ਸਾਡੇ ਪੱਲੇ ਪਾਏ ਹੰਝੂ…

ਮੇਜਰ ਕੁਲਾਰ ਬੋਪਾਰਾਏਕਲਾਂ
ਫੋਨ:916-273-2856
ਪਿੰਡੋਂ ਕਈ ਵਾਰ ਬੇਬੇ ਬਾਪੂ ਨੇ ਫੋਨ ਕੀਤਾ ਕਿ ਬੱਚਿਆਂ ਨੂੰ ਇਕ ਵਾਰ ਤਾਂ ਮਿਲਾ ਦੇ; ਸਾਡੇ ਮਰਨ ਤੋਂ ਪਹਿਲਾਂ ਨਾਨਕਾ ਪਿੰਡ ਦਿਖਾ ਦੇ; ਨਾਨੇ-ਨਾਨੀ ਦੀ ਗੋਦ ਦਾ ਨਿੱਘ ਪਿਆਰ ਦਿਵਾ ਦੇ, ਪਰ ਮੇਰਾ ਪਿੰਡ ਤਾਂ ਕੀ, ਇੰਡੀਆ ਜਾਣ ਨੂੰ ਵੀ ਦਿਲ ਨਹੀਂ ਸੀ ਕਰਦਾ। ਨਫਰਤ ਹੈ ਆਪਣੀ ਜੰਮਣ ਭੋਇੰ ਨਾਲ, ਹਰ ਉਸ ਮਰਦ-ਔਰਤ ਨਾਲ ਜਿਸ ਨੇ ਵੀ ਗਊ ਕਸਾਈਆਂ ਹੱਥ ਫੜਾਉਣ ਵਿਚ ਮੇਰੇ ਮਾਪਿਆਂ, ਭਰਾ-ਭਰਜਾਈ ਦੀ ਮਦਦ ਕੀਤੀ। ਅੰਮਾ ਜਾਏ ਭਰਾ ਨੇ ਪਤਾ ਨਹੀਂ ਭਰਜਾਈ ਨਾਲ ਮਿਲ ਕੇ ਇਹ ਕਸਾਈ ਕਿਥੋਂ ਲਭਿਆ ਸੀ!

ਧੀ ਦਾ ਚੁੱਕਿਆ ਕੋਈ ਵੀ ਕਦਮ ਮਾਪਿਆਂ ਦੀ ਇੱਜਤ ਦਾ ਸਵਾਲ ਹੋ ਜਾਂਦਾ ਹੈ, ਪਰ ਪੁੱਤ ਦਾ ਗੁਨਾਹ ਲੁਕਾਉਣਾ ਚਤੁਰਾਈ ਸਮਝਦੇ ਹਨ। ਧੀ ਦਾ ਹੱਸਣਾ ਵੀ ਅਣਖ ਨੂੰ ਚੁਭ ਜਾਂਦਾ ਹੈ। ਇਸੇ ਦੀ ਮੈਨੂੰ ਸਜ਼ਾ ਮਿਲੀ ਜੋ ਮੈਂ ਭੁਗਤ ਰਹੀ ਹਾਂ।
ਮੈਂ ਪਿੰਡ ਵਾਲੇ ਸਕੂਲ ਵਿਚੋਂ ਦਸਵੀਂ ਪਹਿਲੇ ਦਰਜੇ ਵਿਚ ਪਾਸ ਕੀਤੀ, ਅੱਗੇ ਕਾਲਜ ਦੀ ਪੜ੍ਹਾਈ ਕਰਨੀ ਚਾਹੁੰਦੀ ਸਾਂ ਪਰ ਬੇਬੇ ਬਾਪੂ ਅੱਗੇ ਪੜ੍ਹਾਉਣ ਦੇ ਹੱਕ ‘ਚ ਨਹੀਂ ਸਨ। ਰੋਹਤਕ ਵਾਲਾ ਲਾਲਾ ਸਾਡੇ ਪਿੰਡ ਕਰਿਆਨੇ ਦੀ ਹੱਟੀ ਚਲਾਉਂਦਾ ਸੀ। ਉਹ ਹਮੇਸ਼ਾ ਬਾਪੂ ਨੂੰ ਕਹਿੰਦਾ, “ਸਰਦਾਰਾ! ਲਾਡੋ ਨੂੰ ਪੜ੍ਹਨੋਂ ਨਾ ਹਟਾਈਂ। ਬੜੀ ਹੁਸ਼ਿਆਰ ਆ ਪੜ੍ਹਾਈ ਵਿਚ, ਮੇਰੀ ਧੀ ਕਾਂਤਾ ਦੱਸਦੀ ਆ। ਪੜ੍ਹ ਲਿਖ ਜਾਊ, ਕੋਈ ਕਨੇਡਾ-ਅਮਰੀਕਾ ਤੋਂ ਵਰ ਮਿਲ ਜਾਊ ਤਾਂ ਕੁੜੀ ਮੌਜਾਂ ਕਰੂ।”
“ਲਾਲਾ! ਧੀ ਚਿੱਠੀ ਲਿਖਣ ਪੜ੍ਹਨ ਜੋਗੀ ਹੋ ਗਈ ਆ। ਕੋਈ ਟਿਕਾਣੇ ਦਾ ਘਰ ਲੱਭ ਕੇ ਹੱਥ ਪੀਲੇ ਕਰ ਦਊਂ। ਕੀ ਲੈਣਾ ਡਿਗਰੀਆਂ ਤੋਂ। ਖਾਣੇ ਤਾਂ ਪਿਛੋਂ ਧੱਕੇ ਈ ਨੇ।” ਬਾਪੂ ਜਵਾਬ ਦਿੰਦਾ।
ਲਾਲਾ ਮੇਰੀ ਫਿਰ ਤਰਫਦਾਰੀ ਕਰ ਗਿਆ। ਮੈਨੂੰ ਸ਼ਹਿਰ ਵਾਲੇ ਕਾਲਜ ਦਾਖਲਾ ਮਿਲ ਗਿਆ। ਇਨ੍ਹੀਂ ਦਿਨੀਂ ਛੋਟੇ ਬਾਈ ਦਾ ਵਿਆਹ ਹੋ ਗਿਆ। ਭਾਬੀ ਸੋਹਣੀ ਤਾਂ ਬਹੁਤ ਸੀ ਪਰ ਮਧਰੀ ਸੀ।
“ਲਾਡੋ! ਲੰਮੀਆਂ ਕੁੜੀਆਂ ਹੁਸ਼ਿਆਰ ਤੇ ਅਕਲਮੰਦ ਹੁੰਦੀਆਂ ਨੇ।” ਭਾਬੀ ਨੂੰ ਆਪਣੇ ਮਧਰੇ ਕੱਦ ‘ਤੇ ਜਿਵੇਂ ਅਫਸੋਸ ਜਾਂ ਝੋਰਾ ਰਹਿੰਦਾ।
ਮੈਂ ਹੱਸ ਕੇ ਜਵਾਬ ਦਿੰਦੀ, “ਸੱਚੀਂ ਭਾਬੀ! ਮੈਂ ਤਾਂ ਸੁਣਿਆ, ਲੰਮੇ ਮਰਦ ਤੇ ਜਨਾਨੀ ਦੀ ਅਕਲ ਤਾਂ ਗਿੱਟਿਆਂ ਵਿਚ ਹੁੰਦੀ ਆ। ਭਾਬੀ! ਤੂੰ ਮੈਨੂੰ ਐਵੇਂ ਹਵਾ ਛਕਾਈ ਜਾਂਦੀ ਆਂ।”
“ਹਾਏ ਨੀ ਲਾਡੋ। ਇੰਜ ਨਹੀਂ ਕਹੀਦਾ। ਲੰਮੇ ਮਰਦ, ਔਰਤ ਤਾਂ ਜੱਗ ਦਾ ਸ਼ਿੰਗਾਰ ਹੁੰਦੇ ਨੇ, ਜਿਵੇਂ ਤੀਵੀਂ ਨੂੰ ਗਹਿਣੇ ਹੁੰਦੇ ਆ।” ਭਾਬੀ ਨੇ ਮਿੱਠੀ ਘੂਰੀ ਵੱਟ ਕੇ ਕਹਿਣਾ। ਭਾਬੀ ਦੱਸਦੀ ਕਿ ਛੋਟੀ ਹੁੰਦੀ ਦੀ ਮਾਂ ਮਰ ਗਈ, ਭਰਾ 3 ਸਾਲ ਵੱਡਾ ਸੀ। ਰਿਸਤੇਦਾਰਾਂ ਨੇ ਜ਼ੋਰ ਪਾ ਕੇ ਬਾਪੂ ਦਾ ਦੂਜਾ ਵਿਆਹ ਕਰਾ ਦਿੱਤਾ। ਬਾਪੂ ਨੇ ਵੀ ਸੋਚਿਆ ਹੋਣਾ ਕਿ ਰੋਟੀ ਪੱਕਦੀ ਹੋ ਜੂ ਤੇ ਬੱਚਿਆਂ ਨੂੰ ਮਾਂ ਮਿਲ ਜਾਊ, ਪਰ ਮਤਰੇਈ ਮਾਂ ਨੇ ਤਾਂ ਪੰਜ ਪੜ੍ਹਾ ਕੇ ਗੋਹੇ ਦੀ ਟੋਕਰੀ ਥੱਲੇ ਦੇ ਦਿੱਤਾ। ਭਾਬੀ ਮਤਰੇਈ ਮਾਂ ਦੇ ਧੱਕੇ ਦੀ ਕਹਾਣੀ ਸੁਣਾਉਂਦੀ ਰੋ ਪੈਂਦੀ।
ਪਰ ਮੈਂ ਅੱਜ ਸਕੀ ਮਾਂ ਦੀ ਭਰਾ ਨਾਲ ਮਿਲ ਕੇ ਦਿੱਤੀ ਸਜ਼ਾ ਭੁਗਤ ਰਹੀ ਹਾਂ। ਲਾਲੇ ਦੀ ਗਵਾਹੀ ਨੇ ਕਾਲਜ ਦੇ ਬੂਹੇ ਖੋਲ੍ਹੇ। ਪਹਿਲੇ ਸਾਲ ਚੰਗੇ ਨੰਬਰ ਲੈ ਕੇ ਪਾਸ ਹੋ ਗਈ। ਕੁੜੀਆਂ ਨਾਲ ਹੀ ਸਾਈਕਲ ‘ਤੇ ਕਾਲਜ ਜਾਂਦੀ। ਕੋਈ ਵੀ ਚੀਜ਼ ਲੈਣ ਸ਼ਹਿਰ ਨਾ ਜਾਣਾ, ਭਰਾ ਤੋਂ ਮੰਗਾ ਲੈਣੀ। ਦੂਜਾ ਸਾਲ ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਿਆ। ਬੀ.ਏ. ਵਿਚ ਹੀ ਪਤਾ ਨਹੀਂ ਕਦੋਂ ਮੇਰੀ ਅੱਖ ਬੁਰਜ ਲਟਾਂ ਦੇ ਮੁੰਡੇ, ਜਿਸ ਦਾ ਨਾਂ ਜਗਸੀਰ ਸੀ, ਨਾਲ ਲੜ ਗਈ। ਉਹ ਸੋਹਣਾ ਜਵਾਨ ਗੱਭਰੂ ਸੀ। ਹਾਕੀ ਦਾ ਵਧੀਆ ਖਿਡਾਰੀ ਸੀ। ਪੜ੍ਹਾਈ ਵਿਚ ਬਹੁਤਾ ਤੇਜ਼ ਨਹੀਂ ਸੀ ਪਰ ਐਨਾ ਮਾੜਾ ਵੀ ਨਹੀਂ ਸੀ। ਹਾਲ-ਚਾਲ ਪੁੱਛਣ ਪਿਛੋਂ ਗੱਲ ਚਾਹ-ਕੌਫੀ ‘ਤੇ ਪੁੱਜ ਗਈ। ਕੁੜੀਆਂ ਕਹਿਣ ਲੱਗ ਪਈਆਂ, ਲਾਡੋ! ਤੁਹਾਡੀ ਤਾਂ ਜੋੜੀ ਉਪਰ ਵਾਲੇ ਨੇ ਆਪ ਬਣਾਈ ਹੈ। ‘ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਕੀ ਬਣੇਗਾ!’ ਮੈਂ ਡਰ ਨਾਲ ਹੋਰ ਸਿਆਣੀ ਬਣ ਕੇ ਰਹਿੰਦੀ।
ਇਕ ਦਿਨ ਜਗਸੀਰ, ਸਾਰੇ ਲਾਡ ਨਾਲ ਉਹਨੂੰ ਜੱਗਾ ਕਹਿੰਦੇ ਸੀ, ਮੈਨੂੰ ਨਹਿਰੋਂ ਪਾਰ ਵਾਲੇ ਸ਼ਹਿਰ ਵਿਚ ਹੋਟਲ ‘ਚ ਲੈ ਗਿਆ। ਚਾਹ ਦਾ ਆਰਡਰ ਦੇ ਕੇ ਮੇਰੇ ਅਤੇ ਘਰਦਿਆਂ ਬਾਰੇ ਪੁੱਛਣ ਲੱਗਾ। ਮੈਂ ਸਭ ਕੁਝ ਦੱਸ ਦਿੱਤਾ। ਉਸ ਨੇ ਆਪਣੇ ਬਾਰੇ ਦੱਸਿਆ, “ਮੈਂ ਮਾਪਿਆਂ ਦਾ ਇਕੱਲਾ ਪੁੱਤ ਹਾਂ। ਵੱਡੀ ਭੈਣ ਦੋ ਸਾਲ ਪਹਿਲਾਂ ਕੈਨੇਡਾ ਵਿਆਹੀ ਹੈ। ਦਸ ਕਿੱਲੇ ਜ਼ਮੀਨ ਹੈ ਤੇ ਪੰਜ ਕਿੱਲੇ ਰੇਤੇ ਵਾਲੀ ਹੈ। ਵਧੀਆ ਗੁਜ਼ਾਰਾ ਹੁੰਦਾ ਹੈ। ਜੀਜਾ ਕਹਿੰਦਾ ਸੀ, ਕਨੇਡਿਓਂ ਕੁੜੀ ਲਿਆਵਾਂਗੇ।”
ਛੋਟੂ ਚਾਹ ਮੇਜ਼ ‘ਤੇ ਰੱਖ ਗਿਆ। ਮੈਂ ਸੋਚਣ ਲੱਗੀ, ਮੈਨੂੰ ਚਾਹ ‘ਤੇ ਸੱਦ ਕੇ ਗੱਲ ਕੈਨੇਡਾ ਵਾਲੀ ਵਹੁਟੀ ਦੀ ਛੇੜਦਾ ਹੈ! ਛੋਟੂ ਨੇ ਲੱਡੂਆਂ ਦੀ ਪਲੇਟ ਮੇਜ਼ ‘ਤੇ ਰੱਖੀ ਤਾਂ ਮੇਰੀ ਸੋਚ ਟੁੱਟੀ।
“ਮਾਲਕੋ! ਕਿਥੇ ਚਲੇ ਗਏ ਸੀ।” ਜੱਗੇ ਨੇ ਹੱਸਦਿਆਂ ਪੁੱਛਿਆ।
“ਜੇ ਜੀਜੇ ਨੇ ਕਨੇਡਿਓਂ ਕੁੜੀ ਲਿਆਉਣੀ ਹੈ ਤਾਂ ਮੇਰੇ ਇਥੇ ਢਿੱਡ ਫੂਕਣੀ ਨਾਲ ਜ਼ਰੂਰ ਬੁੱਲ੍ਹ ਮਚਾਉਣੇ ਸੀ।” ਮੈਂ ਹਰਖ ਕੇ ਕਿਹਾ।
“ਲਾਡੋ! ਮੈਂ ਆਪਣੇ ਬਾਰੇ ਸੱਚ ਦੱਸ ਦਿੱਤਾ ਹੈ ਪਰ ਤੂੰ ਮਿਲ ਗਈ ਹੁਣ, ਵਿਆਹ ਵੀ ਤੇਰੇ ਨਾਲ ਹੀ ਕਰਾਉਣਾ। 15 ਕਿੱਲਿਆਂ ਦਾ ਮਾਲਕ, ਸਾਡਾ ਇਥੇ ਹੀ ਕੈਨੇਡਾ।” ਜੱਗੇ ਨੇ ਕਿਹਾ।
ਬੀ.ਏ. ਦੇ ਦੂਜੇ ਸਾਲ ਦੇ ਅਖੀਰ ਵਿਚ ਜੱਗੇ ਦਾ ਜੀਜਾ ਸੱਚੀਂ ਕੈਨੇਡਾ ਤੋਂ ਕੁੜੀ ਲੈ ਆਇਆ ਜੱਗੇ ਵਾਸਤੇ। ਜੱਗ ਜਿਉਂਦਾ ਰਹੇ ਜਿਸ ਨੇ ਮੇਰੀ ਖਾਤਰ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਠੁਕਰਾ ਦਿੱਤਾ। ਉਹਨੇ ਆਪਣੇ ਪਿਆਰ ਦੀ ਕਹਾਣੀ ਬੜੀ ਬੇਬਾਕੀ ਨਾਲ ਦੱਸ ਦਿੱਤੀ। ਜੱਗੇ ਦਾ ਜੀਜਾ, ਮਾਮਾ ਤੇ ਬਾਪੂ ਵਿਚ ਕੋਈ ਬੰਦਾ ਪਾ ਕੇ ਸਾਡੇ ਪਿੰਡ ਆ ਗਏ। ਜਦੋਂ ਮੇਰੇ ਭਰਾਵਾਂ ਤੇ ਬਾਪੂ ਨੂੰ ਪਤਾ ਲੱਗਾ ਤਾਂ ਕੱਪੜਿਓਂ ਬਾਹਰ ਹੋ ਗਏ ਕਿ ਕੁੜੀ ਨੇ ਆਪ ਮੁੰਡਾ ਲੱਭਿਆ ਹੋਇਆ। ਮੇਰਾ ਅਗਲੇ ਦਿਨ ਕਾਲਜ ਜਾਣਾ ਬੰਦ ਹੋ ਗਿਆ। ਜੱਗੇ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੁਲਾਕਾਤ ਨਾ ਹੋ ਸਕੀ। ਮੇਰੇ ਘਰਦੇ ਮੇਰੇ ਲਈ ਵਰ ਲੱਭਣ ਲੱਗੇ। ਕਿਸੇ ਨੇ ਦੱਸ ਪਾ ਦਿੱਤੀ ਭਰਾ ਨੂੰ ਕਿ ਮਨੀਲਾ ਤੋਂ ਮੁੰਡਾ ਆਇਆ, ਚਾਰ ਲਾਵਾਂ ਤੇ ਤਿੰਨ ਕੱਪੜਿਆਂ ‘ਚ ਵਿਆਹ ਕਰਾਉਣ ਨੂੰ ਰਾਜ਼ੀ ਹੈ।
ਛੋਟੀ ਭਾਬੀ ਨੂੰ ਮਨਾ ਲਿਆ ਕਿ ਕਿਸੇ ਕੋਲ ਜੱਗੇ ਨੂੰ ਸੁਨੇਹਾ ਭੇਜ ਦੇਵੇ, ਅਸੀਂ ਦੋਵੇਂ ਦਵਾਈ ਦੇ ਬਹਾਨੇ ਸ਼ਹਿਰ ਜਾਵਾਂਗੀਆਂ। ਭਾਬੀ ਨੇ ਦਲੇਰੀ ਕਰ ਕੇ ਜੱਗੇ ਨੂੰ ਸੁਨੇਹਾ ਲਾ ਦਿੱਤਾ। ਜੱਗੇ ਦੀ ਰਿਸ਼ਤੇਦਾਰੀ ਵਿਚੋਂ ਮੁੰਡਾ ਇਕ ਹਸਪਤਾਲ ਵਿਚ ਕੰਪਾਊਂਡਰ ਸੀ। ਉਸ ਦੀ ਮਿਹਰਬਾਨੀ ਨਾਲ ਮੈਂ ਦਵਾਈ ਦੇ ਬਹਾਨੇ ਉਥੇ ਆਖਰੀ ਵਾਰ ਜੱਗੇ ਨੂੰ ਮਿਲ ਆਈ। ਮਾਪਿਆਂ ਦੀ ਜਿੱਤ ਹੋ ਗਈ। ਜੱਗੇ ਨੇ ਵੀ ਪਿਆਰ ਨਾਲ ਸਮਝੌਤਾ ਕਰ ਲਿਆ ਤੇ ਮੈਨੂੰ ਬਾਪੂ ਦੀ ਪੱਗ ਨੇ ਜੱਗੇ ਤੋਂ ਦੂਰ ਕਰ ਦਿੱਤਾ। ਨਾ ਜੱਗੇ ਦਾ ਰੌਲਾ ਪਾਇਆ ਕੰਮ ਆਇਆ, ਨਾ ਮੇਰਾ ਰੋਣਾ ਕੁਰਲਾਉਣਾ।
ਦਸਾਂ ਦਿਨਾਂ ਵਿਚ ਹੀ ਮੇਰੇ ਹੱਥਾਂ ਨੂੰ ਮਹਿੰਦੀ ਲਾ ਕੇ ਮਨੀਲਾ ਵਾਲੇ ਨਾਲ ਤੋਰ ਦਿਤਾ। ਕਹਿੰਦੇ ਮੁੰਡਾ ਸੀ ਪਰ ਨਿਕਲਿਆ ਅੱਧਖੜ। ਉਮਰ ਪੈਂਤੀ-ਚਾਲੀ ਸੀ। ਦਾੜ੍ਹੀ ਅਧਿਓਂ ਵਧ ਚਿੱਟੀ। ਕਦੇ ਚਿੱਟਾ ਵਾਲ ਨਹੀਂ ਸੀ ਆਉਣ ਦਿੱਤਾ। ਟਿੰਡ ਇੰਜ ਸੀ, ਜਿਵੇਂ ਚਾਟੀ ਮੂਧੀ ਮਾਰੀ ਹੋਵੇ। ਸਾਰਾ ਪਿੰਡ ਦੇਖ ਕੇ ਮੇਰੇ ਮਾਪਿਆਂ ਨੂੰ ਲਹਾਨਤਾਂ ਪਾ ਰਿਹਾ ਸੀ। ਕਹਿੰਦੇ ਗਊ ਵਰਗੀ ਧੀ ਕਸਾਈ ਨੂੰ ਫੜਾ ਦਿੱਤੀ।
ਫਿਰ ਪਤਾ ਨਹੀਂ ਕਦੋਂ ਮਨੀਲਾ ਆ ਗਈ। ਇਹ ਅਧਖੜ ਬੰਦਾ ਰੰਨਾਂ ਦਾ ਸ਼ੌਕੀਨ ਮੇਰੇ ਵਿਚੋਂ ਫਿਲੀਪੀਨਣਾਂ ਵਾਲੇ ਕਰਤੱਵ ਭਾਲਦਾ। ਫਿਰ ਕੀ, ਸ਼ਗਨਾਂ ਦੇ ਦਿਨਾਂ ਤੋਂ ਹੀ ਮਾਰ-ਕੁਟਾਈ ਸ਼ੁਰੂ ਹੋ ਗਈ। ਮੈਂ ਤਾਂ ਆਪਣੇ ਚਾਅ, ਸ਼ੌਂਕ ਸਭ ਪਿੰਡ ਹੀ ਦਫਨਾ ਆਈ ਸੀ। ਬੱਸ ਅੱਧਖੜ ਜਿਸਮ ਨੂੰ ਨੋਚ ਲੈਂਦਾ ਸੀ। ਪਤਾ ਨਾ ਲੱਗਾ, ਕਦੋਂ ਵੱਡਾ ਚੇਤਨ ਕੁੱਖੇ ਪੈ ਗਿਆ। ਮੁੰਡਾ ਹੋਇਆ ਤਾਂ ਸਾਰੇ ਆਂਢੀ-ਗੁਆਂਢੀ ਸੋਗ ਵਿਚ ਡੁੱਬ ਗਏ। ਪਤਾ ਲੱਗਾ, ਇਹ ਕੁੜੀ ਹੋਈ ਤੋਂ ਖੁਸ਼ੀ ਮਨਾਉਂਦੇ ਹਨ। ਮੈਂ ਸੋਚਿਆ, ਇਹ ਦੇਸ਼ ਅਗਾਂਹਵਧੂ ਹੈ, ਧੀਆਂ ਦੇ ਹੱਕ ਵਿਚ ਨਿੱਤਰਦਾ ਹੈ। ਮੇਰੇ ਦੇਸ਼ ਵਾਂਗ ਨਹੀਂ ਕਿ ਧੀਆਂ ਨੂੰ ਕੁੱਖ ਵਿਚ ਕਤਲ ਕਰਵਾਉਂਦਾ ਹੈ ਪਰ ਪਿਛੋਂ ਪਤਾ ਲੱਗਾ ਕਿ ਇਹ ਧੀਆਂ ਦੀ ਕਮਾਈ ਖਾਂਦੇ ਨੇ। ਇਹ ਸੁਣ ਕੇ ਮੈਂ ਸ਼ਰਮ ਨਾਲ ਸੁੰਨ ਹੋ ਗਈ।
ਉਸ ਅੱਧਖੜ ਬੰਦੇ ਦਾ ਕੰਮ ਪੈਸੇ ਦਾ ਲੈਣ-ਦੇਣ ਸੀ। ਕਮਾਈ ਤਾਂ ਬਥੇਰੀ ਸੀ ਪਰ ਲੋਕਾਂ ਲਈ ਸੀ। ਹਰ ਰਾਤ ਨਵੀਂ ਸੇਜ ਭਾਲਦਾ ਸੀ। ਮੈਂ ਆਪਣੇ ਮੁਕੱਦਰਾਂ ਨੂੰ ਰੋਂਦੀ ਪਰ ਯਾਦਾਂ ਦਾ ਪੱਲਾ ਨਾ ਛੱਡਿਆ। ਭਾਬੀ ਨੇ ਦੱਸਿਆ ਕਿ ਜੱਗੇ ਦਾ ਕੈਨੇਡਾ ਵਿਆਹ ਹੋ ਗਿਆ ਸੀ। ਉਹਨੇ ਵੱਡੀ ਕੁੜੀ ਦਾ ਨਾਂ ਲਾਡੋ ਰੱਖਿਆ ਹੈ; ਛੋਟਾ ਮੁੰਡਾ ਹੈ, ਉਸ ਦਾ ਨਾਂ ਪ੍ਰੀਤ ਹੈ। ਮੈਂ ਜੱਗੇ ਦੀ ਖੁਸ਼ੀ ਵਿਚ ਸਭ ਕੁਝ ਦੇਖ ਲੈਂਦੀ। ਫਿਰ ਦੂਜੀ ਵਾਰ ਮੇਰੇ ਧੀ ਹੋਈ। ਅਧਖੜ ਬੰਦੇ ਨੇ ਲੋਹੜੀ ਮਨਾਈ, ਕਹਿੰਦਾ, ਫੈਮਿਲੀ ਪੂਰੀ ਹੋ ਗਈ। ਅਜੇ ਧੀ ਤਿੰਨ ਮਹੀਨਿਆਂ ਦੀ ਸੀ ਕਿ ਲੁਟੇਰੇ ਗੋਲੀ ਮਾਰ ਕੇ ਪੈਸੇ ਲੈ ਗਏ ਤੇ ਮੈਂ ਭਰੀ ਜਵਾਨੀ ਵਿਚ ਵਿਧਵਾ ਹੋ ਗਈ। ਹਮ-ਵਤਨਾਂ ਅਤੇ ਵਿਦੇਸ਼ੀਆਂ ਨੇ ਬਹੁਤ ਵਾਰ ਮੇਰੇ ‘ਤੇ ਡੋਰੇ ਪਾਉਣੇ ਚਾਹੇ ਪਰ ਇਹ ਅਮਾਨਤ ਜੱਗੇ ਦੀ ਸੀ ਤੇ ਹੈ। ਪਿਆਰ ਜਿਸਮਾਂ ਦਾ ਨਹੀਂ, ਰੂਹਾਂ ਦਾ ਕੀਤਾ ਸੀ। ਜੋ ਮਾਪਿਆਂ ਨੇ ਸਜ਼ਾ ਦਿੱਤੀ, ਉਹ ਭੁਗਤ ਰਹੀ ਹਾਂ।
ਇਕ ਦਿਨ ਛੋਟੀ ਭਾਬੀ ਨੇ ਫੋਨ ‘ਤੇ ਦੱਸਿਆ ਕਿ ਵੱਡੇ ਬਾਈ ਦੇ ਪੁੱਤ ਨੇ ਬ੍ਰਾਹਮਣਾਂ ਦੀ ਕੁੜੀ ਨਾਲ ਲਵ ਮੈਰਿਜ ਕਰਵਾਈ ਹੈ। ਕੁੜੀ ਨੇ ਸੱਤ ਬੈਂਡ ਲਏ ਹੋਏ ਨੇ। ਬਾਈ ਬ੍ਰਾਹਮਣਾਂ ਦੇ ਘਰੇ ਪੱਗ ਪੈਰੀਂ ਰੱਖ ਕੇ ਪੁੱਤ ਦੀਆਂ ਖੁਸ਼ੀਆਂ ਦੀ ਮਨਜ਼ੂਰੀ ਲੈ ਕੇ ਆਇਆ ਹੈ। ਹੁਣ ਬੇਬੇ ਬਾਪੂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਭੈਣ ਦੀ ਵਾਰੀ ਇੱਜਤ ਅਣਖ ਤੇ ਪੱਗ ਦਾ ਰੌਲਾ ਸੀ, ਹੁਣ ਪੁੱਤ ਦੀ ਵਾਰੀ ਉਹੀ ਪੱਗ ਪੈਰੀਂ ਰੱਖ ਦਿੱਤੀ।
ਮੇਰੇ ਦੋਹਾਂ ਬੱਚਿਆਂ ਨੇ ਮੈਨੂੰ ਉਠਾਇਆ। ਮੈਂ ਦੋਹਾਂ ਨੂੰ ਬੁੱਕਲ ਵਿਚ ਲੈ ਲਿਆ ਤੇ ਆਪ ਮੁਹਾਰੇ ਬੋਲੀ, “ਮੈਂ ਤੁਹਾਡੇ ਨਾਲ ਇੰਜ ਨਹੀਂ ਕਰਾਂਗੀ, ਇੰਜ ਨਹੀਂ ਕਰਾਂਗੀ।”