ਇਕੱਲੇ ਚੋਣ ਲੜਨ ਦੇ ਸੁਪਨੇ ਵੇਖ ਰਹੀ ਭਾਜਪਾ ਦੇ ਸਾਰੇ ਭੁਲੇਖੇ ਹੋਏ ਦੂਰ
ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਤਿੰਨ ਹਲਕਿਆਂ ‘ਤੇ ਕਾਂਗਰਸ ਤੇ ਇਕ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਅਕਾਲੀ ਦਲ ਬਾਦਲ ਨੂੰ ਸੋਚੀਂ ਪਾ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਢਾਈ ਸਾਲਾਂ ਦੀ ਸੱਤਾ ਤੋਂ ਬਾਅਦ ਵੀ ਵਾਅਦਾਖਿਲਾਫੀ ਦੇ ਦੋਸ਼ਾਂ ਵਿਚ ਘਿਰੀ ਕੈਪਟਨ ਸਰਕਾਰ ਨੂੰ ਇਨ੍ਹਾਂ ਚੋਣਾਂ ਵਿਚ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਅਕਾਲੀ ਦਲ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਆਪਣੀ ਪੱਕੀ ਸੀਟ ਜਲਾਲਾਬਾਦ ਵੀ ਹੱਥੋਂ ਗੁਆ ਬੈਠਾ।
ਜਲਾਲਾਬਾਦ ਵਿਧਾਨ ਸਭਾ ਹਲਕੇ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਬਦਬਾ ਤੋੜਦਿਆਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਹਾਲਾਂਕਿ ਸੱਤਾਧਾਰੀ ਕਾਂਗਰਸ ਲਈ ਵੱਕਾਰ ਦਾ ਸਵਾਲ ਬਣੇ ਦਾਖਾ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਕੈਪਟਨ ਸੰਦੀਪ ਸੰਧੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਫਗਵਾੜਾ ਅਤੇ ਮੁਕੇਰੀਆਂ ਹਲਕਿਆਂ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਅਤੇ ਮਰਹੂਮ ਕਾਂਗਰਸੀ ਵਿਧਾਇਕ ਦੀ ਪਤਨੀ ਇੰਦੂ ਬਾਲਾ ਨੇ ਜਿੱਤ ਹਾਸਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਜਲਾਲਾਬਾਦ ਉਤੇ ਕਬਜ਼ਾ ਬਰਕਰਾਰ ਰੱਖਣ ਅਤੇ ਦਾਖਾ ਹਥਿਆਉਣ ਲਈ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਸਾਰੀ ਤਾਕਤ ਲਾਈ ਹੋਈ ਸੀ। ਦਾਖਾ ਵਿਚ ਅਕਾਲੀ ਦਲ ਭਾਵੇਂ ਕਾਮਯਾਬ ਹੋ ਗਿਆ ਪਰ ਜਲਾਲਾਬਾਦ, ਜਿਥੋਂ ਸੁਖਬੀਰ ਸਿੰਘ ਬਾਦਲ ਪਿਛਲੀਆਂ ਤਿੰਨ ਚੋਣਾਂ ਵੱਡੇ ਫਰਕ ਨਾਲ ਜਿੱਤੇ ਸਨ, ਵਿਚ ਪਾਰਟੀ ਦਾ ਉਮੀਦਵਾਰ 16633 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਿਆ। ਦਾਖਾ ਵਿਧਾਨ ਸਭਾ ਹਲਕੇ ‘ਚ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਨਾਲੋਂ ਜ਼ਿਆਦਾ ਤਵੱਕੋ ਦਿੱਤੀ ਤੇ ਜ਼ਿਆਦਾ ਰੋਡ ਸ਼ੋਅ ਕੀਤੇ ਪਰ ਹਾਕਮ ਪਾਰਟੀ ਅਤੇ ਮੁੱਖ ਮੰਤਰੀ ਲਈ ਨਤੀਜਾ ਬੜਾ ਹੀ ਨਿਰਾਸ਼ਾਜਨਕ ਰਿਹਾ।
ਸਿਆਸੀ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਚੋਣਾਂ ਅਕਾਲੀ ਦਲ ਲਈ ਵੱਡਾ ਝਟਕਾ ਹਨ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਾ ਮਿਲਣ ਤੋਂ ਬਾਅਦ ਅਕਾਲੀ ਦਲ ਦਾ ਆਧਾਰ ਪੰਜਾਬ ਵਿਚ ਖੁੱਸਿਆ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਮੰਨੇ ਜਾਂਦੇ ਹਨ। ਅਜਿਹੇ ਹਾਲਾਤ ਵਿਚ ਅਕਾਲੀ ਦਲ ਲੋਕਾਂ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਦਾ ਲਾਹਾ ਨਹੀਂ ਲੈ ਸਕਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਸਰਕਾਰ ਪ੍ਰਤੀ ਰਾਇਸ਼ੁਮਾਰੀ ਮੰਨਣ ਤੋਂ ਤਾਂ ਗੁਰੇਜ਼ ਕਰ ਰਹੇ ਸਨ ਪਰ ਨਾਲ ਹੀ ਦਾਅਵਾ ਕਰਦੇ ਸਨ ਕਿ ਕਾਂਗਰਸ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਕਰਕੇ ਪਾਰਟੀ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਜਿੱਤ ਹਾਸਲ ਕਰੇਗੀ। ਪੰਜਾਬ ਵਿਧਾਨ ਸਭਾ ਵਿਚ ਹੁਣ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 80 ਹੋ ਗਈ ਹੈ ਜਦਕਿ ਆਮ ਆਦਮੀ ਪਾਰਟੀ ਦੇ 19, ਸ਼੍ਰੋਮਣੀ ਅਕਾਲੀ ਦਲ ਦੇ 14, ਭਾਜਪਾ ਅਤੇ ਲੋਕ ਇਨਸਾਫ ਪਾਰਟੀ ਦੇ 2-2 ਵਿਧਾਇਕ ਹਨ। ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਸਮੇਤ ਹੋਰਨਾਂ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜ਼ਿਮਨੀ ਚੋਣਾਂ ਦੇ ਨਤੀਜਿਆਂ ਦੇ ਆਧਾਰ ਉਤੇ ਭਾਵੇਂ ਸੱਤਾਧਾਰੀ ਕਾਂਗਰਸ ਲਈ ਜੇਤੂ ਦਿਨ ਕਰਾਰ ਦਿੱਤਾ ਜਾ ਸਕਦਾ ਹੈ ਪਰ ਇਹ ਚੋਣ ਨਤੀਜੇ ਇਕ ਤਰ੍ਹਾਂ ਨਾਲ ਪ੍ਰਮੁੱਖ ਸਿਆਸੀ ਹਸਤੀਆਂ ਲਈ ਝਟਕੇ ਤੋਂ ਘੱਟ ਨਹੀਂ ਹਨ।
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਆਪਣੇ ਦਮ ਉਤੇ ਭਵਿੱਖ ਦੀ ਰਾਜਸੀ ਲੜਾਈ ਲੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਅੰਦਰਖਾਤੇ ਉਸ ਵੱਲੋਂ ਤਿਆਰੀ ਵੀ ਕੀਤੀ ਜਾ ਰਹੀ ਹੈ। ਜ਼ਿਮਨੀ ਚੋਣਾਂ ਦੌਰਾਨ ਜੇਕਰ ਫਗਵਾੜਾ ਅਤੇ ਮੁਕੇਰੀਆਂ ਤੋਂ ਭਾਜਪਾ ਉਮੀਦਵਾਰਾਂ ਦੀ ਹਾਰ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਇਹ ਹਾਲ ਦੀ ਘੜੀ ਆਪਣੇ ਦਮ ਉਤੇ ਲੜਾਈ ਲੜਨ ਦੇ ਸਮਰੱਥ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਵੀ ਚਾਰਾਂ ਹਲਕਿਆਂ ਵਿਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਭਖਾਇਆ ਪਰ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਧਿਰ ਵਜੋਂ ਹੋਂਦ ‘ਚ ਆਉਣ ਵਾਲੀ ਇਸ ਪਾਰਟੀ ਨੂੰ ਲਗਾਤਾਰ ਨਮੋਸ਼ੀ ਭਰੀਆਂ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਚੋਣਾਂ ਦੌਰਾਨ ਤਾਂ ਪਾਰਟੀ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਲੋਕ ਇਨਸਾਫ ਪਾਰਟੀ ਵੱਲੋਂ ਵੀ ਦਾਖਾ ਅਤੇ ਫਗਵਾੜਾ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਇਸ ਪਾਰਟੀ ਦੇ ਆਗੂਆਂ ਦੀ ਜ਼ਿੱਦ ਕਾਰਨ ਤਾਂ ਪੰਜਾਬ ਡੈਮੋਕਰੈਟਿਕ ਐਲਾਇੰਸ ਵੀ ਟੁੱਟ ਗਿਆ ਪਰ ਦੋਹਾਂ ਹੀ ਹਲਕਿਆਂ ਤੋਂ ‘ਲਿਪ’ ਦੇ ਉਮੀਦਵਾਰ ਜ਼ਮਾਨਤਾਂ ਨਾ ਬਚਾ ਸਕੇ। ਉਂਜ ਸੰਸਦੀ ਚੋਣਾਂ ਵੇਲੇ ਦਾਖਾ ਵਿਧਾਨ ਸਭਾ ਹਲਕੇ ਤੋਂ ‘ਲਿਪ’ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਭਾਰੀ ਵੋਟਾਂ ਹਾਸਲ ਕੀਤੀਆਂ ਸਨ।
___________________________
ਨਤੀਜਿਆਂ ਨੇ ਸਰਕਾਰ ਦੇ ਵਿਕਾਸ ਕੰਮਾਂ ‘ਤੇ ਲਾਈ ਮੋਹਰ: ਕੈਪਟਨ
ਬਟਾਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚੋਂ ਤਿੰਨ ਸੀਟਾਂ ਉਪਰ ਕਾਂਗਰਸ ਦੀ ਜਿੱਤ ਉਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਵੋਟਰਾਂ ਨੇ ਅਕਾਲੀ ਦਲ ਦੇ ਨਾਂਹ ਪੱਖੀ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਦੀਆਂ ਵਿਕਾਸ ਨੀਤੀਆਂ ਉਤੇ ਮੋਹਰ ਹਨ। ਕਾਂਗਰਸ ਨੇ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਬਹੁਤ ਸਾਰੇ ਸਰਕਾਰ ਨੇ ਆਪਣੇ ਅੱਧੇ ਕਾਰਜਕਾਲ ਦੌਰਾਨ ਪੂਰੇ ਕਰ ਦਿੱਤੇ ਹਨ ਜਦੋਂ ਕਿ ਬਾਕੀ ਰਹਿੰਦੇ ਵਾਅਦੇ ਵੀ ਜਲਦੀ ਪੂਰੇ ਕਰ ਦਿੱਤੇ ਜਾਣਗੇ।
___________________________
ਜਲਾਲਾਬਾਦ: ਕਾਂਗਰਸ ਨੇ ਅਕਾਲੀਆਂ ਦੇ ਗੜ੍ਹ ‘ਚ ਗੱਡਿਆ ਝੰਡਾ
ਜਲਾਲਾਬਾਦ: ਜਲਾਲਾਬਾਦ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ 16,633 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਆਵਲਾ ਨੂੰ 76,098 ਨੂੰ ਵੋਟਾਂ ਪਈਆਂ। ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ 59,465, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਨੂੰ 11,301, ਆਜ਼ਾਦ ਉਮੀਦਵਾਰ ਵਜੋਂ ਜਗਦੀਪ ਕੰਬੋਜ ਨੂੰ 5,836, ਰਾਜ ਸਿੰਘ ਨੂੰ 515, ਜੋਗਿੰਦਰ ਸਿੰਘ ਨੂੰ 238 ਤੇ ਜੋਗਿੰਦਰ ਸਿੰਘ ਨੂੰ 209 ਵੋਟਾਂ ਪਈਆਂ। 701 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।
ਫਗਵਾੜਾ ਜ਼ਿਮਨੀ ਚੋਣ ਵਿਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਵਿਰੋਧੀ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ 26,116 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਜਿੱਤ ਨਾਲ ਕਾਂਗਰਸ ਵੱਲੋਂ ਪਿਛਲੇ 15 ਸਾਲਾਂ ਤੋਂ ਗੁਆਈ ਸੀਟ ਮੁੜ ਕਾਂਗਰਸ ਦੇ ਖੇਮੇ ਵਿਚ ਆ ਗਈ ਹੈ।
ਵਰਣਨਯੋਗ ਹੈ ਕਿ ਪਿਛਲੇ 15 ਸਾਲਾਂ ਦੌਰਾਨ ਕਾਂਗਰਸ ਦੇ ਪੈਦਾ ਹੋਏ ਵੱਖ-ਵੱਖ ਧੜਿਆਂ ਕਾਰਨ ਇਹ ਸੀਟ ਕਾਂਗਰਸ ਦੇ ਹੱਥੋਂ ਚਲੀ ਗਈ ਸੀ ਪਰ ਇਸ ਵਾਰ ਕਾਂਗਰਸ ਹਾਈਕਮਾਂਡ ਨੇ ਇਸ ਸੀਟ ਨੂੰ ਜਿੱਤਣ ਲਈ ਨਵੇਂ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਆਈ.ਏ.ਐਸ਼ ਦੇ ਅਹੁਦੇ ਤੋਂ ਅਸਤੀਫਾ ਦਿਵਾ ਕੇ ਇਹ ਟਿਕਟ ਦਿੱਤੀ ਸੀ, ਜਿਸ ਉਪਰ ਲੋਕਾਂ ਨੇ ਭਰੋਸਾ ਜਤਾਉਂਦਿਆਂ ਖੁੱਲ੍ਹ ਕੇ ਵੋਟਾਂ ਪਾਈਆਂ ਅਤੇ ਇਸ ਸੀਟ ‘ਤੇ ਜਿੱਤ ਪ੍ਰਾਪਤ ਕੀਤੀ। ਚੋਣਾਂ ਦੌਰਾਨ 1 ਲੱਖ 2 ਹਜ਼ਾਰ 278 ਵੋਟਾਂ ਪੋਲ ਹੋਈਆਂ ਸਨ, ਜਿਸ ਵਿਚੋਂ ਧਾਲੀਵਾਲ ਨੂੰ 49,215 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ 23,099 ਵੋਟਾਂ ਪਈਆਂ।