ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸੱਚ ਦਾ ਸੰਕਲਪ

ਸੁਖਦੇਵ ਸਿੰਘ ਸ਼ਾਂਤ
ਫੋਨ: 317-406-0002
ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੱਚ ਦੀ ਵਿਆਖਿਆ ਕਰਦਾ ਸੱਚ ਦੇ ਸਿਖਰ ‘ਤੇ ਜਾ ਪਹੁੰਚਦਾ ਹੈ। ‘ਸਤਿ ਨਾਮੁ’ ਦੀ ਧੁਨ ਗੁਰੂ ਜੀ ਦੀ ਸਮੁੱਚੀ ਬਾਣੀ ਵਿਚ ਗੂੰਜਦੀ ਹੈ,
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥

ਸੱਚ ਆਦਿ-ਜੁਗਾਦੀ ਹੈ। ਇਹ ਭੂਤ, ਭਵਿੱਖ ਅਤੇ ਵਰਤਮਾਨ-ਤਿੰਨਾਂ ਕਾਲਾਂ ਵਿਚ ਮੌਜੂਦ ਹੈ। ਮਨੁੱਖ ਇਹਦੇ ਭੂਤ ਅਤੇ ਭਵਿੱਖ ਦੀ ਕੋਈ ਹੱਦ ਨਿਸ਼ਚਿਤ ਨਹੀਂ ਕਰ ਸਕਦਾ। ਜਾਹਰ ਹੈ, ਸੱਚ ਪਰਮਾਤਮਾ ਹੀ ਹੈ।
ਜਿੱਥੇ ਸੱਚ ਪਰਮਾਤਮਾ ਹੀ ਹੈ, ਉਥੇ ਦੁਨਿਆਵੀ ਜ਼ਿੰਦਗੀ ਦੇ ਕਾਰ-ਵਿਹਾਰ ਵਿਚ ਸੱਚ ਦੀ ਅਹਿਮੀਅਤ ਸੰਸਾਰ ਦੇ ਸਭ ਧਰਮਾਂ ਨੇ ਹੀ ਮੰਨੀ ਹੈ। ਸੱਚ ਬੋਲਣਾ, ਸੱਚ ਸੁਣਨਾ ਅਤੇ ਸੱਚ ਅਨੁਸਾਰ ਜ਼ਿੰਦਗੀ ਬਤੀਤ ਕਰਨਾ ਹੀ ਅਸਲ ਵਿਚ ਧਾਰਮਿਕ ਜ਼ਿੰਦਗੀ ਹੈ।
ਸੱਚ ਦਾ ਵਿਰੋਧੀ ਸ਼ਬਦ ਝੂਠ ਜਾਂ ਕੂੜ ਹੈ। ਗੁਰਬਾਣੀ ਵਿਚ ਇਨ੍ਹਾਂ ਦੋਹਾਂ ਸ਼ਬਦਾਂ ਦੀ ਵਰਤੋਂ ਆਮ ਕੀਤੀ ਗਈ ਹੈ। ਸੱਚ ਦੀ ਸਿਫਤ-ਸਲਾਹ ਅਤੇ ਕੂੜ ਦੀ ਨਿਖੇਧੀ ਕਰਕੇ ਮਨੁੱਖ ਨੂੰ ਸੱਚ ਦੇ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰੂ ਅਰਜਨ ਦੇਵ ਮਨੁੱਖ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਸਮਝਦੇ ਹੋਏ ਫੁਰਮਾਉਂਦੇ ਹਨ,
ਸਾਚੁ ਧਰਮੁ ਨਹੀ ਭਾਵੈ ਡੀਠਾ॥
ਝੂਠ ਧੋਹ ਸਿਉ ਰਚਿਓ ਮੀਠਾ॥ (ਧਨਾਸਰੀ ਮ: 5, ਪੰਨਾ 676)
ਝੂਠ ਜਾਂ ਕੂੜ ਦੀ ਦੁਨਿਆਵੀ ਖਿੱਚ ਮਨੁੱਖ ਵਿਚ ਬਹੁਤ ਹੈ। ਮਨੁੱਖੀ ਮਨ ਨੂੰ ਇਹ ਸ਼ਹਿਦ ਵਰਗਾ ਮਿੱਠਾ ਲਗਦਾ ਹੈ। ਇਸ ਦਾ ਚਸਕਾ ਜਿਸ ਮਨੁੱਖ ਨੂੰ ਪੈ ਜਾਵੇ, ਉਹ ਝੂਠ ਤੋਂ ਬਿਨਾ ਰਹਿ ਨਹੀਂ ਸਕਦਾ। ਸੱਚ ਕੌੜਾ ਹੁੰਦਾ ਹੈ। ਕੌੜੇ ਤੋਂ ਇਲਾਵਾ ਸੱਚ ਮੁਸ਼ਕਿਲਾਂ ਨਾਲ ਭਰਪੂਰ ਹੁੰਦਾ ਹੈ। ਝੂਠ ਦਾ ਰਸਤਾ ਆਸਾਨ ਹੈ। ਸੱਚ ਦਾ ਰਸਤਾ ਔਕੜਾਂ ਭਰਿਆ ਹੁੰਦਾ ਹੈ। ਦੁਨੀਆਂ ਵਿਚ ਸੱਚ ਨੂੰ ਅਕਸਰ ਫਾਂਸੀ ਮਿਲਦੀ ਹੈ ਅਤੇ ਝੂਠ ਨੂੰ ਇਨਾਮ। ਸੁਕਰਾਤ, ਮਨਸੂਰ, ਈਸਾ ਮਸੀਹ, ਪ੍ਰਹਲਾਦ ਭਗਤ, ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਕਬੀਰ ਆਦਿ ਦੀਆਂ ਜੀਵਨ-ਕਥਾਵਾਂ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਸੱਚ ਦੇ ਰਾਹ ‘ਤੇ ਚੱਲਣਾ ਕਿੰਨਾ ਔਖਾ ਹੈ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਗੁਰ-ਇਤਿਹਾਸ ਤਾਂ ਹੈ ਹੀ ਸੱਚ ਦਾ ਬਿਖੜਾ ਮਾਰਗ।
ਗੁਰੂ ਨਾਨਕ ਮਨੁੱਖ ਨੂੰ ਜੀਵਨ ਵਿਚ ਸੱਚ ਦਾ ਰਸਤਾ ਅਪਨਾਉਣ ਲਈ ਪ੍ਰੇਰਦੇ ਹਨ। ਇਸ ਪ੍ਰੇਰਨਾ ਪਿੱਛੇ ਵੱਡੀ ਦਲੀਲ ਇਹ ਹੈ ਕਿ ਜਿਸ ਪਰਮਾਤਮਾ ਦੇ ਅਸੀਂ ਅੰਸ਼ ਹਾਂ, ਉਹ ਸੱਚਾ ਹੈ। ਜੇ ਅਸੀਂ ਉਸ ਦੇ ਨਾਲ ਇਕਮਿਕਤਾ ਚਾਹੁੰਦੇ ਹਾਂ ਅਤੇ ਆਪਣੀ ਮਾਨਸਿਕ ਤੇ ਆਤਮਿਕ ਸ਼ਾਂਤੀ ਚਾਹੁੰਦੇ ਹਾਂ ਤਾਂ ਸਪੱਸ਼ਟ ਰੂਪ ਵਿਚ ਸਾਡੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਅਸੀਂ ਸੱਚ ਦੇ ਰਸਤੇ ‘ਤੇ ਚੱਲੀਏ। ਗੁਰੂ ਨਾਨਕ ਨੇ ‘ਜਪੁ’ ਬਾਣੀ ਵਿਚ ਫੁਰਮਾਇਆ ਹੈ,
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ (ਪੰਨਾ 2)
ਅਤੇ
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ (ਪੰਨਾ 6)
ਇਸੇ ਤਰ੍ਹਾਂ ਗੁਰੂ ਸਾਹਿਬ ਨੇ ‘ਸਚੀ ਟਕਸਾਲ’, ‘ਸਚਾ ਦਰਬਾਰੁ’, ‘ਸਾਚੀ ਕਾਰ’, ‘ਸਚਿਆਰੁ’ ਅਤੇ ‘ਸਚ ਖੰਡਿ’ ਸ਼ਬਦਾਂ ਦੀ ਪਰਮਾਤਮਾ ਦਾ ਬਿਆਨ ਕਰਦਿਆਂ ਵਰਤੋਂ ਕੀਤੀ ਹੈ। ਕਿਉਂਕਿ ਪਰਮਾਤਮਾ ਦਾ ਸਥਾਨ ਉਸ ਦਾ ਦਰਬਾਰ ਅਤੇ ਉਸ ਦਾ ਹਰ ਕੰਮ ਸੱਚ ਨਾਲ ਭਰਪੂਰ ਹੈ, ਇਸ ਲਈ ਮਨੁੱਖ ਨੂੰ ਵੀ ਉਸ ਦੇ ਮਿਲਾਪ ਲਈ ਸੱਚ ਦਾ ਸਹਾਰਾ ਲੈਣਾ ਪਵੇਗਾ। ਝੂਠੇ ਬਾਦਸ਼ਾਹ ਤੱਕ ਪਹੁੰਚ ਕਰਨ ਲਈ ਮਨੁੱਖ ਝੂਠ ਦੀ ਵਰਤੋਂ ਕਰ ਸਕਦਾ ਹੈ। ਮਾਇਆਧਾਰੀ ਹੁਕਮਰਾਨ ਤੱਕ ਪਹੁੰਚ ਕਰਨ ਲਈ ਮਨੁੱਖ ਮਾਇਆ ਦੀ ਵਰਤੋਂ ਕਰ ਸਕਦਾ ਹੈ, ਪਰ ਇੱਥੇ ਪਹੁੰਚ ਸੱਚੇ ਦਰਬਾਰ ਵਿਚ ਕੀਤੀ ਜਾਣੀ ਹੈ। ਮਿਲਾਪ ਸੱਚੇ ਪਾਤਸ਼ਾਹ ਨਾਲ ਕਰਨਾ ਹੈ। ਇੱਥੇ ਮਾਇਆ ਅਤੇ ਝੂਠ ਪਹੁੰਚ ਕਰਨ ਦਾ ਸਹਾਰਾ ਤਾਂ ਕੀ ਬਣਨੇ, ਸਗੋਂ ਰਾਹ ਦੀ ਰੁਕਾਵਟ ਬਣਦੇ ਹਨ।
ਇਸ ਲਈ ਮਨੁੱਖ ਜੇ ਧਾਰਮਿਕ ਬਣਨਾ ਚਾਹੁੰਦਾ ਹੈ, ਜੇ ਅਧਿਆਤਮਕ ਮਾਰਗ ਦਾ ਪਾਂਧੀ ਬਣਨਾ ਚਾਹੁੰਦਾ ਹੈ ਤਾਂ ਨਿਸਚੇ ਹੀ ਉਸ ਨੂੰ ਸੱਚ ਦਾ ਰਾਹ ਅਪਨਾਉਣਾ ਪਵੇਗਾ।
ਸੱਚ ਦੀ ਪ੍ਰੇਰਨਾ ਦੇਣ ਪਿੱਛੇ ਗੁਰੂ ਸਾਹਿਬ ਦੀ ਦੂਜੀ ਦਲੀਲ ਇਹ ਹੈ ਕਿ ਕੂੜ ਦੀ ਜਿੱਤ ਅਸਥਾਈ ਹੈ। ਝੂਠ ਜਾਂ ਕੂੜ ਥੋੜ੍ਹੇ ਚਿਰ ਲਈ ਮਨੁੱਖ ਨੂੰ ਕੋਈ ਦੁਨਿਆਵੀ ਕਾਮਯਾਬੀ ਦੇ ਸਕਦਾ ਹੈ, ਪਰ ਉਹ ਨਾਲੋ-ਨਾਲ ਮਨੁੱਖ ਨੂੰ ਮਾਨਸਿਕ ਤੌਰ ‘ਤੇ ਡੇਗ ਦਿੰਦਾ ਹੈ। ਅਖੀਰ ਜਿੱਤ ਸੱਚ ਦੀ ਹੁੰਦੀ ਹੈ। ਇਕ ਦਿਨ ਝੂਠ ਦਾ ਭਾਂਡਾ ਫੁੱਟ ਜਾਂਦਾ ਹੈ। ਬਾਹਰੋਂ ਦਿੱਸਦੀ ਰੰਗ-ਬਿਰੰਗੀ ਖਿੱਦੋ ਖਿੰਡ ਜਾਂਦੀ ਹੈ। ਵਿਚਲੀਆਂ ਲੀਰਾਂ ਬਾਹਰ ਆ ਜਾਂਦੀਆਂ ਹਨ। ਇਕ ਝੂਠ ਛੁਪਾਉਣ ਲਈ ਸੌ ਹੋਰ ਝੂਠ ਬੋਲਣੇ ਪੈਂਦੇ ਹਨ ਅਤੇ ਮਨੁੱਖ ਝੂਠਾਂ ਦੀ ਪੰਡ ਬਣ ਜਾਂਦਾ ਹੈ। ਫਿਰ ਝੂਠ ਦੇ ਕੋਈ ਪੈਰ ਵੀ ਨਹੀਂ ਹੁੰਦੇ ਤੇ ਜਿਸ ਮਨੁੱਖ ਦੇ ਪੈਰ ਹੀ ਧਰਤੀ ‘ਤੇ ਟਿਕਣ ਜੋਗੇ ਨਾ ਰਹਿਣ, ਉਸ ਦੀ ਜ਼ਿੰਦਗੀ ਦੁਸ਼ਵਾਰ ਹੋ ਜਾਂਦੀ ਹੈ। ਦੂਜੇ ਪਾਸੇ ਸੱਚ ਦੀ ਜਿੱਤ ਸਥਾਈ ਹੈ। ਇਹ ਜਿੱਤ ਹਾਸਲ ਕਰਨ ਦਾ ਰਸਤਾ ਜਿੰਨਾ ਦੁਖਦਾਈ ਹੈ, ਉਸ ਦੀ ਪ੍ਰਾਪਤੀ ਓਨੀ ਹੀ ਸੁਖਦਾਈ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ,
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥
ਗੁਰੂ ਸਾਹਿਬ ਦੀ ਤੀਜੀ ਦਲੀਲ ਇਹ ਹੈ ਕਿ ਸੱਚ ‘ਤੇ ਚੱਲਣ ਵਾਲਾ ਮਨੁੱਖ ਇਸ ਸੰਸਾਰ ਵਿਚ ਵੀ ਮਾਣ ਪਾਉਂਦਾ ਹੈ। ਝੂਠ ‘ਤੇ ਚੱਲਣ ਵਾਲਾ ਮਨੁੱਖ ਮੁਰਦਾਰ ਖਾਣ ਵਾਲਾ ਮਨੁੱਖ ਮੰਨਿਆ ਗਿਆ ਹੈ। ਅਜਿਹਾ ਮਨੁੱਖ ਆਪ ਤਾਂ ਡੁੱਬਦਾ ਹੀ ਹੈ, ਨਾਲ ਵਾਲਿਆਂ ਨੂੰ ਵੀ ਲੈ ਡੁੱਬਦਾ ਹੈ। ਜਿਹੜੇ ਅਜਿਹੇ ਆਗੂ ਦੇ ਪਿੱਛੇ ਲੱਗੇ ਹੁੰਦੇ ਹਨ, ਉਹ ਵੀ ਇਸ ਦੁਨੀਆਂ ਵਿਚ ਅਪਮਾਨਿਤ ਹੁੰਦੇ ਹਨ। ਗੁਰੂ ਜੀ ਫੁਰਮਾਉਂਦੇ ਹਨ,
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੌ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ (ਪੰਨਾ 140)
ਪਰ ਸੱਚ ਬੋਲਣ ਵਾਲਾ ਮਨੁੱਖ ਹੱਕ ਦੀ ਕਮਾਈ ਖਾਂਦਾ ਹੈ। ਉਸ ਦੀ ਸੰਗਤ ਕਰਨ ਵਾਲੇ ਜਾਂ ਉਸ ਦੇ ਨਾਲ ਕੰਮ ਕਰਨ ਵਾਲੇ ਵੀ ਉਸ ਤੋਂ ਪ੍ਰੇਰਨਾ ਲੈ ਕੇ ਠੀਕ ਰਸਤੇ ‘ਤੇ ਤੁਰਦੇ ਹਨ। ਇਸ ਤਰ੍ਹਾਂ ਉਹ ਪਤਵੰਤਾ ਸੱਜਣ ਆਪ ਵੀ ਤਰਦਾ ਹੈ ਅਤੇ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ। ਸੱਚ ਨਾਲ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਉਸ ਦਾ ਹਿਰਦਾ ਸੱਚਾ ਹੋ ਜਾਂਦਾ ਹੈ। ਕੂੜ ਦੀ ਮੈਲ ਉਸ ਦੇ ਤਨ-ਮਨ ਤੋਂ ਉਤਰ ਜਾਂਦੀ ਹੈ। ਉਸ ਦੇ ਪਾਪਾਂ ਦਾ ਨਿਤਾਰਾ ਹੋ ਜਾਂਦਾ ਹੈ, ਪਾਪ ਕੱਟੇ ਜਾਂਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ,
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥
ਅਤੇ
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ (ਪੰਨਾ 468)
ਗੁਰੂ ਨਾਨਕ ਦੇਵ ਨੇ ਸੱਚ ਬੋਲਣ, ਸੱਚ ਸੁਣਨ ਅਤੇ ਸੱਚ ਨੂੰ ਮੰਨਣ ‘ਤੇ ਏਨਾ ਜ਼ੋਰ ਦਿੱਤਾ ਹੈ ਕਿ ਗੁਰੂ ਜੀ ਦੇ ਪੰਥ ਦਾ ਧਾਰਨੀ ਹੋਣ ਲਈ ਮਨੁੱਖ ਨੂੰ ਸੱਚ ਦੇ ਰਸਤੇ ‘ਤੇ ਚੱਲਣਾ ਹੀ ਪਵੇਗਾ। ਜੋ ਮਨੁੱਖ ਸੱਚ ਬੋਲਦਾ ਨਹੀਂ, ਸੱਚ ਸੁਣਦਾ ਨਹੀਂ ਅਤੇ ਸੱਚ ਨੂੰ ਮੰਨਦਾ ਨਹੀਂ, ਉਹ ਗੁਰੂ ਜੀ ਦੇ ਨਿਰਮਲ ਪੰਥ ਦਾ ਧਾਰਨੀ ਨਹੀਂ ਅਖਵਾ ਸਕਦਾ। ਗੁਰੂ ਜੀ ਉਸ ਦੀ ਹਾਮੀ ਭਰਨ ਲਈ ਤਿਆਰ ਨਹੀਂ ਹਨ। ਉਹ ਬਹਿਸ਼ਤ ਜਾਂ ਪਰਮਾਤਮਾ ਦੀ ਇਕਮਿਕਤਾ ਲਈ ਸੱਚ ਕਮਾਉਣਾ ਪਹਿਲੀ ਸ਼ਰਤ ਮੰਨਦੇ ਹਨ। ਗੁਰੂ ਜੀ ਫੁਰਮਾਉਂਦੇ ਹਨ,
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ (ਪੰਨਾ 141)
ਸੱਚ ਤੋਂ ਬਿਨਾ ਮਨੁੱਖ ਸੁੱਚਾ ਹੋ ਹੀ ਨਹੀਂ ਸਕਦਾ। ਝੂਠ ਬੋਲ ਬੋਲ ਕੇ ਜੀਵਨ ਜੀਣ ਵਾਲਾ ਮਨੁੱਖ ਸੁੱਚਾ ਨਹੀਂ ਹੋ ਸਕਦਾ। ਆਓ ਗੁਰੂ ਸਾਹਿਬ ਦੇ ਫੁਰਮਾਨ ਨੂੰ ਸਮਝਣ ਦਾ ਯਤਨ ਕਰੀਏ ਅਤੇ ਆਪਣੇ ਮਨ ਨੂੰ ਸੱਚ ਨਾਲ ਧੋਣ ਦਾ ਉਪਰਾਲਾ ਕਰੀਏ,
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥ (ਪੰਨਾ 56)