ਜ਼ਿਮਨੀ ਚੋਣਾਂ ਦਾ ਪੰਜਾਬ ਦੇ ਸਿਆਸੀ ਭਵਿਖ ਬਾਰੇ ਵੱਡਾ ਸੁਨੇਹਾ
ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ- ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ ਫਿਲਹਾਲ ਰਵਾਇਤੀ ਧਿਰਾਂ (ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ) ਹੀ ਪੰਜਾਬ ਦੀ ਸਿਆਸਤ ਦੀਆਂ ਝੰਡਾਬਰਦਾਰ ਰਹਿਣਗੀਆਂ। ਇਸ ਸੂਰਤ ਵਿਚ ਅਕਾਲੀ ਦਲ ਲਈ ਕਿਸੇ ਵੀ ਸਮੇਂ ਰਾਹ ਖੁੱਲ੍ਹਾ ਹੋ ਸਕਦਾ ਹੈ।
ਚੋਣਾਂ ਵਿਚ ਤੀਜੇ ਬਦਲ ਦੇ ਦਾਅਵੇ ਵਾਲਿਆਂ ਸਾਰੀਆਂ ਧਿਰਾਂ ਆਪਸੀ ਫੁੱਟ ਕਾਰਨ ਚੰਗਾ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀਆਂ। ਇਥੋਂ ਤੱਕ ਕਿ ਵਿਧਾਨ ਸਭਾ ਚੋਣਾਂ ਵਿਚ ਵੱਡੀ ਧਿਰ ਬਣ ਕੇ ਉਭਰੀ ਆਮ ਆਦਮੀ ਪਾਰਟੀ ਦੇ ਚਾਰੇ ਸੀਟਾਂ ਤੋਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। Ḕਆਪ’ ਨੂੰ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਹਲਕਾ ਦਾਖਾ ਤੋਂ ਮਿਲੀ ਹੈ, ਜਿਥੋਂ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ ਸਿਰਫ 2,804 ਵੋਟਾਂ ਹੀ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਦਾਖਾ ਹਲਕੇ ਦੀ ਸੀਟ Ḕਆਪ’ ਦੇ ਉਮੀਦਵਾਰ ਐਚæਐਸ਼ ਫੂਲਕਾ ਵਲੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਸੀ। Ḕਆਪ’ ਦਾ ਇਸ ਸੀਟ ਉਤੇ ਚੰਗਾ ਆਧਾਰ ਸੀ, ਪਰ ਇਸ ਵਾਰ ਆਜ਼ਾਦ ਉਮੀਦਵਾਰ ਤੋਂ ਵੀ ਘੱਟ ਵੋਟਾਂ ਪਈਆਂ।
Ḕਆਪ’ ਦੀ ਸਮੁੱਚੀ ਲੀਡਰਸ਼ਿਪ ਚਾਰ ਹਲਕਿਆਂ ਤੋਂ ਕੁੱਲ 25,276 ਵੋਟਾਂ ਹੀ ਹਾਸਲ ਕਰ ਸਕੀ ਹੈ। Ḕਆਪ’ ਵਾਂਗ ਹੀ ਪੰਜਾਬ ਜਮਹੂਰੀ ਗੱਠਜੋੜ (ਪੀæਡੀæਏæ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਨਾਮਾਤਰ ਹੀ ਸਰਗਰਮੀ ਰਹੀ ਹੈ ਜਿਸ ਕਾਰਨ ਹੁਣ ਪੰਜਾਬੀਆਂ ਨੂੰ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਕਿਸੇ ਹੋਰ ਧਿਰ ਦੀ ਤਲਾਸ਼ ਰਹੇਗੀ। ਪੀæਡੀæਏæ ਜ਼ਿਮਨੀ ਚੋਣਾਂ ਵਿਚ ਅਜਿਹਾ ਖਿੱਲਰਨਾ ਸ਼ੁਰੂ ਹੋਇਆ ਕਿ ਚੋਣ ਪ੍ਰਚਾਰ ਭਖਣ ਤੱਕ ਇਹ ਖੱਖੜੀਆਂ-ਕਰੇਲੇ ਹੋ ਗਿਆ। ਪੀæਡੀæਏæ ਵਿਚਲੀਆਂ 6 ਪਾਰਟੀਆਂ ਵਿਚੋਂ ਲੋਕ ਇਨਸਾਫ ਪਾਰਟੀ ਨੇ ਪਹਿਲਾਂ ਹੀ ਫਗਵਾੜਾ ਤੋਂ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਲੀਕ ਖਿੱਚ ਦਿੱਤੀ ਸੀ। ਗੱਠਜੋੜ ਦੀਆਂ ਦੋ ਹੋਰ ਪਾਰਟੀਆਂ ਬਸਪਾ ਅਤੇ ਆਰæਐਮæਪੀæਆਈæ ਨੇ ਮੁਕੇਰੀਆ ਤੋਂ Ḕਆਪ’ ਦੇ ਉਮੀਦਵਾਰ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਪੀæਡੀæਏæ ਦੀ ਅੰਦਰੂਨੀ ਸਿਆਸਤ ਵਿਚ ਤੇਜ਼ੀ ਨਾਲ ਵਾਪਰੀਆਂ ਘਟਨਾਵਾਂ ਕਾਰਨ ਇਸ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਪੈ ਗਏ ਤੇ ਬਾਜ਼ੀ ਫਿਰ ਰਵਾਇਤੀ ਧਿਰਾਂ ਹੱਥ ਆ ਗਈ। ਯਾਦ ਰਹੇ ਕਿ ਕੈਪਟਨ ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ਸਵਾਲਾਂ ਵਿਚ ਘਿਰੀ ਹੋਈ। ਸਰਕਾਰ ਵਾਅਦਾਖਿਲਾਫੀ ਦੇ ਮੁੱਦੇ ਉਤੇ ਚੁਫੇਰਿਉਂ ਘਿਰੀ ਹੋਈ ਹੈ। ਰੁਜ਼ਗਾਰ, ਕਿਸਾਨੀ ਤੇ ਨਸ਼ਿਆਂ ਸਮੇਤ ਹਰ ਮੁੱਦੇ ਉਤੇ ਸਰਕਾਰ ਨੇ ਲੋਕਾਂ ਪੱਲੇ ਨਿਰਾਸ਼ਾ ਹੀ ਪਾਈ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਸੀ ਕਿ ਤੀਜੇ ਬਦਲ ਦੀ ਭਾਲ ਵਿਚ ਬੈਠੇ ਪੰਜਾਬ ਦੇ ਵੋਟਰ ਕੁਝ ਵੱਖਰੇ ਨਤੀਜੇ ਦੇਣਗੇ ਪਰ ਤੀਜੇ ਬਦਲ ਦੇ ਦਾਅਵਿਆਂ ਵਾਲੀਆਂ ਧਿਰਾਂ ਆਪਸ ਵਿਚ ਹੀ ਅਜਿਹੀਆਂ ਉਲਝੀਆਂ ਕਿ ਸਾਰੀਆਂ ਰਣਨੀਤੀਆਂ ਧਰੀਆਂ ਧਰਾਈਆਂ ਹੀ ਰਹਿ ਗਈਆਂ।
ਚਾਰਾਂ ਵਿਚੋਂ ਤਿੰਨ ਹਲਕਿਆਂ ‘ਤੇ ਕਾਂਗਰਸ ਤੇ ਇਕ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜਲਾਲਾਬਾਦ ਵਿਧਾਨ ਸਭਾ ਹਲਕੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਬਦਬਾ ਤੋੜਦਿਆਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਸੱਤਾਧਾਰੀ ਕਾਂਗਰਸ ਲਈ ਵੱਕਾਰ ਦਾ ਸਵਾਲ ਬਣੇ ਦਾਖਾ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਕੈਪਟਨ ਸੰਦੀਪ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਫਗਵਾੜਾ ਅਤੇ ਮੁਕੇਰੀਆਂ ਹਲਕਿਆਂ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਅਤੇ ਮਰਹੂਮ ਕਾਂਗਰਸੀ ਵਿਧਾਇਕ ਦੀ ਪਤਨੀ ਇੰਦੂ ਬਾਲਾ ਨੇ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿਚ ਹੁਣ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 80 ਹੋ ਗਈ ਹੈ ਜਦਕਿ ਆਮ ਆਦਮੀ ਪਾਰਟੀ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 14, ਭਾਜਪਾ ਅਤੇ ਲੋਕ ਇਨਸਾਫ ਪਾਰਟੀ ਦੇ 2-2 ਵਿਧਾਇਕ ਹਨ। ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਸਮੇਤ ਹੋਰਨਾਂ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਚੋਣਾਂ ਅਕਾਲੀ ਦਲ ਲਈ ਵੱਡਾ ਝਟਕਾ ਹਨ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਾ ਮਿਲਣ ਤੋਂ ਬਾਅਦ ਅਕਾਲੀ ਦਲ ਦਾ ਆਧਾਰ ਪੰਜਾਬ ਵਿਚ ਖੁੱਸਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਮੰਨੇ ਜਾਂਦੇ ਹਨ। ਅਜਿਹੇ ਹਾਲਾਤ ਵਿਚ ਅਕਾਲੀ ਦਲ ਲੋਕਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਦਾ ਲਾਹਾ ਨਹੀਂ ਲੈ ਸਕਿਆ। ਜ਼ਿਮਨੀ ਚੋਣਾਂ ਦੌਰਾਨ ਜੇਕਰ ਫਗਵਾੜਾ ਅਤੇ ਮੁਕੇਰੀਆਂ ਤੋਂ ਭਾਜਪਾ ਉਮੀਦਵਾਰਾਂ ਦੀ ਹਾਰ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਇਹ ਹਾਲ ਦੀ ਘੜੀ ਆਪਣੇ ਦਮ ਉਤੇ ਲੜਾਈ ਲੜਨ ਦੇ ਸਮਰੱਥ ਨਹੀਂ ਹੋਈ ਹੈ।
ਭਾਜਪਾ ਦਾ ‘ਰਾਸ਼ਟਰਵਾਦ’ ਐਤਕੀਂ ਕੰਮ ਨਾ ਆਇਆ
ਨਵੀਂ ਦਿੱਲੀ: ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ। ਹਰਿਆਣਾ ਵਿਚ 75 ਤੇ ਮਹਾਰਾਸ਼ਟਰ ਵਿਚ 220 ਤੋਂ ਪਾਰ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਭਾਜਪਾ ਨਾਲ ਸਭ ਤੋਂ ਵੱਧ ਮਾੜੀ ਹਰਿਆਣਾ ਵਿਚ ਹੋਈ ਤੇ ਮਹਿਜ਼ 40 ਸੀਟਾਂ ਹੀ ਜੁੜੀਆਂ।
ਭਾਜਪਾ ਦਾ ਲੋਕ ਸਭਾ ਚੋਣਾਂ ਵਾਂਗ Ḕਰਾਸ਼ਟਰਵਾਦ’ ਵਾਲਾ ਫਾਰਮੂਲਾ ਇਨ੍ਹਾਂ ਸੂਬਿਆਂ ਵਿਚ ਫੇਲ ਸਾਬਤ ਹੋਇਆ। ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਧਾਰਾ 370 ਮਨਸੂਖ ਕਰਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਕੇ ਰਾਸ਼ਟਰਵਾਦੀ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ। ਸਰਜੀਕਲ ਸਟਰਾਈਕ ਵੀ ਹੋਈ। ਮੋਹਨ ਭਾਗਵਤ ਨੇ ਭਾਰਤ ਦੇ ਹਿੰਦੂ ਰਾਸ਼ਟਰ ਹੋਣ ਦਾ ਹੋਕਾ ਦਿੱਤਾ। ਚੋਣਾਂ ਨੂੰ ਜਜ਼ਬਾਤੀ ਨੁਹਾਰ ਦੇ ਕੇ ਭਾਜਪਾ ਪਹਿਲਾਂ ਵਰਗੀਆਂ ਜਿੱਤਾਂ ਹਾਸਲ ਕਰਨਾ ਚਾਹੁੰਦੀ ਸੀ ਪਰ ਚੋਣਾਂ ਦੇ ਨਤੀਜੇ ਇਹ ਦੱਸਦੇ ਹਨ ਕਿ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਆਰਥਿਕ ਮੰਦਵਾੜੇ ਕਾਰਨ ਲੋਕ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੇ ਕਾਂਗਰਸ ਤੇ ਨੈਸ਼ਨਲ ਕਾਂਗਰਸ ਪਾਰਟੀ ਜਿਨ੍ਹਾਂ ਨੇ ਸੁਚੱਜੀ ਤਰ੍ਹਾਂ ਚੋਣ ਪ੍ਰਚਾਰ ਵੀ ਨਹੀਂ ਸੀ ਕੀਤਾ, ਨੂੰ ਵੋਟਾਂ ਪਾ ਕੇ ਆਪਣਾ ਵਿਰੋਧ ਦਰਜ ਕਰਾਇਆ ਹੈ।
2014 ਵਿਚ ਭਾਜਪਾ ਨੂੰ ਹਰਿਆਣਾ ਵਿਚ 33æ2 ਫੀਸਦੀ ਵੋਟਾਂ ਦੇ ਨਾਲ 47 ਸੀਟਾਂ ਮਿਲੀਆਂ ਸਨ, ਉਥੇ ਸਾਲ 2019 ਵਿਚ 36æ22 ਫੀਸਦੀ ਵੋਟਾਂ ਦੇ ਨਾਲ ਸਿਰਫ 40 ਸੀਟਾਂ ਹੀ ਮਿਲੀਆਂ ਹਨ। ਮਹਾਰਾਸ਼ਟਰ ਵਿਚ ਦੋ ਹਲਕਿਆਂ ਵਿਚ ਨੋਟਾ (ਭਾਵ ਕਿਸੇ ਵੀ ਉਮੀਦਵਾਰ ਦੀ ਚੋਣ ਨਾ ਕਰਨੀ) ਦਾ ਦੂਜੇ ਨੰਬਰ ‘ਤੇ ਰਹਿਣਾ ਲੋਕਾਂ ਦਾ ਸਿਆਸੀ ਜਮਾਤ ਤੋਂ ਨਿਰਾਸ਼ ਹੋਣ ਦਾ ਪ੍ਰਤੀਕ ਹੈ। ਲੋਕ ਸਭਾ ਚੋਣਾਂ ਵਿਚ ਪੁਲਵਾਮਾ ਵਿਚ ਸੀæਆਰæਪੀæਐਫ਼ ਉਤੇ ਹੋਏ ਦਹਿਸ਼ਤਗਰਦ ਹਮਲੇ ਤੇ ਉਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੁਆਰਾ ਬਾਲਾਕੋਟ ‘ਚ ਕੀਤੀ ਕਾਰਵਾਈ ਦੇ ਸਿਰ ‘ਤੇ ਭਾਜਪਾ ਨੇ ਅੰਧ-ਰਾਸ਼ਟਰਵਾਦ ਨੂੰ ਵੱਡਾ ਮੁੱਦਾ ਬਣਾ ਕੇ ਉਭਾਰਿਆ। ਇਸ ਦੇ ਮੁਕਾਬਲੇ ਬੇਰੁਜ਼ਗਾਰੀ, ਕਿਸਾਨੀ ਸੰਕਟ, ਆਰਥਿਕ ਮੰਦਵਾੜਾ ਤੇ ਹੋਰ ਸਥਾਨਿਕ ਮੁੱਦੇ ਹਾਸ਼ੀਏ ‘ਤੇ ਚਲੇ ਗਏ ਅਤੇ ਭਾਜਪਾ ਨੇ 303 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਜਦੋਂਕਿ ਕਾਂਗਰਸ ਵਿਰੋਧੀ ਧਿਰ ਲਈ ਲੋੜੀਂਦੀਆਂ 54 ਸੀਟਾਂ ਵੀ ਨਾ ਮਿਲੀਆਂ। ਲੋਕ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਅਤੇ ਮਹਾਰਾਸ਼ਟਰ ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 23, ਸ਼ਿਵ ਸੈਨਾ ਨੇ 18 ਸੀਟਾਂ ਜਿੱਤੀਆਂ ਸਨ। ਹੁਣ ਮਹਾਰਾਸ਼ਟਰ ‘ਚ ਭਾਜਪਾ ਤੇ ਸ਼ਿਵ ਸੈਨਾ ਨੇ ਰਲ ਕੇ ਲੜੀਆਂ ਅਤੇ ਇਕੱਠਿਆਂ 159 ਸੀਟਾਂ ਜਿੱਤੀਆਂ ਅਤੇ ਹਰਿਆਣੇ ਵਿਚ ਭਾਜਪਾ ਸਿਰਫ 40 ਸੀਟਾਂ ਹਾਸਲ ਕਰ ਸਕੀ ਹੈ।