-ਜਤਿੰਦਰ ਪਨੂੰ
ਅਸੀਂ ਇਸੇ ਹਫਤੇ ਇੱਕ ਹੋਰ ਚੋਣ ਘੋਲ ਦਾ ਨਤੀਜਾ ਆਇਆ ਵੇਖ ਲਿਆ ਹੈ। ਇਸ ਦੇ ਕੁਝ ਅਰਥ ਸਾਰੇ ਭਾਰਤ ਦੇ ਲੋਕਾਂ ਲਈ ਹਨ ਅਤੇ ਕੁਝ ਸਾਡੇ ਪੰਜਾਬੀਆਂ ਲਈ। ਦੋਹਾਂ ਦਾ ਆਪੋ ਆਪਣਾ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰਾ ਤਾਣ ਲਾਏ ਜਾਣ ਦੇ ਬਾਵਜੂਦ ਜਦੋਂ ਨਤੀਜੇ ਉਸ ਦੀ ਆਸ ਮੁਤਾਬਕ ਨਾ ਨਿਕਲੇ ਤਾਂ ਆਪਣੀ ਭਾਸ਼ਣ ਕਲਾ ਨਾਲ ਉਹ ਫਿਰ ਵੀ ਇਹ ਵਜ੍ਹਕਾ ਬਣਾਉਣ ਤੋਂ ਨਹੀਂ ਝਿਜਕੇ ਕਿ ਮਹਾਰਾਸ਼ਟਰ ਤੇ ਹਰਿਆਣੇ ਦੇ ਲੋਕਾਂ ਨੇ ਭਾਜਪਾ ਦੇ ਪੱਖ ਵਿਚ ਆਪਣਾ ਫਤਵਾ ਦਿੱਤਾ ਹੈ।
ਸੱਚਾਈ ਇਹ ਹੈ ਕਿ ਦੋਵੇਂ ਥਾਂ ਭਾਜਪਾ ਨੂੰ ਠੇਡਾ ਲੱਗਾ ਹੈ। ਸਰਕਾਰਾਂ ਸਾਜਣ ਦਾ ਪ੍ਰਬੰਧ ਬਿਨਾ ਸੱ.ਕ ਦੋਹਾਂ ਰਾਜਾਂ ਵਿਚ ਹੋ ਗਿਆ ਹੈ, ਪਰ ਇਹ ਜਿੱਤ ਨਾਲ ਨਹੀਂ ਹੋਇਆ। ਸਿਆਸੀ ਜੋੜ-ਤੋੜ ਲਈ ਖਾਸ ਸੱਜਣਾਂ ਦਾ ਕੀਤਾ ਜੁਗਾੜ ਲੋਕ-ਫਤਵਾ ਨਹੀਂ ਕਿਹਾ ਜਾ ਸਕਦਾ।
ਫਤਵੇ ਦੀ ਪਛਾਣ ਕਰਨੀ ਹੋਵੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਅੰਕੜੇ ਪੜ੍ਹਨ ਦੀ ਲੋੜ ਹੈ, ਜੋ ਆਪ ਮੂੰਹੋਂ ਬੋਲਦੇ ਹਨ। ਇਹੋ ਲੋੜ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ, ਜੋ ਚਾਰ ਹਲਕਿਆਂ ਵਿਚੋਂ ਜਿੱਤਣ ਦਾ ਚਾਅ ਪੂਰਾ ਨਹੀਂ ਕਰ ਸਕੇ, ਕਿਉਂਕਿ ਚੌਥੀ ਸੀਟ ਤੋਂ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਉਮੀਦਵਾਰ ਹਾਰ ਗਿਆ ਹੈ। ਦਾਖੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਜਿੱਤ ਗਿਆ ਹੈ ਤੇ ਇਹ ਉਹ ਵਿਧਾਨ ਸਭਾ ਸੀਟ ਹੈ, ਜੋ ਬਰਗਾੜੀ ਵਾਲੇ ਬੇਅਦਬੀ ਮੁੱਦੇ ਕਾਰਨ ਐਚ. ਐਸ਼ ਫੂਲਕਾ ਵੱਲੋਂ ਦਿੱਤੇ ਅਸਤੀਫੇ ਨਾਲ ਖਾਲੀ ਹੋਈ ਸੀ। ਵੱਡਾ ਮੁੱਦਾ ਉਸ ਸੀਟ ਦੇ ਲੋਕਾਂ ਵਿਚ ਫਿਰ ਉਹੋ ਬਰਗਾੜੀ ਦਾ ਬਣ ਸਕਦਾ ਸੀ, ਪਰ ਉਹ ਨਹੀਂ ਬਣ ਸਕਿਆ ਤੇ ਉਹੀ ਪਾਰਟੀ ਜਿੱਤ ਗਈ ਹੈ, ਜੋ ਆਪਣੇ ਰਾਜ ਦੌਰਾਨ ਹੋਏ ਬਰਗਾੜੀ ਦੇ ਬੇਅਦਬੀ ਕਾਂਡ ਸਮੇਤ ਕਈ ਗੱਲਾਂ ਦੀ ਦੋਸ਼ੀ ਸਮਝੀ ਜਾ ਰਹੀ ਸੀ। ਇਸ ਦੇ ਨਾਲ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਨੂੰ ਇਹ ਦਾਅਵਾ ਕਰ ਸਕਦਾ ਹੈ ਕਿ ਉਹ ਮੁੱਦਾ ਹੀ ਨਹੀਂ ਸੀ, ਐਵੇਂ ਵਾਧੂ ਪ੍ਰਚਾਰ ਕਰ ਕੇ ਸਾਡੀ ਬਦਨਾਮੀ ਕੀਤੀ ਗਈ ਸੀ, ਪਰ ਏਨੇ ਨਾਲ ਉਹ ਪੱਲਾ ਨਹੀਂ ਛੁਡਾ ਸਕਦਾ।
ਅਸੀਂ ਮਹਾਰਾਸ਼ਟਰ ਤੋਂ ਸ਼ੁਰੂ ਕਰੀਏ ਤਾਂ ਭਾਜਪਾ ਅਤੇ ਸ਼ਿਵ ਸੈਨਾ ਕੁੱਲ ਮਿਲਾ ਕੇ 161 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜੋਗੀਆਂ ਹੋ ਗਈਆਂ ਹਨ, ਪਰ ਤਸਵੀਰ ਦਾ ਦੂਜਾ ਪਾਸਾ ਉਨ੍ਹਾਂ ਲਈ ਚੰਗਾ ਨਹੀਂ। ਪਿਛਲੀ ਵਾਰੀ ਜਦੋਂ ਇਨ੍ਹਾਂ ਦੋਹਾਂ ਦਾ ਸਮਝੌਤਾ ਨਹੀਂ ਸੀ ਹੋਇਆ ਤੇ ਵੱਖੋ-ਵੱਖ ਚੋਣ ਲੜੀ ਸੀ, ਉਦੋਂ ਭਾਜਪਾ ਨੇ 122 ਅਤੇ ਸ਼ਿਵ ਸੈਨਾ ਨੇ 63 ਸੀਟਾਂ ਜਿੱਤੀਆਂ ਸਨ ਤੇ ਪਿੱਛੋਂ ਪਈ ਸਾਂਝ ਨਾਲ ਜੋੜ 185 ਸੀਟਾਂ ਬਣਦਾ ਸੀ। ਇਸ ਵਾਰੀ ਦੋਵੇਂ ਮਿਲ ਕੇ ਲੜੀਆਂ ਤੇ ਦੋਹਾਂ ਦੀਆਂ ਕੁੱਲ 161 ਸੀਟਾਂ ਹਨ। ਕਾਂਗਰਸ ਅਤੇ ਐਨ. ਸੀ. ਪੀ. ਵਾਲਿਆਂ ਦਾ ਸਾਂਝਾ ਜੋੜ ਪੰਜ ਸਾਲ ਪਹਿਲਾਂ 83 ਸੀਟਾਂ ਸੀ, ਇਸ ਵਾਰੀ ਉਹ 108 ਹੋ ਗਈਆਂ ਅਤੇ ਭਾਜਪਾ ਨੂੰ ਇਸ ਵਾਰੀ ਕਈ ਵੱਡੇ ਆਗੂ ਹਾਰ ਜਾਣ ਦੀ ਸੱਟ ਵੀ ਖਾਣੀ ਪਈ ਹੈ। ਅਗਲੀ ਗੱਲ ਇਹ ਕਿ ਇਸ ਵਾਰੀ ਸ਼ਿਵ ਸੈਨਾ ਵੀ ਅੱਗੇ ਤੋਂ ਵੱਧ ਹਮਲਾਵਰੀ ਰੁਖ ਧਾਰਨ ਕਰਨ ਲੱਗ ਪਈ ਹੈ, ਜਿਸ ਨੂੰ ਸੰਭਾਲਣਾ ਭਾਜਪਾ ਲਈ ਔਖਾ ਹੋ ਸਕਦਾ ਹੈ।
ਹਰਿਆਣੇ ਵਿਚ ਭਾਜਪਾ ਜਿੱਤੀ ਨਹੀਂ, ਉਹ ਲੋਕਾਂ ਦੇ ਫਤਵੇ ਦੀਆਂ ਜਿੰਨੀਆਂ ਵੀ ਗੱਲਾਂ ਕਰੇ, ਸੱਚਾਈ ਇਹੋ ਹੈ ਕਿ ਪਿਛਲੀ ਵਾਰ ਪੈਂਤੀ ਕੁ ਸੀਟਾਂ ਦੀ ਆਸ ਰੱਖ ਕੇ ਚੱਲੀ ਭਾਜਪਾ ਦੀਆਂ 47 ਸੀਟਾਂ ਸਨ, ਪਰ ਇਸ ਵਾਰੀ ਉਹ 75 ਸੀਟਾਂ ਜਿੱਤਣ ਦੇ ਨਾਅਰੇ ਨਾਲ ਤੁਰੀ ਤੇ 40 ਸੀਟਾਂ ਨਾ ਟੱਪ ਸਕੀ। ਉਸ ਨੂੰ ਇਸ ਵਾਰੀ ਵੱਡੀ ਸੱਟ ਉਸ ਦੇ ਖਜਾਨਾ ਮੰਤਰੀ ਕੈਪਟਨ ਅਭਿਮੰਨਯੂ ਦੀ ਹਾਰ ਨਾਲ ਵੱਜੀ ਅਤੇ ਸੂਬਾ ਪ੍ਰਧਾਨ ਵੀ ਨਾ ਜਿੱਤ ਸਕਿਆ। ਜਿਸ ਦੰਗਲ ਗਰਲ ਬਬੀਤਾ ਫੋਗਾਟ ਅਤੇ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਬੜੇ ਧੂਮ-ਧੜੱਕੇ ਨਾਲ ਲਿਆਂਦਾ ਸੀ, ਉਹ ਵੀ ਨਾ ਜਿੱਤੇ। ਆਖਰ ਓਮ ਪ੍ਰਕਾਸ਼ ਚੌਟਾਲਾ ਦੇ ਬਾਗੀ ਹੋਏ ਪੋਤਰੇ ਦੁਸ਼ਅੰਤ ਨਾਲ ਸੌਦਾ ਮਾਰਨਾ ਪਿਆ ਹੈ। ਇੱਕ ਸਾਲ ਤੋਂ ਛੋਟੀ ਉਮਰ ਦੀ ਪਾਰਟੀ ਦਾ ਉਹ ਆਗੂ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਧੜੱਲੇਦਾਰ ਆਗੂਆਂ ਨੂੰ ਮਜਬੂਰ ਕਰਨ ਜੋਗਾ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਆਪਣੀ ਪਾਰਟੀ ਲਈ ਲੋਕਾਂ ਦਾ ਫਤਵਾ ਦੱਸ ਰਿਹਾ ਹੈ।
ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, ਸੱਟ ਦੋਹਾਂ ਮੁੱਖ ਧਿਰਾਂ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਤਕੜੀ ਪਈ ਹੈ, ਪਰ ਵੱਧ ਸੋਚਣ ਦੀ ਲੋੜ ਰਾਜ ਚਲਾ ਰਹੀ ਪਾਰਟੀ ਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੈ। ਚਾਰ ਸੀਟਾਂ ਦੀਆਂ ਉਪ ਚੋਣਾਂ ਵਿਚ ਕੁੱਦਣ ਵੇਲੇ ਕਾਂਗਰਸ ਦੀ ਇੱਕ ਸੀਟ ਮੁਕੇਰੀਆਂ ਦਾਅ ‘ਤੇ ਲੱਗੀ ਹੋਈ ਸੀ, ਹੋਰ ਤਿੰਨਾਂ ਵਿਚੋਂ ਦਾਖੇ ਵਾਲੀ ਸੀਟ ਆਮ ਆਦਮੀ ਪਾਰਟੀ ਦੇ ਐਚ. ਐਸ਼ ਫੂਲਕਾ ਨੇ ਛੱਡੀ ਸੀ, ਜਲਾਲਾਬਾਦ ਤੇ ਫਗਵਾੜਾ ਵਾਲੀਆਂ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਖਾਲੀ ਹੋਈਆਂ ਸਨ। ਕਾਂਗਰਸ ਨੇ ਮੁਕੇਰੀਆਂ ਵਾਲੀ ਆਪਣੀ ਸੀਟ ਮਸਾਂ ਬਚਾਈ ਹੈ, ਜਿੱਥੇ ਉਹ ਸੌਖੀ ਲੜਾਈ ਸਮਝਦੀ ਸੀ। ਹਾਰਦੀ ਜਾਪਦੀ ਫਗਵਾੜਾ ਸੀਟ ਉਸ ਦਾ ਉਮੀਦਵਾਰ ਇਸ ਲਈ ਜਿੱਤ ਗਿਆ ਕਿ ਹਰਿਆਣੇ ਦੀ ਕੌੜ ਕੱਢਣ ਲਈ ਅਕਾਲੀਆਂ ਨੇ ਇਥੇ ਭਾਜਪਾ ਉਮੀਦਵਾਰ ਨੂੰ ਵੋਟਾਂ ਦੇਣ ਦੀ ਥਾਂ ਅੰਦਰੋ-ਅੰਦਰੀ ਕਾਂਗਰਸ ਨੂੰ ਪਾਈਆਂ ਸਨ।
ਜਲਾਲਾਬਾਦ ਵਿਚ ਕਾਂਗਰਸ ਪਾਰਟੀ ਨੇ ਰਮਿੰਦਰ ਆਂਵਲਾ ਨੂੰ ਜਦੋਂ ਉਮੀਦਵਾਰ ਬਣਾਇਆ ਸੀ, ਉਸੇ ਵੇਲੇ ਸੁਖਬੀਰ ਸਿੰਘ ਬਾਦਲ ਨੇ ਉਥੇ ਜਾਣਾ ਛੱਡ ਦਿੱਤਾ ਅਤੇ ਜਿਸ ਆਗੂ ਨੂੰ ਅਕਾਲੀ ਦਲ ਦੀ ਟਿਕਟ ਦਿੱਤੀ, ਉਹ ਇਕੱਲਾ ਜਿਹਾ ਘੁੰਮਦਾ ਜਾਪਦਾ ਸੀ। ਸੁਖਬੀਰ ਸਿੰਘ ਬਾਦਲ ਨੇ ਹਰਿਆਣੇ ਵਿਚਲੀ ਕਾਲਿਆਂਵਾਲੀ ਸੀਟ ਨੱਕ ਦਾ ਸਵਾਲ ਬਣਾ ਕੇ ਲੜੀ ਤੇ ਬਹੁਤ ਸਮਾਂ ਉਥੇ ਲਾਇਆ ਤੇ ਜੋ ਬਚਦਾ ਸੀ, ਉਹ ਦਾਖੇ ਵਾਲੀ ਸੀਟ ‘ਤੇ ਲਾਇਆ, ਜਿਸ ਵਿਚਲੀ ਗੁੰਝਲ ਨੂੰ ਮੁੱਖ ਮੰਤਰੀ ਦੀ ਟੀਮ ਸਮਝ ਨਾ ਸਕੀ।
ਅਸਲ ਵਿਚ ਦਾਖੇ ਦੀ ਲੜਾਈ ਸਿਰਫ ਇੱਕ ਵਿਧਾਨ ਸਭਾ ਸੀਟ ਦੀ ਨਹੀਂ, ਮੁੱਖ ਮੰਤਰੀ ਦੀ ਟੀਮ ਦੇ ਇੱਕ ਹੱਦੋਂ ਵੱਧ ਖਾਸ ਪ੍ਰਤੀਨਿਧ ਨੂੰ ਹਰਾਉਣ ਦੀ ਬਣੀ ਹੋਈ ਸੀ। ਕਾਂਗਰਸ ਦੇ ਆਪਣੇ ਕਈ ਆਗੂ ਅੰਦਰੋ-ਅੰਦਰ ਇਹ ਚਾਹੁੰਦੇ ਸਨ ਕਿ ਕਾਂਗਰਸ ਦਾ ਉਮੀਦਵਾਰ ਹਾਰ ਜਾਵੇ ਅਤੇ ਇਸ ਦੇ ਨਾਲ ਮੁੱਖ ਮੰਤਰੀ ਨੂੰ ਇਹ ਪਤਾ ਲੱਗ ਜਾਵੇ ਕਿ ਉਸ ਨਾਲ ਜੁੜੀ ਹੋਈ ਖਾਸ ਲੋਕਾਂ ਦੀ ਟੀਮ ਦਾ ਪ੍ਰਭਾਵ ਆਮ ਲੋਕਾਂ ਵਿਚ ਚੰਗਾ ਨਹੀਂ। ਮੁੱਖ ਮੰਤਰੀ ਨੇ ਇਹ ਖੇਡ ਸਮਝਣ ਲਈ ਸੋਚਿਆ ਤੱਕ ਨਹੀਂ ਅਤੇ ਇਸ ਨੂੰ ਜਿੱਤੀ ਹੋਈ ਸੀਟ ਮੰਨ ਕੇ ਚੱਲਦੇ ਰਹੇ, ਜਿਸ ਨਾਲ ਸੀਟ ਹਾਰ ਗਏ।
ਪਾਰਟੀ ਅੰਦਰਲੀਆਂ ਕਈ ਖੇਡਾਂ ਇਸ ਹਾਰ ਲਈ ਜਿੰਮੇਵਾਰ ਹਨ। ਅਕਾਲੀ ਉਮੀਦਵਾਰ ਇਥੋਂ ਦੇ ਹਰ ਪਿੰਡ ਤੇ ਹਰ ਗਲੀ ਤੱਕ ਸਿੱਧੇ ਸੰਪਰਕ ਵਾਲਾ ਸੀ ਤੇ ਕਾਂਗਰਸ ਉਮੀਦਵਾਰ ਅਖੀਰ ਤੱਕ ਓਪਰਾ ਹੀ ਰਿਹਾ ਸੀ। ਜਿਨ੍ਹਾਂ ਕਾਂਗਰਸੀ ਲੀਡਰਾਂ ਨੇ ਆਪ ਲਿਆਂਦਾ ਸੀ, ਉਹੀ ਉਸ ਦੇ ਖਿਲਾਫ ਚੱਲਦੇ ਰਹੇ। ਕਹਿਣ ਵਾਲੇ ਇਹ ਵੀ ਕਹਿੰਦੇ ਸਨ ਕਿ ਸੁਖਬੀਰ ਸਿੰਘ ਬਾਦਲ ਇਥੇ ਆਪਣਾ ਵਕਤ ਜ਼ਾਇਆ ਕਰਨ ਦੀ ਥਾਂ ਹਰਿਆਣੇ ਵਿਚ ਕਾਲਿਆਂਵਾਲੀ ਸੀਟ ਨੂੰ ਦੇ ਸਕਦਾ ਹੈ, ਇਥੇ ਉਹਦਾ ਕੰਮ ਕਾਂਗਰਸ ਦੇ ਕੁਝ ਆਗੂ ਖੁਦ ਕਰੀ ਜਾਂਦੇ ਨੇ। ਇਹ ਗੱਲ ਚਰਚਾ ਦਾ ਵਿਸ਼ਾ ਕਾਹਤੋਂ ਬਣੀ, ਇਸ ਦੀ ਘੋਖ ਕੀਤੀ ਵਿਚੋਂ ਕਈ ਕੁਝ ਨਿਕਲਦਾ ਹੈ ਤੇ ਉਸ ਖੇਡ ਨੂੰ ਜਿਨ੍ਹਾਂ ਪੱਤਰਕਾਰਾਂ ਨੇ ਨੇੜਿਉਂ ਜਾਣਿਆ ਤੇ ਵੇਖਿਆ ਹੈ, ਉਨ੍ਹਾਂ ਦੀਆਂ ਗੱਲਾਂ ਵਿਚ ਗੰਭੀਰਤਾ ਬਹੁਤ ਹੈ।
ਇਹੀ ਉਹ ਗੰਭੀਰਤਾ ਹੈ, ਜਿਸ ਨੂੰ ਸਮਝ ਲਿਆ ਜਾਵੇ ਤਾਂ ਇਸ ਗੱਲ ਦੀ ਸਮਝ ਵੀ ਪੈ ਸਕਦੀ ਹੈ ਕਿ ਢਾਈ ਕੁ ਸਾਲ ਪਿਛੋਂ ਪੰਜਾਬ ਦੀ ਸਿਆਸਤ ਕਿਸ ਪਾਸੇ ਨੂੰ ਜਾ ਸਕਦੀ ਹੈ ਅਤੇ ਇਹ ਵੀ ਕਿ ਕਿਉਂ ਜਾ ਸਕਦੀ ਹੈ!