ਕਲਾਕਾਰ ਅਤੇ ਸਟੇਜ ਦਾ ਰੌਲਾ!

ਤਰਲੋਚਨ ਸਿੰਘ ‘ਦੁਪਾਲ ਪੁਰ’
ਫੋਨ: 408-915-1268
ਲੋਕ ਸੰਪਰਕ ਵਿਭਾਗ ਤੋਂ ਸੇਵਾ ਮੁਕਤ ਹੋਣ ਉਪਰੰਤ ਪ੍ਰਸਿੱਧ ਨਾਟਕਕਾਰ ਸਵਰਗੀ ਚਰਨ ਸਿੰਘ ਸਿੰਧਰਾ ਸਾਡੇ ਸ਼ਹਿਰ ‘ਚ ਰਹਿੰਦੇ ਆਪਣੇ ਬੇਟੇ ਕੋਲ ਅਮਰੀਕਾ ਆ ਗਏ। ਇੱਥੇ ਆਉਂਦਿਆਂ ਹੀ ਉਨ੍ਹਾਂ ਸਾਹਿਤਕ ਮੱਸ ਰੱਖਦੇ ਮੇਰੇ ਸਮੇਤ ਕੁਝ ਦੋਸਤਾਂ ਨਾਲ ਸੰਪਰਕ ਬਣਾਇਆ ਅਤੇ ਗੁਰਦੁਆਰਾ ਸੈਨ ਹੋਜੇ ਵਿਚ ਕਈ ਧਾਰਮਿਕ-ਇਤਿਹਾਸਕ ਨਾਟਕ ਤਿਆਰ ਕਰਵਾ ਕੇ ਸਟੇਜ ‘ਤੇ ਪੇਸ਼ ਕੀਤੇ।

ਵਿਹਲ ਦੇ ਪਲਾਂ ਦੌਰਾਨ ਉਹ ਆਪਣੀ ਸਰਕਾਰੀ ਨੌਕਰੀ ਦੌਰਾਨ ਵਾਪਰੇ ਕਈ ਦਿਲਚਸਪ ਕਿੱਸੇ ਸੁਣਾਉਂਦੇ ਰਹਿੰਦੇ। ਪੁਰਾਣੇ ਵੇਲਿਆਂ ਦੀ ਇੱਕ ਵਾਰਤਾ ਸੁਣਾਉਂਦਿਆਂ ਉਨ੍ਹਾਂ ਦੱਸਿਆ ਕਿ ਇੱਕ ਵਾਰ ਉਹ ਦੂਰ ਦਰਾਜ ਦੇ ਕਿਸੇ ਪਿੰਡ ਨਾਟਕ ਕਰਨ ਪਹੁੰਚੇ। ਉਨ੍ਹੀਂ ਦਿਨੀਂ ਪੇਂਡੂ ਇਲਾਕਿਆਂ ‘ਚ ਦੋ ਗੱਡੇ ਜਾਂ ਰੇੜ੍ਹੀਆਂ ਪਿੱਠਾਂ ਜੋੜ ਕੇ ਖੜ੍ਹੀਆਂ ਕਰ ਲਈਆਂ ਜਾਂਦੀਆਂ ਅਤੇ ਉਨ੍ਹਾਂ ‘ਤੇ ਦਰੀਆਂ ਵਗੈਰਾ ਵਿਛਾ ਕੇ ਸਟੇਜ ਬਣਾ ਲੈਂਦੇ।
ਸ਼ ਸਿੰਧਰਾ ਕਹਿੰਦੇ, ਸਾਡੀ ਟੀਮ ਸ਼ਾਮ ਨੂੰ ਉਸ ਪਿੰਡ ਜਾ ਪਹੁੰਚੀ। ਸਰਪੰਚ ਦੇ ਘਰ ਚਾਹ-ਪਾਣੀ ਪੀ ਕੇ ਅਸੀਂ ਦੋ ਤਿੰਨ ਜਣੇ ਪਿੰਡ ਦੇ ਵਿਚਾਲੇ ਖਾਲੀ ਪਏ ਤੌੜ ਵਿਚ ਖੜ੍ਹ ਕੇ ਅੰਦਾਜ਼ੇ ਲਾਉਣ ਲੱਗੇ ਕਿ ‘ਸਟੇਜ’ ਕਿੱਧਰ ਬਣਾਈ ਜਾਵੇ ਤੇ ਸਰੋਤੇ ਕਿਹੜੇ ਪਾਸੇ ਬਿਠਾਏ ਜਾਣੇ ਸੂਤ ਰਹਿਣਗੇ। ਪਿੰਡ ਦੇ ਕੁਝ ਮੁੰਡੇ ਰੇੜ੍ਹੀਆਂ ਲੈ ਕੇ ਵੀ ਉਸ ਤੌੜ ਵਿਚ ਆ ਗਏ। ਆਪਣੇ ਅਨੁਮਾਨ ਅਨੁਸਾਰ ਅਸੀਂ ਇੱਕ ਸਾਈਡ ਰੇੜ੍ਹੀਆਂ ਦੀਆਂ ਪਿੱਠਾਂ ਜੋੜ ਕੇ ਖੜ੍ਹੀਆਂ ਕਰਵਾ ਲਈਆਂ। ਰੇੜ੍ਹੀਆਂ ਵੱਲ ਦੇਖ ਕੇ ਸਾਡੀ ਟੀਮ ਦਾ ਇੱਕ ਮੈਂਬਰ ਕਹਿਣ ਲੱਗਾ, ਜੇ ਏਧਰ ਦੀ ਥਾਂ ਸਟੇਜ ਦੂਜੇ ਪਾਸੇ ਬਣਾਈ ਜਾਏ ਤਾਂ ਸਰੋਤਿਆਂ ਦੇ ਬਹਿਣ ਲਈ ਕਾਫੀ ਖੁੱਲ੍ਹੀ ਥਾਂ ਹੋ ਜਾਵੇਗੀ। ਉਹਦੇ ਸੁਝਾਅ ਅਨੁਸਾਰ ਅਸੀਂ ਮੁੰਡਿਆਂ ਨੂੰ ਕਿਹਾ, ਕਾਕਾ ਉਧਰੋਂ ਰੇੜ੍ਹੀਆਂ ਧੱਕ ਲਿਆਓ ਤੇ ਏਧਰਲੇ ਪਾਸੇ ਬੀੜੋ। ਖਿੱਚ-ਧੂਹ ਜਿਹੀ ਕਰਦਿਆਂ ਮੁੰਡਿਆਂ ਨੇ ਰੇੜ੍ਹੀਆਂ ਦੀ ਥਾਂ ਬਦਲ ਦਿੱਤੀ।
ਹੁਣ ਰੇੜ੍ਹੀਆਂ ‘ਤੇ ਖੜ੍ਹੇ ਹੋ ਕੇ ਸਾਡੇ ਇਕ ਕਲਾਕਾਰ ਨੇ ਆਲੇ-ਦੁਆਲੇ ਦੇਖਿਆ ਤੇ ਸਟੇਜ ਲਈ ਇਹ ਥਾਂ ਵੀ ਬਦਲਣ ਲਈ ਕਹਿ ਦਿੱਤਾ, ਅਖੇ ਰੇੜ੍ਹੀਆਂ ਉਤੇ ਦਰਖਤ ਦੀਆਂ ਝੁਕੀਆਂ ਹੋਈਆਂ ਟਾਹਣੀਆਂ ਨਾਟਕ ਖੇਡਣ ਵਿਚ ਅੜਿੱਕਾ ਬਣਨਗੀਆਂ। ਸੋ, ਸਟੇਜ ਤੀਜੇ ਪਾਸੇ ਬਣਾਈ ਜਾਏ। ਸਾਡੇ ਕਹੇ ‘ਤੇ ਪਿੰਡ ਦੇ ਮੁੰਡੇ ਵਿਚਾਰੇ ਫਿਰ ਰੇੜ੍ਹੀਆਂ ਨਾਲ ਘੁਲਣ ਲੱਗੇ ਅਤੇ ਜੋਰ ਜਾਰ ਲਾ ਕੇ ਰੇੜ੍ਹੀਆਂ ਸਾਡੇ ਵਲੋਂ ਸੁਝਾਏ ਤੀਜੇ ਥਾਂ ਫਿੱਟ ਕਰ ਦਿੱਤੀਆਂ।
ਮੁੱਕਦੀ ਗੱਲ, ਸਾਡੀ ਟੀਮ ਦੇ ਦੋ ਹੋਰ ਕਲਾਕਾਰਾਂ ਨੇ ਤੀਜੇ ਥਾਂ ਬਣਾਈ ਸਟੇਜ ਵਿਚ ਵੀ ਕੋਈ ਹੋਰ ਤਕਨੀਕੀ ਨੁਕਸ ਕੱਢ ਦਿੱਤਾ। ਆਖਰ ਅਸੀਂ ਸਭ ਨੇ ਸਲਾਹ ਕੀਤੀ ਕਿ ਸਟੇਜ ਪਹਿਲੇ ਥਾਂ ਹੀ ਸੂਤ ਰਹੂ। ਆਪਸੀ ਰਾਇ ਮਸ਼ਵਰੇ ਪਿਛੋਂ ਸਾਡਾ ਫੈਸਲਾ ਉਡੀਕ ਰਹੇ ਉਨ੍ਹਾਂ ਮੁੰਡਿਆਂ ਨੂੰ ਅਸੀਂ ਕਿਹਾ, ਮੁੰਡਿਓਂ ਤੁਸੀਂ ਥੱਕ ਤਾਂ ਗਏ ਹੋਣੇ ਐਂ, ਪਰ ਰੇੜ੍ਹੀਆਂ ਪਹਿਲੇ ਥਾਂ ਹੀ ਲੈ ਚਲੋ ਪੁੱਤ!
ਜਦ ਅਸੀਂ ਮੁੰਡਿਆਂ ਨੂੰ ਇਸ਼ਾਰੇ ਕਰ ਕਰ ਦੱਸ ਰਹੇ ਸਾਂ ਕਿ ਰੇੜ੍ਹੀਆਂ ਓਥੇ ਕੁ ਫਿੱਟ ਕਰ ਦਿਓ, ਤਾਂ ਉਥੇ ਲਾਗੇ ਹੀ ਬੈਠੇ ਪੰਜ-ਛੇ ਬਜੁਰਗ, ਜੋ ਵਾਰ ਵਾਰ ਰੇੜ੍ਹੀਆਂ ਬਦਲ ਹੁੰਦੀਆਂ ਲਗਾਤਾਰ ਦੇਖੀ ਜਾ ਰਹੇ ਸਨ, ਉਠ ਕੇ ਸਾਡੇ ਕੋਲ ਆ ਖਲੋਤੇ। ਹੈਰਾਨੀ ਨਾਲ ਪੁੱਛਣ ਲੱਗੇ, ਤੁਸੀਂ ਇੱਥੇ ਕਾਹਦਾ ਜੁਗਾੜ ਲਾ ਰਹੇ ਹੋ? ਸਾਡੇ ਮੂੰਹੋਂ ‘ਨਾਟਕ ਖੇਡਣ’ ਵਾਲੀ ਗੱਲ ਸੁਣ ਕੇ ਬਾਕੀ ਜਣੇ ਤਾਂ ਮੁਸਕੜੀਏਂ ਜਿਹੇ ਹੱਸਣ ਲੱਗ ਪਏ, ਪਰ ਇੱਕ ਚੁਸਤ ਜਿਹਾ ਬਜੁਰਗ ਬੋਲਿਆ, “ਫਿਰ ਤੁਸੀਂ ਰੇੜ੍ਹੀਆਂ ਕਾਹਨੂੰ ਐਧਰ-ਓਧਰ ਨੂੰ ਬਦਲੀ ਜਾਨੇ ਓਂ? ਕਰਨਾ ਤਾਂ ਤੁਸੀਂ ‘ਕੰਜਰਪੁਣਾ’ ਈ ਐ, ਰੇੜ੍ਹੀਆਂ ਜਿੱਧਰ ਮਰਜੀ ਖੜ੍ਹਾ ਲਓ!”
ਪਾਠਕ ਜੀ! ਹੁਣ ਤੁਸੀਂ ਇਹ ਨਾ ਪੁੱਛਣ ਲੱਗ ਪਿਓ ਕਿ ਕਲਾਕਾਰਾਂ ਵਲੋਂ ‘ਸਟੇਜ ਫਿੱਟ ਕਰਨ ਦੇ ਰੌਲੇ’ ਵਾਲੀ ਇਹ ਦਿਲਚਸਪ ਵਾਰਤਾ ਹੁਣ ਹੀ ਚੇਤੇ ਕਿਉਂ ਆਈ ਹੈ?
—————————————-
ਵੀਹ ਰੁਪਏ-ਵੀਹ ਡਾਲਰ ਤੇ ਸੱਚੇ ਸੌਦੇ ਵਾਲੀ ਸਾਖੀ
ਸੈਨ ਹੋਜੇ (ਤਰਲੋਚਨ ਸਿੰਘ ਦੁਪਾਲਪੁਰ): ਇਹ ਕੋਈ ਕਾਲਪਨਿਕ ਕਹਾਣੀ ਨਹੀਂ, ਸਗੋਂ ਹਕੀਕੀ ਵਾਕਿਆ ਹੈ, ਜੋ ਬਾਲ ਗੁਰੂ ਨਾਨਕ ਵਲੋਂ ਬਚਪਨ ਵਿਚ ਕੀਤੇ ਸੱਚੇ ਸੌਦੇ ਦੀ ਯਾਦ ਦਿਵਾ ਗਿਆ। ਹੋਇਆ ਇਹ ਕਿ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਸੈਨ ਰਫੈਲ ਲਾਗੇ ਭਿਆਨਕ ਅੱਗ ਲੱਗ ਗਈ। ਸਰਕਾਰੀ ਮਦਦ ਤੋਂ ਇਲਾਵਾ ਹੋਰ ਲੋਕ ਵੀ ਅੱਗ ਤੋਂ ਪੀੜਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ।
ਸਟਾਕਟਨ ਨਿਵਾਸੀ ਨੌਜਵਾਨ ਰਾਜਿੰਦਰ ਸਿੰਘ ਟਾਂਡਾ, ਜੋ ਲੰਮੇ ਅਰਸੇ ਤੋਂ ਆਪਣੇ ਸੰਗੀ ਸਾਥੀਆਂ ਸਮੇਤ ਵੱਖ ਵੱਖ ਸ਼ਹਿਰਾਂ ਦੇ ਬੇਘਰੇ ਤੇ ਲੋੜਵੰਦ ਲੋਕਾਂ ਲਈ ਹਰ ਐਤਵਾਰ ਲੰਗਰ ਲਾਉਂਦੇ ਹਨ, ਉਹ ਜਥਾ ਵੀ ਸੈਨ ਰਫੈਲ ਪਹੁੰਚ ਕੇ ਅੱਗ ਪੀੜਤਾਂ ਨੂੰ ਲੰਗਰ ਛਕਾ ਰਿਹਾ ਹੈ।
ਬੀਤੇ ਦਿਨੀਂ ਅੱਗ ਪੀੜਤਾਂ ‘ਚੋਂ ਇਕ ਗੋਰੀ ਬੀਬੀ ਇਨ੍ਹਾਂ ਨੌਜਵਾਨਾਂ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਭਾਈ ਰਾਜਿੰਦਰ ਸਿੰਘ ਟਾਂਡਾ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੀ ਨਿਗੂਣੀ ਜਿਹੀ ਮਦਦ ਕਰਨੀ ਚਾਹੁੰਦੀ ਹਾਂ। ਭਾਈ ਟਾਂਡਾ ਨੇ ਉਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਜੀ ਸਾਡਾ ਸੇਵਕ ਜਥਾ ਆਪਣੇ ਹੀ ਦਸਵੰਧ ਨਾਲ ਇਹ ਸੇਵਾਵਾਂ ਕਰ ਰਿਹਾ ਹੈ, ਅਸੀਂ ਇੰਜ ਕਿਸੇ ਤੋਂ ਨਾ ਦਾਨ ਲੈਂਦੇ ਹਾਂ ਤੇ ਨਾ ਹੀ ਹੋਰਾਂ ਪਾਸੋਂ ਉਗਰਾਹੀ ਕਰਦੇ ਹਾਂ। ਪਰ ਜਦ ਉਹ ਬੀਬੀ ਬਹੁਤ ਜੋਰ ਪਾਉਣ ਲੱਗੀ ਤਾਂ ਭਾਈ ਟਾਂਡਾ ਦੇ ਦੂਜੇ ਸਾਥੀ ਕਸ਼ਮੀਰ ਸਿੰਘ ਸ਼ਾਹੀ ਕਹਿਣ ਲੱਗੇ ਕਿ ਚਲੋ ਬੀਬੀ ਜੀ ‘ਟੋਕਨ’ ਵਜੋਂ ਇੱਕ ਡਾਲਰ ਦੇ ਦਿਉ। ਬੀਬੀ ਆਪਣਾ ਪਰਸ ਫਰੋਲਦੀ ਕਹਿੰਦੀ ਕਿ ਇੱਕ ਨਹੀਂ ਚਲੋ ਮੈਂ ਪੰਜ ਡਾਲਰ ਦੇ ਦਿੰਦੀ ਹਾਂ। ਪਰ ਉਸਦੇ ਪਰਸ ਵਿਚ ਪੰਜ ਡਾਲਰ ਦਾ ਕੋਈ ਨੋਟ ਹੀ ਨਹੀਂ ਸੀ। ਆਖਰ ਉਸ ਨੇ ਜਦ ਵੀਹ ਡਾਲਰ ਦਾ ਨੋਟ ਕੱਢ ਕੇ ਇਨ੍ਹਾਂ ਵੱਲ੍ਹ ਵਧਾਇਆ ਤਾਂ ਭਾਈ ਟਾਂਡਾ ਵਜਦ ਵਿਚ ਆ ਕੇ ਕਹਿੰਦੇ ਕਿ ਮੈਡਮ ਵੀਹਾਂ ਦੇ ਨੋਟ ਨਾਲ ਤਾਂ ਸਾਡਾ ਇਤਿਹਾਸਕ ਰਿਸ਼ਤਾ ਹੈ ਅਤੇ ਵੀਹਾਂ ਦਾ ਬੜਾ ਉਚਾ ਰੁਤਬਾ ਹੈ, ਸਾਡੇ ਵਿਰਸੇ ਵਿਚ! ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਤੇਰੇ ਇਹ ਵੀਹ ਡਾਲਰ ਵੀ ਉਸੇ ਸੱਚੇ ਸੌਦੇ ਵਾਲੀ ਵਿਰਾਸਤ ਵਿਚ ਸ਼ਾਮਲ ਕਰ ਲੈਂਦੇ ਹਾਂ।
ਉਸ ਮੈਡਮ ਦੇ ਪੁੱਛਣ ‘ਤੇ ਜਦੋਂ ਭਾਈ ਟਾਂਡਾ ਨੇ ਉਸ ਨੂੰ ਬਾਲ ਗੁਰੂ ਨਾਨਕ ਵਲੋਂ ਕੀਤੇ ਗਏ ਸੱਚੇ ਸੌਦੇ ਵਾਲੀ ਸਾਖੀ ਸੁਣਾਈ ਤਾਂ ਉਹ ਬਹੁਤ ਭਾਵੁਕ ਹੋਈ ਅਤੇ ਉਸ ਨੇ ਇਨ੍ਹਾਂ ਤੋਂ ਸਿੱਖ ਧਰਮ ਬਾਰੇ ਹੋਰ ਲਿਟਰੇਚਰ ਦੀ ਵੀ ਮੰਗ ਕੀਤੀ!
ਦੇਖਿਆ ਜਾਵੇ ਤਾਂ ਸਟੇਜਾਂ ‘ਤੇ ਕੀਤੇ ਜਾਂਦੇ ਪ੍ਰਚਾਰ ਨਾਲੋਂ ਹੱਥੀਂ ਸੇਵਾ ਕਰ ਰਹੇ ਨਿਸ਼ਕਾਮ ਸੇਵਕਾਂ ਦੀ ਸੇਵਾ ਵੱਧ ਪ੍ਰਭਾਵਸ਼ਾਲੀ ਤੇ ਅਸਰਦਾਰ ਹੋ ਸਕਦੀ ਹੈ।