖੜ੍ਹੇ ਹੋਏ| ਹਰ ਤਰ੍ਹਾਂ ਦੇ ਵਿਤਕਰੇ ਦੂਰ ਕਰਕੇ ਮਨੁੱਖੀ ਸਾਂਝ ਦਾ ਇੱਕ ਨਵਾਂ ਯੁੱਗ ਅਰੰਭ ਕੀਤਾ| ਮਲਿਕ ਭਾਗੋਆਂ ਨੂੰ ਨਕਾਰਿਆ ਅਤੇ ਭਾਈ ਲਾਲੋਆਂ ਨੂੰ ਗਲੇ ਲਾਇਆ; ਨੀਵਿਆਂ ਨੂੰ ਊਚੇ ਕਰਕੇ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਾਇਆ| ਬਾਬੇ ਨਾਨਕ ਨੇ ਆਪਣੇ ਫਲਸਫੇ ਨੂੰ ਸਮਝਾਉਣ ਲਈ ਭਾਈ ਮਰਦਾਨੇ ਨੂੰ ਨਾਲ ਲਿਆ ਅਤੇ ਚਾਰੇ ਦਿਸ਼ਾਵਾਂ ਵਿਚ ਚਾਰ ਲੰਮੀਆਂ ਉਦਾਸੀਆਂ ਕੀਤੀਆਂ|
ਹਿੰਦੂਆਂ, ਯੋਗੀਆਂ, ਬੋਧੀਆਂ, ਜੈਨੀਆਂ, ਮੁਸਲਮਾਨਾਂ-ਸਭ ਦੇ ਤੀਰਥ ਸਥਾਨਾਂ ‘ਤੇ ਗਏ, ਉਨ੍ਹਾਂ ਨਾਲ ਵਾਰਤਾਲਾਪ ਰਚਾਏ, ਗੋਸ਼ਟੀਆਂ ਕੀਤੀਆਂ, ਆਪਣਾ ਨੁਕਤਾ ਨਿਗਾਹ ਤਰਕ ਰਾਹੀਂ ਸਮਝਾਇਆ| ਕੋਈ ਹਿਚਕਚਾਹਟ ਨਹੀਂ| ਸੱਚ ਦੱਸਣ ਵਿਚ ਕੋਈ ਰੌਲਾ ਹੀ ਨਹੀਂ| ਗੁਰੂ ਨਾਨਕ ਪਾਤਿਸ਼ਾਹ ਨੇ ਰੱਬ ਦੇ ਇੱਕ ਹੋਣ ਦਾ ਅਤੇ ਉਸ ਰੱਬ ਸੱਚੇ ਦੀ ਅੰਸ਼ ਹੋਣ ਕਰਕੇ ਮਨੁੱਖ ਦੇ ਇੱਕ ਹੋਣ ਦਾ ਸਿਧਾਂਤ ਸਥਾਪਤ ਕੀਤਾ| ਇਸੇ ਸਿਧਾਂਤ ਨੂੰ ਸਥਾਪਤ ਕਰਦਿਆਂ ਰੱਬ ਦੀ ਰਚੀ ਇਸ ਦੁਨੀਆਂ ਦੀ ਬਹੁਲਤਾ ਨੂੰ, ਇਸ ਦੀ ਵੰਨ-ਸੁਵੰਨਤਾ ਨੂੰ ਸਵੀਕਾਰ ਕਰਨਾ ਅਤੇ ਇਸ ਦਾ ਸਤਿਕਾਰ ਕਰਨਾ ਸਿਖਾਇਆ| ਕੁਰੂਕਸ਼ੇਤਰ ਸੂਰਜ ਗ੍ਰਹਿਣ ਸਮੇਂ ਜਦੋਂ ਸਾਰੀ ਦੁਨੀਆਂ ਸੂਰਜ ਵੱਲ ਪਾਣੀ ਉਛਾਲ ਰਹੀ ਸੀ ਤਾਂ ਬਾਬੇ ਨੇ ਕਰਤਾਰਪੁਰ ਵੱਲ ਪਾਣੀ ਉਛਾਲ ਕੇ ਸਿਰਫ ਕਰਮਕਾਂਡ ਦੇ ਖੋਖਲੇਪਣ ਨੂੰ ਹੀ ਉਜਾਗਰ ਨਹੀਂ ਕੀਤਾ, ਸਗੋਂ ਧਰਮ ਨੂੰ ਖੋਖਲੀਆਂ ਰਸਮਾਂ ਨਾਲੋਂ ਤੋੜ ਕੇ ਹੱਥੀਂ ਕਿਰਤ ਕਰਨ ਦੇ ਸਿਧਾਂਤ ਨਾਲ ਜੋੜਿਆ| ਰਾਇ ਭੋਇੰ ਦੀ ਤਲਵੰਡੀ (ਨਨਕਾਣਾ ਸਾਹਿਬ) ਤੋਂ ਬਾਅਦ ਸੁਲਤਾਨਪੁਰ ਲੋਧੀ ਵਿਚ ਲੰਬਾ ਸਮਾਂ ਗੁਜ਼ਾਰਿਆ| ਗੁਰੂ ਦੀ ਚਰਨ ਛੋਹ ਪਾ ਕੇ, ਗੁਰੂ ਦੇ ਰੱਬੀ-ਗਿਆਨ ਦੀ ਪ੍ਰਾਪਤੀ ਦਾ ਸਥਾਨ ਬਣ ਕੇ ਵੇਈਂ ਪਾਕਿ- ਪਵਿੱਤਰ ਹੋ ਗਈ|
ਗੁਰੂ ਨਾਨਕ ਨੇ ਨਵੇਂ ਧਰਮ ਲਈ ਨਵੀਂ ਪਿਰਤ ਪਾਈ ਅਤੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ| ਉਦਾਸੀਆਂ ਪਿਛੋਂ ਪਰਿਵਾਰ ਸਮੇਤ ਇੱਥੇ ਵੱਸ ਗਏ| ਖੇਤੀਬਾੜੀ ਦੀ ਕਿਰਤ ਕਮਾਈ ਸ਼ੁਰੂ ਕਰ ਦਿੱਤੀ| ਜਿੱਥੇ ਸਵੇਰੇ ਸ਼ਾਮ ਸੰਗਤਾਂ ਨਾਮ-ਬਾਣੀ ਦੇ ਕੀਰਤਨ ਦਾ ਅਨੰਦ ਮਾਣਦੀਆਂ ਅਤੇ ਨਾਮ ਜਪਣ ਦੇ ਨਾਲ ਨਾਲ ਹੱਥੀਂ ਸੱਚੀ-ਸੁੱਚੀ ਕਿਰਤ ਕਮਾਈ ਕਰਕੇ ਵੰਡ ਛਕਣ ਦਾ ਵੱਲ ਵੀ ਸਿੱਖਦੀਆਂ| ਜ਼ਿੰਦਗੀ ਦੇ ਆਖਰੀ ਕਰੀਬ ਅਠਾਰਾਂ ਵਰ੍ਹੇ ਗੁਰੂ ਸਾਹਿਬ ਨੇ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਫਲਸਫੇ ਨੂੰ ਅਮਲੀ ਰੂਪ ਦਿੰਦਿਆਂ ਕਰਤਾਰਪੁਰ ਸਾਹਿਬ ਆਪਣੇ ਪਰਿਵਾਰ ਤੇ ਸੰਗਤ ਵਿਚ ਗੁਜ਼ਾਰੇ| ਗੁਰੂ ਨਾਨਕ ਰੱਬ ਨੂੰ ਅਤੇ ਰੱਬ ਦੀ ਕੁਦਰਤਿ ਨੂੰ ਬਹੁਤ ਪਿਆਰ ਕਰਦੇ ਸਨ| ਆਪਣੇ ਜੀਵਨ ਦਰਸ਼ਨ ਨੂੰ ਸਮਝਾਉਣ ਲਈ ਉਨ੍ਹਾਂ ਨੇ ਰੱਬ ਦੀ ਰਚੀ ਕੁਦਰਤਿ ਦੀ ਹਰ ਵੰਨਗੀ ਦਾ ਜ਼ਿਕਰ ਕੀਤਾ ਹੈ; ਰੁੱਤਾਂ, ਬ੍ਰਿਛ ਬੂਟਿਆਂ, ਜੰਗਲਾਂ-ਬੇਲਿਆਂ, ਦਰਿਆਵਾਂ, ਸਾਗਰਾਂ, ਪਸੂ-ਪੰਛੀਆਂ ਅਤੇ ਹੋਰ ਅਨੇਕਾਂ ਜੀਵ-ਜੰਤੂਆਂ ਦੇ ਹਵਾਲੇ ਬਾਣੀ ਵਿਚ ਮਿਲ ਜਾਂਦੇ ਹਨ|
ਦਰਿਆਵਾਂ ਨਾਲ ਦੋਸਤੀਆਂ ਦੀ ਗੱਲ ਕੀਤੀ ਹੈ, ਜਿਸ ਦਾ ਇਥੇ ਸਿਰਫ ਇਸ਼ਾਰਾ ਹੀ ਕੀਤਾ ਜਾ ਸਕਦਾ ਹੈ| ਇਹ 2019 ਦਾ ਵਰ੍ਹਾ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ‘ਤੇ ਪਰਗਟ ਹੋਣ ਦਾ 550ਵਾਂ ਵਰ੍ਹਾ ਕਰਕੇ ਮਨਾ ਰਹੇ ਹਾਂ| ਬਾਬੇ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਵੇਈਂ ਨਦੀ ਦਾ ਪਾਵਨ ਜਲ ਬਹੁਤ ਤਰ੍ਹਾਂ ਦੇ ਗੰਦੇ ਪਾਣੀਆਂ ਦੀ ਮਿਲਾਵਟ ਨਾਲ ਗੰਧਲਾ ਹੋ ਗਿਆ, ਜਿਸ ਨੂੰ ਸਾਫ ਕਰਨ ਲਈ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਬਹੁਤ ਉਪਰਾਲੇ ਕੀਤੇ ਅਤੇ ਬਹੁਤ ਹੱਦ ਤੱਕ ਸਫਲ ਵੀ ਹੋਏ, ਪਰ ਇਸ ਪਵਿੱਤਰ ਜਲ ਨੂੰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਬੇਰ ਸਾਹਿਬ ਦੇ ਲੰਗਰਾਂ ਤੋਂ ਆਉਂਦਾ ਗੰਦਾ ਪਾਣੀ ਹਾਲੇ ਵੀ ਗੰਧਲਾ ਕਰ ਰਿਹਾ ਹੈ| ਇਸ ਜਲ ਵਿਚ ਸੰਗਤਾਂ ਇਸ਼ਨਾਨ ਵੀ ਕਰਨਗੀਆਂ ਅਤੇ ਜਲ ਦੇ ਚੂਲੇ ਵੀ ਲੈਣਗੀਆਂ| ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਮਾਰੋਹ ਮਨਾਉਣ ਲਈ ਇੱਕ ਪਾਸੇ ਪ੍ਰਣ ਕੀਤੇ ਜਾ ਰਹੇ ਨੇ ਕਿ ਦੁਨੀਆਂ ਭਰ ਵਿਚ ਕਿੰਨੀ ਕਿਸਮ ਦੇ ਕਿੰਨੇ ਨਵੇਂ ਬ੍ਰਿਛ-ਬੂਟੇ ਲਾਏ ਜਾਣਗੇ|
ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ| ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ, ਧਰਤੀ ਦੀ ਸੰਭਾਲ, ਪਸੂ-ਪੰਛੀਆਂ ਦੇ ਰੈਣ-ਬਸੇਰੇ ਅਤੇ ਪਾਣੀਆਂ ਦੇ ਸਰੋਤਾਂ ਦੀ ਪ੍ਰਫੁੱਲਤਾ ਲਈ ਬ੍ਰਿਛ-ਬੂਟੇ ਬਹੁਤ ਵੱਡਾ ਹਿੱਸਾ ਪਾਉਂਦੇ ਹਨ| ਪੰਜਾਬ ਵਿਚ ਸੜਕਾਂ ਦੇ ਵਿਕਾਸ ਦੇ ਨਾਂ ‘ਤੇ ਦਰਖਤਾਂ ਦਾ ਖੁਰਾ-ਖੋਜ ਹੀ ਮਿਟਾ ਦਿੱਤਾ ਗਿਆ ਹੈ| ਸਿਤਮਜ਼ਰੀਫੀ ਇਹ ਹੈ ਕਿ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀਆਂ ਸਭ ਸੜਕਾਂ ਤੋਂ ਸੁਰੱਖਿਆ ਦੇ ਨਾਂ ‘ਤੇ ਜੰਗਲਾਤ ਮਹਿਕਮੇ ਵੱਲੋਂ ਛੰਗਾਈ ਕਰਦਿਆਂ ਦਰਖਤਾਂ ਦਾ ਬੁਰੀ ਤਰ੍ਹਾਂ ਵਢਾਂਗਾ ਕਰ ਦਿੱਤਾ ਗਿਆ ਹੈ| ਜਿਨ੍ਹਾਂ ਦਰਖਤਾਂ ਨੇ ਕਈ ਸਾਲਾਂ ਨੂੰ ਭਰ ਜੋਬਨ ‘ਤੇ ਆਉਣਾ ਸੀ, ਉਨ੍ਹਾਂ ਦੇ ਟਾਹਣ ਬੁਰੀ ਤਰ੍ਹਾਂ ਰਗੜ ਦਿੱਤੇ ਗਏ ਹਨ| ਪਵਿੱਤਰ ਵੇਈਂ ਦੇ ਕੰਢਿਆਂ ‘ਤੇ ਖੜ੍ਹੇ ਦਰਖਤਾਂ ਦਾ ਵੀ ਕੋਈ ਲਿਹਾਜ ਨਹੀਂ ਕੀਤਾ ਗਿਆ, ਜਿੱਥੇ ਕੋਈ ਸੜਕ ਵੀ ਨਹੀਂ ਜਾਂਦੀ| ਬਾਬਾ ਨਾਨਕ ਨੇ ਹਿੰਦੂਆਂ-ਮੁਸਲਮਾਨਾਂ ਨੂੰ ਇੱਕ ਦੂਜੇ ਨਾਲ ਜੋੜਿਆ, ਊਚ-ਨੀਚ ਦਾ ਭੇਦ-ਭਾਵ ਮਿਟਾ ਕੇ ਚਾਰ ਵਰਣਾਂ ਨੂੰ ਇੱਕ ਵਰਣ ਕਰ ਦਿੱਤਾ, ਗਰੀਬ-ਅਮੀਰ ਦਾ ਪਾੜਾ ਖਤਮ ਕਰਕੇ ਧਰਮ ਨੂੰ ਪੈਰਾਂ ਸਿਰ ਕੀਤਾ, ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ ਹੈ|
ਬਾਬੇ ਨਾਨਕ ਦੇ ਸਿੱਖ ਅੱਜ ਕਿੱਧਰ ਨੂੰ ਜਾ ਰਹੇ ਹਨ? ਅੱਜ ਤੋਂ 30-40 ਸਾਲ ਪਹਿਲਾਂ ਤੱਕ ਪਿੰਡਾਂ-ਥਾਂਵਾਂ ਵਿਚ ਇੱਕ ਹੀ ਗੁਰਦੁਆਰਾ ਹੁੰਦਾ ਸੀ, ਪਰ ਹੁਣ ਕਿਸੇ ਪਿੰਡ-ਮੁਹੱਲੇ, ਸ਼ਹਿਰ, ਦੇਸ-ਵਿਦੇਸ਼ ਵਿਚ ਦੇਖ ਲਵੋ, ਵੱਖ ਵੱਖ ਭਾਈਚਾਰਿਆਂ ਦੇ ਨਾਂ ‘ਤੇ ਵੱਖ ਵੱਖ ਗੁਰਦੁਆਰੇ ਬਣੇ ਹੋਏ ਹਨ| 550ਵੇਂ ਗੁਰਪੁਰਬ ਜਸ਼ਨਾਂ ਨੂੰ ਮਨਾਉਣ ਲਈ ਸਟੇਜਾਂ ਵੱਖਰੀਆਂ ਵੱਖਰੀਆਂ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ‘ਤੇ ਪੈਸਾ ਤਾਂ ਪਬਲਿਕ ਦਾ ਹੀ ਖਰਚ ਹੋਣਾ ਹੈ, ਪਰ ਆਪਣੀ ਆਪਣੀ ਰਾਜਨੀਤੀ ਚਮਕਾਉਣ ਲਈ ਹੋੜ ਲੱਗੀ ਹੋਈ ਹੈ| ਜੋ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਰਚ ਕਰਨਾ ਹੈ, ਉਹ ਪੈਸਾ ਵੀ ਸੰਗਤ ਦਾ ਹੈ ਅਤੇ ਜੋ ਪੈਸਾ ਪੰਜਾਬ ਸਰਕਾਰ ਨੇ ਖਰਚ ਕਰਨਾ ਹੈ, ਉਹ ਵੀ ਲੋਕਾਂ ਦਾ ਹੈ| ਫਿਰ ਇਹ ਜਸ਼ਨ ਲੋਕ ਭਲਾਈ ਨੂੰ ਮੁੱਖ ਰੱਖ ਕੇ ਸਾਂਝੇ ਤੌਰ ‘ਤੇ ਕਿਉਂ ਨਹੀਂ ਮਨਾਏ ਜਾ ਸਕਦੇ? ਇਸ ‘ਤੇ ਸਹਿਮਤੀ ਕਾਇਮ ਕੀਤੀ ਜਾ ਸਕਦੀ ਸੀ, ਪਰ ਹੁੰਦੀ ਕਿਵੇਂ? ਕਿਉਂਕਿ ਸਰਕਾਰ ਕਾਂਗਰਸ ਪਾਰਟੀ ਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ਾ ਅਕਾਲੀ ਦਲ (ਬਾਦਲ) ਦਾ ਹੈ| ਕਈਆਂ ਦੀ ਦਲੀਲ ਹੈ ਕਿ ਧਾਰਮਿਕ ਸਮਾਰੋਹ ਧਾਰਮਿਕ ਸੰਸਥਾ ਅਰਥਾਤ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਹੀ ਹੋਣੇ ਚਾਹੀਦੇ ਹਨ| ਬਿਲਕੁਲ ਦਰੁਸਤ ਹੋ ਸਕਦੀ ਹੈ ਇਹ ਦਲੀਲ, ਪਰ ਕਿਉਂਕਿ ਸਰਕਾਰੀ ਮਹਿਮਾਨ ਵੀ ਆਉਣੇ ਹਨ, ਇਸ ਲਈ ਪ੍ਰਬੰਧਾਂ ਵਿਚ ਸਰਕਾਰ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ| ਬਾਬਾ ਨਾਨਕ ਤਾਂ ਸਭ ਦਾ ਸਾਂਝਾ ਹੈ|
ਇੱਥੇ ਮੈਨੂੰ 1999 ਦੇ ਖਾਲਸਾ ਸਿਰਜਣਾ ਦਿਹਾੜੇ ਦੀ ਤਿੰਨ ਸੌ ਸਾਲਾ ਜਸ਼ਨਾਂ ਦੀ ਯਾਦ ਆ ਗਈ| ਉਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ, ਜਿਸ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਸਨ| ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਅਕਾਲ ਤਖਤ ਦੇ ਜਥੇਦਾਰ, ਜਿੱਥੋਂ ਤੱਕ ਮੈਨੂੰ ਯਾਦ ਹੈ, ਭਾਈ ਰਣਜੀਤ ਸਿੰਘ ਸਨ| ਜਥੇਦਾਰ ਟੌਹੜਾ ਨੇ ਇਹੀ ਪ੍ਰਸਤਾਵ ਰੱਖਿਆ ਸੀ ਕਿ ਖਾਲਸੇ ਦੀ ਤਿੰਨ ਸੌ ਸਾਲਾ ਸ਼ਤਾਬਦੀ ਇੱਕ ਧਾਰਮਿਕ ਸਮਾਰੋਹ ਹੈ ਅਤੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਨਾਇਆ ਜਾਣਾ ਚਾਹੀਦਾ ਹੈ| ਜਥੇਦਾਰ ਟੌਹੜਾ ਨੂੰ ਇਹ ਪੱਖ ਲੈਣ ਦਾ ਖਮਿਆਜਾ ਇਹ ਭੁਗਤਣਾ ਪਿਆ ਸੀ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਸ਼ਾਇਦ ਭਾਈ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ|
ਸ਼ ਨਵਜੋਤ ਸਿੰਘ ਸਿੱਧੂ ਦਾ ਜਨਾਬ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਜਸ਼ਨਾਂ ਵਿਚ ਸ਼ਾਮਲ ਹੋਣਾ ਦੇਸ਼-ਵਿਦੇਸ਼ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਲਈ ਭਾਗਾਂ ਭਰਿਆ ਸੰਦੇਸ਼ ਲੈ ਕੇ ਆਇਆ| ਜਨਾਬ ਇਮਰਾਨ ਖਾਨ ਨੇ ਬਹੁਤ ਫਰਾਖਦਿਲੀ ਦਿਖਾਉਂਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰਿਆਂ ਲਈ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਰਾਹੀਂ ਕਰਤਾਰਪੁਰ ਲਾਂਘਾ ਖੋਲਣ ਦਾ ਸੁਨੇਹਾ ਦਿੱਤਾ ਅਤੇ ਜਨਾਬ ਬਾਜਵਾ ਨੇ ਪੰਜਾਬੀ ਰਿਵਾਜ਼ ਅਨੁਸਾਰ ਜੱਫੀ ਪਾ ਕੇ ਸ਼ ਸਿੱਧੂ ਨੂੰ ਇਹ ਸੁਨੇਹਾ ਨਸ਼ਰ ਕੀਤਾ ਤਾਂ ਇਸ ‘ਤੇ ਬਹੁਤ ਵਾ-ਵੇਲਾ ਖੜ੍ਹਾ ਹੋਇਆ|
ਸਮੇਤ ਬੀਬੀ ਹਰਸਿਮਰਤ ਕੌਰ ਬਾਦਲ ਦੇ ਕਈ ਸੰਤਰੀਆਂ ਮੰਤਰੀਆਂ ਵੱਲੋਂ ਕੀ ਕੁਝ ਨਹੀਂ ਕਿਹਾ ਗਿਆ? ਪਰ ਜਨਾਬ ਇਮਰਾਨ ਖਾਨ ਦੀ ਇਸ ਪੇਸ਼ਕਸ਼ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਮਨਜ਼ੂਰ ਕਰ ਲਿਆ ਅਤੇ ਦੋਹਾਂ ਮੁਲਕਾਂ ਦੀ ਸਹਿਮਤੀ ਨਾਲ ਹੁਣ ਸੰਗਤਾਂ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋ ਰਿਹਾ ਹੈ| ਕੋਈ ਸ਼ ਨਵਜੋਤ ਸਿੰਘ ਸਿੱਧੂ ਦਾ ਨਾਂ ਪਹਿਲੇ ਜਾਣ ਵਾਲੇ ਜਥੇ ਵਿਚ ਪਾਵੇ ਭਾਵੇਂ ਨਾ ਪਾਵੇ, ਕੋਈ ਸਿਹਰਾ ਦੇਵੇ, ਨਾ ਦੇਵੇ ਪਰ ਗੁਰੂ ਤਾਂ ਜਾਣੀ ਜਾਣ ਹਨ| ਕਰਤਾਰਪੁਰ ਲਾਂਘਾ ਖੁਲ੍ਹਣ ਦਾ ਸਿਹਰਾ ਜਿੱਥੇ ਦੋ ਖਿਲਾੜੀਆਂ ਦੀ ਸਪੋਰਟਸਮੈਨਸ਼ਿਪ ਨੂੰ ਜਾਂਦਾ ਹੈ, ਉਥੇ ਸਵਰਗੀ ਜਥੇਦਾਰ ਵਡਾਲਾ ਵੱਲੋਂ ਲਗਾਤਾਰ ਕੀਤੀ ਜਾਂਦੀ ਅਰਦਾਸ ਵੀ ਸਫਲ ਹੋਈ ਹੈ| ਸਿੱਖ ਮਨਾਂ ਵਿਚ ਇਨ੍ਹਾਂ ਦੋ ਵਿਅਕਤੀਆਂ ਦਾ ਬਹੁਤ ਸਤਿਕਾਰ ਅਤੇ ਪਿਆਰ ਬਣਿਆ ਹੈ, ਜਿਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ|
20 ਡਾਲਰ ਦੀ ਐਂਟਰੀ ਫੀਸ, ਜੋ ਜਨਾਬ ਇਮਰਾਨ ਖਾਨ ਨੇ ਦੋ ਖਾਸ ਦਿਹਾੜਿਆਂ-ਉਦਘਾਟਨ ਅਤੇ ਬਾਬਾ ਜੀ ਦੇ ਜਨਮ ਦਿਨ ਲਈ ਮੁਆਫ ਕਰ ਦਿੱਤੀ ਹੈ, ‘ਤੇ ਬਹੁਤ ਵਾ-ਵੇਲਾ ਮਚਾਇਆ ਗਿਆ| ਪੰਜਾਬ ਤੋਂ ਇੱਕੋ ਇੱਕ ਕੇਂਦਰੀ ਮੰਤਰੀ ਬੀਬੀ ਬਾਦਲ ਨੇ ਇਸ ‘ਤੇ ਬਹੁਤ ਰੌਲਾ ਪਾਇਆ, ਪੰਜਾਬ ਦੇ ਮੁੱਖ ਮੰਤਰੀ ਅਤੇ ਇੱਕ ਹੋਰ ਕਾਂਗਰਸੀ ਨੇਤਾ ਨੇ ਇਸ ਨੂੰ ‘ਜਜੀਆ’ ਤੱਕ ਕਿਹਾ ਜਦ ਕਿ ‘ਜਜੀਏ’ ਦਾ ਅਰਥ ਬਿਲਕੁਲ ਵੱਖਰਾ ਹੁੰਦਾ ਹੈ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਇਸ ਨੂੰ ਪਾਕਿਸਤਾਨ ਵੱਲੋਂ ‘ਵਪਾਰੀਕਰਨ’ ਤੱਕ ਕਿਹਾ| ਭਾਰਤ ਤੋਂ ਜੇ ਕੋਈ ਮਾਨਸਰੋਵਰ ਦੀ ਯਾਤਰਾ ਲਈ ਜਾਵੇ ਤਾਂ ਉਸ ਨੂੰ ਚੀਨ ਨੂੰ ਕਰੀਬ 800 ਅਮਰੀਕੀ ਡਾਲਰ ਐਂਟਰੀ ਫੀਸ ਦੇਣੀ ਪੈਂਦੀ ਹੈ| ਸੁਣਨ ਵਿਚ ਇਹ ਵੀ ਆਇਆ ਹੈ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਕਮਰਾ ਬੁੱਕ ਕਰਾਉਣਾ ਹੋਵੇ ਤਾਂ ਉਸ ਦਾ ਕਿਰਾਇਆ ਸ਼੍ਰੋਮਣੀ ਕਮੇਟੀ ਨੇ ਗਿਆਰਾਂ ਸੌ ਰੁਪਏ ਰੱਖਿਆ ਹੋਇਆ ਹੈ| ਜੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਈਏ ਤਾਂ ਕਰੀਬ ਪੰਦਰਾਂ ਸੌ ਰੁਪਏ ਟੌਲ ਟੈਕਸ ਦੇਣਾ ਪੈਂਦਾ ਹੈ| ਇਹ ਸੜਕਾਂ ਦੀ ਸੰਭਾਲ ਲਈ ਲਿਆ ਜਾਂਦਾ ਹੈ, ਜਦ ਕਿ ਸੜਕਾਂ ਦਾ ਏਨਾ ਬੁਰਾ ਹਾਲ ਹੈ ਕਿ ਰੋਜ਼ ਟੋਇਆਂ ਕਾਰਨ ਹਾਦਸੇ ਵਾਪਰਦੇ ਹਨ, ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ| ਇਹ ਟੌਲ ਟੈਕਸ ਬਾਦਲ ਸਰਕਾਰ ਵੇਲੇ ਤੋਂ ਹੀ ਲੱਗੇ ਹੋਏ ਹਨ| ਕਰਤਾਰਪੁਰ ਸਾਹਿਬ ਵਿਖੇ ਕਰੋੜਾਂ ਰੁਪਏ ਦਾ ਖਰਚਾ ਪਾਕਿਸਤਾਨ ਸਰਕਾਰ ਨੇ ਕੀਤਾ ਹੈ ਅਤੇ ਅੱਗੋਂ ਸੰਭਾਲ ਵੀ ਕਰਨੀ ਹੈ| ਬੀਬੀ ਹਰਸਿਮਰਤ ਕੌਰ ਦਾ ਇੱਕ ਬਿਆਨ ਆਇਆ ਸੀ ਕਿ ਇਹ ਐਂਟਰੀ ਫੀਸ ਪੰਜਾਬ ਸਰਕਾਰ ਦੇਵੇ ਜਿਵੇਂ ਬਾਦਲ ਸਾਹਿਬ ਦੇ ਸਮੇਂ ਸੰਗਤਾਂ ਨੂੰ ਮੁਫਤ ਤੀਰਥ ਯਾਤਰਾ ਕਰਾਈ ਗਈ ਸੀ| ਬੀਬੀ ਬਾਦਲ ਨੂੰ ਕੋਈ ਸਮਝਾਵੇ ਕਿ ਮੁਫਤ ਤੀਰਥ ਯਾਤਰਾ ਕਰਾਉਣੀ ਸਰਕਾਰਾਂ ਦਾ ਕੰਮ ਨਹੀਂ ਹੁੰਦਾ| ਸਰਕਾਰਾਂ ਦਾ ਕੰਮ ਹੈ, ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਵੇ, ਨੌਜੁਆਨਾਂ ਲਈ ਰੁਜ਼ਗਾਰ ਪੈਦਾ ਕਰੇ, ਨਸ਼ਾ ਤਸਕਰਾਂ ਨੂੰ ਨੱਥ ਪਾਵੇ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਵੇ| ਜੇ ਮੁਫਤ ਤੀਰਥ ਯਾਤਰਾ ਦੀ ਥਾਂ ਇਹ ਸਾਰਾ ਕੁਝ ਬਾਦਲਾਂ ਦੇ 10 ਸਾਲਾਂ ਦੇ ਰਾਜ ਵਿਚ ਹੋਇਆ ਹੁੰਦਾ ਤਾਂ ਲੋਕਾਂ ਦੇ ਮੂੰਹੋਂ ਨਾ ਲੱਥੇ ਹੁੰਦੇ| ਵਾਹਿਗੁਰੂ ਕਰੇ ਜਨਾਬ ਇਮਰਾਨ ਖਾਨ ਅਤੇ ਸ਼ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਜਰੀਏ ਖੁਲ੍ਹਿਆ ਕਰਤਾਰਪੁਰ ਦਾ ਲਾਂਘਾ ਦੋਹਾਂ ਮੁਲਕਾਂ ਵਿਚ ਅਮਨ-ਚੈਨ ਸਥਾਪਤ ਕਰਨ ਦਾ ਸਬੱਬ ਬਣੇ, ਦੋਹਾਂ ਮੁਲਕਾਂ ਦੇ ਆਵਾਮ ਨੂੰ ਚੈਨ ਦਾ ਸਾਹ ਆਵੇ, ਖਾਸ ਕਰਕੇ ਦੋਹਾਂ ਪੰਜਾਬਾਂ ਨੂੰ, ਜੋ ਜੰਗ ਦੇ ਸਾਏ ਹੇਠ ਵਾਰ ਵਾਰ ਉਜੜਦੇ ਤੇ ਵਸਦੇ ਹਨ| ਇਹ ਦੋਹਾਂ ਪੰਜਾਬਾਂ ਦੀ ਬਦਕਿਸਮਤੀ ਹੈ ਕਿ ਜੰਗ ਵੇਲੇ ਉਜਾੜਾ ਇਨ੍ਹਾਂ ਨੂੰ ਹੀ ਝੱਲਣਾ ਪੈਂਦਾ ਹੈ|