ਗੁਰੂ ਨਾਨਕ ਬਾਣੀ ਦਾ ਮੂਲ ਸਰੋਕਾਰ

ਅਮਰਜੀਤ ਸਿੰਘ ਗਰੇਵਾਲ
ਸਾਮੰਤਸ਼ਾਹੀ-ਬ੍ਰਾਹਮਣਵਾਦੀ ਨਿਜ਼ਾਮ ਦੀ ਵਿਸਥਾਪਨਾ ਰਾਹੀਂ ਆਜ਼ਾਦੀ ਅਤੇ ਬਰਾਬਰੀ ਜਿਹੀਆਂ ਕਦਰਾਂ-ਕੀਮਤਾਂ ਨਾਲ ਪ੍ਰਣਾਏ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਵਾਲੇ ਨਵੇਂ ਮਨੁੱਖ, ਸਮਾਜ ਅਤੇ ਰਾਜ-ਪ੍ਰਬੰਧ ਦੀ ਸਥਾਪਨਾ ਗੁਰੂ ਨਾਨਕ ਬਾਣੀ ਦਾ ਮੂਲ ਸਰੋਕਾਰ ਆਖਿਆ ਜਾ ਸਕਦਾ ਹੈ।

ਗੁਰੂ ਨਾਨਕ ਬਾਣੀ ਵਿਚ ਮਨੁਖ ਨੂੰ ਵਾਰ ਵਾਰ ਨੀਵਾਂ, ਨਿਤਾਣਾ, ਗਰੀਬ, ਮਸਕੀਨ, ਦਾਸ ਆਦਿ ਆਖ ਕੇ ਉਸ ਨੂੰ ਉਸ ਦੀ ਸਮਾਜਕ, ਆਰਥਕ ਤੇ ਰਾਜਨੀਤਕ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਸ ਨੂੰ ਜ਼ੋਰ ਜ਼ੁਲਮ, ਅਨਿਆਂ ਅਤੇ ਬ੍ਰਾਹਮਣਵਾਦੀ ਪ੍ਰਵਚਨਾਂ ਰਾਹੀਂ ਗੁਲਾਮ ਬਣਾਉਣ ਵਾਲੇ ਸਾਮੰਤਸ਼ਾਹੀ-ਬ੍ਰਾਹਮਣਵਾਦੀ ਪ੍ਰਬੰਧ ਬਾਰੇ ਚੇਤੰਨ ਕਰਵਾਇਆ ਜਾ ਰਿਹਾ ਹੈ। ਉਸ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਹ ਆਪਣੇ ਕਿਸੇ ਪਿਛਲੇ ਜਨਮ ਦੇ ਕਰਮਾਂ ਕਰਕੇ ਨਹੀਂ, ਸਾਮੰਤਸ਼ਾਹੀ-ਬ੍ਰਾਹਮਣਵਾਦੀ ਨਿਜ਼ਾਮ ਦੀ ਵਿਚਾਰਧਾਰਾ ਅਤੇ ਰਾਜਨੀਤੀ ਕਾਰਨ ਹੀ ਗੁਲਾਮ ਬਣਿਆ ਹੋਇਆ ਹੈ।
ਵਰਣ ਆਸ਼ਰਮ ਧਰਮ ਸਾਮੰਤਸ਼ਾਹੀ-ਬ੍ਰਾਹਮਣਵਾਦੀ ਨਿਜ਼ਾਮ ਰਾਹੀਂ ਸਥਾਪਤ ਅਜਿਹੀ ਵਿਵਸਥਾ ਦਾ ਨਾਂ ਹੈ, ਜੋ ਡੰਡੇ ਦੀ ਥਾਂ ਰਜ਼ਾਮੰਦੀ ਰਾਹੀਂ, ਲੋਕਾਂ ਦੀਆਂ ਆਜ਼ਾਦੀ ਅਤੇ ਬਰਾਬਰੀ ਜਿਹੀਆਂ ਭਾਵਨਾਵਾਂ ਨੂੰ ਦਬਾ ਕੇ ਉਨ੍ਹਾਂ ਨੂੰ ਹਾਈਰਾਰਕੀਕਲ ਸਟਰਕਚਰ (ਲੜੀਵਾਰ ਢਾਂਚੇ) ਵਿਚ ਬੰਨ੍ਹਦਾ ਸੀ। ਇਥੋਂ ਸਟੇਟ ਦੇ ਨਿਰਮਾਣ ਅਤੇ ਚਲਨ ਵਿਚ ਧਰਮ ਦੇ ਰੋਲ ਦੀ ਵੀ ਸੂਹ ਮਿਲਦੀ ਹੈ। ਗੁਰੂ ਨਾਨਕ ਦੇ ਜ਼ਮਾਨੇ ਵਿਚ (ਜਾਂ ਸ਼ਾਇਦ ਅੱਜ ਵੀ) ਵਰਣ ਆਸ਼ਰਮ ਧਰਮ ਉਸ ਵਿਵਸਥਾ ਦਾ ਨਾਂ ਸੀ, ਜਿਸ ਅਧੀਨ ਲੋਕ ਆਜ਼ਾਦੀ ਅਤੇ ਬਰਾਬਰੀ ਦੀਆਂ ਭਾਵਨਾਵਾਂ ਨੂੰ ਭੁਲਾ ਕੇ ਘਰ-ਪਰਿਵਾਰ, ਭਾਈਚਾਰੇ ਅਤੇ ਸਟੇਟ ਜਿਹੀਆਂ ਲੜੀਵਾਰ ਅਤੇ ਅਮਾਨਵੀ ਸੰਗਠਨਕਾਰੀਆਂ ਵਿਚ ਕੈਦ ਹੋਣਾ ਕਬੂਲ ਕਰ ਲੈਂਦੇ ਸਨ। ਸਪਸ਼ਟ ਹੈ, ਧਰਮ ਨੂੰ ਸੰਬੋਧਨ ਹੋਏ ਬਿਨਾ ਇਨ੍ਹਾਂ ਲੜੀਵਾਰ ਅਤੇ ਅਮਾਨਵੀ ਕਦਰਾਂ-ਕੀਮਤਾਂ ਨੂੰ ਜਨਮ ਦੇਣ ਵਾਲੀਆਂ ਵਿਚਾਰਧਾਰਕ ਸੰਗਠਨਕਾਰੀਆਂ ਨੂੰ ਤੋੜਿਆ ਨਹੀਂ ਸੀ ਜਾ ਸਕਦਾ।
ਉਸ ਸਮੇਂ ਇਸ ਹੈਜਮੌਨਿਕ ਕੰਟਰੋਲ ਸਿਸਟਮ ਦੇ ਬਾਹਰ ਸਿਰਫ ਇਕੋ ਇਕ ਆਜ਼ਾਦ ਖੇਤਰ ਸੀ, ਅਧਿਆਤਮਕ ਖੇਤਰ। ਇਥੇ ਮਨੁੱਖ ਆਪਣੀ ਵਿਅਕਤੀਗਤ ਆਜ਼ਾਦੀ (ਮੁਕਤੀ) ਲਈ ਸੋਚ ਅਭਿਆਸ ਕਰਨ ਲਈ ਤਾਂ ਆਜ਼ਾਦ ਸੀ, ਪਰ ਸਮਾਜ ਤੋਂ ਬਾਹਰ ਰਹਿ ਕੇ। ਨਤੀਜੇ ਵਜੋਂ ਸਮਾਜਕ, ਆਰਥਕ ਤੇ ਰਾਜਨੀਤਕ ਅਤੇ ਸਭਿਆਚਾਰਕ ਖੇਤਰ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਦੀ ਇਹ ਆਜ਼ਾਦੀ ਅਧਿਆਤਮਕ ਮੁਕਤੀ ਤੱਕ ਹੀ ਸੀਮਤ ਹੋ ਕੇ ਰਹਿ ਗਈ। ਪਰਿਵਾਰ, ਭਾਈਚਾਰੇ ਅਤੇ ਸਟੇਟ ਵਿਚ ਰਹਿ ਕੇ ਸਮਾਜਕ, ਆਰਥਕ ਅਤੇ ਰਾਜਨੀਤਕ ਗੁਲਾਮੀ ਦੇ ਬੰਧਨਾਂ ਨੂੰ ਕਿਵੇਂ ਤੋੜਨਾ ਹੈ, ਭਾਈ ਗੁਰਦਾਸ ਦੇ ਸ਼ਬਦਾਂ ਵਿਚ ਇਹ ਉਨ੍ਹਾਂ ਦਾ ਕਰਮ ਖੇਤਰ ਨਹੀਂ ਸੀ। “ਸਿਧ ਛਪ ਬੈਠੇ ਪਰਬਤੀਂ, ਕਉਣ ਜਗਤਿ ਕਉ ਪਾਰ ਉਤਾਰਾ।”
ਸਾਮੰਤਸ਼ਾਹੀ-ਬ੍ਰਾਹਮਣਵਾਦੀ ਸਮਾਜ ਵਿਚ ਸਦੀਆਂ ਤੋਂ ਗੁਲਾਮੀ ਦਾ ਜੀਵਨ ਬਿਤਾ ਰਹੇ ਵਿਅਕਤੀ ਨੂੰ ਇਕ ਦਮ ਤਾਂ ਬਗਾਵਤ ਲਈ ਤਿਆਰ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਗੁਰੂ ਸਾਹਿਬ ਮੱਧਯੁਗੀ ਮਨੁੱਖ ਦੇ ਖਾਨੇ ਵਿਚ ਪੈਣ ਵਾਲੀ ਇਕ ਐਸੀ ਜੁਗਤ ਅਪਨਾਉਂਦੇ ਹਨ, ਜਿਸ ਰਾਹੀਂ ਉਹ ਸਾਮੰਤ ਅਤੇ ਬ੍ਰਾਹਮਣ ਦੀ ਸ਼ਕਤੀ ਨੂੰ ਉਨ੍ਹਾਂ ਦੇ ਹੀ ਖਿਲਾਫ ਵਰਤ ਲੈਂਦੇ ਹਨ। ਪਰਮਾਤਮਾ ਦੀ ਸ਼ਕਤੀ ਤੇ ਸਿਖਿਆ ਦੀ ਨੁਮਾਇੰਦਗੀ ਦਾ ਦਾਅਵਾ ਪੇਸ਼ ਕਰਨ ਵਾਲੇ ਬਾਦਸ਼ਾਹ ਅਤੇ ਬ੍ਰਾਹਮਣ ਦੇ ਮੁਕਾਬਲੇ ਜਦੋਂ ਗੁਰੂ ਸਾਹਿਬ ਉਸ ਪਰਮਾਤਮਾ ਨੂੰ ਇੱਕੋ ਇੱਕ ਸੱਚਾ ਪਾਤਸ਼ਾਹ ਤੇ ਸੱਚਾ ਗੁਰੂ ਬਣਾ ਕੇ ਪੇਸ਼ ਕਰਦੇ ਹਨ, ਤਾਂ ਉਨ੍ਹਾਂ ਦੀ ਇਹ ਵਿਧਾ ਸਹਿਜੇ ਹੀ ਦੁਨਿਆਵੀ ਪਾਤਸ਼ਾਹਾਂ ਅਤੇ ਬ੍ਰਾਹਮਣਾਂ ਦੀ ਪ੍ਰਭੁੱਤਾ ਦਾ ਅੰਤ ਕਰ ਦਿੰਦੀ ਹੈ।
ਗੁਰੂ ਸਾਹਿਬ ਦ੍ਰਿੜ ਕਰਵਾਉਂਦੇ ਹਨ ਕਿ ਪਰਮਾਤਮਾ ਹੀ ਇੱਕੋ ਇੱਕ ਅਸਲੀ ਮਾਲਕ, ਸਤਿਗੁਰੂ, ਪਰਮ ਪਿਤਾ, ਪਤੀ ਪਰਮੇਸ਼ਰ ਅਤੇ ਸੱਚਾ ਪਾਤਸ਼ਾਹ ਹੈ। ਸਭ ਦਾ ਮਾਲਕ ਸਿਰਫ ਉਹੋ ਹੀ ਹੈ। ਉਸ ਇਕ ਤੋਂ ਬਿਨਾ ਹੋਰ ਕਿਸੇ ਦੀ ਅਥਾਰਟੀ ਨਹੀਂ ਮੰਨਣੀ। ਇਸ ਤਰ੍ਹਾਂ ਉਹ ਮਨੁੱਖ ਨੂੰ ਘਰ ਵਿਚ ਪਿਤਾ ਤੇ ਪਤੀ, ਸਮਾਜ ਵਿਚ ਬ੍ਰਾਹਮਣ, ਖੇਤ ਵਿਚ ਜਗੀਰਦਾਰ/ਸ਼ਾਹੂਕਾਰ ਅਤੇ ਰਾਜ ਵਿਚ ਰਜਵਾੜੇ ਦੀ ਥਾਂ ਇਕੋ ਇਕ ਪਰਮਾਤਮਾ ਦੀ ਗੁਲਾਮੀ ਨਾਲ ਜੋੜ ਕੇ ਉਸ ਨੂੰ ਹਰ ਕਿਸਮ ਦੀ ਸਮਾਜਕ-ਸਭਿਆਚਾਰਕ ਅਤੇ ਆਰਥਕ-ਰਾਜਨੀਤਕ ਗੁਲਾਮੀ ਤੋਂ ਮੁਕਤ ਕਰਵਾ ਦਿੰਦੇ ਹਨ।
ਸਿਰਫ ਗੁਲਾਮੀ ਤੋਂ ਹੀ ਮੁਕਤ ਨਹੀਂ ਕਰਵਾਉਂਦੇ, ਰਾਜੇ ਤੇ ਰੰਕ, ਬ੍ਰਾਹਮਣ ਤੇ ਸ਼ੂਦਰ, ਮਰਦ ਤੇ ਔਰਤ-ਸਭ ਨੂੰ ਪਰਮਾਤਮਾ ਦੀ ਇੱਕੋ ਜਿਹੀ ਗੁਲਾਮੀ ਨਾਲ ਜੋੜ ਕੇ ਉਹ ਬਰਾਬਰੀ ਅਤੇ ਸਰਬ ਸਾਂਝੀਵਾਲਤਾ ਦਾ ਮਾਹੌਲ ਵੀ ਸਿਰਜ ਦਿੰਦੇ ਹਨ।
ਇਸ ਨੂੰ ਗੁਰੂ ਨਾਨਕ ਬਾਣੀ ਦਾ ਮੂਲ ਸਰੋਕਾਰ ਇਸ ਲਈ ਆਖਿਆ ਹੈ, ਕਿਉਂਕਿ ਇਸ ਨੇ ਹਰ ਦਿਸ਼ਾ ਅਤੇ ਖੇਤਰ ਵਿਚ ਤਬਦੀਲੀ ਦੀ ਲੋੜ ਪੈਦਾ ਕਰ ਦਿੱਤੀ। ਮਿਸਾਲ ਵਜੋਂ ਸਭ ਤੋਂ ਵੱਡੀ ਲੋੜ ਸੀ, ਸਾਮੰਤਸ਼ਾਹੀ-ਬ੍ਰਾਹਮਣਵਾਦੀ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਨੂੰ ਵਿਸਥਾਪਤ ਕਰਕੇ ਨਵੀਂ ਕ੍ਰਾਂਤੀਕਾਰੀ ਨੈਤਿਕਤਾ ਦੀ ਸਥਾਪਨਾ ਕਰਨਾ।
ਕੁਰੂਕਸ਼ੇਤਰ ਦੇ ਮੈਦਾਨ ‘ਚ ਦੁਸ਼ਮਣ ਦੇ ਰੂਪ ਵਿਚ ਖੜ੍ਹੇ ਆਪਣੇ ਹੀ ਪਰਿਵਾਰ ਨੂੰ ਦੇਖ ਕੇ ਅਰਜਨ ਆਖਦਾ ਹੈ, “ਤਿੰਨਾਂ ਲੋਕਾਂ ਦੇ ਰਾਜ ਲਈ ਵੀ ਮੈਂ ਇਨ੍ਹਾਂ ਨੂੰ ਨਹੀਂ ਮਾਰ ਸਕਦਾ, ਪ੍ਰਿਥਵੀ ਦਾ ਰਾਜ ਤਾਂ ਕੋਈ ਚੀਜ਼ ਹੀ ਨਹੀਂ। ਮੈਂ ਆਪਣੀ ਹੀ ਕੁਲ ਦਾ ਸਰਬਨਾਸ਼ ਕਿਵੇਂ ਕਰ ਸਕਦਾ ਹਾਂ?” ਉਸ ਦੀਆਂ ਨਿਜੀ ਭਾਵਨਾਵਾਂ ‘ਤੇ ਆਧਾਰਿਤ ਨੈਤਿਕਤਾ ਉਸ ਨੂੰ ਇਸ ਯੁੱਧ ਦੀ ਇਜਾਜ਼ਤ ਨਹੀਂ ਦਿੰਦੀ। ਕ੍ਰਿਸ਼ਨ ਉਸ ਨੂੰ ਇਹ ਆਖ ਕੇ ਯੁੱਧ ਲਈ ਤਿਆਰ ਕਰ ਲੈਂਦਾ ਹੈ ਕਿ ਉਹ ਕਸ਼ੱਤਰੀ ਹੈ ਤੇ ਯੁੱਧ ਕਰਨਾ ਕਸ਼ੱਤਰੀ ਦਾ ਧਰਮ ਹੈ।
ਗੀਤਾ ਅਰਜਨ ਨੂੰ ਆਪਣੀਆਂ ਨਿਜੀ ਭਾਵਨਾਵਾਂ ਦਾ ਮੋਹ ਤਿਆਗ ਕੇ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਅਪਨਾਉਣ ਲਈ ਪ੍ਰੇਰਦੀ ਹੈ। ਕ੍ਰਿਸ਼ਨ ਗੀਤਾ ਰਾਹੀਂ ਵਿਅਕਤੀ (ਅਰਜਨ) ਦੀ ਸਵੈ-ਨੈਤਿਕਤਾ ਨੂੰ ਵਿਸਥਾਪਤ ਕਰਕੇ ਜਾਤੀ-ਆਧਾਰਿਤ ਸਮਾਜ ਲਈ ਬ੍ਰਾਹਮਣਵਾਦੀ ਨੈਤਿਕਤਾ ਉਸਾਰ ਰਿਹਾ ਸੀ। ਨਤੀਜੇ ਵਜੋਂ ਅਰਜਨ ਆਪਣੇ ਕਸ਼ੱਤਰੀ ਧਰਮ ਦੀ ਪਾਲਣਾ ਕਰਦਿਆਂ ਯੁੱਧ ਕਰਦਾ ਹੈ। ਅਰਜਨ ਨੂੰ ਕਤਲ ਅਤੇ ਹਿੰਸਾ ਲਈ ਤਿਆਰ ਕਰਨ ਵਾਸਤੇ ਕ੍ਰਿਸ਼ਨ ਆਤਮਾ, ਪਰਮਾਤਮਾ, ਲੀਲ੍ਹਾ, ਮਾਇਆ ਆਦਿ ਧਾਰਨਾਵਾਂ ਦੀ ਵਰਤੋ ਕਰਦਾ ਹੈ। ਕਿਉਂਕਿ ਆਤਮਾ ਅਮਰ ਹੈ, ਇਸ ਲਈ ਕੋਈ ਕਿਸੇ ਦਾ ਕਤਲ ਕਰ ਹੀ ਨਹੀਂ ਸਕਦਾ। ਫਿਰ ਕਤਲ/ਹਿੰਸਾ ਦਾ ਬੋਝ ਕੈਸਾ! ਅਰਜਨ ਨੂੰ ਹਿੰਸਾ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਕਿਉਂਕਿ ਇਹ ਕਤਲ ਅਤੇ ਯੁੱਧ ਸਭ ਪਰਮਾਤਮਾ ਦੀ ਖੇਡ/ਲੀਲ੍ਹਾ ਹੈ। ਬੰਦਾ ਤਾਂ ਸਿਰਫ ਐਕਟਰ ਹੈ, ਜਿਸ ਦਾ ਲੇਖਕ ਅਤੇ ਨਿਰਦੇਸ਼ਕ ਪਰਮਾਤਮਾ ਆਪ ਹੈ।
ਵਰਣ ਆਸ਼ਰਮ ਧਰਮ ਦੀ ਸਕਰਿਪਟ ਪਰਮਾਤਮਾ ਨੇ ਖੁਦ ਲਿਖੀ ਹੈ। ਇਸ ਲਈ ਅਰਜਨ ਵਾਸਤੇ ਯੁੱਧ ਕਰਨ ਤੋਂ ਵੱਡੀ ਹੋਰ ਕੋਈ ਨੈਤਿਕਤਾ ਹੋ ਹੀ ਨਹੀਂ ਸਕਦੀ। ਕ੍ਰਿਸ਼ਨ ਅਰਜਨ ਨੂੰ ਆਖਦਾ ਹੈ, “ਜੇ ਤੂੰ ਆਪਣੇ ਵਰਣ ਆਸ਼ਰਮ ਧਰਮ ਦੀ ਪਾਲਣਾ ਕਰਦਿਆਂ ਯੁੱਧ ਵਿਚ ਮਾਰਿਆ ਜਾਵੇਂ ਤਾਂ ਤੈਨੂੰ ਸਵਰਗ ਮਿਲੇਗਾ। ਜੇ ਜਿੱਤ ਜਾਵੇਂ ਤਾਂ ਇਸ ਧਰਤੀ ਦਾ ਰਾਜ। ਇਸ ਲਈ ਯੁੱਧ ਕਰ।” ਫਲ ਦੀ ਇੱਛਾ ਕੀਤੇ ਬਿਨਾ ਵਰਣ ਆਸ਼ਰਮ ਧਰਮ ਦੀ ਪਾਲਣਾ ਹੀ ਮਾਨਵ ਮੁਕਤੀ ਦਾ ਦੁਆਰ ਹੈ।
ਮਰਨ ਪਿਛੋਂ ਯੁਧਿਸ਼ਟਰ ਸਵਰਗ ਪਹੁੰਚ ਕੇ ਦੇਖਦਾ ਹੈ ਕਿ ਮਹਾਂਭਾਰਤ ਦਾ ਖਲਨਾਇਕ ਦੁਰਯੋਧਨ ਪੂਰੀ ਸ਼ਾਨੋ-ਸ਼ੌਕਤ ਨਾਲ ਉਥੇ ਬਿਰਾਜਮਾਨ ਹੈ, ਕਿਉਂਕਿ ਉਸ ਨੇ ਮਨ ਨਾਲ ਯੁੱਧ ਕਰਕੇ ਆਪਣਾ ਧਰਮ ਨਿਭਾਇਆ ਸੀ। ਜਦੋਂ ਯੁਧਿਸ਼ਟਰ ਨੂੰ ਪਤਾ ਲੱਗਾ ਕਿ ਦਰੋਪਦੀ ਅਤੇ ਉਸ ਦੇ ਭਰਾ ਨਰਕ ਵਿਚ ਸੜ ਰਹੇ ਹਨ, ਕਿਉਂਕਿ ਉਨ੍ਹਾਂ ਨੇ ਪੂਰੇ ਮਨ ਨਾਲ ਯੁੱਧ ਨਹੀਂ ਕੀਤਾ ਅਤੇ ਸ਼ੰਕਾ ਪਾਲੀ ਰੱਖੀ ਸੀ, ਤਾਂ ਉਹ ਵੀ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਨੂੰ ਰੱਦ ਕਰ ਕੇ ਨਰਕ ਵਿਚ ਪਹੁੰਚ ਜਾਂਦਾ ਹੈ।
ਇਕੱਲੀ ਮਹਾਂਭਾਰਤ ਦੀ ਗੱਲ ਨਹੀਂ, ਤੁਸੀਂ ਰਮਾਇਣ ਦੇਖ ਲਓ। ਬਾਲਮੀਕ ਰਮਾਇਣ ਦੇ ਉਤਰ ਕਾਂਡ ਦੇ 73ਵੇਂ ਸਰਗ ਵਿਚ ਇਕ ਬ੍ਰਾਹਮਣ ਦੇ ਜੁਆਨ ਪੁੱਤਰ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਰੱਬ ਦੀ ਕਰੋਪੀ ਸਮਝਿਆ ਜਾਂਦਾ ਹੈ ਕਿ ਰਾਜ ਵਿਚ ਕੋਈ ਕੁਕਰਮ ਹੋਇਆ ਹੈ, ਜਿਸ ਦੀ ਇਹ ਸਜ਼ਾ ਹੈ। ਰਾਮ ਨੂੰ ਪਤਾ ਚਲਦਾ ਹੈ ਕਿ ਇਕ ਸ਼ੂਦਰ ਉਸ ਦੇ ਰਾਜ ਵਿਚ ਤਪੱਸਿਆ ਕਰ ਕੇ ਵਰਣ ਆਸ਼ਰਮ ਧਰਮ ਦੀ ਅਵੱਗਿਆ ਕਰ ਰਿਹਾ ਹੈ। ਕਿਉਂਕਿ ਵਰਣ ਆਸ਼ਰਮ ਧਰਮ ਵਿਚ ਸ਼ੂਦਰ ਨੂੰ ਤਪ ਦੀ ਮਨਾਹੀ ਹੈ, ਇਸੇ ਲਈ ਉਸ ਦੇ ਰਾਜ ਵਿਚ ਇਹ ਰੱਬ ਦੀ ਕਰੋਪੀ ਹੋਈ ਹੈ। ਆਪਣੇ ਰਾਜ ਵਿਚ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਲਾਗੂ ਕਰਨਾ ਰਾਜਾ ਹੋਣ ਦੀ ਹੈਸੀਅਤ ਵਿਚ ਉਸ ਦਾ ਫਰਜ਼ ਹੈ। ਉਹ ਉਸ ਤਪ ਕਰਨ ਵਾਲੇ ਸ਼ੂਦਰ ਸ਼ੰਭੂਕ ਨੂੰ ਮੌਤ ਦੀ ਸਜ਼ਾ ਦੇ ਕੇ ਤੁਰੰਤ ਕਤਲ ਕਰਵਾ ਦਿੰਦਾ ਹੈ।
ਕਿਉਂਕਿ ਇਹ ਨੈਤਿਕਤਾ ਊਚ-ਨੀਚ ‘ਤੇ ਉਸਰੇ ਜਾਤੀ-ਆਧਾਰਿਤ ਸਮਾਜ ਦੇ ਨਿਰਮਾਣ ਅਤੇ ਉਸ ਦੀ ਰੱਖਿਆ ਲਈ ਤਿਆਰ ਕੀਤੀ ਗਈ ਸੀ, ਇਸ ਲਈ ਆਖਿਆ ਜਾ ਸਕਦਾ ਹੈ ਕਿ ਨੈਤਿਕਤਾ ਦਾ ਸਿਧਾ ਸਬੰਧ ਰਾਜਨੀਤੀ ਨਾਲ ਹੈ; ਊਚ-ਨੀਚ, ਨਾਬਰਾਬਰੀ ਨਾਲ ਹੈ। ਸ਼ੂਦਰਾਂ ਦੀ ਵਰਜਨਾ ਰਾਹੀਂ ਵਿਸ਼ੇਸ਼ ਧਿਰਾਂ ਦੀ ਸਰਦਾਰੀ ਬਣਾਈ ਰੱਖਣ ਲਈ ਨੈਤਿਕਤਾ ਨੂੰ ਪਰਮਾਤਮਾ ਰਾਹੀਂ ਸਥਾਪਤ ਵਿਧਾਨ ਦੇ ਰੂਪ ਵਿਚ ਪੇਸ਼ ਕਰਨਾ ਵੱਡੀ ਰਾਜਨੀਤੀ ਸੀ। ਆਧੁਨਿਕ ਕਾਲ ਵਿਚ ਪਹੁੰਚ ਕੇ, ਕਿਉਂਕਿ ਨੈਤਿਕਤਾ ਨੇ ਇਕ ਵੱਖਰੇ ਸਮਾਜ ਦਾ ਨਿਰਮਾਣ ਕਰਨਾ ਸੀ, ਇਸ ਲਈ ਨੈਤਿਕਤਾ ਦੀਆਂ ਲੋੜਾਂ ਹੀ ਨਹੀਂ, ਇਸ ਦਾ ਆਧਾਰ ਵੀ ਬਦਲ ਜਾਂਦਾ ਹੈ।
ਵਰਣ ਆਸ਼ਰਮ ਧਰਮ ਦੇ ਉਲਟ ਆਧੁਨਿਕਤਾ ਦੀ ਨੈਤਿਕਤਾ ਪਰਮਾਤਮਾ ਰਾਹੀਂ ਸਥਾਪਤ ਵਿਧੀ ਵਿਧਾਨ ‘ਤੇ ਨਹੀਂ, ਤਰਕ ਰਾਹੀਂ ਸਥਾਪਤ ਨਿਆਂ ਅਤੇ ਬਰਾਬਰੀ ਜਿਹੀਆਂ ਕਦਰਾਂ-ਕੀਮਤਾਂ ‘ਤੇ ਟਿਕੀ ਹੋਈ ਹੈ। ਪਰਮਾਤਮਾ ਦੀ ਥਾਂ ਤਰਕ ਆਧੁਨਿਕ ਕਾਲ ਦੀ ਨੈਤਿਕਤਾ ਦਾ ਆਧਾਰ ਬਣ ਜਾਂਦਾ ਹੈ। ਕਿਉਂਕਿ ਹਰ ਵਿਅਕਤੀ ਆਪਣੇ ਅੰਦਰ ਤਰਕ ਦੀ ਯੋਗਤਾ ਪੈਦਾ ਕਰ ਸਕਦਾ ਹੈ, ਇਸ ਲਈ ਭਾਈਚਾਰਕਤਾ ਦੀ ਥਾਂ ਵਿਅਕਤੀਵਾਦ ਅਤੇ ਉਦਾਰਵਾਦ ਨੇ ਮੱਲ ਲਈ। ਦੁਨੀਆਂ ਵਿਚ ਤਰਕ ਅਤੇ ਤਰਕ ਦੀ ਨੁਮਾਇੰਦਗੀ ਕਰਨ ਵਾਲੀਆਂ ਧਿਰਾਂ ਦੀ ਚੌਧਰ ਸਥਾਪਤ ਕਰਨ ਲਈ ਤਰਕ ਦਾ ਸਰਬਵਿਆਪੀ ਰੂਪ ਕੰਮ ਆਇਆ। ਭਾਵਨਾਵਾਂ ਅਤੇ ਸਨੇਹ ਲਈ ਤਰਕ ਦੇ ਇਸ ਸੰਸਾਰ ਵਿਚ ਕੋਈ ਥਾਂ ਨਾ ਰਹੀ। ਇਨ੍ਹਾਂ ਦਾ ਕੋਈ ਨੈਤਿਕ ਮੁਲ ਵੀ ਨਾ ਰਿਹਾ। ਤਰਕ ‘ਤੇ ਆਧਾਰਿਤ ਤਕਨੀਕੀ-ਆਰਥਕ ਵਿਕਾਸ ਅਤੇ ਤਰਕ ਦੀ ਸਰਬਵਿਆਪਕਤਾ ‘ਤੇ ਆਧਾਰਿਤ ਧਰਮ-ਨਿਰਪੱਖ ਪੱਛਮੀ ਪੂੰਜੀਵਾਦ ਦੀ ਸਰਦਾਰੀ ਸਾਰੀ ਦੁਨੀਆਂ ਵਿਚ ਸਥਾਪਤ ਹੋ ਗਈ। ਪੈਦਾਵਾਰ ਅਤੇ ਖਪਤ ਨਾਲ ਜੁੜੀ ਇਹ ਤਰਕ-ਆਧਾਰਿਤ ਆਧੁਨਿਕ ਨੈਤਿਕਤਾ ਸਾਡਾ ਉਸੇ ਤਰ੍ਹਾਂ ਸਰਬਨਾਸ਼ ਕਰ ਰਹੀ ਹੈ, ਜਿਵੇਂ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਨੇ ਮਹਾਂਭਾਰਤ ਵਿਚ ਕੁਰੂ ਪਰਿਵਾਰ ਦਾ ਕੁਲ-ਨਾਸ਼ ਕੀਤਾ ਸੀ। ਆਧੁਨਿਕਤਾਵਾਦੀ ਨੈਤਿਕਤਾ ਦਾ ਰਾਜਨੀਤਕ ਏਜੰਡਾ ਕਿਸੇ ਤੋਂ ਵੀ ਭੁਲਿਆ ਨਹੀਂ। ਪਰਿਆਵਰਣ, ਘੱਟ-ਗਿਣਤੀਆਂ ਅਤੇ ਨਾਰੀ ਚੇਤਨਾ ਜਿਹੀਆਂ ਲਹਿਰਾਂ ਇਸ ਨੂੰ ਨੰਗਿਆਂ ਕਰਕੇ ਇਸ ਦੀ ਵਿਸਥਾਪਨਾ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਲੇਖਕ ਦਾ ਕਰਮ ਉਨ੍ਹਾਂ ਦਬੀਆਂ ਕੁਚਲੀਆਂ ਧਿਰਾਂ, ਜਿਨ੍ਹਾਂ ਨੂੰ ਇਸ ਆਧੁਨਿਕਤਾਵਾਦੀ ਨੈਤਿਕਤਾ ਨੇ ਨਿਮਾਣਿਆਂ, ਨਿਤਾਣਿਆਂ, ਨਿਆਸਰਿਆਂ ਅਤੇ ਬੇਰੁਜ਼ਗਾਰਾਂ ਦੀ ਨਿਹੱਥੀ ਅਸੰਗਤ (ਇਰਰੈਲੇਵੈਂਟ) ਭੀੜ ਵਿਚ ਰੂਪਾਂਤ੍ਰਿਤ ਕਰ ਦਿੱਤਾ ਹੈ, ਦੇ ਦੁਖ ਦਰਦ ਰਾਹੀਂ ਇਸ ਨੈਤਿਕਤਾ ਦੀ ਰਾਜਨੀਤੀ ਨੂੰ ਨੰਗਿਆ ਕਰਕੇ ਵਿਸਥਾਪਤ ਕਰਨਾ ਹੈ।
ਗੁਰੂ ਨਾਨਕ ਸਾਹਿਬ ਦੀ ਰਚਿਤ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਪਸ਼ਟ ਕਰ ਦਿੰਦੀ ਹੈ ਕਿ ਕਿਸੇ ਵੀ ਧਰਮ, ਸਿਧਾਂਤ ਜਾਂ ਤਰਕ ਨੂੰ ਨੈਤਿਕਤਾ ਦਾ ਸੋਮਾ ਨਹੀਂ ਮੰਨਿਆ ਜਾ ਸਕਦਾ। ਕੋਈ ਵੀ ਨੈਤਿਕ ਕਦਰਾਂ-ਕੀਮਤਾਂ ਸਥਿਰ, ਸਥਾਈ, ਸੁਨਿਸ਼ਚਿਤ ਅਤੇ ਸੰਦਰਭ ਜਾਂ ਤਬਦੀਲੀ ਰਹਿਤ ਨਹੀਂ ਹੋ ਸਕਦੀਆਂ। ‘ਹੁਕਮਿ ਰਜਾਈ ਚਲਣਾ’ ਦੀ ਧਾਰਨਾ ਇਹ ਮੰਨ ਕੇ ਚਲਦੀ ਹੈ ਕਿ ਨੈਤਿਕ ਕਦਰਾਂ-ਕੀਮਤਾਂ ਰਾਜਨੀਤਕ ਸੰਘਰਸ਼ ਵਿਚੋਂ ਪੈਦਾ ਹੁੰਦੀਆਂ ਹਨ। ਜਿਵੇਂ ਕਿ ਅਸੀਂ ਦੇਖ ਆਏ ਹਾਂ, ਇਹ ਵੱਖਰੀ ਗੱਲ ਹੈ ਕਿ ਜੇਤੂ ਧਿਰ ਆਪਣੀ ਰਾਜਨੀਤਕ ਵਿਚਾਰਧਾਰਾ ਨੂੰ ਯੂਨੀਵਰਸਲ ਨੈਤਿਕਤਾ ਵਜੋਂ ਹੀ ਪੇਸ਼ ਕਰਦੀ ਹੈ। ਮਿਸਾਲ ਵਜੋਂ ਉਚ ਜਾਤੀਆਂ ਰਾਹੀਂ ਸਥਾਪਤ ਵਰਣ ਆਸ਼ਰਮ ਧਰਮ ਦੀ ਨੈਤਿਕਤਾ ਸ਼ੂਦਰ ਜਾਤੀਆਂ ਦੀ ਨੈਤਿਕਤਾ ਨਹੀਂ ਹੋ ਸਕਦੀ; ਪਰ ਉਚ ਜਾਤੀਆਂ ਇਸ ਨੂੰ ਪਰਮਾਤਮਾ/ਤਰਕ ਰਾਹੀਂ ਸਥਾਪਤ ਯੂਨੀਵਰਸਲ ਨੈਤਿਕਤਾ ਵਜੋਂ ਪੇਸ਼ ਕਰਦੀਆਂ ਹਨ, ਤਾਂ ਜੋ ਸ਼ੂਦਰ ਇਸ ਨੂੰ ਰੱਬੀ/ਤਾਰਕਿਕ ਹੁਕਮ ਸਮਝ ਕੇ ਅਪਨਾ ਲੈਣ ਅਤੇ ਉਚ ਜਾਤੀਆਂ ਦੀ ਸੇਵਾ ਕਰਦੇ ਰਹਿਣ।
ਸੰਸਾਰ ਦੀ ਬਾਹਰਮੁਖੀ ਹੋਂਦ ਵਿਚ ਤਾਂ ਯਕੀਨ ਕੀਤਾ ਜਾ ਸਕਦਾ ਹੈ, ਪਰ ਸੱਚਾਈ ਦੀ ਬਾਹਰਮੁਖੀ ਹੋਂਦ ਵਿਚ ਬਿਲਕੁਲ ਨਹੀਂ। ਸੱਚਾਈ ਅਤੇ ਝੂਠ ਦਾ ਸਬੰਧ ਬਾਹਰਮੁਖੀ ਸੰਸਾਰ ਦੀ ਵਿਆਖਿਆ ਨਾਲ ਹੈ। ਅਸੀਂ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਬਾਹਰਮੁਖੀ ਸੰਸਾਰ ਦਾ ਸੈਂਸਰੀ ਡੈਟਾ ਪ੍ਰਾਪਤ ਕਰਦੇ ਹਾਂ। ਸਾਡੇ ਸਭਿਆਚਾਰ ਇਸ ਸੈਂਸਰੀ ਡੈਟੇ ਦੀ ਆਪਣੇ ਚਿਹਨਕ ਰੂਪਾਕਾਰਾਂ ਰਾਹੀਂ ਬਾਹਰਮੁਖੀ ਸੰਸਾਰ ਦੇ ਰੂਪ ਵਿਚ ਵਿਆਖਿਆ ਕਰਦੇ ਹਨ। ਕੀ ਸੱਚ ਹੈ, ਕੀ ਝੂਠ ਹੈ? ਕੀ ਚੰਗਾ ਹੈ, ਕੀ ਬੁਰਾ ਹੈ? ਕੀ ਠੀਕ ਹੈ, ਕੀ ਗਲਤ ਹੈ? ਇਹ ਸੁਆਲ ਉਸ ਸਭਿਆਚਾਰ ਅਤੇ ਰਾਜਨੀਤੀ ਤੋਂ ਬਾਹਰ ਨਿਰਧਾਰਤ ਨਹੀਂ ਹੋ ਸਕਦੇ, ਜਿਸ ਵਿਚੋਂ ਅਸੀਂ ਨਿਰਮਿਤ ਹੋਏ ਹਾਂ। ਵੱਖੋ ਵੱਖਰੇ ਸਭਿਆਚਾਰਾਂ ਅਤੇ ਜਾਤ ਬਰਾਦਰੀਆਂ ਵਿਚ ਪਲਣ ਵਾਲੇ ਲੋਕਾਂ ਲਈ ਇਨ੍ਹਾਂ ਸੁਆਲਾਂ ਦੇ ਵੱਖਰੇ ਅਤੇ ਵਿਪਰੀਤ ਜੁਆਬ ਹੋ ਸਕਦੇ ਹਨ।
ਸਪਸ਼ਟ ਹੈ ਕਿ ਆਪਣੇ ਸੰਸਾਰ, ਉਸ ਦੀ ਨੈਤਿਕਤਾ ਦਾ ਬੰਦਾ ਆਪ ਹੀ ਲਿਖਾਰੀ ਹੈ। ਨਿਸ਼ਚਿਤ ਤੌਰ ‘ਤੇ ਉਸ ਨੂੰ ਆਪਣੀ ਉਸ ਲਿਖਤ ਲਈ ਜ਼ਿੰਮੇਵਾਰ ਵੀ ਹੋਣਾ ਪਵੇਗਾ। ਉਹ ਆਪਣੇ ਸੰਸਾਰ ਅਤੇ ਚੰਗਿਆਈ-ਬੁਰਿਆਈ ਦੀ ਰਚਨਾ ਪਰਮਾਤਮਾ, ਤਰਕ ਜਾਂ ਮਾਨਵਤਾ ਆਦਿ ‘ਤੇ ਸੁੱਟ ਕੇ ਆਪਣੀ ਜਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਸੰਸਾਰ ਦੀ ਰਾਜਨੀਤਕ ਬਣਤਰ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਹੀ ਇਸ ਨੂੰ ਬਦਲਣ ਜਾਂ ਪਹਿਲਾਂ ਨਾਲੋਂ ਵਧੇਰੇ ਖੂਬਸੂਰਤ ਬਣਾਉਣ ਬਾਰੇ ਸੋਚ ਸਕਦੇ ਹਨ। ਗੁਰੂ ਨਾਨਕ ਦੀ ‘ਹੁਕਮਿ ਰਜਾਈ ਚਲਣਾ’ ਦੀ ਨੈਤਿਕਤਾ ਇਸੇ ਰਾਜਨੀਤਕ-ਸੰਸਕ੍ਰਿਤਕ ਜਿੰਮੇਵਾਰੀ ਦਾ ਨਾਂ ਹੈ, ਤੇ ਅਜਿਹੇ ਨਵੇਂ ਮਨੁੱਖ ਦੀ ਸਿਰਜਣਾ ਹੀ ਗੁਰੂ ਨਾਨਕ ਬਾਣੀ ਦਾ ਮੂਲ ਸਰੋਕਾਰ।