ਬੂਟਾ ਸਿੰਘ
ਫ਼ੋਨ: 91-94634-74342
ਪਾਕਿਸਤਾਨ ਦੀ ਜੇਲ੍ਹ ਵਿਚ ਕਾਤਲਾਨਾ ਹਮਲੇ ਵਿਚ ਗੰਭੀਰ ਜ਼ਖ਼ਮੀ ‘ਭਾਰਤੀ’ ਨਾਗਰਿਕ ਸਰਬਜੀਤ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਇਸੇ ਦੌਰਾਨ ਜੰਮੂ ਦੀ ਜੇਲ੍ਹ ਵਿਚ ਇਸੇ ਤਰ੍ਹਾਂ ਦੇ ਹਮਲੇ ਦਾ ਸ਼ਿਕਾਰ ਹੋਏ ਪਾਕਿਸਤਾਨੀ ਨਾਗਰਿਕ ਸਨਾਉੱਲਾ ਰਣਜੇ ਦੀ ਹਾਲਤ ਗੰਭੀਰ ਹੈ। ਸਰਹੱਦ ਦੇ ਉਸ ਪਾਰ ਅਤੇ ਇਸ ਪਾਰ ਸੈਂਕੜੇ ਬੰਦੇ ਜੇਲ੍ਹਾਂ ਵਿਚ ਬੰਦ ਹਨ। ਇਨ੍ਹਾਂ ਵਿਚ ਪੂਰੀ ਤਰ੍ਹਾਂ ਬੇਕਸੂਰ ਨਾਗਰਿਕ ਅਤੇ ਗ੍ਰਿਫ਼ਤਾਰ ਖੁਫ਼ੀਆ ਏਜੰਟ, ਦੋਵੇਂ ਤਰ੍ਹਾਂ ਦੇ ਬੰਦੇ ਸ਼ਾਮਲ ਹਨ।
ਹਕੂਮਤਾਂ ਆਮ ਜਸੂਸਾਂ ਨੂੰ ਆਪਣੇ ਚੰਦਰੇ ਮਨਸੂਬਿਆਂ ਖ਼ਾਤਰ ਵਰਤਦੀਆਂ ਹਨ ਪਰ ਜਦੋਂ ਉਹ ਫੜੇ ਜਾਂਦੇ ਹਨ ਤਾਂ ਉਹ ਬਦੇਸ਼ੀ ਹਕੂਮਤ ਦੀਆਂ ਜੇਲ੍ਹਾਂ ‘ਚ ਲਾਵਾਰਿਸ ਸੜਦੇ ਰਹਿੰਦੇ ਹਨ। ਜੇ ਸਰਬਜੀਤ ਆਮ ਭਾਰਤ ਦੀ ਥਾਂ ਕੁਲੀਨ ‘ਇੰਡੀਆ’ ਦਾ ਨਾਗਰਿਕ ਹੁੰਦਾ ਤਾਂ ਉਸ ਦਾ ਇਸ ਦੁਵੱਲੇ ਨਾਟਕ ਵਿਚ ਕਿਰਦਾਰ ਵੀ ਵੱਖਰੀ ਤਰ੍ਹਾਂ ਦਾ ਹੋਣਾ ਸੀ ਤੇ ਉਸ ਦਾ ਅੰਤ ਵੀ ਉਹ ਨਹੀਂ ਸੀ ਹੋਣਾ ਜੋ ਖ਼ਾਕਨਸ਼ੀਨ ਸਰਬਜੀਤਾਂ ਜਾਂ ਕਸਾਬਾਂ ਦਾ ਅਕਸਰ ਹੀ ਹੁੰਦਾ ਹੈ। ਸਰਬਜੀਤ ਦੇ ਵਿਲਕਦੇ ਟੱਬਰ ਦਾ ਦਰਦ ਅੱਜ ਹਰ ਉਹ ਬੰਦਾ ਮਹਿਸੂਸ ਕਰ ਰਿਹਾ ਹੈ ਜਿਸ ਦੇ ਸੀਨੇ ਵਿਚ ਇਨਸਾਨੀਅਤ ਹੈ। ਇਹ ਦਰਦ ਨਿਰਾ ਸਰਬਜੀਤ ਦੇ ਪਰਿਵਾਰ ਜਾਂ ਭਿੱਖੀਵਿੰਡ ਨਗਰ ਦੇ ਲੋਕਾਂ ਦਾ ਨਹੀਂ ਹੈ, ਇਹ ਦੋਵਾਂ ਮੁਲਕਾਂ ਦੇ ਅਵਾਮ ਦਾ ਸਾਂਝਾ ਦਰਦ ਹੈ। ਕਿਤੇ ਜ਼ਾਹਿਰਾ ਤੇ ਜਾਣਿਆ ਪਛਾਣਿਆ; ਕਿਤੇ ਗੁੰਮਨਾਮ ਤੇ ਬੇਪਛਾਣ। ਅੱਜ ਹੁਕਮਰਾਨਾਂ ਲਈ ਸਰਬਜੀਤ ਦੀ ਮੌਤ ਪੂਰੀ ਬੇਹਯਾਈ ਨਾਲ ਕੌਮੀ ਜਜ਼ਬਾਤ ਭੜਕਾਉਣ ਦਾ ਮੁੱਦਾ ਹੈ। ਕਾਰਪੋਰੇਟ ਮੀਡੀਆ ਨੇ ਇਸ ਨੂੰ ਮੁਨਾਫ਼ੇ ਦਾ ਲੱਚਰ ਧੰਦਾ ਬਣਾ ਲਿਆ ਹੈ। ਮੀਡੀਆ ਦੇ ਜਿਸ ਵੱਡੇ ਹਿੱਸੇ ਦੀ ਚਾਲਕ ਸ਼ਕਤੀ ਹੀ ਖ਼ਬਰਾਂ ਤੇ ਸੁਰਖ਼ੀਆਂ ਘੜਨ ਦੀ ਲਾਲਸਾ ਹੈ, ਉਸ ਦੇ ਦੋਵੇਂ ਹੱਥੀਂ ਲੱਡੂ ਹਨ ਜਿਸ ਨੂੰ ਸਥਾਪਤੀ ਹੱਥੋਂ ਜ਼ਾਹਿਰਾ ਕਤਲ ਤਾਂ ਕਦੇ ਨਜ਼ਰ ਨਹੀਂ ਆਉਂਦੇ; ਜਿਸ ਲਈ ਬੋਰ ਵਿਚ ਡਿਗਿਆ ਬੱਚਾ ਜਾਂ ਸਰਬਜੀਤ ਦੀ ਮੌਤ ਵੱਡੇ ਮੁਨਾਫ਼ੇ ਦਾ ਸਾਧਨ ਹੈ! ਇਸ ਵੰਨਗੀ ਦਾ ਮੀਡੀਆ ਕੁਝ ਸਮਾਂ ਪਹਿਲਾਂ ਕਸਾਬ ਜਾਂ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਜਸ਼ਨਾਂ ਨੂੰ ਜਿਵੇਂ ਤੂਲ ਦੇ ਕੇ ਟੀæਆਰæਪੀæ ਨੂੰ ਜ਼ਰਬਾਂ ਦੇ ਰਿਹਾ ਸੀ, ਅੱਜ ਉਸੇ ਜੋਸ਼ੋ-ਖ਼ਰੋਸ਼ ਨਾਲ ਸਰਬਜੀਤ ਦੇ ਪਰਿਵਾਰ ਦੇ ਗ਼ਮ ਦਾ ਮੰਡੀਕਰਨ ਕਰਨ ਵਿਚ ਜੁਟਿਆ ਹੋਇਆ ਹੈ। ਦਰਅਸਲ, ਨਾਬਰਾਬਰੀ ਆਧਾਰਤ ਸਥਾਪਤੀ ਦੀਆਂ ਕੌਮਵਾਦੀ ਜਨੂੰਨ ਤੇ ਜੰਗਬਾਜ਼ ਨੀਤੀ ਦੀਆਂ ਗਰਜਾਂ ਤੇ ਜਸੂਸੀ ਤਾਣੇਬਾਣੇ, “ਦਹਿਸ਼ਤਗਰਦੀ” ਦੇ ਥੀਏਟਰ ਅੇ ਜੰਗੀ ਸਨਅਤ ਦੀ ਰਾਜਨੀਤਕ ਆਰਥਿਕਤਾ ਦੇ ਆਪਸੀ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ।
ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਰਬਜੀਤ ਦੀ ਲੋਥ ਦਾ ਮੁੱਲ ਪੰਝੀ ਲੱਖ ਅਤੇ ਇਕ ਕਰੋੜ ਰੁਪਿਆ ਉਹ ਮੱਕਾਰ ਹੁਕਮਰਾਨ ਪਾ ਰਹੇ ਹਨ ਜਿਨ੍ਹਾਂ ਦੇ ਵਿਕਾਸ ਮਾਡਲ ਦਾ ਰੱਥ ਨਿੱਤ ਦਹਿ-ਹਜ਼ਾਰਾਂ ਨਾਗਰਿਕਾਂ ਨੂੰ ਬੇਰਹਿਮੀ ਨਾਲ ਕੁਚਲ ਕੇ ‘ਵਿਕਾਸ’ ਦੀਆਂ ਮੰਜ਼ਿਲਾਂ ਮਾਰ ਰਿਹਾ ਹੈ। ਇਨ੍ਹਾਂ ‘ਨਾਗਰਿਕਾਂ’ ਦਾ ਮੁੱਲ ਕੀੜਿਆਂ-ਮਕੌੜਿਆਂ ਤੋਂ ਵੱਧ ਨਹੀਂ ਪੈਂਦਾ। ਇਨ੍ਹਾਂ ਹੁਕਮਰਾਨਾਂ ਦੇ ਰਾਜ ਵਿਚ ਕਸ਼ਮੀਰ ਅਤੇ ਪੰਜਾਬ ਵਿਚੋਂ ਹਜ਼ਾਰਾਂ ਬੇਪਛਾਣ ਕਬਰਾਂ ਦਾ ਨਿੱਤ ਨਵਾਂ ਸੱਚ ਸਾਹਮਣੇ ਆ ਰਿਹਾ ਹੈ ਅਤੇ ਛੱਤੀਸਗੜ੍ਹ, ਝਾਰਖੰਡ, ਉੜੀਸਾ ਵਿਚ ਨਾਗਰਿਕਾਂ ਨੂੰ ਥੋਕ ਬੇਪਛਾਣ ਕਬਰਾਂ ਵਿਚ ਦਫ਼ਨਾਉਣ ਦਾ ਓਪਰੇਸ਼ਨ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਭਿੱਖੀਵਿੰਡ ਪਿੰਡ ਦੀਆਂ ਦੋ ਧੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਉਹ ਬਾਦਲ ‘ਰਾਜੇ’ ਕਰ ਰਹੇ ਹਨ ਜੋ ਰੋਜ਼ਗਾਰ ਮੰਗਦੀ ਆਪਣੀ ਹੀ ‘ਪਰਜਾ’ ਨੂੰ ਪੁਲਿਸ ਹੱਥੋਂ ਡਾਂਗਾਂ ਨਾਲ ਰੋਜ਼ ਕੁਟਵਾਉਂਦੇ ਹਨ; ਜੋ ਪੰਜਾਬ ਦੀਆਂ ਧੀਆਂ ਨੂੰ ਸ਼ਰ੍ਹੇਆਮ ਗੁੱਤਾਂ ਤੋਂ ਫੜ ਕੇ ਸੜਕਾਂ ‘ਤੇ ਜ਼ਲੀਲ ਕਰਾਉਂਦੇ ਹਨ। ਸਥਾਪਤੀ ਲਈ ਮਰਨ ਅਤੇ ਆਪਣੇ ਹਿੱਤ ਦੀ ਰਾਖੀ ਲਈ ਸਥਾਪਤੀ ਦਾ ਵਿਰੋਧ ਕਰਦਿਆਂ ਮਾਰੇ ਜਾਣ ਦਾ ਇਹੀ ਫ਼ਰਕ ਹੈ। ਅੱਜ ਜਿਹੜੇ ਹੁਕਮਰਾਨ ਸਰਬਜੀਤ ਨੂੰ ‘ਦਲੇਰ ਪੁੱਤਰ’, ‘ਕੌਮੀ ਸ਼ਹੀਦ’ ਦੇ ਖ਼ਿਤਾਬ ਦੇ ਰਹੇ ਹਨ, ਇਸੇ ਹੁਕਮਰਾਨ ਕੋੜਮੇ ਦੀਆਂ ਜੰਗਬਾਜ਼ ਜੀਭਾਂ ਸਦਾ ਗੁਆਂਢੀ ਮੁਲਕਾਂ ਨਾਲ ਦੁਵੱਲੇ ਰਿਸ਼ਤਿਆਂ ਨੂੰ ਵਿਗਾੜਨ ਦੀ ਤਾਕ ਵਿਚ ਰਹਿੰਦੀਆਂ ਹਨ। ਇਹ ਜ਼ੁਬਾਨਾਂ ਜਦੋਂ ਵੀ ਖੁੱਲ੍ਹਦੀਆਂ ਹਨ ਤਾਂ ਮੁਲਕ ਦੀ ਰਾਖੀ ਦੇ ਨਾਂ ਹੇਠ ਗੁਆਂਢੀ ਮੁਲਕਾਂ ਖ਼ਿਲਾਫ਼ ਹਮੇਸ਼ਾ ਜ਼ਹਿਰ ਉਗਲਦੀਆਂ ਹਨ ਤੇ ਜੰਗ ਦੇ ਲਲਕਾਰੇ ਮਾਰ ਕੇ ਫ਼ੌਜੀ ਤਾਕਤ ਦੀ ਧੌਂਸ ਜਮਾਉਂਦੀਆਂ ਨਜ਼ਰ ਆਉਂਦੀਆਂ ਹਨ। ਸਰਬਜੀਤ ਦੇ ਮਾਮਲੇ ‘ਚ ਕੌਮੀ ਜਨੂੰਨ ਭੜਕਾਉਣ ਅਤੇ ਇਸ ਦਾ ਲਾਹਾ ਲੈਣ ਦੀ ਦੌੜ ‘ਚ ਸੱਤਾਧਾਰੀ ਤੇ ਵਿਰੋਧੀ-ਧਿਰ ‘ਚੋਂ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ। ਹੋਰ ਮਾਮਲਿਆਂ ‘ਤੇ ਬਹਿਸ ਮੌਕੇ ਇਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾਉਣ ਵਾਲੇ ਸਰਬਸੰਮਤੀ ਨਾਲ ਮਤਾ ਪਾਉਂਦੇ ਹਨ।
ਇਨ੍ਹਾਂ ਨੂੰ ਪਤਾ ਹੈ ਕਿ ਰੋਜ਼ਗਾਰ ਦੀ ਲਗਭਗ ਅਣਹੋਂਦ ਵਾਲੇ ਦੋਵਾਂ ਮੁਲਕਾਂ ਵਿਚ ਲੱਖਾਂ ਮਾਵਾਂ ਦੇ ਨੂਰੇ-ਨਜ਼ਰ ਇਕ ਦੂਜੇ ਦੇ ਪੈਰ ਮਿੱਧ ਕੇ ਕੁਝ ਹਜ਼ਾਰ ਸਿੱਕਿਆਂ ਖ਼ਾਤਰ ਸਿਪਾਹੀਆਂ, ਜਸੂਸਾਂ ਦੇ ਰੂਪ ‘ਚ ਨਹੱਕੀ ਜੰਗ ਦਾ ਖਾਜਾ ਬਣਨ, ਆਪਣੇ ਹੀ ਨਾਗਰਿਕਾਂ ਵਿਰੁੱਧ ਜੰਗ ਵਿਚ ਸ਼ਾਮਲ ਹੋ ਕੇ ਮਾਸੂਮਾਂ ਦੇ ਸੱਥਰ ਵਿਛਾਉਣ, ਆਪਣੇ ਹੀ ਮੁਲਕ ਦੀਆਂ ਮਾਵਾਂ-ਧੀਆਂ-ਭੈਣਾਂ ਦੇ “ਚੀਰ ਹਰਨ” ਕਰਨ ਅਤੇ ਸਥਾਪਤੀ ਦੇ ਕੌਮੀ ਜਨੂੰਨ ਦੇ ਬਦਕਾਰ ਏਜੰਡੇ ਦੇ ਵਾਹਕ ਬਣਨ ਲਈ ਤੱਤਪਰ ਹਨ-ਆਪਣਾ ਹਸ਼ਰ ਜਾਣਦੇ ਹੋਏ ਵੀ। ਕਿਉਂ? ਕਿਉਂਕਿ ਮੁਲਕ ਦੀ ਜਵਾਨੀ ਲਈ ਪੁਲਿਸ-ਫ਼ੌਜ ਦੀ ਨੌਕਰੀ ਹੀ ਇਕੋ ਇਕ ਭਰੋਸੇਯੋਗ ਰੋਜ਼ਗਾਰ ਬਚਿਆ ਹੈ ਜਿਥੇ ਮਾਰੇ ਜਾਣ ‘ਤੇ ਪੈਨਸ਼ਨ, ‘ਸ਼ਹੀਦ’ ਦਾ ਰੁਤਬਾ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦੀ ਤਾਂ ਗਾਰੰਟੀ ਹੈ! ਬਾਕੀ ਨੌਕਰੀਆਂ ਦੀ ਭਰਤੀ ਤਾਂ ਠੇਕੇ ‘ਤੇ ਹੋਣ ਲੱਗੀ ਹੈ। ਜਿਸ ਮੁਲਕ ਦੀ 77 ਫ਼ੀ ਸਦੀ ਆਬਾਦੀ ਮਹਿਜ਼ 600 ਰੁਪਏ ਨਾਲ ਪੂਰਾ ਮਹੀਨਾ ਗੁਜ਼ਾਰਾ ਕਰ ਰਹੀ ਹੋਵੇ, ਉਨ੍ਹਾਂ ਲਈ ਇਸ ਤੋਂ ਸੁਖ਼ਾਲਾ ਤੇ ਭਰੋਸੇਯੋਗ ਰੋਜ਼ਗਾਰ ਅਤੇ ਮੁੱਲਵਾਨ ਮੌਤ ਹੋਰ ਹੋ ਵੀ ਕੀ ਸਕਦੇ ਹਨ! ਛੱਤੀਸਗੜ੍ਹ ਦੇ ਭੋਲੇ-ਭਾਲੇ ਮੁੰਡੇ ਕੁੜੀਆਂ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ ਜੋ ਮਹਿਜ਼ ਪੰਦਰਾਂ ਸੌ ਰੁਪਏ ਪਿੱਛੇ ਆਪਣੇ ਹੀ ਭਰਾਵਾਂ-ਭੈਣਾਂ ਨੂੰ ਕਤਲ ਕਰਨ ਲਈ ਐੱਸ਼ਪੀæਓæ ਭਰਤੀ ਹੋ ਰਹੇ ਹਨ।
ਪਾਕਿਸਤਾਨ ਦੀ ਹਕੂਮਤ ਜੇਲ੍ਹ ਵਿਚ ਬੰਦ ਦੂਜੇ ਮੁਲਕ ਦੇ ਨਾਗਰਿਕ ਨੂੰ ਸੁਰੱਖਿਆ ਨਾ ਦੇ ਕੇ ਅਣਐਲਾਨੀ ਮੌਤ ਦੀ ਸਜ਼ਾ ਦੇ ਹਵਾਲੇ ਕਰਨ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ; ਪਰ ਮਾਮਲਾ ਮਹਿਜ਼ ਇੰਨਾ ਕੁ ਹੀ ਨਹੀਂ ਹੈ। ਇਹ ਮਹਿਜ਼ ਅਜਮਲ ਕਸਾਬ ਜਾਂ ਅਫ਼ਜ਼ਲ ਗੁਰੂ ਦੀ ਫਾਂਸੀ ਦੇ ਸੰਭਾਵੀ ਕੱਟੜਪੰਥੀ ਪ੍ਰਤੀਕਰਮ ਦੇ ਮੱਦੇਨਜ਼ਰ ਸਰਬਜੀਤ ਦੀ ਸੁਰੱਖਿਆ ਪ੍ਰਤੀ ਭਾਰਤ ਦੇ ਹੁਕਮਰਾਨਾਂ ਦੀ ਲਾਪ੍ਰਵਾਹੀ ਤੇ ਢਿੱਲ ਮੱਠ ਦਾ ਮਾਮਲਾ ਵੀ ਨਹੀਂ ਹੈ।
ਕਿਸੇ ਨੂੰ ਵੀ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਰਬਜੀਤ ਦਾ ਕਤਲ ਪਾਕਿਸਤਾਨ ਦੇ ਰਾਜ ਤੰਤਰ ਦੇ ਉਸ ਹਿੱਸੇ ਦੇ ਸੋਚੇ-ਸਮਝੇ ਇਸ਼ਾਰੇ ‘ਤੇ ਹੋਇਆ ਹੈ ਜੋ ਕਿਸੇ ਵੀ ਕੀਮਤ ‘ਤੇ ਦੋਵਾਂ ਮੁਲਕਾਂ ਦਰਮਿਆਨ ਅਮਨ-ਅਮਾਨ ਨਹੀਂ ਚਾਹੁੰਦੇ। ਪਾਕਿਸਤਾਨੀ ਹੁਕਮਰਾਨਾਂ ਲਈ ਇਹ ਕਸਾਬ ਵਾਂਗ ਫਾਹੇ ਲਾਉਣ ਦੀ ਬਦਨਾਮੀ ਤੋਂ ਬਚ ਕੇ ਆਪਣੇ ਰਾਜਸੀ ਮੁਫ਼ਾਦ ਪੂਰੇ ਕਰ ਲੈਣ ਦਾ ਮਹਿਫੂਜ਼ ਰਾਹ ਹੈ। ਅਜਿਹੀ ਰਾਜਸੀ ਨਸਲ ਦੀ ਸਰਹੱਦ ਦੇ ਇਸ ਪਾਰ ਵੀ ਕਮੀ ਨਹੀਂ ਹੈ ਜੋ ਗਾਹੇ-ਬਗਾਹੇ ਵੱਖੋ-ਵੱਖਰੇ ਮੁੱਦਿਆਂ ਉੱਪਰ ਜੰਗਬਾਜ਼ ਹੋਕਰੇ ਮਾਰ ਕੇ ਆਪਣੀ ‘ਦੇਸ਼ਭਗਤੀ’ ਦਾ ਸਬੂਤ ਦੇਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਇਸ ਦਾ ਹੋਛਾ ਇਜ਼ਹਾਰ ਸਰਬਜੀਤ ਦੇ ਅੰਤਿਮ ਸੰਸਕਾਰ ਮੌਕੇ ਵੀ ਪੂਰੀ ਬੇਹਯਾਈ ਨਾਲ ਸਾਹਮਣੇ ਆਇਆ ਹੈ। ਆਪਣੇ ਅਵਾਮ ਦੀ “ਸਮੂਹਕ ਭਾਵਨਾ” ਦੇ ਨਾਂ ਹੇਠ ਬਦਲਾਖ਼ੋਰੀ ਦੀ ਸਿਆਸਤ ਕਰਨ ਦੀ ਗਰਜ ਸਰਹੱਦ ਦੇ ਉਸ ਪਾਰ ਦੇ ਹੁਕਮਰਾਨਾਂ ਨੂੰ ਵੀ ਓਨੀ ਹੀ ਹੈ ਜਿੰਨੀ ਇਸ ਪਾਰ ਵਾਲਿਆਂ ਨੂੰ। ਜੇ ਪਿਛਲੇ ਸਾਲ ਜੂਨ ਮਹੀਨੇ ਦੀ 26 ਤਰੀਕ ਨੂੰ ਸਰਬਜੀਤ ਦੀ ਰਿਹਾਈ ਦੇ ਐਲਾਨ ਤੋਂ ਠੀਕ ਪੰਜ ਘੰਟੇ ਬਾਅਦ ਪਾਕਿਸਤਾਨੀ ਹੁਕਮਰਾਨ ਰਿਹਾਈ ਦੇ ਘਚੋਲੇ ਦਾ ਜ਼ਿੰਮੇਵਾਰ ਮੀਡੀਆ ਨੂੰ ਠਹਿਰਾ ਕੇ ਉਸ ਦੀ ਰਿਹਾਈ ਤੋਂ ਮੁੱਕਰ ਸਕਦੇ ਹਨ ਤਾਂ ਉਨ੍ਹਾਂ ਉੱਪਰ ਪੈ ਰਹੇ ਰਾਜਸੀ ਗਰਜਾਂ ਦੇ ਦਬਾਅ ਨੂੰ ਸਮਝਿਆ ਜਾ ਸਕਦਾ ਹੈ। ਦੋਵਾਂ ਮੁਲਕਾਂ ਦੇ ਹੁਕਮਰਾਨਾਂ ਲਈ ਨਾ ਕਸਾਬ, ਅਫ਼ਜ਼ਲ ਗੁਰੂ, ਸਰਬਜੀਤ ਜਾਂ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਦੀਆਂ ਰਹਿਮ ਦੀਆਂ ਅਰਜੋਈਆਂ ਤੇ ਤਰਲੇ ਕੋਈ ਅਰਥ ਰੱਖਦੇ ਹਨ, ਨਾ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਹੋਰ ਇਨਸਾਫ਼ ਤੇ ਅਮਨਪਸੰਦ ਲੋਕਾਂ ਦੀਆਂ ਇਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਲਾਮਬੰਦ ਕੀਤੀਆਂ ਲੋਕ ਰਾਇ ਮੁਹਿੰਮਾਂ। ਜੇ ਇਸ ਜਾਂ ਉਸ ਪਾਰ ਦੇ ਹੁਕਮਰਾਨ ਐਨੇ ਹੀ ਅਮਨ-ਪ੍ਰੇਮੀ, ਦਿਆਨਤਦਾਰ ਤੇ ਗ਼ਲਤੀਆਂ ਤੋਂ ਸਿੱਖਣ ਵਾਲੇ ਇਮਾਨਦਾਰੀ ਦੇ ਪੁਤਲੇ ਹੁੰਦੇ ਤਾਂ ਵਾਘੇ ਵਾਲੀ ਲਕੀਰ ਹੀ ਕਿਉਂ ਹੁੰਦੀ ਅਤੇ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਵਾਰ-ਵਾਰ ਜੰਗ ਰੂਪੀ ਖ਼ੂਨ-ਖ਼ਰਾਬਾ ਹੀ ਕਿਉਂ ਹੁੰਦਾ? ਦੋਵੇਂ ਪਾਸੇ ਸੰਜੀਦਾ ਰਾਜਸੀ ਪਹੁੰਚ ਨਦਾਰਦ ਹੈ ਅਤੇ ਜੰਗਬਾਜ਼ੀ ਭਾਰੂ ਹੈ। ਦੋਵੇਂ ਹੁਕਮਰਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਦੁਵੱਲੇ ਅਮਨ-ਅਮਾਨ ਦਾ ਮਤਲਬ ਹੈ, ਇਨ੍ਹਾਂ ਮੁਲਕਾਂ ਦੇ ਖ਼ਾਕ-ਨਸ਼ੀਨ ਅਵਾਮ ਦਾ ਅੰਨ੍ਹੇ ਕੌਮੀ ਜਨੂੰਨ ਦੀ ਬੇਸੁਰਤੀ ਵਿਚੋਂ ਜਾਗ ਕੇ ਆਪਣੇ ਅਸਲ ਮਸਲਿਆਂ ਬਾਰੇ ਸੋਚ-ਵਿਚਾਰ ਦੇ ਰਾਹ ਤੁਰਨਾ। ਫਿਰ ਨਾ ਇਹ ਹੁਕਮਰਾਨ ਤਖ਼ਤ-ਨਸ਼ੀਨ ਰਹਿਣਗੇ, ਨਾ ਇਨ੍ਹਾਂ ਦੇ ਰਾਜ ਰਹਿਣਗੇ। ਅਮਨ-ਅਮਾਨ ਨਾਲ ਇਨ੍ਹਾਂ ਦੇ ਰਾਜ ਤਖ਼ਤ ਹੀ ਨਹੀਂ, ਆਲਮੀ ਪੱਧਰ ਦੀ ਜੰਗੀ ਸਾਜ਼ੋ-ਸਮਾਨ ਬਣਾਉਣ ਵਾਲੀ ਸਨਅਤ ਦੀ ਹੋਂਦ ਹੀ ਖ਼ਤਰੇ ‘ਚ ਪੈ ਜਾਵੇਗੀ ਜੋ ਜੰਗ ਦੇ ਬੱਦਲ ਮੰਡਰਾਉਣ ‘ਤੇ ਹੀ ਮੁਨਾਫ਼ੇ ਕਮਾ ਸਕਦੀ ਹੈ। ਲਿਹਾਜ਼ਾ, ਭਾਰਤੀ ਹੁਕਮਰਾਨ ਉਸ ਨੂੰ ‘ਦਲੇਰ ਪੁੱਤਰ’ ਤੇ ‘ਕੌਮੀ ਸ਼ਹੀਦ’ ਕਹਿ ਕੇ ਆਪਣੇ ਉਸ ਘਿਣਾਉਣੇ ਮੁਜਰਮਾਨਾ ਕਿਰਦਾਰ ਤੋਂ ਸੁਰਖ਼ਰੂ ਹੋ ਨਹੀਂ ਹੋ ਸਕਦੇ ਜਿਸ ਦੀ ਸਰਬਜੀਤ ਵਰਗੇ ਨਾਗਰਿਕਾਂ ਨੂੰ ਜਸੂਸ ਬਣਾ ਕੇ ਬਲਦੀ ਦੇ ਬੁੱਥੇ ਦੇਣ ‘ਚ ਮੁੱਖ ਭੂਮਿਕਾ ਹੈ ਸਗੋਂ ਇਹ ਆਪਣੇ ਕਿਰਦਾਰ ਉੱਪਰ ਮੋਹਰ ਹੀ ਲਾ ਰਹੇ ਹਨ। ਇਨ੍ਹਾਂ ਦੀ ਵਜਾ੍ਹ ਨਾਲ ਭਵਿਖ ਵਿਚ ਵੀ ਬੇਸ਼ੁਮਾਰ ਸਰਬਜੀਤ ਤੇ ਕਸਾਬ ਲਕੀਰ ਦੇ ਦੋਵੇਂ ਪਾਸੇ ਬਲੀ ਦੇ ਬੱਕਰੇ ਬਣਾਏ ਜਾਂਦੇ ਰਹਿਣਗੇ।
ਸਰਬਜੀਤ ਭਾਰਤ ਵਲੋਂ ਭੰਨਤੋੜ ਕਰਨ ਲਈ ਭੇਜਿਆ ਜਾਸੂਸ ਸੀ ਜਾਂ ਨਹੀਂ, ਇਸ ਬਾਰੇ ਦੋਵਾਂ ਮੁਲਕਾਂ ਦੇ ਹੁਕਮਰਾਨਾਂ ਦੇ ਦਾਅਵਿਆਂ, ਪ੍ਰਤੀ-ਦਾਅਵਿਆਂ ਦਾ ਹਰ ਕਿਸੇ ਨੂੰ ਚੰਗੀ ਤਰ੍ਹਾਂ ਪਤਾ ਹੈ। ਜੇ ਭਾਰਤੀ ਹੁਕਮਰਾਨ ਸਰਬਜੀਤ ਦੇ ਬੇਕਸੂਰ ਹੋਣ ਦੀ ਪੈਰਵਾਈ ਕਰਦੇ ਤਾਂ ਉਨ੍ਹਾਂ ਨੂੰ ਇਹ ਦੱਸਣਾ ਪੈਣਾ ਸੀ ਕਿ ਪਾਕਿਸਤਾਨ ਵਿਚ ਕੀਤੇ ਬੰਬ ਧਮਾਕਿਆਂ ਦਾ ਅਸਲ ਮੁਜਰਮ ਮਨਜੀਤ ਸਿੰਘ ਹੈ ਜੋ ਭਿੱਖੀਵਿੰਡ ਵਾਲਾ ਸਰਬਜੀਤ ਨਹੀਂ ਹੈ। ਭਾਰਤੀ ਰਾਜ ਨੂੰ ਆਪਣਾ ਘਿਣਾਉਣਾ ਕਿਰਦਾਰ ਢਕੀ ਰੱਖਣ ‘ਚ ਹੀ ਫ਼ਾਇਦਾ ਸੀ। ਇਸ ਲਈ ਭਿੱਖੀਵਿੰਡ ਵਾਲੇ ਸਰਬਜੀਤ ਨੂੰ ਬਲੀ ਦਾ ਬੱਕਰਾ ਬਣਨ ਦਿੱਤਾ ਗਿਆ। ਉਂਜ ਭਾਰਤੀ ਹੁਕਮਰਾਨਾਂ ਨੇ ਉਸ ਨੂੰ ਕੌਮੀ ਸ਼ਹੀਦ ਕਰਾਰ ਦੇ ਕੇ ਉਸ ਦੀ ਉਹ ਭੂਮਿਕਾ ਤਸਲੀਮ ਕਰ ਲਈ ਹੈ ਜਿਸ ਦਾ ਇਲਜ਼ਾਮ ਪਾਕਿਸਤਾਨ ਲਾ ਰਿਹਾ ਹੈ। ਭਾਰਤੀ ਹੁਕਮਰਾਨਾਂ ਨੂੰ ਇਹ ਜਵਾਬ ਤਾਂ ਦੇਣਾ ਹੀ ਪਵੇਗਾ ਕਿ ਜੇ ਸਰਬਜੀਤ ਬੇਕਸੂਰ ਸੀ ਤਾਂ ਫਿਰ ਉਨ੍ਹਾਂ ਦੇ ਮੁਲਕ ਦਾ ਇਕ ‘ਬੇਕਸੂਰ’ ਨਾਗਰਿਕ ਜੋ 30 ਅਗਸਤ 1990 ਦੇ ਦਿਨ ਸ਼ਰਾਬ ਦੇ ਨਸ਼ੇ ‘ਚ ਕਸੂਰ ਕੋਲੋਂ ਸਰਹੱਦ ਪਾਰ ਕਰ ਗਿਆ ਦੱਸਿਆ ਜਾਂਦਾ ਹੈ, ਗੁਆਂਢੀ ਮੁਲਕ ਵਿਚ ਗ਼ਲਤੀ ਨਾਲ ਪੈਰ ਧਰਨ ਕਰ ਕੇ ਹੀ 23 ਵਰ੍ਹੇ ਉੱਥੋਂ ਦੀ ਜੇਲ੍ਹ ਵਿਚ ਪਲ ਪਲ ਮੌਤ ਦੇ ਸਾਏ ਹੇਠ ਕਿਉਂ ਸੜਦਾ ਰਿਹਾ? ਭਾਰਤੀ ਰਾਜ ਨੇ ਉਸ ਦੀ ਪੈਰਵਾਈ ਸੰਜੀਦਗੀ ਨਾਲ ਕਰ ਕੇ ਉਸ ਦੀ ਬੰਦ-ਖ਼ਲਾਸੀ ਨਹੀਂ ਕਰਵਾਈ, ਪਰ ਹੁਣ ਇਲਾਕਾ ਪੱਧਰ ਦੇ ਆਗੂ ਤੋਂ ਲੈ ਕੇ ਰਾਹੁਲ ਗਾਂਧੀ ਤਕ, ਹਰ ਕੋਈ ਉਸ ਨੂੰ ਸ਼ਹੀਦ ਕਰਾਰ ਦੇ ਕੇ ਹੇਜ ਦਿਖਾ ਰਿਹਾ ਹੈ। ਕੀ ਇਸ ਲਈ ਭਾਰਤੀ ਰਾਜ ਦੀ ਹੈਂਕੜਬਾਜ਼ ਬਦੇਸ਼ ਨੀਤੀ ਮੁੱਖ ਜ਼ਿੰਮੇਵਾਰ ਨਹੀਂ ਹੈ ਜੋ ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਸੁਖਾਵੇਂ ਬਣਾਉਣ ਦੇ ਕੂਟਨੀਟਕ ਯਤਨ ਇਮਾਨਦਾਰੀ ਨਾਲ ਕਰਨ ਦੀ ਬਜਾਏ ਅਕਸਰ ਹੀ ਧੌਂਸਬਾਜ਼ੀ ਤੇ ਹੈਂਕੜਬਾਜ਼ੀ ਨਾਲ ਪੇਸ਼ ਆਉਂਦੀ ਹੈ? ਪਰ ਜਦੋਂ ਭਾਰਤੀ ਹੁਕਮਰਾਨ ਉਸ ਨੂੰ ਕੌਮੀ ਸ਼ਹੀਦ ਕਰਾਰ ਦੇ ਰਹੇ ਹਨ ਤਾਂ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਉਸ ਦੀ ਸ਼ਹਾਦਤ ਕਿਹੜਾ ‘ਕੌਮੀ’ ਫਰਜ਼ ਅਦਾ ਕਰਦਿਆਂ ਹੋਈ? ਚਾਹੇ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਸਰਹੱਦ ਪਾਰ ਕੀਤੀ ਹੋਵੇ, ਜਾਂ ‘ਰਾਅ’ ਦੇ ਖੁਫ਼ੀਆ ਏਜੰਟ ਵਜੋਂ ਗੁਆਂਢੀ ਮੁਲਕ ਦੀ ਜਸੂਸੀ ਕਰਨ ਲਈ; ਦੋਵੇਂ ਹਾਲਾਤ ‘ਚ ਉਸ ਦੇ ਕਿਰਦਾਰ ਦਾ ਸ਼ਹਾਦਤ ਨਾਲ ਕੋਈ ਲਾਗਾ-ਦੇਗਾ ਨਹੀਂ ਹੈ।
ਜੇ ਭਾਰਤੀ ਹੁਕਮਰਾਨਾਂ ਦੇ ਬੇਰਹਿਮ ਦਿਲਾਂ ‘ਚ ਅਫ਼ਜ਼ਲ ਗੁਰੂ ਜਾਂ ਪਾਕਿਸਤਾਨੀ ਨਾਗਰਿਕ ਅਜਮਲ ਕਸਾਬ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਇਨਸਾਨੀ ਹਮਦਰਦੀ ਪੈਦਾ ਨਹੀਂ ਹੋਈ, ਫਿਰ ਉਨ੍ਹਾਂ ਨੂੰ ਆਪਣੇ ਪਾਕਿਸਤਾਨੀ ਸ਼ਰੀਕਾਂ ਤੋਂ ਇਨਸਾਨੀ ਰਵੱਈਆ ਅਪਨਾਉਣ ਦੀ ਤਵੱਕੋ ਰੱਖਣ ਦਾ ਕੀ ਇਖ਼ਲਾਕੀ ਹੱਕ ਹੈ? ਉਨ੍ਹਾਂ ਨੇ ਖ਼ੁਦ ਕਸਾਬ ਜਾਂ ਅਫ਼ਜ਼ਲ ਦੇ ਮਾਮਲੇ ‘ਚ ਰਹਿਮ ਦੀ ਇਹੀ ਦਰਿਆਦਿਲੀ ਦਿਖਾਉਣ ਦਾ ਜਸ ਕਿਉਂ ਨਹੀਂ ਖੱਟ ਲਿਆ? ਜੇ ਕਸ਼ਮੀਰੀ ਅਫ਼ਜ਼ਲ ਗੁਰੂ ਜਿਸ ਕਸ਼ਮੀਰ ਨੂੰ ਭਾਰਤ ਦਾ ‘ਅਨਿੱਖੜ ਅੰਗ’ ਦੱਸਿਆ ਜਾਂਦਾ ਹੈ, ਨੂੰ ਮੁਲਕ ਦਾ ਆਪਣਾ ਹੁਕਮਰਾਨ ਲਾਣਾ ਅਤੇ ਇੱਥੋਂ ਦਾ ਇਨਸਾਫ਼-ਤੰਤਰ ਨਿਰਦੋਸ਼ ਕਰਾਰ ਦੇ ਕੇ ਵੀ “ਕੌਮ ਦੀ ਸਮੂਹਕ ਭਾਵਨਾ ਦੀ ਤਸੱਲੀ” ਲਈ ਫਾਹੇ ਲਾਉਣ ਲਈ ਬਜ਼ਿਦ ਰਿਹਾ ਤੇ ਉਸ ਦੇ ਪਰਿਵਾਰ ਦੀ ਫਰਿਆਦ ਦੇ ਬਾਵਜੂਦ ਉਸ ਦੀ ਲਾਸ਼ ਵੀ ਨਹੀਂ ਦਿੱਤੀ, ਫਿਰ ‘ਬੇਗਾਨੇ’ ਪਾਕਿਸਤਾਨ ਦੇ ਹੁਕਮਰਾਨਾਂ ਜਾਂ ਉਥੋਂ ਦੀ ਅਦਾਲਤ ਦਾ ਤਾਂ ਸਰਬਜੀਤ ਲਗਦਾ ਹੀ ਕੀ ਸੀ? ਉਨ੍ਹਾਂ ਨੇ ਘੱਟੋ-ਘੱਟ ਲਾਸ਼ ਤਾਂ ਦੇ ਦਿੱਤੀ ਹੈ! ਆਪਣੇ ਹੀ ਨਾਗਰਿਕ ਦਵਿੰਦਰਪਾਲ ਸਿੰਘ ਭੁੱਲਰ ਦੇ ਟੱਬਰ ਦੀਆਂ ਰਹਿਮ ਦੀਆਂ ਅਪੀਲਾਂ ਅਤੇ ਜਮਹੂਰੀਅਤਪਸੰਦ ਅਵਾਮ ਦੀ ਆਵਾਜ਼ ਨੂੰ ਇਥੋਂ ਦੇ ਹੁਕਮਰਾਨ ਸੱਚੇ ਮਨੋਂ ਕਿੰਨਾ ਕੁ ਗੌਲ਼ ਰਹੇ ਹਨ? ਰਾਜਸੀ ਗਿਣਤੀਆਂ-ਮਿਣਤੀਆਂ ਕਰ ਕੇ ਉਸ ਦੀ ਫਾਂਸੀ ਆਰਜ਼ੀ ਤੌਰ ‘ਤੇ ਅੱਗੇ ਪਾਉਣਾ ਹੋਰ ਗੱਲ ਹੈ। ਤਕਨੀਕੀ-ਕਾਨੂੰਨੀ ਨਜ਼ਰੀਏ ਤੋਂ, ਇਲਜ਼ਾਮ ਤਾਂ ਕਸਾਬ ਅਤੇ ਸਰਬਜੀਤ ਦੋਵਾਂ ਉੱਪਰ ਇਕੋ ਸਨ-ਦੂਜੇ ਮੁਲਕ ਵਿਚ ਜਾ ਕੇ ਮੌਤ ਦਾ ਛੱਟਾ ਦੇ ਕੇ ਦਰਜਨਾਂ ਮਨੁੱਖੀ ਜਾਨਾਂ ਲੈਣ ਦੇ। ਕਿਤੇ ਦਹਿਸ਼ਤੀ ਹਮਲੇ ਦਾ ਮੰਚ ਮੁੰਬਈ ਦਾ ਤਾਜ ਹੋਟਲ ਜਾਂ ਛਤਰਪਤੀ ਸ਼ਿਵਾ ਜੀ ਰੇਲਵੇ ਸਟੇਸ਼ਨ ਸੀ ਅਤੇ ਕਿਤੇ ਲਾਹੌਰ ਜਾਂ ਫੈਸਲਾਬਾਦ ਦੇ ਭੀੜ-ਭੜੱਕੇ ਵਾਲੀਆਂ ਥਾਵਾਂ। ਇਲਜ਼ਾਮਾਂ ਦੀ ਸਚਾਈ ਵੀ ਦੋਵੇਂ ਪਾਰ ਦੇ ਹੁਕਮਰਾਨ ਖ਼ੁਦ ਹੀ ਜਾਣਦੇ ਹਨ ਜਿਸ ਉੱਪਰੋਂ ਸ਼ਾਇਦ ਹੀ ਕਦੇ ਪਰਦਾ ਉੱਠੇ; ਕਿਉਂਕਿ ਕਸਾਬ, ਤਾਰਿਕ ਵਰਗੇ ਸਬੂਤ ਹੀ ਮਿਟਾ ਦਿੱਤੇ ਗਏ ਜੋ ਕਦੇ ਵੀ ਅਸਲ ਕਹਾਣੀ ਸਾਹਮਣੇ ਲਿਆ ਸਕਦੇ ਸਨ। ਅਫ਼ਜ਼ਲ ਗੁਰੂ ਉੱਪਰ ਵੀ ਇਹੀ ਇਲਜ਼ਾਮ ਸਨ ਅਤੇ ਭੁੱਲਰ ਉੱਪਰ ਵੀ ਇਲਜ਼ਾਮ ਇਸੇ ਤਰ੍ਹਾਂ ਦੇ ਹਨ-ਦਰਜਨਾਂ ਮਨੁੱਖੀ ਜਾਨਾਂ ਲੈਣ ਦੇ। ਫਿਰ ਭਾਰਤੀ ਹੁਕਮਰਾਨਾਂ ਦਾ ਇਨ੍ਹਾਂ ਪ੍ਰਤੀ ਇਨਸਾਨੀ ਰਵੱਈਆ ਕਿਉਂ ਨਹੀਂ ਰਿਹਾ?
ਹੁਕਮਰਾਨ ਖ਼ੁਦ ਕਬੂਲ ਕਰਦੇ ਹਨ ਕਿ ਇਸ ਵਕਤ ਭਾਰਤ ਦੀਆਂ ਜੇਲ੍ਹਾਂ ਵਿਚ 272 ਪਾਕਿਸਤਾਨੀ ਬੰਦ ਹਨ। ਦੂਜੇ ਪਾਸੇ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ 483 ਮਛੇਰਿਆਂ ਸਮੇਤ 535 ਭਾਰਤੀ ਬੰਦ ਦੱਸੇ ਜਾਂਦੇ ਹਨ। ਕੀ ਭਾਰਤ ਦੇ ਹੁਕਮਰਾਨਾਂ ਨੇ ਕਿੰਨਿਆਂ ਪ੍ਰਤੀ ਇਨਸਾਨੀ ਰਵੱਈਆ ਅਪਣਾ ਕੇ ਉਨ੍ਹਾਂ ਦੇ ਵਤਨ ਭੇਜਿਆ ਹੈ ਜਿਸ ਦੇ ਅਧਾਰ ‘ਤੇ ਉਨ੍ਹਾਂ ਦੀ ਮੰਗ ਪਾਕਿਸਤਾਨ ਉੱਪਰ ਮੋੜਵਾਂ ਇਖ਼ਲਾਕੀ ਦਬਾਅ ਬਣੇ? ਕੀ ਸਰਬਜੀਤ ਦੀ ਮੌਤ ਤੋਂ ਸਬਕ ਸਿੱਖ ਕੇ ਹੁਕਮਰਾਨ ਇਨ੍ਹਾਂ 535 ਬੰਦਿਆਂ ਦੀ ਬੰਦ-ਖ਼ਲਾਸੀ ਲਈ ਸੰਜੀਦਾ ਕੋਸ਼ਿਸ਼ਾਂ ਕਰਨਗੇ?
ਇਸ ਡੂੰਘੇ ਸਦਮੇ ਦੀ ਘੜੀ ਗੁਆਂਢੀ ਮੁਲਕ ਦਾ ਝੰਡਾ ਸਾੜ ਕੇ, ਪਾਕਿਸਤਾਨ ਨੂੰ ਕੋਸ ਕੇ, ਉਸ ਦੇ ਖ਼ਿਲਾਫ਼ ਭੜਾਸ ਕੱਢ ਕੇ ਉਹ ਭੋਲੇ-ਭਾਲੇ ਲੋਕ ਤਾਂ ਮਨ ਨੂੰ ਤਸੱਲੀ ਦੇ ਸਕਦੇ ਹਨ ਜਿਨ੍ਹਾਂ ਦੇ ਦਿਮਾਗ ਸ਼ਾਤਰ ਹੁਕਮਰਾਨਾਂ ਵਲੋਂ ਭਰੇ ਅੰਨ੍ਹੇ ਕੌਮੀ ਜਨੂੰਨ ਨਾਲ ਮਦਹੋਸ਼ ਹਨ; ਜਿਨ੍ਹਾਂ ਦੇ ਅੰਨ੍ਹੇ ਕੌਮਵਾਦ ਦੀ ਪੱਟੀ ਨਾਲ ਢਕੇ ਦੀਦੇ ਸਾਡੇ ਆਪਣੇ ਹੁਕਮਰਾਨਾਂ ਦੇ ਮੁਜਰਮਾਨਾ ਕਿਰਦਾਰ ਨੂੰ ਵੇਖਣ ਸਮਝਣ ਤੋਂ ਆਹਰੀ ਹਨ; ਪਰ ਹੋਸ਼ਮੰਦ ਨਾਗਰਿਕਾਂ ਨੂੰ ਉਨ੍ਹਾਂ ਸਵਾਲਾਂ ਨੂੰ ਮੁਖ਼ਾਤਬ ਹੋ ਕੇ ਜਵਾਬ ਜ਼ਰੂਰ ਲੱਭਣੇ ਹੋਣਗੇ ਜਿਨ੍ਹਾਂ ਕਾਰਨ ਸਰਬਜੀਤ ਪਾਕਿਸਤਾਨ ਦੀ ਜੇਲ੍ਹ ਵਿਚ ਸੀ ਅਤੇ ਕਸਾਬ ਭਾਰਤ ਦੀ ਜੇਲ੍ਹ ਵਿਚ। ਸਰਹੱਦ ਦੇ ਦੋਵੇਂ ਪਾਰ “ਦਹਿਸ਼ਤਗ਼ਰਦ” ਹਮਲਿਆਂ ਦੇ ਇਹ ਥੀਏਟਰ ਕਿਉਂ ਅਤੇ ਕਿਵੇਂ ਹੋਂਦ ਵਿਚ ਆਉਂਦੇ ਹਨ, ਇਨ੍ਹਾਂ ਉੱਪਰ ਖੇਡੇ ਜਾਂਦੇ ਦਹਿਸ਼ਤਗਰਦੀ ਦੇ ਨਾਟਕਾਂ ਦੀਆਂ ਅਸਲ ਸੂਤਰਧਾਰ ਤਾਕਤਾਂ ਕੌਣ ਹਨ ਤੇ ਇਨ੍ਹਾਂ ਦੇ ਹਿੱਤ ਕੀ ਹਨ? ਇਸ ਸਿਆਸਤ ਦੀ ਟੇਕ ਅਮਨ-ਅਮਾਨ ਨਹੀਂ ਬਲਦੇ ਸਿਵੇ ਹਨ। ਇਨ੍ਹਾਂ ਸੂਤਰਧਾਰਾਂ ਦੀ ਸ਼ਨਾਖ਼ਤ ਤੇ ਪਰਦਾਫਾਸ਼ ਹੀ ਇਸ ਦੀ ਜ਼ਾਮਨੀ ਬਣ ਸਕਦੀ ਹੈ ਕਿ ਭਵਿੱਖ ਵਿਚ ਕੋਈ ਹੋਰ ਸਰਬਜੀਤ, ਕਸਾਬ ਜਾਂ ਅਫ਼ਜ਼ਲ ਗੁਰੂ ਕਤਲ ਨਹੀਂ ਹੋਣਗੇ। ਹੁਣ ਲੋੜ ਜਜ਼ਬਾਤ ਦੇ ਵਹਿਣ ‘ਚ ਵਹਿਣ ਦੀ ਬਜਾਏ ਇਨ੍ਹਾਂ ਅਸਲ ਸਵਾਲਾਂ ਨੂੰ ਮੁਖ਼ਾਤਬ ਹੋਣ ਦੀ ਹੈ।
Leave a Reply