ਕੁਲਵੰਤ ਸਿੰਘ ਢੇਸੀ
ਪੰਜਾਬ ਅਤੇ ਪੰਥਕ ਹਲਕਿਆਂ ਵਿਚ ਪਿਛਲੇ ਕੁਝ ਹਫਤਿਆਂ ਤੋਂ ਇਹ ਤੌਖਲਾ ਬਰਕਰਾਰ ਹੈ ਕਿ ਪ੍ਰਥਮ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਬੇਰ ਸਾਹਿਬ ਵਿਖੇ ਲੱਗਣ ਵਾਲੀ ਪੰਥਕ ਸਟੇਜ ਦਾ ਸ਼ਿੰਗਾਰ ਕਿਹੜੇ ਲੋਕ ਬਣਨਗੇ? ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸਿਰਫ ਇੱਕ ਹੀ ਸਟੇਜ ਲੱਗੇਗੀ, ਜਿਥੇ ਸਭ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇਗਾ। ਜਦ ਕਿ ਪੰਥ ਹਿਤੈਸ਼ੀਆਂ ਨੂੰ ਇਹ ਖਦਸ਼ਾ ਹੈ ਕਿ ਇਸ ਪੰਥਕ ਸਟੇਜ ਦਾ ਸ਼ਿੰਗਾਰ ਉਹ ਲੋਕ ਬਣਨਗੇ, ਜੋ ਭਾਰਤ ਨੂੰ ਹਿੰਦੂ ਰਾਜ ਘੋਸ਼ਿਤ ਕਰਨ ਲਈ ਬਜ਼ਿਦ ਹਨ ਅਤੇ ਜਿਨ੍ਹਾਂ ਦਾ ਬਾਈਕਾਟ ਕਰਨ ਬਾਰੇ ਅਕਾਲ ਤਖਤ ਤੋਂ ਆਦੇਸ਼ ਆਏ ਹਨ।
ਇਹ ਉਹੀ ਲੋਕ ਹਨ, ਜਿਨ੍ਹਾਂ ਦੇ ਆਗੂ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਇੰਦਰਾਂ ਨੂੰ ਦੁਰਗਾ ਦਾ ਰੂਪ ਕਹਿੰਦੇ ਰਹੇ ਹਨ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗਿਆਂ ਨੇ ਤਾਂ ਆਪਣੀ ਜੀਵਨ ਕਥਾ ਵਿਚ ਇਥੋਂ ਤਕ ਕਿਹਾ ਹੈ ਕਿ ਇੰਦਰਾ ਨੇ ਦਰਬਾਰ ਸਾਹਿਬ ‘ਤੇ ਹਮਲਾ ਨਹੀਂ ਸੀ ਕਰਨਾ, ਪਰ ਅਸੀਂ ਉਸ ਨੂੰ ਮਜ਼ਬੂਰ ਕੀਤਾ ਸੀ।
ਪੰਥਕ ਧਿਰਾਂ ਦਾ ਇਹ ਖਦਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ 550 ਸਾਲਾ ਸਟੇਜ ਹਿੰਦੁਤਵੀ ਦਿੱਖ ਵਾਲੀ ਹੋਵੇਗੀ ਅਤੇ ਇਸ ਸਟੇਜ ‘ਤੇ ਬਹੁਤੇ ਬਾਦਲਾਂ ਪੱਖੀ ਜਾਂ ਹਿੰਦੁਤਵਵਾਦੀ ਸੰਤ ਸਮਾਜ ਜਾਂ ਸੰਪਰਦਾਈਆਂ ਦੇ ਚਿਹਰੇ ਦਿਖਾਈ ਦੇ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਜੋ ਅਕਾਲੀ ਰਾਜਨੀਤੀ ਅਤੇ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਤੋਂ ਬਹੁਤ ਚੰਗੀ ਤਰ੍ਹਾਂ ਵਾਕਿਫ ਹਨ, ਦਾ ਵੀ ਇਹ ਹੀ ਵਿਚਾਰ ਹੈ ਕਿ ਇਸ ਸਟੇਜ ਦਾ ਸ਼ਿੰਗਾਰ ਉਹ ਹੀ ਲੋਕ ਬਣਨਗੇ, ਜੋ ਸਿੱਖੀ ਦੇ ਵਿਰੋਧ ਵਿਚ ਹਨ। ਜਥੇਦਾਰ ਭੌਰ ਨੇ ਇਕ ਹੋਰ ਵੀ ਖੁਲਾਸਾ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਖਿਲਾਫ ਅਤੇ ਪੰਥਕ ਸਰੋਤਾਂ ਵਿਚ ਸੁਧਾਈ ਦੇ ਖਿਲਾਫ ਵੀ ਸੰਪਰਦਾਈਆਂ ਦੀ ਹੀ ਮਿਲੀ ਭੁਗਤ ਰਹੀ ਹੈ, ਪਰ ਉਹ ਲੋਕ ਹੀ ਹੁਣ ਪੰਥਕ ਸਟੇਜ ਦਾ ਸ਼ਿੰਗਾਰ ਬਣਨਗੇ।
ਲੋੜ ਤਾਂ ਇਸ ਗੱਲ ਦੀ ਸੀ ਕਿ ਇਸ ਵਿਸ਼ੇਸ਼ ਮੌਕੇ ਪੰਥਕ ਬੋਲਬਾਲੇ ਅਤੇ ਪੰਥਕ ਏਕਤਾ ਲਈ ਯਤਨ ਕੀਤੇ ਜਾਂਦੇ, ਪਰ ਪੰਥ ਦੀ ਅਗਵਾਈ ਨੂੰ ਕਿਉਂਕਿ ਸਿਆਸੀ ਲੋਕਾਂ ਵਲੋਂ ਉਧਾਲਿਆ ਹੋਇਆ ਹੈ, ਇਸ ਕਰਕੇ ਪੰਥਕ ਸ਼ਤਾਬਦੀਆਂ ਨੂੰ ਧਰਮ ਦੀ ਥਾਂ ਰਾਜਨੀਤਕ ਹਿੱਤਾਂ ਵਾਸਤੇ ਵਰਤਣ ਦੀ ਹਮੇਸ਼ਾ ਹੀ ਦੌੜ ਰਹੀ ਹੈ ਅਤੇ ਇਸ ਵਾਰ ਵੀ ਇਹੋ ਕੁਝ ਹੋਣ ਦੇ ਸੰਕੇਤ ਹਨ। ਇਸ ਮੌਕੇ ਮੁੱਖ ਰੱਖ ਕੇ ਸਰਕਾਰ ਵਲੋਂ ਵਿਦੇਸ਼ੀ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਨ, ਕੁਝ ਕੁ ਰਾਜਨੀਤਕ ਸਿੱਖ ਬੰਦੀਆਂ ਦੀ ਰਿਹਾਈ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਾਲੀਆਂ ਕੁਝ ਹਾਂ-ਪੱਖੀ ਗੱਲਾਂ ਜ਼ਰੂਰ ਹੋ ਰਹੀਆਂ ਹਨ, ਪਰ ਇਸ ਦੇ ਨਾਲ ਨਾਲ ਭਾਜਪਾ ਸਰਕਾਰ ਵਲੋਂ ਸਿੱਖਾਂ ਦੀ ਨਿਵੇਕਲੀ ਹੋਂਦ ਨੂੰ ਨਕਾਰ ਕੇ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਉਭਾਰ ਕੇ ਅੰਦਰ ਹੀ ਅੰਦਰ ਸਿੱਖਾਂ ਨੂੰ ਹਿੰਦੁਤਵ ਵਿਚ ਜਜ਼ਬ ਕਰਨ ਦੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ ਹਨ।
ਗੁਰੂ ਨਾਨਕ ਪਾਤਸ਼ਾਹ ਨੇ ਜਿਸ ਛੂਤ ਛਾਤ ਅਤੇ ਪੱਖਪਾਤੀ ਬਿਪਰਵਾਦ ਨੂੰ ਨਕਾਰ ਕੇ ਨਿਰਮਲ ਪੰਥ ਬਣਾਇਆ ਸੀ, ਅੱਜ ਉਸੇ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਮੁੜ ਓਹੀ ਪੱਖਪਾਤੀ ਬਿਪਰ ਚਿਹਰੇ ਪੰਥਕ ਸਟੇਜ ‘ਤੇ ਹਾਵੀ ਹੋਣਗੇ, ਜੋ ਬਾਬੇ ਨਾਨਕ ਦੇ ਨਿਰਮਲ ਪੰਥ ਨੂੰ ਖਤਮ ਕਰਨ ਲਈ ਤਤਪਰ ਹਨ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹੈ, ਜੋ ਸੰਘ ਪਰਿਵਾਰ ਸਾਹਮਣੇ ਉਚਾ ਸਾਹ ਤਕ ਨਹੀਂ ਕੱਢਦੇ। ਸਿੱਖ ਸੰਤ ਸਮਾਜ ਅਤੇ ਨਾਮ ਨਿਹਾਦ ਸਿੱਖ ਸੰਪਰਦਾਵਾਂ ਦੇ ਆਗੂ ਵੀ ਬਾਦਲਾਂ ਅਤੇ ਹਿੰਦੂਤਵੀ ਸ਼ਕਤੀਆਂ ਦਾ ਪਾਣੀ ਭਰਦੇ ਹਨ, ਜਿਨ੍ਹਾਂ ਦਾ ਪੰਥ ਵਿਰੋਧੀ ਪੈਂਤੜਾ ਜੱਗ ਨਸ਼ਰ ਹੋ ਚੁਕਾ ਹੈ। ਅਫਸੋਸ ਦੀ ਗੱਲ ਹੈ ਕਿ 550ਵੇਂ ਪ੍ਰਕਾਸ਼ ਪੁਰਬ ਦੀ ਸਟੇਜ ‘ਤੇ ਸਿੱਖਾਂ ਦੇ ਉਹ ਆਗੂ ਹੀ ਸ਼ਿੰਗਾਰ ਬਣਨਗੇ, ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਸਬੰਧੀ ਨਾ ਤਾਂ ਕਿਸੇ ਮੋਰਚੇ ਵਿਚ ਗਏ ਅਤੇ ਨਾ ਹੀ ਉਨ੍ਹਾਂ ਨੇ ਸੰਕਟ ਦੇ ਵੇਲੇ ਆਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ।
ਵਿਜੈ ਕੁਮਾਰ ਨਾਇਡੂ ਉਰਫ ਕਲਕੀ ਭਗਵਾਨ: ਭਾਰਤ ਵਿਚ ਕਰੋੜਾਂ ਲੋਕਾਂ ਨੂੰ ਪਿਛੇ ਲਾਉਣ ਵਾਲੇ ਆਸਾ ਰਾਮ ਬਾਪੂ, ਸੰਤ ਰਾਮ ਪਾਲ, ਸਵਾਮੀ ਨਿਤਿਆ ਨੰਦ, ਗੁਰਮੀਤ ਰਾਮ ਰਹੀਮ ਅਤੇ ਅਨੇਕਾਂ ਅਜਿਹੇ ਅਖੌਤੀ ਧਰਮ ਗੁਰੂਆਂ ਦੀ ਸੱਚਾਈ ਲੋਕਾਂ ਸਾਹਮਣੇ ਪ੍ਰਗਟ ਹੋਣ ਪਿਛੋਂ ਅੱਜ ਕਲ ਇੱਕ ਕਲਕੀ ਭਗਵਾਨ ਨਾਂ ਦਾ ਧਰਮੀ ਗੁਰੂ ਚਰਚਾ ‘ਚ ਹੈ। ਉਸ ਦੇ 40 ਟਿਕਾਣਿਆਂ ‘ਤੇ ਪੁਲਿਸ ਛਾਪੇ ਪੈ ਰਹੇ ਹਨ। ਇਹ ਗੱਲ ਖਾਸ ਗੌਰ ਕਰਨ ਵਾਲੀ ਹੈ ਕਿ ਪੰਜਾਬ ਅਤੇ ਭਾਰਤ ਦੇ ਰਾਜਨੀਤਕ, ਧਾਰਮਕ ਅਤੇ ਸਮਾਜਕ ਸਰੋਕਾਰਾਂ ‘ਤੇ ਇਨ੍ਹਾਂ ਡੇਰਿਆਂ ਦੀ ਅਮਰ ਵੇਲ ਛਾਈ ਹੋਈ ਹੈ, ਜਿਨ੍ਹਾਂ ਦੇ ਆਗੂਆਂ ‘ਤੇ ਹਵਾਲੇ, ਚੋਰੀਆਂ, ਉਧਾਲੇ, ਜਬਰਜਨਾਹਾਂ ਅਤੇ ਕਤਲਾਂ ਤਕ ਦੇ ਦੋਸ਼ ਜੱਗ ਜਾਹਰ ਹੋ ਚੁਕੇ ਹਨ।
‘ਕਲਕੀ ਅਵਤਾਰ ਆਸ਼ਰਮ’ ਦੇ ਸੰਚਾਲਕ ਕਲਕੀ ਭਗਵਾਨ ਦਾ ਅਸਲੀ ਨਾਂ ਵਿਜੈ ਕੁਮਾਰ ਨਾਇਡੂ ਹੈ, ਜੋ ਐਲ਼ ਆਈ. ਸੀ. ਵਿਚ ਇੱਕ ਕਲਰਕ ਸੀ। ਕਲਰਕੀ ਛੱਡ ਕੇ ਉਸ ਨੇ ਇੱਕ ਕਾਰੋਬਾਰ ਸ਼ੁਰੂ ਕੀਤਾ, ਜਿਸ ਦਾ ਦਿਵਾਲਾ ਨਿਕਲਣ ‘ਤੇ ਉਹ ਅੰਡਰ ਗਰਾਊਂਡ ਹੋ ਗਿਆ ਅਤੇ ਫਿਰ 1979 ‘ਚ ਉਸ ਨੇ ਆਪਣੇ ਆਪ ਨੂੰ ਵਿਸ਼ਨੂੰ ਦਾ ਦਸਵਾਂ ਅਵਤਾਰ ਕਹਿ ਕੇ ‘ਧਾਰਮਿਕ ਕਾਰੋਬਾਰ’ ਸ਼ੁਰੂ ਕਰ ਲਿਆ।
ਹੁਣ ਉਸ ਕੋਲ 500 ਕਰੋੜ ਦੀ ਚੱਲ-ਅਚੱਲ ਜਾਇਦਾਦ ਦੇ ਨਾਲ 43.9 ਕਰੋੜ ਦੀ ਨਕਦੀ, 18 ਕਰੋੜ ਦੀ ਵਿਦੇਸ਼ੀ ਨਕਦੀ, 88 ਕਿੱਲੋ ਸੋਨੇ ਦੇ ਵਸਤਰ, ਜਿਨ੍ਹਾਂ ਦੀ ਕੀਮਤ 26 ਕਰੋੜ ਹੈ ਅਤੇ 5 ਕਰੋੜ ਦੇ ਹੀਰੇ ਹੋਣ ਦਾ ਖੁਲਾਸਾ ਹੋਇਆ ਹੈ। ਕਲਕੀ ਭਗਵਾਨ ਨੇ ਟਰੱਸਟਾਂ ਅਤੇ ਕੰਪਨੀਆਂ ਰਾਹੀਂ ਵਿਦੇਸ਼ਾਂ ਵਿਚ ਮੋਟਾ ਨਿਵੇਸ਼ ਕੀਤਾ ਹੈ। ਇਸ ਵਿਚ ਟੈਕਸ ਮੁਕਤ ਦੇਸ਼ ਸਾਮਲ ਹਨ। ਚੀਨ, ਅਮਰੀਕਾ, ਸਿੰਗਾਪੁਰ ਅਤੇ ਯੂ. ਏ. ਈ. ਵਿਚ ਸਥਾਪਤ ਇਹ ਕੰਪਨੀਆਂ ਵਿਦੇਸ਼ੀ ਗਾਹਕਾਂ ਤੋਂ ਧੰਨ ਉਗਰਾਹੁੰਦੀਆਂ ਹਨ। ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਇਸ ‘ਭਗਵਾਨ’ ਦੀ ਤਾਮਿਲਨਾਡੂ ਵਿਚ ਹਜ਼ਾਰਾਂ ਏਕੜ ਬੇਨਾਮੀ ਜਮੀਨ ਹੈ। ਆਂਧਰਾ ਪ੍ਰਦੇਸ਼ ਅਤੇ ਵਿਦੇਸ਼ਾਂ ਵਿਚ ਅਚੱਲ ਜਾਇਦਾਦ ਦੇ ਸੰਕੇਤ ਵੀ ਮਿਲੇ ਹਨ। ਕਲਕੀ ਦੇ ਬੇਟੇ ਕ੍ਰਿਸ਼ਨ ਜੀ ‘ਤੇ ਸੈਂਕੜੇ ਏਕੜ ਜਮੀਨ ‘ਤੇ ਕਬਜਾ ਕਰਕੇ ਰੀਅਲ ਅਸਟੇਟ ਦਾ ਕਬਜਾ ਕਰਨ ਦੇ ਦੋਸ਼ ਹਨ। ਇਹ ਦੋਵੇਂ ਪਿਓ-ਪੁੱਤ ਧਾਰਮਿਕ ਅਤੇ ਬਿਹਤਰ ਜੀਵਨ ਜਿਉਣ ਦਾ ਉਪਦੇਸ਼ ਦੇ ਕੇ ਕਾਲਾ ਧੰਨ ਇਕੱਠਾ ਕਰਦੇ ਹਨ।
ਇਨ੍ਹੀਂ ਦਿਨੀਂ ਪੰਜਾਬ ਵਿਚ ਰਾਧਾ ਸੁਆਮੀ ਡੇਰੇ ਦੇ ਸੰਚਾਲਕ ਦਾ ਨਾਂ ਵੀ ਸੁਰਖੀਆਂ ‘ਚ ਹੈ ਅਤੇ ਤਤਕਾਲੀ ਬਾਬੇ ਚਰਨ ਸਿੰਘ ਦੇ ਦੋ ਭਾਣਜੇ ਕਰੋੜਾਂ ਰੁਪਏ ਦੇ ਅਖੌਤੀ ਘਪਲੇ ਸਬੰਧੀ ਹਿਰਾਸਤ ਵਿਚ ਹਨ।