ਕਰਤਾਰਪੁਰ ਲਾਂਘਾ: ਤਲਖੀ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਨੇ ਸਿਰਜਿਆ ਇਤਿਹਾਸ

ਡੇਰਾ ਬਾਬਾ ਨਾਨਕ (ਬਟਾਲਾ): ਭਾਰਤ ਅਤੇ ਪਾਕਿਸਤਾਨ ਦੇ ਉਚ ਅਧਿਕਾਰੀਆਂ ਨੇ ਕਸ਼ਮੀਰ ਮੁੱਦੇ ‘ਤੇ ਦੋਵਾਂ ਮੁਲਕਾਂ ਵਿਚ ਜਾਰੀ ਤਲਖੀ ਨੂੰ ਲਾਂਭੇ ਰੱਖਦਿਆਂ ਕਰਤਾਰਪੁਰ ਲਾਂਘੇ ਲਈ ਅਹਿਮ ਮੰਨੇ ਜਾਂਦੇ ਸਮਝੌਤੇ ‘ਤੇ ਸਹੀ ਪਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਸਮਝੌਤੇ ਤਹਿਤ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਲਾਂਘੇ ਰਾਹੀਂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ਉਤੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ।

ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ‘ਤੇ ਇਕ ਸਧਾਰਨ ਜਿਹੀ ਰਸਮ ਮੌਕੇ ਸਮਝੌਤਾ ਸਹੀਬੰਦ ਕੀਤਾ। ਉਂਜ, ਪਾਕਿਸਤਾਨ ਨੇ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਅਮਰੀਕੀ ਡਾਲਰ ਵਸੂਲਣ ਦੀ ਆਪਣੀ ਅੜੀ ਬਰਕਰਾਰ ਰੱਖੀ। ਸਮਝੌਤੇ ਤਹਿਤ ਹਰ ਸ਼ਰਧਾਲੂ ਨੂੰ ਹੁਣ ਇਹ ਫੀਸ ਤਾਰਨੀ ਹੋਵੇਗੀ। ਸਮਝੌਤਾ ਤਿੰਨ ਗੇੜਾਂ ਦੀ ਗੱਲਬਾਤ ਮਗਰੋਂ ਸਿਰੇ ਚੜ੍ਹਿਆ ਹੈ। ਭਾਰਤੀ ਸ਼ਰਧਾਲੂ 10 ਨਵੰਬਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਮੁਢਲੇ ਦਿਨਾਂ ਦੌਰਾਨ ਸ਼ਰਧਾਲੂ ਅਸਥਾਈ ਪੁਲ/ਆਮ ਰਸਤੇ ਰਾਹੀਂ ਪਹਿਲਾਂ ਪਾਕਿਸਤਾਨ ਦੀ ਇੰਟੇਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਤੱਕ ਪਹੁੰਚ ਕਰਨਗੇ। ਸਥਾਈ ਪੁਲ ਬਣਨ ਮਗਰੋਂ ਸ਼ਰਧਾਲੂ ਉਸ ਉੁਪਰੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਕਾਬਲੇਗੌਰ ਹੈ ਕਿ ਭਾਰਤ ਨੇ ਜ਼ੀਰੋ ਲਾਈਨ ਤੱਕ ਸਥਾਈ ਪੁਲ ਬਣਾ ਦਿੱਤਾ ਹੈ, ਜਦੋਂਕਿ ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਆਉਂਦੇ ਦੋ-ਤਿੰਨ ਮਹੀਨਿਆਂ ਅੰਦਰ ਉਨ੍ਹਾਂ ਵਾਲੇ ਪਾਸੇ ਪੁਲ ਉਸਾਰ ਲਿਆ ਜਾਵੇਗਾ। ਉਂਜ, ਲੰਘੇ ਹਫਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭਾਰਤੀ ਪਾਸੇ ਪੁਲ ਦੇ ਕੰਮ ਨੂੰ ਉਸ ਸਮੇਂ ਤੱਕ ਰੋਕਣ ਦੇ ਆਦੇਸ਼ ਦਿੱਤੇ ਸਨ, ਜਦੋਂ ਤੱਕ ਪਾਕਿਸਤਾਨ ਸਰਕਾਰ ਆਪਣੇ ਪਾਸੇ ਕੰਮ ਸ਼ੁਰੂ ਨਹੀਂ ਕਰਦੀ।
ਜਨਾਬ ਫੈਸਲ ਨੇ ਸਮਝੌਤਾ ਸਹੀਬੰਦ ਹੋਣ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਨੂੰ ਇਕ ਸਾਲ ਦੇ ਸਮੇਂ ‘ਚ ਪੂਰਾ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਕਰਾਰ ਨੂੰ ਸਿਰੇ ਚਾੜ੍ਹਨਾ ਕੋਈ ਸੌਖਾ ਕਾਰਜ ਨਹੀਂ ਸੀ। ਇਹ ਕੰਮ ਖਾਸਾ ਮੁਸ਼ਕਲ ਸੀ, ਭਾਰਤ ਨਾਲ ਸਾਡੇ ਤਲਖ ਰਿਸ਼ਤਿਆਂ ਕਰਕੇ ਕਰਾਰ ਸਬੰਧੀ ਸ਼ਰਤਾਂ ਤੈਅ ਕਰਨੀਆਂ ਔਖਾ ਕਾਰਜ ਸੀ। ਫੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਲਾਂਘੇ ਬਾਰੇ ਗੱਲਬਾਤ ਦੀ ਸ਼ੁਰੂਆਤ ਮੌਕੇ ਜਿਹੜੇ ਨੁਕਤਿਆਂ ਦੀ ਤਜਵੀਜ਼ ਰੱਖੀ ਸੀ, ਉਨ੍ਹਾਂ ‘ਤੇ ਉਹ ਕਾਇਮ ਰਿਹਾ। ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਡਾਲਰ ਵਸੂਲੇ ਜਾਣ ਦੀ ਗੱਲ ਕਰਦਿਆਂ ਫੈਸਲ ਨੇ ਕਿਹਾ, ‘ਸਮਝੌਤੇ ਤਹਿਤ ਪਾਕਿਸਤਾਨ ਹਰੇਕ ਭਾਰਤੀ ਸਿੱਖ ਸ਼ਰਧਾਲੂ ਤੋਂ 20 ਡਾਲਰ ਦੀ ਨਾਮਾਤਰ ਫੀਸ ਵਸੂਲੇਗਾ।’ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਥਿਤ ਗੁਰਦੁਆਰਾ, ਵਿਸ਼ਵ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਤੇ ਵੱਡੇ ਖਰਚ ਦੇ ਮੁਕਾਬਲੇ ਇਹ ਫੀਸ ਨਾਮਾਤਰ ਜਿਹੀ ਹੈ। ਉਂਜ ਜਨਾਬ ਫੈਸਲ ਨੇ ਸਾਫ ਕਰ ਦਿੱਤਾ ਕਿ ਲਾਂਘੇ ਰਾਹੀਂ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਹੋਰਨਾਂ ਗੁਰਦੁਆਰਿਆਂ ‘ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਗੁਰਦੁਆਰੇ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਆਉਣ ਮੌਕੇ ਕਿਸੇ ਦਹਿਸ਼ਤੀ ਘਟਨਾ ਦੇ ਵਾਪਰਨ ਦੇ ਖਦਸ਼ਿਆਂ ਬਾਰੇ ਪੁੱਛੇ ਜਾਣ ‘ਤੇ ਤਰਜਮਾਨ ਨੇ ਕਿਹਾ ਕਿ ਇਸ ਲਈ ਗੁਰਦੁਆਰੇ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਜਦੋਂਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ।
____________________________
ਦਰਸ਼ਨਾਂ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ
ਡੇਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ। ਇਕ ਅਧਿਕਾਰਤ ਬਿਆਨ ਮੁਤਾਬਕ ਸਮਝੌਤੇ ਸਬੰਧੀ ਸ਼ਰਤਾਂ ‘ਤੇ ਸਹੀ ਪੈਣ ਮਗਰੋਂ ਆਨਲਾਈਨ ਪੋਰਟਲ ਚਾਲੂ ਹੋ ਗਿਆ ਹੈ। ਚਾਹਵਾਨ ਸ਼ਰਧਾਲੂ ਇਸ ਆਨਲਾਈਨ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣ ਮਗਰੋਂ ਆਪਣੀ ਮਰਜ਼ੀ ਮੁਤਾਬਕ ਯਾਤਰਾ ਦਾ ਦਿਨ ਚੁਣ ਸਕਦੇ ਹਨ। ਸ਼ਰਧਾਲੂ ਮਗਰੋਂ ਇਲੈਕਟ੍ਰੌਨਿਕ ਯਾਤਰਾ ਆਥੋਰਾਈਜ਼ੇਸ਼ਨ ਦਸਤਾਵੇਜ਼ ਜੈਨਰੇਟ ਕਰ ਸਕਣਗੇ। ਸਬੰਧਤ ਯਾਤਰੂਆਂ ਲਈ ਮੁਸਾਫਰ ਟਰਮੀਨਲ ਬਿਲਡਿੰਗ ਵਿਚ ਪਹੁੰਚਣ ਮੌਕੇ ਆਪਣੇ ਪਾਸਪੋਰਟ ਦੇ ਨਾਲ ਇਹ ਇਲੈਕਟ੍ਰੌਨਿਕ ਆਥੋਰਾਈਜ਼ੇਸ਼ਨ ਵਿਖਾਉਣੀ ਲਾਜ਼ਮੀ ਹੋਵੇਗੀ।
____________________________
ਪਾਕਿਸਤਾਨ ਨੂੰ ਹੋਵੇਗੀ 555 ਕਰੋੜ ਰੁਪਏ ਦੀ ਕਮਾਈ
ਨਵੀਂ ਦਿੱਲੀ: ਪਾਕਿਸਤਾਨ ਨੂੰ ਭਾਰਤੀ ਸ਼ਰਧਾਲੂਆਂ ਤੋਂ ਸੇਵਾ ਫੀਸ ਦੇ ਰੂਪ ਵਿਚ ਵਸੂਲੇ ਜਾਣ ਵਾਲੇ 20 ਅਮਰੀਕੀ ਡਾਲਰ (ਪ੍ਰਤੀ ਸ਼ਰਧਾਲੂ) ਨਾਲ ਸਾਲਾਨਾ 555 ਕਰੋੜ ਰੁਪਏ ਦੀ ਕਮਾਈ ਹੋਵੇਗੀ। ਵੱਡੇ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਲਈ ਇਹ ਰਾਸ਼ੀ ਵਿਦੇਸ਼ ਕਰੰਸੀ ਪੈਦਾ ਕਰਨ ਦਾ ਵੱਡਾ ਵਸੀਲਾ ਹੋਵੇਗੀ। ਕਰਤਾਰਪੁਰ ਲਾਂਘੇ ਰਾਹੀਂ ਰੋਜ਼ਾਨਾ 5000 ਸ਼ਰਧਾਲੂ ਪਾਕਿਸਤਾਨ ਜਾਣਗੇ। ਇਸ ਲਿਹਾਜ਼ ਨਾਲ ਪਾਕਿਸਤਾਨ ਨੂੰ ਰੋਜ਼ਾਨਾ ਇਕ ਲੱਖ ਅਮਰੀਕੀ ਡਾਲਰ ਭਾਵ ਲਗਭਗ ਭਾਰਤੀ ਕਰੰਸੀ ਮੁਤਾਬਕ 71 ਲੱਖ ਰੁਪਏ ਦੀ ਕਮਾਈ ਹੋਵੇਗੀ।
____________________________
ਯਾਤਰਾ ਸਬੰਧੀ ਮੁੱਖ ਸ਼ਰਤਾਂ
-ਸ਼ਰਧਾਲੂ ਆਪਣੇ ਨਾਲ ਵੱਧ ਤੋਂ ਵੱਧ 11 ਹਜ਼ਾਰ ਦੀ ਨਗਦੀ ਤੇ ਸੱਤ ਕਿਲੋ ਵਜ਼ਨੀ ਬੈਗ ਹੀ ਲਿਜਾ ਸਕਣਗੇ
-13 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਗਰੁੱਪਾਂ ‘ਚ ਹੀ ਯਾਤਰਾ ਕਰ ਸਕਣਗੇ
-ਯਾਤਰਾ ਮੌਕੇ ਵਾਤਾਵਰਨ ਪੱਖੀ ਸਮੱਗਰੀ ਜਿਵੇਂ ਕੱਪੜੇ ਦੇ ਬੈਗ ਨੂੰ ਤਰਜੀਹ ਦੇਣ ਦੀ ਹਦਾਇਤ
-ਤੇਜ਼ ਆਵਾਜ਼ ‘ਚ ਸੰਗੀਤ ਚਲਾਉਣ ਤੇ ਹੋਰਨਾਂ ਦੀਆਂ ਫੋਟੋਆਂ ਖਿੱਚਣ ਦੀ ਨਹੀਂ ਹੋਵੇਗੀ ਇਜਾਜ਼ਤ
-ਯਾਤਰੂਆਂ ਨੂੰ ਇਕੱਲੇ ਜਾਂ ਗਰੁੱਪਾਂ ਅਤੇ ਤੁਰ ਕੇ ਜਾਣ ਦੀ ਖੁੱਲ੍ਹ ਹੋਵੇਗੀ
-ਯਾਤਰੂਆਂ ਲਈ ‘ਲੰਗਰ’ ਤੇ ‘ਪ੍ਰਸਾਦ’ ਦਾ ਪ੍ਰਬੰਧ ਪਾਕਿਸਤਾਨ ਕਰੇਗਾ
-ਲਾਂਘਾ ਰੋਜ਼ ਪਹੁ-ਫੁਟਾਲੇ ਤੋਂ ਦਿਨ ਛਿਪਣ ਤੱਕ ਖੁੱਲ੍ਹਾ ਰਹੇਗਾ
-ਰੋਜ਼ਾਨਾ 5000 ਭਾਰਤੀ ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਹੋਵੇਗੀ ਇਜਾਜ਼ਤ
-ਪਾਕਿਸਤਾਨ ਦੇ ਕਿਸੇ ਹੋਰ ਗੁਰਦੁਆਰੇ ‘ਚ ਜਾਣ ਦੀ ਹੋਵੇਗੀ ਮਨਾਹੀ
-ਪਛਾਣ ਲਈ ਪਾਸਪੋਰਟ ਲਾਜ਼ਮੀ ਹੋਵੇਗਾ, ਹਾਲਾਂਕਿ ਇਸ ‘ਤੇ ਕੋਈ (ਵੀਜ਼ੇ ਦੀ) ਮੋਹਰ ਨਹੀਂ ਲੱਗੇਗੀ
-ਤਜਵੀਜ਼ਤ ਯਾਤਰਾ ਤੋਂ ਦਸ ਦਿਨ ਪਹਿਲਾਂ ਭਾਰਤ ਸਬੰਧਤ ਸ਼ਰਧਾਲੂਆਂ ਬਾਰੇ ਜਾਣਕਾਰੀ ਸਾਂਝੀ ਕਰੇਗਾ
-ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਹੀ ਯਾਤਰਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ