ਸੁਰਜੀਤ ਜੱਸਲ
ਫੋਨ: 91-98146-07737
‘ਨਾਨਕਾ ਮੇਲ’ ਪੰਜਾਬੀ ਵਿਆਹ ਸਭਿਆਚਾਰ ਦਾ ਇਕ ਅਹਿਮ ਰਿਸ਼ਤਾ ਹੈ, ਜਿਸ ਦੀ ਸ਼ਮੂਲੀਅਤ ਬਿਨਾ ਵਿਆਹਾਂ ਦੀ ਰਸਮ ਨੇਪਰੇ ਨਹੀਂ ਚੜ੍ਹਦੀ। ਵਿਆਹ ਨਾਲ ਸਬੰਧਤ ਅਨੇਕਾਂ ਫਿਲਮਾਂ ਦਾ ਨਿਰਮਾਣ ਹੋ ਚੁਕਾ ਹੈ, ਬੱਸ ਇੱਕ ‘ਨਾਨਕਾ ਮੇਲ’ ਬਾਕੀ ਸੀ, ਸੋ ਨਿਰਦੇਸ਼ਕ ਸਿਮਰਜੀਤ ਸਿੰੰਘ ਹੁੰਦਲ ਨੇ ਇਸ ਵਿਸ਼ੇ ‘ਤੇ ਆਧਾਰਤ ਵੀ ਫਿਲਮ ਬਣਾ ਦਿੱਤੀ।
ਕੇ. ਆਰ. ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਵਿਚ ਰੌਸ਼ਨ ਪ੍ਰਿੰਸ ਅਤੇ ਰੂਬੀਨਾ ਬਾਜਵਾ ਦੀ ਜੋੜੀ ਰੁਮਾਂਟਿਕ ਕਿਰਦਾਰਾਂ ‘ਚ ਨਜ਼ਰ ਆਵੇਗੀ, ਜਿਨ੍ਹਾਂ ਦੇ ਵਿਆਹ ਸਮਾਗਮ ‘ਤੇ ਜੁੜਨ ਵਾਲਾ ਨਾਨਕਾ ਮੇਲ ਆਪਸੀ ਪੁਰਾਣੇ ਗਿਲ੍ਹੇ-ਸ਼ਿਕਵਿਆਂ ਕਰਕੇ ਆਪਣੇ ਮਨਾਂ ਵਿਚ ਰੋਸੇ ਪਾਲੀ ਬੈਠਾ ਹੈ। ਇਨ੍ਹਾਂ ਤਿੜਕੇ ਰਿਸ਼ਤਿਆਂ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰਦੀ ਇਹ ਫਿਲਮ ਸਮਾਜਕ ਕਦਰਾਂ-ਕੀਮਤਾਂ ਅਤੇ ਮੋਹ ਮੁਹੱਬਤਾਂ ਦੇ ਰੰਗ ਭਰਦੀ ਹੈ। ਫਿਲਮ ਵਿਚ ਪੁਰਾਣਾ ਸਭਿਆਚਾਰ, ਪਿੰਡਾਂ ਦਾ ਦੇਸੀ ਮਾਹੌਲ, ਗਿੱਧਾ-ਭੰਗੜਾ ਅਤੇ ਲੋਕ ਬੋਲੀਆਂ ਦਾ ਵਿਰਾਸਤੀ ਰੰਗ ਵੀ ਵਿਖਾਇਆ ਗਿਆ ਹੈ, ਜੋ ਅੱਜ ਦੇ ਸਮੇਂ ਵਿਚ ਅਲੋਪ ਹੋ ਚੁਕੀਆਂ ਰਸਮਾਂ ਨੂੰ ਮੁੜ ਸੁਰਜੀਤ ਕਰਦਾ ਹੈ।
ਫਿਲਮ ਵਿਚ ਰੌਸ਼ਨ ਪਿੰ੍ਰਸ, ਰੂਬੀਨਾ ਬਾਜਵਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਸੁਨੀਤਾ ਧੀਰ, ਮਹਾਂਵੀਰ ਭੁੱਲਰ, ਗੁਰਮੀਤ ਸਾਜਨ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਪਿੰ੍ਰਸ ਕੇ. ਜੀ. ਸਿੰਘ, ਹਰਬੀ ਸੰਘਾ, ਰੁਪਿੰਦਰ ਕੌਰ, ਮੋਹਨੀ ਤੂਰ, ਸੁਖਵਿੰਦਰ ਚਹਿਲ, ਹਰਦੀਪ ਗਿੱਲ, ਵਿਜੇ ਟੰਡਨ, ਸਿਮਰਨ ਸਹਿਜਪਾਲ, ਹਰਿੰਦਰ ਭੁੱਲਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੀ ਹੈ। ਨਿਰਦੇਸ਼ਨ ਸਿਮਰਜੀਤ ਸਿੰਘ ਹੁੰਦਲ ਨੇ ਦਿੱਤਾ ਹੈ। ਫਿਲਮ ਦੇ ਗੀਤ ਹੈਪੀ ਰਾਏਕੋਟੀ, ਪ੍ਰੀਤ ਸੰਘੇੜੀ ਅਤੇ ਬੰਟੀ ਬੈਂਸ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ, ਦੇਸੀ ਕਰਿਊ ਅਤੇ ਮਿਊਜ਼ਿਕ ਇੰਪਾਇਰ ਨੇ ਦਿੱਤਾ ਹੈ। ਫਿਲਮ ਦਾ ਨਿਰਮਾਣ ਅਮਿਤ ਕੁਮਾਰ ਚੌਧਰੀ ਅਤੇ ਰਾਹੁਲ ਚੌਧਰੀ ਨੇ ਕੀਤਾ ਹੈ।
ਨਿਰਦੇਸ਼ਕ ਸਿਮਰਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਂਦੀ ਇਹ ਫਿਲਮ ਸਿਹਤਮੰਦ ਮਨੋਰੰਜਨ ਦਾ ਆਧਾਰ ਹੈ। ਜਦ ਰੌਸ਼ਨ ਪਿੰ੍ਰਸ ਤੇ ਰੁਬੀਨਾ ਬਾਜਵਾ ਦੇ ਵਿਆਹ ਦੀ ਗੱਲ ਤੁਰਦੀ ਹੈ ਤਾਂ ਰਿਸ਼ਤਾ ਕਰਨ ਆਏ ਪਰਿਵਾਰ ਦਾ ਮੁਖੀ ਕਹਿੰਦਾ ਹੈ ਕਿ ਸਾਡੀ ਇੱਛਾ ਹੈ ਕਿ ਜਿੱਥੇ ਅਸੀਂ ਆਪਣੀ ਲਾਡਲੀ ਧੀ ਦਾ ਰਿਸ਼ਤਾ ਕਰੀਏ, ਉਨ੍ਹਾਂ ਦਾ ਨਾਨਕਾ ਪਰਿਵਾਰ ਬਹੁਤ ਵੱਡਾ ਹੋਵੇ, ਪਰ ਮੁੰਡੇ ਦਾ ਬਾਪ ਆਪਣੇ ਸਹੁਰਿਆਂ ਨਾਲ ਨਾ ਵਰਤਦਾ ਹੋਣ ਕਰਕੇ ਸਾਫ ਸਪਸ਼ਟ ਕਰ ਦਿੰਦਾ ਹੈ ਕਿ ਸਾਡੀ ਖਾਨਦਾਨੀ ਪਰੰਪਰਾ ਵਿਚ ਸੁਰੂ ਤੋਂ ਹੀ ਨਾਨਕਿਆਂ ਨਾਲ ਨਹੀਂ ਬਣੀ ਤਾਂ ਇਹ ਸੁਣ ਕੇ ਰਿਸ਼ਤਾ ਅੱਧ ਵਿਚਾਲੇ ਹੀ ਅਟਕ ਜਾਂਦਾ ਹੈ, ਜਿਸ ਨੂੰ ਸਿਰੇ ਚਾੜ੍ਹਨ ਲਈ ਨਾਇਕ-ਨਾਇਕਾ ਤਿੜਕੇ ਰਿਸ਼ਤਿਆਂ ਨੂੰ ਜੋੜਨ ਦੇ ਯਤਨ ਕਰਦੇ ਹਨ। ਇੰਜ ਇਹ ਫਿਲਮ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਇਕ ਖੂਬਸੁਰਤ ਪਰਿਵਾਰਕ ਫਿਲਮ ਹੈ, ਜੋ 8 ਨਵੰਬਰ ਨੂੰ ਪੰਜਾਬ ਸਮੇਤ ਵਿਦੇਸ਼ਾਂ ਵਿਚ ਵੀ ਰਿਲੀਜ਼ ਹੋਵੇਗੀ।