ਈਸਬਗੋਲ ਕੁਝ ਨਾ ਬੋਲ

ਬਲਜੀਤ ਬਾਸੀ
ਬੜੀ ਵਿਕੋਲਿਤਰੀ ਜਿਹੀ ਧੁਨੀ ਵਾਲਾ ਹੈ ਇਹ ਸ਼ਬਦ, ਪਰ ਜਿਸ ਸ਼ੈਅ ਦਾ ਇਹ ਸੰਕੇਤਕ ਹੈ, ਉਸ ਨੂੰ ਭਾਰਤ ਵਿਚ ਘੱਟੋ ਘੱਟ ‘ਸਰਬ ਰੋਗ ਕਾ ਅਉਖਧ’ ਹੀ ਮੰਨਿਆ ਜਾਂਦਾ ਹੈ। ਐਵੈਂ ਨਹੀਂ ਇਸ ਦੀ ਸਿਫਤ ਵਿਚ ਕਿਹਾ ਗਿਆ, ‘ਈਸਬਗੋਲ ਕੁਝ ਨਾ ਬੋਲ।’ ਇਥੇ ਬੋਲ ਦੀ ਥਾਂ ਫੋਲ ਸ਼ਬਦ ਵੀ ਵਰਤਿਆ ਮਿਲਦਾ ਹੈ। ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ, ਜਦੋਂ ਕਿਸੇ ਕਰੂਰ ਸਥਿਤੀ ਦੇ ਵਰਣਨ ਤੋਂ ਪਰਹੇਜ ਕਰਨ ਜਾਂ ਢਕੇ ਹੀ ਰਹਿਣਾ ਯੋਗ ਸਮਝਿਆ ਜਾਂਦਾ ਹੋਵੇ। ਕਬਜ਼ ਦੀ ਸ਼ਿਕਾਇਤ ਵਾਲੇ ਕਈ ਸ਼ਖਸ ਈਸਬਗੋਲ ਦਾ ਪੂਜਾ ਪਾਠ ਦੀ ਤਰ੍ਹਾਂ ਨਿਯਮਿਤ ਰੂਪ ਵਿਚ ਸੇਵਨ ਕਰਦੇ ਹਨ ਤੇ ਪਹੁ ਫੁੱਟਣ ਦੇ ਨਾਲ ਹੀ ਇਸ ਦਾ ਸੰਤੁਸ਼ਟੀਜਨਕ ਫਲ ਭੋਗ ਕੇ ਸਾਰਾ ਦਿਨ ਹੌਲਾ ਫੁੱਲ ਰਹਿੰਦੇ ਹਨ। ਦੇਸੀ ਨਿਦਾਨ-ਸ਼ਾਸਤਰਾਂ ਅਨੁਸਾਰ ਕਬਜ਼ ਹਰ ਬੀਮਾਰੀ ਦੀ ਜੜ੍ਹ ਹੈ, ਸੋ ਜੋ ਚੀਜ਼ ਇਸ ਜੜ੍ਹ ਨੂੰ ਤੇਲ ਦਿੰਦੀ ਹੋਵੇ, ਉਹ ‘ਸਰਬ ਰੋਗ ਕਾ ਅਉਖਧ’ ਹੀ ਹੋਈ!

ਈਸਬਗੋਲ/ਇਸਬਗੋਲ ਇੱਕ ਝਾੜੀਨੁਮਾ ਬੂਟੇ ਤੋਂ ਪ੍ਰਾਪਤ ਹੋਣ ਵਾਲੇ ਬੀਜ ਨੂੰ ਆਖਦੇ ਹਨ, ਜੋ ਇਸ ਬੂਟੇ ਦਾ ਨਾਂ ਵੀ ਹੈ। ਨਿੱਕੇ ਜਿਹੇ ਇਸ ਦੇ ਬੀਜ ਦੀ ਸ਼ਕਲ ਕਿਸ਼ਤੀਨੁਮਾ ਹੁੰਦੀ ਹੈ। ਇਸ ਦੇ ਬੀਜ ਅਤੇ ਫੱਕ ਰਵਾਇਤੀ ਤੌਰ ‘ਤੇ ਅਨੇਕਾਂ ਰੋਗਾਂ ਦੇ ਨਿਵਾਰਣ ਲਈ ਵਰਤੇ ਜਾਂਦੇ ਹਨ। ਆਮ ਤੌਰ ‘ਤੇ ਇਸ ਦੀ ਫੱਕ ਪਾਣੀ ਵਿਚ ਘੋਲ ਕੇ ਲਈ ਜਾਂਦੀ ਹੈ। ਪਾਣੀ ਵਿਚ ਰਲ ਕੇ ਇਹ ਫੁੱਲ ਜਾਂਦੀ ਹੈ ਤੇ ਲੇਸਦਾਰ ਬਣ ਜਾਂਦੀ ਹੈ। ਆਪਣੇ ਤੌਰ ‘ਤੇ ਇਹ ਸਮਝੋ ਸੁਆਦਹੀਣ ਹੀ ਹੁੰਦੀ ਹੈ। ਪੇਟ ਵਿਚ ਜਾ ਕੇ ਇਹ ਫੁੱਲੀ ਤੇ ਲੇਸਦਾਰ ਬਣੀ ਸ਼ੈਅ ਖਾਧੇ ਪੀਤੇ ਨੂੰ ਅੰਤੜੀਆਂ ਵਿਚੋਂ ਅੱਗੇ ਧੱਕਦੀ ਹੋਈ ਆਪਣਾ ਵਿਰੇਚਨਕਾਰੀ ਕਰਤਵ ਨਿਭਾ ਦਿੰਦੀ ਹੈ। ਵੈਦਾਂ, ਹਕੀਮਾਂ ਅਨੁਸਾਰ ਇਹ ਬਵਾਸੀਰ, ਅਤਿਸਾਰ, ਪੇਚਿਸ਼, ਗੁਰਦਾ ਰੋਗ, ਮੁਟਾਪਾ, ਸੁਜ਼ਾਕ ਅਤੇ ਦਮੇ ਲਈ ਵੀ ਰਾਮਬਾਣ ਹੈ।
ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਅਧਿਕਾਰਕ ਤੌਰ ‘ਤੇ ਇਸ ਦੇ ਕਈ ਫਾਇਦਿਆਂ ਨੂੰ ਮੰਨਦਿਆਂ ਇਸ ਨੂੰ ਦਵਾਈ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਹੈ। ਇਹ ਕੌਲੈਸਟਰੋਲ ਨੂੰ ਕਾਬੂ ਵਿਚ ਰੱਖਦੀ ਹੈ ਤੇ ਪਿਸ਼ਾਬ ਨੂੰ ਬੇਕਾਬੂ ਕਰਦੀ ਹੈ। ਮਸ਼ਹੂਰ ਹੈ ਕਿ ਈਸਬਗੋਲ ਠੰਡਾ ਵੀ, ਗਰਮ ਵੀ ਪਰ ਕਹਾਵਤ ਰੂਪ ਵਿਚ ਇਹ ਉਕਤੀ ਤਦ ਉਚਾਰੀ ਜਾਂਦੀ ਹੈ, ਜਦ ਕੋਈ ਜੱਕੋ ਤੱਕੇ ਵਿਚ ਪਿਆ ਆਪਾ-ਵਿਰੋਧੀ ਗੱਲਾਂ ਕਰਦਾ ਹੋਵੇ। ਈਸਬਗੋਲ ਰੰਗ ਰੋਗਨ ਅਤੇ ਆਈਸਕਰੀਮ ਬਣਾਉਣ ਵਿਚ ਵੀ ਵਰਤੀ ਜਾਂਦੀ ਹੈ। ਭਲਾ ਵਾਰਸ ਸ਼ਾਹ ਦੀਆਂ ਨਜ਼ਰਾਂ ਤੋਂ ਅਜਿਹਾ ਉਤਪਾਦ ਕਿਵੇਂ ਛੁਪਿਆ ਰਹਿ ਸਕਦਾ ਸੀ,
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ
ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ।
ਨਾਮਰਦ ਨੂੰ ਚੀਚ ਵਹੁਟੀਆਂ ਦਾ
ਤੇਲ ਕੱਢ ਕੇ ਨਿੱਤ ਮਲਾਵਨੇ ਹਾਂ।
ਜੇ ਕਿਸੇ ਨੂੰ ਬਾਦ ਫਰੰਗ ਹੋਵੇ
ਤੇ ਰਸਕਪੂਰ ਤੇ ਲੌਂਗ ਦਿਵਾਵਨੇ ਹਾਂ।
ਪਰਮੇਉ ਸੁਜ਼ਾਕ ਤੇ ਛਾਹ ਮੂਤੀ
ਉਹਨੂੰ ਇੰਦਰੀ ਝਾੜ ਦਵਾਵਨੇ ਹਾਂ।
ਅਤੀਸਾਰ ਬਨਾਹੀਆਂ, ਫੁਲਬਹਿਰੀ
ਈਸਬਗੋਲ ਹੀ ਘੋਲ ਪਿਵਾਵਨੇ ਹਾਂ।
ਵਾਰਸ ਸ਼ਾਹ ਜਿਹੜੀ ਉਠ ਬਹੇ ਨਾਹੀਂ
ਉਹਨੂੰ ਹੱਥ ਈ ਮੂਲ ਨਾ ਲਾਵਨੇ ਹਾਂ।
ਇਥੇ ਵਰਤੇ ਕੁਝ ਸ਼ਬਦਾਂ ਦੇ ਅਰਥ ਸਮਝ ਲਈਏ: ਬਾਦਫਰੰਗ=ਆਤਸ਼ਕ; ਪਰਮੇਉ=ਪਿਸ਼ਾਬ ਜਲ ਕੇ ਆਉਣਾ; ਇੰਦਰੀਝਾੜ=ਪਿਸ਼ਾਬ-ਲਿਆਊ ਦਵਾਈ; ਅਤੀਸਾਰ=ਟੱਟੀਆਂ; ਨਬਾਹੀਆਂ=ਦਰਦ ਨਾਲ ਟੱਟੀ ਆਉਣਾ।
ਈਸਬਗੋਲ ਫਲਅਨਟਅਗੋ ਜਾਤੀ ਦਾ ਬੂਟਾ ਹੈ, ਜਿਸ ਦੀਆਂ ਅੱਗੋਂ ਕੋਈ 200 ਕਿਸਮਾਂ ਹਨ। ਈਸਬਗੋਲ ਦਾ ਵਿਗਿਆਨਕ ਨਾਂ ਹੈ, ਫਲਅਨਟਅਗੋ ੌਵਅਟਅ। ਇਸ ਦਾ ਪੌਦਾ ਫੁੱਟ-ਡੇਢ ਫੁੱਟ ਉਚਾ ਹੁੰਦਾ ਹੈ ਤੇ ਇਸ ਨੂੰ ਚਿੱਟੇ ਰੰਗ ਦੇ ਅਨੇਕਾਂ ਫੁੱਲ ਲੱਗਦੇ ਹਨ; ਪਰ ਉਪਚਾਰ ਵਜੋਂ ਕੰਮ ਆਉਣ ਵਾਲੀ ਚੀਜ਼ ਇਸ ਦੇ ਬੀਜ ਹੀ ਹਨ। ਭਾਰਤੀ ਈਸਬਗੋਲ ਨੂੰ ਉਤਮ ਅਤੇ ਰੋਗ-ਨਿਵਾਰਕ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਭਾਵੇਂ ਯੂਰਪੀ ਦੇਸ਼ਾਂ ਵਿਚ ਵੀ ਈਸਬਗੋਲ ਦੀ ਪੈਦਾਵਾਰ ਹੁੰਦੀ ਹੈ, ਪਰ ਉਤਰ ਪੱਛਮੀ ਭਾਰਤ ਤੇ ਨਾਲ ਲਗਦੇ ਪਾਕਿਸਤਾਨ ਤੇ ਇਰਾਨ ਆਦਿ ਖਿੱਤੇ ਵਿਚ ਇਹ ਸਭ ਤੋਂ ਵਧ ਉਗਾਈ ਜਾਂਦੀ ਹੈ ਤੇ ਇਥੋਂ ਹੋਰ ਦੂਰ ਦੇਸ਼ਾਂ ਨੂੰ ਇਸ ਦਾ ਨਿਰਯਾਤ ਹੁੰਦਾ ਹੈ। ਦਵਾਈ ਵਜੋਂ ਇਹ ਕਈ ਨਾਂਵਾਂ ਨਾਲ ਵਿਕਦੀ ਹੈ, ਪਰ ਇਨ੍ਹਾਂ ਨੂੰ ਮਾਰੋ ਗੋਲੀ, ਸਾਡਾ ਸਰੋਕਾਰ ਈਸਬਗੋਲ ਸ਼ਬਦ ਨਾਲ ਹੈ। ਮੁਢਲੇ ਤੌਰ ‘ਤੇ ਇਹ ਸੰਯੁਕਤ ਸ਼ਬਦ ਹੈ, ਜੋ ਦੋ ਫਾਰਸੀ ਲਫਜ਼ਾਂ ਦੇ ਜੁੜਨ ਨਾਲ ਬਣਿਆ ਹੈ। ਪਹਿਲਾ ਹੈ, ਅਸਪ ਤੇ ਦੂਜਾ ਹੈ, ਗੋਲ। ਫਾਰਸੀ ਉਰਦੂ ਵਿਚ ਇਸ ਦੇ ਅਸਪਗੋਲ, ਇਸਪਗੋਲ ਜਿਹੇ ਰੂਪ ਮਿਲਦੇ ਹਨ। ਫਾਰਸੀ ਵਿਚ ਅਸਪ ਘੋੜੇ ਨੂੰ ਆਖਦੇ ਹਨ, ਜੋ ਹਿੰਦ-ਇਰਾਨੀ ਸ਼ਬਦ ਹੈ। ਪਹਿਲਾਂ ਕਿਸੇ ਲੇਖ ਵਿਚ ਇਸ ਸ਼ਬਦ ਦਾ ਜ਼ਿਕਰ ਹੋ ਚੁਕਾ ਹੈ। ਇਥੇ ਸੰਕੇਤ ਮਾਤਰ ਏਨਾ ਕਾਫੀ ਹੈ ਕਿ ਫਾਰਸੀ ਵਲੋਂ ਅਸਵਾਰ/ਸਵਾਰ (ਮੂਲ ਰੂਪ ਵਿਚ ਘੋੜੇ ਚੜ੍ਹਿਆ) ਅਤੇ ਸੰਸਕ੍ਰਿਤ ਵਲੋਂ ਅਸ਼ਵਮੇਧ, ਅੱਸੂ, ਅਸੁ (ਅਸੁ ਹਸਤੀ ਰਥ ਅਸਵਾਰੀ॥ -ਗੁਰੂ ਅਰਜਨ ਦੇਵ) ਸ਼ਬਦ ਇਸ ਦੇ ਸਜਾਤੀ ਹਨ। ਲਾਤੀਨੀ ਵਲੋਂ ਅੰਗਰੇਜ਼ੀ ਵਿਚ ਗਿਆ ਸ਼ਬਦ ਓਤੁeਸਟਰਅਿਨ (ਘੋੜਿਆਂ ਸਬੰਧੀ) ਇਸ ਦਾ ਸਜਾਤੀ ਹੈ, ਸੋ ਅਸਪ ਭਾਰੋਪੀ ਵੀ ਹੈ।
ਈਸਬਗੋਲ ਦੇ ਦੂਜੇ ਅੰਸ਼ ਗੋਲ ਦਾ ਅਰਥ ‘ਕੰਨ’ ਦੱਸਿਆ ਜਾਂਦਾ ਹੈ। ਫਾਰਸੀ ਵਿਚ ਕੰਨ ਲਈ ਗੋਸ਼ ਸ਼ਬਦ ਹੈ, ਜੋ ‘ਗੇ’ ਅੱਖਰ ਨਾਲ ਬਣਦਾ ਹੈ। ਕੀ ਗ਼ੈਨ ਨਾਲ ਬਣਦਾ ਗੋਲ ਗੋਸ਼ ਦਾ ਵਿਕ੍ਰਿਤ ਰੂਪ ਹੈ, ਮੈਂ ਥਾਹ ਨਹੀਂ ਪਾ ਸਕਿਆ। ਫੈਲਨ ਦਾ ਹਿੰਦੋਸਤਾਨੀ ਕੋਸ਼ ਇਸ ਨੂੰ ਅਰਬੀ ਮੂਲ ਦਾ ਸ਼ਬਦ ਦੱਸਦਾ ਹੈ ਤੇ ਅਰਥ ਵੀ ‘ਕੰਨ’ ਹੀ, ਪਰ ਅਰਬੀ ਵਿਚ ਵੀ ਕੰਨ ਲਈ ਇਜ਼ਨ ਸ਼ਬਦ ਹੈ, ਗੋਲ ਨਹੀਂ। ਉਂਜ ਅਰਬੀ ਵਿਚ ਈਸਬਗੋਲ ਲਈ ਬਜ਼ਰੇਕਤੂਨਾ ਸ਼ਬਦ ਹੈ। ਕਈ ਸ੍ਰੋਤਾਂ ਵਿਚ ਈਸਬਗੋਲ ਵਿਚਲਾ ਗੋਲ ਸ਼ਬਦ ਫਾਰਸੀ ਗੁਲ (ਫੁੱਲ) ਦੇ ਅਰਥਾਂ ਵਿਚ ਵੀ ਲਿਆ ਗਿਆ ਹੈ, ਜੋ ਅੱਗੋਂ ਟੇਢੇ ਜਿਹੇ ਢੰਗ ਨਾਲ ਇਸ ਦੇ ਬੀਜ ਦਾ ਸੰਕੇਤਕ ਮੰਨਿਆ ਗਿਆ ਹੈ। ਭਾਵ ਅਜਿਹਾ ਬੂਟਾ, ਜਿਸ ਦੇ ਬੀਜ ਘੋੜੇ ਦੀ ਸ਼ਕਲ ਦੇ ਹਨ, ਕਹਿ ਲਵੋ ਘੋੜੇ ਦੇ ਬੂਥੇ ਵਰਗੇ; ਪਰ ਅਸਲ ‘ਚ ਅਜਿਹਾ ਨਹੀਂ ਹੈ। ਅਸੀਂ ਇਸ ਵਿਆਖਿਆ ਨੂੰ ਸਵੀਕਾਰ ਨਹੀਂ ਕਰਦੇ। ਲਾ-ਪਾ ਕੇ ਗੋਲ ਸ਼ਬਦ ਦਾ ਅਰਥ ਕੰਨ ਹੀ ਮੰਨਣਾ ਪੈਂਦਾ ਹੈ, ਭਾਵੇਂ ਇਸ ਬਾਰੇ ਹੋਰ ਸਪੱਸ਼ਟਤਾ ਦੀ ਲੋੜ ਹੈ।
‘ਮਹਾਨ ਕੋਸ਼’ ਵਿਚ ਵੀ ਇਸ ਦਾ ਅਰਥਾਪਣ ਘੋੜੇ ਦਾ ਕੰਨ ਕੀਤਾ ਗਿਆ ਹੈ, ਪਰ ਇਸ ਨੂੰ ‘ਅਸ ਪਗੂਲ’ ਕਰਕੇ ਨਿਖੇੜਿਆ ਗਿਆ ਹੈ, ਜਿਸ ਦਾ ਮਤਲਬ ਹੋਇਆ ਕਿ ਕੋਈ ਪਗੂਲ ਸ਼ਬਦ ਹੈ, ਜਿਸ ਦਾ ਅਰਥ ਕੰਨ ਹੈ, ਪਰ ਅਜਿਹਾ ਵੀ ਨਹੀਂ ਹੈ। ਈਸਬਗੋਲ ‘ਘੋੜੇ ਦਾ ਕੰਨ’ ਇਸ ਲਈ ਮੰਨਿਆ ਜਾਂਦਾ ਹੈ ਕਿ ਇਸ ਦੇ ਬੂਟੇ ਦੇ ਪੱਤੇ ਘੋੜੇ ਦੇ ਕੰਨ ਵਰਗੇ ਅਰਥਾਤ ਅੰਡਾਕਾਰ ਹੁੰਦੇ ਹਨ। ਪ੍ਰਸੰਗਕ ਹੈ ਕਿ ਸਾਰੀਆਂ ਭਾਸ਼ਾਵਾਂ ਵਿਚ ਕਿਸੇ ਪੱਖੋਂ ਜਾਨਵਰਾਂ ਦੇ ਸਮਾਨ ਗੁਣਾਂ ਕਾਰਨ ਬੂਟਿਆਂ ਲਈ ਬਣੇ ਅਨੇਕਾਂ ਸ਼ਬਦ ਮਿਲਦੇ ਹਨ, ਜੋ ਸਬੰਧਤ ਜਾਨਵਰ ਦਾ ਨਾਂ ਵੀ ਹੋਵੇ।
ਈਸਬਗੋਲ ਦਾ ਵਿਗਿਆਨਕ ਨਾਂ ਫਲਅਨਟਅਗੋ ੌਵਅਟਅ ਵਿਚਲੇ ਅੰਸ਼ ੌਵਅਟਅ ਦਾ ਅਰਥ ਵੀ ਅੰਡਾਕਾਰ ਹੁੰਦਾ ਹੈ। ਕੁਝ ਸਰੋਤਾਂ ਵਿਚ ਈਸਬਗੋਲ ਲਈ ਸੰਸਕ੍ਰਿਤ ਸ਼ਬਦ ਅਸ਼ਵਕਰਣ ਦੱਸਿਆ ਗਿਆ ਹੈ, ਜਿਸ ਦਾ ਸ਼ਾਬਦਿਕ ਅਰਥ ਵੀ ਘੋੜੇ (ਅਸ਼ਵ) ਦਾ ਕੰਨ (ਕਰਣ) ਬਣਦਾ ਹੈ। ਉਂਜ ਮੈਨੂੰ ਲਗਦਾ ਹੈ ਕਿ ਇਹ ਈਸਬਗੋਲ ਦਾ ਸਿੱਧਾ ਸ਼ਾਬਦਿਕ ਅਨੁਵਾਦ ਹੀ ਹੈ, ਸੰਸਕ੍ਰਿਤ ਦਾ ਕੋਈ ਮੌਲਿਕ ਪ੍ਰਚਲਿਤ ਸ਼ਬਦ ਨਹੀਂ। ਮੋਨੀਅਰ-ਵਿਲੀਅਮਜ਼ ਦੇ ਸੰਸਕ੍ਰਿਤ ਕੋਸ਼ ਵਿਚ ਅਸ਼ਵਕਰਣ ਦਾ ਅਰਥ ਸਾਲ ਜਿਹਾ ਦਰਖਤ ਦੱਸਿਆ ਗਿਆ ਹੈ, ਈਸਬਗੋਲ ਨਹੀਂ।
ਈਸਵਗੋਲ ਲਈ ਵਰਤੇ ਜਾਂਦੇ ਕੁਝ ਹੋਰ ਸ਼ਬਦ ਵੀ ਗਿਣ ਲਈਏ, ਜਿਨ੍ਹਾਂ ਵਿਚੋਂ ਕਈ ਇਸੇ ਸ਼ਬਦ ਦਾ ਵਿਗਾੜ ਹਨ। ਸੰਸਕ੍ਰਿਤ ਵਿਚ ਹੀ ਇਸ ਦੇ ਹੋਰ ਨਾਂ ਹਨ: ਅਸ਼ਵਗੋਲ, ਇਸ਼ਦਗੋਲ, ਅਸ਼ਵਕਰਣਬੀਜ, ਸ਼ੀਤਬੀਜ, ਸਨਿਗਧਜੀਰਕਾ; ਬੰਗਾਲੀ: ਐਸਫੋਪਗੋਲ, ਇਸਬਗੁਲ, ਇਸਬਗੋਲ; ਹਿੰਦੀ: ਸ਼ਫਗੋਲ, ਸਫਗੋਲ, ਈਸਰਗੋਲ; ਗੁਜਰਾਤੀ: ਇਸਫਗੋਲ, ਘੋੜਾਜੀਰੂ, ਉਥਮੂਜੀਰੁਨ; ਕੰਨੜ: ਇਸੋਫਗੋਲੂ, ਇੱਸਾਬਗੋਲੂ; ਤਮਿਲ: ਇਸਕੋਲਵਿਰਾਇ, ਇਸਕੋਲ; ਮਲਿਆਲਮ: ਕਰਕਤਸਰਿੰਗੀ, ਇਸਪਗਲ; ਕਸ਼ਮੀਰੀ: ਇਸਮੋਗੁਲ ਅਰਬੀ ਬਜ਼ਰੇ ਕਤੂਨਾ ਆਦਿ। ਪੰਜਾਬੀ ਵਿਚ ਹੀ ਇਸ ਲਈ ਹੋਰ ਸ਼ਬਦ ਹਨ: ਲਿਸਪਗੋਲ, ਬਰਤੰਗ, ਅਬਗੋਲ।