ਅਡੋਲ ਕਸ਼ਮੀਰੀ ਪ੍ਰੋਫੈਸਰ ਦੀ ਕਹਾਣੀ, ਉਸ ਦੀ ਜ਼ਬਾਨੀ

ਪ੍ਰੋਫੈਸਰ ਸਈਦ ਆਰਿਫ ਰਹਿਮਾਨ ਗਿਲਾਨੀ 17 ਅਕਤੂਬਰ 2019 ਨੂੰ 50 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਭਾਰਤੀ ਪਾਰਲੀਮੈਂਟ ਉਪਰ ਕਥਿਤ ਹਮਲੇ ਦੇ ਮਾਮਲੇ ਵਿਚ ਗ੍ਰਿਫਤਾਰ ਕਰਕੇ ਵਹਿਸ਼ੀ ਤਸੀਹੇ ਦਿੱਤੇ ਗਏ। ਝੂਠੇ ਸਬੂਤਾਂ ਦੇ ਆਧਾਰ ‘ਤੇ ਹੀ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ, ਪਰ ਹਾਈਕੋਰਟ ਵਿਚੋਂ ਉਹ ਬਰੀ ਹੋ ਗਏ। ਇਸ ਦੌਰਾਨ ਉਨ੍ਹਾਂ ਨੇ 22 ਮਹੀਨੇ ਜੇਲ੍ਹ ਵਿਚ ਮੌਤ ਦੇ ਸਾਏ ਹੇਠ ਗੁਜ਼ਾਰੇ। ਇਹ ਭਾਰਤ ਵਿਚ ਕਸ਼ਮੀਰੀ ਅਤੇ ਮੁਸਲਮਾਨ ਹੋਣ ਦੀ ਕੀਮਤ ਸੀ।

2005 ਵਿਚ ਪੁਲਿਸ ਨੇ ਉਨ੍ਹਾਂ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਸਿਰ ਇਲਾਜ ਨਾਲ ਉਨ੍ਹਾਂ ਦੀ ਜਾਨ ਬਚ ਗਈ। ਫਰਵਰੀ 2016 ਵਿਚ ਅਫਜ਼ਲ ਗੁਰੂ ਦੀ ਬਰਸੀ ‘ਤੇ ਪ੍ਰੈਸ ਕਲੱਬ ਆਫ ਇੰਡੀਆ ਵਿਚ ਇਕੱਠ ਨੂੰ ਸੰਬੋਧਨ ਕਰਨ ‘ਤੇ ਉਨ੍ਹਾਂ ਨੂੰ ਰਾਜਧ੍ਰੋਹ ਦੇ ਕੇਸ ਵਿਚ ਮੁੜ ਗ੍ਰਿਫਤਾਰ ਕਰ ਲਿਆ। ਨੌਕਰੀ ਤੋਂ ਵੀ ਮੁਅੱਤਲ ਕਰ ਦਿੱਤਾ। ਉਹ ਸਿਆਸੀ ਕੈਦੀਆਂ ਦੀ ਰਿਹਾਈ ਲਈ ਕਮੇਟੀ ਦੇ ਪ੍ਰਧਾਨ ਸਨ ਅਤੇ ਹਮੇਸ਼ਾ ਜਮਹੂਰੀ ਹੱਕਾਂ ਦੀ ਰਾਖੀ ਲਈ ਧੜੱਲੇ ਨਾਲ ਆਵਾਜ਼ ਉਠਾਉਣ ਵਾਲੀ ਅਜ਼ੀਮ ਬੇਖੌਫ ਸ਼ਖਸੀਅਤ ਸਨ। ਕਸ਼ਮੀਰ ਦੇ ਤਾਜ਼ਾ ਹਾਲਾਤ ਨੂੰ ਲੈ ਕੇ ਉਹ ਕਾਫੀ ਮਾਨਸਿਕ ਤਣਾਓ ਵਿਚ ਸਨ। ਸੀਨੀਅਰ ਐਡਵੋਕੇਟ ਨਿੱਤਿਆ ਰਾਮਾਕ੍ਰਿਸ਼ਨਨ ਅਤੇ ਸ਼੍ਰੀਮੋਈ ਨੰਦਿਨੀ ਘੋਸ਼ ਨੇ ਪ੍ਰੋ. ਗਿਲਾਨੀ ਨਾਲ ਇੰਟਰਵਿਊ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਗ੍ਰਿਫਤਾਰੀ, ਗੈਰ-ਕਾਨੂੰਨੀ ਹਿਰਾਸਤ ਅਤੇ ਜੇਲ੍ਹਬੰਦੀ ਦੇ ਹਾਲਾਤ ਬਿਆਨ ਕੀਤੇ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਇਸ ਇੰਟਰਵਿਊ ਦਾ ਅਨੁਵਾਦ ਛਾਪਿਆ ਜਾ ਰਿਹਾ ਹੈ, ਜਿਸ ਦਾ ਅਨੁਵਾਦ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਪੇਸ਼ ਹੈ, ਦੋ ਕਿਸ਼ਤਾਂ ਵਿਚ ਛਾਪੀ ਜਾ ਰਹੀ ਇਸ ਇੰਟਰਵਿਊ ਦੀ ਪਹਿਲੀ ਕਿਸ਼ਤ। -ਸੰਪਾਦਕ

ਐਸ਼ਏ.ਆਰ. ਗਿਲਾਨੀ: ਮੇਰੇ ਕੇਸ ਦੀ ਬਹਿਸ ਸਮੇਂ ਤਸ਼ੱਦਦ ਦੀ ਚਰਚਾ ਹੋਈ ਸੀ। ਉਹ ਕਹਿੰਦੇ ਇਹ ਤਾਂ ਆਮ ਗੱਲ ਹੈ, ਅਸੀਂ ਕੀ ਕਰ ਸਕਦੇ ਹਾਂ। ਜੇ ਸੁਪਰੀਮ ਕੋਰਟ ਕੁਛ ਨਹੀਂ ਕਰ ਸਕਦੀ, ਹੋਰ ਕੌਣ ਕਰੇਗਾ? ਮੈਜਿਸਟੇਟ ਮੇਰੀ ਪਤਨੀ ਅਤੇ ਬੱਚਿਆਂ ਦੀ ਗ਼ੈਰਕਾਨੂੰਨੀ ਹਿਰਾਸਤ ਬਾਰੇ ਜਾਣਦਾ ਸੀ। ਇਹ ਪੁਲਿਸ ਦੀ ਆਹਲਾ ਕਮਾਨ ਦੀ ਸਹਿਮਤੀ ਨਾਲ ਹੁੰਦਾ ਹੈ। ਹਰ ਮੁਕਾਬਲੇ ਤੋਂ ਬਾਦ ਸ਼ਾਮਲ ਪੁਲਸੀਆਂ ਨੂੰ ਤਰੱਕੀ ਦਿੱਤੀ ਜਾਂਦੀ ਹੈ। ਰਾਜਬੀਰ (ਪਾਰਲੀਮੈਂਟ ਉਪਰ ਹਮਲੇ ਦੀ ਤਫਤੀਸ਼ ਕਰਨ ਵਾਲਾ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ- ਏ.ਸੀ.ਪੀ.) ਨੇ ਮੀਡੀਆ ਵਿਚ ਜਾ ਕੇ ਇਕ ਹਫਤੇ ਵਿਚ ਕੇਸ ਹੱਲ ਕਰ ਲੈਣ ਦੀ ਸ਼ੇਖੀ ਮਾਰੀ, ਉਸ ਨੂੰ ਵੀ ਤਰੱਕੀ ਦਿੱਤੀ ਗਈ।
ਹਾਈਕੋਰਟ ਨੇ ਮੰਨਿਆ ਕਿ ਪੁਲਿਸ ਵੱਲੋਂ ਤੁਹਾਡੇ ਖਿਲਾਫ ਪੇਸ਼ ਕੀਤੇ ਸਬੂਤ ਮਨਘੜਤ ਹਨ ਲੇਕਿਨ ਸੁਪਰੀਮ ਕੋਰਟ ਮੁੱਦੇ ਦੀ ਤਹਿ ਵਿਚ ਨਹੀਂ ਗਈ। ਕੀ ਅਸੀਂ 15 ਦਸੰਬਰ 2001 ਨੂੰ ਤੁਹਾਡੀ ਗ੍ਰਿਫਤਾਰੀ ਤੋਂ ਗੱਲ ਸ਼ੁਰੂ ਕਰ ਸਕਦੇ ਹਾਂ?
-ਨਹੀਂ, ਉਨ੍ਹਾਂ ਨੇ ਮੈਨੂੰ 14 ਤਾਰੀਕ ਨੂੰ ਬੱਸ ਵਿਚੋਂ ਚੁੱਕਿਆ, ਜਦਕਿ ਪੁਲਿਸ 15 ਤਰੀਕ ਦੱਸ ਕੇ ਝੂਠ ਬੋਲਦੇ ਰਹੇ।
ਫਿਰ ਉਹ ਤੁਹਾਨੂੰ ਕਿਹੜੇ ਥਾਣੇ ਲੈ ਕੇ ਗਏ?
-(ਹੱਸਦਾ ਹੈ) ਨਹੀਂ, ਉਹ ਥਾਣਾ ਨਹੀਂ ਸੀ। ਮੈਨੂੰ ਗੁੜਗਾਓਂ ਲਾਗੇ ਰਾਜੋਕਰੀ ਰੋਡ ਦੇ ਇਕ ਫਾਰਮ ਹਾਊਸ ਵਿਚ ਲਿਜਾਇਆ ਗਿਆ ਸੀ। ਉਥੇ ਬਹੁਤ ਸਾਰੇ ਆਲੀਸ਼ਾਨ ਫਾਰਮ ਹਨ। ਉਦੋਂ ਮੈਨੂੰ ਪਤਾ ਨਹੀਂ ਸੀ। ਮੇਰੀਆਂ ਅੱਖਾਂ ਬੰਨ੍ਹ ਕੇ ਲੈ ਕੇ ਗਏ ਸਨ ਲੇਕਿਨ ਪਿੱਛੇ ਜਿਹੇ ਮੈਨੂੰ ਕਸ਼ਮੀਰ ਬਾਰੇ ਇਕ ਵੱਡੀ ਕਾਨਫਰੰਸ ਵਿਚ ਸੱਦਿਆ ਗਿਆ ਜਿਸ ਵਿਚ ਪਾਕਿਸਤਾਨ ਅਤੇ ਭਾਰਤ ਤੋਂ ਲੋਕ ਸ਼ਾਮਲ ਹੋਏ। ਇਹ ਪੰਜ ਤਾਰਾ ਰਿਜ਼ੌਰਟ- ਅਸ਼ੋਕਾ ਕੰਟਰੀ ਰਿਜ਼ੌਰਟ ਵਿਚ ਹੋਈ ਸੀ। … ਸੱਦਾ ਪੱਤਰ ਦੇਖ ਕੇ ਮੈਨੂੰ ਚੇਤੇ ਆਇਆ ਕਿ ਜਦੋਂ ਉਨ੍ਹਾਂ ਨੇ ਤਸ਼ੱਦਦ ਦੀ ਪਹਿਲੀ ਝੁੱਟੀ ਖਤਮ ਕੀਤੀ, ਉਨ੍ਹਾਂ ਨੇ ਟੈਲੀਫੋਨ ਕਰਕੇ ਚਾਹ ਮੰਗਵਾਈ ਸੀ। ਮੈਨੂੰ ਵੀ ਥੋੜ੍ਹੀ ਚਾਹ ਅਤੇ ਸਿਗਰਟ ਦਿੱਤੀ ਗਈ। ਸ਼ੂਗਰ ਦੀਆਂ ਪੁੜੀਆਂ ਉਪਰ ਅਸ਼ੋਕਾ ਕੰਟਰੀ ਰਿਜ਼ੌਰਟ ਛਪਿਆ ਹੋਇਆ ਸੀ। ਪੁੱਛਗਿੱਛ ਕੇਂਦਰ ਉਥੇ ਕਿਤੇ ਨੇੜੇ ਹੀ ਸੀ। ਉਥੇ ਮੁੜ ਜਾ ਕੇ ਅਜੀਬ ਮਹਿਸੂਸ ਹੋਇਆ।
ਤੁਸੀਂ ਮੁੜ ਉਥੇ ਗਏ?
-ਹਾਂ, ਮੈਂ ਉਥੇ ਕਾਨਫਰੰਸ ਦੇ ਸਿਲਸਿਲੇ ਵਿਚ ਚਾਰ ਦਿਨ ਰਿਹਾ। ਇਹ ਆਲੀਸ਼ਾਨ ਪੰਜ-ਤਾਰਾ ਰਿਜ਼ੌਰਟ ਹੈ। ਫਾਰਮ ਹਾਊਸ ਇਸ ਦੇ ਲਾਗੇ ਹੀ ਸੀ। ਇਹ ਆਈ.ਬੀ. (ਇੰਟੈਲੀਜੈਂਸ ਬਿਊਰੋ) ਦਾ ਖੁਫੀਆ ਅੱਡਾ ਸੀ।
ਖੁਫੀਆ ਅੱਡਾ?
-ਉਨ੍ਹਾਂ ਕੋਲ ਐਸੇ ਬਹੁਤ ਸਾਰੇ ਅੱਡੇ ਹਨ। ਵਸੰਤ ਕੁੰਜ ਵਿਚ ਕਈ ਫਲੈਟ, ਕਈ ਐਸੇ ਫਾਰਮ ਹਾਊਸ ਹਨ ਜਿਥੇ ਲੋਕਾਂ ਨੂੰ ਮਹੀਨਿਆਂ ਤਕ ਬੰਦ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਨੇਪਾਲ, ਪਾਕਿਸਤਾਨ ਤੋਂ ਅਗਵਾ ਕਰਕੇ ਲਿਆਇਆ ਜਾਂਦਾ ਹੈ। ਅਫਗਾਨਿਸਤਾਨ ਤੋਂ ਕੁਝ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਲਿਆਂਦਾ ਗਿਆ। ਅੱਗੇ ਤੁਸੀਂ ਜਾਣਦੇ ਹੀ ਹੋ ਜਦੋਂ 26 ਜਨਵਰੀ ਜਾਂ 15 ਅਗਸਤ ਤੋਂ ਪਹਿਲਾਂ, ਜਾਂ ਜਦੋਂ ਕੋਈ ਹਮਲਾ ਹੋਣ ‘ਤੇ, ਉਹ ਇਹ ਦਾਅਵੇ ਕਰਦੇ ਦੇਖੇ ਜਾ ਸਕਦੇ ਹਨ ਕਿ ਵੱਡੀ ਸਾਜ਼ਿਸ਼ ਨਾਕਾਮ, ਕੇਸ ਹੱਲ ਕਰ ਲਿਆ ਗਿਆ।
ਬਹੁਤ ਸਾਰੇ ਮੁਕਾਬਲਿਆਂ ਦੇ ਵੇਰਵੇ ਸੁਣਨ ਨੂੰ ਮਿਲਦੇ ਹਨ, ਜਿਵੇਂ ਆਂਸਲ ਪਲਾਜ਼ਾ ਮੁਕਾਬਲਾ।
-ਜੇਲ੍ਹ ਵਿਚ ਐਸੇ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ ਹੈ … ਨਹੀਂ ਜੇਲ੍ਹ ਨਹੀਂ, ਜੁਡੀਸ਼ੀਅਲ ਹਿਰਾਸਤ ਵਿਚ। ਜੇਲ੍ਹ ਵਿਚ ਤਾਂ ਮੈਨੂੰ ਸਦਾ ਕੋਠੜੀ ਵਿਚ ਬੰਦ ਰੱਖਿਆ ਜਾਂਦਾ ਸੀ। ਜੁਡੀਸ਼ੀਅਲ ਹਿਰਾਸਤ ਵਿਚ ਮੈਂ ਲੋਕਾਂ ਨੂੰ ਮਿਲਿਆ। ਤੁਸੀਂ ਕਲਕੱਤਾ ਦੇ ਅਮਰੀਕਨ ਕੌਂਸਲਖਾਨੇ ਉਪਰ ਹਮਲੇ (ਜਨਵਰੀ 2002) ਬਾਰੇ ਜਾਣਦੇ ਹੋ? ਹਿਰਾਸਤ ਵਿਚ ਮੈਨੂੰ ਇਕ ਆਦਮੀ ਮਿਲਿਆ; ਉਸ ਨੇ ਮੈਨੂੰ ‘ਸਲਾਮ’ ਕਹੀ ਤਾਂ ਮੈਂ ਜਵਾਬ ਵਿਚ ‘ਸ਼ੁਕਰੀਆ’ ਕਿਹਾ ਲੇਕਿਨ ਮੈਂ ਹੈਰਾਨ ਸੀ। ਉਹ ਆਦਮੀ ਤਾਂ ਮੈਨੂੰ ਜਾਣਦਾ ਵੀ ਨਹੀਂ ਸੀ, ਲਿਹਾਜ਼ਾ ਮੈਂ ਉਸ ਨੂੰ ਇਸ ਦਾ ਕਾਰਨ ਪੁੱਛਿਆ। ਉਸ ਨੇ ਦੱਸਿਆ ਕਿ ਉਹ ਤਾਂ ਪਾਰਲੀਮੈਂਟ ਉਪਰ ਹਮਲੇ ਤੋਂ ਤਿੰਨ ਮਹੀਨੇ ਪਹਿਲਾਂ ਤੋਂ ਹਿਰਾਸਤ ਵਿਚ ਹਨ। ‘ਉਨ੍ਹਾਂ ਨੇ ਦੱਸਿਆ ਕਿ ਉਸ ਕੇਸ ਵਿਚ ਉਨ੍ਹਾਂ ਨੇ ਫਸਾਉਣਾ ਤਾਂ ਸਾਨੂੰ ਸੀ ਪਰ ਇਸ ਦੀ ਬਜਾਏ ਉਨ੍ਹਾਂ ਨੇ ਤੁਹਾਨੂੰ ਫਸਾਉਣ ਦਾ ਫੈਸਲਾ ਕੀਤਾ ਹੈ।’ … ਇਕ ਹੋਰ ਮਿਸਾਲ, ਜੈਪੁਰ ਤੋਂ ਪੀ.ਐਚ.ਡੀ. ਦੇ ਇਕ ਸੂਡਾਨੀ ਵਿਦਿਆਰਥੀ ਦੀ ਹੈ। ਉਸ ਨੂੰ ਭਾਰਤ ਵਿਚ ਗ੍ਰਿਫਤਾਰ ਕੀਤਾ ਅਲ-ਕਾਇਦਾ ਦਾ ਪਹਿਲਾ ਵਿਅਕਤੀ ਦੱਸਿਆ ਗਿਆ। ਮੈਂ ਉਸ ਨੂੰ ਇਕ ਵਾਰ ਜੁਡੀਸ਼ੀਅਲ ਹਿਰਾਸਤ ਵਿਚ ਮਿਲਿਆ ਸੀ। ਉਨ੍ਹਾਂ ਨੇ ਸਾਜ਼ਿਸ਼ ਦੀ ਥਿਊਰੀ ਘੜੀ ਜਿਸ ਵਿਚ ਬਿਹਾਰ ਤੋਂ ਬੰਬ ਬਣਾਉਣ ਦਾ ਮਾਹਰ ਮਕੈਨਿਕ ਸੀ ਅਤੇ ਯੂ.ਪੀ. ਤੋਂ ਸੂਫੀ ਬੰਦਾ ਜੋ ਉਨ੍ਹਾਂ ਦਾ ਕਥਿਤ ਰੂਹਾਨੀ ਰਾਹਨੁਮਾ ਸੀ। ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਉਹ 3-4 ਮਹੀਨੇ ਤੋਂ ਹਿਰਾਸਤ ਵਿਚ ਸੀ। ਉਸ ਕੋਲ ਉਸ ਖੁਫੀਆ ਅੱਡੇ ਦਾ ਫੋਨ ਨੰਬਰ ਸੀ ਜਿਥੇ ਉਸ ਨੂੰ ਰੱਖਿਆ ਗਿਆ ਸੀ।
ਮਗਰੋਂ ਉਹ ਬਰੀ ਹੋ ਗਿਆ ਅਤੇ ਉਸ ਨੇ ਮੈਨੂੰ ਫੋਨ ਕੀਤਾ। ਮੈਂ ਉਦੋਂ ਸ੍ਰੀਨਗਰ ਵਿਚ ਸੀ। ਮੈਂ ਉਸ ਨੂੰ ਕਿਹਾ ਕਿ ਮੈਂ 2-3 ਦਿਨਾਂ ਤਕ ਵਾਪਸ ਆ ਕੇ ਮਿਲਾਂਗਾ। ਉਸੇ ਰਾਤ ਉਸ ਨੇ ਮੈਨੂੰ ਫੋਨ ਕਰਕੇ ਦੱਸਿਆ, ‘ਉਹ ਮੈਨੂੰ ਅੱਜ ਰਾਤ ਨੂੰ ਇਕ ਵਜੇ ਵਾਪਸ ਭੇਜ ਰਹੇ ਹਨ, ਕਿਉਂਕਿ ਮੈਂ ਤੁਹਾਨੂੰ ਫੋਨ ਕੀਤਾ ਸੀ।’
ਥੋੜ੍ਹਾ ਤੁਹਾਡੀ ਗ੍ਰਿਫਤਾਰੀ ਵੱਲ ਪਰਤੀਏ…
-ਮੈਨੂੰ ਬੱਸ ਵਿਚੋਂ ਚੁੱਕਿਆ ਗਿਆ ਸੀ। ਹੋਇਆ ਇਉਂ ਕਿ ਮੈਂ ਜਿਸ ਸੀਟ ਉਪਰ ਬੈਠਾ ਸੀ, ਇਕ ਆਦਮੀ ਆ ਕੇ ਮੈਨੂੰ ਜਗਾ੍ਹ ਛੱਡਣ ਲਈ ਕਹਿਣ ਲੱਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਅਗਲੇ ਸਟਾਪ ਉਪਰ ਉਤਰ ਜਾਣਾ ਹੈ, ਉਹ ਦੂਜੇ ਪਾਸੇ ਬੈਠ ਜਾਵੇ। ਉਸ ਨੇ ਨਾਂਹ ਕਰ ਦਿੱਤੀ ਅਤੇ ਮੇਰੇ ਲਾਗੇ ਖੜ੍ਹਾ ਰਿਹਾ। ਫਿਰ ਉਸ ਨੇ ਮੈਨੂੰ ਦੱਸਿਆ ਕਿ ਉਹ ਪੁਲਿਸ ਵਾਲਾ ਹੈ ਅਤੇ ਉਸ ਦੇ ਸੀਨੀਅਰ ਅਧਿਕਾਰੀ ਮੈਨੂੰ ਮਿਲਣਾ ਚਾਹੁੰਦੇ ਹਨ, ਇਸ ਲਈ ਮੈਂ ਉਸ ਦੇ ਨਾਲ ਚੱਲਾਂ। ਇਸੇ ਦੌਰਾਨ ਟਰੈਫਿਕ ਸਿਗਨਲ ਉਪਰ ਬੱਸ ਹੌਲੀ ਹੋ ਗਈ ਅਤੇ ਉਸ ਨੇ ਇਹ ਸੋਚ ਕੇ ਬੱਸ ਰੋਕਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਮੈਂ ਭੱਜ ਨਾ ਜਾਵਾਂ। ਉਸ ਦੇ ਹੱਥ ਵਿਚ ਪਿਸਤੌਲ ਦੇਖ ਕੇ ਬੱਸ ਵਿਚ ਖਲਬਲੀ ਮੱਚ ਗਈ।
ਮੈਂ ਸੋਚਿਆ ਕਿ ਬਿਨਾ ਹੀਲ-ਹੁੱਜਤ ਦੇ ਉਸ ਨਾਲ ਜਾਣ ਵਿਚ ਹੀ ਭਲਾ ਹੈ। ਸਟਾਪ ਉਪਰ ਅਸੀਂ ਉਤਰ ਗਏ। ਬਾਹਰ ਇਕ ਮਾਰੂਤੀ 800 ਖੜ੍ਹੀ ਸੀ। ਮੈਨੂੰ ਉਸ ਵਿਚ ਬਿਠਾ ਲਿਆ ਗਿਆ। ਉਸ ਵਿਚ ਪੰਜ ਜਣੇ ਸਵਾਰ ਸਨ – ਡਰਾਈਵਰ, ਅਗਲੀ ਸੀਟ ਉਪਰ ਮੋਹਨ ਚੰਦ ਸ਼ਰਮਾ, ਪਿਛਲੀ ਸੀਟ ਉਪਰ ਰਾਜਬੀਰ ਅਤੇ ਇਕ ਹੋਰ ਆਦਮੀ ਅਤੇ ਉਨ੍ਹਾਂ ਵਿਚਾਲੇ ਮੈਂ ਘੁੱਟਿਆ ਬੈਠਾ ਸੀ। ਦੋਨੋਂ ਪਾਸਿਓਂ ਉਹ ਮੇਰੇ ਸਿਰ ਉਪਰ ਪਿਸਤੌਲਾਂ ਤਾਣੀ ਬੈਠੇ ਸਨ। ਮੇਰੇ ਕੋਲ ਉਸ ਵਕਤ 25000 ਰੁਪਏ ਕੈਸ਼ ਸੀ। ਮੈਂ ਸੋਚਿਆ ਕਿ ਕੋਈ ਲੁੱਟ-ਖੋਹ ਕਰਨ ਵਾਲੇ ਹਨ। ਉਨ੍ਹਾਂ ਨੇ ਮੇਰੀ ਜੇਬ ਵਿਚੋਂ ਕੈਸ਼ ਅਤੇ ਸੁਣਨ ਵਾਲੀ ਮਸ਼ੀਨ ਕੱਢ ਲਈ ਜੋ ਮੈਂ ਕਸ਼ਮੀਰ ਵਿਚ ਆਪਣੀ ਸੱਸ ਲਈ ਖਰੀਦੀ ਸੀ।
ਉਹ ਗੱਡੀ ਭਜਾ ਕੇ ਤੀਸ ਹਜ਼ਾਰੀ, ਉਥੋਂ ਅੰਤਰ-ਰਾਜੀ ਬੱਸ ਅੱਡੇ ਵੱਲ ਲੈ ਗਏ। 25000 ਰੁਪਏ ਉਨ੍ਹਾਂ ਰੱਖ ਲਏ, ਜਾਮਾ-ਤਲਾਸ਼ੀ ਵਿਚ ਸਿਰਫ 700 ਰੁਪਏ ਦਿਖਾਏ ਗਏ ਜੋ ਅਜੇ ਤਕ ਮੈਨੂੰ ਵਾਪਸ ਨਹੀਂ ਮਿਲੇ। ਉਹ ਮੈਨੂੰ ਗਾਲਾਂ ਕੱਢ ਰਹੇ ਸਨ। ਮੈਂ ਇਹੀ ਸੋਚ ਰਿਹਾ ਸੀ ਕਿ ਉਹ ਕੋਈ ਗੈਂਗ ਹੈ। ਤੀਸ ਹਜ਼ਾਰੀ ਵਿਚ ਉਨ੍ਹਾਂ ਮੇਰੇ ਬਟੂਏ ਵਿਚੋਂ ਪੈਸੇ ਕੱਢ ਕੇ ਸਨੈਕ ਖਰੀਦੇ। ਰਾਜਬੀਰ ਨੇ ਗੱਡੀ ‘ਚੋਂ ਉਤਰ ਕੇ ਫੋਨ ਕੀਤਾ ਅਤੇ ਉਥੋਂ ਫਿਰ ਚੱਲ ਪਏ। ਫਿਰ ਉਨ੍ਹਾਂ ਨੇ ਕਾਰ ਰਾਜ ਘਾਟ ਵੱਲ ਮੋੜ ਲਈ। ਰਾਜਬੀਰ ਨੇ ਦੁਬਾਰਾ ਫੋਨ ਕੀਤਾ। ਮੇਰੇ ਸਿਰ ਉਪਰ ਪਿਸਤੌਲਾਂ ਉਸੇ ਤਰ੍ਹਾਂ ਤਾਣੀਆਂ ਹੋਈਆਂ ਸਨ। ਹਾਂ, ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਪੁਲਿਸ ਵਾਲੇ ਹਨ ਫਿਰ ਮੈਨੂੰ ਮਾਮਲੇ ਦੀ ਗੰਭੀਰਤਾ ਸਮਝ ਪਈ। ਇਕ ਜਗ੍ਹਾ ਇਕ ਟਰੈਫਿਕ ਪੁਲਿਸ ਵਾਲੇ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਰਾਜਬੀਰ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਿਸਤੌਲ ਤਾਣ ਲਈ। ਟਰੈਫਿਕ ਪੁਲਿਸ ਵਾਲਾ ਡੌਰ-ਭੌਰ ਸੀ! ਫਿਰ ਉਨ੍ਹਾਂ ਵਿਚੋਂ ਇਕ ਬੋਲਿਆ, ‘ਤੂੰ ਉਨ੍ਹਾਂ ਨੂੰ ਨਹੀਂ ਜਾਣਦਾ? ਉਹ ਏ.ਸੀ.ਪੀ. ਸਾਹਿਬ ਰਾਜਬੀਰ ਸਿੰਘ ਨੇ।’ ਉਦੋਂ ਮੈਨੂੰ ਮਾਮਲਾ ਸਮਝ ਪਿਆ। ਰਾਜਘਾਟ ਵਿਚ ਉਨ੍ਹਾਂ ਮੇਰੀਆਂ ਅੱਖਾਂ ਬੰਨ੍ਹ ਦਿੱਤੀਆਂ ਅਤੇ ਇਕ ਘੰਟੇ ਤੋਂ ਵੀ ਉਪਰ ਚੱਲਦੇ ਰਹੇ।
ਜਦੋਂ ਗੱਡੀ ਰੋਕ ਕੇ ਉਨ੍ਹਾਂ ਨੇ ਮੈਨੂੰ ਬਾਹਰ ਕੱਢ ਕੇ ਅੱਖਾਂ ਤੋਂ ਪੱਟੀ ਲਾਹੀ ਤਾਂ ਅਸੀਂ ਉਚੀਆਂ ਉਚੀਆਂ ਕੰਧਾਂ ਵਾਲੇ ਲੰਮੇ ਚੌੜੇ ਬਾਗ ਦੇ ਅੰਦਰ ਇਕ ਬੰਗਲੇ ਦੇ ਵਰਾਂਡੇ ਵਿਚ ਖੜ੍ਹੇ ਸੀ। ਇਹ ਐਨਾ ਵੱਡਾ ਸੀ ਕਿ ਇਥੇ ਟਰੈਫਿਕ ਦਾ ਰੌਲਾ-ਗੌਲਾ ਵੀ ਸੁਣਾਈ ਨਹੀਂ ਦੇ ਰਿਹਾ ਸੀ। ਉਥੇ ਬਹੁਤ ਸਾਰੇ ਅਧਿਕਾਰੀ ਮੌਜੂਦ ਸਨ। ਮੈਨੂੰ ਹੁਣ ਵੀ ਨਹੀਂ ਪਤਾ, ਉਹ ਅਸਲ ਵਿਚ ਕੌਣ ਸਨ। ਮੈਂ ਉਨ੍ਹਾਂ ਤੋਂ ਸਿਗਰਟ ਮੰਗੀ।
ਤੁਸੀਂ ਇਸ ਖੁਫੀਆ ਅੱਡੇ ਬਾਰੇ ਦੱਸ ਸਕਦੇ ਹੋ?
-ਇਹ ਤਸੀਹੇ ਦੇਣ ਵਾਲੇ ਸਾਜ਼ੋ-ਸਮਾਨ ਨਾਲ ਲੈਸ ਸ਼ਾਹੀ ਫਾਰਮ ਹਾਊਸ ਸੀ। ਉਥੇ ਮੌਜੂਦ ਸਾਰੇ ਲੋਕਾਂ ਬਾਰੇ ਤਾਂ ਮੈਨੂੰ ਪਤਾ ਨਹੀਂ, ਲੇਕਿਨ ਰਾਜਬੀਰ ਅਤੇ ਅਸ਼ੋਕ ਚੰਦ (ਡਿਪਟੀ ਕਮਿਸ਼ਨਰ ਆਫ ਪੁਲੀਸ, ਦਿੱਲੀ) ਉਥੇ ਸਨ। ਉਹ ਸਾਰੇ ਆਹਲਾ ਅਧਿਕਾਰੀ ਸਨ। ਜਦੋਂ ਮੈਂ ਉਨ੍ਹਾਂ ਤੋਂ ਸਿਗਰਟ ਮੰਗੀ, ਉਦੋਂ ਉਨ੍ਹਾਂ ‘ਚੋਂ ਇਕ ਨੇ ਕਿਹਾ ਕਿ ‘ਤਿੰਨਾਂ ਟੀਮਾਂ’ ਵਿਚੋਂ ਕੋਈ ਸਿਗਰਟ ਨਹੀਂ ਪੀਂਦਾ, ਭਾਵ ਰਾਅ, ਆਈ.ਬੀ. ਅਤੇ ਪੁਲਿਸ। ਉਦੋਂ ਮੈਨੂੰ ਸਮਝ ਆਇਆ ਕਿ ਇਹ ਕੋਈ ਅਤਿਅੰਤ ਗੰਭੀਰ ਮਾਮਲਾ ਸੀ।
ਕੁੱਟਮਾਰ ਸ਼ੁਰੂ ਹੋਈ ਤਾਂ ਪਾਰਲੀਮੈਂਟ ਬੰਬ ਧਮਾਕੇ ਦਾ ਕੋਣ ਵੀ ਸਾਹਮਣੇ ਆ ਗਿਆ। ਉਹ ਮੈਨੂੰ ਡੰਡਿਆਂ, ਲੋਹੇ ਦੀਆਂ ਰਾਡਾਂ ਨਾਲ ਕੁੱਟ ਰਹੇ ਸਨ। ਦੋਨੋਂ ਪਾਸਿਓਂ ਦੋ ਜਣੇ। ਫਿਰ ਉਹ ਥੋੜ੍ਹਾ ਰੁਕੇ, ਬਸ ਮੈਨੂੰ ਨੰਗਾ ਕਰਨ ਲਈ। ਮੈਂ ਹੇਠਾਂ ਗਿਰ ਗਿਆ। ਮੁੜ ਤਸ਼ੱਦਦ ਸ਼ੁਰੂ ਹੋ ਗਿਆ। ਹੁਣ ਉਹ ਪਾਰਲੀਮੈਂਟ ਬੰਬ ਧਮਾਕੇ ਵਿਚ ਮਰਨ ਵਾਲਿਆਂ ਦੇ ਨਾਂ ਪੁੱਛ ਰਹੇ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਕੁਝ ਨਹੀਂ ਪਤਾ ਲੇਕਿਨ ਉਹ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਹੋਏ ਇਹੀ ਗੱਲ ਪੁੱਛਦੇ ਰਹੇ। ਸੀਨੀਅਰ ਚੁੱਪ-ਚਾਪ ਬੈਠੇ ਦੇਖ ਰਹੇ, ਕਦੇ-ਕਦੇ ਕੋਈ ਹਦਾਇਤ ਦੇ ਦਿੰਦੇ।
ਫਿਰ ਅਗਲਾ ਗੇੜ ਸ਼ੁਰੂ ਹੋਇਆ, ਮੈਨੂੰ ਰੱਸੇ ਨਾਲ ਬੰਨ੍ਹਿਆ ਗਿਆ। ਮੇਰੇ ਹੱਥ ਲੋਹੇ ਦੀ ਭਾਰੀ ਲੱਠ ਨਾਲ ਨੂੜ ਕੇ ਲੱਠ ਦੀਵਾਰ ਵਿਚ ਫਸਾ ਕੇ ਮੈਨੂੰ ਲਟਕਾ ਦਿੱਤਾ ਗਿਆ। ਫਿਰ ਇਕ ਜਣਾ ਉਚੇ ਸਟੂਲ ਉਪਰ ਚੜ੍ਹ ਕੇ ਮੈਨੂੰ ਕੁਟਾਪਾ ਚਾੜ੍ਹਨ ਲੱਗ ਪਿਆ। ਮੇਰੇ ਪੈਰਾਂ ਦੀਆਂ ਤਲੀਆਂ ਕੁੱਟਣੀਆਂ ਸ਼ੁਰੂ ਕਰ ਦਿੱਤੀਆਂ। ਦਸੰਬਰ ਦਾ ਮਹੀਨਾ ਸੀ, ਉਸ ਸਾਲ ਠੰਢ ਵੀ ਬਹੁਤ ਸੀ।
ਬੇਹੋਸ਼ ਹੋਣ ਤੱਕ ਉਹ ਇਸੇ ਤਰ੍ਹਾਂ ਕੁੱਟਦੇ ਰਹੇ। ਫਿਰ ਲਾਹ ਕੇ ਹੇਠਾਂ ਸੁੱਟ ਦਿੱਤਾ। ਮੇਰੇ ਹੋਸ਼ ਵਿਚ ਆਉਣ ਤਕ ਥੋੜ੍ਹਾ ਸਾਹ ਲਿਆ, ਫਿਰ ਅਗਲਾ ਤਸ਼ੱਦਦ। ਪੈਰਾਂ ਦੀਆਂ ਤਲੀਆਂ ਵਿਚ ਦਰਦ ਹੋਣ ਕਾਰਨ ਮੈਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ, ਉਹ ਮੈਨੂੰ ਖਿੱਚ ਕੇ ਦੌੜਨ ਲਈ ਮਜਬੂਰ ਕਰ ਰਹੇ ਸਨ। ਫਿਰ ਉਨ੍ਹਾਂ ਨੇ ਹੋਰ ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ, ਉਨ੍ਹਾਂ ਨੇ ਪਲਾਸ ਨਾਲ ਮੇਰੇ ਗੁਪਤ ਅੰਗਾਂ ਦੇ ਵਾਲ ਪੁੱਟਣੇ ਸ਼ੁਰੂ ਕਰ ਦਿੱਤੇ। ਉਹ ਮੈਨੂੰ ਗਾਲਾਂ ਕੱਢ ਕੇ ਇਕਬਾਲ ਕਰਨ ਲਈ ਕਹਿ ਰਹੇ ਸਨ। ਫਿਰ ਉਨ੍ਹਾਂ ਮੈਨੂੰ ਬਰਫ ਦੀ ਸਿੱਲ ਉਪਰ ਲਿਟਾ ਦਿੱਤਾ ਜੋ ਉਥੇ ਪਹਿਲਾਂ ਹੀ ਲਿਆਂਦੀ ਹੋਈ ਸੀ। ਹਨੇਰਾ ਹੋਣ ਤਕ ਤਸੀਹੇ ਜਾਰੀ ਰਹੇ। ਰਾਤ ਪੈ ਗਈ ਸੀ, ਉਹ ਕਹਿਣ ਲੱਗੇ, ‘ਜੇ ਤੂੰ ਇਕਬਾਲ ਨਹੀਂ ਕਰਦਾ, ਅਸੀਂ ਤੇਰਾ ਟੱਬਰ ਚੁੱਕ ਲਿਆਵਾਂਗੇ। ਤੇਰੀ ਬੀਵੀ ਦਾ ਬਲਾਤਕਾਰ ਕਰਾਂਗੇ’। ਉਨ੍ਹਾਂ ‘ਚੋਂ ਇਸ ਬਾਬਤ ਇਕ ਫੋਨ ਵੀ ਕੀਤਾ, ਮੈਨੂੰ ਨਹੀਂ ਪਤਾ ਇਹ ਸੱਚੀਮੁੱਚੀ ਸੀ, ਜਾਂ ਮਹਿਜ਼ ਮੈਨੂੰ ਯਰਕਾਉਣ ਲਈ ਸੀ।
ਤੁਹਾਨੂੰ ਉਨ੍ਹਾਂ ਦੀ ਗੱਲ ਮੰਨਣ ਤੋਂ ਕਿਹੜੀ ਚੀਜ਼ ਨੇ ਰੋਕਿਆ ਹੋਇਆ ਸੀ?
-ਇਹ ਤਾਂ ਮੈਂ ਨਹੀਂ ਜਾਣਦਾ… ਮੈਂ ਤਾਂ ਬਸ ਇਹੀ ਸੋਚ ਰਿਹਾ ਸੀ ਕਿ ਜੋ ਉਨ੍ਹਾਂ ਦੇ ਮਨ ਵਿਚ ਆਇਆ, ਉਹ ਕਰ ਸਕਦੇ ਹਨ। ਮੈਨੂੰ ਮਜ਼ਬੂਤ ਰਹਿ ਕੇ ਉਸ ਦਾ ਮੁਕਾਬਲਾ ਕਰਨਾ ਹੋਵੇਗਾ। ਤੁਹਾਨੂੰ ਪਤਾ ਹੈ, ਸ਼ੁਰੂ ਤੋਂ ਮੇਰੀ ਇਕ ਸਿਆਸਤ ਰਹੀ ਹੈ, ਤੇ ਮੈਂ ਜਾਣਦਾ ਸੀ ਕਿ ਮੈਂ ਕੁਝ ਵੀ ਕਹਾਂ, ਉਹ ਉਸ ਨੂੰ ਮੇਰੇ ਖਿਲਾਫ ਵਰਤ ਸਕਦੇ ਹਨ। ਮੈਂ ਉਨ੍ਹਾਂ ਨੂੰ ਸਮਝਾਉਣ ਦੀ ਅਸਫਲ ਕੋਸ਼ਿਸ਼ ਕਰਦਾ ਰਿਹਾ। ਜਦੋਂ ਉਨ੍ਹਾਂ ਨੇ ਫੋਨ ਕਰਕੇ ਚਾਹ ਦਾ ਆਰਡਰ ਦਿੱਤਾ; ਉਦੋਂ ਮੈਂ ਸ਼ੂਗਰ ਦੇ ਪੈਕਟ ਦੇਖੇ। ਮੈਂ ਫਰਸ਼ ਉਪਰ ਅਲਫ ਨੰਗਾ ਪਿਆ ਸੀ, ਉਠਣ ਤੋਂ ਅਸਮਰੱਥ।
ਉਦੋਂ ਤਕ ਉਨ੍ਹਾਂ ਨੇ ਅਫਸ਼ਾਂ (ਸਹਿ-ਦੋਸ਼ੀ) ਨੂੰ ਵੀ ਗ੍ਰਿਫਤਾਰ ਕਰ ਲਿਆ ਹੋਵੇਗਾ। ਉਹ ਮੈਥੋਂ ਉਨ੍ਹਾਂ ਦੇ ਫੋਨ ਨੰਬਰ ਮੰਗ ਰਹੇ ਸਨ। ਮੈਂ ਇਹੀ ਕਹਿੰਦਾ ਰਿਹਾ, ‘ਮੈਨੂੰ ਨਹੀਂ ਪਤਾ’। ਉਥੇ ਆਈ.ਬੀ. ਦਾ ਹੱਟਾ-ਕੱਟਾ ਉਚਾ ਲੰਮਾ ਸਰਦਾਰ ਮੌਜੂਦ ਸੀ।
ਉਸ ਨੇ ਮੇਰੇ ਲਹੂ-ਲੁਹਾਣ ਪੈਰਾਂ ਉਪਰ ਚੜ੍ਹ ਕੇ ਮੇਰੇ ਪੰਜਿਆਂ ਅਤੇ ਗਿੱਟਿਆਂ ਨੂੰ ਬੂਟਾਂ ਨਾਲ ਕੁਚਲਣਾ ਸ਼ੁਰੂ ਕਰ ਦਿੱਤਾ; ਮੇਰੇ ਗੁੱਟਾਂ ਤੋਂ ਲਹੂ ਚੋਅ ਰਿਹਾ ਸੀ। ਉਹ ਮੈਨੂੰ ਲੰਮਾ ਸਮਾਂ ਅਫਸਾਂ ਬਾਰੇ ਵਾਰ-ਵਾਰ ਇਹੀ ਪੁੱਛਦਾ ਰਿਹਾ: ‘ਯੇਹ ਕੁੜੀ ਕਹਾਂ ਰਹਤੀ ਹੈ? ਜਾਲੰਧਰ ਕੀ ਹੈ? ਤੁਮਨੇ ਇਸ ਦੀ ਸ਼ਾਦੀ ਮੁਸਲਮਾਨ ਸੇ ਕੈਸੇ ਕਰਵਾਇਆ?’
ਮੇਰਾ ਬੁਰਾ ਹਾਲ ਸੀ। ਸ਼ਾਇਦ ਫਿਰ ਹੋਰ ਤਸੀਹੇ ਦਿੱਤੇ ਗਏ, ਇਹ ਮੈਨੂੰ ਪੱਕਾ ਯਾਦ ਨਹੀਂ। ਫਿਰ ਖਬਰ ਆਈ, ਉਨ੍ਹਾਂ ਨੇ ਅਫਸ਼ਾਂ ਨੂੰ ਲੱਭ ਕੇ ਚੁੱਕ ਲਿਆਂਦਾ ਸੀ। ਹੁਣ ਉਹ ਮੈਨੂੰ ਇਕ ਹੋਰ ਕਾਰ ਵਿਚ ਸੁੱਟ ਕੇ ਲੋਧੀ ਕਲੋਨੀ ਦੇ ਸਪੈਸ਼ਲ ਸੈੱਲ ਵਿਚ ਲੈ ਗਏ। ਇਥੇ ਥਾਣੇ ਵਿਚ ਸ਼ੱਕੀ ਦਹਿਸ਼ਤਗਰਦਾਂ ਤੋਂ ਪੁੱਛਗਿੱਛ ਲਈ ਸਪੈਸ਼ਲ ਕੋਠੜੀਆਂ ਬਣਾਈਆਂ ਗਈਆਂ ਹਨ।
ਥਾਣੇ ਦੇ ਨਾਲ ਹੀ ਆਈ.ਬੀ. ਦਾ ਦਫਤਰ ਹੈ। ਉਦੋਂ ਅੱਧੀ ਰਾਤ ਹੋ ਚੁੱਕੀ ਸੀ। ਮੈਨੂੰ ਹੱਥਕੜੀਆਂ ਅਤੇ ਬੇੜੀ ਵਿਚ ਜਕੜਿਆ ਹੋਇਆ ਸੀ ਲੇਕਿਨ ਉਨ੍ਹਾਂ ਮੇਰੇ ਕੱਪੜੇ ਮੈਨੂੰ ਦੇ ਦਿੱਤੇ ਸਨ। ਉਦੋਂ ਤੱਕ ਉਨ੍ਹਾਂ ਨੇ ਮੇਰੀ ਬੀਵੀ ਆਰਫਾ ਅਤੇ ਮੇਰੇ ਬੱਚਿਆਂ ਨੂੰ ਚੁੱਕ ਲਿਆਂਦਾ ਸੀ; ਮੈਨੂੰ ਪਤਾ ਸੀ, ਉਹ ਉਥੇ ਸਨ। ਮੇਰਾ ਬੇਟਾ ਮਸਾਂ ਸਾਢੇ ਤਿੰਨ ਸਾਲ ਦਾ ਸੀ, ਅਜੇ ਸਕੂਲ ਵੀ ਨਹੀਂ ਸੀ ਜਾਂਦਾ। ਮੈਂ ਉਨ੍ਹਾਂ ਨੂੰ ਕਿਹਾ, ‘ਇਸ ਹਾਲਤ ਵਿਚ ਮੈਨੂੰ ਮੇਰੇ ਪਰਿਵਾਰ ਅੱਗੇ ਨਾ ਲਿਜਾਣਾ। ਤੁਹਾਡਾ, ਇਸ ਮੁਲਕ ਦਾ ਬੱਚੇ ਉਪਰ ਮਾੜਾ ਅਸਰ ਪਵੇਗਾ।’
ਉਥੇ ਅਸ਼ੋਕ ਨਾਂ ਦਾ ਨਹਾਇਤ ਬਦਜ਼ੁਬਾਨ ਸ਼ਖਸ ਸੀ। ਉਹ ਬੋਲਿਆ, ‘ਵੱਡਾ ਫਿਲਾਸਫਰ ਨਾ ਬਣ, ਯੇਹ ਨਾ ਕਰੋ, ਵੋਹ ਨਾ ਕਰੋ। ਬਕਵਾਸ ਬੰਦ ਕਰ। ਭਗਤ ਸਿੰਘ ਹੋ ਜਾਏਂਗੇ’! (ਮਾਰੇ ਜਾਓਗੇ)।
(ਚਲਦਾ)