ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਅਰਦਾਸ ਆਖਰਕਾਰ ਸੰਪੂਰਨ ਹੋਈ ਹੈ। ਪਾਕਿਸਤਾਨ ਅਤੇ ਹਿੰਦੋਸਤਾਨ ਵਿਚਾਲੇ ਸਿਆਸੀ ਕਾਰਨਾਂ ਕਰਕੇ ਅੰਤਾਂ ਦੇ ਤਣਾਅ ਦੇ ਬਾਵਜੂਦ ਇਹ ਲਾਂਘਾ ਮਿਥੇ ਸਮੇਂ ਮੁਤਾਬਕ ਖੁੱਲ੍ਹ ਰਿਹਾ ਹੈ। ਇਹ ਅਸਲ ਵਿਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਵਾਲੇ ਸੁਨੇਹੇ ਦਾ ਹੀ ਪਰਤੌ ਹੈ, ਨਹੀਂ ਤਾਂ ਸਿਆਸਤਦਾਨਾਂ ਨੇ ਇਸ ਸ਼ੁਭ ਕਾਰਜ ਨੂੰ ਲੀਹੋਂ ਲਾਹੁਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹੋਰ ਤਾਂ ਹੋਰ, ਇਸ ਇਤਿਹਾਸਕ ਕਾਰਜ ਦੇ ਸਿਰੇ ਚੜ੍ਹਨ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਸਾਡੇ ਸਿਆਸਤਦਾਨ ਹਰ ਮਰਿਆਦਾ ਭੁੱਲ ਗਏ। ਸਿਰਫ ਇਸੇ ਇਕ ਨੁਕਤੇ ਤੋਂ ਹੀ ਜਾਹਰ ਹੋ ਜਾਂਦਾ ਹੈ ਕਿ ਬਾਬੇ ਨਾਨਕ ਦਾ ਵਰੋਸਾਇਆ ਪੰਥ ਅੱਜ ਕਿਸ ਮੋੜ ‘ਤੇ ਆਣ ਪੁੱਜਾ ਹੈ।
ਇਨ੍ਹਾਂ ਸਿਆਸੀ ਗੈਰ ਦਿਆਨਤਦਾਰੀਆਂ ਕਾਰਨ ਹੀ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਤਾ ਜਾਣ ਵਾਲਾ ਸੁਨੇਹਾ ਦੂਣ ਸਵਾਇਆ ਹੋਣ ਦੀ ਥਾਂ ਮਹਿਜ਼ ਖਾਨਾਪੂਰਤੀਆਂ ਦੀ ਅੰਨ੍ਹੀ ਗਲੀ ਵਿਚ ਭਟਕਣ ਦਾ ਖਦਸ਼ਾ ਬਣ ਗਿਆ ਹੈ। ਇਤਿਹਾਸ ਗਵਾਹ ਹੈ ਕਿ ਇਸੇ ਸਿਆਸਤ ਕਾਰਨ ਅਸੀਂ ਸਿੱਖ ਭਾਈਚਾਰੇ ਨਾਲ ਜੁੜੀਆਂ ਸ਼ਤਾਬਦੀਆਂ ਮੌਕੇ ਮਿਲਿਆ ਵਕਤ ਖੁੰਝਾ ਚੁਕੇ ਹਾਂ। ਪਹਿਲੇ ਪਾਤਿਸ਼ਾਹ ਦੇ ਇਸ ਪੁਰਬ ਮੌਕੇ ਵੀ ਅਸੀਂ ਦਾਨੇ-ਬੀਨੇ ਬਣ ਕੇ ਆਪਣਾ ਫਰਜ਼ ਨਿਭਾਉਣ ਤੋਂ ਬਹੁਤ ਪਿਛਾਂਹ ਹੀ ਰਹਿ ਗਏ ਜਾਪਦੇ ਹਾਂ। ਇਸੇ ਕਰਕੇ ਅਜਿਹੇ ਇਤਿਹਾਸਕ ਮੌਕਿਆਂ ਸਮੇਂ ਅਸੀਂ ਪ੍ਰਭਾਤ ਫੇਰੀਆਂ, ਨਗਰ ਕੀਰਤਨ ਸਜਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ, ਦੀਵਾਨ, ਲੰਗਰ, ਆਤਿਸ਼ਬਾਜ਼ੀ ਆਦਿ ਦੀਆਂ ਬੇਅੰਤ ਲੜੀਆਂ ਤਾਂ ਚਲਾ ਦਿੱਤੀਆਂ ਪਰ ਸਾਡੇ ਆਚਾਰ-ਵਿਹਾਰ ਵਿਚ ਜੋ ਸਿਫਤੀ ਤਬਦੀਲੀ ਆਉਣੀ ਚਾਹੀਦੀ ਸੀ, ਉਹ ਕਿਤੇ ਦਿਸ ਨਹੀਂ ਰਹੀ। ਸਾਦਗੀ ਦਾ ਪੱਲਾ ਅਸੀਂ ਚਿਰੋਕਣਾ ਛੱਡ ਚੁਕੇ ਹਾਂ। ਜਾਤਾਂ-ਗੋਤਾਂ ਦੇ ਮਾਮਲਿਆਂ ਵਿਚ ਅਸੀਂ ਇਹ ਕਹਿ ਕੇ ਤਸੱਲੀ ਕਰ ਲੈਂਦੇ ਹਾਂ ਕਿ ਗੁਰੂ ਸਾਹਿਬਾਨ ਦੇ ਸੁਨੇਹੇ ਕਰਕੇ ਪੰਜਾਬ ਦੀ ਹਾਲਤ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਬਹੁਤ ਬਿਹਤਰ ਹੈ। ਕਰਮਕਾਂਡਾਂ ਦਾ ਸਿਲਸਿਲਾ ਤਾਂ ਹੁਣ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ।
ਅਜਿਹੇ ਇਤਿਹਾਸਕ ਮੌਕਿਆਂ ਉਤੇ ਬਿਨਾ ਸ਼ੱਕ, ਸਰਕਾਰੀ ਪਹਿਲਕਦਮੀ ਨਾਲ ਸੁਨੇਹਾ ਦੂਰ ਦੂਰ ਤਕ ਅਪੜਾਉਣ ਵਿਚ ਮਦਦ ਮਿਲਦੀ ਹੈ, ਪਰ ਅਜਿਹੇ ਮਾਮਲਿਆਂ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਵੀ ਬਹੁਤ ਅਹਿਮ ਬਣਦੀ ਹੈ। ਉਂਜ, ਇਸ ਸੰਸਥਾ ਨੇ ਇਸ ਇਤਿਹਾਸਕ ਮੌਕੇ ਕੋਈ ਯੋਜਨਾ ਬਣਾਉਣ ਦੀ ਥਾਂ ਕਰਤਾਰਪੁਰ ਲਾਂਘੇ ਬਾਰੇ ਚੱਲ ਰਹੀ ਸਿਆਸਤ ਨਾਲ ਹੀ ਬੁਤਾ ਸਾਰ ਲਿਆ ਜਾਪਦਾ ਹੈ। ਇਸ ਇਤਿਹਾਸਕ ਮੌਕੇ ਨੂੰ ਸਿਰਫ ਕਰਤਾਰਪੁਰ ਲਾਂਘੇ ਵਾਲੇ ਸਮਾਗਮਾਂ ਤਕ ਸਮੇਟ ਦੇਣਾ ਸ਼੍ਰੋਮਣੀ ਕਮੇਟੀ ਦੀ ਮਾੜੀ ਕਾਰਗੁਜ਼ਾਰੀ ਦਾ ਸਿਖਰ ਹੈ। ਇਸ ਇਤਿਹਾਸਕ ਮੌਕੇ ‘ਤੇ ਇਹ ਸੰਸਥਾ ਕੋਈ ਹੋਰ ਪ੍ਰੋਗਰਾਮ ਉਲੀਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਵੱਡਾ ਸਵਾਲ ਹੁਣ ਇਹੀ ਹੈ ਕਿ ਜੇ ਸਿੱਖਾਂ ਦੀ ਸਿਰਮੌਰ ਸੰਸਥਾ ਨੇ ਹੀ ਇਸ ਪਾਸੇ ਕੋਈ ਚਾਰਾਜੋਈ ਨਹੀਂ ਕਰਨੀ ਤਾਂ ਹੋਰ ਕੌਣ ਕਰੇਗਾ? ਇਸ ਦਾ ਇਕੋ-ਇਕ ਕਾਰਨ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਉਤੇ ਸਿਆਸਤ ਦਾ ਕਬਜ਼ਾ ਹੈ। ਸਿੱਖਾਂ ਲਈ ਜ਼ਰੂਰੀ ਤੌਰ ‘ਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਸਿਆਸਤ ਉਤੇ ਧਰਮ ਦਾ ਕੁੰਡਾ ਹੋਣਾ ਸੀ, ਪਰ ਸਿਆਸੀ ਗਿਣਤੀਆਂ-ਮਿਣਤੀਆਂ ਕਾਰਨ ਇਥੇ ਐਨ ਉਲਟ ਵਾਪਰਿਆ ਹੈ; ਧਰਮ ਨੂੰ ਸਿਆਸੀ ਮੁਫਾਦ ਲਈ ਸ਼ੱਰੇਆਮ ਵਰਤਿਆ ਜਾ ਰਿਹਾ ਹੈ ਅਤੇ ਅਨੇਕਾਂ ਯਤਨਾਂ ਤੇ ਵਾਰ-ਵਾਰ ਰੌਲਾ ਪੈਣ ਦੇ ਬਾਵਜੂਦ ਇਸ ਨੂੰ ਠੱਲ੍ਹ ਨਹੀਂ ਪੈ ਸਕੀ ਹੈ। ਕੀ ਇਸ ਅਹਿਮ ਮਾਮਲੇ ਨੂੰ ਕਿਸੇ ਖਾਸ ਮੰਚ ਤੋਂ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ? ਜਵਾਬ ਕਿਤੇ ਦੂਰ-ਦੂਰ ਵੀ ਲੱਭਦਾ ਨਜ਼ਰੀਂ ਨਹੀਂ ਪੈਂਦਾ। ਸਿਆਸਤ ਅਤੇ ਧਾਰਮਿਕ ਖੇਤਰ ਵਿਚ ਇਕ ਪਰਿਵਾਰ ਦੇ ਕਬਜ਼ੇ ਬਾਰੇ ਬਿਆਨ ਦਾਗਣੇ ਇਕ ਗੱਲ ਹੈ, ਇਸ ਕਬਜ਼ੇ ਨੂੰ ਤੋੜ ਸੁੱਟਣ ਲਈ ਲਗਾਤਾਰ ਸਰਗਰਮੀ ਕਰਨੀ ਬਿਲਕੁੱਲ ਵੱਖਰੀ ਗੱਲ ਹੈ। ਇਸ ਪਾਸੇ ਨਿੱਠ ਕੇ ਨਾ ਚੱਲਣ ਦਾ ਹੀ ਨਤੀਜਾ ਹੈ ਕਿ ਇੰਨੀ ਹਾਲ-ਪਾਹਰਿਆ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਹਨ ਅਤੇ ਅਗਲੇ ਸਮੇਂ ਦੌਰਾਨ ਵੀ ਇਸ ਅੰਦਰ ਕਿਤੇ ਸਿਫਤੀ ਤਬਦੀਲੀ ਦੇ ਆਸਾਰ ਨਜ਼ਰ ਨਹੀਂ ਆ ਰਹੇ। ਇਸ ਪ੍ਰਸੰਗ ਵਿਚ ਅਗਾਂਹ ਉਲੀਕੀ ਜਾਣ ਵਾਲੀ ਕਿਸੇ ਖਾਸ ਯੋਜਨਾ ਬਾਰੇ ਵੀ ਕੋਈ ਕਨਸੋਅ ਨਹੀਂ ਪੈ ਰਹੀ ਹੈ।
ਇਸ ਦਾ ਵੱਡਾ ਅਤੇ ਅਹਿਮ ਕਾਰਨ ਤਾਂ ਇਹੀ ਜਾਪਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਤਾਂ ਮੰਨ ਰਹੇ ਹਾਂ, ਪਰ ਉਨ੍ਹਾਂ ਦੀ ਮੰਨ ਨਹੀਂ ਰਹੇ। ਗੁਰੂ ਸਾਹਿਬਾਨ ਦਾ ਸਿਦਕ-ਸੁਨੇਹਾ ਅਪਨਾਉਣ ਦੀ ਥਾਂ ਅਸੀਂ ਪਾਠੀ ਹੋ ਜਾਣ ਦਾ ਸੌਖਾ ਰਾਹ ਲੱਭ ਲਿਆ ਹੈ, ਜਦੋਂਕਿ ਸੱਚਾ ਸੁਨੇਹਾ ਅਮਲਾਂ ਦੇ ਨਬੇੜਿਆਂ ਨਾਲ ਹੀ ਹੋਣਾ ਹੈ। ਪਹਿਲੇ ਪਾਤਿਸ਼ਾਹ ਦਾ ਪ੍ਰਕਾਸ਼ ਪੁਰਬ ਇਸ ਪਾਸੇ ਤੁਰਨ ਦਾ ਆਧਾਰ ਬਣ ਸਕਦਾ ਹੈ, ਬਸ਼ਰਤੇ ਅਸੀਂ ਉਨ੍ਹਾਂ ਦੇ ਅਮਲਾਂ ਦਾ ਧਿਆਨ ਧਰ ਕੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਸਰਕਾਰਾਂ ਅਤੇ ਲੀਡਰ ਕਦੇ ਨਹੀਂ ਚਾਹੁਣਗੇ ਕਿ ਆਮ ਲੋਕ ਸਜੱਗ ਹੋ ਕੇ ਵਿਚਰਨ ਲੱਗ ਪੈਣ। ਇਸ ਨਾਲ ਤਾਂ ਉਨ੍ਹਾਂ ਦੇ ਕੂੜ ਦੀ ਦੁਕਾਨ ਬੰਦ ਹੋ ਜਾਣੀ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਬਾਬੇ ਨਾਨਕ ਦੇ ਸੁਨੇਹੇ ਅਤੇ ਸਾਡੇ ਅਮਲਾਂ ਵਿਚ ਪੈ ਗਏ ਵੱਡੇ ਪਾੜੇ ਨੂੰ ਇਕਾਗਰ ਚਿਤ ਹੋ ਕੇ ਪੂਰਿਆ ਜਾਵੇ। ਇਸ ਮਾਮਲੇ ਵਿਚ ਸਭ ਤੋਂ ਪਹਿਲਾਂ ਕਦਮ ਲੋਕ ਦੋਖੀਆਂ ਨੂੰ ਪਛਾਣਨ ਦਾ ਹੋਵੇਗਾ। ਇਸ ਮਾਮਲੇ ‘ਤੇ ਬਾਬਾ ਨਾਨਕ ਖੁਦ ਸਾਡਾ ਰਾਹ ਰੁਸ਼ਨਾਉਂਦੇ ਹਨ। ਉਨ੍ਹਾਂ ਦੀਆਂ ਸਿਖਿਆਵਾਂ ਮਨੁੱਖ ਨੂੰ ਇਸੇ ਪਾਸੇ ਤੁਰਨ ਦਾ ਹੋਕਾ ਦਿੰਦੀਆਂ ਹਨ ਅਤੇ ਸਰਬ ਸਾਂਝੀਵਾਲਤਾ ਦੀ ਬਾਤ ਪਾਉਂਦੀਆਂ ਹਨ। ਸਭ ਤੋਂ ਵੱਡੀ ਗੱਲ, ਇਹ ਸਿਖਿਆਵਾਂ ਸਿਰਫ ਸਿੱਖਾਂ ਲਈ ਨਹੀਂ, ਸਮੁੱਚੇ ਸੰਸਾਰ ਦੇ ਜਿਉੜਿਆਂ ਲਈ ਹਨ। ਇਸ ਕਰਕੇ ਇਨ੍ਹਾਂ ਦਾ ਸੁਨੇਹਾ ਸਰਬ ਵਿਆਪਕ ਹੈ। ਇਸ ਪੁਰਬ ਦੀ ਇਤਿਹਾਸਕ ਮਹੱਤਤਾ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਪਈਏ। ਲਗਾਤਾਰ ਲੀਹੋਂ ਲਹਿ ਰਹੇ ਹਾਲਾਤ ਸਾਨੂੰ ਵਾਰ-ਵਾਰ ਟਕੋਰ ਰਹੇ ਹਨ।