ਵਿਦੇਸ਼ਾਂ ਤੋਂ ਆਈਆਂ ਕਈ ਨਾਇਕਾਵਾਂ ਬੌਲੀਵੁੱਡ ਵਿਚ ਸਥਾਪਤ ਤਾਂ ਹੋ ਗਈਆਂ, ਫਿਰ ਵੀ ਫਿਲਮਾਂ ਵਿਚ ਉਨ੍ਹਾਂ ਨੂੰ ਕਦੇ ਬਿਹਤਰੀਨ ਅਭਿਨੇਤਰੀ ਦਾ ਤਮਗਾ ਹਾਸਲ ਨਹੀਂ ਹੋ ਸਕਿਆ। ਕਾਰਨ ਭਾਸ਼ਾਈ ਭਿੰਨਤਾ ਹੈ, ਭਾਵ ਹਿੰਦੀ ਵਿਚ ਡਾਇਲਾਗ ਨਾ ਬੋਲ ਸਕਣਾ। ਸਖਤ ਸਿਖਲਾਈ ਦੇ ਬਾਵਜੂਦ ਇਹ ਅਭਿਨੇਤਰੀਆਂ ਆਪਣਾ ਲਹਿਜ਼ਾ ਨਹੀਂ ਸੁਧਾਰ ਸਕੀਆਂ। ਸ਼ੁਰੂਆਤ ਵਿਚ ਇਨ੍ਹਾਂ ਲਈ ਦਰਸ਼ਕਾਂ ਅੰਦਰ ਵੀ ਦੀਵਾਨਗੀ ਦੇਖੀ ਜਾਂਦੀ ਸੀ ਪਰ ਕੁਝ ਸਾਲਾਂ ਵਿਚ ਉਨ੍ਹਾਂ ਦੀ ਪਸੰਦ ਵੀ ਬਦਲ ਗਈ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਫਿਲਮਾਂ ਵਿਚ ਵਿਦੇਸ਼ੀ ਅਭਿਨੇਤਰੀਆਂ ਹੁਣ ਆਈਟਮ ਬਣ ਕੇ ਰਹਿ ਗਈਆਂ ਹਨ। ਫਿਲਮ ਹੀਰੋ ਦੇ ਦਮ ‘ਤੇ ਚੱਲ ਵੀ ਜਾਏ ਪਰ ਇਨ੍ਹਾਂ ਅਭਿਨੇਤਰੀਆਂ ਦਾ ਕੰਮ ਸਿਰਫ ਗਲੈਮਰ ਭਰਨਾ ਰਹਿ ਗਿਆ ਹੈ।
ਕੈਨੇਡਾ ਵਿਚ ਪੈਦਾ ਹੋਈ ਡਾਂਸਰ-ਅਭਿਨੇਤਰੀ ਨੋਰਾ ਫਤੇਹੀ ਨੇ ਹੌਲੀ-ਹੌਲੀ ਭਾਰਤੀ ਫਿਲਮਾਂ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਉਹ ਸ਼ਾਇਦ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਹਿੰਦੀ ਫਿਲਮਾਂ ਵਿਚ ਜੇ ਆਪਣਾ ਮੁਕਾਮ ਹਾਸਲ ਕਰਨਾ ਹੈ ਤਾਂ ਇਥੋਂ ਦੇ ਤੌਰ ਤਰੀਕੇ ਜਲਦੀ ਸਿੱਖਣੇ ਪੈਣਗੇ। ਇਸ ਲਈ ਉਹ ਅੱਜ ਕੱਲ੍ਹ ਜ਼ੋਰਦਾਰ ਤਿਆਰੀ ਕਰ ਰਹੀ ਹੈ। ਉਸ ਨੇ ਹੁਣ ਠੀਕ-ਠਾਕ ਹਿੰਦੀ ਬੋਲਣੀ ਸ਼ੁਰੂ ਵੀ ਕਰ ਦਿੱਤੀ ਹੈ। ਉਂਜ ਕੁਝ ਅਪਵਾਦਾਂ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਅਭਿਨੇਤਰੀਆਂ ਮੁੱਢਲੀ ਤਿਆਰੀ ਨਾਲ ਫਿਲਮਾਂ ਵਿਚ ਆਉਂਦੀਆਂ ਹਨ ਜਿਸ ਵਿਚ ਅਦਾਕਾਰੀ ਦੀ ਥੋੜ੍ਹੀ ਬਹੁਤ ਸਮਝ ਦੇ ਨਾਲ ਹੀ ਹਿੰਦੀ ਦਾ ਗਿਆਨ ਅਤੇ ਡਾਂਸ ਸਿੱਖਿਆ ਸ਼ਾਮਲ ਹੈ। ਸਕਰੀਨ ‘ਤੇ ਪੇਸ਼ਕਾਰੀ ਲਈ ਬਾਕੀ ਚੀਜ਼ਾਂ ਉਹ ਸ਼ੂਟਿੰਗ ਦੌਰਾਨ ਸਿੱਖਦੀਆਂ ਹਨ।
ਜਿਥੋਂ ਤਕ ਵਿਦੇਸ਼ੀ ਅਭਿਨੇਤਰੀਆਂ ਦਾ ਸੁਆਲ ਹੈ, ਜ਼ਿਆਦਾਤਰ ਪੈਸੇ ਕਮਾਉਣ ਦੇ ਉਦੇਸ਼ ਨਾਲ ਸਿਰਫ ਆਪਣੇ ਗਲੈਮਰ ਦੇ ਭਰੋਸੇ ਹੀ ਰਹਿੰਦੀਆਂ ਹਨ। ਇਹ ਗੱਲ ਠੀਕ ਹੈ ਕਿ ਭਾਰਤੀ ਹੀਰੋਇਨਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਹਰ ਮਾਮਲੇ ਵਿਚ ਇਥੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਹਿੰਦੀ ਫਿਲਮਾਂ ਦਾ ਸਾਰਾ ਸੈੱਟਅਪ ਉਨ੍ਹਾਂ ਲਈ ਜ਼ਿਆਦਾਤਰ ਓਪਰਾ ਹੁੰਦਾ ਹੈ। ਇਸ ਸੂਰਤ ਵਿਚ ਹਿੰਦੀ ਅਧਿਆਪਕ ਦੇ ਇਲਾਵਾ ਸਹਿਯੋਗੀ ਕਲਾਕਾਰ ਅਤੇ ਨਿਰਦੇਸ਼ਕ ਦੀ ਮਦਦ ਨਾਲ ਉਹ ਹਿੰਦੀ ਦੇ ਨਾਲ-ਨਾਲ ਬੌਲੀਵੁਡ ਦੇ ਸਾਰੇ ਤੌਰ ਤਰੀਕੇ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੀ ਵਧੀਆ ਮਿਸਾਲ ਵਜੋਂ ਅਭਿਨੇਤਰੀ ਹੈਲਨ ਦਾ ਨਾਂ ਲਿਆ ਜਾ ਸਕਦਾ ਹੈ। ਬਰਮਾ ਵਿਚ ਪੈਦਾ ਹੋਈ ਹੈਲਨ ਦਾ ਫਿਲਮੀ ਗਿਆਨ ਜ਼ੀਰੋ ਹੀ ਸੀ। ਉਹ ਦੱਸਦੀ ਹੈ, “ਮੈਂ ਸ਼ੁਰੂ-ਸ਼ੁਰੂ ਵਿਚ ਹਿੰਦੀ ਦੇ ਇਕ ਪੰਡਿਤ ਜੀ ਦੀਆਂ ਸੇਵਾਵਾਂ ਲਈਆਂ, ਆਪਣੇ ਸੀਨੀਅਰ ਅਦਾਕਾਰਾਂ ਤੋਂ ਇਹ ਸਿੱਖਿਆ ਕਿ ਕੈਮਰੇ ਦੇ ਸਾਹਮਣੇ ਕਿਵੇਂ ਆਉਣਾ ਹੈ। ਦਾਦਾਮੁਨੀ ਅਸ਼ੋਕ ਕਮਾਰ ਨੇ ਮੈਨੂੰ ਸਮਝਾਇਆ ਕਿ ਹਿੰਦੀ ਸਿੱਖਣਾ ਬਹੁਤ ਆਸਾਨ ਹੈ। ਮੈਂ ਜਲਦੀ ਹੀ ਟੁੱਟੀ ਫੁੱਟੀ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਹਿੰਦੀ ਸਿੱਖਣ ਲਈ ਹੀ ਲੋਕਾਂ ਨਾਲ ਹਿੰਦੀ ਵਿਚ ਹੀ ਗੱਲ ਕਰਦੀ ਸੀ।”
ਹਿੰਦੀ-ਉਰਦੂ ਦੇ ਚੰਗੇ ਜਾਣਕਾਰ ਜਮਾਲ ਹੈਦਰ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਤੋਂ ਆਈਆਂ ਅਭਿਨੇਤਰੀਆਂ ਨੂੰ ਹਿੰਦੀ-ਉਰਦੂ ਦਾ ਪਾਠ ਪੜ੍ਹਾ ਰਹੇ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਕੈਨੇਡਾ ਤੋਂ ਆਈ ਇਕ ਗਾਇਕਾ-ਅਭਿਨੇਤਰੀ ਨਤਾਲੀ ਨੂੰ ਹਿੰਦੀ ਸਿੱਖਾ ਰਹੇ ਸਨ। ਦੂਜੇ ਪਾਸੇ ਉਸ ਦੀ ਇਕ ਵਿਦਿਆਰਥਣ ਐਲੀ ਅਵਰਾਮ ਕਾਫੀ ਸਿੱਖਣ ਦੇ ਬਾਵਜੂਦ ਹਿੰਦੀ ਫਿਲਮਾਂ ਵਿਚ ਕੋਈ ਜਗ੍ਹਾ ਨਹੀਂ ਬਣਾ ਸਕੀ। ਐਲੀ ਦੱਸਦੀ ਹੈ, “ਵਿਦੇਸ਼ ਵਿਚ ਰਹਿਣ ਦੌਰਾਨ ਹੀ ਭਾਰਤ ਅਤੇ ਇਥੋਂ ਦੀਆਂ ਹਿੰਦੀ ਫਿਲਮਾਂ ਪ੍ਰਤੀ ਮੇਰਾ ਖਾਸ ਝੁਕਾਅ ਰਿਹਾ ਹੈ। ਛੋਟੀ ਉਮਰ ਵਿਚ ਹੀ ਮੈਂ ਸਟਾਕਹੋਮ ਵਿਚ ਹਿੰਦੀ ਫਿਲਮਾਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਫਿਰ ਜਦੋਂ ਹਿੰਦੀ ਫਿਲਮਾਂ ਵਿਚ ਕੰਮ ਕਰਨ ਦਾ ਮਨ ਬਣਾਇਆ ਤਾਂ ਉਦੋਂ ਤੋਂ ਹੀ ਭਾਸ਼ਾ, ਅਦਾਕਾਰੀ ਅਤੇ ਡਾਂਸ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਸਨ।”
ਕੈਟਰੀਨਾ ਕੈਫ, ਜੈਕੁਲਿਨ ਫਰਨਾਂਡੇਜ਼ ਆਦਿ ਕੁਝ ਵਿਦੇਸ਼ੀ ਅਭਿਨੇਤਰੀਆਂ ਸਲਮਾਨ ਖਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਦਦ ਦੇ ਬਾਵਜੂਦ ਫਿਲਮਾਂ ਵਿਚ ਆਪਣਾ ਕੋਈ ਆਧਾਰ ਨਹੀਂ ਬਣਾ ਸਕੀਆਂ। ਅਜੇ ਵੀ ਇਨ੍ਹਾਂ ਨੂੰ ਸਿਰਫ ਸ਼ੋਅ ਪੀਸ ਸਮਝਿਆ ਜਾਂਦਾ ਹੈ। ਉਂਜ ਫਿਲਮ ਇੰਡਸਟਰੀ ਵਿਚ ਅਦਾਕਾਰੀ ਅਤੇ ਡਾਂਸ ਦੇ ਇਲਾਵਾ ਸਿੱਖਿਆ ਦੇਣ ਲਈ ਕਈ ਅਧਿਆਪਕ ਮੌਜੂਦ ਹਨ। ਇਹ ਅਧਿਆਪਕ ਪਾਰਟ ਟਾਈਮ ਹਿੰਦੀ ਦੀਆਂ ਕਲਾਸਾਂ ਲੈਣ ਦੇ ਨਾਲ ਹੀ ਸਿਤਾਰਿਆਂ ਨੂੰ ਸਹੀ ਢੰਗ ਨਾਲ ਸੰਵਾਦ ਬੋਲਣਾ ਵੀ ਸਿਖਾਉਂਦੇ ਹਨ। ਅਜਿਹੇ ਹੀ ਇਕ ਅਧਿਆਪਕ ਵੀæਪੀæ ਦੀ ਕਲਾਸ ਬਹੁਤ ਮਸ਼ਹੂਰ ਹੈ। ਜ਼ਰੂਰਤ ਪੈਣ ‘ਤੇ ਉਹ ਇਨ੍ਹਾਂ ਵਿਦੇਸ਼ੀ ਅਭਿਨੇਤਰੀਆਂ ਨੂੰ ਘਰੇ ਜਾ ਕੇ ਵੀ ਸਿਖਾਉਂਦੇ ਹਨ। ਵੀæਪੀæ ਅਨੁਸਾਰ, “ਮੈਂ ਰੋਮਨ ਵਿਚ ਸਾਰੇ ਮੁਸ਼ਕਿਲ ਸੰਵਾਦ ਤਿਆਰ ਕਰਕੇ ਰੱਖੇ ਹੋਏ ਹਨ ਜਿਸ ਦਾ ਅਰਥ ਅੰਗਰੇਜ਼ੀ ਵਿਚ ਵੀ ਲਿਖਿਆ ਹੁੰਦਾ ਹੈ। ਪਹਿਲਾਂ ਮੈਂ ਉਨ੍ਹਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਧਿਆਨ ਨਾਲ ਇਸ ਨੂੰ ਇਕ-ਦੋ ਵਾਰ ਪੜ੍ਹ ਲੈਣ। ਇਸ ਤੋਂ ਬਾਅਦ ਮੇਰੀ ਸਿੱਖਿਆ ਸ਼ੁਰੂ ਹੁੰਦੀ ਹੈ।”
ਡਾਂਸ ਦੇ ਮਾਮਲੇ ਵਿਚ ਪ੍ਰਸਿਧ ਕੋਰਿਓਗ੍ਰਾਫਰ ਗਣੇਸ਼ ਆਚਾਰਿਆ ਦੀਆਂ ਡਾਂਸ ਕਲਾਸਾਂ ਬਹੁਤ ਮਸ਼ਹੂਰ ਹਨ। ਕੈਟਰੀਨਾ, ਸਨੀ ਲਿਓਨ, ਜੈਕੁਲਿਨ ਵਰਗੀਆਂ ਕਈ ਵਿਦੇਸ਼ੀ ਅਭਿਨੇਤਰੀਆਂ ਵੀ ਉਸ ਦੀਆਂ ਵਿਦਿਆਰਥਣਾਂ ਰਹਿ ਚੁੱਕੀਆਂ ਹਨ। ਗਣੇਸ਼ ਕਹਿੰਦਾ ਹੈ, “ਆਤਮਵਿਸ਼ਵਾਸ ਨਾਲ ਭਰੇ ਹੋਣ ਦੇ ਬਾਵਜੂਦ ਸਿਰਫ ਕੈਟਰੀਨਾ ਹੀ ਨਹੀਂ, ਜੈਕੁਲਿਨ ਫਰਨਾਂਡੇਜ਼, ਯਾਨਾ ਗੁਪਤਾ, ਸਨੀ ਲਿਓਨ, ਨਰਗਿਸ ਫਾਖਰੀ, ਐਮੀ ਜੈਕਸਨ ਆਦਿ ਵਿਦੇਸ਼ੀ ਅਭਿਨੇਤਰੀਆਂ ਦੇ ਅੰਦਰ ਦੀ ਹਿਚਕਿਚਾਹਟ ਦੇਰ ਨਾਲ ਹੀ ਜਾਂਦੀ ਹੈ। ਇਸ ਬਾਰੇ ਸਨੀ ਲਿਓਨ ਦਾ ਜਵਾਬ ਬਹੁਤ ਦਿਲਚਸਪ ਹੈ, “ਸ਼ੁਰੂ ਸ਼ੁਰੂ ਵਿਚ ਮੈਂ ਪੜ੍ਹ-ਪੜ੍ਹ ਕੇ ‘ਜਿਸਮ-2’ ਦੀ ਪੂਰੀ ਸਕਰਿਪਟ ਯਾਦ ਕਰ ਲਈ ਸੀ। ਹੁਣ ਮੈਂ ਆਪਣੀਆਂ ਹੋਰ ਫਿਲਮਾਂ ਦੀ ਸਕਰਿਪਟ ਨੂੰ ਲੈ ਕੇ ਵੀ ਇਸ ਤਰ੍ਹਾਂ ਹੀ ਕਰਦੀ ਹਾਂ ਪਰ ਮੇਰੀ ਗੱਲਬਾਤ ਵਿਚ ਅੰਗਰੇਜ਼ੀ ਦਾ ਲਹਿਜ਼ਾ ਜ਼ਿਆਦਾ ਹੈ। ਦਰਅਸਲ ਮੈਂ ਅਦਾਕਾਰੀ ਅਤੇ ਡਾਂਸ ਸਿੱਖਣ ਵਿਚ ਇੰਨੀ ਮਸਰੂਫ ਹੋ ਗਈ ਸੀ ਕਿ ਹਿੰਦੀ ਸਿੱਖਣ ਵੱਲ ਮੇਰਾ ਧਿਆਨ ਹੀ ਨਹੀਂ ਗਿਆ। ਫਿਰ ਵੀ, ਮੈਂ ਹਾਰ ਨਹੀਂ ਮੰਨੀ।”
ਉਂਜ ਇਹ ਅਭਿਨੇਤਰੀਆਂ ਇਸ ਗੱਲ ਦਾ ਢਿੰਡੋਰਾ ਪਿੱਟਦੀਆਂ ਰਹਿੰਦੀਆਂ ਹਨ ਕਿ ਉਹ ਆਪਣੀ ਟਰੇਨਿੰਗ ਬਾਰੇ ਬਹੁਤ ਸੁਚੇਤ ਹਨ ਜਦਕਿ ਕੈਟਰੀਨਾ, ਜੈਕੁਲਿਨ, ਨਰਗਿਸ ਫਾਖਰੀ ਦੀਆਂ ਉਪਲਬਧੀਆਂ ਤੋਂ ਤਾਂ ਅਜਿਹਾ ਲੱਗਦਾ ਨਹੀਂ ਹੈ। ਸ੍ਰੀਲੰਕਾ ਤੋਂ ਆਈ ਜੈਕੁਲਿਨ ਕਹਿੰਦੀ ਹੈ, “ਲਗਾਤਾਰ ਡਾਂਸ ਪ੍ਰੈਕਟਿਸ ਅਤੇ ਸੀਨੀਅਰ ਸਹਿ ਅਦਾਕਾਰਾਂ ਤੋਂ ਅਦਾਕਾਰੀ ਨੁਕਤੇ ਲੈਣੇ ਮੈਂ ਕਦੇ ਨਹੀਂ ਭੁੱਲਦੀ। ਸਿੱਖਣ ਦੀ ਇਛਾ ਹੈ, ਇਸ ਲਈ ਰਿਤੇਸ਼ ਦੇਸ਼ਮੁਖ ਦੀ ਮਦਦ ਨਾਲ ਮੈਂ ਕਾਫੀ ਮਰਾਠੀ ਸਿੱਖ ਲਈ ਹੈ। ਅਕਸਰ ਮੈਂ ਹੁਣ ਮਰਾਠੀ ਲੋਕਾਂ ਨਾਲ ਮਰਾਠੀ ਵਿਚ ਹੀ ਗੱਲ ਕਰਦੀ ਹਾਂ। ਹਿੰਦੀ ਦੇ ਮਾਮਲੇ ਵਿਚ ਮੈਂ ਸ਼ੁਰੂ ਤੋਂ ਹੀ ਸੁਚੇਤ ਸੀ। ਸਲਮਾਨ ਵੀ ਇਸ ਮਾਮਲੇ ਵਿਚ ਮੇਰੀ ਬਹੁਤ ਮਦਦ ਕਰਦੇ ਹਨ।” ਪਰ ਹਾਲਤ ਇਹ ਹੈ ਕਿ ਹਿੰਦੀ ਫਿਲਮਾਂ ਵਿਚ ਉਸ ਨੂੰ ਹੁਣ ਜ਼ਿਆਦਾ ਤਵੱਜੋ ਨਹੀਂ ਮਿਲ ਰਹੀ। ਕੁਝ ਅਜਿਹਾ ਹੀ ਹਾਲ ਕੈਟਰੀਨਾ ਦਾ ਹੈ। ਬਸ ਉਹ ਇੰਨੀ ਕੁ ਕਿਸਮਤ ਵਾਲੀ ਹੈ ਕਿ ਉਸ ਨੂੰ ਸਲਮਾਨ ਖਾਨ ਦੀ ਮਦਦ ਮਿਲਦੀ ਰਹਿੰਦੀ ਹੈ।
ਨਿਰਦੇਸ਼ਕ ਮਹੇਸ਼ ਭੱਟ ਦਾ ਕਹਿਣਾ ਹੈ, “ਬੌਲੀਵੁੱਡ ਫਿਲਮਾਂ ਲਈ ਸਨੀ ਲਿਓਨ ਦੇ ਲਗਾਓ ਨੂੰ ਦੇਖਦੇ ਹੋਏ ਮੈਂ ਖੁਦ ਉਸ ਨੂੰ ਬਹੁਤ ਕੁਝ ਸਮਝਾਇਆ, ਫਿਰ ਵੀ ਸੰਵਾਦਾਂ ਦੀ ਬਿਹਤਰੀ ਲਈ ਅਸੀਂ ਉਸ ਦੇ ਕੁਝ ਸੰਵਾਦਾਂ ਦੀ ਡਬਿੰਗ ਕੀਤੀ ਹੈ। ਮੈਂ ਸਨੀ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਅਗਲੀ ਵਾਰ ਉਸ ਨਾਲ ਕੰਮ ਕਰਾਂਗਾ ਤਾਂ ਆਪਣੀ ਸਾਰੀ ਡਬਿੰਗ ਉਹ ਖੁਦ ਹੀ ਕਰੇਗੀ।” ਅਸਲ ਵਿਚ ਸਿੱਖਣ ਦੀ ਇਛਾ ਵੀ ਹੋਣੀ ਚਾਹੀਦੀ ਹੈ। ਇਸੇ ਕਰਕੇ ਨਰਗਿਸ ਫਾਖਰੀ ਦੀ ਵਿਦਾਈ ਹੋ ਗਈ। ਉਹ ਮੰਨਦੀ ਹੈ ਕਿ ਇਸ ਮਾਮਲੇ ਵਿਚ ਫਿਲਮੀ ਕਲਾਸਾਂ ਤੋਂ ਇਲਾਵਾ ਕਈ ਡਾਇਰੈਕਟਰਾਂ ਨੇ ਵੀ ਉਸ ਦੀ ਕਾਫੀ ਮਦਦ ਕੀਤੀ ਪਰ ਉਹ ਕਦੇ ਆਪਣੀ ਅਦਾਕਾਰੀ ਨੂੰ ਲੈ ਕੇ ਜ਼ਿਆਦਾ ਸੰਜੀਦਾ ਨਹੀਂ ਹੋ ਸਕੀ। ਸਾਫ ਹੈ ਕਿ ਅਭਿਨੇਤਰੀ ਦੇਸ਼ ਤੋਂ ਹੋਵੇ ਜਾਂ ਵਿਦੇਸ਼ ਤੋਂ, ਜੋ ਲਗਾਤਾਰ ਸੰਘਰਸ਼ ਕਰੇਗੀ, ਉਸ ਨੂੰ ਹੀ ਮਾਨਤਾ ਮਿਲੇਗੀ। ਕੰਗਨਾ, ਦੀਪਿਕਾ, ਪ੍ਰਿਅੰਕਾ ਸਮੇਤ ਕਈ ਅਭਿਨੇਤਰੀਆਂ ਇਸ ਦੀਆਂ ਮਿਸਾਲਾਂ ਹਨ। -ਏæ ਚੱਕਰਵਰਤੀ