ਪ੍ਰਿੰ. ਸਰਵਣ ਸਿੰਘ
20 ਅਕਤੂਬਰ 2019 ਨੂੰ ਟੋਰਾਂਟੋ ਦੀ 30ਵੀਂ ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ ਲੱਗੀ, ਜਿਸ ਦੇ ਨਜ਼ਾਰੇ ਮੈਂ ਵੀ ਲਏ। ਉਸ ਵਿਚ 70 ਤੋਂ ਵੱਧ ਮੁਲਕਾਂ ਦੇ 26,000 ਤੋਂ ਵੱਧ ਦੌੜਾਕ ਸ਼ਾਮਲ ਹੋਏ, ਜਿਨ੍ਹਾਂ ਰਾਹੀਂ 35 ਲੱਖ ਡਾਲਰ ਦਾਨ ਫੰਡ ‘ਕੱਠਾ ਹੋਇਆ। ਟੋਰਾਂਟੋ ਦੇ ਟੈਕਸੀਆਂ ਵਾਲੇ ਪੰਜਾਬੀ ਵੀਰਾਂ ਦੇ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਦੇ ਪੰਜਾਹ ਕੁ ਮੈਂਬਰਾਂ ਨੇ ਵੀ ਉਸ ਦੌੜ ਵਿਚ ਭਾਗ ਲਿਆ, ਜਿਨ੍ਹਾਂ ਦੀਆਂ ਕੇਸਰੀ ਦਸਤਾਰਾਂ ਦਰਸ਼ਕਾਂ ਦਾ ਧਿਆਨ ਖਿੱਚਦੀਆਂ ਰਹੀਆਂ। ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਰਾ ਮੈਰਾਥਨ ਦੇ ਮਹਾਂਰਥੀ ਬਾਬਾ ਫੌਜਾ ਸਿੰਘ ਦੀ ਰੀਸ ਕਰਨ ਲੱਗੇ ਹਨ।
ਮੈਰਾਥਨ ਦੌੜ ਦਾ ਪਿਛੋਕੜ ਢਾਈ ਹਜ਼ਾਰ ਸਾਲ ਪਹਿਲਾਂ ਲੜੀ ਲੜਾਈ ਨਾਲ ਸਬੰਧਿਤ ਹੈ।
490 ਪੂ. ਈ. ਵਿਚ ਪਰਸ਼ੀਆ ਨੇ ਏਥਨਜ਼ ‘ਤੇ ਹਮਲਾ ਕਰਨ ਲਈ ਆਪਣੀ ਫੌਜ ਉਥੋਂ 25 ਕੁ ਮੀਲ ਦੂਰ ਪਿੰਡ ਮੈਰਾਥਨ ਵਿਚ ਉਤਾਰੀ ਸੀ। ਉਦੋਂ ਮੈਰਾਥਨ ਛੋਟਾ ਜਿਹਾ ਪਿੰਡ ਸੀ, ਜੋ ਹੁਣ ਸ਼ਹਿਰ ਬਣ ਗਿਆ ਹੈ। ਯੂਨਾਨ ਦੇ ਜਰਨੈਲ ਨੇ ਆਪਣੇ ਓਲੰਪਿਕਸ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਦਰਿਆ ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਮਦਦ ਦਾ ਸੁਨੇਹਾ ਦੇ ਕੇ ਵਾਪਸ ਏਥਨਜ਼ ਪਹੁੰਚਿਆ ਹੀ ਸੀ ਕਿ ਬਿਨਾ ਆਰਾਮ ਕੀਤੇ ਉਸ ਨੂੰ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ, ਜਿਸ ਵਿਚ ਯੂਨਾਨੀ ਜਿੱਤ ਗਏ।
ਜਿੱਤ ਦਾ ਸਮਾਚਾਰ ਤੁਰਤ ਏਥਨਜ਼ ਪਹੁੰਚਾਉਣ ਲਈ ਜਰਨੈਲ ਨੇ ਥੱਕੇ-ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਉਹਦੇ ਪੈਰਾਂ ‘ਚੋਂ ਖੂਨ ਸਿਮ ਆਇਆ, ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ ‘ਤੇ ਲੱਗਦੇ ਗਏ। ਏਥਨਜ਼ ਵਾਸੀਆਂ ਨੂੰ ਦੂਰੋਂ ਆਪਣੇ ਓਲੰਪੀਅਨ ਦੌੜਾਕ ਦਾ ਝਉਲਾ ਪਿਆ, ਤਾਂ ਉਹ ਘਰਾਂ ਦੀਆਂ ਛੱਤਾਂ ਤੋਂ ਉਤਰ ਕੇ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫੇ ਤੇ ਲਹੂ ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ ‘ਕੱਠੀ ਕਰ ਕੇ ਕੇਵਲ ਇਹੋ ਕਿਹਾ, “ਖੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!” ਏਨਾ ਕਹਿ ਕੇ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
ਮਾਡਰਨ ਓਲੰਪਿਕਸ ਖੇਡਾਂ 1896 ਵਿਚ ਏਥਨਜ਼ ਤੋਂ ਹੀ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਖੇਡਾਂ ‘ਚ ਫਿਡੀਪੀਡੀਸ ਦੀ ਯਾਦ ਵਿਚ ਪੱਚੀ ਕੁ ਮੀਲ ਲੰਮੀ ਦੌੜ ਸ਼ਾਮਲ ਕੀਤੀ ਗਈ, ਜਿਸ ਦਾ ਨਾਂ ਮੈਰਾਥਨ ਦੌੜ ਰੱਖਿਆ ਗਿਆ। ਏਥਨਜ਼ ਦੇ ਇਕ ਰਈਸ ਨੇ ਐਲਾਨ ਕੀਤਾ, ਜੇ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਨਾਲ ਉਸ ਨੂੰ ਆਪਣੀ ਧੀ ਦਾ ਡੋਲਾ ਵੀ ਦੇਵੇਗਾ।
ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਪਹਿਲਾਂ ਪਿੱਛੇ ਰਹਿ ਗਿਆ। ਜਦੋਂ ਤਿੰਨ ਕੁ ਮੀਲ ਦੌੜ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਹੋ ਗਿਆ। ਯੂਨਾਨੀ ਦਰਸ਼ਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿਚ ਸਭ ਤੋਂ ਪਹਿਲਾਂ ਦਾਖਲ ਹੋਇਆ ਤਾਂ ਦਰਸ਼ਕ ਉਤਸ਼ਾਹ ਵਿਚ ਉਠ ਖੜ੍ਹੇ ਹੋਏ। ਯੂਨਾਨੀ ਬਾਦਸ਼ਾਹ ਦੇ ਦੋਵੇਂ ਸ਼ਹਿਜ਼ਾਦੇ ਖੁਸ਼ੀ ਵਿਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਓਲੰਪਿਕਸ ਚੈਂਪੀਅਨ ਬਣ ਗਿਆ। ਖੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, “ਮੰਗ ਜੋ ਮੰਗਣਾ।”
ਲੂਈਸ ਬੋਲਿਆ, “ਮੇਰੇ ਕੋਲ ਘੋੜਾ ਹੈ, ਪਰ ਘੋੜਾ-ਗੱਡੀ ਨਹੀਂ।” ਉਹ ਡਾਕੀਆ ਸੀ, ਜਿਸ ਦਾ ਕੰਮ ਘੋੜਾ-ਗੱਡੀ ਨਾਲ ਸੌਖਾ ਹੋ ਸਕਦਾ ਸੀ। ਉਸ ਨੇ ਰਾਜੇ ਤੋਂ ਘੋੜਾ-ਗੱਡੀ ਲੈ ਲਈ, ਪਰ ਰਈਸ ਦੀ ਧੀ ਦਾ ਡੋਲਾ ਇਸ ਲਈ ਨਾ ਲਿਆ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
1896 ਤੋਂ 1924 ਦੀਆਂ ਓਲੰਪਿਕਸ ਖੇਡਾਂ ਤਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। 1924 ਵਿਚ ਪੈਰਿਸ ਦੀਆਂ ਓਲੰਪਿਕਸ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤੈਅ ਹੋਈ। 1908 ਵਿਚ ਲੰਡਨ ਦੀਆਂ ਓਲੰਪਿਕਸ ਖੇਡਾਂ ਦੀ ਮੈਰਾਥਨ ਦੌੜ ਸ਼ਾਹੀ ਨਿਵਾਸ ਤੋਂ ਸ਼ੁਰੂ ਹੋਈ ਸੀ ਤੇ ਵਾe੍ਹੀਟ ਸਟੇਡੀਅਮ ਵਿਚ ਰਾਇਲ ਬੌਕਸ ਮੂਹਰੇ ਮੁੱਕੀ ਸੀ। ਫਾਸਲਾ ਮਿਣਿਆ ਤਾਂ 26 ਮੀਲ 385 ਗਜ ਨਿਕਲਿਆ। 1928 ਤੋਂ ਉਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ, ਜੋ 42 ਕਿਲੋਮੀਟਰ 195 ਮੀਟਰ ਬਣਦਾ ਹੈ।
1960 ‘ਚ ਰੋਮ ਦੀਆਂ ਓਲੰਪਿਕਸ ਖੇਡਾਂ ਸਮੇਂ ਇਥੋਪੀਆ ਦਾ ਦੌੜਾਕ ਅਬੇਬੇ ਬਕੀਲਾ ਨੰਗੇ ਪੈਰੀਂ ਦੌੜਿਆ, ਜੋ 2 ਘੰਟੇ 15 ਮਿੰਟ 16.2 ਸਕਿੰਟ ਵਿਚ ਦੌੜ ਪੂਰੀ ਕਰ ਕੇ ਓਲੰਪਿਕਸ ਚੈਂਪੀਅਨ ਬਣਿਆ। 1964 ਵਿਚ ਟੋਕੀਓ ਓਲੰਪਿਕਸ ‘ਚ ਵੀ ਉਹ ਅੱਵਲ ਰਿਹਾ। ਟੋਕੀਓ ਵਿਚ ਉਸ ਨੇ 2 ਘੰਟੇ 12 ਮਿੰਟ 11.2 ਸਕਿੰਟ ਵਿਚ ਦੌੜ ਪੂਰੀ ਕੀਤੀ। ਉਦੋਂ ਤਕ ਬਕੀਲਾ ਤੋਂ ਬਿਨਾ ਕਿਸੇ ਵੀ ਦੌੜਾਕ ਨੇ ਓਲੰਪਿਕਸ ਖੇਡਾਂ ਦੀ ਮੈਰਾਥਨ ਦੋ ਵਾਰ ਨਹੀਂ ਸੀ ਜਿੱਤੀ। ਕੁਦਰਤ ਦਾ ਭਾਣਾ ਵੇਖੋ, ਜਦੋਂ ਉਹ ਤੀਜੀ ਵਾਰ ਓਲੰਪਿਕਸ ਖੇਡਾਂ ਦੀ ਮੈਰਾਥਨ ਜਿੱਤਣ ਦਾ ਅਭਿਆਸ ਕਰ ਰਿਹਾ ਸੀ ਤਾਂ ਇਕ ਹਾਦਸੇ ਵਿਚ ਉਹਦੀਆਂ ਦੋਵੇਂ ਲੱਤਾਂ ਕੁਚਲੀਆਂ ਗਈਆਂ। ਜਿਨ੍ਹਾਂ ਜੰਘਾਂ ਨਾਲ ਉਹ ਹਜ਼ਾਰਾਂ ਮੀਲ ਦੌੜਿਆ ਸੀ, ਨਕਾਰਾ ਹੋਈਆਂ ਵੇਖ ਉਹ ਬਹੁਤਾ ਚਿਰ ਜਿਉਂਦਾ ਨਾ ਰਹਿ ਸਕਿਆ ਤੇ 1973 ਵਿਚ ਮਰ ਗਿਆ!
ਇਹ ਮੰਨਣਾ ਸਹੀ ਨਹੀਂ ਕਿ ਮੈਰਾਥਨ ਦੌੜ ਜਾਨ ਲੇਵਾ ਹੁੰਦੀ ਹੈ। ਹੁਣ ਵਿਸ਼ਵ ਵਿਚ 800 ਤੋਂ ਵੱਧ ਵੱਡੀਆਂ ਮੈਰਾਥਨ ਦੌੜਾਂ ਲੱਗਦੀਆਂ ਹਨ, ਪਰ ਦੌੜਦਿਆਂ ਕੋਈ ਨਹੀਂ ਮਰਦਾ। ਮੈਰਾਥਨ ਦੌੜ ਦਾ ਵਿਸ਼ਵ ਰਿਕਾਰਡ ਮਰਦਾਂ ਦਾ 2 ਘੰਟੇ 2 ਮਿੰਟ 57 ਸੈਕੰਡ ਅਤੇ ਔਰਤਾਂ ਦਾ 2:15.25 ਹੈ। ਇਨਡੋਰ ਟ੍ਰੈਕ ਉਤੇ ਤਾਂ ਇਕ ਦੌੜਾਕ ਦੋ ਘੰਟੇ ਤੋਂ ਵੀ ਘੱਟ ਸਮੇਂ ਵਿਚ ਦੌੜ ਗਿਆ ਹੈ। ਬੋਸਟਨ ਦੀ ਮੈਰਾਥਨ 1897 ਤੋਂ ਹਰ ਸਾਲ ਲੱਗ ਰਹੀ ਹੈ, ਜੋ ਵਿਸ਼ਵ ਦੀ ਸਿਖਰਲੀ ਮੈਰਾਥਨ ਦੌੜ ਮੰਨੀ ਜਾਂਦੀ ਹੈ। ਪੰਜਾਬੀ ਟੈਕਸੀ ਵੀਰਾਂ ਦੇ ਦੋ ਮੈਂਬਰ ਉਸ ਦੌੜ ਲਈ ਕੁਆਲੀਫਾਈ ਕਰ ਚੁਕੇ ਹਨ। ਲੰਡਨ, ਨਿਊ ਯਾਰਕ, ਸ਼ਿਕਾਗੋ, ਬਰਲਿਨ, ਰੋਟਰਡੈਮ, ਟੋਕੀਓ, ਡੁੱਬਈ, ਬੀਜਿੰਗ, ਸਿਓਲ, ਰੋਮ, ਹਾਂਗਕਾਂਗ, ਵੈਨਕੂਵਰ ਤੇ ਟੋਰਾਂਟੋ ਆਦਿ ਸ਼ਹਿਰਾਂ ਦੀਆਂ ਮੈਰਾਥਨਾਂ ਵੀ ਵੱਧ ਮਸ਼ਹੂਰ ਹਨ।
ਟੋਰਾਂਟੋ ਦੀ ਵਾਟਰਫਰੰਟ ਮੈਰਾਥਨ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਵਾਲਿਆਂ ਦਾ ਦਰਸ਼ਨੀ ਜੋੜ ਮੇਲਾ ਸੀ। ਜਿਨ੍ਹਾਂ ਨੇ ਵੇਖਿਆ, ਉਹ ਛੇਤੀ ਕੀਤਿਆਂ ਨਹੀਂ ਭੁੱਲ ਸਕਣਗੇ। ਛਾਂਟਵੇਂ ਜੁੱਸਿਆਂ ਦਾ ਉਹ ਮੇਲਾ 22 ਅਕਤੂਬਰ 2017 ਨੂੰ ਲੱਗਾ। ਪੱਗਾਂ/ਪਟਕੇ ਬੰਨ੍ਹ ਕੇ ਉਸ ਵਿਚ ਦੌੜਨ ਵਾਲਿਆਂ ਨੇ ਦੱਸ ਦਿੱਤਾ ਕਿ ਅਸੀਂ ਵੀ ਏਥੇ ਵਸਦੇ ਹਾਂ ਅਤੇ ਸਿਹਤ ਪੱਖੋਂ ਸੁਚੇਤ ਹਾਂ। ਜਿਨ੍ਹਾਂ ਨੇ ਉਹ ਦੌੜ ਲਾਈ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀਆਂ ਉਮਰਾਂ ਦੇ ਪੰਜ ਦਸ ਸਾਲ ਵਧ ਗਏ ਲੱਗਦੇ ਹਨ। ਦੌੜਨ ਦਾ ਅਮਲ ਲੱਗ ਗਿਆ ਹੈ, ਜਿਸ ਨੇ ਮਾੜੇ ਅਮਲ ਛੁਡਾ ਦਿੱਤੇ ਹਨ।
ਟੋਰਾਂਟੋ ਦੀ 30ਵੀਂ ਵਾਟਰਫਰੰਟ ਮੈਰਾਥਨ ਟੋਰਾਂਟੋ ਦੇ ਯੂਨੀਵਰਸਿਟੀ ਐਵੀਨਿਊ ਤੋਂ ਦੌੜ ਸ਼ੁਰੂ ਹੋ ਕੇ ਲੇਕ ਸ਼ੋਰ ਵੱਲ ਦੀ ਲੰਘਦੀ ਹੋਈ ਸਿਟੀ ਹਾਲ ਕੋਲ ਮੁੱਕਣੀ ਸੀ। ਅਸੀਂ ਅੱਠ ਵਜੇ ਦੌੜ ਸ਼ੁਰੂ ਹੋਣ ਵਾਲੀ ਥਾਂ ਪਹੁੰਚ ਗਏ। ਉਸ ਵੇਲੇ ਦੌੜਾਕ ਜੁੱਸੇ ਗਰਮਾਉਂਦੇ ਗੇਂਦਾ ਵਾਂਗ ਬੁੜ੍ਹਕ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ‘ਤੇ ਖੇੜਾ ਸੀ!
ਦੌੜਨ ਵਾਲਿਆਂ ਤੋਂ ਬਿਨਾ ਦਰਸ਼ਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਨਸਾਨੀ ਨਸਲਾਂ, ਰੰਗਾਂ-ਰੂਪਾਂ ਤੇ ਸ਼ਕਲਾਂ-ਸੂਰਤਾਂ ਦਾ ਅਜਬ ਨਜ਼ਾਰਾ ਸੀ। ਕਈਆਂ ਦੇ ਸੁਡੌਲ ਛਾਂਟਵੇਂ ਜੁੱਸੇ ਨਿਹਾਰਦਿਆਂ ਭੁੱਖ ਲਹਿੰਦੀ ਸੀ। ਏਨਾ ਰੂਪ! 8:45 ਉਤੇ ਪੰਜ ਕੁ ਹਜ਼ਾਰ ਦੌੜਾਕਾਂ ਦਾ ਪਹਿਲਾ ਪੂਰ ਦੌੜਾਇਆ ਗਿਆ। ਮੈਂ ਸਟਾਰਟਿੰਗ ਲਾਈਨ ਦੇ ਲਾਗੇ ਖੜ੍ਹਾ ਸਾਂ। ਦੌੜ ਦਾ ਘੁੱਗੂ ਵੱਜਾ ਤਾਂ ਇੰਜ ਲੱਗਾ ਜਿਵੇਂ ਦੌੜਨ ਵਾਲਿਆਂ ਦੇ ਹੜ੍ਹ ਦਾ ਬੰਨ੍ਹ ਟੁੱਟ ਗਿਆ ਹੋਵੇ ਤੇ ਦੌੜਾਕਾਂ ਦਾ ਦਰਿਆ ਵਹਿ ਤੁਰਿਆ ਹੋਵੇ! ਫਿਰ ਪੰਜ ਪੰਜ ਮਿੰਟਾਂ ਬਾਅਦ ਹੋਰ ਪੂਰ ਛੱਡੇ ਗਏ। ਛੱਬੀ ਹਜ਼ਾਰ ਦੌੜਾਕ ਸੜਕਾਂ ਉਤੇ ਦੌੜਨ ਲੱਗੇ। ਹਰ ਦੌੜਾਕ ਦੀ ਛਾਤੀ ਉਤੇ ਉਹਦਾ ਚੈਸਟ ਨੰਬਰ ਬਕਸੂਏ ਲਾ ਕੇ ਚੰਬੇੜਿਆ ਹੋਇਆ ਸੀ। ਉਹਦੇ ਅੰਦਰਲੇ ਪਾਸੇ ਇਲੈਕਟ੍ਰਾਨਿਕ ਜੰਤਰ ਚਿੱਪ ਸਮੇਤ ਲੱਗਾ ਹੋਇਆ ਸੀ, ਜਿਸ ਵਿਚ ਦੌੜਾਕ ਦਾ ਸਾਰਾ ਵੇਰਵਾ ਦਰਜ ਸੀ। ਦੌੜਦਿਆਂ ਉਸ ਜੰਤਰ ਨੇ ਦੌੜਾਕ ਦੇ ਕਦਮਾਂ, ਫਾਸਲੇ, ਸਮੇਂ ਤੇ ਨਬਜ਼ ਨੂੰ ਰਿਕਾਰਡ ਕਰਦੇ ਜਾਣਾ ਸੀ। ਜੋ ਮੈਰਾਥਨ ਵਿਚ ਦੌੜੇ, ਉਹ ਜਦੋਂ ਮਰਜੀ ਆਪਣੀ ਦੌੜ ਦਾ ਰਿਕਾਰਡ ਇਸ ਵਿੱਚੋਂ ਪੜ੍ਹ ਸਕਦੇ ਹਨ। ਦੌੜ ਪੂਰੀ ਕਰਨ ਵਾਲੇ ਦੌੜਾਕਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਦੌੜ ਮਾਰਗ ਦੇ ਹਰ ਦੋ ਕਿਲੋਮੀਟਰ ਦੇ ਫਾਸਲੇ ਉਤੇ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਸੀ। ਹਜ਼ਾਰਾਂ ਵਾਲੰਟੀਅਰ ਨਿਸ਼ਕਾਮ ਸੇਵਾ ‘ਚ ਲੱਗੇ ਹੋਏ ਸਨ।
ਹਜ਼ਾਰਾਂ ਦੌੜਾਕਾਂ ਨੂੰ ‘ਕੱਠੇ ਦੌੜਦਿਆਂ ਵੇਖਣ ਦਾ ਇਹ ਅਦਭੁੱਤ ਨਜ਼ਾਰਾ ਸੀ। ਵੱਖ-ਵੱਖ ਨਸਲਾਂ, ਰੰਗਾਂ, ਧਰਮਾਂ, ਜਾਤਾਂ, ਬੋਲੀਆਂ, ਦੇਸ਼ਾਂ, ਉਮਰਾਂ, ਵਿਚਾਰਾਂ, ਲਿੰਗ ਭਿੰਨ-ਭੇਦਾਂ ਤੇ ਊਚ-ਨੀਚ ਦਾ ਫਰਕ ਮਿਟਾ ਕੇ ਜਨ ਸਮੂਹ ਦਾ ‘ਕੱਠਿਆਂ ਦੌੜਨਾ ‘ਜਗਤ ਪਰਿਵਾਰ’ ਵਾਂਗ ਲੱਗਾ! ਕੁਝ ਦੌੜਾਕ ਮਸਨੂਈ ਲੱਤਾਂ, ਡੰਗੋਰੀਆਂ ਤੇ ਵ੍ਹੀਲ ਚੇਅਰਾਂ ਨਾਲ ਦੌੜ ਰਹੇ ਸਨ। ਦੋ ਬੀਬੀਆਂ ਆਪਣੇ ਬੁੱਢੇ ਬਾਪ ਨੂੰ ਸਹਾਰਾ ਦਿੰਦੀਆਂ ਦੌੜ ਪੂਰੀ ਕਰਵਾ ਰਹੀਆਂ ਸਨ। ਵਿਚੇ ਮਸਖਰੇ ਦੌੜੀ ਜਾ ਰਹੇ ਸਨ, ਜੋ ਦਰਸ਼ਕਾਂ ਦਾ ਚਿੱਤ ਪਰਚਾ ਰਹੇ ਸਨ। ਦਰਸ਼ਕ ਆਪੋ ਆਪਣੇ ਪਿਆਰਿਆਂ ਨੂੰ ਕੂਕ-ਕੂਕ ਕੇ ਹੱਲਾਸ਼ੇਰੀ ਦੇ ਰਹੇ ਸਨ। ਦੌੜ ਪੂਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਪਿਆਰੇ ਮੁਬਾਰਕਾਂ ਦਿੰਦੇ ਚੁੰਮਣ ਦੇ ਰਹੇ ਸਨ। ਬੱਚੇ ਬਾਪੂਆਂ ਦੀਆਂ ਲੱਤਾਂ ਨੂੰ ਚੰਬੜ ਰਹੇ ਸਨ, ਜਿਨ੍ਹਾਂ ਨੂੰ ਕੰਧਾੜੀਂ ਚੁੱਕਿਆ ਜਾ ਰਿਹਾ ਸੀ। ਯਾਦਗਾਰੀ ਫੋਟੋ ਲੱਥ ਰਹੇ ਸਨ। ਮੈਰਾਥਨ ਪੂਰੀ ਕਰਦਿਆਂ ਦੇ ਸਿਰੜ ਨੂੰ ਸਲਾਮ ਕਿਹਾ ਜਾ ਰਿਹਾ ਸੀ!
ਅਸੀਂ ਮੈਰਾਥਨ ਦਾ ਮੇਲਾ ਵੇਖਦਿਆਂ ਦਸ ਬਾਰਾਂ ਕਿਲੋਮੀਟਰ ਦੀ ਭੱਜ-ਨੱਸ ਕਰ ਚੁਕੇ ਸਾਂ। ਰੂਹ ਰੱਜ ਨਹੀਂ ਸੀ ਰਹੀ। ਏਨੀ ਸੁਹਣੀ ਤੇ ਤੰਦਰੁਸਤ ਜੁਆਨੀ। ਏਨਾ ਫਿੱਟ ਬੁਢਾਪਾ! ਜਦੋਂ ਮੈਰਾਥਨ ਦੌੜ ਦੇ ਜੇਤੂ ਕੀਨੀਆ ਦੇ ਦੌੜਾਕ ਫਿਲਮੋਨੇ ਰੋਨੋ ਨੂੰ ਸਨਮਾਨ ਕਰਨ ਲਈ ਸਟੇਜ ‘ਤੇ ਬੁਲਾਇਆ ਗਿਆ ਤਾਂ ਉਸ ਨੇ ਪੰਛੀਆਂ ਦੇ ਪਰਾਂ ਵਾਂਗ ਬਾਹਾਂ ਫੈਲਾ ਕੇ ਗੇੜਾ ਦਿੱਤਾ। ਜਦੋਂ ਉਹ ਸਟੇਜ ਤੋਂ ਉਤਰਿਆ ਤਾਂ ਮੈਂ ਉਸ ਨੂੰ ਵਧਾਈ ਦੇਣ ਗਿਆ। ਮੇਰੀ ਪੱਗ ਦਾੜ੍ਹੀ ਤੋਂ ਉਸ ਨੇ ਮੈਨੂੰ ਫੌਜਾ ਸਿੰਘ ਸਮਝ ਲਿਆ। ਅਸੀਂ ਇਕ ਦੂਜੇ ਨੂੰ ਜੱਫੀ ਪਾਈ ਤਾਂ ਉਹ ਮੇਰੀ ਕੱਛ ਵਿਚ ਆ ਗਿਆ। ਉਹਦਾ ਕੱਦ ਮਸੀਂ ਪੰਜ ਫੁੱਟ ਦੋ ਇੰਚ ਹੋਵੇਗਾ। ਹੈਰਾਨ ਸਾਂ ਕਿ ਚਾਲੀ ਕੁ ਕਿਲੋਗਰਾਮ ਵਜ਼ਨ ਦਾ ਰੋਨੋ, ਜਿਸ ਦਾ ਰੰਗ ਕਾਲਾ, ਦੰਦ ਚਿੱਟੇ, ਨਾਸਾਂ ਚੌੜੀਆਂ, ਸਿਰ ਗੰਜਾ ਤੇ ਕੰਨ ਨਿੱਕੇ ਹਨ, ਛੋਟੇ-ਛੋਟੇ ਕਦਮਾਂ ਨਾਲ 42.195 ਕਿਲੋਮੀਟਰ 2 ਘੰਟੇ 5 ਮਿੰਟ ਵਿਚ ਕਿਵੇਂ ਦੌੜ ਗਿਆ! ਕੈਨੇਡਾ ਦੀ ਧਰਤੀ ‘ਤੇ ਅਜੇ ਤਕ ਏਦੂੰ ਘੱਟ ਸਮੇਂ ਵਿਚ ਕੋਈ ਦੌੜਾਕ ਮੈਰਾਥਨ ਨਹੀਂ ਦੌੜਿਆ। ਰੋਨੋ ਨੂੰ 80,000 ਡਾਲਰ ਫਸਟ ਆਉਣ ਦਾ ਸਿਰਵਾਰਨਾ ਤੇ 50,000 ਡਾਲਰ ਨਵਾਂ ਰਿਕਾਰਡ ਰੱਖਣ ਦਾ ਇਨਾਮ ਮਿਲਿਆ।
ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਵਾਲਿਆਂ ਨੂੰ ਵਧਾਈਆਂ, ਜਿਨ੍ਹਾਂ ਨੇ ਮੈਰਾਥਨ ਦੌੜ ਵਿਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਦੀ ਰੱਖ ਵਿਖਾਈ। ਉਸ ਵਿਚ ਸਾਡੇ ਭਾਈਚਾਰੇ ਦੀਆਂ ਦੋ ਮਾਂਵਾਂ ਵੀ ਆਪਣੇ ਪਤੀਆਂ ਨਾਲ ਦੌੜੀਆਂ। ਅਗਲੀਆਂ ਗਰਮੀਆਂ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਟੋਰਾਂਟੋ ਦੇ ਗੁਰੂ ਘਰਾਂ ਤੋਂ ਗੁਰੂ ਘਰਾਂ ਤਕ ਮੈਰਾਥਨ ਦੌੜ ਅਤੇ ਵਾਕ ਕਰਵਾਈ ਜਾਵੇਗੀ।
ਗੁਰੂ ਅੰਗਦ ਦੇਵ ਨੇ ਸਿੱਖਾਂ ਨੂੰ ਮੱਲ ਅਖਾੜੇ, ਗੁਰੂ ਹਰਗੋਬਿੰਦ ਸਾਹਿਬ ਨੇ ਕਸਰਤਾਂ ਤੇ ਦੰਗਲ ਅਤੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੀਆਂ ਮਾਰਸ਼ਲ ਖੇਡਾਂ ਦੇ ਲੜ ਲਾਇਆ ਸੀ ਤਾਂ ਕਿ ਸਿੱਖਾਂ ਦੇ ਜੁੱਸੇ ਤਕੜੇ ਤੇ ਫਿੱਟ ਰਹਿਣ। ਪੰਜਾਬ ਵਿਚ ਗੁਰੂ ਘਰਾਂ ਤੋਂ ਮੰਦਿਰਾਂ ਅਤੇ ਮੰਦਿਰਾਂ ਤੋਂ ਗੁਰੂ ਘਰਾਂ ਤਕ ਮੈਰਾਥਨ ਦੌੜਾਂ ਤੇ ਤੋਰਾਂ ਜਿਥੇ ਜੁੱਸੇ ਫਿੱਟ ਰੱਖਣ ਵਿਚ ਯੋਗਦਾਨ ਪਾ ਸਕਦੀਆਂ ਹਨ, ਉਥੇ ਧਾਰਮਿਕ ਸਦਭਾਵਨਾ ਵੀ ਵਧਾ ਸਕਦੀਆਂ ਹਨ। ਮੈਰਾਥਨ ਦੌੜਾਂ ਨੂੰ ਨਗਰ ਕੀਰਤਨਾਂ ਤੇ ਸ਼ੋਭਾ ਯਾਤਰਾਵਾਂ ਵਾਂਗ ਮਹੱਤਵ ਦਿੱਤੇ ਜਾਣ ਦੀ ਲੋੜ ਹੈ। ਕੀ ਕੋਈ ਸੁਣੇਗਾ?