ਤੇਈ ਵਰ੍ਹਿਆਂ ਦੀ ਨਰਕ ਭਰੀ ਕੈਦ ਦਾ ਜ਼ਾਲਮਾਨਾ ਅੰਤ

ਚੰਡੀਗੜ੍ਹ: ਪਾਕਿਸਤਾਨ ਦੇ ਲਾਹੌਰ ਸਥਿਤ ਜਿਨਾਹ ਹਸਪਤਾਲ ਵਿਚ ਛੇ ਦਿਨ ਮੌਤ ਨਾਲ ਸੰਘਰਸ਼ ਕਰਨ ਮਗਰੋਂ ਆਖ਼ਰ ਸਰਬਜੀਤ ਸਿੰਘ ਬਾਜ਼ੀ ਹਾਰ ਗਿਆ। ਇਸ ਤਰ੍ਹਾਂ ਸਰਬਜੀਤ ਸਿੰਘ ਦੀ ਲਾਹੌਰ ਦੀ ਕੋਟ ਲਖਪੱਤ ਜੇਲ੍ਹ ਵਿਚ 23 ਵਰ੍ਹਿਆਂ ਦੀ ਲੰਮੀ ਕੈਦ ਦੀ ਦੁਖਦਾਇਕ ਜ਼ਿੰਦਗੀ ਦਾ ਅੰਤ ਹੋ ਨਿਬੜਿਆ।
ਭਿੱਖੀਵਿੰਡ ਵਾਸੀ ਯੂਪੀ ਰੋਡਵੇਜ਼ ਦੀ ਬੱਸ ਦੇ ਡਰਾਈਵਰ ਦਾ ਪੁੱਤ ਸਰਬਜੀਤ ਆਪਣੇ ਪਰਿਵਾਰ ਪਤਨੀ ਸੁਖਪ੍ਰੀਤ ਕੌਰ ਤੇ ਦੋ ਬੇਟੀਆਂ ਸਵੱਪਨਦੀਪ ਤੇ ਪੂਨਮ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਸੀ। 28 ਅਗਸਤ, 1990 ਨੂੰ ਉਸ ਦੀ ਕਿਸਮਤ ਨੇ ਅਜਿਹਾ ਜਾਲਮ ਮੋੜ ਲਿਆ ਕਿ ਭਾਰਤੀ ਖੇਤਰ ਵਿਚੋਂ ਪਾਕਿਸਤਾਨੀ ਖਿੱਤੇ ਵਿਚ ਜਾ ਪੁੱਜਿਆ। ਬਸ ਇਥੋਂ ਹੀ ਉਸ ਦੀ ਦੁੱਖਾਂ ਭਰੀ ਜ਼ਿੰਦਗੀ ਸ਼ੁਰੂ ਹੋ ਗਈ। ਉਸ ਦੇ ਪਰਿਵਾਰ ਨੂੰ ਇਸ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਨੌਂ ਮਹੀਨੇ ਬਾਅਦ ਉਸ ਦਾ ਪੱਤਰ ਪਰਿਵਾਰ ਨੂੰ ਮਿਲਿਆ ਜਿਸ ਵਿਚ ਉਸ ਨੇ ਕਿਹਾ ਕਿ ਉਹ ਪਾਕਿਸਤਾਨ ਜੇਲ੍ਹ ਵਿਚ ਹੈ।
ਉਸੇ ਸਾਲ ਪਾਕਿਸਤਾਨ ਦੀ ਅਦਾਲਤ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਹੋਏ ਬੰਬ ਧਮਾਕਿਆਂ ਜਿਨ੍ਹਾਂ ਵਿਚ 14 ਲੋਕ ਮਾਰੇ ਗਏ ਸਨ, ਵਿਚ ਸ਼ਮੂਲੀਅਤ ਦਾ ਦੋਸ਼ ਲਾ ਕੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਦੇ ਪਰਿਵਾਰ ਨੇ ਇਹ ਦਲੀਲ ਦਿੱਤੀ ਸੀ ਕਿ ਉਸ ਦੀ ਗ਼ਲਤ ਸ਼ਨਾਖਤ ‘ਤੇ ਉਸ ਨੂੰ ਸਜ਼ਾ ਦਿੱਤੀ ਗਈ। ਉਸ ਨੂੰ ਬੰਬ ਧਮਾਕੇ ਦੇ ਦੋਸ਼ ਵਿਚ ਸਰਬਜੀਤ ਸਿੰਘ ਵਜੋਂ ਨਹੀਂ ਸਗੋਂ ਮਨਜੀਤ ਸਿੰਘ ਵਜੋਂ ਦੋਸ਼ੀ ਕਰਾਰ ਦਿੱਤਾ ਗਿਆ। ਉਸ ਦੇ ਵਕੀਲ ਅਵਾਈਸ ਸ਼ੇਖ ਨੇ ਭਾਰਤੀ ਮੀਡੀਏ ਨੂੰ ਸਰਬਜੀਤ ਦੇ ਬੰਬ ਧਮਾਕਿਆਂ ਵਿਚ ਸ਼ਮੂਲੀਅਤ ਦੇ ਬਿਆਨ ਵਿਖਾਏ ਜਿਨ੍ਹਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਸਰਬਜੀਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਉਸ ਅਨੁਸਾਰ ਸਰਬਜੀਤ ਨੇ ਕਦੇ ਵੀ ਇਹ ਨਹੀਂ ਮੰਨਿਆ ਕਿ ਉਸ ਨੇ ਧਮਾਕੇ ਕੀਤੇ ਸਨ।
ਵਕੀਲ ਨੇ ਇਹ ਵੀ ਦੱਸਿਆ ਕਿ ਸਰਬਜੀਤ ਨੂੰ ਤਾਂ ਕਦੇ ਵੀ ਜੱਜ ਸਾਹਮਣੇ ਪੇਸ਼ ਵੀ ਨਹੀਂ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਸਰਬਜੀਤ ਦੀ ਫਾਂਸੀ ਦੀ ਸਜ਼ਾ 2006 ਵਿਚ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਬਹਾਲ ਰੱਖੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਤਾਂ ਉਸ ਦੀ 2006 ਵਿਚ ਮੌਤ ਦੀ ਸਜ਼ਾ ਦੀ ਮੁਆਫੀ ‘ਤੇ ਮੁੜ ਵਿਚਾਰ ਕਰਨ ਬਾਰੇ ਪਾਈ ਪਟੀਸ਼ਨ 2006 ਵਿਚ ਹੀ ਰੱਦ ਕਰ ਦਿੱਤੀ ਸੀ। ਉਦੋਂ ਤੋਂ ਹੀ ਉਸ ਦਾ ਪਰਿਵਾਰ ਪਾਕਿਸਤਾਨ ਸਰਕਾਰ ਤੋਂ ਮੁਆਫੀ ਲਈ ਸੰਘਰਸ਼ ਕਰ ਰਿਹਾ ਹੈ। ਪਰਿਵਾਰ ਨੇ ਸਰਬਜੀਤ ਨੂੰ ਬਚਾਉਣ ਲਈ ਯਤਨ ਜਾਰੀ ਰੱਖੇ ਤੇ ਆਸ ਦਾ ਪੱਲਾ ਫੜੀ ਰੱਖਿਆ। ਪਰਿਵਾਰ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਕੋਲ ਪਾਈ ਰਹਿਮ ਦੀ ਅਪੀਲ ‘ਤੇ ਵੀ ਆਸ ਸੀ। ਮੁੰਬਈ 26/11 ਦੇ ਹਮਲੇ ਦੇ ਦੋਸ਼ੀ ਅਜਮਲ ਅਮੀਰ ਕਸਾਬ ਤੇ ਪਾਰਲੀਮੈਂਟ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਏ ਜਾਣ ਤੋਂ ਬਾਅਦ  ਸਰਬਜੀਤ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ ਦੇ ਸਾਥੀ ਕੈਦੀਆਂ ਨੇ ਉਸ ਨੂੰ ਇਥੋਂ ਤਕ ਕਹਿ ਦਿੱਤਾ ਸੀ ਕਿ ਉਸ ਨੂੰ ਕਸਾਬ ਤੇ ਅਫਜ਼ਲ ਗੁਰੂ ਨੂੰ ਭਾਰਤ ਵਲੋਂ ਦਿੱਤੀ ਫਾਂਸੀ ਦੀ ਕੀਮਤ ਅਦਾ ਕਰਨੀ ਪਵੇਗੀ। ਸਰਬਜੀਤ ਸਿੰਘ ਨੇ ਇਹ ਸਾਰੀ ਗੱਲ ਆਪਣੇ ਵਕੀਲ ਅਵਾਈਸ ਸ਼ੇਖ ਨੂੰ ਦੱਸੀ ਸੀ ਤੇ ਆਪਣੀ ਭੈਣ ਦਲਬੀਰ ਕੌਰ ਨੂੰ ਵੀ ਪੱਤਰ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਨੇ ਇਹ ਸਾਰਾ ਮਾਮਲਾ ਭਾਰਤ ਸਰਕਾਰ ਦੇ ਕੋਲ ਉਠਾਇਆ ਸੀ।
_______________________________________
ਭਾਰਤੀ ਕੈਦੀ ਹੋਏ ਪਾਗਲ
ਚੰਡੀਗੜ੍ਹ: ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ 36 ਭਾਰਤੀ ਕੈਦੀਆਂ ਵਿਚੋਂ 20 ਪਾਗਲ ਹੋ ਚੁੱਕੇ ਹਨ ਤੇ ਉਨ੍ਹਾਂ ਵਿਚ ਕਿਸੇ ਨੂੰ ਵੀ ਢੁਕਵੀਂ ਡਾਕਟਰੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਹ ਖੁਲਾਸਾ ਕੈਦੀਆਂ ਬਾਰੇ ਭਾਰਤ-ਪਾਕਿ ਜੁਡੀਸ਼ਲ ਕਮੇਟੀ ਨੇ ਕੀਤਾ ਹੈ। ਕਮੇਟੀ ਨੇ ਹਾਲ ਹੀ ਦੌਰਾਨ ਕਰਾਚੀ, ਰਾਵਲਪਿੰਡੀ ਤੇ ਲਾਹੌਰ ਦੀਆਂ ਜੇਲ੍ਹਾਂ ਦਾ ਦੌਰਾ ਕਰਕੇ ਭਾਰਤੀ ਕੈਦੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਕਮੇਟੀ ਅਨੁਸਾਰ ਕੋਟ ਲਖਪਤ ਜੇਲ੍ਹ ਵਿਚ ਰਾਵਲਪਿੰਡੀ ਦੀ ਅਦੀਆਨਾ ਜੇਲ੍ਹ ਵਿਚ ਦੋ ਤੇ ਕਰਾਚੀ ਦੀ ਮਲੀਰ ਜੇਲ੍ਹ ਵਿਚ ਬੰਦ ਇਕ ਭਾਰਤੀ ਕੈਦੀ ਪਾਗਲ ਹੋ ਚੁੱਕੇ ਹਨ।
ਕਮੇਟੀ ਦਾ ਸੁਝਾਅ ਹੈ ਕਿ ਗੰਭੀਰ ਬਿਮਾਰ, ਮਾਨਸਿਕ ਤਵਾਜਨ ਗਵਾ ਚੁੱਕੇ ਤੇ ਗੂੰਗੇ-ਬੋਲੇ ਕੈਦੀਆਂ ਦੇ ਇਲਾਜ ਦੇਣ ਲਈ ਹਸਪਤਾਲਾਂ ਵਿਚ ਰੱਖਿਆ ਜਾਵੇ। ਕਮੇਟੀ ਅੱਗੇ ਕਰਾਚੀ ਦੀ ਜੇਲ੍ਹ ਵਿਚ ਬੰਦ 535 ਭਾਰਤੀ ਕੈਦੀ ਜਿਨ੍ਹਾਂ ਵਿਚ 483 ਮਛੇਰੇ ਹਨ, ਪੇਸ਼ ਕੀਤੇ ਗਏ। ਰਾਵਲਪਿੰਡੀ ਦੀ ਜੇਲ੍ਹ ਅੱਠ ਤੇ ਕੋਟ ਲਖਪਤ ਜੇਲ੍ਹ ਵਿਚ ਬੰਦ 36 ਭਾਰਤੀ ਕੈਦੀ ਕਮੇਟੀ ਸਾਹਮਣੇ ਲਿਆਂਦੇ ਗਏ। ਇਹ ਕਮੇਟੀ 2007 ਵਿਚ ਦੋਵਾਂ ਮੁਲਕਾਂ ਦਰਮਿਆਨ ਹੋਏ ਇਕ ਸਮਝੌਤੇ ਤਹਿਤ ਬਣਾਈ ਗਈ ਹੈ।

Be the first to comment

Leave a Reply

Your email address will not be published.