ਪ੍ਰਕਾਸ਼ ਪੁਰਬ: ਇਮਰਾਨ ਵੱਲੋਂ ਸਿੱਖਾਂ ਨੂੰ ਤੋਹਫਾ

ਲਾਹੌਰ: ਪਾਕਿਸਤਾਨ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਤ ਕਰਨ ਦੇ ਅਮਲ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਦਸ ਏਕੜ ਤੋਂ ਵੱਧ ਰਕਬੇ ‘ਚ ਬਣਨ ਵਾਲੀ ਬਾਬਾ ਗੁਰੂ ਨਾਨਕ ਦੇਵ ਕੌਮਾਂਤਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਰੱਖਿਆ।

ਬਾਬੇ ਨਾਨਕ ਦੇ ਨਾਂ ਉਤੇ ਯੂਨੀਵਰਸਿਟੀ ਉਸਾਰਨ ਸਬੰਧੀ ਤਜਵੀਜ਼ ਡੇਢ ਦਹਾਕਾ ਪਹਿਲਾਂ ਸਾਹਮਣੇ ਆਈ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਸਾਲ ਜੁਲਾਈ ਵਿਚ ਯੂਨੀਵਰਸਿਟੀ ਦੀ ਨੀਂਹ ਰੱਖੀ ਸੀ।
ਇਸ ਮੌਕੇ ਖਾਨ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਕਰਤਾਰਪੁਰ ਜਿਥੇ ਮਦੀਨਾ ਹੈ, ਉਥੇ ਨਨਕਾਣਾ ਸਾਹਿਬ ਭਾਈਚਾਰੇ ਦਾ ਮੱਕਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਿਮਾਣੀ ਜਿਹੀ ਸ਼ਰਧਾਂਜਲੀ ਹੈ।
ਯੂਨੀਵਰਸਿਟੀ ਵਿਚ ਪੰਜਾਬੀ ਤੇ ਖਾਲਸਾ ਭਾਸ਼ਾਵਾਂ ਪੜ੍ਹਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਗੁਰੂ ਨਾਨਕ ਦੇ ਜਨਮ ਅਸਥਾਨ ਵਿਖੇ ਯੂਨੀਵਰਸਿਟੀ ਦੀ ਸਥਾਪਨਾ ਲਈ 70 ਏਕੜ ਜ਼ਮੀਨ ਅਲਾਟ ਕੀਤੀ ਸੀ। ਪਾਕਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਵਲੋਂ ਲੰਮੇ ਸਮੇਂ ਤੋਂ ਆਪਣੇ ਧਰਮ ਦੇ ਬਾਨੀ ਦੇ ਨਾਂ ਉਤੇ ਯੂਨੀਵਰਸਿਟੀ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਸਾਲ 2003 ਵਿਚ ਪਰਵੇਜ਼ ਇਲਾਹੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੀ ਵਾਰ ਬਾਬੇ ਨਾਨਕ ਦੇ ਨਾਂ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦੀ ਤਜਵੀਜ਼ ਰੱਖੀ ਸੀ। ਦੋ ਸਾਲ ਪਹਿਲਾਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈæਟੀæਪੀæਬੀæ) ਨੇ ਇਸ ਪ੍ਰਾਜੈਕਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਸੀ।