ਦਸਤਾਵੇਜ਼ੀ ਫ਼ਿਲਮ ‘ਸੇਵਾ’

ਪੱਤਰਕਾਰ ਅਤੇ ਦਸਤਾਵੇਜ਼ੀ ਫ਼ਿਲਮਸਾਜ਼ ਦਲਜੀਤ ਅਮੀ ਦੀ ਨਵੀਂ ਫ਼ਿਲਮ ‘ਸੇਵਾ’ ਟੋਰਾਂਟੋ (ਕੈਨੇਡਾ) ਵਿਖੇ ਹੋ ਰਹੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀਆਂ ਨਾਮਜ਼ਦਗੀਆਂ ਲਈ ਚੁਣੀ ਗਈ ਹੈ। ਇਹ ਫਿਲਮ ਬਰੈਂਪਟਨ (ਕੈਨੇਡਾ) ਦੇ ਸ਼ੈਰੀਡਨ ਕਾਲਜ (ਡੇਵਿਸ ਕੈਂਪਸ) ਵਿਚ 18 ਮਈ ਨੂੰ ਦਿਖਾਈ ਜਾ ਰਹੀ ਹੈ। ਇਸ ਫਿਲਮ ਵਿਚ ਵਿਰਸੇ ਅਤੇ ਵਿਰਾਸਤ ਨੂੰ ਸਾਂਭਣ ਲਈ ਲੱਗੇ ਕਾਮਿਆਂ ਅਤੇ ਉਨ੍ਹਾਂ ਦੇ ਫਿਕਰਾਂ ਦੀ ਬਾਤ ਪਾਈ ਗਈ ਹੈ। ਦਲਜੀਤ ਅਮੀ ‘ਪੰਜਾਬ ਟਾਈਮਜ਼’ ਲਈ ਵੱਖ-ਵੱਖ ਮੁੱਦਿਆਂ ‘ਤੇ ਲੇਖ ਲਿਖਦੇ ਰਹਿੰਦੇ ਹਨ। ਇਸ ਫਿਲਮ ਬਾਰੇ ਪਾਠਕਾਂ ਨਾਲ ਗੱਲਾਂ ਕਰ ਕੇ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ। -ਸੰਪਾਦਕ

ਦਸਤਾਵੇਜ਼ੀ ਫ਼ਿਲਮਸਾਜ਼ ਦਲਜੀਤ ਅਮੀ ਦੀ ਨਵੀਂ ਫ਼ਿਲਮ ‘ਸੇਵਾ’ ਗਿਆਨ ਦੇ ਅਮੁੱਕ ਖਜ਼ਾਨੇ ਦੀ ਸਾਂਭ-ਸੰਭਾਲ ਬਾਰੇ ਵੱਖ-ਵੱਖ ਨੁਕਤਾ-ਨਿਗ੍ਹਾ ਤੋਂ ਸਹਿਜ ਸੰਵਾਦ ਤੋਰਦੀ ਹੈ। ਕੁੱਲ 27 ਮਿੰਟਾਂ ਦੀ ਇਸ ਫ਼ਿਲਮ ਦਾ ਤੋੜਾ ਗੁਰਬਾਣੀ ਵਿਚ ਆਈ ਤੁਕ ‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰਿ ਮਨਿ ਭਇਆ ਨਿਧਾਨਾ॥’ ਉਤੇ ਝੜਦਾ ਹੈ। ਪਿਉ-ਦਾਦਿਆਂ ਦੇ ਅਮੁੱਲ ਖ਼ਜ਼ਾਨੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਸੇਵਾ ਇਸ ਫ਼ਿਲਮ ਦੀ ਚੂਲ ਹੈ। ਇਹ ਉਹ ਕਰਜ਼ ਹੈ ਜਿਸ ਨੂੰ ਉਤਾਰਨ ਦੀ ਗੱਲ ਇਸ ਫ਼ਿਲਮ ਵਿਚ ਉਭਾਰ ਕੇ ਕੀਤੀ ਗਈ ਹੈ। ਇਤਿਹਾਸ ਅਤੇ ਵਿਰਸੇ ਬਾਰੇ ਬਹੁ-ਪਰਤੀ ਵਿਚਾਰ ਅਤੇ ਵਿਹਾਰ ਇਸ ਫ਼ਿਲਮ ਵਿਚ ਨਾਲੋ-ਨਾਲ ਤੁਰਦੇ ਹਨ। ਇਹ ਵਿਚਾਰ ਬਹੁਤ ਥਾਈਂ ਹਮ-ਰਾਹ ਵੀ ਹੁੰਦੇ ਹਨ ਅਤੇ ਕਈ ਥਾਈਂ ਇੱਕ-ਦੂਜੇ ਨਾਲ ਖਹਿੰਦੇ ਵੀ ਹਨ, ਪਰ ਫ਼ਿਲਮਸਾਜ਼ ਇਨ੍ਹਾਂ ਨੂੰ ਇਸ ਤਰ੍ਹਾਂ ਲੜੀ ਵਿਚ ਪਰੋ ਕੇ ਪੇਸ਼ ਕਰਦਾ ਹੈ ਕਿ ਫ਼ਿਲਮ ਦਾ ਹਰ ਫਰੇਮ/ਹਰ ਦ੍ਰਿਸ਼ ਸੁਨੇਹਾ ਲੈ ਕੇ ਆਉਂਦਾ ਹੈ। ਅਸਲ ਵਿਚ ਦਲਜੀਤ ਅਮੀ ਆਪਣੀ ਇਸ ਫ਼ਿਲਮ ਰਾਹੀਂ ਸਾਡੇ ਸਾਹਮਣੇ ਹੀ ਗੁਆਚ ਰਹੇ ਵਿਰਸੇ ਦਾ ਦਰਦ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ। ਗਿਆਨ ਦਾ ਇਹ ਖ਼ਜ਼ਾਨਾ ਅਗਿਆਨਤਾ ਕਰ ਕੇ, ਜਾਂ ਕੁਦਰਤ ਦੀ ਮਾਰ ਕਰ ਕੇ ਲਗਾਤਾਰ ਤਬਾਹ ਹੋ ਰਿਹਾ ਹੈ। ਇਹੀ ਨਹੀਂ, ਕੁਝ ਹੋਰ ਕਾਰਨਾਂ ਕਰ ਕੇ ਇਹ ਗਿਆਨ ਮਿਥ ਕੇ ਵੀ ਮਿਟਾਇਆ ਜਾ ਰਿਹਾ ਹੈ। ਫ਼ਿਲਮ ਵਿੱਚ ਜਦੋਂ ਅਫ਼ਗ਼ਾਨਿਸਤਾਨ, ਇਰਾਕ ਜਾਂ ਮਿਸਰ ਦਾ ਜ਼ਿਕਰ ਆਉਂਦਾ ਹੈ ਤਾਂ ਵਿਰਸੇ ਨੂੰ ਮਿਥ ਕੇ ਮਿਟਾਉਣ ਵਾਲੀ ਗੱਲ ਹੁੱਝ ਮਾਰ ਕੇ ਦਰਸ਼ਕ ਦੇ ਸਾਹਮਣੇ ਆਣ ਖਲੋਂਦੀ ਹੈ ਅਤੇ ਵੱਡਾ ਸਵਾਲ ਬਣ ਜਾਂਦੀ ਹੈ। ਦਲਜੀਤ ਨੇ ਇਹ ਸਵਾਲ ਬੜੇ ਪ੍ਰਚੰਡ ਰੂਪ ਵਿਚ ਕੀਤਾ ਹੈ। ਇਸ ਨੁਕਤੇ ਤੋਂ ਇਹ ਫ਼ਿਲਮ ਜੰਗ-ਵਿਰੋਧੀ ਸੁਨੇਹਾ ਦਿੰਦੀ ਜਾਪਦੀ ਹੈ।
ਪੂਰੀ ਫ਼ਿਲਮ ਵਿਚ ਫ਼ਿਲਮਸਾਜ਼ ਆਪਣੇ ਕੈਮਰੇ ਦੀ ਅੱਖ ਰਾਹੀਂ ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੱਸਦਾ ਹੈ ਕਿ ਵਿਰਸੇ ਦੀ ਸੰਭਾਲ ਦਾ ਮਸਲਾ ਸਰਬੱਤ ਦੇ ਭਲੇ ਨਾਲ ਜੁੜਿਆ ਹੋਇਆ ਹੈ। ਅੱਜ ਮਸਲਾ ਕਿਸੇ ਇੱਕ ਧਰਮ, ਧਾਰਾ ਜਾਂ ਧੜੇ ਨਾਲ ਸਬੰਧਤ ਸਮੱਗਰੀ ਸੰਭਾਲਣ ਦਾ ਨਹੀਂ ਹੈ, ਮਸਲਾ ਤਾਂ ਬਿਨਾਂ ਕਿਸੇ ਭੇਦਭਾਵ, ਹਰ ਤਰ੍ਹਾਂ ਦੀ ਅਮੁੱਲ ਅਤੇ ਉਪਲਭਧ ਸਮੱਗਰੀ ਨੂੰ ਅਗਲੀਆਂ ਪੀੜ੍ਹੀਆਂ ਦੇ ਅਧਿਐਨ ਲਈ ਸੰਭਾਲਣ ਦਾ ਹੈ। ਅਗਲੀਆਂ ਪੀੜ੍ਹੀਆਂ ਆਪੇ ਤੈਅ ਕਰਨਗੀਆਂ ਕਿ ਇਸ ਖ਼ਜ਼ਾਨੇ ਵਿਚੋਂ ਕੀ ਛੱਡਣਾ ਤੇ ਕੀ ਰੱਖਣਾ ਹੈ ਅਤੇ ਕਿਸ-ਕਿਸ ਰੂਪ ਵਿਚ ਰੱਖਣਾ ਹੈ। ਇਉਂ ਕਰ ਕੇ ਹੀ ਅਗਲੀਆਂ ਪੀੜ੍ਹੀਆਂ ਦੇ ਰਾਹ ਸੁਖਾਲੇ ਕੀਤੇ ਜਾ ਸਕਦੇ ਹਨ। ਇਸੇ ਨੂੰ ਉਹ ਅਗਲੀਆਂ ਪੀੜ੍ਹੀਆਂ ਦਾ ਅੱਜ ਦੀ ਪੀੜ੍ਹੀ ਸਿਰ ਕਰਜ਼ਾ ਤਸੱਵੁਰ ਕਰਦਾ ਹੈ। ਕਿਸੇ ਵੀ ਦਸਤਾਵੇਜ਼ੀ ਫ਼ਿਲਮ ਲਈ ਸਬੰਧਤ ਮਸਲੇ ਦੀ ਤਫ਼ਸੀਲ ਬੜੀ ਅਹਿਮ ਹੁੰਦੀ ਹੈ। ਇਸ ਫ਼ਿਲਮ ਦਾ ਵਾਧਾ ਇਹ ਹੈ ਕਿ ਇਹ ਫ਼ਿਲਮ ਬਹੁਤ ਘੱਟ ਬੋਲ ਕੇ, ਪੂਰੀ ਤਫ਼ਸੀਲ ਦਰਸ਼ਕਾਂ ਲਈ ਛੱਡ ਕੇ ਜਾਂਦੀ ਹੈ। ਫ਼ਿਲਮ ਵਿਚ ਪਰੋਏ ਖਿਆਲਾਤ ਦਰਸ਼ਕ ਦੇ ਅੰਦਰ ਵੱਲ ਯਾਤਰਾ ਕਰਦੇ ਹਨ। ਇਹ ਯਾਤਰਾ ਦਰਸ਼ਕ ਨੂੰ ਮਸਲੇ ਦੀ ਜੜ੍ਹ ਤੱਕ ਲਿਜਾਣ ਦਾ ਜ਼ਰੀਆ ਬਣਦੀ ਹੈ। ਇਸ ਤੋਂ ਵੀ ਵੱਡੀ ਗੱਲ, ਫ਼ਿਲਮਸਾਜ਼ ਵੱਖ-ਵੱਖ ਪੱਖਾਂ ਵਾਲੀਆਂ ਗੱਲਾਂ ਨੂੰ ਮੂਲ ਰੂਪ ਵਿਚ ਹੀ ਸਭ ਦੇ ਸਾਹਮਣੇ ਆਉਣ ਦਿੰਦਾ ਹੈ, ਬਗੈਰ ਕਿਸੇ ਰਲਾ ਦੇ; ਪਰ ਇਹ ਮੁੱਦੇ ਦਰਸ਼ਕ ਦੇ ਦਿਲੋ-ਦਿਮਾਗ ਉਤੇ ਇੰਨਾ ਕੁ ਜ਼ਰੂਰ ਅਸਰ ਕਰਦੇ ਹਨ ਕਿ ਉਹ ਫ਼ਿਲਮ ਵਿਚ ਉਠੇ ਵਿਚਾਰਾਂ ਦੀ ਪੁਣ-ਛਾਣ ਲਈ ਖੁਦ ਅਹੁਲਦਾ ਹੈ। ਫ਼ਿਲਮ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਨਾਲ ਸੰਵਾਦ ਰਚਾਇਆ ਗਿਆ ਹੈ, ਉਨ੍ਹਾਂ ਦੇ ਫਿਕਰਾਂ ਨੂੰ ਇਸ ਫ਼ਿਲਮ ਰਾਹੀਂ ਜ਼ੁਬਾਨ ਮਿਲੀ ਹੈ।
-ਪੰਜਾਬ ਟਾਈਮਜ਼ ਫੀਚਰਜ਼

Be the first to comment

Leave a Reply

Your email address will not be published.