ਪ੍ਰਕਾਸ਼ ਪੁਰਬ: ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਦੀ ਪੇਸ਼ਕਸ਼ ਰੱਦ

ਚੰਡੀਗੜ੍ਹ: 550 ਸਾਲਾ ਪ੍ਰਕਾਸ਼ ਪੁਰਬ ਦੇ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਉਤੇ ਸਰਕਾਰੀ ਮੰਚ ਉਤੇ ਮਨਾਉਣ ਦੀ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੇ ਰੱਦ ਕਰ ਦਿੱਤੀ ਹੈ। ਇਹ ਪੇਸ਼ਕਸ਼ ਸ਼੍ਰੋਮਣੀ ਕਮੇਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ ਉਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 21 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਮਗਰੋਂ ਹੁਕਮ ਦਿੱਤਾ ਸੀ ਕਿ 11 ਅਤੇ 12 ਨਵੰਬਰ ਦੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਬੇਰ ਸਾਹਿਬ ਤੋਂ ਕੀਤੇ ਜਾਣਗੇ, ਜਿਸ ਵਿਚ ਸਰਕਾਰ ਸਮੇਤ ਹਰੇਕ ਜਥੇਬੰਦੀ ਨੂੰ ਸ਼ਾਮਲ ਹੋਣ ਲਈ ਆਖਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਕਿ 11 ਨਵੰਬਰ ਨੂੰ ਹੋਣ ਵਾਲਾ ਇਕ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇ, ਜਿਸ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ, ਜਦੋਂਕਿ ਦੂਜਾ ਸਮਾਗਮ 12 ਨਵੰਬਰ ਨੂੰ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਇਸ ਸਮਾਗਮ ਵਿਚ ਸਰਕਾਰ ਦੇ ਮੰਚ ਉਤੇ ਸ਼ਾਮਲ ਹੋਵੇ। ਇਸ ਸਮਾਗਮ ਵਿਚ ਰਾਸ਼ਟਰਪਤੀ ਦੇ ਪੁੱਜਣ ਦੀ ਸੰਭਾਵਨਾ ਹੈ। ਇਸ ਸਬੰਧੀ ਹੋਈ ਮੀਟਿੰਗ ਵਿਚ ਕੁਝ ਕੈਬਨਿਟ ਮੰਤਰੀ ਵੀ ਹਾਜ਼ਰ ਸਨ।
____________________________
ਸਰਕਾਰ ਦੀ ਪੇਸ਼ਕਸ਼ ਅਕਾਲ ਤਖਤ ਦੇ ਆਦੇਸ਼ਾਂ ਦੇ ਉਲਟ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਉਨ੍ਹਾਂ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਅਕਾਲ ਤਖਤ ਦੇ ਆਦੇਸ਼ਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖਤ ਤੋਂ ਆਦੇਸ਼ ਦਿੱਤੇ ਗਏ ਹਨ ਕਿ 11 ਅਤੇ 12 ਨਵੰਬਰ ਦੇ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਮੰਚ ਤੋਂ ਹੀ ਕੀਤੇ ਜਾਣ। ਦੱਸਣਯੋਗ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਰਕਾਰ ਸਮੇਤ ਹੋਰਨਾਂ ਧਿਰਾਂ ਵੱਲੋਂ ਵੱਖਰੇ ਤੌਰ ‘ਤੇ ਮਨਾਏ ਜਾਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਉਤੇ ਕੋਈ ਰੋਕ ਨਹੀਂ ਲਾਈ ਗਈ ਹੈ।
____________________________
ਪੰਥਕ ਧਿਰਾਂ ਲਾਉਣਗੀਆਂ ਵੱਖਰੀ ਸਟੇਜ
ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ ਤਿੰਨੇ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਉਲਟ ਸੁਲਤਾਨਪੁਰ ਲੋਧੀ ਵਿਚ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਖਰਾ ਸਮਾਗਮ ਕੀਤਾ ਜਾਵੇਗਾ। ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਦੀ ਮੀਟਿੰਗ ਗਿਆਨੀ ਗੁਰਮੁਖ ਸਿੰਘ ਇਕੱਤਰਤਾ ਹਾਲ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਇਸ ਦੌਰਾਨ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ਉਤੇ ਮਨਾਉਣ ਸਬੰਧੀ ਵਿਚਾਰਾ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਸਮਾਗਮ ਸੁਲਤਾਨਪੁਰ ਲੋਧੀ ਵਿਚ ਕਰਵਾਇਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਉਪਰੋਕਤ ਪੰਥਕ ਜਥੇਬੰਦੀਆਂ ਵੱਲੋਂ ਪ੍ਰਕਾਸ਼ ਪੁਰਬ ਨੂੰ ਵੱਖਰੇ ਤੌਰ ਉਤੇ ਮਨਾਉਣ ਲਈ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖਰੇ ਤੌਰ ਉਤੇ 12 ਨਵੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਚ ਸਮਾਗਮ ਕੀਤਾ ਜਾਵੇਗਾ।
____________________________
ਈਕੋ ਸਿੱਖ ਸੰਸਥਾ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 58 ਜੰਗਲ ਸਿਰਜੇ
ਚੰਡੀਗੜ੍ਹ: ਈਕੋ ਸਿੱਖ ਸੰਸਥਾ ਨੇ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਵਿਚ 10 ਲੱਖ ਬੂਟੇ ਲਾ ਕੇ ਮਨਾਉਣ ਦਾ ਟੀਚਾ ਮਿਥਿਆ ਹੈ। ਸੰਸਥਾ ਵੱਲੋਂ ‘ਗੁਰੂ ਨਾਨਕ ਪਵਿੱਤਰ ਜੰਗਲ’ ਲਾਉਣ ਦੀ ਚਲਾਈ ਮੁਹਿੰਮ ਤਹਿਤ ਹੁਣ ਤੱਕ ਅਜਿਹੇ 58 ਜੰਗਲ ਸਿਰਜੇ ਗਏ ਹਨ, ਜਿਨ੍ਹਾਂ ਵਿਚ 30 ਹਜ਼ਾਰ ਦੇ ਕਰੀਬ ਵਿਲੱਖਣ ਬੂਟੇ ਲਾਏ ਹਨ। ਇਨ੍ਹਾਂ ਜੰਗਲਾਂ ਵਿਚ 40-45 ਕਿਸਮਾਂ ਦੇ ਬੂਟੇ ਲਾਏ ਹਨ, ਜਿਨ੍ਹਾਂ ਵਿਚ ਮਲ੍ਹੇ ਬੇਰ, ਲਸੂੜੇ, ਫਾਲਸਾ ਕਰੀਰ ਤੇ ਜੰਡ ਆਦਿ ਸ਼ਾਮਲ ਹਨ। ਕੁਝ ਅਜਿਹੇ ਬੂਟੇ ਵੀ ਲਾਏ ਹਨ ਜਿਨ੍ਹਾਂ ਦਾ ਗੁਰਬਾਣੀ ਵਿਚ ਵੀ ਜ਼ਿਕਰ ਹੋਇਆ ਹੈ।
ਈਕੋ ਸਿੱਖ ਦੇ ਕੌਮਾਂਤਰੀ ਪ੍ਰਧਾਨ ਡਾਕਟਰ ਰਾਜਵੰਤ ਸਿੰਘ, ਪਵਿੱਤਰ ਜੰਗਲ ਲਾਉਣ ਦੀ ਮੁਹਿੰਮ ਦੇ ਕਨਵੀਨਰ ਚਰਨ ਸਿੰਘ ਮੁੰਬਈ ਅਤੇ ਭਾਰਤ ਦੀ ਇਕਾਈ ਦੀ ਪ੍ਰਧਾਨ ਸੁਪਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਕਾਸ਼ ਪੁਰਬ ਮੌਕੇ ਦੁਨੀਆਂ ਭਰ ਵਿਚ 10 ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਹੈ। ਕੈਨੇਡਾ ਇਕਾਈ ਵੱਲੋਂ ਨਵੰਬਰ ਵਿਚ 10 ਹਜ਼ਾਰ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਪਵਿੱਤਰ ਜੰਗਲ ਲਾਉਣ ਦੀ ਮੁਹਿੰਮ ਤਹਿਤ ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਗੁਜਰਾਤ, ਜੰਮੂ ਕਸ਼ਮੀਰ, ਮਹਾਰਾਸ਼ਟਰ ਅਤੇ ਕਸੂਰ (ਪਾਕਿਸਤਾਨ) ਵਿਚ ਹੁਣ ਤੱਕ ਅਜਿਹੇ 58 ਜੰਗਲ ਸਿਰਜੇ ਜਾ ਚੁੱਕੇ ਹਨ। ਇਹ ਜੰਗਲ ਮਿਆਵਾਕੀ ਢੰਗ ਨਾਲ ਸਿਰਜੇ ਜਾ ਰਹੇ ਹਨ ਜਿਨ੍ਹਾਂ ਨੂੰ 17 ਮੈਂਬਰੀ ਮਾਹਿਰਾਂ ਦੀ ਟੀਮ ਤਿਆਰ ਕਰਦੀ ਹੈ। ਇਨ੍ਹਾਂ ਜੰਗਲਾਂ ਵਿਚ ਵਿਲੱਖਣ ਤਕਨੀਕ ਨਾਲ ਲੱਗੇ ਬੂਟੇ 10 ਗੁਣਾ ਤੇਜ਼ੀ ਨਾਲ ਵਿਕਸਤ ਹੁੰਦੇ ਹਨ ਤੇ 30 ਗੁਣਾ ਵੱਧ ਆਕਸੀਜਨ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਜੰਗਲ 200 ਵਰਗ ਗਜ਼ ਵਿਚ ਲਾਏ ਜਾ ਸਕਦੇ ਹਨ ਅਤੇ ਕੋਈ ਵੀ ਵਿਅਕਤੀ ਇਸ ਲਈ ਜ਼ਮੀਨ ਮੁਹੱਈਆ ਕਰ ਕੇ ਜੰਗਲ ਸਿਰਜ ਸਕਦਾ ਹੈ। ਇਸ ਲਈ 75 ਹਜ਼ਾਰ ਰੁਪਏ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਲਾਗਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਇਸ ਸ਼ਰਤ ‘ਤੇ ਅਜਿਹੇ ਜੰਗਲ ਸਿਰਜਦੀ ਹੈ ਕਿ ਇਸ ਉੱਪਰ ਵਪਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਜੰਗਲਾਂ ਵਿਚ ਲੱਗਦੇ ਫਲ-ਫੁੱਲਾਂ ਨੂੰ ਵੇਚਿਆ ਨਹੀਂ ਜਾ ਸਕਦਾ ਸਗੋਂ ਬਾਬੇ ਦੇ ਪ੍ਰਸ਼ਾਦ ਵਜੋਂ ਹੀ ਵੰਡਿਆ ਜਾ ਸਕਦਾ ਹੈ। ਅਜਿਹੇ ਜੰਗਲ ਸਿਰਜਣ ਨਾਲ ਲੋਪ ਹੋਏ ਪੰਛੀਆਂ ਤੇ ਗਡੋਇਆਂ ਸਣੇ ਚਿੜੀਆਂ ਦੀ ਚੀਂ-ਚੀਂ ਵੀ ਸੁਣਨ ਨੂੰ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਦੁਨੀਆਂ ਭਰ ਵਿਚ ਵੱਖ-ਵੱਖ ਥਾਵਾਂ ਉਤੇ ਵੱਖ-ਵੱਖ ਕਿਸਮਾਂ ਦੇ 550 ਬੂਟਿਆਂ ਦੇ ਆਧਾਰਿਤ 1820 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾਣਗੇ।
ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਭਾਰਤ ਸਣੇ ਕੈਨੇਡਾ, ਪਾਕਿਸਤਾਨ, ਆਸਟਰੇਲੀਆ, ਯੂ.ਐਸ਼ਏ. ਅਤੇ ਇੰਗਲੈਂਡ ਵਿਚ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550-550 ਬੂਟੇ ਪਹਿਲਾਂ ਹੀ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਡਾ. ਰਾਜਵੰਤ ਨੇ ਦੱਸਿਆ ਕਿ ਮੋਗਾ ਵਿਚ ਵਿਲੱਖਣ ‘ਗੁਰੂ ਨਾਨਕ ਬਾਗ’ ਵੀ ਸਿਰਜਿਆ ਹੈ ਜਿਸ ਵਿਚ ਵਿਲੱਖਣ ਅਤੇ ਰਵਾਇਤੀ ਕਿਸਮ ਦੇ ਬੂਟੇ ਲਾਏ ਹਨ।