ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਭਵਿੱਖ ਦਾਅ ਉਤੇ ਲੱਗਾ

ਚੰਡੀਗੜ੍ਹ: ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਲਗਾਤਾਰ ਚੌਥੀ ਵਾਰ ਜ਼ਮਾਨਤ ਜ਼ਬਤ ਹੋ ਗਈ ਹੈ, ਜਿਸ ਕਾਰਨ ਪਾਰਟੀ ਦਾ ਭਵਿੱਖ ਦਾਅ ਉਤੇ ਲੱਗ ਗਿਆ ਹੈ। ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਚਾਰੇ ਹਲਕਿਆਂ ‘ਚੋਂ ਮਿਲੀ ਨਮੋਸ਼ੀ ਭਰੀ ਹਾਰ ਪ੍ਰਧਾਨ ਭਗਵੰਤ ਮਾਨ ਲਈ ਵੀ ਚੁਣੌਤੀ ਬਣ ਗਈ ਹੈ।

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਵਿਚ ਚਾਰੇ ਸੀਟਾਂ ਉਤੇ ‘ਆਪ’ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪਾਰਟੀ ਦੇ ਫਗਵਾੜਾ ਤੋਂ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ ਮਹਿਜ਼ 2,910 ਵੋਟਾਂ ਹੀ ਮਿਲੀਆਂ ਹਨ ਜਦਕਿ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ 9,088 ਵੋਟਾਂ ਲੈ ਗਏ। ਇਸੇ ਤਰ੍ਹਾਂ ‘ਆਪ’ ਦੇ ਮੁਕੇਰੀਆਂ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਸਿਰਫ 8,261 ਵੋਟਾਂ ਨਸੀਬ ਹੋਈਆਂ ਤੇ ਜਲਾਲਾਬਾਦ ਹਲਕੇ ਵਿਚ ਵੀ ‘ਆਪ’ ਦੇ ਉਮੀਦਵਾਰ ਮੋਹਿੰਦਰ ਸਿੰਘ ਨੂੰ 11,301 ਵੋਟਾਂ ‘ਚ ਹੀ ਸੰਤੁਸ਼ਟ ਹੋਣਾ ਪਿਆ। ‘ਆਪ’ ਨੂੰ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਹਲਕਾ ਦਾਖਾ ਤੋਂ ਮਿਲੀ ਹੈ, ਜਿਥੋਂ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ ਸਿਰਫ 2,804 ਵੋਟਾਂ ਹੀ ਮਿਲੀਆਂ ਹਨ। ਇਥੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ 8,441 ਵੋਟਾਂ ਮਿਲੀਆਂ, ਜੋ ‘ਆਪ’ ਤੋਂ 5,637 ਵੱਧ ਹਨ।
ਜ਼ਿਕਰਯੋਗ ਹੈ ਕਿ ਦਾਖਾ ਹਲਕੇ ਦੀ ਸੀਟ ‘ਆਪ’ ਦੇ ਉਮੀਦਵਾਰ ਐਚ.ਐਸ਼ ਫੂਲਕਾ ਵੱਲੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਸੀ। ਇਸ ਤਰ੍ਹਾਂ ‘ਆਪ’ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਾਰੇ ਚਾਰ ਹਲਕਿਆਂ ਤੋਂ ਕੁੱਲ 25,276 ਵੋਟਾਂ ਹੀ ਹਾਸਲ ਕਰ ਸਕੀ ਹੈ। ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਉਪ ਚੋਣਾਂ ਸਮੇਤ ਲੋਕ ਸਭਾ ਚੋਣਾਂ ਵਿਚ ਵੀ ‘ਆਪ’ ਦੇ ਉਮੀਦਵਾਰਾਂ ਦੀਆਂ 12 ਹਲਕਿਆਂ ‘ਚੋਂ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 20 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਹਾਸਲ ਕਰਨ ਵਾਲੀ ਇਸ ਪਾਰਟੀ ਦੀਆਂ ਹੁਣ ਇਨ੍ਹਾਂ ਚੋਣਾਂ ਵਿਚ ਲਗਾਤਾਰ ਚੌਥੀ ਵਾਰ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਭਗਵੰਤ ਮਾਨ ਵੱਲੋਂ ਚਾਰਾਂ ਹਲਕਿਆਂ ਵਿਚ ਤਕਰੀਬਨ ਆਪ ਹੀ ਪ੍ਰਚਾਰ ਕੀਤਾ ਗਿਆ। ਉਨ੍ਹਾਂ ਦੀਆਂ ਰੈਲੀਆਂ ਵਿਚ ਲੋਕਾਂ ਦੀ ਖੂਬ ਭੀੜ ਜੁੜਦੀ ਰਹੀ।
ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ‘ਆਪ’ ਇਨ੍ਹਾਂ ਚੋਣਾਂ ਵਿਚ ਪਹਿਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਵੇਗੀ ਪਰ ਲੋਕਾਂ ਨੇ ਪਾਰਟੀ ਨੂੰ ਨਕਾਰ ਦਿੱਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਮਾਨ ਦੇ ਟੋਟਕੇ ਭੀੜ ਜੁਟਾਉਣ ਤੱਕ ਹੀ ਸੀਮਤ ਹਨ। ਉਨ੍ਹਾਂ ਦਾ ਜਾਦੂ ਵੋਟਰਾਂ ਦੀਆਂ ਵੋਟਾਂ ਕੈਸ਼ ਕਰਨ ਦੇ ਸਮਰੱਥ ਨਹੀਂ ਰਿਹਾ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਵਿਚ ‘ਆਪ’ ਦੇ 12 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਬਾਵਜੂਦ ਸੰਗਰੂਰ ਦੇ ਲੋਕਾਂ ਨੇ ਮਾਨ ਨੂੰ ਉਨ੍ਹਾਂ ਦੀ ਪਾਰਟੀ ਕਰਕੇ ਨਹੀਂ ਸਗੋਂ ਮਾਨ ਦੀ ਸ਼ਖਸੀਅਤ ਕਰਕੇ ਵੋਟਾਂ ਪਾ ਕੇ ਜਿਤਾਇਆ ਸੀ। ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੰਗਰੂਰ ਹਲਕੇ ਤੋਂ ਇਲਾਵਾ ਹੋਰ ਵੀ ਕਈ ਹਲਕਿਆਂ ਵਿਚ ਚੋਣ ਪ੍ਰਚਾਰ ਕੀਤਾ ਸੀ ਪਰ ਬਾਕੀ ਹਲਕਿਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ।
ਇਨ੍ਹਾਂ ਚੋਣਾਂ ਲਈ ਚਾਰ ਉਮੀਦਵਾਰਾਂ ਦੀ ਚੋਣ ਵੀ ਪੰਜਾਬ ਦੀ ਲੀਡਰਸ਼ਿਪ ਭਗਵੰਤ ਮਾਨ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੀਤੀ ਸੀ ਅਤੇ ਚੋਣ ਪ੍ਰਚਾਰ ਵੀ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੀ ਹੋਇਆ ਹੈ, ਜਿਸ ਕਾਰਨ ਮਾਨ ਸਮੇਤ ਚੀਮਾ ਤੇ ਬੁੱਧ ਰਾਮ ਦੀ ਲੀਡਰਸ਼ਿਪ ਉਤੇ ਵੀ ਸਵਾਲ ਖੜੇ ਹੋਏ ਹਨ। ‘ਆਪ’ ਵਾਂਗ ਹੀ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਨਾਮਾਤਰ ਹੀ ਸਰਗਰਮੀ ਰਹੀ ਹੈ, ਜਿਸ ਕਾਰਨ ਹੁਣ ਪੰਜਾਬੀਆਂ ਨੂੰ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਕਿਸੇ ਹੋਰ ਧਿਰ ਦੀ ਤਲਾਸ਼ ਰਹੇਗੀ।
___________________________
ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਧਾਲੀਵਾਲ ਖਿਲਾਫ ਕੇਸ
ਫਗਵਾੜਾ: ਜ਼ਿਮਨੀ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਪੁਲਿਸ ਨੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਲੋਕ ਪ੍ਰਤੀਨਿਧਤਾ ਐਕਟ 1950/1951/1989 ਦੀ ਧਾਰਾ 130 ਤਹਿਤ ਕੇਸ ਦਰਜ ਕੀਤਾ ਹੈ। ਵਰਨਣਯੋਗ ਹੈ ਕਿ 21 ਅਕਤੂਬਰ ਨੂੰ ਇਥੇ ਹੋਈ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਣੇ ਮਾਰਕੀਟ ਕਮੇਟੀ ਦਫਤਰ ‘ਚ ਬਣੇ ਬੂਥ ਨੰਬਰ-184, ਵਿਚ ਵੋਟ ਪਾਉਣ ਪੁੱਜੇ ਸਨ। ਉਹ ਜਦੋਂ ਵੋਟ ਪਾਉਣ ਗਏ ਤਾਂ ਉਨ੍ਹਾਂ ਦੇ ਗਲ ਵਿਚ ਕਾਂਗਰਸ ਪਾਰਟੀ ਦੇ ਨਿਸ਼ਾਨ ਦਾ ਸਕਾਰਫ ਪਾਇਆ ਹੋਇਆ ਸੀ।
ਇਸ ਦੀ ਸ਼ਿਕਾਇਤ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੇ ਮੌਕੇ ‘ਤੇ ਭਾਰਤ ਚੋਣ ਕਮਿਸ਼ਨ, ਪੰਜਾਬ ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਕੀਤੀ ਸੀ, ਜਿਸ ਉਪਰੰਤ ਸ੍ਰੀ ਧਾਲੀਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।
ਇਸ ‘ਚ ਰਿਟਰਨਿੰਗ ਅਫਸਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸੀ.ਈ.ਓ. ਪੰਜਾਬ ਡਾ. ਐਸ਼ ਕਰੁਣਾ ਰਾਜੂ ਅਤੇ ਚੋਣ ਅਬਜ਼ਰਵਰ ਸੌਰਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਮਾਮਲੇ ਦੀ ਜਾਂਚ ਕਰਨ। ਐਸ਼ਡੀ.ਐਮ. ਮੁਹੰਮਦ ਲਤੀਫ਼ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਆਪਣੀ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਪੁਲਿਸ ਨੇ ਸ੍ਰੀ ਧਾਲੀਵਾਲ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਕਰਨ ‘ਤੇ ਕਾਰਵਾਈ ਦੀ ਸਿਫਾਰਸ਼ ਕੀਤੀ ਹੈ ਤੇ ਪੁਲਿਸ ਨੇ 25 ਅਕਤੂਬਰ ਨੂੰ ਚੁਣੇ ਵਿਧਾਇਕ ਖਿਲਾਫ ਕੇਸ ਦਰਜ ਕੀਤਾ ਹੈ। ਵਰਨਣਯੋਗ ਹੈ ਕਿ ਸ੍ਰੀ ਧਾਲੀਵਾਲ ਨੇ ਫਗਵਾੜਾ ਵਿਧਾਨ ਸਭਾ ਸੀਟ ‘ਤੇ 49,215 ਵੋਟਾਂ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ 23,099 ਵੋਟਾਂ ਪਈਆਂ ਸਨ।