ਭੋਂਸਲਾ ਮਿਲਟਰੀ ਸਕੂਲ

ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-12
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ਼ ਐਸ਼) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ ਦੌਰਾਨ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੱਥਾਂ ਵਿਚ ਭਾਰਤ ਦੀ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਸਵੈਸੇਵੀ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਵੱਖ-ਵੱਖ ਰਾਜਾਂ ‘ਚ ਹਿੰਦੂਤਵੀ ਤਾਕਤਾਂ ਦੀ ਚੜ੍ਹਤ ਲਈ ਆਧਾਰ ਬਣੀਆਂ ਜਥੇਬੰਦੀਆਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ‘ਚ ਕੀਤੀ ਹੈ। ਐਤਕੀਂ ‘ਭੋਂਸਲਾ ਮਿਲਟਰੀ ਸਕੂਲ’ ਦਾ ਇਤਿਹਾਸ ਫਰੋਲਿਆ ਗਿਆ ਹੈ, ਜਿਸ ਨੇ ਅਭਿਨਵ ਭਾਰਤ ਨਾਲ ਮਿਲ ਕੇ ਹਿੰਦੂਤਵ ਦਾ ਪ੍ਰਚਾਰ ਕੀਤਾ।

-ਸੰਪਾਦਕ

ਧੀਰੇਂਦਰ ਕੁਮਾਰ ਝਾਅ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਭੋਂਸਲਾ ਮਿਲਟਰੀ ਸਕੂਲ 29 ਸਤੰਬਰ 2008 ਦੇ ਮਾਲੇਗਾਉਂ ਬੰਬ ਧਮਾਕਿਆਂ ਤੋਂ ਥੋੜ੍ਹੀ ਦੇਰੀ ਪਿਛੋਂ ਹੀ ਮਹਾਰਾਸ਼ਟਰ ਏ. ਟੀ. ਐਸ਼ ਦੀ ਨਿਗਾਹ ਹੇਠ ਆ ਗਿਆ ਸੀ। ਬੰਬ ਕਾਂਡ ਦੇ ਵਾਪਰਨ ਤੱਕ ਵੱਖ-ਵੱਖ ਘਟਨਾਵਾਂ ਦੇ ਸਿਲਸਿਲੇ ਦੀ ਜਾਂਚ ਦੌਰਾਨ ਏ. ਟੀ. ਐਸ਼ ਨੇ ਦੇਖਿਆ ਕਿ ਕਈ ਮੁੱਖ ਦੋਸ਼ੀ ਇਸ ਸਕੂਲ ਨਾਲ ਨੇੜਿਓਂ ਜੁੜੇ ਹੋਏ ਹਨ ਅਤੇ ਆਰ. ਐਸ਼ ਐਸ਼ ਵਲੋਂ ਚਲਾਈ ਜਾ ਰਹੀ ਇਸ ਸੰਸਥਾ ਵਲੋਂ ਬੰਬ ਧਮਾਕਿਆਂ ਤੋਂ ਪਹਿਲਾਂ ‘ਅਭਿਨਵ ਭਾਰਤ’ ਨੂੰ ਕਈ ਤਰ੍ਹਾਂ ਦੀਆਂ ਅਹਿਮ ਸੇਵਾਵਾਂ ਦਿੱਤੀਆਂ ਗਈਆਂ ਸਨ। ਇਹ ਇਸ ਸਕੂਲ ਦੇ 70 ਸਾਲ ਦੇ ਇਤਿਹਾਸ ਵਿਚ ਬੇਮਿਸਾਲ ਚੀਜ਼ ਸੀ। ਭੋਂਸਲਾ ਮਿਲਟਰੀ ਸਕੂਲ ਵਿਦਿਆਰਥੀਆਂ ਨੂੰ ਫੌਜੀ ਸਿਖਲਾਈ ਦੇਣ ਦਾ ਦਾਅਵਾ ਕਰਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਦਾ ਪਾਠਕ੍ਰਮ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਤਾਂ ਜੋ ਇਸ ਦੇ ਵਿਦਿਆਰਥੀਆਂ ਨੂੰ ਫੌਜ ਦੀ ਨੌਕਰੀ ਦੇ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕੇ। ਪਹਿਲਾਂ ਵੀ ਭਾਵੇਂ ਸਕੂਲ ‘ਤੇ ਆਪਣੇ ਵਿਦਿਆਰਥੀਆਂ ਦੇ ਦਿਮਾਗਾਂ ਵਿਚ ਫਿਰਕੂ ਸੋਚ ਭਰਨ ਦੇ ਦੋਸ਼ ਲੱਗੇ ਸਨ, ਪਰ ਮਹਾਰਾਸ਼ਟਰ ਏ. ਟੀ. ਐਸ਼ ਦੀ ਜਾਂਚ ਦੇ ਸਨਸਨੀਖੇਜ਼ ਖੁਲਾਸੇ ਨਾਖੁਸ਼ਗਵਾਰ ਸਨ। ਇਹ ਸਪਸ਼ਟ ਸੀ ਕਿ ਇਸ ਸਕੂਲ ਦੀ ਚਾਰਦੀਵਾਰੀ ‘ਚ ਬਹੁਤ ਕੁਝ ਉਸ ਤੋਂ ਇਲਾਵਾ ਵਾਪਰ ਰਿਹਾ ਸੀ, ਜਿੰਨਾ ਕੁ ਇਸ ਦੀ ਇੰਤਜ਼ਾਮੀਆ ਕਮੇਟੀ ਮੰਨਣ ਲਈ ਤਿਆਰ ਸੀ।
25-27 ਜਨਵਰੀ 2008 ਨੂੰ ਫਰੀਦਾਬਾਦ ਵਿਖੇ ਹੋਈ ਮੀਟਿੰਗ, ਜੋ ਇਸ ਸਬੰਧੀ ਹੋਈਆਂ ਮੀਟਿੰਗਾਂ ਵਿਚੋਂ ਇਕ ਸੀ, ਵਿਚ ਦਹਿਸ਼ਤਵਾਦੀ ਸਾਜ਼ਿਸ਼ ਬਣਾਉਣ ਅਤੇ ਇਸ ਨੂੰ ਅੰਜਾਮ ਦੇਣ ਬਾਰੇ ਬਾਰੀਕੀ ‘ਚ ਵਿਚਾਰ-ਵਟਾਂਦਰਾ ਕੀਤਾ ਗਿਆ। ਅਭਿਨਵ ਭਾਰਤ ਦੇ ਸਰਗਨੇ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੇ ਆਪਣੇ ਸਾਥੀਆਂ ਨੂੰ ਦੱਸਿਆ, “ਜੋ ਕੁਝ ਮੈਂ ਅੱਜ ਕਿਹਾ ਹੈ, ਉਸ ਵਲ ਉਥੇ ਬੈਠੇ ਅਧਿਕਾਰੀ ਪੂਰਾ ਧਿਆਨ ਦਿੰਦੇ ਹਨ। ਸਾਰਾ ਸਕੂਲ ਮੇਰੇ ਹੱਥਾਂ ਵਿਚ ਹੈ।” ਪੁਰੋਹਿਤ ਇਸ ਸਕੂਲ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਸੀ। ਆਪਣੀ ਅੱਲ੍ਹੜ ਵਰੇਸ ਵਿਚ ਉਸ ਨੇ ਇਸ ਸਕੂਲ ਵਿਚ ਸ਼ਾਰਟ ਸਰਵਿਸ ਕਮਿਸ਼ਨ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਲਾਈਆਂ ਸਨ, ਜਿਸ ਨੇ ਸ਼ਾਇਦ ਉਸ ਦੀ ਭਾਰਤੀ ਫੌਜ ਵਿਚ ਕਮਿਸ਼ਨ ਦਾ ਅਹੁਦਾ ਲੈਣ ਵਿਚ ਮਦਦ ਕੀਤੀ। 2005 ਵਿਚ ਜਦ ਉਸ ਨੂੰ ਮਹਾਰਾਸ਼ਟਰ ਭੇਜ ਦਿੱਤਾ ਗਿਆ ਅਤੇ ਉਸ ਨੂੰ ਫੌਜ ਦੀ ਸੰਪਰਕ ਸ਼ਾਖਾ ਦਾ ਜ਼ਿੰਮਾ ਦਿੱਤਾ ਗਿਆ ਤਾਂ ਸਕੂਲ ਨਾਲ ਉਸ ਦਾ ਸੰਪਰਕ ਮੁੜ ਸੁਰਜੀਤ ਹੋ ਗਿਆ। ਇਹ ਸ਼ਾਖਾ ਫੌਜ ਦਾ ਸੂਹੀਆ ਵਿੰਗ ਹੈ, ਜਿਸ ਦਾ ਜ਼ਿੰਮਾ ਫੌਜ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਸਬੰਧ ਬਣਾਉਣਾ ਤੇ ਇਸ ਮੇਲਜੋਲ ਨੂੰ ਵਿਕਸਿਤ ਕਰਨਾ ਹੈ। ਉਸ ਵਲੋਂ ਇਸ ਸਕੂਲ ਵਿਚ ਸਿਖਲਾਈ ਕੈਂਪ ਅਤੇ ਗੁਪਤ ਮੀਟਿੰਗਾਂ ਕਰਨ ਦੀਆਂ ਰਿਪੋਰਟਾਂ ਹਨ, ਜਿਸ ਵਿਚ ਦਰਜਨਾਂ ਲੋਕ ਸ਼ਾਮਲ ਹੁੰਦੇ ਰਹੇ। ਇਨ੍ਹਾਂ ਵਿਚੋਂ ਇਕ 16 ਸਤੰਬਰ 2008 ਨੂੰ ਮਾਲੇਗਾਉਂ ਬੰਬ ਧਮਾਕਿਆਂ ਤੋਂ ਹਫਤਾ ਪਹਿਲਾਂ ਕੀਤੀ ਗਈ। ਫੌਜ ਦੇ ਸਾਬਕਾ ਅਫਸਰ ਮੇਜਰ ਰਮੇਸ਼ ਉਪਾਧਿਆਏ ਨੇ ਮਹਾਰਾਸ਼ਟਰ ਏ. ਟੀ. ਐਸ ਕੋਲ ਮੰਨਿਆ ਕਿ ਉਸ ਨੇ ਪ੍ਰੱਗਿਆ ਸਿੰਘ ਠਾਕੁਰ ਅਤੇ ਉਸ ਦੇ ਸਾਥੀਆਂ ਸਮੇਤ ਮਾਲੇਗਾਉਂ ਬੰਬ ਧਮਾਕਿਆਂ ਦੀ ਯੋਜਨਾਬੰਦੀ ਲਈ ਨਾਸਿਕ ਦੇ ਭੋਂਸਲਾ ਮਿਲਟਰੀ ਸਕੂਲ ‘ਚ ਹੋਈਆਂ ਤਿੰਨ ਮੀਟਿੰਗਾਂ ਵਿਚ ਤਿੰਨ ਹਿੱਸਾ ਲਿਆ ਸੀ।
ਜਦ ਬੰਬ ਧਮਾਕਿਆਂ ਦੀ ਜਾਂਚ ਵਿਚ ਤੇਜ਼ੀ ਆ ਗਈ ਅਤੇ ਸਕੂਲ ਬਾਰੇ ਨਵੇਂ-ਨਵੇਂ ਤੱਥ ਸਾਹਮਣੇ ਆਉਣੇ ਸ਼ੁਰੂ ਹੋ ਗਏ ਤਾਂ ਸਕੂਲ ਦੇ ਸਮੁੱਚੇ ਕਾਰਵਿਹਾਰ ਦੀ ਨਿਗਰਾਨ ਗਵਰਨਿੰਗ ਕੌਂਸਲ ਦੇ ਸਕੱਤਰ ਡੀ. ਕੇ. ਕੁਲਕਰਨੀ ਨੇ ਇਸ ਦਾ ਦੋਸ਼ ਸਕੂਲ ਦੇ ਤਤਕਾਲੀ ਕਮਾਂਡੈਂਟ ਰਿਟਾਇਰਡ ਲੈਫਟੀਨੈਂਟ ਕਰਨਲ ਐਸ਼ ਐਸ਼ ਰਾਇਕਰ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ। ‘ਪੁਰੋਹਿਤ ਸਕੂਲ ਦੇ ਨਵੇਂ ਕਮਾਂਡੈਂਟ ਲੈਫਟੀਨੈਂਟ ਕਰਨਲ ਐਸ਼ ਐਸ਼ ਰਾਇਕਰ ਨਾਲ ਫੌਜ ਵਿਚ ਨੌਕਰੀ ਕਰ ਚੁਕਾ ਸੀ, ਇਸ ਲਈ ਉਸ ਨੇ ਅਭਿਨਵ ਭਾਰਤ ਦੀ ਮੀਟਿੰਗ ਸਕੂਲ ਵਿਚ ਕਰਨ ਦੀ ਇਜਾਜ਼ਤ ਦੇਣ ਲਈ ਗੁਜ਼ਾਰਿਸ਼ ਕੀਤੀ ਸੀ।’ ਕੁਲਕਰਨੀ ਨੇ ਦਾਅਵਾ ਕੀਤਾ ਕਿ ਇਸ ਸਕੂਲ ਦਾ ਕਿਸੇ ਸਿਆਸੀ ਧੜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੂਜੇ ਪਾਸੇ, ਰਾਇਕਰ ਜੋ ਮਨੀਪੁਰ ਵਿਚ ਭਾਰਤੀ ਫੌਜ ਦੇ ਫੌਜੀ ਸੂਹੀਆ ਦਸਤੇ ਵਿਚ ਨੌਕਰੀ ਪਿਛੋਂ ਸੇਵਾ ਮੁਕਤ ਹੋਇਆ ਸੀ, ਨੇ ਵੀ ਕਿਸੇ ਕਿਸਮ ਦੀ ਮੁਜਰਮਾਨਾ ਕਾਰਵਾਈ ਤੋਂ ਸਾਫ ਨਾਂਹ ਕੀਤੀ। ਮਹਾਰਾਸ਼ਟਰ ਏ. ਟੀ. ਐਸ਼ ਵਲੋਂ ਤਫਤੀਸ਼ ਵਿਚ ਸ਼ਾਮਲ ਕੀਤੇ ਜਾਣ ਤੋਂ ਛੇਤੀ ਬਾਅਦ ਉਸ ਨੇ ਭੋਂਸਲਾ ਮਿਲਟਰੀ ਸਕੂਲ ਦੇ ਅਹੁਦੇ ਤੋਂ ਬਿਨਾ ਕੋਈ ਕਾਰਨ ਦੱਸੇ ਅਸਤੀਫਾ ਦੇ ਦਿੱਤਾ।
ਕੁਝ ਵੀ ਹੋਵੇ, ਜਾਂਚ ਦੌਰਾਨ ਏ. ਟੀ. ਐਸ਼ ਨੇ ਜੋ ਟੇਪਾਂ ਕਬਜ਼ੇ ਵਿਚ ਲਈਆਂ, ਉਨ੍ਹਾਂ ਵਿਚੋਂ ਇਕ ਵਿਚ ਪੁਰੋਹਿਤ ਕਹਿੰਦਾ ਹੈ ਕਿ ਉਸ ਨੂੰ ਇਹ ਸਕੂਲ ਐਨਾ ‘ਫਾਇਦੇਮੰਦ’ ਜਾਪਿਆ ਕਿ ਉਸ ਨੇ ਹਰ ਰਾਜ ਵਿਚ ਐਸੇ ਸਕੂਲ ਖੋਲ੍ਹਣ ਲਈ ਕਿਹਾ, ਜਿਥੇ ਰੰਗਰੂਟਾਂ ਨੂੰ ਗਰਮੀ ਰੁੱਤੇ ਰਾਈਫਲ ਚਲਾਉਣ ਦੀ ਸਿਖਲਾਈ ਦਿੱਤੀ ਜਾ ਸਕੇ ਅਤੇ ‘ਪੁਲਿਸ ਦੀ ਕਿਸੇ ਕਾਰਵਾਈ’ ਸਮੇਂ ਇਸ ਨੂੰ ਲੋਕਾਂ ਨੂੰ ਪਨਾਹ ਦੇਣ ਲਈ ਕੰਮ ਆਵੇ।
ਪ੍ਰਤੀਤ ਹੁੰਦਾ ਹੈ ਕਿ ਨੌਕਰੀ ਪਿਛੋਂ ਬਹੁਤ ਸਾਰੇ ਫੌਜੀ ਅਫਸਰ ਹਿੰਦੂਤਵੀ ਜਥੇਬੰਦੀਆਂ ਵਿਚ ਸਰਗਰਮ ਹੋ ਜਾਂਦੇ ਹਨ। ਸ਼ਾਇਦ ਐਸੀਆਂ ਥਾਂਵਾਂ ਰਾਸ਼ਟਰਵਾਦ ਦੇ ਭੇਸ ਵਿਚ ਫਿਰਕਾਪ੍ਰਸਤੀ ਦੇ ਅੱਡੇ ਹਨ। ਲੱਗਦਾ ਹੈ ਕਿ ਭੋਂਸਲਾ ਮਿਲਟਰੀ ਸਕੂਲ ਦਾ ਹਿੰਦੂਤਵੀ ਵਿਚਾਰਧਾਰਾ ਅਤੇ ਫੌਜੀ ਸਿਖਲਾਈ ਦਾ ਅਨੋਖਾ ਮਿਸ਼ਰਨ ਸਾਬਕਾ ਫੌਜੀਆਂ ਦੇ ਮਨਾਂ ਨੂੰ ਜਕੜ ਲੈਣ ਦੇ ਸਮਰੱਥ ਹੈ, ਜਿਨ੍ਹਾਂ ਦੀ ਦੇਸ਼ਭਗਤੀ ਦੀ ਭਾਵਨਾ ਸੌਖਿਆਂ ਹੀ ਹਿੰਦੂਤਵੀ ਫਿਰਕਾਪ੍ਰਸਤੀ ਨਾਲ ਘਿਓ-ਖਿਚੜੀ ਹੋ ਜਾਂਦੀ ਹੈ।
‘ਨਾਸਿਕ ਸਕੂਲ ਅਤੇ ਇਸ ਦੀ ਨਾਗਪੁਰ ਸ਼ਾਖਾ ਮਹਾਰਾਸ਼ਟਰ ਵਿਚ ਹਿੰਦੂਤਵੀ ਸਰਗਰਮੀਆਂ ਦੇ ਧੁਰੇ ਦਾ ਕੰਮ ਕਰਦੀ ਹੈ’, ਇਹ ਗੱਲ ਮੈਨੂੰ ਮਹਾਰਾਸ਼ਟਰ ਏ. ਟੀ. ਐਸ਼ ਦੇ ਸੀਨੀਅਰ ਅਫਸਰ ਨੇ ਆਪਣਾ ਨਾਂ ਪੂਰੀ ਤਰ੍ਹਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸੀ। ਉਸ ਅਨੁਸਾਰ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ‘ਤੇ ‘ਸਭ ਕੁਝ ਬਦਲ ਗਿਆ ਹੈ।’ ‘ਇਹ ਸਕੂਲ ਡਿਫੈਂਸ ਸੇਵਾਵਾਂ ਲਈ ਹਿੰਦੂਤਵ ਨੂੰ ਦੇਖਣ ਵਾਲੇ ਝਰੋਖੇ ਦਾ ਕੰਮ ਦਿੰਦੇ ਹਨ। ਸਭ ਤੋਂ ਵੱਧ ਅਮਨ-ਅਮਾਨ ਦੇ ਦਿਨਾਂ ਵਿਚ ਵੀ ਇਹ ਫੌਜੀਆਂ ਨੂੰ ਚੁੰਬਕ ਵਾਂਗ ਖਿੱਚਦੇ ਹਨ।’
ਇਸ ਤੋਂ ਵੀ ਵੱਧ ਭੋਂਸਲਾ ਮਿਲਟਰੀ ਸਕੂਲ ਹਿੰਦੂਤਵ ਦੇ ਬੁਨਿਆਦੀ ਲਸ਼ਕਰਾਂ ਲਈ ਅਹਿਮ ਸਿਖਲਾਈ ਮੈਦਾਨ ਬਣ ਗਿਆ ਜਾਪਦਾ ਹੈ। ਦਰਅਸਲ ਬਜਰੰਗ ਦਲ ਨੇ ਬਹੁਤ ਦੇਰ ਪਹਿਲਾਂ 2001 ਵਿਚ ਹੀ ਆਪਣੀ ਨਾਗਪੁਰ ਸ਼ਾਖਾ ਵਿਚ ਸਿਖਲਾਈ ਕੈਂਪ ਜਥੇਬੰਦ ਕੀਤੇ ਸਨ। ਇਹ ਗੱਲ ਮਹਾਰਾਸ਼ਟਰ ਏ. ਟੀ. ਐਸ਼ ਵਲੋਂ ਨਾਂਦੇੜ ਬੰਬ ਧਮਾਕਾ 2006 ਦੀ ਜਾਂਚ ਦੇ ਵਕਤ ਸਾਹਮਣੇ ਆਈ। ਇਹ ਧਮਾਕਾ ਆਰ. ਐਸ਼ ਐਸ਼ ਦੇ ਕਾਰਿੰਦੇ ਲਕਸ਼ਮਨ ਰਾਜ ਕੋਂਦਵਾਰ ਦੇ ਘਰ ਹੋਇਆ, ਜਿਸ ਦਾ ਪੁੱਤਰ ਨਰੇਸ਼ ਸਥਾਨਕ ਬਜਰੰਗ ਦਲ ਆਗੂ ਹਿਮਾਂਸੂ ਪਾਂਸੇ ਨਾਲ ਵਿਸਫੋਟਕ ਸਮੱਗਰੀ ਬਣਾਉਂਦੇ ਵਕਤ ਮਾਰਿਆ ਗਿਆ ਸੀ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀ ਮਾਰੂਤੀ ਕੇਸ਼ਵ ਵਾਘ, ਯੋਗੇਸ਼ ਵਿਦੁਲਕਰ, ਗੁਰੂਰਾਜ ਜੈ ਰਾਮ, ਤੁਪਤੇਵਰ ਅਤੇ ਰਾਹੁਲ ਪਾਂਡੇ ਗੰਭੀਰ ਜ਼ਖਮੀ ਹੋਏ ਸਨ।
ਜਾਂਚ ਦੌਰਾਨ ਏ. ਟੀ. ਐਸ਼ ਨੂੰ ਜਾਣਕਾਰੀ ਮਿਲੀ ਕਿ ਪਾਂਸੇ ਨੇ ਭੋਂਸਲਾ ਮਿਲਟਰੀ ਸਕੂਲ ਦੀ ਨਾਗਪੁਰ ਸ਼ਾਖਾ, ਜਿਸ ਦੀ ਸਥਾਪਨਾ ਨਾਸਿਕ ਵਿਚ 6 ਦਹਾਕੇ ਪਹਿਲਾਂ ਖੁੱਲ੍ਹੇ ਮੁੱਖ ਸਕੂਲ ਪਿਛੋਂ ਜੂਨ 1996 ਵਿਚ ਹੋਈ ਸੀ, ਵਿਚ ਸਿਖਲਾਈ ਕੈਂਪ ਲਾਇਆ ਸੀ। 15 ਨਵੰਬਰ 1999 ਨੂੰ ਨਾਗਪੁਰ ਸਕੂਲ ਨਵੀਂ ਇਮਾਰਤ ਵਿਚ ਚਲਾ ਗਿਆ, ਜਿਸ ਦਾ ਇਕ ਹਿੱਸਾ 2001 ਵਿਚ ਬਜਰੰਗ ਦਲ ਦੇ ਸਿਖਲਾਈ ਕੈਂਪਾਂ ਲਈ ਵਰਤਿਆ ਜਾਂਦਾ ਸੀ।
ਇਸ ਗੱਲ ਦੀ ਤਸਦੀਕ ਪੂਨੇ ਦੇ ਰਿਟਾਇਰਡ ਨੇਵੀ ਅਫਸਰ ਐਸ਼ ਆਰ. ਭਾਟੇ ਨੇ ਕੀਤੀ, ਜੋ ਆਰ. ਐਸ਼ ਐਸ਼ ਨਾਲ 1996 ਤੋਂ ਜੁੜਿਆ ਹੋਇਆ ਸੀ। ‘ਦਿ ਹਿੰਦੂ’ ਅਖਬਾਰ ਵਿਚ 3 ਨਵੰਬਰ 2008 ਨੂੰ ਛਪੇ ਲੇਖ ਅਨੁਸਾਰ ਭਾਟੇ, ਜੋ ਕੈਂਪ ਵਿਚ ਸਿਖਲਾਈ ਦੇਣ ਵਾਲਿਆਂ ਵਿਚੋਂ ਸੀ, ਨੇ ਪੁਲਿਸ ਨੂੰ ਦੱਸਿਆ, ‘ਇਹ ਕੋਈ ਮਾਮੂਲੀ ਕੈਂਪ ਨਹੀਂ ਸੀ। ਇਥੇ ਲੋਕਾਂ ਨੂੰ ਗਤਕਾ ਖੇਡਣ, ਕਰਾਟੇ, ਫੌਜੀਆਂ ਵਾਲੀ ਛੜੱਪਾ ਦੌੜ ਅਤੇ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਥੇ ਰਿਟਾਇਰਡ ਫੌਜੀ ਅਤੇ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਅਫਸਰ ਹਥਿਆਰਾਂ ਦੀ ਸਿਖਲਾਈ ਦਿੰਦੇ ਹਨ।’ ਭਾਟੇ ਨੇ ਏ. ਟੀ. ਐਸ਼ ਨੂੰ ਇਹ ਵੀ ਦੱਸਿਆ ਕਿ ਇਹ ਆਰ. ਐਸ਼ ਐਸ਼ ਹੀ ਸੀ, ਜੋ ਕੈਂਪ ਦੇ ਵੱਖ-ਵੱਖ ਕੋਰਸਾਂ ਲਈ ਸਿਖਲਾਈ ਦੇਣ ਵਾਲੇ ਉਸਤਾਦ ਮੁਹੱਈਆ ਕਰਦੀ ਸੀ।
ਜਦੋਂ ਨਾਂਦੇੜ ਬੰਬ ਧਮਾਕਿਆਂ ਦੀ ਚਾਰਜ ਸ਼ੀਟ ਮੀਡੀਆ ਵਿਚ ਸੁਰਖੀਆਂ ਬਣਨ ਲੱਗੀ ਤਾਂ ਭੋਂਸਲਾ ਮਿਲਟਰੀ ਸਕੂਲ ਦੀ ਨਾਗਪੁਰ ਸ਼ਾਖਾ ਦੇ ਚੇਅਰਮੈਨ ਸਤੀਸ਼ ਸਾਲਪੇਕਰ ਸਾਫ ਮੁੱਕਰ ਗਿਆ ਕਿ ਉਨ੍ਹਾਂ ਦੀ ਸੰਸਥਾ ਦੀ ਦਹਿਸ਼ਤਵਾਦੀ ਸ਼ੱਕੀ ਅਨਸਰਾਂ ਨੂੰ ਕਿਸੇ ਤਰ੍ਹਾਂ ਦੀ ਸਿਖਲਾਈ ਦੇਣ ਵਿਚ ਕੋਈ ਭੂਮਿਕਾ ਹੈ, ਪਰ ਉਸ ਨੇ ਮੰਨਿਆ ਕਿ ਸਕੂਲ ਦੇ ਕਰਤਾ-ਧਰਤਾ, ਭਗਵੇਂ ਹਲਕਿਆਂ ਨਾਲ ਹੀ ਸਬੰਧਤ ਹਨ। ਉਸ ਨੇ ਇਹ ਵੀ ਮੰਨਿਆ ਕਿ ਸਕੂਲ ਦੇ ਕਰਤਾ-ਧਰਤਾ ਲੋਕਾਂ ਨੇ 2001 ਵਿਚ ਆਪਣੀ ਇਮਾਰਤ ਬਜਰੰਗ ਦਲ ਨੂੰ ਬਿਨਾ ਕਿਸੇ ਖਰਚੇ ਦੇ ਸ਼ਖਸੀਅਤ ਉਸਾਰੀ ਕੈਂਪ ਲਾਉਣ ਲਈ ਦਿੱਤੀ ਸੀ। ਉਸ ਦੇ ਦੱਸਣ ਅਨੁਸਾਰ, ਸਕੂਲ ਦੇ ਅਧਿਕਾਰੀ ਕੈਂਪ ਦੀ ਨਿਗਰਾਨੀ ਨਹੀਂ ਕਰ ਰਹੇ ਸਨ ਅਤੇ ਨਾ ਹੀ ਉਨ੍ਹਾਂ ਕੋਲ ਕੈਂਪ ਵਿਚ ਹਿੱਸਾ ਲੈਣ ਵਾਲੇ ਕਾਰਕੁਨਾਂ ਦੇ ਨਾਂ ਹਨ। ‘ਸਾਡੇ ਰਿਕਾਰਡ ਅਨੁਸਾਰ ਪੂਰੇ ਭਾਰਤ ਵਿਚੋਂ 100-115 ਦੇ ਕਰੀਬ ਬਜਰੰਗ ਦਲ ਕਾਰਕੁਨਾਂ ਨੇ ਇਸ ਸਿਖਲਾਈ ਕੈਂਪ ਵਿਚ 10-15 ਦਿਨ ਹਿੱਸਾ ਲਿਆ। ਸਿਖਲਾਈ ਉਨ੍ਹਾਂ ਦੇ ਆਪਣੇ ਲੋਕਾਂ ਵਲੋਂ ਦਿੱਤੀ ਗਈ ਅਤੇ ਇਹ ਸਕੂਲ ਦੇ ਨਾਲ ਲੱਗਦੀ ਖੁੱਲ੍ਹੀ ਥਾਂ ਵਿਚ ਦਿੱਤੀ ਗਈ, ਜਿਥੇ ਅਜੇ ਉਸਾਰੀ ਹੋ ਰਹੀ ਸੀ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਹਥਿਆਰ ਚਲਾਉਣ ਦੀ ਕੋਈ ਸਿਖਲਾਈ ਨਹੀਂ ਦਿੱਤੀ ਗਈ ਸੀ।’

ਹਿੰਦੂਤਵੀ ਫਿਰਕੂ ਸਿਆਸਤ, ਜਿਸ ਨੇ ਭੋਂਸਲਾ ਮਿਲਟਰੀ ਸਕੂਲ ਦੀ ਨੀਂਹ ਰੱਖਣ ਦਾ ਆਧਾਰ ਤਿਆਰ ਕੀਤਾ, ਦੀ ਰੂਪ ਰੇਖਾ ਮੁੱਖ ਤੌਰ ‘ਤੇ ਇਸ ਦੇ ਮੋਢੀ ਡਾ. ਬੀ. ਐਸ਼ ਮੂੰਜੇ ਨੇ 1930ਵਿਆਂ ਦੇ ਸ਼ੁਰੂ ਵਿਚ ਆਪਣੀ ਯੂਰਪ ਫੇਰੀ ਦੌਰਾਨ ਫਾਸ਼ੀਵਾਦੀਆਂ ਦੇ ਸਿਖਲਾਈ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬਣਾਈ। ਮੂੰਜੇ 1927 ਤੋਂ 1937 ਤੱਕ ਅਖਿਲ ਭਾਰਤੀ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਰਿਹਾ, ਜੋ ਮਹਾਰਾਸ਼ਟਰ ਦਾ ਮੁੱਖ ਹਿੰਦੂ ਆਗੂ ਅਤੇ ਆਰ. ਐਸ਼ ਐਸ਼ ਦੇ ਮੋਢੀ ਕੇ. ਬੀ. ਹੈਡਗਵਾਰ ਦਾ ਸਿਆਸੀ ਗੁਰੂ ਸੀ। ਉਸ ਦਾ ਯਕੀਨ ਸੀ ਕਿ ਹਿੰਦੂ ਦੋ ਤਰ੍ਹਾਂ ਦੇ ਦਾਬੇ ਹੇਠ ਪਿਸ ਰਹੇ ਹਨ: ‘ਅੰਗਰੇਜ਼ੀ ਹੁਕਮਰਾਨਾਂ ਦਾ ਅਤਿਅੰਤ ਤਾਕਤਵਰ ਮਸ਼ੀਨ ਗੰਨਾਂ ‘ਤੇ ਆਧਾਰਤ ਦਾਬਾ ਅਤੇ ਦੂਜਾ ਮੁਸਲਮਾਨਾਂ ਦਾ ਹਮਲਾਵਰ ਮਾਨਸਿਕਤਾ ਵਾਲਾ ਦਾਬਾ।’ ਅੰਗਰੇਜ਼ ਦੇ ਦਾਬੇ ਨਾਲ ਟੱਕਰ ਲੈਣ ਦੀ ਥਾਂ ਉਸ ਨੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਮੁੱਖ ਦੁਸ਼ਮਣ ਦੱਸਿਆ।
ਇਸ ਵਿਚਾਰ ਨੂੰ ਮਹਾਰਾਸ਼ਟਰ ਦੇ ਵੱਡੀ ਗਿਣਤੀ ਲੋਕ, ਖਾਸ ਕਰ ਬ੍ਰਾਹਮਣ ਸਹੀ ਸਮਝਦੇ ਸਨ। ਜਿਵੇਂ ਇਤਾਲਵੀ ਵਿਦਵਾਨ ਮਾਰਜ਼ੀਆ ਕਾਸੋਲਰੀ ਕਹਿੰਦੀ ਹੈ, ‘ਜਾਪਦਾ ਹੈ, ਦੂਜੀ ਸੰਸਾਰ ਜੰਗ ਦੌਰਾਨ ਅਤੇ ਉਸ ਪਿਛੋਂ ਦੇ ਸਾਲਾਂ ਵਿਚ ਕੱਟੜਪੰਥੀ ਹਿੰਦੂ ਜਥੇਬੰਦੀਆਂ ਅੰਗਰੇਜ਼ਾਂ ਪ੍ਰਤੀ ਸੁਲਾਹ-ਸਫਾਈ ਦੀ ਨੀਤੀ ਅਤੇ ਡਿਕਟੇਟਰਾਂ ਪ੍ਰਤੀ ਹਮਦਰਦੀ ਵਾਲੀ ਨੀਤੀ ਦਰਮਿਆਨ ਬੇਚੈਨੀ ਨਾਲ ਝੂਲ ਰਹੀਆਂ ਸਨ।’ ‘ਉਹ ਅੰਗਰੇਜ਼ਾਂ ਨਾਲ ਲੜਨ ਦੀ ਥਾਂ ਕਥਿਤ ਅੰਦਰੂਨੀ ਦੁਸ਼ਮਣਾਂ ਨਾਲ ਲੜਨ ਲਈ ਹਥਿਆਰਬੰਦ ਹੋ ਰਹੀਆਂ ਸਨ ਅਤੇ ਇਸ ਦੀ ਤਿਆਰੀ ਕਰ ਰਹੀਆਂ ਸਨ।’ ਜਾਪਦਾ ਹੈ ਕਿ ‘ਅੰਦਰੂਨੀ ਦੁਸ਼ਮਣਾਂ’ ਨਾਲ ਲੜਨ ਦੀ ਲੋੜ ਨੇ ਹੀ ਮੂੰਜੇ ਨੂੰ ਫਾਸ਼ੀਵਾਦੀ ਸਿਖਲਾਈ ਪ੍ਰੋਗਰਾਮ ਸਿੱਖਣ ਲਈ ਉਤਸ਼ਾਹਤ ਕੀਤਾ। ਮੂੰਜੇ ਨੂੰ 1931 ਦੀ ਗੋਲ ਮੇਜ਼ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਹਿੰਦੂ ਮਹਾਂ ਸਭਾ ਦੇ ਨੁਮਾਇੰਦੇ ਵਜੋਂ ਚੁਣਿਆ ਸੀ। ਇਸ ਦੀ ਬਦੌਲਤ ਹੀ ਉਸ ਨੇ ਯੂਰਪ ਦੀ ਫੇਰੀ ਦਾ ਪ੍ਰੋਗਰਾਮ ਬਣਾਇਆ। ਇਸ ਦੌਰਾਨ ਉਸ ਦੀ ਇਟਲੀ ਵਿਚ ਲੰਮੀ ਠਹਿਰ ਵੀ ਸ਼ਾਮਲ ਸੀ। ਕਾਨਫਰੰਸ ਪਿਛੋਂ ਉਹ ਪਹਿਲਾਂ ਫਰਾਂਸ ਗਿਆ, ਫਿਰ ਜਰਮਨੀ ਅਤੇ ਫਿਰ 15 ਮਾਰਚ ਤੋਂ ਲੈ ਕੇ 24 ਮਾਰਚ ਤੱਕ ਉਸ ਨੇ ਰੋਮ ਵਿਚ ਪੜਾਅ ਕੀਤਾ।
ਆਪਣੀ ਡਾਇਰੀ ਵਿਚ ਮੂੰਜੇ ਰੋਮ ਦੀ ਫੇਰੀ ਬਾਰੇ ਤਫਸੀਲ ਨਾਲ ਲਿਖਦਾ ਹੈ, ਜਿਸ ਵਿਚ ਮਿਲਟਰੀ ਕਾਲਜ, ਸੈਂਟਰਲ ਮਿਲਟਰੀ ਸਕੂਲ ਆਫ ਫਿਜ਼ੀਕਲ ਐਜੂਕੇਸ਼ਨ, ਦਿ ਫਾਸਿਸਟ ਅਕੈਡਮੀ ਆਫ ਫਿਜ਼ੀਕਲ ਐਜੂਕੇਸ਼ਨ ਅਤੇ ਬਲਿਲਾ ਤੇ ਅਵਾਨਗੁਆਰਦਿਸਟੀ ਜਥੇਬੰਦੀਆਂ ਦੇ ਕੰਮਕਾਰ ਦਾ ਅਧਿਐਨ ਕਰਨ ਲਈ ਦੌਰੇ ਸ਼ਾਮਲ ਹਨ। ਇਹ ਸਭ ਇਟਲੀ ਦੇ ਫਾਸ਼ੀਵਾਦੀ ਨੌਜਵਾਨ ਗਰੁਪ ਓਪੇਰਾ ਨੈਸ਼ਨਲ ਬਲਿਲਾ (ਓ. ਐਨ. ਬੀ.) ਦੀਆਂ ਉਪ ਜਥੇਬੰਦੀਆਂ ਹਨ। ਮਹਾਂਸਭਾ ਆਗੂ ਇਨ੍ਹਾਂ ਜਥੇਬੰਦੀਆਂ ਤੋਂ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ, ਜੋ ਨੌਜਵਾਨ ਮੁੰਡੇ-ਕੁੜੀਆਂ ਦੇ ਦਿਮਾਗ ਵਿਚ ਫਾਸ਼ੀਵਾਦ ਦੀ ਸੋਚ ਕੁੱਟ-ਕੁੱਟ ਕੇ ਭਰਨ ਦਾ ਮੁੱਖ ਸਾਧਨ ਸੀ। ਮੂੰਜੇ ਅਨੁਸਾਰ ‘ਜਥੇਬੰਦੀ ਦੀ ਪੂਰੀ ਧਾਰਨਾ ਅਤੇ ਬਲਿਲਾ ਸੰਸਥਾਵਾਂ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹਾਲਾਂਕਿ ਉਚ ਪਾਏ ਦਾ ਅਨੁਸ਼ਾਸਨ ਅਤੇ ਸੰਗਠਨ ਅਜੇ ਵੀ ਨਹੀਂ ਹੈ। ਇਟਲੀ ਦੀ ਫੌਜੀ ਮੁੜ-ਸੁਰਜੀਤੀ ਲਈ ਇਹ ਸਮੁੱਚਾ ਵਿਚਾਰ ਮੁਸੋਲਿਨੀ ਦੀ ਦੇਣ ਹੈ। ਇਤਾਲਵੀ ਲੋਕ ਆਮ ਭਾਰਤੀਆਂ ਵਾਂਗ ਸਹਿਜਪਸੰਦ ਅਤੇ ਅਸੈਨਿਕ ਸੁਭਾਅ ਦੇ ਹਨ। ਭਾਰਤੀਆਂ ਵਾਂਗ ਉਨ੍ਹਾਂ ਨੇ ਸ਼ਾਂਤੀ ਦੀ ਪਰਵਰਿਸ਼ ਕੀਤੀ ਹੈ ਅਤੇ ਯੁੱਧ ਕਲਾ ਦੀ ਮੁਹਾਰਤ ਹਾਸਲ ਕਰਨ ਨੂੰ ਅੱਖੋਂ ਪਰੋਖੇ ਕੀਤਾ ਹੈ। ਮੁਸੋਲਿਨੀ ਨੇ ਆਪਣੇ ਮੁਲਕ ਦੀ ਨਾ ਦੂਰ ਹੋਣ ਵਾਲੀ ਕਮਜ਼ੋਰੀ ਨੂੰ ਦੇਖਿਆ ਅਤੇ ਬਲਿਲਾ ਜਥੇਬੰਦੀ ਦਾ ਵਿਚਾਰ ਪੇਸ਼ ਕੀਤਾ… ਇਟਲੀ ਦੀ ਫੌਜੀ ਜਥੇਬੰਦੀ ਲਈ ਕੋਈ ਹੋਰ ਬਿਹਤਰ ਤਜਵੀਜ਼ ਨਹੀਂ ਹੋ ਸਕਦੀ ਸੀ…ਫਾਸ਼ੀਵਾਦ ਦਾ ਵਿਚਾਰ ਸਪਸ਼ਟ ਰੂਪ ਵਿਚ ਜਨਤਾ ਵਿਚਾਲੇ ਏਕਤਾ ਦੀ ਧਾਰਨਾ ਲਿਆਉਂਦਾ ਹੈ।…ਭਾਰਤ, ਵਿਸ਼ੇਸ਼ ਕਰਕੇ ਹਿੰਦੂ ਭਾਰਤ ਨੂੰ ਹਿੰਦੂਆਂ ਵਿਚ ਫੌਜੀ ਮੁਹਾਰਤ ਦੀ ਮੁੜ-ਸੁਰਜੀਤੀ ਲਈ ਅਜਿਹੀ ਹੀ ਕਿਸੇ ਜਥੇਬੰਦੀ ਦੀ ਲੋੜ ਹੈ ਤਾਂ ਜੋ ਹਿੰਦੂਆਂ ਵਿਚਾਲੇ ਫੌਜੀ ਅਤੇ ਗੈਰ ਫੌਜੀ ਵਰਗਾਂ ਦਾ ਬਨਾਉਟੀ ਵਖਰੇਵਾਂ, ਜਿਸ ‘ਤੇ ਅੰਗਰੇਜ਼ਾਂ ਨੇ ਐਨਾ ਵੱਧ ਜ਼ੋਰ ਦਿੱਤਾ ਹੈ, ਖਤਮ ਹੋ ਸਕੇ।’
18 ਮਾਰਚ ਨੂੰ ਮੂੰਜੇ ਨੂੰ ਰੋਮ ਦੇ ਵਿਦੇਸ਼ ਮਾਮਲਿਆਂ ਦੇ ਦਫਤਰ ਦੀ ਚਿੱਠੀ ਮਿਲੀ ਕਿ ਮੁਸੋਲਿਨੀ ਉਸ ਨੂੰ 19 ਮਾਰਚ ਨੂੰ ਸ਼ਾਮ ਦੇ 6:30 ਵਜੇ ਫਾਸ਼ੀਵਾਦੀ ਸਰਕਾਰ ਸਦਰ-ਮੁਕਾਮ ਪਲਾਜ਼ੋ ਵੈਨੇਜ਼ੀਆ ਵਿਖੇ ਮਿਲੇਗਾ। ਮੂੰਜੇ ਦੇ 20 ਮਾਰਚ ਦੇ ਇੰਦਰਾਜ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਮਹਿਲ ਵਿਚ ਐਨ ਸਹੀ ਵਕਤ ਪਹੁੰਚ ਗਿਆ ਸੀ।
‘ਇਹ ਮਹਿਲ ਪੁਰਾਣੀਆਂ ਇਤਿਹਾਸਕ ਇਮਾਰਤਾਂ ਵਿਚੋਂ ਇਕ ਹੈ ਅਤੇ ਇਸ ਵਿਚ ਵੱਡੇ ਹਾਲ ਕਮਰੇ ਹਨ। ਛੇਤੀ ਹੀ ਮੈਨੂੰ ਅੰਦਰ ਸੱਦ ਲਿਆ ਗਿਆ। ਜਨਾਬ ਮੁਸੋਲਿਨੀ ਇਨ੍ਹਾਂ ਵੱਡੇ ਹਾਲ ਕਮਰਿਆਂ ਵਿਚੋਂ ਇਕ ਹਾਲ ਕਮਰੇ ਦੇ ਇਕ ਖੂੰਜੇ ਵਿਚ ਲਾਏ ਮੇਜ ਦੇ ਪਿੱਛੇ ਇਕੱਲੇ ਬੈਠੇ ਸਨ। ਜਿਉਂ ਹੀ ਦਰਵਾਜੇ ‘ਤੇ ਮੇਰੇ ਆਉਣ ਦੀ ਇਤਲਾਹ ਦਿੱਤੀ ਗਈ, ਉਹ ਉਠ ਕੇ ਖੜ੍ਹੇ ਹੋ ਗਏ ਅਤੇ ਮੇਰਾ ਸਵਾਗਤ ਕਰਨ ਲਈ ਆਏ। ਮੈਂ ਇਹ ਕਹਿ ਕੇ ਉਸ ਨਾਲ ਹੱਥ ਮਿਲਾਇਆ ਕਿ ਮੈਂ ਡਾਕਟਰ ਮੂੰਜੇ ਹਾਂ। ਉਹ ਮੇਰੇ ਬਾਬਤ ਸਭ ਕੁਝ ਜਾਣਦਾ ਸੀ ਅਤੇ ਲੱਗਦਾ ਸੀ, ਭਾਰਤੀ ਜੰਗੇ-ਆਜ਼ਾਦੀ ਦੀਆਂ ਘਟਨਾਵਾਂ ‘ਤੇ ਨੇੜਿਉਂ ਨਜ਼ਰ ਰੱਖ ਰਿਹਾ ਸੀ। ਜਾਪਦਾ ਸੀ, ਗਾਂਧੀ ਜੀ ਲਈ ਉਸ ਦੇ ਮਨ ਵਿਚ ਬਹੁਤ ਸਤਿਕਾਰ ਸੀ। ਉਹ ਮੇਰੇ ਸਾਹਮਣੇ ਇਕ ਹੋਰ ਕੁਰਸੀ ‘ਤੇ ਆਪਣੀ ਮੇਜ ਦੇ ਅੱਗੇ ਬੈਠ ਗਿਆ ਅਤੇ ਮੇਰੇ ਨਾਲ ਅੱਧਾ ਘੰਟਾ ਗੱਲਬਾਤ ਕਰਦਾ ਰਿਹਾ। ਉਸ ਨੇ ਮੈਥੋਂ ਗਾਂਧੀ ਅਤੇ ਉਸ ਦੇ ਅੰਦੋਲਨ ਬਾਰੇ ਪੁੱਛਿਆ ਅਤੇ ਸਿੱਧਾ ਸਪਾਟ ਸਵਾਲ ਕੀਤਾ, ‘ਕੀ ਗੋਲਮੇਜ ਕਾਨਫਰੰਸ ਨਾਲ ਭਾਰਤ ਅਤੇ ਇੰਗਲੈਂਡ ਵਿਚਾਲੇ ਸ਼ਾਂਤੀ ਕਾਇਮ ਹੋ ਜਾਵੇਗੀ?’
ਮੈਂ ਕਿਹਾ, ‘ਜੇ ਬਰਤਾਨੀਆ ਸਾਨੂੰ ਸਾਮਰਾਜ ਦੀਆਂ ਹੋਰ ਆਜ਼ਾਦ ਬਸਤੀਆਂ ਦੇ ਬਰਾਬਰ ਦਰਜਾ ਦੇਣ ਵਿਚ ਇਮਾਨਦਾਰੀ ਵਾਲੀ ਇੱਛਾ ਰੱਖਦਾ ਹੈ ਤਾਂ ਸਾਮਰਾਜ ਅੰਦਰ ਸ਼ਾਂਤੀ ਅਤੇ ਵਫਾਦਾਰੀ ਨਾਲ ਰਹਿਣ ਵਿਚ ਸਾਨੂੰ ਕੋਈ ਉਜ਼ਰ ਨਹੀਂ ਹੋਵੇਗਾ। ਨਹੀਂ ਤਾਂ ਸੰਘਰਸ਼ ਫਿਰ ਸ਼ੁਰੂ ਹੋ ਜਾਵੇਗਾ ਅਤੇ ਚੱਲਦਾ ਰਹੇਗਾ। ਜੇ ਭਾਰਤ ਦੇ ਬਰਤਾਨੀਆ ਨਾਲ ਦੋਸਤੀ ਅਤੇ ਸ਼ਾਂਤੀ ਵਾਲੇ ਸਬੰਧ ਰਹਿੰਦੇ ਹਨ ਤਾਂ ਬਰਤਾਨੀਆ ਨੂੰ ਫਾਇਦਾ ਹੋਵੇਗਾ ਅਤੇ ਉਹ ਯੂਰਪੀ ਕੌਮਾਂ ਵਿਚ ਆਪਣੀ ਪ੍ਰਧਾਨ ਹੈਸੀਅਤ ਬਰਕਰਾਰ ਰੱਖ ਸਕਦਾ ਹੈ; ਤੇ ਭਾਰਤ ਨਾਲ ਬਰਤਾਨੀਆ ਦੇ ਇਹ ਰਿਸ਼ਤੇ ਉਦੋਂ ਤੱਕ ਨਹੀਂ ਬਣ ਸਕਦੇ, ਜਦ ਤੱਕ ਉਹ ਸਾਨੂੰ ਹੋਰ ਆਜ਼ਾਦ ਬਸਤੀਆਂ ਦੇ ਬਰਾਬਰ ਆਜ਼ਾਦ ਬਸਤੀ (ਡੁਮੀਨੀਅਨ ਸਟੇਟਸ) ਦਾ ਦਰਜਾ ਨਹੀਂ ਦਿੰਦਾ।’
ਮੇਰੀ ਇਸ ਟਿੱਪਣੀ ਨਾਲ ਜਨਾਬ ਮੁਸੋਲਿਨੀ ਪ੍ਰਭਾਵਿਤ ਨਜ਼ਰ ਆਏ। ਫਿਰ ਉਨ੍ਹਾਂ ਪੁੱਛਿਆ, ਕੀ ਮੈਂ ਯੂਨੀਵਰਸਿਟੀ ਵਿਚ ਗੇੜਾ ਮਾਰਿਆ ਹੈ? ਮੈਂ ਕਿਹਾ, ‘ਮੁੰਡਿਆਂ ਦੀ ਫੌਜੀ ਸਿਖਲਾਈ ਵਿਚ ਮੇਰੀ ਦਿਲਚਸਪੀ ਹੈ, ਤੇ ਮੈਂ ਇੰਗਲੈਂਡ, ਫਰਾਂਸ ਅਤੇ ਜਰਮਨੀ ਦੇ ਫੌਜੀ ਸਕੂਲ ਵੀ ਦੇਖੇ ਹਨ। ਇਸੇ ਉਦੇਸ਼ ਨਾਲ ਮੈਂ ਇਟਲੀ ਆਇਆ ਹਾਂ ਅਤੇ ਬੜਾ ਅਹਿਸਾਨਮੰਦ ਹਾਂ ਕਿ ਵਿਦੇਸ਼ੀ ਅਤੇ ਸੁਰੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਦੀ ਮੇਰੀ ਫੇਰੀ ਲਈ ਵਧੀਆ ਇੰਤਜ਼ਾਮ ਕੀਤਾ ਹੈ। ਅੱਜ ਸਵੇਰੇ ਅਤੇ ਬਾਅਦ ਦੁਪਹਿਰ ਵੀ ਮੈਂ ਬਲਿਲਾ ਅਤੇ (ਫਾਸ਼ੀਵਾਦੀ) ਜਥੇਬੰਦੀਆਂ ਨੂੰ ਦੇਖਿਆ, ਤੇ ਮੈਂ ਬਹੁਤ ਪ੍ਰਭਾਵਿਤ ਹੋਇਆ। ਇਟਲੀ ਨੂੰ ਆਪਣੇ ਵਿਕਾਸ ਅਤੇ ਸਾਧਨ-ਸੰਪਨ ਹੋਣ ਲਈ ਇਸ ਦੀ ਲੋੜ ਹੈ। ਮੈਨੂੰ ਕੋਈ ਚੀਜ਼ ਇਤਰਾਜ਼ਯੋਗ ਨਹੀਂ ਲੱਗੀ ਹਾਲਾਂਕਿ ਮੈਂ ਇਨ੍ਹਾਂ ਅਤੇ ਤੁਹਾਡੇ ਬਾਰੇ ਆਲੋਚਨਾਵਾਂ ਅਕਸਰ ਅਖਬਾਰਾਂ ਵਿਚ ਪੜ੍ਹਦਾ ਰਿਹਾ ਹਾਂ, ਜੋ ਬਹੁਤੀਆਂ ਉਸਾਰੂ ਨਹੀਂ ਹੁੰਦੀਆਂ।’
ਜਨਾਬ ਮੁਸੋਲਿਨੀ: ਉਨ੍ਹਾਂ ਬਾਬਤ ਤੁਹਾਡੀ ਕੀ ਰਾਇ ਹੈ?
ਡਾ. ਮੂੰਜੇ: ਜਨਾਬ ਮੈਂ ਬਹੁਤ ਪ੍ਰਭਾਵਿਤ ਹਾਂ। ਹਰ ਉਚੇਰੀਆਂ ਇੱਛਾਵਾਂ ਅਤੇ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਰਹੇ ਮੁੱਖ ਰਾਸ਼ਟਰ ਨੂੰ ਅਜਿਹੀਆਂ ਜਥੇਬੰਦੀਆਂ ਦੀ ਬਹੁਤ ਲੋੜ ਹੈ। ਭਾਰਤ ਨੂੰ ਆਪਣੀ ਫੌਜੀ ਮੁੜ-ਸੁਰਜੀਤੀ ਲਈ ਇਨ੍ਹਾਂ ਦੀ ਬੇਹੱਦ ਲੋੜ ਹੈ। ਪਿਛਲੇ 150 ਸਾਲਾਂ ਵਿਚ ਬਰਤਾਨਵੀ ਜਬਰ ਅਤੇ ਗੁਲਾਮੀ ਦੌਰਾਨ ਭਾਰਤੀਆਂ ਨੂੰ ਫੌਜੀ ਪੇਸ਼ੇ ਤੋਂ ਅਲਹਿਦਾ ਰੱਖਿਆ ਗਿਆ ਹੈ, ਪਰ ਭਾਰਤ ਹੁਣ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿਚ ਲੈਣ ਦੀ ਤਿਆਰੀ ਕਰਨ ਦਾ ਖਾਹਸ਼ਮੰਦ ਹੈ ਅਤੇ ਮੈਂ ਇਸੇ ਕੰਮ ਵਿਚ ਜੁਟਿਆ ਹੋਇਆ ਹਾਂ। ਅਸੀਂ (ਮੈਂ) ਖੁਦ ਆਪਣੀ ਜਥੇਬੰਦੀ ਸ਼ੁਰੂ ਕੀਤੀ ਹੈ। ਜਿਸ ਦੀ ਕਲਪਨਾ ਆਜ਼ਾਦਾਨਾ ਤੌਰ ‘ਤੇ ਇਨ੍ਹਾਂ ਹੀ ਉਦੇਸ਼ਾਂ ਨੂੰ ਲੈ ਕੇ ਕੀਤੀ ਗਈ ਹੈ। ਮੌਕਾ ਆਉਣ ‘ਤੇ ਤੁਹਾਡੇ ਬਲਿਲਾ ਅਤੇ ਫਾਸ਼ੀਵਾਦੀ ਜਥੇਬੰਦੀਆਂ ਦੀ ਤਾਰੀਫ ਵਿਚ ਮੈਂ ਭਾਰਤ ਅਤੇ ਇੰਗਲੈਂਡ-ਦੋਹਾਂ ਮੁਲਕਾਂ ਵਿਚ, ਆਮ ਲੋਕਾਂ ਦੇ ਖੁੱਲ੍ਹੇ ਮੰਚਾਂ ਤੋਂ ਆਵਾਜ਼ ਉਠਾਉਣ ਤੋਂ ਸੰਕੋਚ ਨਹੀਂ ਕਰਾਂਗਾ। ਮੈਂ ਉਨ੍ਹਾਂ ਦੀ ਹਰ ਕਾਮਯਾਬੀ ਦੀ ਕਾਮਨਾ ਕਰਦਾ ਹਾਂ। ਮੇਰੀਆਂ ਸ਼ੁੱਭ ਇਛਾਵਾਂ ਤੁਹਾਡੇ ਨਾਲ ਹਨ।’
ਜਨਾਬ ਮੁਸੋਲਿਨੀ, ਜੋ ਬਹੁਤ ਖੁਸ਼ ਨਜ਼ਰ ਆ ਰਹੇ ਸਨ, ਨੇ ਕਿਹਾ, ਮਿਹਰਬਾਨੀ!…ਪਰ ਤੁਹਾਡਾ ਕੰਮ ਮੁਸ਼ਕਿਲ ਹੈ। ਫਿਰ ਵੀ ਮੈਂ ਤੁਹਾਡੀ ਹਰ ਕਾਮਯਾਬੀ ਦੀ ਕਾਮਨਾ ਕਰਦਾ ਹਾਂ। ਇਹ ਕਹਿ ਕੇ ਉਹ ਉਠ ਖੜ੍ਹੇ ਹੋਏ ਅਤੇ ਮੈਂ ਵੀ ਉਨ੍ਹਾਂ ਤੋਂ ਵਿਦਾਇਗੀ ਲੈਣ ਲਈ ਖੜ੍ਹਾ ਹੋ ਗਿਆ; ਪਰਉਹ ਬੋਲੇ, ‘ਨਹੀਂ ਅਜੇ ਨਹੀਂ, ਮੈਂ ਤੁਹਾਨੂੰ ਦਰਵਾਜੇ ਤੱਕ ਛੱਡ ਕੇ ਆਵਾਂਗਾ।’ ਉਹ ਉਠ ਕੇ ਦਰਵਾਜੇ ਤੱਕ ਚੱਲ ਕੇ ਆਏ ਅਤੇ ਮੈਨੂੰ ਅਲਵਿਦਾ ਕਹਿੰਦਿਆਂ ਘੁੱਟ ਕੇ ਹੱਥ ਮਿਲਾਇਆ ਅਤੇ ਸ਼ੁਭ ਇੱਛਾਵਾਂ ਕਹੀਆਂ।’
ਕਾਸੋਲਰੀ ਅਨੁਸਾਰ ਮੂੰਜੇ-ਮੁਸੋਲਿਨੀ ਮੁਲਾਕਾਤ ਬਾਰੇ ਇਟਲੀ ਵਿਚ ਕੋਈ ਰਿਪੋਰਟ ਨਹੀਂ ਹੈ; ਜਦਕਿ ਉਹ ਰੁਟੀਨ ਦੇ ਦਸਤਾਵੇਜ਼ੀ ਰਿਕਾਰਡ ਵਿਚ ਉਹ ਇਹ ਲੱਭਣ ਵਿਚ ਕਾਮਯਾਬ ਹੋ ਗਈ-ਮੂੰਜੇ ਵਲੋਂ ਮੁਲਾਕਾਤ ਲਈ 16 ਮਾਰਚ 1931 ਦੀ ਤਰੀਕ ਦੀ ਗੁਜ਼ਾਰਿਸ਼ ਅਤੇ ਉਸ ਦੇ ਜਵਾਬ ਵਿਚ ਵਿਦੇਸ਼ ਮਾਮਲਿਆਂ ਦੇ ਮੰਤਰੀ ਵਲੋਂ 18 ਮਾਰਚ ਨੂੰ ਦਿੱਤਾ ਇਸ ਦਾ ਜਵਾਬ। ਇਹ ਗੱਲ ਕਿ ਉਸ ਨੂੰ ਰੋਮ ਦੇ ਵਿਦੇਸ਼ ਮਾਮਲਿਆਂ ਦੇ ਦਫਤਰ ਦੀ ਚਿੱਠੀ ਮਿਲੀ, ਇਹ ਮੂੰਜੇ ਦੀ ਡਾਇਰੀ ਵਿਚ ਵੀ ਦਰਜ ਹੈ। ਕਾਸੋਲਰੀ ਅਨੁਸਾਰ ਅੰਗਰੇਜ਼ ਅਫਸਰਾਂ ਨੇ ਹੀ ਮੂੰਜੇ ਦੀ ਮੁਸੋਲਿਨੀ ਨਾਲ ਮੁਲਾਕਾਤ ਦਾ ਇੰਤਜ਼ਾਮ ਕੀਤਾ। ਅੰਗਰੇਜ਼ ਅਫਸਰਾਂ ਨੇ ਅਜਿਹਾ ਕਿਉਂ ਕੀਤਾ, ਇਹ ਅਜੇ ਵੀ ਭੇਤ ਹੈ।
ਭਾਰਤ ਵਾਪਸ ਆ ਕੇ ਮੂੰਜੇ ਨੇ ਫਾਸ਼ੀਵਾਦ ਰਾਜ ਦੇ ਸੈਂਟਰਲ ਮਿਲਟਰੀ ਸਕੂਲ ਫਾਰ ਫਿਜ਼ੀਕਲ ਐਜੂਕੇਸ਼ਨ ਦੀ ਤਰਜ਼ ‘ਤੇ 1934 ਵਿਚ ਸੈਂਟਰਲ ਹਿੰਦੂ ਮਿਲਟਰੀ ਐਜੂਕੇਸ਼ਨ ਸੁਸਾਇਟੀ ਬਣਾਈ। ਇਸ ਦਾ ਉਦੇਸ਼ ‘ਹਿੰਦੂਆਂ ਵਿਚ ਮੁੜ ਯੋਧਿਆਂ ਵਾਲੀ ਰੂਹ ਫੂਕਣਾ ਅਤੇ ਹਿੰਦੂ ਨੌਜਵਾਨਾਂ ਨੂੰ ਆਪਣੀ ਮਾਤ ਭੂਮੀ ਦੀ ਰੱਖਿਆ ਦਾ ਸੰਪੂਰਨ ਜ਼ਿੰਮਾ ਲੈਣ ਦੇ ਕਾਬਲ ਬਣਾਉਣਾ, ਉਨ੍ਹਾਂ ਨੂੰ ਸਨਾਤਨ ਧਰਮ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਨੂੰ ਨਿੱਜੀ ਤੇ ਕੌਮੀ ਸੁਰੱਖਿਆ ਦੀ ਕਲਾ ਅਤੇ ਯੁੱਧ ਵਿਗਿਆਨ ਦੀ ਸਮਝ ਨਾਲ ਲੈਸ ਕਰਨਾ’ ਸੀ। ਇਸੇ ਸੁਸਾਇਟੀ ਦੀ ਛਤਰਛਾਇਆ ਹੇਠ ਭੋਂਸਲਾ ਮਿਲਟਰੀ ਸਕੂਲ ਦੀ ਸਥਾਪਨਾ ਕੀਤੀ ਗਈ।
(ਚਲਦਾ)