ਪ੍ਰਕਾਸ਼ ਪੁਰਬ: ਡੇਰਾ ਬਾਬਾ ਨਾਨਕ ਦੀਆਂ ਦੀਵਾਰਾਂ ‘ਤੇ ਚਿੱਤਰਕਾਰੀ

ਡੇਰਾ ਬਾਬਾ ਨਾਨਕ (ਬਟਾਲਾ): ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਚ ਹੋ ਰਹੇ ਧਾਰਮਿਕ ਸਮਾਗਮ ਅਤੇ ਕਰਤਾਰਪੁਰ ਲਾਂਘੇ ਲਈ ਆ ਰਹੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਨ ਲਈ ਇਥੋਂ ਦੀਆਂ ਕੰਧਾਂ ਉਤੇ ਖੂਬਸੂਰਤ ਚਿੱਤਰਕਾਰੀ ਕੀਤੀ ਜਾ ਰਹੀ ਹੈ। ਇਹ ਚਿੱਤਰ ਗੁਰੂ ਨਾਨਕ ਦੇਵ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਤ ਹਨ। ਇਨ੍ਹਾਂ ਚਿੱਤਰਾਂ ਨਾਲ ਬਾਣੀ ਅਤੇ ਹੋਰ ਤੁਕਾਂ ਪਹਿਲੀ ਨਜ਼ਰੇ ਆਮ ਆਦਮੀ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਗਰ ‘ਚ ਕਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ।

ਇਸੇ ਤਹਿਤ ਇਥੋਂ ਦੀ ਦਾਣਾ ਮੰਡੀ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਬਾਹਰੀ ਕੰਧਾਂ ਉਤੇ ਸੁੰਦਰ ਚਿੱਤਰ ਬਣਾਏ ਜਾ ਰਹੇ ਹਨ। ਇਨ੍ਹਾਂ ਚਿੱਤਰਾਂ ਵਿਚ ਗੁਰੂ ਜੀ ਵੱਲੋਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ, ਬ੍ਰਹਿਮੰਡ ਦੀ ਮਹਿਮਾ ਤੋਂ ਇਲਾਵਾ ਗੁਰੂ ਜੀ ਦੇ ਜੀਵਨ ਘਟਨਾਵਾਂ ਨਾਲ ਜਿਥੇ ਚਿੱਤਰ ਬਣਾਏ ਜਾ ਰਹੇ ਹਨ, ਉਥੇ ਇਨ੍ਹਾਂ ਚਿੱਤਰਾਂ ਨਾਲ ਗੁਰਬਾਣੀ ਦੀਆਂ ਤੁਕਾਂ ਵੀ ਲਿਖੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਇਹ ਕਾਰਜ ਮਾਰਕਫੈੱਡ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਾਬਾ ਸੁਖਦੀਪ ਸਿੰਘ ਬੇਦੀ ਤੇ ਗੁਰਕਿਰਪਾਲ ਸਿੰਘ ਨੇ ਕਿਹਾ ਕਿ 11 ਮਹੀਨਿਆਂ ਵਿਚ ਨਗਰ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ।
_______________________________
ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਦੇਸੀ ਅੰਬਾਂ ਦੇ ਬੂਟੇ ਲਾਏ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਪਰਿਕਰਮਾ ਦੇ ਪੁਰਾਤਨ ਹਰਿਆਵਲ ਵਾਲੇ ਸਰੂਪ ਨੂੰ ਕਾਇਮ ਕਰਨ ਦੇ ਮੰਤਵ ਨਾਲ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਦਸ ਅੰਬ ਦੇ ਬੂਟੇ ਲਾਏ ਗਏ ਹਨ। ਇਸੇ ਤਰ੍ਹਾਂ ਤਰਨ ਤਾਰਨ ਅਤੇ ਮੁਕਤਸਰ ਦੇ ਗੁਰਦੁਆਰਿਆਂ ਦੀ ਪਰਿਕਰਮਾ ਵਿਚ ਵੀ ਬੂਟੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਹਰਿਆਵਲ ਲਹਿਰ ਨਾਲ ਜੋੜਿਆ ਗਿਆ ਹੈ। ਇਸ ਤਹਿਤ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੱਡ-ਆਕਾਰੀ ਦਸ ਗਮਲਿਆਂ ਵਿਚ ਦੇਸੀ ਅੰਬਾਂ ਦੇ ਬੂਟੇ ਲਾਏ ਗਏ ਹਨ। ਇਸ ਦੀ ਸ਼ੁਰੂਆਤ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਕੀਤੀ ਗਈ। ਇਹ ਉਪਰਾਲਾ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾਕੋਟਲਾ ਤੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਨ੍ਹਾਂ ਗਮਲਿਆਂ ਨੂੰ ਇਕ ਤੋਂ ਦੂਜੀ ਥਾਂ ਲਿਜਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਖਿਆ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਇਹ ਵਿਰਾਸਤੀ ਬੂਟੇ ਲਾਉਣ ਦਾ ਮੰਤਵ ਸੰਗਤ ਵਿਚ ਵਾਤਾਵਰਨ ਸੰਭਾਲ ਪ੍ਰਤੀ ਚੇਤਨਾ ਤੇ ਪ੍ਰੇਰਨਾ ਪੈਦਾ ਕਰਨਾ ਹੈ। ਡਾ. ਰੂਪ ਸਿੰਘ ਨੇ ਆਖਿਆ ਕਿ ਦਰਬਾਰ ਸਾਹਿਬ ਤੋਂ ਮਿਲੇ ਸੰਦੇਸ਼ ਅਤੇ ਆਦੇਸ਼ ਸੰਗਤ ਲਈ ਵੱਡਾ ਅਰਥ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਬੰਦੀ ਛੋੜ ਦਿਵਸ ਮੌਕੇ ਇਥੇ ਆਤਿਸ਼ਬਾਜ਼ੀ ਦੀ ਪੁਰਾਣੀ ਰਵਾਇਤ ਹੈ, ਪਰ ਸਮੇਂ ਮੁਤਾਬਕ ਇਸ ਨੂੰ ਸੀਮਤ ਕਰ ਦਿੱਤਾ ਗਿਆ ਹੈ। ਪਰਿਕਰਮਾ ਨੂੰ ਦਹਾਕੇ ਪੁਰਾਣਾ ਸਰੂਪ ਦੇਣ ਲਈ ਇਥੇ ਇਹ ਦੇਸੀ ਅੰਬਾਂ ਦੇ ਬੂਟੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਤੇ ਮੁਕਤਸਰ ਦੇ ਇਤਿਹਾਸਕ ਗੁਰਦੁਆਰਿਆਂ ਦੀ ਪਰਿਕਰਮਾ ਵਿਚ ਵੀ ਰਵਾਇਤੀ ਬੂਟੇ ਲਾਏ ਜਾਣਗੇ।
_________________________________
ਡਾਕ ਵਿਭਾਗ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਤੇ ਚਾਂਦੀ ਦੇ ਸਿੱਕੇ ਜਾਰੀ
ਲੁਧਿਆਣਾ: ਡਾਕ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਗਏ ਹਨ। ਸੀਨੀਅਰ ਸੁਪਰਡੈਂਟ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਡਾਕ ਵਿਭਾਗ ਭਾਰਤ ਸਰਕਾਰ ਵੱਲੋਂ ਪੰਜਾਬ ਦੀਆਂ ਛੋਟੀਆਂ ਸਨਅਤਾਂ ਤੇ ਨਿਰਯਾਤ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ 5 ਗਰਾਮ ਅਤੇ 10 ਗਰਾਮ ਦੇ 24 ਕੈਰਟ ਸ਼ੁੱਧਤਾ ਵਾਲੇ ਸਿੱਕੇ ਅਤੇ 50 ਗਰਾਮ ਦੇ ਚਾਂਦੀ ਦੇ 999 ਸ਼ੁੱਧਤਾ ਵਾਲੇ ਜਾਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 5 ਗਰਾਮ ਵਾਲਾ ਸੋਨੇ ਦਾ ਸਿੱਕਾ 22500 ਰੁਪਏ, 10 ਗਰਾਮ ਵਾਲਾ ਸੋਨੇ ਦਾ ਸਿੱਕਾ 45 ਹਜ਼ਾਰ ਅਤੇ 50 ਗਰਾਮ ਚਾਂਦੀ ਵਾਲਾ ਸਿੱਕਾ 3300 ਰੁਪਏ ਵਿਚ ਉਪਲਬਧ ਹੈ।