ਕਸ਼ਮੀਰੀ ਪ੍ਰੋਫੈਸਰ ਦੀ ਕਹਾਣੀ, ਉਸ ਦੀ ਜ਼ਬਾਨੀ-2

ਪ੍ਰੋਫੈਸਰ ਸਈਦ ਆਰਿਫ ਰਹਿਮਾਨ ਗਿਲਾਨੀ 17 ਅਕਤੂਬਰ 2019 ਨੂੰ 50 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਭਾਰਤੀ ਪਾਰਲੀਮੈਂਟ ਉਪਰ ਕਥਿਤ ਹਮਲੇ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਤਸੀਹੇ ਦਿੱਤੇ ਗਏ। ਝੂਠੇ ਸਬੂਤਾਂ ਦੇ ਆਧਾਰ ‘ਤੇ ਹੀ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ, ਪਰ ਹਾਈਕੋਰਟ ਵਿਚੋਂ ਉਹ ਬਰੀ ਹੋ ਗਏ। ਇਸ ਦੌਰਾਨ ਉਨ੍ਹਾਂ ਨੇ 22 ਮਹੀਨੇ ਜੇਲ੍ਹ ਵਿਚ ਮੌਤ ਦੇ ਸਾਏ ਹੇਠ ਗੁਜ਼ਾਰੇ। ਇਹ ਭਾਰਤ ਵਿਚ ਕਸ਼ਮੀਰੀ ਅਤੇ ਮੁਸਲਮਾਨ ਹੋਣ ਦੀ ਕੀਮਤ ਸੀ। ਉਹ ਸਿਆਸੀ ਕੈਦੀਆਂ ਦੀ ਰਿਹਾਈ ਲਈ ਕਮੇਟੀ ਦੇ ਪ੍ਰਧਾਨ ਸਨ ਅਤੇ ਹਮੇਸ਼ਾ ਜਮਹੂਰੀ ਹੱਕਾਂ ਦੀ ਰਾਖੀ ਲਈ ਧੜੱਲੇ ਨਾਲ ਆਵਾਜ਼ ਉਠਾਉਣ ਵਾਲੀ ਅਜ਼ੀਮ ਬੇਖੌਫ ਸ਼ਖਸੀਅਤ ਸਨ।

ਸੀਨੀਅਰ ਐਡਵੋਕੇਟ ਨਿੱਤਿਆ ਰਾਮਾਕ੍ਰਿਸ਼ਨਨ ਅਤੇ ਸ਼੍ਰੀਮੋਈ ਨੰਦਿਨੀ ਘੋਸ਼ ਨੇ ਪ੍ਰੋ. ਗਿਲਾਨੀ ਨਾਲ ਇੰਟਰਵਿਊ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ, ਗੈਰ-ਕਾਨੂੰਨੀ ਹਿਰਾਸਤ ਅਤੇ ਜੇਲ੍ਹਬੰਦੀ ਦੇ ਹਾਲਾਤ ਬਿਆਨ ਕੀਤੇ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਇਸ ਇੰਟਰਵਿਊ ਦਾ ਅਨੁਵਾਦ ਛਾਪਿਆ ਜਾ ਰਿਹਾ ਹੈ, ਜਿਸ ਦਾ ਅਨੁਵਾਦ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਪੇਸ਼ ਹੈ ਇਸ ਇੰਟਰਵਿਊ ਦੀ ਦੂਜੀ ਅਤੇ ਆਖਰੀ ਕਿਸ਼ਤ…। -ਸੰਪਾਦਕ

ਤੁਹਾਡੀ ਗ੍ਰਿਫਤਾਰੀ ਬਾਰੇ ਪਰਿਵਾਰ ਨੂੰ ਕਿਵੇਂ ਪਤਾ ਲੱਗਿਆ?
-ਮੈਨੂੰ ਆਰਿਫਾ (ਪਤਨੀ) ਨੂੰ ਮਿਲਾਉਣ ਲਈ ਲਿਜਾਇਆ ਗਿਆ, ਮੈਨੂੰ ਜੁਰਮ ਦਾ ਇਕਬਾਲ ਕਰਨ ਲਈ ਮਨਾਉਣ ਵਾਸਤੇ। ਉਸ ਨੂੰ ਕਿਹਾ ਗਿਆ ਸੀ, ‘ਤੇਰਾ ਸ਼ੌਹਰ ਜੇਲ੍ਹ ਵਿਚ ਹੈ; ਅਸੀਂ ਤੈਨੂੰ, ਤੇਰੇ ਬੱਚਿਆਂ ਨੂੰ ਮਾਰ ਦਿਆਂਗੇ। ਬਿਹਤਰ ਇਹੀ ਹੈ, ਉਸ ਨੂੰ ਮਨਾ।’ ਉਹ ਬੱਚਿਆਂ ਨੂੰ ਲੈ ਕੇ ਬਹੁਤ ਡਰੀ ਹੋਈ ਸੀ, ਲੇਕਿਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਨਹੀਂ ਕੀਤੀ। ਉਸ ਦੀ ਮੇਰੇ ਨਾਲ ਚੰਦ ਮਿੰਟ ਗੱਲ ਕਰਾਈ ਅਤੇ ਫਿਰ ਉਸ ਨੂੰ ਹੋਰ ਕੋਠੜੀ ਵਿਚ ਲੈ ਗਏ। ਦੋ ਦਿਨ ਉਸ ਨੂੰ ਹਿਰਾਸਤ ਵਿਚ ਰੱਖ ਕੇ ਛੱਡ ਦਿੱਤਾ। ਇਸ ਦਾ ਕਾਰਨ ਮੈਂ ਨਹੀਂ ਜਾਣਦਾ। ਉਹ ਮੇਰੇ ਬੇਟੇ ਆਰਿਫ ਨੂੰ ਲਹੂ-ਲੁਹਾਣ ਹੋਣ ਦੇ ਬਾਵਜੂਦ ਮੇਰੇ ਕੋਲ ਲੈ ਆਏ। ਉਸ ਨੂੰ ਹਿਰਾਸਤ ਦਾ ਮੰਜ਼ਰ ਯਾਦ ਹੈ। ਪਿੱਛੇ ਜਿਹੇ ਸਾਡੇ ਕੋਈ ਸਕੇ-ਸਬੰਧੀ ਉਂਜ ਹੀ ਕਿਸੇ ਨਾਲ ਜੇਲ੍ਹ ਵਿਚ ਮੁਲਾਕਾਤ ਦੀ ਗੱਲ ਕਰ ਰਹੇ ਸਨ। ਆਰਿਫ ਇਕਦਮ ਕਹਿਣ ਲੱਗਾ, ‘ਮੈਨੂੰ ਪਤਾ ਉਥੇ ਸੌਣ ਲਈ ਮੋਟਾ ਖੁਰਦੁਰਾ ਕੰਬਲ ਦਿੱਤਾ ਜਾਂਦਾ।’ … ਅਗਲੇ ਦਿਨ ਸਵਖਤੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਮੈਨੂੰ ਗੁਸਲਖਾਨੇ ਜਾਣ ਦੀ ਇਜਾਜ਼ਤ ਦਿੱਤੀ ਗਈ। ਕਮਾਂਡੋ ਮੇਰੇ ਵੱਲ ਰਾਈਫਲਾਂ ਤਾਣੀ ਖੜ੍ਹੇ ਸਨ; ਉਹ ਤਾਂ ਗੁਸਲਖਾਨੇ ਦੇ ਅੰਦਰ ਜਾਣਾ ਚਾਹੁੰਦੇ ਸਨ। ਮੇਰੇ ਵਿਰੋਧ ਕਰਨ ‘ਤੇ ਉਹ ਦਰਵਾਜ਼ੇ ਦੇ ਬਾਹਰ ਰੁਕਣ ਲਈ ਮੰਨੇ। ਇਹ ਉਨ੍ਹਾਂ ਦਾ ਡਰ ਵੀ ਹੈ, ਕਿਸੇ ਨੂੰ ਤੋੜਨ, ਜ਼ਲੀਲ ਕਰਨ ਦਾ ਤਰੀਕਾ ਵੀ ਹੈ।
ਉਨ੍ਹਾਂ ਮੈਨੂੰ ਕਿਤਾਬਾਂ ਅਤੇ ਰਸਾਲਿਆਂ ਦੇ ਤਿੰਨ ਥੈਲੇ ਦਿਖਾਏ ਜੋ ਉਨ੍ਹਾਂ ਨੇ ਮੇਰੇ ਘਰੋਂ ਕਬਜ਼ੇ ਵਿਚ ਲਏ ਸਨ- ‘ਯੇਹ ਸਬ ਤੁਮਹਾਰੇ ਘਰ ਸੇ ਮਿਲਾ ਹੈ।’ ਅਮਰੀਕਾ ਵਿਚ 9/11 ਕਾਂਡ ਨੂੰ ਥੋੜ੍ਹਾ ਵਕਤ ਹੀ ਹੋਇਆ ਸੀ; ਟਾਈਮ ਰਸਾਲੇ ਦੇ ਮੁੱਖ ਪੰਨੇ ਉਪਰ ਜੌੜੇ ਟਾਵਰਾਂ ਦੀ ਤਸਵੀਰ ਛਪੀ ਸੀ। ਉਹ ਉਸ ਵਲ ਇਸ਼ਾਰੇ ਕਰਕੇ ਮੁਸਲਮਾਨਾਂ ਨੂੰ ਗਾਲਾਂ ਦੇ ਰਹੇ ਸਨ। ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ, ‘ਜਾ ਕੇ ਤਲਾਸ਼ੀ ਲਓ, ਇਹ ਤੁਹਾਡੇ ਪ੍ਰਧਾਨ ਮੰਤਰੀ ਦੇ ਘਰ ਵੀ ਮਿਲ ਜਾਵੇਗਾ, ਤੁਸੀਂ ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ? … ਅਬਦੁਲ ਕਲਾਮ ਦੇ ਘਰ ਜਾਓ… ਉਹ ਵੀ ਮੁਸਲਮਾਨ ਹੈ।’
ਉਹ ਬਹੁਤ ਭੜਕੇ ਹੋਏ ਸਨ; ਉਨ੍ਹਾਂ ਨੇ ਜੋ ਕੁਝ ਵੀ ਜ਼ਮੀਨ ‘ਤੇ ਡਿਗਿਆ ਮਿਲਿਆ, ਮੇਰੇ ਉਪਰ ਸੁੱਟਣਾ ਸ਼ੁਰੂ ਕਰ ਦਿੱਤਾ। ਮੈਨੂੰ ਜ਼ਲੀਲ ਕਰਨ ਲਈ ਪਹਿਲਾਂ ਕਿਸੇ ਨੇ ਮੇਰੇ ਉਪਰ ਚਾਹ ਡੋਲ੍ਹ ਦਿੱਤੀ, ਇਕ ਹੋਰ ਨੇ ਖਾਣਾ ਖਾਂਦੇ ਵਕਤ ਮੇਰੇ ਉਪਰ ਦਾਲ ਸੁੱਟ ਦਿੱਤੀ। … ਨਹਾਉਣ ਤੋਂ ਬਾਅਦ ਉਹ ਮੈਨੂੰ ਜਿਪਸੀ ਵਿਚ ਬਿਠਾ ਕੇ ਲੈ ਗਏ। ਇਥੇ ਹਿਰਾਸਤ ਵਿਚ ਮੈਂ ਅਫਜ਼ਲ ਗੁਰੂ ਅਤੇ ਸ਼ੌਕਤ ਹੁਸੈਨ ਨੂੰ ਪਹਿਲੀ ਵਾਰ ਮਿਲਿਆ। ਸ਼ੌਕਤ ਪੁਲਿਸ ਨੂੰ ਇਹੀ ਕਹਿ ਰਿਹਾ ਸੀ ਕਿ ਮੈਨੂੰ ਦੱਸ ਦਿਓ, ਕੀ ਕਹਿਣਾ ਹੈ; ਮੈਂ ਉਸ ਨੂੰ ਕਿਹਾ ਕਿ ਕੋਈ ਬਿਆਨ ਨਾ ਦੇਣਾ। ਮੈਨੂੰ ‘ਪੋਟੋ’ (ਦਹਿਸ਼ਤਵਾਦ ਰੋਕੂ ਆਰਡੀਨੈਂਸ) ਬਾਰੇ ਪਤਾ ਸੀ। ਉਹ ਸਾਡੇ ਇਕਬਾਲੀਆ ਬਿਆਨਾਂ ਨੂੰ ਹੀ ਸਾਡੇ ਖਿਲਾਫ ਵਰਤ ਸਕਦੇ ਸਨ।
ਕੀ ਸ਼ੌਕਤ ਅਤੇ ਅਫਜ਼ਲ ਨੂੰ ਵੀ ਤਸੀਹੇ ਦਿੱਤੇ ਗਏ ਸਨ?
-ਹਾਂ, ਇਕ ਰਾਤ ਪਹਿਲਾਂ। ਉਹ ਦੋਨੋਂ ਇਕੱਠੇ ਸਨ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਸਨ ਲੇਕਿਨ ਉਹ ਚੱਲ ਸਕਦੇ ਸਨ। ਜਿਪਸੀ ਵਿਚੋਂ ਪੇਸ਼ਾਬ ਦੀ ਤਿੱਖੀ ਬਦਬੂ ਆ ਰਹੀ ਸੀ। ਮੈਂ ਪੁੱਛਿਆ, ‘ਇਹ ਕਾਹਦੀ ਬਦਬੂ ਹੈ?’
ਇਕ ਪੁਲਸੀਆ ਉਨ੍ਹਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗਿਆ, ‘ਇਸਕੋ ਨਹਿਲਾਨਾ’। ਇਕ ਰਾਤ ਪਹਿਲਾਂ ਪੁਲਸੀਆਂ ਨੇ ਉਨ੍ਹਾਂ ਦੇ ਮੂੰਹਾਂ ਉਪਰ ਪੇਸ਼ਾਬ ਕੀਤਾ ਸੀ। ਬਦਬੂ ਉਨ੍ਹਾਂ ਦੇ ਕੱਪੜਿਆਂ ਵਿਚੋਂ ਆ ਰਹੀ ਸੀ। ਮੈਂ ਜਦੋਂ ਰਾਤ ਨੂੰ ਪੀਣ ਲਈ ਪਾਣੀ ਮੰਗਿਆ, ਉਨ੍ਹਾਂ ਨੇ ਸ਼ਾਇਦ ਇਹ ਯੋਜਨਾ ਮੇਰੇ ਬਾਬਤ ਵੀ ਬਣਾਈ ਸੀ ਅਤੇ ਉਹ ਮੇਰਾ ਮਖੌਲ ਵੀ ਉਡਾਉਂਦੇ ਰਹੇ ਲੇਕਿਨ ਉਨ੍ਹਾਂ ਨੇ ਫਿਰ ਇਸ ਨੂੰ ਅੰਜਾਮ ਨਹੀਂ ਦਿੱਤਾ। ਦੋ ਜਣੇ ਇਕੱਠੇ ਹੋਣ ਕਾਰਨ ਉਨ੍ਹਾਂ ਲਈ ਜ਼ਲਾਲਤ ਹੋਰ ਵੀ ਜ਼ਿਆਦਾ ਸੀ। ਉਨ੍ਹਾਂ ਨੇ ਅਲਫ ਨਗਨ ਹਾਲਤ ਵਿਚ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਨ੍ਹਾਂ ਦੀ ਵੀਡੀਓ ਫਿਲਮ ਵੀ ਬਣਾਈ ਗਈ ਤਾਂ ਜੁ ਉਨ੍ਹਾਂ ਨੂੰ ਮੁੰਡੇਬਾਜ਼ੀ ਕਰਦੇ ਦਿਖਾਇਆ ਜਾ ਸਕੇ।
ਫਿਰ ਤਾਂ ਇਹ ਅਬੂ ਗਰੈਬ ਜੇਲ੍ਹ (ਗੁਆਟੋਨਾਮੋ ਖਾੜੀ ਵਾਲੀ ਬਦਨਾਮ ਜੇਲ੍ਹ) ਖੁਲਾਸੇ ਤੋਂ ਵੀ ਪਹਿਲਾਂ ਦੀ ਗੱਲ ਹੈ?
-ਹਾਂ, ਲੇਕਿਨ ਇਹ ਤਾਂ ਆਮ ਹੀ ਹੁੰਦਾ ਸੀ। ਸਾਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਸਵੇਰੇ ਸਾਝਰੇ ਹਸਪਤਾਲ ਵਿਚ ਸੁੰਨ-ਮਸਾਨ ਸੀ। ਸਾਡੇ ਪਹੁੰਚਣ ‘ਤੇ ਕਮਾਂਡੋਆਂ ਨੇ ਹਸਪਤਾਲ ਨੂੰ ਘੇਰਾ ਪਾ ਲਿਆ ਅਤੇ ਸਾਨੂੰ ਅੰਦਰ ਲਿਜਾਇਆ ਗਿਆ। ਉਥੇ ਸਿਰਫ ਇਕ ਡਾਕਟਰ ਸੀ। ਪੁਲਸੀਆਂ ਨੇ ਮੇਰਾ ਫਾਰਮ ਭਰਿਆ, ਮੈਂ ਡਾਕਟਰ ਕੋਲ ਇਤਰਾਜ਼ ਕੀਤਾ ਲੇਕਿਨ ਉਸ ਨੇ ਬਸ ਐਨਾ ਹੀ ਕਿਹਾ, ‘ਬਹੁਤ ਦਬਾਓ ਪੈ ਰਿਹਾ ਹੈ।’
ਮੈਡੀਕਲ ਰਿਪੋਰਟ ਨਾਰਮਲ ਸੀ। ਬੀ.ਪੀ., ਨਬਜ਼ ਹਰ ਚੀਜ਼ ਸਹਿਜ, ਚੋਟਾਂ ਦੇ ਕੋਈ ਨਿਸ਼ਾਨ ਨਹੀਂ। ਜਦਕਿ ਮੈਂ ਤਾਂ ਆਪਣੇ ਆਪ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਇਹ (16 ਦਸੰਬਰ) ਐਤਵਾਰ ਦਾ ਦਿਨ ਸੀ। ਸਾਨੂੰ ਮੰਦਿਰ ਮਾਰਗ ਦੇ ਇਕ ਫਲੈਟ ਵਿਚ ਮੈਜਿਸਟਰੇਟ ਦੇ ਘਰ ਲਿਜਾਇਆ ਗਿਆ। ਏ.ਸੀ.ਪੀ. ਰਾਜਬੀਰ ਨੇ ਅੰਦਰ ਜਾ ਕੇ ਉਸ ਨਾਲ ਗੱਲ ਕੀਤੀ। ਅਸੀਂ ਬਾਹਰ ਇੰਤਜ਼ਾਰ ਕਰ ਰਹੇ ਸੀ। ਮੈਜਿਸਟਰੇਟ ਬਾਹਰ ਆਈ। ਉਸ ਨੇ ਸਾਨੂੰ ਪੁੱਛਿਆ, ‘ਤੁਸੀਂ ਕੁਝ ਕਹਿਣਾ ਹੈ?’
ਮੈਂ ਉਹਨੂੰ ਕਿਹਾ, ‘ਸਾਨੂੰ ਕਿਸ ਲਈ ਗ੍ਰਿਫਤਾਰ ਕੀਤਾ ਜਾ ਰਿਹੈ?’ ਆਪਣੇ ਪੈਰਾਂ ਦੀ ਹਾਲਤ ਦਿਖਾਈ। ਦੱਸਿਆ ਕਿ ਮੇਰੇ ਬੀਵੀ ਤੇ ਬੱਚਿਆਂ ਨੂੰ ਵੀ ਅਗਵਾ ਕੀਤਾ ਹੋਇਆ ਹੈ ਅਤੇ ਉਹ ਵੀ ਥਾਣੇ ਵਿਚ ਹਨ; ਲੇਕਿਨ ਉਸ ਨੇ ਆਪਣੇ ਹੁਕਮ ਵਿਚ ਕੁਝ ਵੀ ਦਰਜ ਨਹੀਂ ਕੀਤਾ।
ਉਹਦਾ ਘਰ ਮੰਦਰ ਮਾਰਗ ‘ਤੇ ਹੈ? ਰਿਮਾਂਡ ਆਰਡਰ ਗੁੜਗਾਓਂ ਦੱਸਦਾ ਹੈ?
-ਨਹੀਂ, ਇਹ ਮੰਦਿਰ ਮਾਰਗ ਹੀ ਸੀ।
ਮੁਕੱਦਮੇ ਦੌਰਾਨ ਸਮੇਂ ਦੀ ਇਸੇ ਕੁ-ਜੋੜਤਾ ਦੀ ਗੱਲ ਚੱਲੀ ਸੀ, ਕਿਉਂਕਿ ਗ੍ਰਿਫਤਾਰੀ ਦੇ ਕਥਿਤ ਸਮੇਂ ਅਤੇ ਪੇਸ਼ ਕੀਤੇ ਜਾਣ ਦਰਮਿਆਨ ਦਿੱਲੀ ਤੋਂ ਗੁੜਗਾਓਂ ਜਾਣਾ ਸੰਭਵ ਨਹੀਂ ਲੇਕਿਨ ਉਨ੍ਹਾਂ ਨੇ ਝੂਠ ਕਿਉਂ ਬੋਲਿਆ? ਇਸ ਨਾਲ ਤਾਂ ਉਨ੍ਹਾਂ ਦਾ ਕੇਸ ਕਮਜ਼ੋਰ ਹੁੰਦਾ ਹੈ।
-ਉਹ ਐਨੇ ਝੂਠ ਬੋਲਦੇ ਹਨ ਕਿ ਆਪਣੇ ਜਾਲ ਵਿਚ ਆਪ ਹੀ ਫਸ ਜਾਂਦੇ ਹਨ। ਮੈਨੂੰ ਯਾਦ ਹੈ, ਉਨ੍ਹਾਂ ਨੇ ਗੁੜਗਾਓਂ ਹੀ ਕਿਹਾ ਸੀ, ਲੇਕਿਨ ਪਤਾ ਨਹੀਂ ਕਿਉਂ।
ਕੀ ਅਫਸ਼ਾਂ (ਸ਼ੌਕਤ ਹੁਸੈਨ ਦੀ ਬੀਵੀ) ਵੀ ਉਥੇ ਸੀ?
-ਹਾਂ, ਸ਼ਾਇਦ ਉਹ ਵੀ ਉਥੇ ਹੀ ਸੀ। ਸਾਨੂੰ ਚਾਰਾਂ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਸੀ। ਫਿਰ ਸਾਨੂੰ ਵਾਪਸ ਲੋਧੀ ਕਾਲੋਨੀ ਲੈ ਗਏ। ਦਿਨ ਵੇਲੇ ਉਨ੍ਹਾਂ ਨੇ ਸ਼ੌਕਤ, ਮੈਨੂੰ ਅਤੇ ਅਫਜ਼ਲ ਨੂੰ ਥੋੜ੍ਹਾ ਚਿਰ ਇਕੋ ਕੋਠੜੀ ਵਿਚ ਰੱਖਿਆ, ਫਿਰ ਵੱਖ-ਵੱਖ ਕਰ ਦਿੱਤਾ। ਮੈਂ ਉਨ੍ਹਾਂ ਨੂੰ ਇਹੀ ਕਹਿੰਦਾ ਰਿਹਾ ਕਿ ਕੋਈ ਗੱਲ ਨਾ ਮੰਨਿਓਂ, ਲੇਕਿਨ ਸ਼ੌਕਤ ਨੂੰ ਭਰੋਸਾ ਸੀ ਕਿ ਅਦਾਲਤ ਵਿਚ ਜੱਜ ਉਸ ਨੂੰ ਬਰੀ ਕਰ ਦੇਵੇਗਾ। ਉਹ ਸੋਚਦਾ ਸੀ ਕਿ ਪੁਲਿਸ ਦਾ ਕਹਿਣਾ ਮੰਨਣ ਨਾਲ ਰਿਹਾਈ ਹੋ ਜਾਵੇਗੀ, ਉਹ ਵੀ ਉਸ ਨੂੰ ਇਹੀ ਕਹਿ ਰਹੇ ਸਨ; ਲੇਕਿਨ ਮੈਂ ਉਨ੍ਹਾਂ ਨੂੰ ‘ਪੋਟੋ’ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਫਸ਼ਾਂ ਵੀ ਹਿਰਾਸਤ ਵਿਚ ਸੀ; ਉਸ ਦੀਆਂ ਧਾਹਾਂ ਦੀ ਆਵਾਜ਼ ਸਾਡੇ ਕੰਨੀਂ ਪੈ ਰਹੀ ਸੀ। ਬੁਰੀ ਤਰ੍ਹਾਂ ਪ੍ਰੇਸ਼ਾਨ ਉਹ ਉਚੀ-ਉਚੀ ਵਿਲਕ ਰਹੀ ਸੀ। ਉਹ ਮੈਨੂੰ ਆਵਾਜ਼ਾਂ ਮਾਰ ਰਹੀ ਸੀ, ‘ਰਹਿਮਾਨ ਭਾਈ’, ਲੇਕਿਨ ਉਨ੍ਹਾਂ ਨੇ ਮੇਰੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਅਗਲੇ ਦਿਨ 16 ਦਸੰਬਰ ਨੂੰ ਸਾਨੂੰ ਜੁਦਾ ਕਰ ਦਿੱਤਾ ਗਿਆ। ਮੇਰੀਆਂ ਅੱਖਾਂ ਬੰਨ੍ਹ ਕੇ ਬੀ.ਐਸ਼ਐਫ਼ ਦੇ ਸਦਰਮੁਕਾਮ ਲੈ ਗਏ। ਇਹ ਮੈਨੂੰ ਖਾਣੇ ਅਤੇ ਚਾਹ ਸਮੇਂ ਕਰਾਕਰੀ ਤੋਂ ਪਤਾ ਲੱਗ ਗਿਆ। ਉਹ ਵੱਖ-ਵੱਖ ਤਰੀਕੇ ਵਰਤ ਕੇ ਮੈਨੂੰ ਵੱਖ-ਵੱਖ ਥਾਵਾਂ ਉਪਰ ਲਿਜਾਂਦੇ ਰਹੇ। ਅਫਜ਼ਲ ਅਤੇ ਸ਼ੌਕਤ ਵਾਂਗ ਮੇਰੇ ਪਰਿਵਾਰ ਨੂੰ ਵੀ ਦੋਸਤ ਹੋਣ ਦਾ ਨਾਟਕ ਕਰਦੇ ਰਹੇ। ਉਸ ਦਿਨ ਉਨ੍ਹਾਂ ਨੇ ਆਰਿਫਾ ਅਤੇ ਬੱਚਿਆਂ ਨੂੰ ਛੱਡ ਦਿੱਤਾ। ਉਸੇ ਦਿਨ ਉਨ੍ਹਾਂ ਨੇ ਸਾਨੂੰ ਮੀਡੀਆ ਅੱਗੇ ਪੇਸ਼ ਕੀਤਾ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ, ਮੈਂ ਪੁਲਸੀਏ ਵੱਲ ਝੁਕਿਆ ਹੋਇਆ ਹਾਂ, ਮੈਂ ਸਿੱਧਾ ਖੜ੍ਹਾ ਨਹੀਂ ਹੋ ਸਕਦਾ; ਲੇਕਿਨ ਕਿਸੇ ਨੇ ਵੀ ਇਸ ਦੀ ਰਿਪੋਰਟ ਨਹੀਂ ਦਿੱਤੀ। ਮੈਂ ਬਥੇਰਾ ਚੀਕਿਆ ਕਿ ਮੈਨੂੰ ਤਸੀਹੇ ਦਿੱਤੇ ਜਾ ਰਹੇ ਹਨ, ਕਿ ਉਨ੍ਹਾਂ ਨੇ ਮੇਰੀ ਬੀਵੀ ਨੂੰ ਅਗਵਾ ਕੀਤਾ ਹੋਇਆ ਹੈ, ਲੇਕਿਨ ਕਿਸੇ ਨੇ ਇਹ ਰਿਪੋਰਟ ਨਹੀਂ ਦਿੱਤੀ।
ਹਾਂ, ਰਾਜਬੀਰ ਅਫਜ਼ਲ ਨੂੰ ਕੈਮਰੇ ਅੱਗੇ ਕੋਈ ਗੱਲ ਨਾ ਦੱਸਣ ਲਈ ਕਹਿ ਰਿਹਾ ਸੀ (ਗਿਲਾਨੀ ਦੇ ਸ਼ਾਮਲ ਨਾ ਹੋਣ ਸਬੰਧੀ)। ਉਹ ਜਾਣਦੇ ਸਨ ਕਿ ਸਾਡੇ ਨਾਲ ਕਿਵੇਂ ਨਜਿੱਠਣਾ ਹੈ। ਸ਼ੌਕਤ ਅਤੇ ਅਫਜ਼ਲ ਨਾਲ ਤਾਂ ਇਹ ਆਮ ਗੱਲ ਸੀ, ਉਸ ਰਾਤ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਲੇਕਿਨ ਉਸ ਤੋਂ ਬਾਅਦ ਉਹ ਕਹਿੰਦੇ ਰਹੇ, ‘ਤੁਮਕੋ ਛੋੜ ਦੇਂਗੇ’। ਉਹ ਕੁਝ ਵੀ ਲਿਖ ਕੇ ਦੇਣ ਲਈ ਤਿਆਰ ਸਨ। ਸ਼ੌਕਤ ਸੋਚਦਾ ਸੀ, ਉਹ ਅਫਜ਼ਲ ਨੂੰ ਫਸਾਉਣਗੇ ਅਤੇ ਉਸ ਨੂੰ ਛੱਡ ਦੇਣਗੇ; ਉਹ ਮੈਨੂੰ ਫਸਾਉਣ ਲਈ ਵੀ ਕਹਿੰਦੇ ਰਹੇ, ‘ਯੇਹ ਮਰੇਗਾ’। ਅਫਜ਼ਲ ਦਾ ਭਾਈ ਹਿਲਾਲ ਵੀ ਕਸ਼ਮੀਰ ਵਿਚ ਹਿਰਾਸਤ ਵਿਚ ਸੀ। ਉਨ੍ਹਾਂ ਨੂੰ ਇਕ ਦੂਜੇ ਵਿਰੁਧ ਵਰਤਿਆ ਜਾ ਰਿਹਾ ਸੀ।
ਇਕ ਗੱਲ ਦੱਸੋ – ਜਦੋਂ ਉਨ੍ਹਾਂ ਨੇ ਹੋਰਾਂ ਵਿਰੁਧ ਜਾਅਲੀ ਇਕਬਾਲੀਆ ਬਿਆਨ ਘੜਿਆ, ਉਹ ਤੁਹਾਡੇ ਵਿਰੁਧ ਕਿਉਂ ਨਹੀਂ ਘੜਿਆ?
-ਸੋਲਾਂ ਨਵੰਬਰ 2001 ਨੂੰ ਆਰਿਫਾ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਨ੍ਹਾਂ ਕੁਝ ਕੋਰੇ ਕਾਗਜ਼ਾਂ ਉਪਰ ਦਸਤਖਤ ਕਰਵਾ ਲਏ। ਉਸ ਪਿਛੋਂ ਮੈਂ ਹੋਰ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਸਿਰਫ ਬਿਆਨ ਅਤੇ ਬਰਾਮਦਗੀ ਦੇ ਪੰਚਨਾਮੇ ਉਪਰ ਦਸਤਖਤ ਕਰਵਾਏ, ਇਕਬਾਲੀਆ ਬਿਆਨ ਨਹੀਂ ਬਣਾਇਆ। ਇਕਬਾਲੀਆ ਬਿਆਨ ਦੇ ਹਰ ਪੰਨੇ ਉਪਰ ਦਸਤਖਤ ਕਰਨੇ ਜ਼ਰੂਰੀ ਹਨ। ਦੂਜੇ ਇਹ ਸੋਚ ਕੇ ਉਨ੍ਹਾਂ ਦੀ ਗੱਲ ਮੰਨਦੇ ਰਹੇ ਕਿ ਪੂਰਾ ਕੇਸ ਜਾਅਲੀ ਹੈ, ਘੱਟੋ-ਘੱਟ ਅਦਾਲਤ ਉਨ੍ਹਾਂ ਨੂੰ ਰਿਹਾਅ ਕਰ ਦੇਵੇਗੀ।
17 ਦਸੰਬਰ 2001 ਨੂੰ ਈਦ ਸੀ। ਬਿਲਾਲ ਘਰੋਂ ਬਿਰਿਯਾਨੀ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਲਿਆਇਆ। ਅਫਜ਼ਲ, ਸ਼ੌਕਤ ਅਤੇ ਮੈਨੂੰ ਮਿਲ ਕੇ ਖਾਣ ਦੀ ਇਜਾਜ਼ਤ ਦਿੱਤੀ ਗਈ। ਮੈਂ ਉਨ੍ਹਾਂ ਨੂੰ ਫਿਰ ਚੁਕੰਨੇ ਕੀਤਾ, ਲੇਕਿਨ ਸ਼ੌਕਤ ਕਹਿ ਰਿਹਾ ਸੀ, ‘ਮੈਂ ਤਾਂ ਜੋ ਉਹ ਚਾਹੁੰਦੇ ਹਨ, ਉਹ ਕਹਾਂਗਾ। ਮੇਰੇ ਅੰਦਰ ਹੁਣ ਹੋਰ ਬਰਦਾਸ਼ਤ ਕਰਨ ਦੀ ਤਾਕਤ ਨਹੀਂ।’
ਤੀਜੇ ਜਾਂ ਚੌਥੇ ਦਿਨ ਜਿਸਮਾਨੀ ਤਸੀਹੇ ਬੰਦ ਹੋ ਗਏ ਲੇਕਿਨ ਮਾਨਸਿਕ ਤਸੀਹੇ ਅਤੇ ਜ਼ਲਾਲਤ ਜਾਰੀ ਰਹੀ। ਮੇਰੀ ਕੋਠੜੀ ਦੇ ਬਾਹਰ ਪੁਲਸੀਏ ਮੁਸਲਮਾਨਾਂ ਨੂੰ ਕੱਢਦੇ ਰਹਿੰਦੇ। ਉਹ ਦੇਰ ਰਾਤ ਗਏ ਮੈਨੂੰ ਜਗਾ ਲੈਂਦੇ। ਫਿਰ ਮਾਨਸਿਕ ਤਸ਼ੱਦਦ ਦਾ ਦੌਰ ਚੱਲਦਾ ਰਹਿੰਦਾ। ਕਈ ਵਾਰ ਤਾਂ 14-15 ਅਫਸਰ ਮੈਨੂੰ ਘੇਰ ਕੇ ਵਾਰ-ਵਾਰ ਉਹੀ ਪੁੱਛਦੇ ਰਹਿੰਦੇ ਅਤੇ ਗਾਲੀ-ਗਲੋਚ ਤੇ ਕੁੱਟਮਾਰ ਕਰਦੇ। ਮੈਨੂੰ ਵੱਖੋ-ਵੱਖਰੇ ਕਮਰਿਆਂ ਜਾਂ ਸਾਊਂਡ ਪਰੂਫ ਚੈਂਬਰਾਂ ਵਿਚ ਲਿਜਾਇਆ ਜਾਂਦਾ। ਕੋਠੜੀ ਵਿਚ ਮੈਨੂੰ ਦਿਨ-ਰਾਤ ਬੰਦ ਰੱਖਿਆ ਜਾਂਦਾ। ਕੋਠੜੀ ਤਿੰਨ ਫੁੱਟ ਚੌੜੀ ਅਤੇ ਇੰਨੀ ਲੰਮੀ ਸੀ ਕਿ ਅਗਲਾ ਸਿਰਾ ਨਜ਼ਰ ਨਹੀਂ ਸੀ ਆਉਂਦਾ। ਇਕ ਰਾਤ 2 ਕੁ ਵਜੇ ਪੁਲਸੀਏ ਮੇਰੀ ਕੋਠੜੀ ਦੇ ਬਾਹਰ ਮੁਸਲਮਾਨਾਂ ਅਤੇ ਕਸ਼ਮੀਰ ਬਾਰੇ ਉਚੀ-ਉਚੀ ਬਕਵਾਸ ਕਰ ਰਹੇ ਸਨ। ਇਕ ਜਣਾ ਕਹਿ ਰਿਹਾ ਸੀ ਕਿ ‘ਦਿੱਲੀ ਆਉਣ ਤੋਂ ਪਹਿਲਾਂ ਮੈਂ ਕਦੇ ਕੋਈ ਮੁਸਲਾ ਨਹੀਂ ਸੀ ਦੇਖਿਆ। ਅਸੀਂ ਤਾਂ ਆਪਣੇ ਇਲਾਕੇ ਵਿਚ ਬਹੁਤ ਪਹਿਲਾਂ ਹੀ ਇਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।’ ਮੈਨੂੰ ਨੀਂਦ ਕਿਵੇਂ ਆ ਜਾਂਦੀ, ਮੈਂ ਉਨ੍ਹਾਂ ਨੂੰ ਚੁਕੰਨੇ ਕਰਨ ਲਈ ਹੱਥਕੜੀਆਂ ਖੜਕਾਈਆਂ ਅਤੇ ਪਖਾਨਾ ਜਾਣ ਲਈ ਕਿਹਾ।
ਉਹ ਮੈਨੂੰ ਸਦਾ ਬੇੜੀ ਲਗਾਈ ਰੱਖਦੇ। ਕੋਠੜੀ ਨੂੰ ਜੰਦਰਾ ਲਗਾ ਕੇ ਅਤੇ ਹੱਥਕੜੀਆਂ ਨਾਲ ਬੰਨ੍ਹ ਕੇ ਰੱਖਦੇ। ਪਖਾਨੇ ਤੋਂ ਵਾਪਸ ਆ ਕੇ ਮੈਂ ਅਸ਼ੋਕ ਚੰਦ ਨੂੰ ਕਿਹਾ, ‘ਤੁਹਾਨੂੰ ਮੁਸਲਮਾਨਾਂ ਅਤੇ ਕਸ਼ਮੀਰੀ ਬਾਰੇ ਬਹੁਤ ਗਲਤਫਹਿਮੀ ਹੈ। ਰਿਹਾਅ ਹੋ ਕੇ ਮੈਂ ਤੇਰੇ ਘਰ ਆ ਕੇ ਤੈਨੂੰ ਮਿਲਾਂਗਾ।’ ਉਹ ਤਾਂ ਕੰਬਣ ਲੱਗ ਪਿਆ ਇਹ ਸੋਚ ਕੇ ਕਿ ਮੈਂ ਉਸ ਨੂੰ ਧਮਕੀ ਦੇ ਰਿਹਾ ਸੀ। ਦੇਖ ਲਓ, ਉਹ ਆਪਣੀਆਂ ਹੀ ਝੂਠੀਆਂ ਕਹਾਣੀਆਂ ਵਿਚ ਕਿਵੇਂ ਯਕੀਨ ਕਰਦੇ ਹਨ।
ਤੁਹਾਨੂੰ ਆਪਣੀ ਰਿਹਾਈ ਹੋਣ ਦਾ ਸਦਾ ਹੀ ਯਕੀਨ ਰਿਹਾ?
-ਨਹੀਂ, ਮੈਂ ਡਰਿਆ ਹੋਇਆ ਸੀ, ਕਿਉਂਕਿ ਮੈਂ ਇਕੱਲਾ ਸੀ। ਘੱਟੋ-ਘੱਟ ਸ਼ੌਕਤ ਅਤੇ ਅਫਜ਼ਲ ਇਕੱਠੇ ਤਾਂ ਸਨ। ਫਿਰ ਵੀ ਮੈਂ ਸਦਾ ਇਹੀ ਸੋਚਦਾ ਸੀ ਕਿ ਆਖਿਰਕਾਰ ਮੈਂ ਰਿਹਾਅ ਹੋ ਜਾਵਾਂਗਾ; ਲੇਕਿਨ ਕਈ ਵਕਤ ਐਸੇ ਵੀ ਆਏ ਜਦੋਂ ਮੈਂ ਬੁਰੀ ਤਰ੍ਹਾਂ ਨਿਰਾਸ਼ ਸੀ। ਜੇਲ੍ਹ ਦੀ ਹਨੇਰ ਕੋਠੜੀ ਵਿਚ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਦਿਨ ਹੈ ਜਾਂ ਰਾਤ। ਕੋਠੜੀ ਅੱਗੇ ਕੰਬਲ ਲਟਕਦਾ ਹੋਣ ਕਾਰਨ ਲੋਅ ਅੰਦਰ ਨਹੀਂ ਸੀ ਆ ਸਕਦੀ। ਨਿੱਕੇ ਜਿਹੇ ਬਲਬ ਦੀ ਲੋਅ ਧੁੰਦਲੀ ਜਿਹੀ ਸੀ। ਪੜ੍ਹਨ ਲਈ ਨਾ ਕਿਤਾਬਾਂ ਨਾ ਕੁਝ ਹੋਰ। ਬਾਅਦ ਵਿਚ ਕੰਬਲ ਹਟਾਉਣ ਨਾਲ ਥੋੜ੍ਹਾ ਬਿਹਤਰ ਹੋ ਗਿਆ। ਇਕ ਵਾਰ ਇਕ ਕਸ਼ਮੀਰੀ ਨੇ ਮੇਰੇ ਲਈ ਪਲਾਸਟਿਕ ਦਾ ਪਿਆਲਾ, ਗਲਾਸ ਤੇ ਬਾਲਟੀ ਭੇਜੀ, ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ। ਉਹ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਨੂੰ ਭੇਤ ਲੈਣ ਲਈ ਮੇਰੇ ਕੋਲ ਘੱਲਦੇ ਰਹਿੰਦੇ। ਪਰਿਵਾਰ ਨਾਲ ਮੁਲਾਕਾਤ ਵੀ ਖੁਫੀਆ ਕੈਮਰਿਆਂ ਦੀ ਨਿਗਰਾਨੀ ਹੇਠ ਹੁੰਦੀ, ਇਹ ਕੈਦੀਆਂ ਦੀ ਮੁਲਾਕਾਤ ਵਾਲੇ ਹਿੱਸੇ ਵਿਚ ਨਹੀਂ ਸੀ ਹੁੰਦੀ। ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ; ਜੇਲ੍ਹ ਅਧਿਕਾਰੀਆਂ ਨੂੰ ਉਪਰੋਂ ਹਦਾਇਤਾਂ ਆ ਰਹੀਆਂ ਸਨ। ਉਨ੍ਹਾਂ ਕੋਲ ਤੁਹਾਨੂੰ ਤੋੜਨ ਜਾਂ ਜੇਲ੍ਹ ਵਿਚ ਹੀ ਟਿਕਾਣੇ ਲਗਾ ਦੇਣ ਦੇ ਬਥੇਰੇ ਤਰੀਕੇ ਹਨ।
ਮਤਲਬ ਅਜਿਹੇ ਤਰੀਕੇ ਬਾਕਾਇਦਾ ਟਰੇਨਿੰਗ ਦਾ ਹਿੱਸਾ ਹਨ?
-ਤਸੀਹੇ ਦੇਣ ਲਈ ਪੁਲਸੀਆਂ ਦਾ ਖਾਸ ਗਰੋਹ ਹੁੰਦਾ ਹੈ। ਉਹ ਤਕਨੀਕੀ ਤੌਰ ‘ਤੇ ਐਨੇ ਮਾਹਿਰ ਹਨ ਕਿ ਸਰੀਰ ਉਪਰ ਤਸੀਹਿਆਂ ਦਾ ਕੋਈ ਨਿਸ਼ਾਨ ਨਹੀਂ ਛੱਡਦੇ। ਉਹ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਚੱਲਦੇ ਹਨ। ਇਨ੍ਹਾਂ ਘੋਰ-ਰਾਸ਼ਟਰਵਾਦੀਆਂ ਨੂੰ ਯਕੀਨ ਹੈ ਕਿ ਉਹ ਇਹ ਸਭ ਮੁਲਕ ਦੇ ਭਲੇ ਲਈ ਕਰ ਰਹੇ ਹਨ। ਜੇਲ੍ਹ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ। ਜਾਣ ਸਾਰ ਤੁਹਾਨੂੰ ਜੁੱਤੀਆਂ ਕੋਲ ਭੁੰਜੇ ਬਿਠਾਇਆ ਜਾਂਦਾ ਹੈ। ਤੁਹਾਨੂੰ ਐਵੇਂ ਹੀ ਡਾਂਟਦੇ ਰਹਿਣਗੇ, ਗੁਲਾਮਾਂ ਵਾਂਗ ਸਲੂਕ ਕਰਦੇ ਹਨ।
ਜੇਲ੍ਹ ਵਿਚ ਜਾ ਕੇ ਮੈਂ ਜੁੱਤੀਆਂ ਲਾਗੇ ਬੈਠਣ ਤੋਂ ਇਨਕਾਰ ਕਰ ਦਿੱਤਾ। ਮੈਂ ਸ਼ੌਕਤ ਨੂੰ ਵੀ ਹੱਲਾਸ਼ੇਰੀ ਦਿੱਤੀ। ਇਹ ਦੇਖ ਕੇ ਅਫਸਰ ਭੜਕ ਉਠਿਆ ਅਤੇ ਮੈਨੂੰ ਤਿੰਨ ਵਾਰ ਹੁਕਮ ਚਾੜ੍ਹਿਆ, ਫਿਰ ਬੋਲਿਆ, ‘ਲਿਖ ਕਰ ਲਾਨੀ ਪੜੇਗੀ ਕਯਾ’। ਉਨ੍ਹਾਂ ਨੂੰ ਸਾਡੇ ਬਾਰੇ, ਸਾਡੇ ਉਪਰ ਇਲਜ਼ਾਮਾਂ ਬਾਰੇ ਪਤਾ ਸੀ। ਉਹ ਨਿੱਕੀ-ਨਿੱਕੀ ਗੱਲ ਰਾਹੀਂ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਮੈਨੂੰ ਵਿਸ਼ੇਸ਼ ਲੰਮੀ ਹਨੇਰ ਕੋਠੜੀ ਵਿਚ ਰੱਖਿਆ ਗਿਆ। ਉਥੋਂ ਮੈਂ ਫਾਂਸੀ ਘਰ ਦੇਖ ਸਕਦਾ ਸੀ। ਮਕਬੂਲ ਬੱਟ ਦੀ ਕਬਰ ਵੀ ਉਥੇ ਹੀ ਸੀ। ਉਹ ਮੈਨੂੰ ਦੱਸਦੇ, ਕਿਵੇਂ ਉਸ ਨੂੰ ਉਥੋਂ ਸਿੱਧਾ ਫਾਂਸੀ ਘਰ ਲਿਜਾਇਆ ਗਿਆ, ਤੈਨੂੰ ਵੀ ਉਸੇ ਰਸਤੇ ਲਿਜਾਇਆ ਜਾਵੇਗਾ। ਜੁਡੀਸ਼ੀਅਲ ਹਿਰਾਸਤ ਵਿਚ ਮੈਂ ਅਫਜ਼ਲ ਅਤੇ ਸ਼ੌਕਤ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ ਲੇਕਿਨ ਉਦੋਂ ਤੱਕ ਸਾਡਾ ਵਾਹ ਜੱਜ ਐਸ਼ਐਨ. ਢੀਂਗਰਾ ਨਾਲ ਪੈ ਚੁੱਕਾ ਸੀ। ਚਾਰਜਸ਼ੀਟ ਪੇਸ਼ ਕੀਤੇ ਜਾਣ ਤੋਂ ਪਹਿਲਾਂ ਹੀ ਜਦੋਂ ਅਫਸ਼ਾਂ ਅਦਾਲਤ ਵਿਚ ਧਾਹਾਂ ਮਾਰ ਰਹੀ ਸੀ ਤਾਂ ਜੱਜ ਬੋਲਿਆ, ‘ਹੁਣ ਰੋਣ ਦਾ ਕੀ ਫਾਇਦਾ, ਪਹਿਲਾਂ ਸੋਚਣਾ ਸੀ!’ ਉਸ ਦਾ ਰਵੱਈਆ ਸਪਸ਼ਟ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਦਾਲਤ ਤੋਂ ਉਮੀਦ ਸੀ ਲੇਕਿਨ ਮੈਂ ਜਾਣਦਾ ਸੀ ਕਿ ਸ਼ਾਇਦ ਹੀ ਕੋਈ ਉਮੀਦ ਸੀ।
ਤੁਸੀਂ ਜਾਣਦੇ ਹੋ, ਮੇਰੀ ਹਾਲਤ ਬਿਹਤਰ ਸੀ। ਮੈਂ ਯੂਨੀਵਰਸਿਟੀ ਪ੍ਰੋਫੈਸਰ ਸੀ, ਪੱਕੀ ਨੌਕਰੀ ਸੀ। ਮੈਂ ਜਾਣਦਾ ਸੀ, ਬਾਹਰ ਲੋਕ ਮੇਰੇ ਲਈ ਲੜ ਰਹੇ ਸਨ ਲੇਕਿਨ ਮੈਨੂੰ ਮਹਿਸੂਸ ਹੁੰਦਾ ਹੈ ਕਿ ਮਨੁੱਖੀ ਹੱਕਾਂ ਦੀ ਲਹਿਰ ਨੇ ਸ਼ੁਰੂ ਤੋਂ ਹੀ ਅਫਜ਼ਲ ਅਤੇ ਸ਼ੌਕਤ ਪ੍ਰਤੀ ਕੋਈ ਖਾਸ ਸਰੋਕਾਰ ਨਹੀਂ ਦਿਖਾਇਆ। ਮੈਂ ਨਹੀਂ ਜਾਣਦਾ ਮੈਂ ਇਸ ਹਾਲਤ ਵਿਚੋਂ ਕਿਵੇਂ ਗੁਜ਼ਰਿਆ। ਹੁਣ ਜਦੋਂ ਮੈਂ ਪਿਛਲ ਝਾਤ ਮਾਰਦਾ ਹਾਂ, ਮੈਨੂੰ ਹੈਰਾਨੀ ਹੁੰਦੀ ਹੈ ਕਿ ਛੇ ਇੰਚ ਸਰੀਏ ਦੀ ਕੁੱਟ ਕਿਵੇਂ ਖਾ ਲਈ ਲੇਕਿਨ ਇਹ ਕੋਈ ਕਰਾਮਾਤ ਹੀ ਹੁੰਦੀ ਹੈ। ਸਾਧਾਰਨ ਹਾਲਾਤ ਵਿਚ ਇਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
(ਸਮਾਪਤ)