ਕਸ਼ਮੀਰ, ਸ਼ਮਸ਼ੀਰ ਅਤੇ ਪੱਤਰਕਾਰੀ

ਅਰੁੰਧਤੀ ਰਾਏ ਦੇ ਨਾਵਲ ‘ਦਰਬਾਰਿ-ਖੁਸ਼ੀਆਂ ਬੇਪਨਾਹ’ ਦਾ ਪੰਜਾਬ
ਅਰੁੰਧਤੀ ਰਾਏ ਦਾ ਦੂਜਾ ਨਾਵਲ ‘ਦਰਬਾਰਿ-ਖੁਸ਼ੀਆਂ ਬੇਪਨਾਹ’ ਪੁਰਾਣੀ ਦਿੱਲੀ ਦੀਆਂ ਤੰਗ ਗਲੀਆਂ ਵਿਚੋਂ ਹੁੰਦਾ ਨਵੇਂ ਉਸਰਦੇ ਮਹਾਂਨਗਰ ਦੀ ਤਫਸੀਲ ਪੇਸ਼ ਕਰਦਾ ਹੈ। ਇਸ ਦਾ ਘੇਰਾ ਕਸ਼ਮੀਰ ਤੋਂ ਬਸਤਰ ਦੀ ਹੱਦ ਤੱਕ ਫੈਲ ਜਾਂਦਾ ਹੈ। ਇਸ ਦੇ ਕਿਰਦਾਰ ਰੋਜ਼ਾਨਾ ਜ਼ਿੰਦਗੀ ਵਿਚ ਵਿਚਰਦੇ ਦੁਆਲੇ ਦੇ ਸੰਸਾਰ ਨਾਲ ਮਸ਼ਗੂਲ ਹਨ। ਉਹ ਸਬੱਬੀਂ ਮਿਲਦੇ ਹਨ, ਮਿਥ ਕੇ ਮਿਲਦੇ ਹਨ ਅਤੇ ਮੌਜੂਦਾ ਦੌਰ ਦੀਆਂ ਪੇਚੀਦਾ ਪਰਤਾਂ ਖੋਲ੍ਹਦੇ ਹਨ। ਆਫਤਾਬ ਵਜੋਂ ਪੈਦਾ ਹੋਈ ਅੰਜੁਮ ਆਪਣੇ ਮਾਪਿਆਂ ਦੇ ਘਰ ਤੋਂ ਬਾਅਦ ਆਪਣੀ ਪਸੰਦ ਦੀ ਖਵਾਬਗਾਹ ਛੱਡ ਕੇ ਖੰਡਰ ਹੋਈਆਂ ਕਬਰਾਂ ਵਿਚ ਆਪਣਾ ਕਾਲੀਨ ਵਿਛਾ ਲੈਂਦੀ ਹੈ।

ਇਹ ਕਾਲੀਨ ਬੇਦਿਲਾਸਿਆਂ ਦਾ ਦਿਲਾਸਾ ਬਣਦਾ ਹੈ ਅਤੇ ਵਸੇਬ ਦੇ ਦਿਲੋ-ਦਿਮਾਗ ਦੀ ਥਾਹ ਪਾਉਂਦਾ ਜੰਨਤ ਅਤੇ ਜਹੱਨੁਮ ਵਿਚਾਲੇ ਗੈਰ-ਕਾਨੂੰਨੀ ਬੂਹਾ ਖੁੱਲ੍ਹਾ ਰੱਖਦਾ ਹੈ। ਨਾਵਲ ਦਾ ਇਹ ਅੰਸ਼ ਪੰਜਾਬ ਅਤੇ ਕਸ਼ਮੀਰ ਦੀਆਂ ਸਾਂਝੀਆਂ ਤੰਦਾਂ ਨਾਲ ਜੁੜਿਆ ਹੋਇਆ ਹੈ। ਇਹ ਤੰਦਾਂ ਪੱਤਰਕਾਰੀ, ਖੁਫੀਆ ਤੰਤਰ, ਲਾਵਾਰਿਸ ਲਾਸ਼ਾਂ ਅਤੇ ਅਮਰੀਕਾ ਵਿਚ ਪਨਾਹ ਲੈਣ ਦੇ ਰੁਝਾਨ ਰਾਹੀਂ ਆਪਸ ਵਿਚ ਜੁੜਦੀਆਂ ਹਨ। ਇਹ ਤੰਦਾਂ ਵਡੇਰੇ ਰੁਝਾਨ ਦੀਆਂ ਕੜੀਆਂ ਹਨ। ਨਾਵਲ ਦਾ ਤਰਜਮਾ ਦਲਜੀਤ ਅਮੀ ਨੇ ਕੀਤਾ ਹੈ ਅਤੇ ਤਦਬੀਰ ਪ੍ਰਕਾਸ਼ਨ ਨੇ ਛਾਪਿਆ ਹੈ।

ਅਰੁੰਧਤੀ ਰਾਏ
ਤਰਜਮਾ: ਦਲਜੀਤ ਅਮੀ

ਉਸ ਦੇ ਸਫਰ ਦਾ ਹਨੇਰਾ ਪੰਧ, ਜੇ ਤੁਸੀਂ ਕਹਿਣਾ ਚਾਹੋ ਤਾਂ (ਮੈਂ ਅਜਿਹਾ ਨਹੀਂ ਕਹਿੰਦਾ) ਰੋਜ਼ਾਨਾ ਦੇ ਲੈਣ-ਦੇਣ ਨਾਲ ਹੀ ਸ਼ੁਰੂ ਹੋਇਆ ਸੀ। ਉਸ ਦੀ ਜ਼ੈਲ ਪੰਜਾਬ ਸੀ। ਉਦੋਂ ਤੱਕ ਖਾੜਕੂਵਾਦ ਦਾ ਕਰੀਬ ਲੱਕ ਤੋੜ ਦਿੱਤਾ ਗਿਆ ਸੀ। ਫਿਰ ਵੀ ਨਾਗਾ ਨੇ ਉਹ ਪੁਰਾਣੀਆਂ ਕਹਾਣੀਆਂ ਕੱਢਣ ਵਿਚ ਚੋਖਾ ਸਮਾਂ ਲਾਇਆ ਅਤੇ ਮਜ਼ਾਹੀਆ ਮਸ਼ਕਾਂ ਲਈ ਚੋਖਾ ਬਰੂਦ ਜੋੜਿਆ, ਜਿਸ ਨੂੰ ਉਨ੍ਹਾਂ ਨੇ ‘ਅਵਾਮੀ ਟ੍ਰਿਬਿਊਨਲ’ ਦਾ ਨਾਂ ਦਿੱਤਾ, ਜਿਨ੍ਹਾਂ ਪਿਛੋਂ ਪੁਲਿਸ ਅਤੇ ਨੀਮ-ਫੌਜੀ ਦਲਾਂ ਖਿਲਾਫ ਹੋਰ ਵੀ ਮਜ਼ਾਹੀਆ ‘ਅਵਾਮੀ ਇਲਜ਼ਾਮ-ਪੱਤਰ’ ਜਾਰੀ ਕੀਤੇ। ਬੇਕਿਰਕ ਬਗਾਵਤ ਖਿਲਾਫ ਜੰਗ ਕਰ ਰਹੀ ਹਕੂਮਤ ‘ਤੇ ਸਾਧਾਰਨ ਅਤੇ ਅਮਨ ਵਾਲੇ ਹਾਲਾਤ ਵਾਲਾ ਮਿਆਰ ਲਾਗੂ ਨਹੀਂ ਕੀਤਾ ਜਾ ਸਕਦਾ। ਕਿਸੇ ਜਹਾਦੀ ਪੱਤਰਕਾਰ ਨੂੰ ਕੋਈ ਕਿਵੇਂ ਸਮਝਾ ਸਕਦਾ ਸੀ, ਜਿਸ ਦੇ ਕੰਨਾਂ ਵਿਚ ਲਿਖੇ ਜਾ ਰਹੇ ਹਰ ਸ਼ਬਦ ਨਾਲ ਦਾਦ ਸਦਾ ਗੂੰਜਦੀ ਰਹਿੰਦੀ ਸੀ। ਇਸ ਕਿਸਮ ਦੇ ਪੇਸ਼ਕਾਰੀਨੁਮਾ ਜਹਾਦ ਤੋਂ ਛੁੱਟੀਆਂ ਲੈ ਕੇ ਨਾਗਾ ਇਕ ਵਾਰ ਗੋਆ ਗਿਆ ਤਾਂ ਉਸ ਨੂੰ ਆਪਣੇ ਸੁਭਾਅ ਮੁਤਾਬਕ ਕਿਸੇ ਆਸਟਰੇਲਿਆਈ ਮੂਲ ਦੀ ਹਿਪੀ ਜ਼ਨਾਨੀ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਤੱਤੇ ਘਾਹ ਵਿਆਹ ਕਰ ਲਿਆ।
ਸ਼ਾਇਦ ਉਸ ਦਾ ਨਾਂ ਲਿੰਡੀ ਸੀ (ਜਾਂ ਸ਼ਾਇਦ ਸ਼ੈਰਲਟ ਸੀ, ਯਾਦ ਨਹੀਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਲਿੰਡੀ ਹੀ ਮੰਨ ਕੇ ਅੱਗੇ ਗੱਲ ਕਰਾਂਗਾ)। ਉਨ੍ਹਾਂ ਦੇ ਵਿਆਹ ਤੋਂ ਇਕ ਸਾਲ ਦੇ ਅੰਦਰ ਹੀ ਲਿੰਡੀ ਨੂੰ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਕਈ ਸਾਲਾਂ ਲਈ ਜੇਲ੍ਹ ਜਾਣ ਦੀ ਗੁੰਜਾਇਸ਼ ਹੋ ਗਈ ਸੀ। ਨਾਗਾ ਆਪਣਾ ਇਕਲੌਤਾ ਵਾਲੀ-ਵਾਰਿਸ ਸੀ। ਨਾਗਾ ਦਾ ਬਾਪੂ ਅਸਰਦਾਰ ਆਦਮੀ ਸੀ ਅਤੇ ਉਸ ਦੀ ਮਦਦ ਕਰ ਸਕਦਾ ਸੀ, ਪਰ ਨਾਗਾ (ਜੋ ਆਪਣੇ ਬਾਪ ਦੀ ਜ਼ਿੰਦਗੀ ਵਿਚ ਪਛੇਤੀ ਆਮਦ ਸੀ) ਦਾ ਆਪਣੇ ਬਾਪ ਨਾਲ ਰਿਸ਼ਤਾ ਖਟਾਸ ਭਰਿਆ ਸੀ, ਜਿਸ ਕਾਰਨ ਨਾਗਾ ਉਸ ਤੋਂ ਓਹਲਾ ਰੱਖਣਾ ਚਾਹੁੰਦਾ ਸੀ। ਉਸ ਨੇ ਮੇਰੇ ਤੱਕ ਪਹੁੰਚ ਕੀਤੀ ਤਾਂ ਮੈਂ ਕੁਝ ਤਾਰਾਂ ਹਿਲਾਈਆਂ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਆਪਣੇ ਗੋਆ ਦੇ ਹਮਰੁਤਬਾ ਨਾਲ ਗੱਲ ਕੀਤੀ। ਆਖਰ ਲਿੰਡੀ ਦੀ ਹਿਰਾਸਤ ਖਤਮ ਹੋ ਗਈ ਅਤੇ ਉਸ ਖਿਲਾਫ ਦੋਸ਼ ਰੱਦ ਕਰ ਦਿੱਤੇ ਗਏ। ਲਿੰਡੀ ਨੇ ਰਿਹਾ ਹੋਣ ਪਿਛੋਂ ਪਰਥ ਲਈ ਪਹਿਲੀ ਉਡਾਣ ਫੜ ਲਈ। ਕੁਝ ਮਹੀਨਿਆਂ ਵਿਚ ਹੀ ਉਸ ਦਾ ਨਾਗਾ ਨਾਲ ਰਸਮੀ ਤਲਾਕ ਹੋ ਗਿਆ। ਨਾਗਾ ਨੇ ਪੰਜਾਬ ਵਿਚ ਆਪਣਾ ਕੰਮ ਜਾਰੀ ਰੱਖਿਆ, ਪਰ ਇਹ ਕਹਿਣ ਦੀ ਲੋੜ ਨਹੀਂ ਕਿ ਉਸ ‘ਤੇ ਚੋਖੀ ਲਗਾਮ ਲੱਗ ਗਈ ਸੀ।
ਜਦੋਂ ਸਾਨੂੰ ਕਿਸੇ ਛੋਟੇ-ਮੋਟੇ ਕੰਮ ਲਈ ਪੱਤਰਕਾਰੀ ਮਦਦ ਦੀ ਲੋੜ ਪੈਂਦੀ ਤਾਂ ਮੈਂ ਨਾਗਾ ਨੂੰ ਫੋਨ ਕਰਦਾ। ਮਿਸਾਲ ਵਜੋਂ ਜਦੋਂ ਕੋਈ ਮਨੁੱਖੀ ਹਕੂਕ ਕਾਰਕੁਨ ਕਿਸੇ ਮਾਮਲੇ ਬਾਬਤ ਸ਼ੋਰ ਕਰਦੇ ਤਾਂ ਆਮ ਤੌਰ ‘ਤੇ ਉਨ੍ਹਾਂ ਦੇ ਤੱਥ ਸਹੀ ਕਰਨ ਦੀ ਲੋੜ ਪੈਂਦੀ। ਨਾਗਾ ਇਮਦਾਦ ਕਰਦਾ। ਇਸ ਤਰ੍ਹਾਂ ਸਿਲਸਿਲਾ ਚਲਦਾ ਰਿਹਾ। ਸਾਂਝ-ਭਿਆਲੀ ਪੈ ਗਈ।
ਹੌਲੀ-ਹੌਲੀ ਨਾਗਾ ਨੂੰ ਸਾਥੋਂ ਮਿਲੀ ਅਗਾਊਂ ਜਾਣਕਾਰੀ ਕਾਰਨ ਆਪਣੇ ਸਾਥੀਆਂ ਤੋਂ ਅੱਗੇ ਰਹਿਣ ਦਾ ਭੁਸ ਪੈ ਗਿਆ। ਇਹ ਬਹੁਤ ਵੱਡਾ ਵਿਅੰਗ ਸੀ, ਨਵੀਂ ਕਿਸਮ ਦੀ ਨਸ਼ਾ ਤਸਕਰਾਂ ਦੀ ਜੁੰਡਲੀ ਸੀ। ਇਸ ਵਾਰ ਅਸੀਂ ਨਸ਼ਿਆਂ ਦੇ ਵਪਾਰੀ ਸਾਂ। ਉਹ ਸਾਡਾ ਆਦੀ ਸੀ। ਕੁਝ ਹੀ ਸਾਲਾਂ ਵਿਚ ਉਹ ਰਿਪੋਰਟਿੰਗ ਦੀ ਦੁਨੀਆਂ ਦਾ ਸਿਤਾਰਾ ਬਣ ਗਿਆ ਅਤੇ ਮੀਡੀਆ ਗਲਿਆਰਿਆਂ ਵਿਚ ਉਸ ਦੀ ਸੁਰੱਖਿਆ ਮਾਹਿਰ ਵਜੋਂ ਬੇਹੱਦ ਮੰਗ ਸੀ। ਜਦੋਂ ਉਸ ਦਾ ਬਿਊਰੋ ਨਾਲ ਰਿਸ਼ਤਾ ਆਰਜ਼ੀ ਤੋਂ ਅੱਗੇ ਵਧਣ ਦੀ ਗੁੰਜਾਇਸ਼ ਦਿਖਾਉਣ ਲੱਗਾ (ਇਕ ਰਾਤ ਦੀ ਸੇਜਦਾਰੀ ਤੋਂ ਵਿਆਹ ਦੇ ਲੀਹੇ ਪੈਣ ਲੱਗਾ) ਤਾਂ ਮੈਨੂੰ ਲੰਮੀ ਸੋਚ ਕੇ ਵਿਚੋਂ ਪਾਸੇ ਹੋ ਜਾਣ ਵਿਚ ਸਮਝਦਾਰੀ ਲੱਗੀ। ਮੇਰੇ ਸਹਿਕਰਮੀ ਆਰ. ਸੀ. ਸ਼ਰਮਾ, ਰਾਮ ਚੰਦਰ ਸ਼ਰਮਾ ਨੇ ਇਹ ਕੰਮ ਸਾਂਭ ਲਿਆ। ਆਰ. ਸੀ. ਅਤੇ ਉਸ ਦੀ ਜੋੜੀ ਚੋਖੀ ਜੰਮੀ। ਉਨ੍ਹਾਂ ਦੋਵਾਂ ਵਿਚ ਕਈ ਤਰ੍ਹਾਂ ਦੀ ਸਾਂਝ ਸੀ, ਕੋਝਾ ਮਜ਼ਾਕ, ਰੌਕ ਐਂਡ ਰੋਲ ਮੌਸਿਕੀ ਦੀ ਦੀਵਾਨਗੀ ਅਤੇ ਬਲੂਜ਼ ਮੌਸਿਕੀ ਨਾਲ ਇਸ਼ਕ। ਇਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਨਾਗਾ ਨੇ ਕਦੇ ਇਕ ਰੁਪਈਆ ਤੱਕ ਨਹੀਂ ਲਿਆ। ਇਸ ਮਾਮਲੇ ਵਿਚ ਉਹ ਹੁਣ ਤੱਕ ਪਾਗਲਪਣ ਦੀ ਹੱਦ ਤੱਕ ਇਮਾਨਦਾਰ ਹੈ। ਉਸ ਦੀ ਸਮਝ ਵਿਚ ਆਪਣੇ ਖਿਆਲਾਤ ਮੂਜਬ ਜ਼ਿੰਦਗੀ ਜਿਉਣ ਲਈ ਪੇਸ਼ੇਵਰ ਦਿਆਨਤਦਾਰੀ ਦਰਕਾਰ ਹੁੰਦੀ ਹੈ ਅਤੇ ਦਿਆਨਤਦਾਰੀ ਕਾਇਮ ਰੱਖਣ ਲਈ ਉਸ ਨੇ ਖਿਆਲਾਤ ਬਦਲ ਲਏ। ਹੁਣ ਉਹ ਸਾਡੇ ਉਤੇ ਸਾਡੇ ਤੋਂ ਵੀ ਵੱਧ ਯਕੀਨ ਕਰਦਾ ਸੀ। ਉਸ ਮੁੰਡੇ ਲਈ ਇਸ ਤੋਂ ਵੱਡਾ ਤਨਜ਼ ਕੀ ਹੋ ਸਕਦਾ ਹੈ, ਜੋ ਸਕੂਲ ਵਿਚ ਮੈਨੂੰ ‘ਬਸਤੀਵਾਦ ਦਾ ਹਲਕਿਆ ਕੁੱਤਾ’ ਕਹਿੰਦਾ ਸੀ, ਜਦੋਂ ਕਿ ਉਸ ਉਮਰ ਵਿਚ ਬਹੁਤੇ ਵਿਦਿਆਰਥੀ ਹਾਲੇ ‘ਆਰਚੀਜ਼’ ਦੀਆਂ ਕੌਮਿਕਸ ਪੜ੍ਹਦੇ ਸਨ।

ਆਖਰੀ ਡੱਬਾ ਨਾ ਤਾਂ ਫਲਾਂ ਵਾਲਾ ਸੀ ਅਤੇ ਨਾ ਹੀ ਹੜ੍ਹ ਦੀਆਂ ‘ਬਰਾਮਦੀਆਂ’ ਵਾਲਾ। ਇਹ ਹਿਉਲੈਟ-ਪੈਕਰਡ ਪ੍ਰਿੰਟਰ ਦੇ ਕਾਰਟਰਿਜ਼ ਵਾਲਾ ਡੱਬਾ ਸੀ, ਜਿਸ ਵਿਚ ਅਮਰੀਕ ਸਿੰਘ ਦੇ ਦਸਤਾਵੇਜ਼ ਸਨ, ਜੋ ਅਮਰੀਕਾ ਦੇ ਇਕ ਦੌਰੇ ਤੋਂ ਪਰਤਣ ਵੇਲੇ ਮੂਸਾ ਉਸ ਕੋਲ ਰੱਖ ਗਿਆ ਸੀ। ਆਪਣੀ ਯਾਦਦਾਸ਼ਤ ਦਾ ਟੈਸਟ ਲੈਣ ਲਈ ਉਸ ਨੇ ਡੱਬਾ ਖੋਲ੍ਹ ਕੇ ਦੇਖਿਆ। ਉਸ ਵਿਚ ਪੁਰਾਣੀਆਂ ਫੋਟੋਆਂ ਦਾ ਲਿਫਾਫਾ ਸੀ ਅਤੇ ਅਮਰੀਕ ਸਿੰਘ ਦੀ ਖੁਦਕੁਸ਼ੀ ਦੀਆਂ ਖਬਰਾਂ ਵਾਲੀਆਂ ਅਖਬਾਰਾਂ ਦੀਆਂ ਕਾਤਰਾਂ। ਇਕ ਰਪਟ ਵਿਚ ਅਮਰੀਕ ਸਿੰਘ ਦੇ ਕਲੋਵਿਸ ਵਾਲੇ ਘਰ ਦੀ ਫੋਟੋ ਛਪੀ ਸੀ, ਜਿਸ ਦੇ ਬਾਹਰ ਪੁਲਿਸ ਦੀਆਂ ਕਾਰਾਂ ਖੜ੍ਹੀਆਂ ਸਨ ਅਤੇ ਅੰਦਰ ਪੁਲਿਸ ਵਾਲਿਆਂ ਦਾ ਜਮਘਟਾ ਸੀ। ਘਰ ਦੇ ਬਾਹਰ ਵਾਲੇ ਪਾਸੇ ਟੈਲੀਵਿਜ਼ਨ ਦੇ ਲੜੀਵਾਰਾਂ ਅਤੇ ਜੁਰਮ ਦੀ ਵੰਨਗੀ ਵਾਲੀਆਂ ਫਿਲਮਾਂ ਵਿਚ ਨਜ਼ਰ ਆਉਣ ਵਾਲੀ ਨੋ ਗੋ ਜ਼ੋਨ (ਮਨਾਹੀ ਖੇਤਰ) ਦੀ ਇਬਾਰਤ ਵਾਲੀ ਪੀਲੀ ਪੱਟੀ ਲੱਗੀ ਹੋਈ ਸੀ। ਫੋਟੋ ਦੀ ਕੰਨੀ ਵਿਚ ਸ਼ਰਕਸ਼ੀਜ਼ ਦੀ ਫੋਟੋ ਸੀ। ਇਹ ਉਹ ਰੌਬੋਟ ਸੀ, ਜਿਸ ‘ਤੇ ਕੈਮਰਾ ਲਾਇਆ ਜਾਂਦਾ ਹੈ।
ਕੈਲੀਫੋਰਨੀਆ ਪੁਲਿਸ ਨੇ ਆਪ ਅੰਦਰ ਜਾਣ ਤੋਂ ਪਹਿਲਾਂ ਰੌਬੋਟ ਭੇਜਿਆ ਤਾਂ ਜੋ ਪਤਾ ਲੱਗੇ ਸਕੇ ਕਿ ਕੋਈ ਘਾਤ ਲਾ ਕੇ ਉਨ੍ਹਾਂ ਦੇ ਅੰਦਰ ਆਉਣ ਦੀ ਉਡੀਕ ਤਾਂ ਨਹੀਂ ਕਰ ਰਿਹਾ। ਖਬਰਾਂ ਦੀਆਂ ਕਾਤਰਾਂ ਤੋਂ ਇਲਾਵਾ ਅਮਰੀਕ ਸਿੰਘ ਅਤੇ ਉਸ ਦੀ ਬੀਵੀ ਦੀਆਂ ਅਮਰੀਕਾ ਵਿਚ ਪਨਾਹ ਲੈਣ ਲਈ ਦਿੱਤੀਆਂ ਅਰਜ਼ੀਆਂ ਦੀਆਂ ਨਕਲਾਂ ਵਾਲੀ ਪੂਰੀ ਮਿਸਲ ਸੀ। ਮੂਸਾ ਨੇ ਉਸ ਨੂੰ ਇਹ ਦਸਤਾਵੇਜ਼ ਹਾਸਿਲ ਕਰਨ ਦੀ ਬਹੁਤ ਹੀ ਨਾਟਕੀ ਜਿਹੀ ਕਹਾਣੀ ਸੁਣਾਈ ਸੀ। ਪੱਛਮੀ ਤੱਟ ਉਤੇ ਪਨਾਹ ਦੇ ਸੈਂਕੜੇ ਕੇਸਾਂ ਦੀ ਅਦਾਲਤੀ ਪੈਰਵੀ ਕਰਨ ਵਾਲੇ ਵਕੀਲ (ਜੋ ਕਿਸੇ ‘ਭਰਾ’ ਦਾ ਦੋਸਤ ਸੀ) ਨਾਲ ਉਹ ਅਮਰੀਕ ਸਿੰਘ ਦੇ ਕੇਸ ਨਾਲ ਜੁੜੇ ਕਲੋਵਿਸ ਵਾਲੇ ਸਮਾਜਕ ਕਾਰਕੁਨ ਨੂੰ ਮਿਲਿਆ, ਜੋ ਬਹੁਤ ਸ਼ਾਨਦਾਰ ਆਦਮੀ ਸੀ ਅਤੇ ਬਿਰਧ ਤੇ ਕਮਜ਼ੋਰ (ਜਿਸਮਾਨੀ ਤੇ ਦਿਮਾਗੀ ਪੱਖੋਂ) ਹੋਣ ‘ਤੇ ਵੀ ਪੂਰਾ ਸਿਰੜੀ ਸੀ। ਉਹ ਸਮਾਜਵਾਦੀ ਝੁਕਾਅ ਵਾਲਾ ਬੰਦਾ ਸੀ ਅਤੇ ਆਪਣੀ ਸਰਕਾਰ ਦੀ ਹਿਜਰਤ ਵਾਲੀ ਨੀਤੀ ਤੋਂ ਬਹੁਤ ਖਫਾ ਸੀ। ਉਸ ਦਾ ਛੋਟਾ ਜਿਹਾ ਦਫਤਰ ਮਿਸਲਾਂ ਨਾਲ ਭਰਿਆ ਪਿਆ ਸੀ, ਇਹ ਉਨ੍ਹਾਂ ਲੋਕਾਂ ਦੀਆਂ ਮਿਸਲਾਂ ਸਨ, ਜਿਨ੍ਹਾਂ ਦੀ ਉਸ ਨੇ ਅਮਰੀਕਾ ਵਿਚ ਪਨਾਹ ਲੈਣ ਵਿਚ ਮਦਦ ਕੀਤੀ ਸੀ। ਇਨ੍ਹਾਂ ਵਿਚੋਂ ਬਹੁਤੇ ਇੰਡੀਆ ਵਿਚੋਂ 1984 ਪਿਛੋਂ ਹਿਜਰਤ ਕਰਨ ਵਾਲੇ ਸਿੱਖ ਸਨ। ਉਹ ਪੰਜਾਬ ਵਿਚ ਪੁਲਿਸ ਤਸ਼ੱਦਦ, ਦਰਬਾਰ ਸਾਹਿਬ ਉਤੇ ਫੌਜੀ ਹਮਲੇ ਅਤੇ ਇੰਦਰਾ ਗਾਂਧੀ ਦੇ ਕਤਲ ਪਿਛੋਂ ਸਿੱਖਾਂ ਦੇ ਕਤਲੇਆਮ ਦੇ ਵਾਕਿਆਤ ਤੋਂ ਵਾਕਿਫ ਸੀ। ਉਹ ਆਪਣੇ ਹੀ ਸਮੇਂ ਵਿਚ ਰਹਿੰਦਾ ਸੀ ਅਤੇ ਸਮਕਾਲੀ ਮਾਮਲਿਆਂ ਦੀ ਜਾਣਕਾਰੀ ਨਹੀਂ ਸੀ ਰੱਖਦਾ। ਇਸ ਲਈ ਉਸ ਨੇ ਕਸ਼ਮੀਰ ਤੇ ਪੰਜਾਬ ਨੂੰ ਰਲਗਡ ਕਰ ਦਿੱਤਾ ਸੀ ਅਤੇ ਅਮਰੀਕ ਸਿੰਘ ਤੇ ਉਸ ਦੀ ਬੀਵੀ ਦੇ ਮਾਮਲੇ ਨੂੰ ਉਸੇ ਚੌਖਟੇ ਵਿਚੋਂ ਦੇਖਦਾ ਸੀ-ਮੁਸੀਬਤ ਦਾ ਸਤਾਇਆ ਸਿੱਖ ਪਰਿਵਾਰ। ਉਸ ਨੇ ਮੇਜ਼ ‘ਤੇ ਝੁਕ ਕੇ ਸਰਗੋਸ਼ੀ ਕੀਤੀ। ਉਸ ਨੂੰ ਯਕੀਨ ਸੀ ਕਿ ਅਮਰੀਕ ਸਿੰਘ ਦੀ ਬੀਵੀ ਨਾਲ ਹਿਰਾਸਤ ਵਿਚ ਬਲਾਤਕਾਰ ਹੋਇਆ ਸੀ, ਜਿਸ ਨੂੰ ਨਾ ਅਮਰੀਕ ਸਿੰਘ ਅਤੇ ਨਾ ਉਸ ਦੀ ਬੀਵੀ ਕਦੇ ਭੁਲਾ ਸਕੀ, ਜੋ ਇਸ ਤ੍ਰਾਸਦੀ ਦਾ ਬੁਨਿਆਦੀ ਕਾਰਨ ਸੀ। ਉਸ ਨੇ ਅਮਰੀਕ ਸਿੰਘ ਦੀ ਬੀਵੀ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਕਿ ਇਸ ਦਾ ਜ਼ਿਕਰ ਕਰਨ ਨਾਲ ਪਨਾਹ ਮਿਲਣ ਦੀ ਗੁੰਜਾਇਸ਼ ਵਧ ਜਾਵੇਗੀ। ਉਹ ਤਾਂ ਮੰਨਦੀ ਨਹੀਂ ਸੀ ਸਗੋਂ ਖਿਝ ਜਾਂਦੀ ਸੀ ਕਿ ਇਸ ਵਿਚ ਸ਼ਰਮ ਵਾਲੀ ਕੋਈ ਗੱਲ ਨਹੀਂ ਸੀ।
“ਓਹ ਤਾਂ ਦੋਵੇਂ ਭਲੇ ਬੰਦੇ ਸਨ। ਓਨ੍ਹਾਂ ਨੂੰ ਤੇ ਓਨ੍ਹਾਂ ਦੇ ਬੱਚਿਆਂ ਨੂੰ ਕਿਸੇ ਪੇਸ਼ੇਵਰ ਦਾ ਨਫਾਸਤੀ ਮਸ਼ਵਰਾ ਦਰਕਾਰ ਸੀ।” ਉਸ ਨੇ ਉਨ੍ਹਾਂ ਦੇ ਕਾਗਜ਼ਾਂ ਦੀਆਂ ਨਕਲਾਂ ਮੂਸਾ ਦੇ ਹੱਥ ਫੜਾ ਦਿੱਤੀਆਂ ਸਨ। “ਕੁਝ ਨਫਾਸਤੀ ਮਸ਼ਵਰਾ ਤੇ ਕੁਝ ਚੰਗੇ ਦੋਸਤ। ਜੇ ਕੋਈ ਥੋੜ੍ਹੀ ਜਿਹੀ ਮਦਦ ਹੋ ਜਾਂਦੀ ਤਾਂ ਓਹ ਹਾਲੇ ਜਿਉਂਦੇ ਹੁੰਦੇ। ਏਸ ਮਹਾਨ ਮੁਲਕ ਤੋਂ ਇਹ ਤਵੱਕੋ ਕਰਨੀ ਤਾਂ ਬਹੁਤ ਵੱਡੀ ਗੱਲ ਆ, ਕਿ ਨਈਂ?”

ਮੂਸਾ ਜਾਣਦਾ ਸੀ ਕਿ ਅਮਰੀਕ ਸਿੰਘ ਤਾਂ ਗਿਰਗਿਟ ਸੀ ਅਤੇ ਉਸ ਦੀ ਪੱਗ ਦੇ ਹੇਠਾਂ ‘ਮੋਨਾ’ ਸਿਰ ਸੀ। ਉਸ ਨੇ ਕਈ ਸਾਲ ਪਹਿਲਾਂ ਆਪਣੇ ਵਾਲ ਮੁਨਾ ਕੇ ਸਿੱਖ ਮਰਿਆਦਾ ਮੁਤਾਬਕ ਬੱਜਰ-ਕੁਰਹਿਤ ਕੀਤੀ ਸੀ। ਮੂਸਾ ਨੇ ਉਸ ਨੂੰ ਗੌਡਜ਼ਿਲਾ ਕੋਲ ਸ਼ੇਖੀ ਮਾਰਦੇ ਸੁਣਿਆ ਸੀ ਕਿ ਉਹ ਬਗਾਵਤ ਵਿਰੋਧੀ ਕਾਰਵਾਈਆਂ ਦੀ ਲੋੜ ਮੁਤਾਬਕ ਹਿੰਦੂ ਵੀ ਬਣ ਜਾਂਦਾ ਸੀ ਅਤੇ ਸਿੱਖ ਵੀ ਜਾਂ ਲੋੜ ਪੈਣ ਉਤੇ ਪੰਜਾਬੀ ਬੋਲਣ ਵਾਲਾ ਪਾਕਿਸਤਾਨੀ ਮੁਸਲਮਾਨ ਵੀ ਬਣ ਜਾਂਦਾ ਸੀ। ਉਹ ਇਹ ਕਹਿੰਦਾ ਖਿੜਖਿੜਾ ਕੇ ਹੱਸਿਆ ਸੀ ਕਿ ‘ਹਮਦਰਦਾਂ’ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦਾ ਸਫਾਇਆ ਕਰਨ ਲਈ ਉਹ ਆਪਣੇ ਬੰਦਿਆਂ ਨਾਲ ਸਲਵਾਰ ਕਮੀਜ਼ (ਖਾਨ ਸੂਟ) ਪਾ ਕੇ ਅੱਧੀ ਰਾਤ ਨੂੰ ਲੋਕਾਂ ਦੇ ਦਰਵਾਜੇ ਖੜਕਾਉਂਦੇ ਸਨ ਅਤੇ ਪਾਕਿਸਤਾਨ ਤੋਂ ਆਏ ਖਾੜਕੂ ਬਣ ਕੇ ਪਨਾਹ ਮੰਗਦੇ ਸਨ। ਜੇ ਉਨ੍ਹਾਂ ਦਾ ਰਾਤ ਨੂੰ ਨਿੱਘਾ ਸੁਆਗਤ ਹੁੰਦਾ ਸੀ ਤਾਂ ਅਗਲੇ ਦਿਨ ਪਿੰਡ ਵਾਸੀਆਂ ਨੂੰ ਓ. ਜੀ. ਡਬਲਯੂ. (ਓਵਰਗਰਾਉਂਡ ਵਰਕਰਜ਼) ਵਜੋਂ ਗ੍ਰਿਫਤਾਰ ਕਰ ਲਿਆ ਜਾਂਦਾ।
“ਖਾਲੀ ਹੱਥ ਪੇਂਡੂ ਲੋਕ, ਅੱਧੀ ਰਾਤ ਨੂੰ ਦਰਵਾਜਾ ਖੜਕਾਉਣ ਵਾਲੇ ਹਥਿਆਰਬੰਦ ਬੰਦਿਆਂ ਨੂੰ ਨਾਂਹ ਕਿਵੇਂ ਕਰ ਸਕਦੇ ਨੇ? ਓਹ ਚਾਹੇ ਫੌਜ ਹੋਵੇ ਜਾਂ ਖਾੜਕੂ?” ਮੂਸਾ ਇਹ ਸੁਆਲ ਪੁੱਛਣ ਤੋਂ ਆਪਣੇ-ਆਪ ਨੂੰ ਰੋਕ ਨਹੀਂ ਸੀ ਸਕਿਆ।
“ਆਏ ਬੰਦੇ ਦੇ ਸੁਆਗਤ ਲਈ ਦਿਖਾਈ ਗਰਮਜੋਸ਼ੀ ਨੂੰ ਨਾਪਣ ਦੇ ਸਾਡੇ ਆਪਣੇ ਤਰੀਕੇ ਨੇ।” ਅਮਰੀਕ ਸਿੰਘ ਬੋਲਿਆ ਸੀ, “ਸਾਡੇ ਕੋਲ ਆਪਣੇ ਥਰਮਾਮੀਟਰ ਨੇ।”
ਮੂਸਾ ਨੇ ਸੋਚਿਆ, ‘ਹੋਣਗੇ। ਤੈਨੂੰ ਕਸ਼ਮੀਰੀਆਂ ਦੇ ਦੋਗਲੇਪਣ ਦੀ ਗਹਿਰਾਈ ਦਾ ਕੋਈ ਅੰਦਾਜ਼ਾ ਨਈਂ’ ਪਰ ਅਲਫਾਜ਼ ਆਪਣੀ ਜ਼ਬਾਨ ‘ਤੇ ਨਾ ਆਉਣ ਦਿੱਤੇ।
ਤੈਨੂੰ ਅੰਦਾਜ਼ਾ ਨਈਂ ਕਿ ਸਾਡੇ ਜਿਹੇ ਇਤਿਹਾਸ ਤੇ ਜੁਗਰਾਫੀਏ ਵਾਲੇ ਲੋਕ ਕਿਵੇਂ ਕਾਇਮ ਰਹੇ ਨੇ ਤੇ ਅਸਾਂ ਆਪਣੇ ਮਾਣ-ਸਨਮਾਨ ‘ਤੇ ਪਰਦਾ ਪਾਉਣ ਦਾ ਹੁਨਰ ਕਿਵੇਂ ਸਿੱਖਿਐ। ਦੋਗਲਾਪਣ ਹੀ ਸਾਡਾ ਇਕੋ-ਇਕ ਹਥਿਆਰ ਐ। ਤੈਨੂੰ ਨਈਂ ਪਤਾ ਕਿ ਟੁੱਟੇ ਦਿਲਾਂ ਦੇ ਬਾਵਜੂਦ ਸਾਡੀਆਂ ਮੁਸਕਰਾਹਟਾਂ ਕਿਵੇਂ ਰੌਸ਼ਨੀ ਬਿਖੇਰਦੀਆਂ ਨੇ। ਤੈਨੂੰ ਨਈਂ ਪਤਾ ਕਿ ਅਸੀਂ ਆਪਣੇ ਦਿਲਜਾਨੀਆਂ ਉਤੇ ਕਿੰਨਾ ਵਹਿਸ਼ੀਆਨਾ ਹਮਲਾ ਕਰਦੇ ਆਂ ਤੇ ਆਪਣੀ ਨਫਰਤ ਦੇ ਪਾਤਰਾਂ ਨਾਲ ਕਿੰਨਾ ਮਿਹਰਬਾਨਾ ਸਲੂਕ ਕਰਦੇ ਆਂ। ਤੈਨੂੰ ਨਈਂ ਪਤਾ ਕਿ ਜਦੋਂ ਅਸੀਂ ਤੇਰੇ ਦਫਾ ਹੋ ਜਾਣ ਦੀ ਤਵੱਕੋ ਕਰਦੇ ਹੋਈਏ ਤਾਂ ਅਸੀਂ ਤੈਨੂੰ ਕਿੰਨੀ ਗਰਮਜੋਸ਼ੀ ਨਾਲ ਖੁਸ਼ਆਮਦੀਦ ਕਹਾਂਗੇ। ਏਥੇ ਤੇਰੇ ਥਰਮਾਮੀਟਰ ਬਿਲਕੁਲ ਬੇਕਾਰ ਨੇ।
ਹਾਲਾਤ ਨੂੰ ਦੇਖਣ ਦਾ ਇਹ ਇਕ ਨਜ਼ਰੀਆ ਸੀ। ਦੂਜਾ ਪਾਸਾ ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਮੂਸਾ ਹੀ ਵੱਧ ਮਾਸੂਮ ਸੀ। ਅਮਰੀਕ ਸਿੰਘ ਨੇ ਉਸ ਨਜ਼ਾਮਿ-ਹਲਾਕਤ ਦੀ ਪੈਮਾਇਸ਼ ਦੀ ਥਾਹ ਪਾ ਲਈ ਸੀ, ਜਿਸ ਦਾ ਆਵਾਮ ਕਿਸੇ ਸਰਹੱਦ, ਵਫਾਦਾਰੀ ਅਤੇ ਨਿਘਾਰ ਦੀ ਹੱਦ ਵਿਚ ਆਉਣ ਤੋਂ ਇਨਕਾਰੀ ਸੀ। ਅਮਰੀਕ ਸਿੰਘ ਕਸ਼ਮੀਰੀ ਨਫਸੀਆਤ ਜਿਹੀ ਕਿਸੇ ਸ਼ੈਅ (ਜੇ ਸੀ ਤਾਂ) ਨੂੰ ਸਮਝਣ ਜਾਂ ਉਸ ਦੀ ਥਾਹ ਪਾਉਣ ਦਾ ਉਪਰਾਲਾ ਨਹੀਂ ਕਰ ਰਿਹਾ ਸੀ। ਉਸ ਲਈ ਇਹ ਖੇਡ ਸੀ, ਜਿਸ ਵਿਚ ਸ਼ਿਕਾਰ ਦੀ ਹਾਜ਼ਰ ਜੁਆਬੀ ਨੂੰ ਉਸੇ ਖਿਲਾਫ ਬੀੜਿਆ ਗਿਆ ਸੀ। ਉਹ ਆਪਣੇ-ਆਪ ਨੂੰ ਫੌਜੀ ਦੀ ਥਾਂ ਖਿਡਾਰੀ ਵਜੋਂ ਵੱਧ ਵੇਖਦਾ ਸੀ। ਇਸ ਨਾਲ ਹੀ ਉਹ ਰੌਸ਼ਨ-ਰੂਹ ਹੋ ਜਾਂਦਾ ਸੀ। ਮੇਜਰ ਅਮਰੀਕ ਸਿੰਘ ਜੁਆਰੀ ਸੀ, ਖਤਰਿਆਂ ਨਾਲ ਖੇਡਣ ਵਾਲਾ ਅਫਸਰ ਸੀ, ਜਾਨਲੇਵਾ ਤਫਤੀਸ਼ਕਾਰ ਅਤੇ ਖੁਸ਼ਦਿਲ ਸੀ, ਬੇਰਹਿਮ ਕਾਤਲ ਸੀ। ਉਹ ਆਪਣੇ ਕੰਮ ਦਾ ਅਨੰਦ ਮਾਣਦਾ ਅਤੇ ਇਸ ਵਿਚ ਵਾਧੇ ਲਈ ਲਗਾਤਾਰ ਨਵੇਂ-ਨਵੇਂ ਤਰੀਕਿਆਂ ਦੀ ਭਾਲ ਵਿਚ ਰਹਿੰਦਾ। ਉਸ ਦਾ ਕੁਝ ਖਾੜਕੂਆਂ ਨਾਲ ਰਾਬਤਾ ਰਹਿੰਦਾ ਅਤੇ ਉਹ ਕਦੇ-ਕਦਾਈਂ ਉਸ ਦੀ ਵਾਇਰਲੈੱਸ ਫਰੀਕਿਉਐਂਸੀ ‘ਤੇ ਟਿਊਨ ਕਰਦੇ ਸਨ ਜਾਂ ਇਹ ਆਪ ਉਨ੍ਹਾਂ ਦੀ ਵਾਇਰਲੈੱਸ ਫਰੀਕਿਉਐਂਸੀ ਉਤੇ ਟਿਊਨ ਕਰਦਾ ਸੀ ਅਤੇ ਉਹ ਸਕੂਲ ਦੇ ਮੁੰਡਿਆਂ ਵਾਂਗ ਇਕ-ਦੂਜੇ ਨੂੰ ਛੇੜਦੇ ਸਨ, “ਓ ਯਾਰ ਮੈਂ ਕੀ ਆਂ, ਮੈਂ ਤਾਂ ਗਰੀਬ ਜਿਹਾ ਮੁਸਾਫਰੀ ਦਾ ਕਾਰਗੁਜ਼ਰ ਆਂ?” ਇਹ ਉਸ ਦਾ ਪਸੰਦੀਦਾ ਫਿਕਰਾ ਸੀ। “ਇਹ ਕਸ਼ਮੀਰ ਤਾਂ ਥੋਡਾ ਜਹਾਦੀਆਂ ਦਾ ਵਕਤੀ ਕਿਆਮ ਐ, ਕਿ ਨਈਂ? ਥੋਡੀ ਅਸਲ ਮੰਜ਼ਿਲ ਤਾਂ ਜੰਨਤ ਐ, ਜਿਥੇ ਥੋਡੀਆਂ ਹੂਰਾਂ ਥੋਨੂੰ ਉਡੀਕੀ ਜਾਂਦੀਆਂ ਨੇ। ਮੈਂ ਤਾਂ ਥੋਡੇ ਸਫਰ ਨੂੰ ਸੁਖਾਲਾ ਕਰਨ ਵਾਲਾ ਸੇਵਾਦਾਰ ਆਂ।” ਉਹ ਆਪਣੇ-ਆਪ ਨੂੰ ਜੰਨਤ ਐਕਸਪ੍ਰੈਸ ਆਖਦਾ ਸੀ। ਜੇ ਉਹ ਅੰਗਰੇਜ਼ੀ ਬੋਲ ਰਿਹਾ ਹੁੰਦਾ (ਆਮ ਤੌਰ ਉਤੇ ਇਸ ਦਾ ਮਤਲਬ ਸੀ ਕਿ ਉਹ ਸ਼ਰਾਬੀ ਸੀ) ਤਾਂ ਉਹ ਇਸ ਦਾ ਤਰਜਮਾ ਪੈਰਾਡਾਈਜ਼ ਐਕਸਪ੍ਰੈਸ ਵਜੋਂ ਕਰਦਾ।

ਸ੍ਰੀਮਾਨ ਅਤੇ ਸ੍ਰੀਮਤੀ ਅਮਰੀਕ ਸਿੰਘ ਵਾਸੀ ਕਲੋਵਿਸ, ਕੈਲੀਫੋਰਨੀਆ। ਲਵਲੀਨ ਸਿੰਘ ਉਰਫ ਕੌਰ 19 ਨਵੰਬਰ 1972 ਨੂੰ ਭਾਰਤ ਅੰਦਰ ਕਸ਼ਮੀਰ ਵਿਚ ਪੈਦਾ ਹੋਈ। ਅਮਰੀਕ ਸਿੰਘ ਦਾ ਜਨਮ 9 ਜੂਨ 1964 ਨੂੰ ਚੰਡੀਗੜ੍ਹ ਹੋਇਆ। ਇਸ ਜੋੜੇ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੇ ਦਾ ਜਨਮ ਅਮਰੀਕਾ ਵਿਚ ਹੋਇਆ ਹੈ। ਇਹ ਜੋੜਾ ਆਪਣੇ ਦੋ ਵੱਡੇ ਬੱਚਿਆਂ ਸਮੇਤ ਇੰਡੀਆ ਤੋਂ ਭੱਜ ਕੇ ਕੈਨੇਡਾ ਆਇਆ। ਇਹ ਪਹਿਲੀ ਅਕਤੂਬਰ 2005 ਨੂੰ ਪੈਦਲ ਅਮਰੀਕਾ ਵਿਚ ਦਾਖਲ ਹੋਏ। ਪਹਿਲਾਂ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬਲੇਨ ਰਹੇ ਅਤੇ ਹੁਣ ਕੈਲੀਫੋਰਨੀਆ ਦੇ ਸ਼ਹਿਰ ਕਲੋਵਿਸ ਵਿਚ ਰਹਿੰਦੇ ਹਨ, ਜਿਥੇ ਅਮਰੀਕ ਸਿੰਘ ਟਰੱਕ ਡਰਾਈਵਰ ਹੈ। ਲਵਲੀਨ ਕੌਰ ਘਰੇਲੂ ਜਨਾਨੀ ਹੈ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਬੇਚੈਨ ਰਹਿੰਦੇ ਹਨ।
ਲਵਲੀਨ ਦਾ ਬਿਰਤਾਂਤ
ਲਵਲੀਨ ਦਾ ਇਹ ਬਿਰਤਾਂਤ ਉਸ ਨਾਲ ਕੀਤੀ ਇੰਟਰਵਿਊ ਉਤੇ ਆਧਾਰਿਤ ਹੈ:
ਮੇਰਾ ਖਾਵੰਦ ਫੌਜ ਵਿਚ ਮੇਜਰ ਵਜੋਂ ਕਸ਼ਮੀਰ ਵਿਚ ਤਾਇਨਾਤ ਸੀ। ਉਸ ਦੀ ਤਾਇਨਾਤੀ ਦੌਰਾਨ ਮੈਂ ਉਸ ਨਾਲ ਛਾਉਣੀ ਵਿਚ ਨਹੀਂ ਰਹਿੰਦੀ ਸਾਂ, ਸਗੋਂ ਆਪਣੇ ਪੁੱਤਰ ਨਾਲ ਸ੍ਰੀਨਗਰ ਦੇ ਜਵਾਹਰ ਨਗਰ ਇਲਾਕੇ ਵਿਚ ਦੂਜੀ ਮੰਜ਼ਲ ਦੇ ਇਕ ਪ੍ਰਾਈਵੇਟ ਫਲੈਟ ਵਿਚ ਰਹਿੰਦੀ ਸਾਂ। ਉਥੇ ਬਹੁਤੇ ਸਿੱਖ ਅਤੇ ਕੁਝ ਮੁਸਲਿਮ ਪਰਿਵਾਰ ਵੱਸਦੇ ਸਨ। ਜਦੋਂ 1995 ਵਿਚ ਇਨਸਾਨੀ ਹਕੂਕ ਦੇ ਵਕੀਲ ਜਾਲਿਬ ਕਾਦਰੀ ਨੂੰ ਅਗਵਾ ਕਰ ਕੇ ਕਤਲ ਕੀਤਾ ਗਿਆ ਤਾਂ ਮੁਕਾਮੀ ਪੁਲਿਸ ਨੇ ਇਸ ਦਾ ਦੋਸ਼ ਮੇਰੇ ਖਾਵੰਦ ‘ਤੇ ਲਾਇਆ। ਅਸੀਂ ਮਹਿਸੂਸ ਕੀਤਾ ਕਿ ਮੁਸਲਮਾਨ ਮੇਰੇ ਖਾਵੰਦ ਨੂੰ ਫਸਾ ਰਹੇ ਸਨ। ਮੇਰਾ ਖਾਵੰਦ ਰਿਸ਼ਵਤ ਨਹੀਂ ਸੀ ਲੈਂਦਾ ਅਤੇ ਮੁਸਲਿਮ ਦਹਿਸ਼ਤਗਰਦਾਂ ਨੂੰ ਨਾਪਸੰਦ ਕਰਦਾ ਸੀ। ਉਹ ਖੁੱਦਾਰ ਆਦਮੀ ਸੀ। ਉਸ ਦੇ ਆਪਣੇ ਸ਼ਬਦ ਸਨ, “ਮੈਂ ਆਪਣੇ ਮੁਲਕ ਨਾਲ ਦਗਾ ਨਹੀਂ ਕਮਾ ਸਕਦਾ ਅਤੇ ਤੁਸੀਂ ਮੈਨੂੰ ਖਰੀਦ ਨਹੀਂ ਸਕਦੇ।”
ਮੇਰੀ ਦੋਸਤ ਮਨਪ੍ਰੀਤ ਉਦੋਂ ਸ੍ਰੀਨਗਰ ਵਿਚ ਪੱਤਰਕਾਰੀ ਕਰਦੀ ਸੀ। ਉਸ ਨੇ ਪਤਾ ਕੀਤਾ ਕਿ ਮੇਰੇ ਖਾਵੰਦ ਨੂੰ ਕੌਣ ਫਸਾ ਰਿਹਾ ਸੀ ਅਤੇ ਜਾਲਿਬ ਕਾਦਰੀ ਦਾ ਕਤਲ ਕਿਸ ਨੇ ਕੀਤਾ ਸੀ। ਉਹ ਇਹ ਜਾਣਕਾਰੀ ਦੇਣ ਲਈ ਮੇਰੀ ਮਾਂ ਨਾਲ ਥਾਣੇ ਗਈ। ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ, ਕਿਉਂਕਿ ਇਕ ਤਾਂ ਉਹ ਔਰਤ ਸੀ ਅਤੇ ਦੂਜਾ ਉਹ ਇਕ ਮੁਲਜ਼ਮ ਦੀ ਰਿਸ਼ਤੇਦਾਰ ਸੀ। ਕਸ਼ਮੀਰੀ ਪੁਲਿਸ ਵਿਚ ਬਹੁਤੇ ਮੁਲਾਜ਼ਮ ਮੁਸਲਿਮ ਹਨ। ਉਸ ਵੇਲੇ ਤਫਤੀਸ਼ ਦੀ ਅਗਵਾਈ ਕਰਨ ਵਾਲੇ ਅਫਸਰ ਨੇ ਕਿਹਾ, “ਜੇ ਮੈਂ ਚਾਹਾਂ ਤਾਂ ਤੁਹਾਨੂੰ ਏਸੇ ਥਾਂ ਜ਼ਿੰਦਾ ਜਲਾ ਸਕਦਾ ਹਾਂ।”
ਸਾਲ ਬਾਅਦ ਪੁਲਿਸ ਨੇ ਜਵਾਹਰ ਨਗਰ ਵਿਚ ਘੇਰਾ-ਤੇ-ਤਲਾਸ਼ੀ ਮੁਹਿੰਮ ਚਲਾਈ ਜਿਥੇ ਮੈਂ ਆਪਣੇ ਖਾਵੰਦ ਤੋਂ ਬਿਨਾ ਰਹਿੰਦੀ ਸੀ। ਇਸ ਪਿਛੋਂ ਉਹ ਮੇਰਾ ਦਰਵਾਜਾ ਖੜਕਾ ਕੇ ਅੰਦਰ ਆ ਗਏ। ਉਨ੍ਹਾਂ ਨੇ ਮੇਰੇ ਵਾਲ ਫੜੇ ਅਤੇ ਮੈਨੂੰ ਘੜੀਸਦੇ ਦੂਜੀ ਮੰਜ਼ਲ ਤੋਂ ਪਹਿਲੀ ਮੰਜ਼ਲ ਤੱਕ ਲਿਆਏ। ਇਕ ਪੁਲਿਸ ਮੁਲਾਜ਼ਮ ਨੇ ਮੇਰੇ ਪੁੱਤਰ ਨੂੰ ਚੁੱਕ ਲਿਆ। ਉਨ੍ਹਾਂ ਮੇਰੇ ਸਾਰੇ ਗਹਿਣੇ ਚੋਰੀ ਕਰ ਲਏ। ਇਸ ਦੌਰਾਨ ਉਨ੍ਹਾਂ ਮੇਰੇ ਲੱਤਾਂ ਮਾਰੀਆਂ ਅਤੇ ਕਿਹਾ, “ਇਹ ਅਮਰੀਕ ਸਿੰਘ ਦਾ ਟੱਬਰ ਐ ਜਿਹਨੇ ਸਾਡੇ ਆਗੂ ਦਾ ਕਤਲ ਕੀਤੈ।” ਪੁਲਿਸ ਹੈਡਕੁਆਰਟਰ ਵਿਚ ਲਿਜਾ ਕੇ ਉਨ੍ਹਾਂ ਨੇ ਮੈਨੂੰ ਲੱਕੜ ਦੇ ਫੱਟੇ ਨਾਲ ਬੰਨ੍ਹ ਦਿੱਤਾ ਅਤੇ ਮੇਰੇ ਲੱਤਾਂ ਮਾਰੀਆਂ, ਥੱਪੜ ਮਾਰੇ ਅਤੇ ਮੈਨੂੰ ਬਹੁਤ ਕੁੱਟਿਆ। ਉਨ੍ਹਾਂ ਨੇ ਮੇਰੇ ਸਿਰ ਵਿਚ ਰਬੜ ਦਾ ਫੱਟਾ ਮਾਰਿਆ ਅਤੇ ਕਿਹਾ, “ਅਸੀਂ ਤੈਨੂੰ ਕੁੱਟ-ਕੁੱਟ ਕੇ ਤਾਉਮਰ ਲਈ ਬੇਸੁਧ ਕਰ ਦਿਆਂਗੇ।” ਇਕ ਬੰਦੇ ਨੇ ਲੋਹੇ ਦੇ ਬੂਟਾਂ ਨਾਲ ਮੇਰੀ ਛਾਤੀ ਅਤੇ ਢਿੱਡ ਫੇਹ ਦਿੱਤਾ। ਇਸ ਪਿਛੋਂ ਉਨ੍ਹਾਂ ਨੇ ਲੱਕੜ ਦਾ ਘੋਟਣਾ ਮੇਰੀਆਂ ਲੱਤਾਂ ਉਤੇ ਫੇਰਿਆ। ਫਿਰ ਚਿਪਕਣ ਵਾਲੀਆਂ ਕੁਝ ਚੀਜ਼ਾਂ ਮੇਰੇ ਜਿਸਮ ਤੇ ਅੰਗੂਠਿਆਂ ‘ਤੇ ਚਿਪਕਾਈਆਂ ਅਤੇ ਮੈਨੂੰ ਵਾਰ-ਵਾਰ ਬਿਜਲੀ ਦੇ ਝਟਕੇ ਦਿੱਤੇ। ਉਹ ਮੈਨੂੰ ਮੇਰੇ ਪਤੀ ਖਿਲਾਫ ਝੂਠਾ ਬਿਆਨ ਦੇਣ ਲਈ ਮਜਬੂਰ ਕਰ ਰਹੇ ਸਨ। ਉਨ੍ਹਾਂ ਮੈਨੂੰ ਦੋ ਦਿਨ ਬੰਦੀ ਬਣਾ ਕੇ ਰੱਖਿਆ। ਮੇਰੇ ਪੁੱਤਰ ਨੂੰ ਨਾਲ ਦੇ ਕਮਰੇ ਵਿਚ ਰੱਖਿਆ ਅਤੇ ਕਿਹਾ ਕਿ ਜੇ ਮੈਂ ਝੂਠਾ ਬਿਆਨ ਦਿਆਂਗੀ ਤਾਂ ਹੀ ਉਹ ਮੇਰਾ ਪੁੱਤਰ ਵਾਪਸ ਦੇਣਗੇ। ਆਖਰ ਉਨ੍ਹਾਂ ਮੈਨੂੰ ਰਿਹਾ ਕੀਤਾ ਅਤੇ ਮੈਂ ਆਪਣੇ ਪੁੱਤਰ ਨੂੰ ਦੇਖਿਆ। ਅਸੀਂ ਦੋਵੇਂ ਰੋ ਰਹੇ ਸਾਂ। ਮੈਂ ਉਸ ਤੱਕ ਤੁਰ ਕੇ ਨਹੀਂ ਜਾ ਸਕੀ, ਕਿਉਂਕਿ ਮੇਰੇ ਪੈਰਾਂ ਵਿਚ ਬਹੁਤ ਦਰਦ ਸੀ। ਇਕ ਰਿਕਸ਼ੇ ਵਾਲੇ ਨੇ ਮੈਨੂੰ ਮੇਰੀ ਮਾਂ ਦੇ ਘਰ ਪਹੁੰਚਾਇਆ।
ਕੋਈ ਡਾਕਟਰ ਮੇਰਾ ਇਲਾਜ ਨਹੀਂ ਸੀ ਕਰਦਾ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਮੁਸਲਿਮ ਦਹਿਸ਼ਤਗਰਦ ਉਨ੍ਹਾਂ ਨੂੰ ਮਾਰ ਦੇਣਗੇ। ਮੈਂ ਅਤੇ ਮੇਰਾ ਖਾਵੰਦ ਚੱਤੇ-ਪਹਿਰ ਉਨ੍ਹਾਂ ਦੀ ਨਿਗਰਾਨੀ ਵਿਚ ਸਾਂ। ਸਾਡੀ ਜ਼ਿੰਦਗੀ ਬੋਝਲ ਹੋ ਗਈ ਸੀ।
ਤਿੰਨ ਸਾਲ ਬਾਅਦ ਅਸੀਂ ਕਸ਼ਮੀਰ ਛੱਡ ਕੇ ਜੰਮੂ ਆ ਗਏ। ਆਪਣਾ ਮੁਲਕ ਛੱਡ ਕੇ 2003 ਵਿਚ ਕੈਨੇਡਾ ਆ ਗਏ। ਪਨਾਹ ਦੀ ਦਰਖਾਸਤ ਦਿੱਤੀ, ਜੋ ਰੱਦ ਹੋ ਗਈ। ਸਾਨੂੰ ਇਮਦਾਦ ਦਰਕਾਰ ਸੀ। ਅਸੀਂ ਸਾਰੇ ਸਬੂਤ ਪੇਸ਼ ਕੀਤੇ, ਪਰ ਉਨ੍ਹਾਂ ਨਾਂਹ ਕਰ ਦਿੱਤੀ। ਅਕਤੂਬਰ 2005 ਵਿਚ ਅਸੀਂ ਸਿਆਟਲ ਆ ਗਏ। ਮੇਰੇ ਖਾਵੰਦ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ ਅਤੇ ਅਸੀਂ ਕਲੋਵਿਸ ਆ ਗਏ। ਸਾਡੀ ਹਿਫਾਜ਼ਤ ਕਰਨ ਵਾਲਾ ਕੋਈ ਨਹੀਂ। ਅਸੀਂ ਕਿਤੇ ਨਹੀਂ ਜਾਂਦੇ ਅਤੇ ਸਾਡੀ ਜ਼ਿੰਦਗੀ ਵਿਚੋਂ ਸਮਾਜਕ ਰਾਬਤਾ ਅਤੇ ਖੁਸ਼ੀ ਗੈਰ ਹਾਜ਼ਿਰ ਹੈ। ਕਿਤੇ ਬਾਹਰ ਜਾਈਏ ਤਾਂ ਯਕੀਨ ਨਹੀਂ ਹੁੰਦਾ ਕਿ ਜਿਉਂਦੇ ਘਰ ਵਾਪਸ ਪਰਤਾਂਗੇ ਜਾਂ ਨਹੀਂ। ਸਾਨੂੰ ਲਗਦਾ ਹੈ ਕਿ ਅਸੀਂ ਚੱਤੇ-ਪਹਿਰ ਦਹਿਸ਼ਤਗਰਦਾਂ ਦੀਆਂ ਨਜ਼ਰਾਂ ਵਿਚ ਹਾਂ। ਥੋੜ੍ਹਾ ਜਿਹਾ ਰੌਲਾ ਸੁਣ ਕੇ ਹੀ ਮੈਨੂੰ ਲਗਦਾ ਹੈ ਕਿ ਮੈਂ ਮਰਨ ਵਾਲੀ ਹਾਂ। ਉਚੀਆਂ ਆਵਾਜ਼ਾਂ ਨਾਲ ਮੈਂ ਖੌਫਜ਼ਦਾ ਹੋ ਜਾਂਦੀ ਹਾਂ। ਪਿਛਲੇ ਸਾਲ 2011 ਵਿਚ ਜਦੋਂ ਮੇਰਾ ਖਾਵੰਦ ਸਾਡੇ ਬੱਚਿਆਂ ਨੂੰ ਮੂੰਹ-ਜ਼ਬਾਨੀ ਘੂਰ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਉਹ ਸਾਨੂੰ ਮਾਰਨ ਆ ਪਏ ਹਨ। ਮੈਂ ਭੱਜ ਕੇ 911 ਉਤੇ ਫੋਨ ਕੀਤਾ। ਭੱਜਣ ਵੇਲੇ ਮੈਂ ਆਪਣੇ ਆਪ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ ਅਤੇ ਮੇਰੇ ਸਿਰ, ਛਾਤੀ ਅਤੇ ਲੱਤਾਂ ਵਿਚ ਸੱਟਾਂ ਲੱਗੀਆਂ। ਮੈਨੂੰ ਲੱਗਾ, ਮੈਂ ਮਰ ਜਾਂਵਾਂਗੀ, ਹਾਲਾਂਕਿ ਉਹ ਬੱਚਿਆਂ ਨੂੰ ਸਿਰਫ ਮੂੰਹ-ਜ਼ਬਾਨੀ ਘੂਰ ਰਿਹਾ ਸੀ। ਮੇਰੇ ਦਿਲ ਦੀ ਧੜਕਣ ਏਨੀ ਵਧ ਗਈ ਕਿ ਮੈਨੂੰ ਲੱਗਾ, ਮੈਂ ਪਾਗਲ ਹੋ ਗਈ ਹਾਂ। ਮੇਰਾ ਖਾਵੰਦ ਸਿਰਫ ਬੱਚਿਆਂ ਨੂੰ ਘੂਰ ਰਿਹਾ ਸੀ, ਪਰ ਮੈਂ ਪੁਲਿਸ ਬੁਲਾ ਲਈ ਅਤੇ ਪਤਾ ਨਹੀਂ ਕਿ ਉਨ੍ਹਾਂ ਨੂੰ ਕੀ ਕੁਝ ਦੱਸਿਆ। ਉਨ੍ਹਾਂ ਨੇ ਮੇਰੇ ਖਾਵੰਦ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਿਛੋਂ ਜ਼ਮਾਨਤ ‘ਤੇ ਰਿਹਾ ਕੀਤਾ। ਮੈਨੂੰ ਹੁਣ ਵੀ ਉਸ ਦਿਨ ਦੇ ਵਾਕਿਆ ਉਤੇ ਯਕੀਨ ਨਹੀਂ ਆਉਂਦਾ। ਅਖਬਾਰਾਂ ਵਿਚ ਖਬਰ ਆਈ ਕਿ ਮੇਰਾ ਖਾਵੰਦ ਕੌਣ ਹੈ ਅਤੇ ਉਹ ਕਸ਼ਮੀਰ ਵਿਚ ਤਾਇਨਾਤ ਰਿਹਾ ਹੈ। ਉਨ੍ਹਾਂ ਨੇ ਮੇਰੇ ਖਾਵੰਦ ਦੀ ਤਸਵੀਰ ਅਤੇ ਸਾਡੇ ਘਰ ਸਮੇਤ ਸਾਰਾ ਅਤਾ-ਪਤਾ ਨਸ਼ਰ ਕਰ ਦਿੱਤਾ। ਇਹ ਖਬਰ ਇੰਟਰਨੈੱਟ ਉਤੇ ਨਸ਼ਰ ਹੋਈ ਅਤੇ ਕਸ਼ਮੀਰ ਵਿਚ ਵੀ ਪਹੁੰਚ ਗਈ। ਕਸ਼ਮੀਰ ਦੇ ਦਹਿਸ਼ਤਗਰਦਾਂ ਨੇ ਫੇਰ ਤੋਂ ਮੇਰੇ ਖਾਵੰਦ ਨੂੰ ਵਾਪਸ ਭੇਜਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਇਕ ਪੱਤਰਕਾਰ ਨੇ ਫੋਨ ਕਰ ਕੇ ਸਾਨੂੰ ਦੱਸਿਆ ਕਿ ਭਾਰਤੀ ਰਸਾਲੇ ਦਾ ਕੋਈ ਪੱਤਰਕਾਰ ਸਾਨੂੰ ਲੱਭ ਰਿਹਾ ਸੀ। ਸਾਨੂੰ ਇਹ ਪਤਾ ਸੀ ਕਿ ਇਹ ਉਹ ਨਹੀਂ ਸੀ, ਜੋ ਇਹ ਦੱਸਦਾ ਸੀ। ਮੈਂ ਉਸ ਨੂੰ ਸਾਡੇ ਘਰ ਦੇ ਕੋਲੋਂ ਗੱਡੀ ਉਤੇ ਜਾਂਦੇ ਦੇਖਿਆ ਸੀ। ਮੈਂ ਉਸ ਨੂੰ ਕਈ ਵਾਰ ਦੇਖਿਆ। ਮੈਂ ਆਪਣੇ ਖਾਵੰਦ ਨੂੰ ਕਿਹਾ ਕਿ ਸਾਨੂੰ ਇਹ ਥਾਂ ਛੱਡ ਦੇਣੀ ਚਾਹੀਦੀ ਹੈ। ਉਸ ਨੇ ਜੁਆਬ ਦਿੱਤਾ, “ਮੇਰੇ ਕੋਲ ਘਰ ਬਦਲਣ ਜਿੰਨਾ ਸਰਮਾਇਆ ਨਈਂ ਏ। ਮੈਂ ਭੱਜਣਾ ਨਈਂ ਚਾਹੁੰਦਾ, ਜਿਉਣਾ ਚਾਹੁੰਦਾ ਹਾਂ।”
ਉਹ ਬੰਦਾ ਹਮੇਸ਼ਾ ਸਾਡੇ ਆਲੇ-ਦੁਆਲੇ ਰਹਿੰਦਾ ਹੈ। ਹੋਰ ਬੰਦੇ ਵੀ। ਸਾਰੇ ਮੁਸਲਿਮ ਦਹਿਸ਼ਤਗਰਦ। ਮੈਨੂੰ ਹਮੇਸ਼ਾ ਡਰ ਲਗਦਾ ਹੈ। ਮੈਂ ਸਾਰੇ ਪਰਦੇ ਕੱਜ ਕੇ ਰੱਖਦੀ ਹਾਂ ਅਤੇ ਪਰਦਿਆਂ ਦੇ ਪਿੱਛੋਂ ਬਾਹਰ ਦੇਖਦੀ ਹਾਂ। ਉਹ ਬੀਹੀ ਵਿਚ ਖੜ੍ਹੇ ਹੋ ਕੇ ਸਾਡੇ ਘਰ ਵੱਲ ਦੇਖਦੇ ਰਹਿੰਦੇ ਹਨ। ਹੁਣ ਮੈਂ ਸਭ ਕੁਝ ਤਾਲਾਬੰਦ ਰੱਖਦੀ ਹਾਂ। ਪਹਿਲਾਂ ਮੈਂ ਆਪਣੇ ਘਰੋਂ ਛੋਟਾ ਜਿਹਾ ਬਿਊਟੀ ਪਾਰਲਰ ਚਲਾਉਂਦੀ ਸਾਂ ਅਤੇ ਜਨਾਨੀਆਂ ਦੀਆਂ ਭੇਫਣਾਂ ਉਤੇ ਧਾਗਾ ਲਾਉਂਦੀ ਸੀ ਅਤੇ ਲੱਤਾਂ ਵੈਕਸ ਕਰਦੀ ਸੀ। ਹੁਣ ਮੈਨੂੰ ਲਗਦਾ ਹੈ ਕਿ ਅਜਨਬੀਆਂ ਨੂੰ ਘਰ ਵਿਚ ਆਉਣ ਦੇਣਾ ਮਹਿਫੂਜ਼ ਨਹੀਂ।
ਸਤਾਰਾਂ ਸਾਲ ਲੰਘ ਗਏ ਹਨ ਪਰ ਕਸ਼ਮੀਰੀ ਮੁਸਲਮਾਨ ਦਹਿਸ਼ਤਗਰਦ ਹਾਲੇ ਵੀ ਉਸ ਵਕੀਲ ਦੀ ਬਰਸੀ ਮਨਾਉਂਦੇ ਹਨ। ਉਹ ਅਖਬਾਰਾਂ ਅਤੇ ਇੰਟਰਨੈੱਟ ਉਤੇ ਮੇਰੇ ਖਾਵੰਦ ਉਤੇ ਹਾਲੇ ਵੀ ਦੋਸ਼ ਲਾਉਂਦੇ ਹਨ। ਮੇਰੇ ਬੱਚੇ ਖੌਫਜ਼ਦਾ ਹਨ। ਉਹ ਵਾਰ-ਵਾਰ ਪੁੱਛਦੇ ਹਨ, “ਅਸੀਂ ਆਪਣੀ ਜ਼ਿੰਦਗੀ ਦਾ ਮਜ਼ਾ ਕਦੋਂ ਲੈ ਸਕਾਂਗੇ?” ਮੈਂ ਜੁਆਬ ਦਿੰਦੀ ਹਾਂ, “ਮੈਂ ਕੋਸ਼ਿਸ਼ ਕਰ ਰਹੀ ਆਂ ਪਰ ਇਹ ਮੇਰੇ ਹੱਥ-ਵੱਸ ਨਈਂ ਏ।”

ਅਗਲੇ ਦਿਨ ਉਸ ਨੇ ਬਾਜ਼ਾਰ ਵਿਚੋਂ ਟੈਂਪੂ ਦਾ ਇੰਤਜ਼ਾਮ ਕੀਤਾ। ਦੋ ਬੰਦਿਆਂ ਨੇ ਉਸ ਵਿਚ ਤਿਲੋ ਦੇ ਸਾਰੇ ਡੱਬੇ ਅਤੇ ਹੋਰ ਅਸਬਾਬ ਲੱਦ ਦਿੱਤਾ। ਸ਼ਾਇਦ ਉਸ ਨੂੰ ਤਿਲੋ ਦਾ ਟਿਕਾਣਾ ਪਤਾ ਸੀ, ਪਰ ਨਾ ਉਸ ਨੇ ਦੱਸਿਆ ਅਤੇ ਨਾ ਮੈਂ ਪੁੱਛਿਆ। ਇਕ ਸੁਆਲ ਸੀ ਜੋ ਮੈਂ ਉਸ ਦੇ ਜਾਣ ਤੋਂ ਪਹਿਲਾਂ ਪੁੱਛਣਾ ਚਾਹੁੰਦਾ ਸੀ, ਕਿਉਂਕਿ ਹੋਰ ਤੀਹ ਸਾਲ ਦੀ ਉਡੀਕ ਕਰਨ ਦੀ ਥਾਂ ਮੈਂ ਇਹ ਜਾਣਨ ਲਈ ਬਹੁਤ ਤਹੂ ਸਾਂ। ਜੇ ਮੈਂ ਨਾ ਪੁੱਛਦਾ ਤਾਂ ਇਸ ਨੇ ਤਾਉਮਰ ਮੈਨੂੰ ਪ੍ਰੇਸ਼ਾਨ ਕਰਨਾ ਸੀ। ਮੈਨੂੰ ਪੁੱਛਣਾ ਹੀ ਪੈਣਾ ਸੀ। ਇਸ ਸੁਆਲ ਨੂੰ ਪੁੱਛਣਾ ਦਾ ਟੇਢਾ ਤਰੀਕਾ ਕੋਈ ਨਹੀਂ ਸੀ। ਇਹ ਸੁਖਾਲਾ ਵੀ ਨਹੀਂ ਸੀ, ਪਰ ਆਖਰ ਮੈਂ ਇਹ ਸੁਆਲ ਪੁੱਛ ਲਿਆ ਸੀ।
“ਤੂੰ ਅਮਰੀਕ ਸਿੰਘ ਨੂੰ ਮਾਰਿਐ?”
“ਨਈਂ।” ਉਸ ਨੇ ਆਪਣੀਆਂ ਸਬਜ਼-ਚਾਹ-ਰੰਗੀਆਂ ਅੱਖਾਂ ਨਾਲ ਮੈਨੂੰ ਦੇਖਿਆ ਸੀ। “ਮੈਂ ਨਈਂ ਮਾਰਿਆ।”
ਉਹ ਕੁਝ ਪਲ ਅੱਗੇ ਨਾ ਬੋਲਿਆ, ਪਰ ਮੈਂ ਉਸ ਦੀ ਤੱਕਣੀ ਤੋਂ ਸਮਝ ਸਕਦਾ ਸਾਂ ਕਿ ਉਹ ਮੇਰਾ ਅੰਦਾਜ਼ਾ ਲਾ ਰਿਹਾ ਸੀ, ਸੋਚ ਰਿਹਾ ਸੀ ਕਿ ਕੁਝ ਹੋਰ ਬੋਲੇ ਜਾਂ ਨਾ ਬੋਲੇ। ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਦੀਆਂ ਸਿਆਸੀ ਪਨਾਹ ਵਾਲੀਆਂ ਅਰਜ਼ੀਆਂ ਪੜ੍ਹੀਆਂ ਸਨ, ਉਸ ਦੇ ਜਾਅਲੀ ਪਾਸਪੋਰਟਾਂ ਦੇ ਇਕ ਨਾਂ ਨਾਲ ਮਿਲਦੇ ਅਮਰੀਕਾ ਦੀਆਂ ਉਡਾਣਾਂ ਦੇ ਬੋਰਡਿੰਗ ਪਾਸ ਦੇਖੇ ਸਨ। ਮੈਂ ਕਲੋਵਿਸ ਸ਼ਹਿਰ ਦੀ ਕਿਰਾਏ ‘ਤੇ ਕਾਰਾਂ ਦੇਣ ਵਾਲੀ ਕੰਪਨੀ ਦੀ ਰਸੀਦ ਦੇਖੀ ਸੀ। ਇਹ ਸਭ ਤਰੀਕਾਂ ਮਿਲਦੀਆਂ ਸਨ, ਜਿਸ ਕਾਰਨ ਮੈਂ ਇਹ ਤਾਂ ਜਾਣਦਾ ਸਾਂ ਕਿ ਉਸ ਦਾ ਇਸ ਮਾਮਲੇ ਵਿਚ ਹੱਥ ਸੀ, ਪਰ ਇਹ ਨਹੀਂ ਸੀ ਪਤਾ ਕਿ ਕੀ ਹੱਥ ਸੀ?
“ਮੇਰੀ ਉਂਜ ਈ ਜਗਿਆਸਾ ਏ।” ਮੈਂ ਕਿਹਾ ਸੀ। “ਇਹ ਮਾਅਨੇ ਨਈਂ ਰੱਖਦਾ ਕਿ ਤੂੰ ਓਹਨੂੰ ਮਾਰਿਐ। ਓਹਨੂੰ ਮਰਨਾ ਚਾਹੀਦਾ ਸੀ।”
“ਮੈਂ ਓਹਨੂੰ ਨਈਂ ਮਾਰਿਆ। ਓਸ ਨੇ ਆਪਣਾ ਕਤਲ ਆਪ ਕੀਤਾ। ਅਸੀਂ ਓਹਨੂੰ ਆਪਣਾ ਕਤਲ ਆਪ ਕਰਨ ਲਈ ਮਜਬੂਰ ਕੀਤਾ।”
ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਕਿ ਇਸ ਦਾ ਮਾਇਨਾ ਕੀ ਸੀ।
“ਮੈਂ ਅਮਰੀਕਾ ਓਹਦੇ ਪਿੱਛੇ ਨਈਂ ਗਿਆ ਸੀ। ਮੈਂ ਤਾਂ ਕਿਸੇ ਹੋਰ ਕੰਮ ਗਿਆ ਹੋਇਆ ਸੀ ਤਾਂ ਮੈਂ ਅਖਬਾਰ ‘ਚ ਉਸ ਦੀ ਗ੍ਰਿਫਤਾਰੀ ਦੀ ਖਬਰ ਦੇਖੀ, ਓਹਨੂੰ ਆਪਣੀ ਬੀਵੀ ਨੂੰ ਕੁੱਟਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਲੋਕਾਂ ਨੂੰ ਓਹਦੀ ਰਿਹਾਇਸ਼ ਦਾ ਪਤਾ ਲੱਗ ਗਿਆ। ਮੈਂ ਤਾਂ ਓਹਨੂੰ ਸਾਲਾਂ ਤੋਂ ਲੱਭਦਾ ਸੀ। ਮੇਰਾ ਓਹਦੇ ਨਾਲ ਪੁਰਾਣਾ ਹਿਸਾਬ ਬਾਕੀ ਸੀ। ਸਾਡੇ ‘ਚੋਂ ਬਥੇਰਿਆਂ ਦਾ ਐ। ਮੈਂ ਕਲੋਵਿਸ ਚਲਾ ਗਿਆ, ਕੁਝ ਪੁੱਛ-ਗਿੱਛ ਕੀਤੀ ਤੇ ਟਰੱਕ ਧੋਣ ਵਾਲੀ ਗਰਾਜ ‘ਚ ਲੱਭ ਲਿਆ, ਜਿਥੇ ਉਹ ਵਰਕਸ਼ਾਪ ‘ਚ ਆਪਣੇ ਟਰੱਕ ਦੀ ਸਰਵਿਸ ਕਰਵਾਉਣ ਆਉਂਦਾ ਸੀ। ਅਸੀਂ ਜਿਸ ਕਾਤਲ ਨੂੰ ਜਾਲਿਬ ਕਾਦਰੀ ਤੇ ਹੋਰਾਂ ਦੇ ਕਤਲਾਂ ਕਾਰਨ ਜਾਣਦੇ ਆਂ, ਓਹ ਤਾਂ ਓਸ ਤੋਂ ਬਿਲਕੁਲ ਵੱਖਰਾ ਆਦਮੀ ਸੀ। ਹੁਣ ਓਸ ਦੇ ਦੁਆਲੇ ਗੁਨਾਹੀ ਦੀ ਸਰਪ੍ਰਸਤੀ ਕਰਨ ਵਾਲਾ ਓਹ ਢਾਂਚਾ ਨਈਂ ਸੀ, ਜਿਸ ‘ਚ ਓਹ ਕਸ਼ਮੀਰ ‘ਚ ਕੰਮ ਕਰਦਾ ਸੀ। ਓਹ ਖੌਫਜ਼ਦਾ ਸੀ ਤੇ ਦੀਵਾਲੀਆ ਹੋ ਚੁਕਾ ਸੀ। ਮੈਨੂੰ ਤਾਂ ਓਸ ‘ਤੇ ਤਰਸ ਆਇਆ ਸੀ। ਮੈਂ ਓਸ ਨੂੰ ਯਕੀਨ ਦਿਵਾਇਆ ਸੀ ਕਿ ਮੈਂ ਓਸ ਦਾ ਨੁਕਸਾਨ ਕਰਨ ਨਈਂ ਆਇਆ, ਤੇ ਓਸ ਨੂੰ ਸਿਰਫ ਇਹ ਯਾਦ ਕਰਵਾਉਣ ਆਇਆਂ ਕਿ ਅਸੀਂ ਓਸ ਨੂੰ ਆਪਣਾ ਕੀਤਾ-ਧਰਿਆ ਭੁੱਲਣ ਨਈਂ ਦੇਣਾ।”
ਮੂਸਾ ਨਾਲ ਮੇਰੀ ਇਹ ਗੱਲਬਾਤ ਗਲੀ ਵਿਚਕਾਰ ਹੋ ਰਹੀ ਸੀ। ਮੈਂ ਉਸ ਨੂੰ ਰੁਖਸਤ ਕਰਨ ਆਇਆ ਸੀ।
“ਹੋਰ ਕਸ਼ਮੀਰੀਆਂ ਨੇ ਵੀ ਓਹ ਖਬਰ ਪੜ੍ਹੀ ਸੀ। ਓਨ੍ਹਾਂ ਨੇ ਕਲੋਵਿਸ ਦਾ ਇਹ ਦੇਖਣ ਲਈ ਚੱਕਰ ਮਾਰਨਾ ਸ਼ੁਰੂ ਕਰ ਦਿੱਤਾ ਕਿ ਕਸ਼ਮੀਰ ਦਾ ਬੁੱਚੜ ਕਿਵੇਂ ਰਹਿੰਦੈ। ਕੋਈ ਪੱਤਰਕਾਰ ਸੀ, ਕੋਈ ਲੇਖਕ ਸੀ, ਕੋਈ ਫੋਟੋਗ੍ਰਾਫਰ ਸੀ, ਕੋਈ ਵਕੀਲ ਸੀ … ਕੁਝ ਆਮ ਲੋਕ ਸਨ। ਓਹ ਲੋਕ ਓਸ ਦੇ ਕੰਮ ‘ਤੇ ਪੁੱਜ ਜਾਂਦੇ ਸਨ, ਓਹਦੇ ਘਰ ਜਾਂਦੇ ਸਨ, ਓਸ ਦੇ ਘਰ ਦੇ ਸਾਹਮਣੇ ਵਾਲੀ ਸੁਪਰਮਾਰਕਿਟ ‘ਚ ਜਾਂਦੇ ਸਨ, ਓਸ ਦੇ ਬੱਚਿਆਂ ਦੇ ਸਕੂਲ ਜਾਂਦੇ ਸਨ। ਹਰ ਰੋਜ਼। ਸਾਨੂੰ ਦੇਖਣਾ ਓਹਦੀ ਮਜਬੂਰੀ ਹੋ ਗਈ ਸੀ। ਯਾਦ ਕਰਨ ਦੀ ਮਜਬੂਰੀ। ਇਹਨੇ ਓਹਦੇ ਦਿਮਾਗ ਦਾ ਤਵਾਜ਼ਨ ਹਿਲਾਇਆ ਹੋਣੈ। ਆਖਰ ਏਸੇ ਨਾਲ ਓਹਨੇ ਆਪਣੇ-ਆਪ ਨੂੰ ਤਬਾਹ ਕੀਤਾ। ਏਸ ਲਈ…ਤੇਰੇ ਸੁਆਲ ਦਾ ਜੁਆਬ ਐ…ਨਈਂ, ਮੈਂ ਓਸ ਦਾ ਕਤਲ ਨਈਂ ਕੀਤਾ।”
ਇਸ ਤੋਂ ਬਾਅਦ ਮੂਸਾ ਨੇ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਰਹੀ ਦਿਓਕੱਦ ਨਰਸ ਦੇ ਸਕੂਲ ਦੇ ਦਰਵਾਜੇ ‘ਤੇ ਬਣੇ ਚਿੱਤਰ ਦੇ ਸਾਹਮਣੇ ਖੜ੍ਹ ਕੇ ਜੋ ਕਿਹਾ ਸੀ, ਉਹ ਬਰਫ ਦੇ ਟੀਕੇ ਵਰਗਾ ਸੀ। ਇਸ ਦਾ ਅਸਰ ਇਸ ਲਈ ਵੱਧ ਸੀ ਕਿ ਉਸ ਨੇ ਚੁਟਕਲਾ ਸੁਣਾਉਣ ਵਾਂਗ ਆਪਣੇ ਦੋਸਤਾਨਾ ਅੰਦਾਜ਼ ਵਿਚ ਖੁਸ਼ੀ ਭਰੇ ਲਹਿਜੇ ਵਿਚ ਕਿਹਾ ਸੀ।
“ਇਕ ਦਿਨ ਕਸ਼ਮੀਰ ਇਸੇ ਤਰ੍ਹਾਂ ਇੰਡੀਆ ਨੂੰ ਆਪਣੇ-ਆਪ ਨੂੰ ਤਬਾਹ ਕਰਨ ਲਈ ਮਜਬੂਰ ਕਰੇਗਾ। ਹੋ ਸਕਦੈ, ਓਸ ਵੇਲੇ ਤੁਸੀਂ ਸਾਨੂੰ ਸਭ ਨੂੰ, ਹਰ ਜੀਅ ਨੂੰ ਆਪਣੀਆਂ ਸ਼ੱਰ੍ਹਾ ਬੰਦੂਕਾਂ (ਪੈਲੇਟ ਗੰਨਾਂ) ਨਾਲ ਅੱਖਾਂ ਤੋਂ ਅੰਨ੍ਹੇ ਕਰ ਦਿਓ। ਥੋਡੇ ਕੋਲ ਤਾਂ ਅੱਖਾਂ ਹੋਣਗੀਆਂ ਨਾ, ਇਹ ਦੇਖਣ ਲਈ ਕਿ ਤੁਸੀਂ ਸਾਡੇ ਨਾਲ ਕੀ ਕੀਤੈ? ਤੁਸੀਂ ਸਾਨੂੰ ਤਬਾਹ ਨਈਂ ਕਰ ਰਹੇ। ਤੁਸੀਂ ਸਾਨੂੰ ਤਾਮੀਰ ਕਰ ਰਹੇ ਓ। ਤੁਸੀਂ ਆਪਣੇ-ਆਪ ਨੂੰ ਤਬਾਹ ਕਰ ਰਹੇ ਓ। ਖੁਦਾ ਹਾਫਿਜ਼, ਗਾਰਸਨ ਭਾਈ।” ਇਸ ਦੇ ਨਾਲ ਹੀ ਉਹ ਚਲਾ ਗਿਆ। ਉਸ ਨਾਲ ਮੇਰੀ ਮੁੜ ਕੇ ਕਦੇ ਮੁਲਾਕਾਤ ਨਹੀਂ ਹੋਈ।