ਨਸ਼ਿਆਂ ਦਾ ਕਿੱਸਾ: ‘ਧੂੰਆਂ’ ਅਤੇ ‘ਉੜਤਾ ਪੰਜਾਬ’

ਪੰਜਾਬ ਮੌਜੂਦਾ ਦੌਰ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਵਿਚ ਨਸ਼ਾ ਅਹਿਮ ਹੈ ਜੋ ਪੰਜਾਬ ਨੂੰ ਦਿਨ-ਬ-ਦਿਨ ਘੁਣ ਵਾਂਗ ਖਾ ਰਿਹਾ ਹੈ। ਇਹੀ ਕਾਰਨ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਧੱਕ ਰਹੇ ਹਨ। ਇਹ ਸਮੁੱਚਾ ਵਰਤਾਰਾ ਪੰਜਾਬ ਨੂੰ ਆਸਹੀਣ ਤੇ ਭਵਿਖ ਲਈ ਦਿਸ਼ਾਹੀਣ ਬਣਾਉਂਦਾ ਹੈ। ਇਸ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਨਜਿੱਠਣਾ ਜਿਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਥੇ ਸਾਹਿਤਕਾਰ, ਕਲਾਕਾਰ, ਬੁੱਧੀਜੀਵੀ ਤੇ ਫਿਲਮਸਾਜ਼ਾਂ ਨੂੰ ਵੀ ਸਾਰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ।
‘ਧੂੰਆਂ’ ਪਾਕਿਸਤਾਨੀ ਨਾਟਕ ਹੈ ਜਿਸ ਦਾ ਲੇਖਕ ਅਸ਼ਿਰ ਅਜ਼ੀਮ ਅਤੇ ਨਿਰਦੇਸ਼ਕ ਸਾਜਿਦ ਅਹਿਮਦ ਹੈ। ਇਹ ਨਾਟਕ 1994 ਵਿਚ ਪਾਕਿਸਤਾਨੀ ਟੀæਵੀæ ਚੈਨਲ ‘ਤੇ ਦਿਖਾਇਆ ਗਿਆ। ਆਪਣੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਨੇ ਵੀ ਟੀæਵੀæ ‘ਤੇ ਇਸ ਨਾਟਕ ਨੂੰ ਦੇਖਿਆ। ਸਰਹੱਦੀ ਇਲਾਕੇ ਦੇ ਲੋਕ, ਭਾਵੇਂ ਉਹ ਪੂਰਬੀ ਪੰਜਾਬ ਦੇ ਹੋਣ ਜਾਂ ਫਿਰ ਪੱਛਮੀ ਪੰਜਾਬ ਦੇ ਟੀæਵੀæ ਤੇ ਰੇਡੀਓ ਦੇ ਮਾਧਿਅਮ ਰਾਹੀਂ ਇਕ-ਦੂਜੇ ਨਾਲ ਸਾਂਝ ਬਣਾਈ ਰੱਖਦੇ ਹਨ।
‘ਧੂੰਆਂ’ ਨਾਟਕ ਦਾ ਬਿਰਤਾਂਤ ਨਸ਼ੇ ਦੇ ਤਸਕਰਾਂ ਅਤੇ ਨਸ਼ੇ ਖਿਲਾਫ ਲੜਨ ਵਾਲੇ ਦੋਸਤਾਂ ਦੁਆਲੇ ਘੁੰਮਦਾ ਹੈ। ਇਹ ਪੰਜ ਦੋਸਤ ਪੜ੍ਹੇ-ਲਿਖੇ, ਸੂਝਵਾਨ ਤੇ ਇਮਾਨਦਾਰ ਹਨ ਜਿਨ੍ਹਾਂ ਵਿਚ ਅਜ਼ਹਰ ਪੁਲਿਸ ਅਫਸਰ ਦੀ ਅਹਿਮ ਭੂਮਿਕਾ ਨਿਭਾਉਂਦਾ ਹੈ। ਬਾਕੀ ਦੋਸਤਾਂ ਵਿਚ ਡਾਕਟਰ, ਪੱਤਰਕਾਰ, ਬਿਜ਼ਨਸਮੈਨ, ਪੜ੍ਹਿਆ-ਲਿਖਿਆ ਜ਼ਿਮੀਂਦਾਰ ਹੈ। ਇਹ ਸਾਰੇ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਦਾ ਯਤਨ ਕਰਦੇ ਹਨ।
ਨਾਟਕ ਦਾ ਬਿਰਤਾਂਤ ਅੱਸੀਵੇਂ ਦੇ ਦਹਾਕੇ ਜਦੋਂ ਪਾਕਿਸਤਾਨ ਵਿਚ ਕੋਇਟਾ ਵਿਖੇ ਨਸ਼ੇ ਦੇ ਤਸਕਰਾਂ ਨੇ ਆਪਣੇ ਪੈਰ ਜਮਾ ਲਏ ਸਨ, ਦੁਆਲੇ ਘੁੰਮਦਾ ਹੈ। ਇਸ ਨਾਲ ਉਥੋਂ ਦੇ ਲੋਕ ਲਪੇਟ ਵਿਚ ਆ ਗਏ ਸਨ। ਇਸ ਮੰਜ਼ਰ ਦੀ ਤਸਵੀਰ ਇਸ ਨਾਟਕ ਨੂੰ ਦੇਖਣ ਤੋਂ ਮਿਲ ਜਾਂਦੀ ਹੈ, ਜਦੋਂ ਨਾਟਕ ਦੀ ਪਹਿਲੀ ਕਿਸ਼ਤ ਦੇ ਪਹਿਲੇ ਵਿਸ਼ੇ ਵਿਚ ਅਜ਼ਹਰ ਐਸ਼ਪੀæ ਦਾ ਚਾਰਜ ਲੈਂਦਾ ਹੈ ਤਾਂ ਪੁਲਿਸ ਦੇ ਕਰਮਚਾਰੀ ਕੁਝ ਛੋਟੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਫੜ ਲੈਂਦੀ ਹੈ। ਇਨ੍ਹਾਂ ਨਸ਼ੇੜੀਆਂ ਵਿਚੋਂ ਇਕ ਦੀ ਬੀਵੀ ਆਪਣੇ ਖਾਵੰਦ ਨੂੰ ਪੁਲਿਸ ਤੋਂ ਬਚਾਉਣ ਲਈ ਥਾਣੇ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਉਸ ਦੇ ਖਾਵੰਦ ਨੂੰ ਇਕ ਪੁੜੀ ਹੈਰੋਇਨ ਦੀ ਦੇ ਦਿੱਤੀ ਜਾਵੇ, ਨਹੀਂ ਤਾਂ ਉਹ ਮਰ ਜਾਵੇਗਾ। ਉਹ ਔਰਤ ਪੁਲਿਸ ਅਤੇ ਸਰਕਾਰ ਨੂੰ ਇਸ ਸਾਰੇ ਵਰਤਾਰੇ ਦਾ ਜ਼ਿੰਮੇਵਾਰ ਕਹਿੰਦੀ ਹੈ ਜੋ ਲੋਕਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕ ਰਹੇ ਹਨ।
ਨਾਟਕ ਵਿਚਲੇ ਉਹ ਪੰਜ ਦੋਸਤ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਤਸਕਰਾਂ ਨਾਲ ਭਿੜ ਜਾਂਦੇ ਹਨ। ਨਤੀਜੇ ਵਜੋਂ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਤਾਂ ਪਾ ਦਿੰਦੇ ਹਨ ਪਰ ਆਪ ਉਹ ਨਸ਼ੇ ਦੀ ਭੇਟ ਚੜ੍ਹ ਕੇ ਨਸ਼ੇ ਦੇ ਤਸਕਰਾਂ ਹੱਥੋਂ ਮਾਰੇ ਜਾਂਦੇ ਹਨ। ਇਸ ਨਾਟਕ ਦੀ ਪ੍ਰਾਪਤੀ ਇਸ ਗੱਲ ਵਿਚ ਹੈ ਕਿ ਨਾਟਕ ਰਾਹੀਂ ਨਸ਼ੇ ਦੇ ਕਾਰੋਬਾਰੀਆਂ ਦੀ ਪੋਲ ਖੋਲ੍ਹੀ ਗਈ ਅਤੇ ਉਸ ਸਮੇਂ ਦੇ ਪਾਕਿਸਤਾਨੀ ਨੌਜਵਾਨਾਂ ਵਿਚ ਇਹ ਨਾਟਕ ਦੇਖ ਕੇ ਉਤਸ਼ਾਹ ਪੈਦਾ ਹੋਇਆ ਕਿ ਸਮਾਜ ਨੂੰ ਸੁਧਾਰਨ ਲਈ ਪੁਲਿਸ ਵਿਚ ਭਰਤੀ ਹੋਇਆ ਜਾਵੇ। ਨਤੀਜੇ ਵਜੋਂ ਉਸ ਸਮੇਂ ਸਭ ਤੋਂ ਵੱਧ ਪੜ੍ਹੇ-ਲਿਖੇ ਨੌਜਵਾਨ ਪੁਲਿਸ ਵਿਚ ਭਰਤੀ ਹੋਏ।
ਦੂਜੇ ਪਾਸੇ ਹਿੰਦੋਸਤਾਨੀ ਪੰਜਾਬ ਦੇ ਮੌਜੂਦਾ ਹਾਲਾਤ ਦੀ ਤਸਵੀਰ ਪੇਸ਼ ਕਰਨ ਵਾਲੀ ਫਿਲਮ ‘ਉੜਤਾ ਪੰਜਾਬ’ ਹੈ ਜਿਸ ਨੂੰ ਸੈਂਸਰ ਬੋਰਡ ਤੇ ਸਮੇਂ ਦੀਆਂ ਸਰਕਾਰਾਂ ਦੀ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ। ਹਾਲਾਤ ਦੋਹਾਂ ਪਾਸਿਆਂ ਦੇ ਇਕ ਤਰ੍ਹਾਂ ਦੇ ਹੀ ਹਨ ਪਰ ਫਰਕ ਸਿਰਫ ਪੁਲਿਸ ਦੇ ਕਿਰਦਾਰ ਦਾ ਹੈ। ‘ਧੂੰਆਂ’ ਨਾਟਕ ਵਿਚ ਪੁਲਿਸ ਨਸ਼ਿਆਂ ਖਿਲਾਫ ਅਤੇ ‘ਉੜਤਾ ਪੰਜਾਬ’ ਫਿਲਮ ਵਿਚ ਪੁਲਿਸ ਨਸ਼ਾ ਤਸਕਰਾਂ ਦੇ ਹੱਕ ਵਿਚ ਭੁਗਤਦੀ ਹੈ। ਉਂਜ, ਇਸ ਸਮੱਸਿਆ ਦਾ ਸਾਹਮਣਾ ਸਰਹੱਦੀ ਸੂਬੇ ਦੇ ਲੋਕ ਹੀ ਕਰਦੇ ਨਜ਼ਰ ਆਉਂਦੇ ਹਨ। ਕੋਇਟਾ ਅਫਗਾਨਿਸਤਾਨ ਨਾਲ ਲੱਗਦਾ ਹੈ ਅਤੇ ਪੰਜਾਬ ਪਾਕਿਸਤਾਨ ਨਾਲ ਲੱਗਦਾ ਸਰਹੱਦੀ ਸੂਬਾ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦਾ ਵਰਤਾਰਾ ਸਰਹੱਦੀ ਸੂਬਿਆਂ ਵਿਚ ਹੀ ਕਿਉਂ ਹੈ? ਜੇ ‘ਉੜਤਾ ਪੰਜਾਬ’ ਦੇ ਬਿਰਤਾਂਤ ਬਾਰੇ ਗੱਲ ਕਰੀਏ ਤਾਂ ਇਸ ਵਿਚ ਵੀ ‘ਧੂੰਆਂ’ ਨਾਟਕ ਵਾਂਗ ਨੌਜਵਾਨਾਂ ਤੇ ਪੁਲਿਸ ਦੁਆਲੇ ਬਿਰਤਾਂਤ ਸਿਰਜਿਆ ਗਿਆ ਹੈ।
ਪੁਲਿਸ ਸਮਾਜ ਪ੍ਰਤੀ ਬਣਦੇ ਫਰਜ਼ ਤੋਂ ਭੱਜਦੀ ਨਜ਼ਰ ਆਉਂਦੀ ਹੈ ਅਤੇ ਨਸ਼ਾ ਤਸਕਰਾਂ ਦਾ ਸਾਥ ਦਿੰਦੀ ਹੈ। ਜਦੋਂ ਪੁਲਿਸ ਵਾਲਿਆਂ ਦੇ ਪਰਿਵਾਰ ਵਾਲੇ ਨਸ਼ੇ ਦੀ ਗ੍ਰਿਫਤ ਵਿਚ ਫਸਦੇ ਹਨ ਤਾਂ ਫਿਰ ਉਹ ਨਸ਼ਿਆਂ ਖਿਲਾਫ ਹੁੰਦੇ ਹਨ। ਦੂਜੇ ਪਾਸੇ, ਨੌਜਵਾਨਾਂ ਦੇ ਰੋਲ ਮਾਡਲ, ਭਾਵ ਨਾਇਕ ਨਸ਼ੇੜੀ ਗਾਇਕ ਹਨ। ਫਿਲਮ ਬਹੁਤ ਹੱਦ ਤਕ ਪੰਜਾਬ ਦੀ ਹਕੀਕੀ ਤਸਵੀਰ ਪੇਸ਼ ਕਰਦੀ ਹੈ। ਨਸ਼ੇ ਦੀ ਗ੍ਰਿਫਤ ਇਥੋਂ ਤਕ ਪਹੁੰਚ ਕਰਦੀ ਹੈ ਕਿ ਬਿਹਾਰ ਦੀ ਮਜ਼ਦੂਰ ਕੁੜੀ ਵੀ ਇਸ ਤੋਂ ਬਚ ਨਹੀਂ ਸਕੀ।
‘ਧੂੰਆਂ’ ਨਾਟਕ ਅਤੇ ‘ਉੜਤਾ ਪੰਜਾਬ’ ਫਿਲਮ ਵਿਚ ਇਹ ਫਰਕ ਹੈ ਕਿ ਨਾਟਕ ਇਸ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਸਫਲ ਹੁੰਦਾ ਨਜ਼ਰ ਆਉਂਦਾ ਹੈ, ਜਦੋਂ ਕਿ ‘ਉੜਤਾ ਪੰਜਾਬ’ ਫਿਲਮ ਪੰਜਾਬ ਦੇ ਹਾਲਾਤ ਵਾਂਗ ਦਿਸ਼ਾਹੀਣ ਨਜ਼ਰ ਆਉਂਦੀ ਹੈ। ਨਾਟਕ ਵਿਚਲੇ ਨਾਇਕ ਪੁਲਿਸ ਤੇ ਪੜ੍ਹੇ-ਲਿਖੇ ਲੋਕ ਬਣਦੇ ਹਨ ਜੋ ਲੋਕਾਂ ਅੰਦਰ ਉਮੀਦ ਦੀ ਕਿਰਨ ਜਗਾਉਂਦੇ ਹਨ ਅਤੇ ਸਫਲ ਵੀ ਹੋਏ; ਜਦੋਂਕਿ ਫਿਲਮ ‘ਉੜਤਾ ਪੰਜਾਬ’ ਵਿਚਲਾ ਨਾਇਕ ਨਸ਼ੇੜੀ ਗਾਇਕ ਤੇ ਰਿਸ਼ਵਤਖੋਰ ਪੁਲਿਸ ਵਾਲੇ ਹਨ ਜੋ ਪੰਜਾਬ ਨੂੰ ਭਵਿਖ ਵਿਚ ਹਨੇਰੇ ਵੱਲ ਲੈ ਕੇ ਜਾਂਦੇ ਹਨ। ਇਕੋ-ਇਕ ਆਸ ਦੀ ਕਿਰਨ ਨਰਸ ਕੁੜੀ ਵਿਚੋਂ ਨਜ਼ਰ ਆਉਂਦੀ ਹੈ ਜੋ ਨਸ਼ੇ ਦੇ ਤਸਕਰਾਂ ਤੋਂ ਖੁਦ ਨੂੰ ਬਚਾ ਨਹੀਂ ਸਕੀ। ਉਹ ਪੰਜਾਬ ਦੀ ਹੋਣੀ ਦੀ ਪ੍ਰਤੀਕ ਬਣਦੀ ਹੈ। ਜੇ ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖਤਮ ਕਰਨ ਦਾ ਉਪਰਾਲਾ ਨਾ ਕੀਤਾ ਗਿਆ ਤਾਂ ਪੰਜਾਬ ਸਿਰਫ ਸੁਪਨਿਆਂ ਵਿਚ ਹੀ ਪੰਜਾਬ ਰਹਿ ਜਾਵੇਗਾ। -ਜਤਿੰਦਰ ਸਿੰਘ